35.6 C
Patiāla
Friday, May 3, 2024

ਪੈਨਸ਼ਨਰ ਪ੍ਰੀਤਮ ਸਿੰਘ

Must read


ਅਵਤਾਰ ਐੱਸ. ਸੰਘਾ

ਲੋਹੜੀ ਦਾ ਦਿਨ ਸੀ। ਸਵੇਰੇ ਨੌਂ ਕੁ ਵਜੇ ਮੈਨੂੰ ਇੱਕ ਫੋਨ ਆਇਆ। ‘‘ਵੀਰ ਜੀ, ਲੋਹੜੀ ਮੁਬਾਰਕ।’’

‘‘ਮੁਬਾਰਕ ਹੋਵੇ ਜੀ, ਪ੍ਰੀਤਮ ਬਾਈ ਜੀ।’’ ਮੈਂ ਆਵਾਜ਼ ਪਹਿਚਾਣ ਲਈ ਸੀ ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਪ੍ਰੀਤਮ ਨੂੰ ਆਪਣੀ ਕਾਰ ਉੱਤੇ ਗੁਰੂਘਰ ਵੀ ਲੈ ਕੇ ਗਿਆ ਸਾਂ ਤੇ ਫਿਰ ਗੁਰੂਘਰ ਤੋਂ ਵਾਪਸ ਉਹਦੇ ਘਰ ਵੀ ਛੱਡਿਆ ਸੀ।

‘‘ਸੁਣਿਐਂ, ਅੱਜ ਪਿੱਛੇ ਪੰਜਾਬੀ ਸਕੂਲ ਨਾਲ ਲੱਗਦੇ ਪਰਗੋਲੇ ਵਿੱਚ ਬਜ਼ੁਰਗ ਲੋਹੜੀ ਮਨਾ ਰਹੇ ਹਨ। ਮੇਰੇ ਕੋਲ ਪਹੁੰਚਣ ਦਾ ਸਾਧਨ ਟਰੇਨ ਹੀ ਹੈ। ਅੱਧਾ ਸਫ਼ਰ ਟਰੇਨ ਵਿੱਚ ਤੇ ਅੱਧਾ ਬਾਅਦ ਵਿੱਚ ਬੱਸ ਵਿੱਚ। ਤੁਸੀਂ ਜਾਣਦੇ ਹੀ ਹੋ ਡਰਾਈਵਿੰਗ ਲਾਇਸੈਂਸ ਤੋਂ ਬਗੈਰ ਇਸ ਸ਼ਹਿਰ ਵਿੱਚ ਬੰਦਾ ਓਵੇਂ ਹੈ ਜਿਵੇਂ ਪੰਛੀ ਖੰਭਾਂ ਤੋਂ ਬਗੈਰ ਹੁੰਦਾ ਹੈ। ਕੀ ਤੁਸੀਂ ਵੀ ਜਾ ਰਹੇ ਹੋ?’’

‘‘ਹਾਂ, 12 ਵਜੇ ਦਾ ਸਮਾਂ ਹੈ। ਬਾਰਾਂ ਤੋਂ ਦੋ ਵਜੇ ਤੱਕ ਬਜ਼ੁਰਗ ਆਪਣੇ ਵਿਚਾਰ ਪੇਸ਼ ਕਰਨਗੇ। ਗਾਉਣ ਪਾਣੀ ਵੀ ਹੋਊ। ਰਿਉੜੀਆਂ, ਮੂੰਗਫਲੀ ਤੇ ਗੱਚਕ ਤਾਂ ਖੁੱਲ੍ਹਮ ਖੁੱਲ੍ਹੇ ਵਰਤਾਏ ਜਾਣਗੇ।’’

‘‘ਮੇਰਾ ਇੱਕ ਮਸਲਾ ਹੈ।’’

‘‘ਉਹ ਕੀ?’’

