32.5 C
Patiāla
Tuesday, May 7, 2024

ਕੰਧ ਓਹਲੇ ਪਰਦੇਸ

Must read


ਸੱਤਪਾਲ ਸਿੰਘ ਦਿਓਲ

ਖੇਤਰਫਲ ਦੇ ਪੱਖ ਤੋਂ ਕੈਨੈਡਾ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ। ਪਹਿਲੇ ਨੰਬਰ ‘ਤੇ ਰੂਸ ਹੈ। ਕੈਨੇਡਾ ਦੀ ਕੁੱਲ ਅਬਾਦੀ ਚਾਰ ਕਰੋੜ ਦੇ ਕਰੀਬ ਹੈ ਜੋ ਸਾਡੇ ਪੰਜਾਬ ਪ੍ਰਾਂਤ ਦੀ ਅਬਾਦੀ ਦੇ ਨੇੜੇ ਤੇੜੇ ਹੈ। ਇੰਨੀ ਥੋੜ੍ਹੀ ਅਬਾਦੀ ਕਾਰਨ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਨਹੀਂ ਮਿਲ ਰਿਹਾ ਭਾਵੇਂ ਕਿ ਕੈਨੇਡਾ ਵਿਕਸਤ ਦੇਸ਼ਾਂ ਵਿੱਚ ਸ਼ੁਮਾਰ ਹੈ, ਪਰ ਆਰਥਿਕ ਸਾਧਨਾਂ ਨਾਲ ਲਬਰੇਜ਼ ਹੋਣ ਦੇ ਬਾਵਜੂਦ ਕੈਨੇਡਾ ਦੀ ਆਰਥਿਕਤਾ ਦੁਨੀਆ ਵਿੱਚ ਨੌਵੇਂ ਨੰਬਰ ‘ਤੇ ਆਉਂਦੀ ਹੈ। ਜੇਕਰ ਇਸ ਦੇਸ਼ ਦੀ ਅਬਾਦੀ ਪੰਦਰਾਂ ਕਰੋੜ ਦੇ ਨੇੜੇ ਤੇੜੇ ਹੁੰਦੀ ਤਾਂ ਇਹ ਦੇਸ਼ ਸ਼ਾਇਦ ਦੁਨੀਆ ਵਿੱਚ ਇੱਕ ਨੰਬਰ ‘ਤੇ ਆਉਂਦਾ। ਇੱਥੋਂ ਦੇ ਮਾਹਰਾਂ ਨੇ ਘੱਟ ਅਬਾਦੀ ਦੀ ਸਮੱਸਿਆ ਦਾ ਹੱਲ ਬਾਹਰੋਂ ਨੌਜਵਾਨ ਤੇ ਹੁਨਰਮੰਦ ਲੋਕ ਮੰਗਵਾ ਕੇ ਵਸਾਉਣੇ ਸ਼ੁਰੂ ਕੀਤੇ ਹਨ ਤਾਂ ਕਿ ਇਸ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਜਿਵੇਂ ਕਿ ਕੁਝ ਦਹਾਕੇ ਪਹਿਲਾਂ ਵੱਧ ਜਨਸੰਖਿਆ ਕਿਸੇ ਵੀ ਦੇਸ਼ ਲਈ ਸਮੱਸਿਆ ਮੰਨੀ ਜਾਂਦੀ ਸੀ, ਹੁਣ ਕਈ ਦੇਸ਼ਾਂ ਦੀ ਸਮੱਸਿਆ ਘਟ ਰਹੀ ਜਨਸੰਖਿਆ ਹੈ। ਜਨਸੰਖਿਆ ਦੀ ਵੱਡੀ ਗਿਣਤੀ ਵੱਧ ਮਾਤਰਾ ਵਿੱਚ ਵਸਤੂਆਂ ਦਾ ਉਪਭੋਗ ਕਰੇਗੀ ਤੇ ਕਾਰੋਬਾਰੀਆਂ ਦੇ ਜ਼ਰੀਏ ਦੇਸ਼ ਵੱਧ ਮਾਲੀਆ ਇਕੱਠਾ ਕਰੇਗਾ। ਇਹ ਵਿਕਾਸ ਦਾ ਨਵਾਂ ਸੂਤਰ ਹੈ। ਤਾਜ਼ਾ ਉਦਾਹਰਨ ਚੀਨ ਵੱਲੋਂ ਆਪਣੀ ਜਨਸੰਖਿਆ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮ ਹਨ।

ਕੈਨੇਡਾ ਵੀ ਸਾਡੇ ਦੇਸ਼ ਵਾਂਗ ਅੰਗਰੇਜ਼ਾਂ ਦਾ ਗੁਲਾਮ ਸੀ। ਭਾਰਤ ਦੇ ਮੁਕਾਬਲੇ ਅੰਗਰੇਜ਼ਾਂ ਨੇ ਕੈਨੇਡਾ ਨੂੰ ਘੱਟ ਲੁੱਟਿਆ ਹੈ ਕਿਉਂਕਿ ਭਾਰਤ ਕੋਲ ਲੁੱਟੇ ਜਾਣ ਲਈ ਬਹੁਤ ਸਾਰਾ ਤਰਲ ਸਰਮਾਇਆ ਸੀ। ਕੈਨੇਡਾ ਦੀ ਧਰਤੀ ਕੁਦਰਤੀ ਸਾਧਨਾਂ ਨਾਲ ਸੰਪੂਰਨ ਹੈ। ਉਸ ਵਕਤ ਇਸ ਕੁਦਰਤੀ ਖਜ਼ਾਨੇ ਨੂੰ ਲੁੱਟਣ ਲਈ ਅੰਗਰੇਜ਼ਾਂ ਕੋਲ ਸਾਧਨ ਨਹੀਂ ਸਨ। ਇਸ ਲਈ ਭਾਰਤ ਦੇ ਮੁਕਾਬਲੇ ਅੰਗਰੇਜ਼ਾਂ ਨੇ ਕੈਨੇਡਾ ਦੀ ਲੁੱਟ ਨਾਂਮਾਤਰ ਕੀਤੀ, ਪਰ ਜੋ ਜ਼ੁਲਮ ਉਨ੍ਹਾਂ ਵੱਲੋਂ ਉੱਥੋਂ ਦੇ ਮੂਲ ਨਿਵਾਸੀਆਂ ‘ਤੇ ਢਾਹੇ ਗਏ ਉਹ ਕੈਨੇਡਾ ਦੇ ਮੱਥੇ ‘ਤੇ ਹਮੇਸ਼ਾਂ ਰਹਿਣਗੇ। ਕੁਦਰਤ ਨੇ ਕੈਨੇਡਾ ਨੂੰ ਬਹੁਤ ਸਾਰੇ ਉਪਯੋਗੀ ਖਣਿਜਾਂ ਨਾਲ ਭਰਪੂਰ ਰੱਖਿਆ ਹੈ। ਦੁਨੀਆ ਵਿੱਚੋਂ ਵੱਡਾ ਹਿੱਸਾ ਖਣਿਜ ਤੇ ਬਹੁਤ ਵੱਡਾ ਹਿੱਸਾ ਸਾਫ਼ ਪਾਣੀ ਦਾ ਖਜ਼ਾਨਾ ਕੈਨੇਡਾ ਕੋਲ ਮੌਜੂਦ ਹੈ।

ਪੜ੍ਹਾਈ ਵਾਸਤੇ ਪਰਵਾਸੀ ਮੰਗਵਾਉਣ ਵਿੱਚ ਕੈਨੇਡਾ ਮੋਹਰੀ ਦੇਸ਼ ਹੈ। ਆਸਾਨ ਭਾਸ਼ਾ ਵਿੱਚ ਕਹਿ ਲਿਆ ਜਾਵੇ ਤਾਂ ਕੈਨੇਡਾ ਪੜ੍ਹਾਈ ਦਾ ਵਪਾਰੀਕਰਨ ਕਰਕੇ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਦੇਸ਼ ਹੈ। ਕੈਨੇਡਾ ਬੱਚਿਆਂ ਅਤੇ ਬੁੱਢਿਆਂ ਨੂੰ ਸਾਂਭਣ ਲਈ ਆਪਣਾ ਵੱਡਾ ਸਰਮਾਇਆ ਖਰਚ ਰਿਹਾ ਹੈ। ਇਸ ਦਾ ਹੱਲ ਹੁਕਮਰਾਨਾਂ ਨੇ ਇਹ ਲੱਭਿਆ ਹੈ ਕਿ ਨੌਜਵਾਨ ਬਾਹਰੋਂ ਮੰਗਵਾ ਕੇ ਇਸ ਸਮੱਸਿਆ ਤੋਂ ਨਿਜਾਤ ਪਾ ਲਈ ਜਾਵੇ। ਇਸ ਨਾਲ ਇੱਕ ਤਾਂ ਜਵਾਨ ਤੇ ਦੂਸਰੇ ਹੁਨਰਮੰਦ ਨੌਜਵਾਨ ਜੋ ਹਰ ਖੇਤਰ ਵਿੱਚ ਮਾਹਰ ਹੋਣਗੇ, ਕੈਨੇਡਾ ਆਉਣਗੇ। ਇੱਕ ਤਰ੍ਹਾਂ ਨਾਲ ਬੁੱਢੇ ਹੋ ਰਹੇ ਕੈਨੇਡਾ ਨੂੰ ਇਹ ਨੌਜਵਾਨ ਹੁਲਾਰਾ ਦੇਣਗੇ। ਪੂਰੀ ਤਰ੍ਹਾਂ ਨਾਲ ਇੱਥੋਂ ਦੀ ਅਰਥਵਿਵਸਥਾ ਸੁਤੰਤਰ ਪੂੰਜੀਵਾਦੀ ਅਰਥਵਿਵਸਥਾ ਹੈ। ਹਰ ਇੱਕ ਸੋਚ ਕਾਰੋਬਾਰੀ ਹੈ। ਪੜ੍ਹਾਈ ਸਿਰਫ਼ ਕਾਰੋਬਾਰੀ ਸਰਮਾਇਆ ਇਕੱਠਾ ਕਰਨ ਦਾ ਇੱਕ ਜ਼ਰੀਆ ਹੈ। ਸਥਾਈ ਰਿਹਾਇਸ਼ ਹਾਸਲ ਕਰਨਾ ਇੱਕ ਮੁਸ਼ਕਲ ਕੰਮ ਹੈ। ਜੋ ਕਿ ਬਹੁਤ ਸਾਰਾ ਪੈਸਾ ਖਰਚ ਕਰਕੇ ਹਾਸਲ ਹੁੰਦੀ ਹੈ। ਇਸ ਲਈ ਨੌਜਵਾਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ।

ਪੰਜਾਬ ਦੇ ਬਹੁਤ ਸਾਰੇ ਹੁਨਰਮੰਦ ਤੇ ਕਾਬਲ ਵਿਦਿਆਰਥੀ ਕੈਨੇਡਾ ਪੜ੍ਹਾਈ ਲਈ ਜਾਂਦੇ ਹਨ ਅਤੇ ਸਥਾਈ ਰਿਹਾਇਸ਼ ਹਾਸਲ ਕਰਦੇ ਹਨ। ਇਸ ਪਿੱਛੇ ਸਰਕਾਰਾਂ ਨੇ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਵਿੱਚ ਨਸ਼ੇ ਤੋਂ ਡਰ ਲੋਕਾਂ ਦੇ ਮਨਾਂ ਅੰਦਰ ਧੱਕ ਦਿੱਤਾ ਹੈ। ਨਸ਼ੇ ਦੀ ਸਮੱਸਿਆ ਵਿਸ਼ਵਵਿਆਪੀ ਹੈ। ਨਸ਼ੇ ਕਰਕੇ ਪਰਵਾਸ ਕਰਨਾ ਇੱਕ ਛੋਟਾ ਜਿਹਾ ਕਾਰਨ ਹੋ ਸਕਦਾ ਹੈ, ਪਰ ਵੱਡਾ ਕਾਰਨ ਬੇਰੁਜ਼ਗਾਰੀ ਹੈ। ਨੌਜਵਾਨ ਕਿੱਤਾਮੁਖੀ ਤੇ ਹੋਰ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਰੁਜ਼ਗਾਰ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਵਿਦੇਸ਼ ਨੂੰ ਪੜ੍ਹਾਈ ਕਰਕੇ ਸਥਾਈ ਰਿਹਾਇਸ਼ ਵਾਸਤੇ ਚੁਣਦੇ ਹਨ। ਨਸ਼ੇ ਦੇ ਮਾਮਲੇ ਵਿੱਚ ਕੈਨੇਡਾ ਪੰਜਾਬ ਤੋਂ ਘੱਟ ਨਹੀਂ। ਇਹ ਉੱਥੇ ਆਸਾਨੀ ਨਾਲ ਉਪਲੱਬਧ ਹੈ ਸਗੋਂ ਭੰਗ ਵਰਗਾ ਨਸ਼ਾ ਸਰਕਾਰੀ ਠੇਕਿਆਂ ਤੋਂ ਮਿਲਣ ਲੱਗਾ ਹੈ। ਵੱਖਰੀ ਗੱਲ ਹੈ ਕਿ ਸਾਡੇ ਨੌਜਵਾਨ ਰੁਜ਼ਗਾਰ ਲੱਗ ਜਾਂਦੇ ਹਨ ਤੇ ਨਸ਼ੇ ਵੱਲ ਉਨ੍ਹਾਂ ਦਾ ਬਹੁਤਾ ਧਿਆਨ ਨਹੀਂ ਜਾਂਦਾ, ਪਰ ਫਿਰ ਵੀ ਸਾਡੇ ਕਈ ਨੌਜਵਾਨ ਉਸ ਨਸ਼ੇ ਦੇ ਨਰਕ ਵਿੱਚ ਧਸ ਕੇ ਰਹਿ ਜਾਂਦੇ ਹਨ। ਇਸ ਪਹਿਲੂ ਨੂੰ ਅਸੀਂ ਵਿਚਾਰਨਾਂ ਵੀ ਨਹੀਂ ਚਾਹੁੰਦੇ। ਅਸੀਂ ਕੈਨੇਡਾ ਜਾਣ ਦੀ ਹੋੜ ਵਿੱਚ ਅੱਖਾਂ ਬੰਦ ਕਰਕੇ ਬੈਠੇ ਹਾਂ।

ਨਸਲਭੇਦ ਦੀ ਸਮੱਸਿਆ ਦਾ ਸਾਹਮਣਾ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਕਰਨਾ ਪੈਂਦਾ ਹੈ। ਸਥਾਈ ਨਿਵਾਸੀਆਂ ਨੂੰ ਆਪਣੇ ਦੇਸ਼ ਦੀ ਵਿਦੇਸ਼ ਨੀਤੀ ‘ਤੇ ਵੱਡਾ ਇਤਰਾਜ਼ ਹੈ। ਉਹ ਸਮਝਦੇ ਹਨ ਕਿ ਸਾਡੇ ਹੱਕਾਂ ਉੱਪਰ ਵਿਦੇਸ਼ੀ ਪਰਵਾਸ ਕਰਕੇ ਡਾਕਾ ਮਾਰ ਰਹੇ ਹਨ। ਕੈਨੇਡਾ ਦੇ ਕਈ ਅਣਛੂਹੇ ਹਿੱਸੇ ਅਜਿਹੇ ਹਨ ਜਿੱਥੇ ਮੁੱਢਲੀਆਂ ਸਹੂਲਤਾਂ ਦੀ ਕਮੀ ਹੈ। ਕਈ ਦੂਰ ਦੁਰਾਡੇ ਦੇ ਖੇਤਰ ਪਾਣੀ, ਬਿਜਲੀ, ਸੜਕਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਲੋਕਾਂ ਦਾ ਤਰਕ ਹੈ ਕਿ ਹੁਕਮਰਾਨ ਅਫ਼ਗਾਨਿਸਤਾਨ ਤੇ ਯੁਕਰੇਨ ਵਿੱਚੋਂ ਲੋਕ ਵਸਾ ਕੇ ਉਨ੍ਹਾਂ ਨੂੰ ਸਹੂਲਤਾਂ ਦੇਣ ‘ਤੇ ਰੁੱਝੇ ਹਨ ਜਦੋਂ ਕਿ ਸਥਾਈ ਲੋਕ ਸਹੂਲਤਾਂ ਲਈ ਤਰਸ ਰਹੇ ਹਨ। ਨਸਲਭੇਦ ਦਾ ਪਾੜਾ ਆਉਣ ਵਾਲੇ ਸਮੇਂ ਵਿੱਚ ਗੰਭੀਰ ਰੂਪ ਲੈ ਸਕਦਾ ਹੈ। ਪੰਜਾਬੀ ਵਿਦਿਆਰਥੀ ਜਾਂ ਨਵੇਂ ਕੈਨੇਡਾ ਵਸਣ ਵਾਲੇ ਪੰਜਾਬੀ ਵੱਖਰੀ ਕਿਸਮ ਦੀ ਨਸਲਭੇਦ ਸਮੱਸਿਆ ਦਾ ਸਾਹਮਣਾ ਕਰਦੇ ਹਨ। ਪਹਿਲਾਂ ਜਾਂ ਪੁਰਾਣੇ ਵਸਣ ਵਾਲੇ ਕੁਝ ਪੰਜਾਬੀ ਲੋਕ ਆਉਣ ਵਾਲੇ ਪੰਜਾਬੀਆਂ ਨੂੰ ਈਰਖਾ ਦੀ ਨਜ਼ਰ ਨਾਲ ਤੱਕਦੇ ਹਨ। ਸ਼ਾਇਦ ਨਵੇਂ ਵੱਸਣ ਵਾਲੇ ਲੋਕ ਉਨ੍ਹਾਂ ਨਾਲੋਂ ਵੱਧ ਸਿੱਖਿਅਤ ਹਨ ਤੇ ਉਨ੍ਹਾਂ ਨਾਲੋਂ ਵੱਡੀਆਂ ਤਨਖਾਹਾਂ ‘ਤੇ ਕੰਮ ਕਰਨ ਕਰਕੇ ਉਹ ਈਰਖਾ ਦਾ ਸ਼ਿਕਾਰ ਹੋਣ। ਪਰ ਬਹੁਤ ਸਾਰੇ ਸਥਾਪਿਤ ਪੰਜਾਬੀ ਆਪਣੇ ਭਾਈਚਾਰੇ ਦੀ ਸੇਵਾ ਲਈ ਤਤਪਰ ਵੀ ਰਹਿੰਦੇ ਹਨ। ਇਸ ਦੀ ਉਦਾਹਰਨ ਪੰਜਾਬੀਆਂ ਵੱਲੋਂ ਕੋਵਿਡ ਦੌਰਾਨ ਗੁਰਦੁਆਰਿਆਂ ਵਿੱਚ ਕੀਤੀ ਗਈ ਸੇਵਾ ਹੈ। ਕਈ ਗੁਰਦੁਆਰਿਆਂ ਵਿੱਚ ਹੁਣ ਤੱਕ ਵੀ ਵਿਦਿਆਰਥੀਆਂ ਦੀ ਮਦਦ ਲਈ ਰਾਸ਼ਨ, ਗਰਮ ਕੰਬਲ ਆਦਿ ਭੇਟ ਕੀਤੇ ਜਾਂਦੇ ਹਨ। ਉੱਥੋਂ ਦੇ ਵਸਨੀਕ ਸਾਡੇ ਲੰਗਰਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹਨ। ਹੁਣ ਉੱਥੋਂ ਦੇ ਲੋਕ ਸਮਝਣ ਲੱਗੇ ਹਨ ਕਿ ਗੁਰਦੁਆਰਿਆਂ ਵਿੱਚੋਂ ਨਿਸ਼ਕਾਮ ਮਦਦ ਮਿਲਦੀ ਹੈ। ਪਹਿਲਾਂ ਉਹ ਲੋਕ ਲੰਗਰ ਨੂੰ ਫ੍ਰੀ ਫੂਡ ਕਹਿੰਦੇ ਸਨ, ਪਰ ਹੁਣ ਉਹ ਲੰਗਰ ਦਾ ਮਤਲਬ ਸਮਝਣ ਲੱਗੇ ਹਨ।