‘‘ਮੈਂ ਰਿਉੜੀਆਂ ਲੈ ਕੇ ਜਾਣੀਆਂ ਹਨ। ਕਿਧਰੇ ਤੋਂ ਖਰੀਦਣ ਨਹੀਂ ਜਾ ਸਕਿਆ। ਇਹ ਮੈਨੂੰ ਰਾਹ ਵਿੱਚ ਵੀ ਕਿਧਰੇ ਨਹੀਂ ਮਿਲਣੀਆਂ ਕਿਉਂਕਿ ਰੇਲਵੇ ਸਟੇਸ਼ਨ ਦੇ ਨੇੜੇ ਕੋਈ ਦੇਸੀ ਦੁਕਾਨ ਨਹੀਂ ਹੈ। ਕੀ ਤੁਸੀਂ ਮੇਰੇ ਵਾਸਤੇ ਰਿਉੜੀਆਂ ਖਰੀਦ ਕੇ ਲੈ ਆਓਗੇ? ਉੱਥੇ ਪਹੁੰਚ ਕੇ ਮੈਂ ਤੁਹਾਨੂੰ ਪੈਸੇ ਦੇ ਦਿਆਂਗਾ।’’

‘‘ਤੁਸੀਂ ਮੇਰੇ ਕਹੇ ਮੁਤਾਬਕ ਕਰੋ।’’ ਉਸ ਦਾ ਮਸਲਾ ਸਮਝਦੇ ਹੋਏ ਮੈਂ ਉਸ ਨੂੰ ਸੁਝਾਅ ਦਿੱਤਾ।

‘‘ਉਹ ਕੀ?’’

‘‘ਮੇਰਾ ਘਰ ਤੁਹਾਡੇ ਸਾਰੇ ਸਫ਼ਰ ਦੇ ਤਕਰੀਬਨ ਅੱਧ ਵਿੱਚ ਪੈਂਦਾ ਹੈ। ਮੇਰੇ ਘਰ ਤੋਂ ਡੇਢ ਕਿਲੋਮੀਟਰ ਦੂਰ ਤੁਸੀਂ ਗੱਡੀ ਤੋਂ ਉਤਰਨਾ ਹੈ ਤੇ ਬੱਸ ਫੜਨੀ ਹੈ। ਤੁਸੀਂ ਰੇਲਵੇ ਸਟੇਸ਼ਨ ’ਤੇ ਗਿਆਰਾਂ ਵਜੇ ਉਤਰੋ। ਮੈਂ ਤੁਹਾਨੂੰ ਉੱਥੋਂ ਆਪਣੀ ਕਾਰ ’ਤੇ ਲਵਾਂਗਾ। ਪਹਿਲਾਂ ਆਪਾਂ ਕਿਸੇ ਰਿਉੜੀਆਂ ਦੀ ਦੁਕਾਨ ’ਤੇ ਜਾਵਾਂਗੇ। ਉੱਥੋਂ ਤੁਸੀਂ ਰਿਉੜੀਆਂ ਖਰੀਦ ਲੈਣੀਆਂ। ਫਿਰ ਆਪਾਂ ਗੁਰੂ ਘਰ ਨੂੰ ਚਲੇ ਜਾਵਾਂਗੇ।’’

‘‘ਤੁਸੀਂ ਇੰਨਾ ਵੱਡਾ ਕਸ਼ਟ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਚੰਗਾ, ਮੈਂ ਗਿਆਰਾਂ ਵਜੇ ਰੇਲਵੇ ਸਟੇਸ਼ਨ ’ਤੇ ਪਹੁੰਚ ਜਾਵਾਂਗਾ। ਜਿਸ ਪਾਸੇ ਬੱਸਾਂ ਤੇ ਕਾਰਾਂ ਦੀ ਪਾਰਕਿੰਗ ਏ, ਉੱਥੇ ਨੂੰ ਮੈਂ ਆ ਜਾਵਾਂਗਾ।’’

‘‘ਓ. ਕੇ.।’’

ਮੈਂ 11 ਵਜੇ ਪਾਰਕਿੰਗ ਵਿੱਚ ਪਹੁੰਚ ਗਿਆ। ਉੱਪਰੋਂ ਪ੍ਰੀਤਮ ਵੀ ਸਟੇਸ਼ਨ ਦੀਆਂ ਪੌੜੀਆਂ ਉਤਰਦਾ ਮੇਰੇ ਵੱਲ ਨੂੰ ਆ ਰਿਹਾ ਸੀ। ਇੱਕ ਦੂਜੇ ਨੂੰ ਫਤਹਿ ਬੁਲਾਈ। ਉਹ ਮੇਰੀ ਕਾਰ ਵਿੱਚ ਬੈਠ ਗਿਆ। ਮੈਂ ਕਾਰ ਉਸ ਪਾਸੇ ਨੂੰ ਚਲਾਉਂਦਾ ਗਿਆ ਜਿੱਧਰ ਇੱਕ ਵੱਡੀ ਭਾਰਤੀ ਨਿੱਕ ਸੁੱਕ ਦੀ ਦੁਕਾਨ ਸੀ। ਮੈਂ ਦੁਕਾਨ ਦੇ ਮੂਹਰੇ ਕਾਰ ਪਾਰਕ ਕਰ ਦਿੱਤੀ ਤੇ ਵਿੱਚ ਬੈਠਾ ਰਿਹਾ। ਉਹ ਕਾਰ ਵਿੱਚੋਂ ਉਤਰ ਕੇ ਦੁਕਾਨ ਦੇ ਅੰਦਰ ਚਲਾ ਗਿਆ। ਛੇ ਸੱਤ ਕੁ ਮਿੰਟਾਂ ਵਿੱਚ ਉਹ ਰਿਉੜੀਆਂ ਦਾ ਲਿਫ਼ਾਫ਼ਾ ਲਈਂ ਕਾਰ ਵੱਲ ਨੂੰ ਆਇਆ ਤੇ ਆ ਕੇ ਮੇਰੇ ਨਾਲ ਦੀ ਸੀਟ ’ਤੇ ਬੈਠ ਗਿਆ। ਮੈਂ ਕਾਰ ਸਟਾਰਟ ਕਰਕੇ ਗੁਰੂ ਘਰ ਵੱਲ ਨੂੰ ਚੱਲ ਪਿਆ।

‘‘ਕਿਵੇਂ ਪ੍ਰੀਤਮ ਜੀ, ਰਿਉੜੀਆਂ ਮਿਲ ਗਈਆਂ?’’

‘‘ਹਾਂ, ਮਿਲ ਗਈਆਂ। ਨਾਲ ਹੀ ਇੱਕ ਹੋਰ ਕੰਮ ਵੀ ਹੋ ਗਿਆ।’’

‘‘ਉਹ ਕੀ?’’

‘‘ਕਾਊਂਟਰ ’ਤੇ ਗੁਜਰਾਤਣ ਲੜਕੀ ਨੇ ਮੈਨੂੰ ਆਹ ਡੌਕਟ ਦਿੱਤਾ ਹੈ।’’

‘‘ਕੀ ਮਤਲਬ?’’

‘‘ਮੈਂ ਉਸ ਨੂੰ 10 ਡਾਲਰ ਦਿੱਤੇ ਸਨ ਤੇ ਉਸ ਨੇ ਮੈਨੂੰ 14 ਡਾਲਰ ਵਾਪਸ ਕਰ ਦਿੱਤੇ ਹਨ। ਰਿਉੜੀਆਂ 6 ਡਾਲਰ ਦੀਆਂ ਹਨ।’’

‘‘ਤੁਸੀਂ ਤਾਂ ਫਿਰ ਖੱਟ ਗਏ, ਬਾਈ ਜੀ।’’

‘‘ਲੱਗਦਾ ਤਾਂ ਇਵੇਂ ਹੀ ਹੈ।’’

‘‘ਲੜਕੀ ਨੇ ਸਮਝਿਆ ਕਿ ਤੁਸੀਂ 20 ਡਾਲਰ ਦਾ ਨੋਟ ਦਿੱਤਾ ਹੈ। ਤੁਸੀਂ 10 ਡਾਲਰ ਦੇ ਕੇ 14 ਵਾਪਸ ਲੈ ਆਏ। ਵਾਹ ਵਈ ਵਾਹ।’’

‘‘ਵੀਰ ਜੀ, ਕੀ ਲੜਕੀ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਊ? ਕੀ ਉਸ ਦੀ ਨੌਕਰੀ ਨੂੰ ਕੋਈ ਖਤਰਾ ਤਾਂ ਨਹੀਂ ਹੋਊ?’’

‘‘ਕੀ ਤੁਸੀਂ ਹੁਣ ਇੰਜ ਸੋਚਣਾ ਹੈ? ਜੇ ਤੁਸੀਂ ਵੱਡੇ ਹੀ ਸੱਚ ਪੁੱਤ ਹੋ ਤਾਂ ਉੱਥੇ ਹੀ ਉਸ ਨੂੰ ਦੱਸ ਦਿੰਦੇ। ਵਾਪਸ ਕਾਰ ਮੋੜਾਂ?’’

‘‘ਨਹੀਂ, ਛੱਡੋ ਹੁਣ। ਜੋ ਹੋਣਾ ਸੀ ਹੋ ਗਿਐ। ਐਡੀ ਵੱਡੀ ਦੁਕਾਨ ਵਿੱਚ ਕੀ ਪਤਾ ਲੱਗਦਾ ਮਾਲਕ ਨੂੰ?’’

‘‘ਮਾਲਕ ਵੀ ਕੋਈ ਪਟੇਲ ਏ। ਕਾਰੋਬਾਰੀ ਧਰੂ ਪੁੱਤਰ। ਜੇ ਜ਼ਿਆਦਾ ਹੀ ਤਰਸ ਕਰਦੇ ਹੋ ਤਾਂ ਮੋੜ ਦਿੰਦਾ ਹਾਂ। ਵੈਸੇ ਮੈਂ ਤੈਨੂੰ ਦੱਸਾਂ, ਪਾਣੀ ਵਾਲੇ ਜਾਨਵਰਾਂ ਨੂੰ ਪਾਣੀ ਪੀਣ ਦੀ ਸਲਾਹ ਨਹੀਂ ਦੇਣੀ ਚਾਹੀਦੀ।’’

‘‘ਤੁਸੀਂ ਠੀਕ ਫਰਮਾਇਆ।’’

‘‘ਤੁਸੀਂ ਦੋ ਦੋ ਪੈਨਸ਼ਨਾਂ ਲੈਂਦੇ ਹੋ- ਇੱਕ ਭਾਰਤ ਦੀ ਨੇਵੀ ਦੀ ਤੇ ਦੂਜੀ ਆਸਟਰੇਲੀਆ ਦੀ ਬੁਢਾਪੇ ਦੀ। ਪਰਿਵਾਰ ਤੁਹਾਡਾ ਪੂਰੀ ਤਰ੍ਹਾਂ ਸੈੱਟ ਹੈ। ਲੱਗਦਾ ਇੰਜ ਹੈ ਕਿ ਤੁਹਾਡਾ ਅਜੇ ਵੀ ਘਰ ਪੂਰਾ ਨਹੀਂ ਹੋਇਆ। ਲੋਹੜੀ ਦੇ ਸਾਮਾਨ ਵਿੱਚ ਤੁਸੀਂ ਸਿਰਫ਼ ਛੇ ਡਾਲਰ ਦਾ ਹਿੱਸਾ ਪਾ ਰਹੇ ਹੋ। ਮੂੰਗਫਲੀ ਤੁਹਾਡੇ ਕੋਲ ਕਿਧਰੇ ਦਿੱਸਦੀ ਨਹੀਂ। ਉਨ੍ਹਾਂ ਛੇਆਂ ’ਚੋਂ ਵੀ ਤੁਹਾਨੂੰ ਲਾਭ ਹੋ ਗਿਐ। ਰਿਉੜੀਆਂ ਵੀ ਤੁਸੀਂ 10 ਦੀਆਂ ਨਹੀਂ ਲਈਆਂ। ਥੁੱਕ ਨਾਲ ਪਕੌੜੇ ਪਕਾਉਣ ਦੀ ਕੋਸ਼ਿਸ਼ ਕੀਤੀ। ਵੈਸੇ ਤੁਸੀਂ ਪੰਜਾਬ ਦੇ ਜੱਟ ਕਹਾਉਂਦੇ ਹੋ। ਲੰਗਰ ਦੇ ਮਾਮਲੇ ਵਿੱਚ ਏਨੀ ਹਲਕੀ ਰੂਹ ਜੱਟਾਂ ਦੀ ਕਦੇ ਨਹੀਂ ਹੁੰਦੀ। ਕੰਜੂਸ ਉਦੋਂ ਰੋਟੀ ਪਕਾਉਣੀ ਸ਼ੁਰੂ ਕਰਦਾ ਹੈ ਜਦੋਂ ਉਸ ਦੇ ਮਹਿਮਾਨ ਚਲੇ ਜਾਂਦੇ ਹਨ।’’

‘‘ਵੀਰ ਜੀ, ਜੋ ਹੋਣਾ ਸੀ ਉਹ ਹੋ ਗਿਆ। ਮੈਨੂੰ ਹੁਣ ਐਵੇਂ ਸ਼ਰਮਿੰਦਾ ਨਾ ਕਰੋ। ਫਿਰ ਕਿਤੇ ਅਜ਼ਮਾ ਕੇ ਦੇਖ ਲਿਓ। ਕੀ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਮੈਨੂੰ ਰੇਲਵੇ ਸਟੇਸ਼ਨ ’ਤੇ ਲਾਹ ਦਿਓਗੇ? ਜੇ ਨਹੀਂ, ਤਾਂ ਮੈਨੂੰ ਇੱਥੇ ਕਾਫ਼ੀ ਦੇਰ ਬੱਸ ਉਡੀਕਣੀ ਪਵੇਗੀ।’’

ਮੈਂ ਹਾਂ ਕਰ ਦਿੱਤੀ। ਨਾਲੇ ਮੈਂ ਸੋਚਿਆ ਕਿ ਵੀਰ ਜੀ ਦਾ ਇੱਕ ਇਮਤਿਹਾਨ ਹੋਰ ਲੈ ਲਈਏ।

‘‘ਬਾਈ ਜੀ, ਮੈਂ ਲੇਖਾਂ ਅਤੇ ਕਹਾਣੀਆਂ ਦੀਆਂ ਪੁਸਤਕਾਂ ਛਪਵਾਉਂਦਾ ਹਾਂ। ਤੁਹਾਨੂੰ ਪਤਾ ਹੀ ਹੈ ਕਿ ਮੈਂ ਕਈ ਸਾਲਾਂ ਤੋਂ ਅਖ਼ਬਾਰ ਵੀ ਕੱਢਦਾ ਆ ਰਿਹਾ ਹਾਂ। ਨਵੀਂ ਛਪੀ ਪੁਸਤਕ ਦੀਆਂ ਮੈਂ ਓਨੀਆਂ ਹੀ ਕਾਪੀਆਂ ਵੇਚਦਾ ਹਾਂ ਜਿੰਨੀਆਂ ਤੋਂ ਕਮਾਏ ਪੈਸਿਆਂ ਨਾਲ ਮੈਂ ਅਗਲੀ ਪੁਸਤਕ ਛਪਵਾ ਸਕਾਂ। ਪ੍ਰਕਾਸ਼ਕ ਇੱਕ ਪੁਸਤਕ ਛਾਪਣ ਦੇ 40 ਕੁ ਹਜ਼ਾਰ ਰੁਪਏ ਤਾਂ ਲੈ ਹੀ ਲੈਂਦੇ ਹਨ। ਮੈਂ ਇਹ 40 ਹਜ਼ਾਰ ਪ੍ਰਾਪਤ ਕਰਨ ਲਈ 70-75 ਕੁ ਪੁਸਤਕਾਂ ਵੇਚ ਲੈਂਦਾ ਹਾਂ। ਬਾਕੀ ਕਾਪੀਆਂ ਮੈਂ ਲੋਕਾਂ ਵਿੱਚ ਮੁਫ਼ਤ ਵੰਡ ਦਿੰਦਾ ਹਾਂ। ਮੈਂ ਇਹ ਸਮਝਦਾ ਹਾਂ ਕਿ ਇਹ ਵੀ ਇੱਕ ਕਿਸਮ ਦੀ ਲੋਕ ਸੇਵਾ ਹੀ ਹੈ। ਲੋਕਾਂ ਨੂੰ ਪੁਸਤਕਾਂ ਤੋਂ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ।’’

‘‘ਇਸ ਸਮਾਜ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਕਰਦੇ ਹਨ। ਕੋਈ ਵਾਤਾਵਰਨ ਪ੍ਰੇਮੀ ਏ, ਕੋਈ ਗਰੀਬਾਂ, ਬੇਸਹਾਰਾ ਤੇ ਲੰਗੜੇ ਲੂਲਿਆਂ ਦੀ ਸੇਵਾ ਵਿੱਚ ਮਸ਼ਰੂਫ ਏ, ਕੋਈ ਲੋੜਵੰਦਾਂ ਵਿੱਚ ਦਵਾਈਆਂ ਵੰਡਦਾ ਏ, ਕੋਈ ਅੱਖਾਂ ਦੇ ਮੁਫ਼ਤ ਕੈਂਪ ਲਗਾਉਂਦਾ ਏ, ਕੋਈ ਬਿਰਧ ਆਸ਼ਰਮ ਬਣਵਾ ਰਿਹਾ ਏ, ਕੋਈ ਸਰਕਾਰਾਂ ਦੀ ਨਾਕਾਮੀ ਕਰਕੇ ਟੁੱਟੀਆਂ ਫੁੱਟੀਆਂ ਸੜਕਾਂ ਬਣਾਉਣ ’ਤੇ ਲੱਗਾ ਹੋਇਆ ਏ, ਕੋਈ ਕਾਰਖਾਨਿਆਂ ਦੇ ਪ੍ਰਦੂਸ਼ਣ ਤੋਂ ਲੋਕਾਈ ਨੂੰ ਬਚਾਉਣ ਲਈ ਯਤਨਸ਼ੀਲ ਹੈ ਤੇ ਕੋਈ ਇਸ ਪ੍ਰਕਾਰ ਦਾ ਕੋਈ ਹੋਰ ਸਮਾਜ ਭਲਾਈ ਦਾ ਕੰਮ ਕਰ ਰਿਹਾ ਏ। ਮੈਂ ਲਿਖਦਾ ਰਹਿੰਦਾ ਹਾਂ ਤੇ ਦੋ ਤਿੰਨ ਸਾਲਾਂ ਬਾਅਦ ਉਸ ਨੂੰ ਪੁਸਤਕ ਦੇ ਰੂਪ ਵਿੱਚ ਛਪਵਾ ਦਿੰਦਾ ਹਾਂ। ਇਸ ਕੰਮ ’ਚੋਂ ਮੈਂ ਕੋਈ ਵੀ ਨਿੱਜੀ ਲਾਭ ਪ੍ਰਾਪਤ ਨਹੀਂ ਕਰਦਾ। ਇਹ ਬਸ ਮੇਰਾ ਬੁਢਾਪੇ ਦਾ ਸ਼ੁਗਲ ਤੇ ਦਿਲਲਗੀ ਹੈ। ਮੈਂ ਆਪਣੀਆਂ ਕੁਝ ਪੁਸਤਕਾਂ ਦੀਆਂ ਕਾਪੀਆਂ ਲੋਹੜੀ ਮਨਾਉਣ ਸਮੇਂ ਲੋਕਾਂ ਦੇ ਰੂ-ਬ-ਰੂ ਕਰਾਂਗਾ। ਤੁਸੀਂ ਤਾਂ ਇੱਕ ਕਾਪੀ ਖਰੀਦ ਹੀ ਲਓਗੇ?’’

‘‘ਨਹੀਂ, ਵੀਰ ਜੀ। ਮੈਂ ਪੁਸਤਕ ਨਹੀਂ ਖਰੀਦ ਸਕਦਾ।’’

‘‘ਵੈਸੇ, ਤੁਸੀਂ ਪੁੱਛਦੇ ਰਹਿੰਦੇ ਹੋ ਦੱਸੋ ਕੀ ਪੜ੍ਹੀਏ? ਹੁਣ ਤੁਹਾਨੂੰ ਨਵੀਂ ਆਈ ਪੁਸਤਕ ਦੇ ਰਿਹਾ ਹਾਂ। ਤੁਸੀਂ ਉਹ ਲੈਣ ਤੋਂ ਮੁਨਕਰ ਹੋ।

ਤੁਹਾਨੂੰ ਹੁਣੇ ਹੁਣੇ ਦੋ ਲਾਭ ਹੋਏ ਹਨ – (1) ਮੈਂ ਤੁਹਾਨੂੰ ਕਾਰ ’ਤੇ ਲਈ ਫਿਰਿਆ। ਵਾਪਸ ਜਾਂਦੇ ਸਮੇਂ ਤੁਸੀਂ ਫਿਰ ਮੇਰੀ ਕਾਰ ’ਤੇ ਹੀ ਜਾਣਾ ਹੈ। ਸ਼ਾਇਦ ਮੈਂ ਤੁਹਾਨੂੰ ਤੁਹਾਡੇ ਘਰ ਦੇ ਮੂਹਰੇ ਹੀ ਛੱਡ ਆਵਾਂ।

(2) ਦੁਕਾਨ ’ਤੇ ਕੁੜੀ ਤੋਂ ਰਿਓੜੀਆਂ ਖਰੀਦਦੇ ਸਮੇਂ ਵੀ ਤੁਹਾਨੂੰ ਲਾਭ ਹੋ ਗਿਆ।

ਪੈਨਸ਼ਨਾਂ ਤੁਸੀਂ ਦੋ ਲੈ ਰਹੇ ਹੋ। ਤੁਸੀਂ ਇੱਕ ਪੁਸਤਕ ’ਤੇ 10 ਡਾਲਰ ਖਰਚ ਕੇ ਰਾਜ਼ੀ ਨਹੀਂ।’’

ਮੈਂ ਇਵੇਂ ਉਸ ਨਾਲ ਗੱਲ ਕਰ ਹੀ ਰਿਹਾ ਸੀ ਕਿ ਤਿੰਨ ਵਿਅਕਤੀ ਹੋਰ ਆ ਕੇ ਮੈਥੋਂ ਤਿੰਨ ਪੁਸਤਕਾਂ ਖਰੀਦ ਕੇ ਲੈ ਗਏ।

ਇੰਜ ਦੇਖ ਕੇ ਸ਼ਾਇਦ ਉਸ ਦੇ ਮਨ ਵਿੱਚ ਕੋਈ ਤਬਦੀਲੀ ਆ ਗਈ। ਕਹਿੰਦਾ, ‘‘ਚਲੋ ਵੀਰ ਜੀ, ਮੈਨੂੰ ਅੱਧੇ ਮੁੱਲ ’ਤੇ ਦੇ ਦਿਓ। ਆਹ ਲਓ ਪੰਜ ਡਾਲਰ।’’

‘‘ਤੂੰ ਯਾਰ ਮੁਫ਼ਤ ਹੀ ਲੈ ਜਾਹ।’’

‘‘ਨਹੀਂ ਇਵੇਂ ਨਹੀਂ। ਪੰਜ ਤਾਂ ਮੈਂ ਦੇਵਾਂਗਾ ਹੀ।’’

ਪੰਜ ਉਸ ਨੇ ਮੇਰੀ ਜੇਬ ਵਿੱਚ ਪਾ ਦਿੱਤੇ ਤੇ ਕਿਤਾਬ ਲੈ ਗਿਆ।

ਮੈਨੂੰ ਹੈਰਾਨੀ ਇਹ ਹੋਈ ਕਿ ਮਨੁੱਖ ਜਿਉਂਂ ਜਿਉਂ ਜ਼ਿਆਦਾ ਉਮਰ ਦਾ ਹੁੰਦਾ ਜਾਂਦਾ ਏ ਤਿਉਂ ਤਿਉਂ ਉਸ ਦਾ ਪੈਸੇ ਨਾਲ ਮੋਹ ਵਧਦਾ ਜਾਂਦਾ ਹੈ। ਮੇਰੇ ਵੱਲੋਂ ਉਹਨੂੰ ਕਾਰ ਵਿੱਚ ਇੱਧਰ ਉੱਧਰ ਘੁੰਮਾਉਣ ਦੀ ਉਸ ਨੇ ਕੋਈ ਕਦਰ ਨਹੀਂ ਪਾਈ। ਦੁਕਾਨ ’ਤੇ ਲੜਕੀ ਕੋਲੋਂ ਬਚੇ ਪੈਸਿਆਂ ਨੇ ਵੀ ਉਸ ਦੀ ਸੋਚ ਨੂੰ ਝੰਜੋੜਿਆ ਨਹੀਂ। ਲੋਹੜੀ ’ਚ ਹਿੱਸਾ ਪਾਉਣ ਲਈ ਉਹ ਦਸ ਡਾਲਰ ਵੀ ਪੂਰੇ ਖਰਚ ਨਹੀਂ ਸਕਿਆ।

ਨਾਮ ਬੜੇ ਔਰ ਦਰਸ਼ਨ ਛੋਟੇ!

ਵਾਹ ਰੇ, ਮਨੁੱਖੀ ਮਨ!!
ਈਮੇਲ: sangha_avtar@hotmail.com



News Source link
#ਪਨਸ਼ਨਰ #ਪਰਤਮ #ਸਘ

- Advertisement -

More articles

- Advertisement -

Latest article