ਕਿਸਾਨੀ ਦੇ ਮਾਮਲੇ ਵਿੱਚ ਕੈਨੇਡਾ ਦਾ ਕਿਸਾਨ ਵੀ ਅੰਨਦਾਤਾ ਹੈ, ਪਰ ਇਸ ਦੀ ਹਾਲਤ ਦੁਨੀਆ ਦੇ ਬਾਕੀ ਦੇਸ਼ਾਂ ਦੇ ਕਿਸਾਨਾਂ ਵਰਗੀ ਹੈ। ਜੋ ਖੇਤੀ ਸਬਸਿਡੀ ਹਾਸਲ ਕਰਕੇ ਹੀ ਸਾਹ ਲੈ ਰਿਹਾ ਹੈ। ਅੱਸੀਵੇਂ ਦਹਾਕੇ ਤੋਂ ਪਹਿਲਾਂ ਲੋਕ ਕਿਸਾਨ ਕੋਲੋਂ ਸਿੱਧਾ ਦੁੱਧ ਖਰੀਦ ਕੇ ਵਰਤ ਸਕਦੇ ਸਨ। ਉਸ ਸਮੇਂ ਦੁੱਧ ਦਾ ਕਾਰੋਬਾਰ ਮੁਨਾਫ਼ੇ ਦਾ ਕਾਰੋਬਾਰ ਸੀ, ਪਰ ਕਾਰੋਬਾਰੀਆਂ ਦੀ ਸਰਕਾਰੀ ਗੰਢ-ਤੁੱਪ ਨੇ ਪਹਿਲਾਂ ਇਹ ਪ੍ਰਚਾਰ ਕਰਾਇਆ ਕਿ ਸਿੱਧਾ ਦੁੱਧ ਖਰੀਦ ਕੇ ਵਰਤਣਾ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ। ਉਸ ਤੋਂ ਬਾਅਦ ਡੇਅਰੀ ਨਾਲ ਸਬੰਧਿਤ ਪਸ਼ੂਆਂ ਦੀ ਖੁਰਾਕ ਤੇ ਹੋਰ ਕਾਰੋਬਾਰ ਲਈ ਲੋੜੀਂਦੀਆਂ ਵਸਤਾਂ ਨੂੰ ਮਹਿੰਗਾ ਕੀਤਾ ਗਿਆ। ਹੌਲੀ ਹੌਲੀ ਇਸ ਨੂੰ ਕਾਰੋਬਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਅੱਜ ਪੂਰਾ ਕੈਨੇਡਾ ਕਾਰੋਬਾਰੀ ਘਰਾਣਿਆਂ ਦਾ ਇੱਕ ਨੰਬਰ, ਦੋ ਨੰਬਰ, ਤਿੰਨ ਨੰਬਰ ਦੁੱਧ ਵਰਤ ਰਿਹਾ ਹੈ। ਸ਼ੁੱਧ ਦੁੱਧ ਨਾਲੋਂ ਸ਼ਾਇਦ ਇਹ ਦੁੱਧ ਕਿਸੇ ਤਰੀਕੇ ਨਾਲ ਵੀ ਸਿਹਤ ਲਈ ਠੀਕ ਨਾ ਹੋਵੇ। ਸਾਡੇ ਦੇਸ਼ ਵਿੱਚ ਵੀ ਅਜਿਹੀ ਛੁਪੀ ਹੋਈ ਤਰਕੀਬ ਚੱਲ ਰਹੀ ਹੈ। ਇੱਕ ਸਮੇਂ ਸਾਡੇ ਦੇਸੀ ਘਿਓ ਨੂੰ ਇਹ ਪ੍ਰਚਾਰ ਕਰਕੇ ਕਿ ਇਸ ਨਾਲ ਦਿਲ ਦਾ ਰੋਗ ਹੁੰਦਾ ਹੈ, ਘਰ ਘਰ ਨੂੰ ਰਿਫਾਇੰਡ ਵਰਤਣ ਲਗਾ ਦਿੱਤਾ ਗਿਆ ਜੋ ਆਪਣੇ ਨਾਲ ਢੇਰ ਸਾਰੀਆਂ ਬਿਮਾਰੀਆਂ ਲੈ ਕੇ ਆਇਆ। ਕਾਰਪੋਰੇਟ ਹਮੇਸ਼ਾਂ ਆਪਣਾ ਫਾਇਦਾ ਦੇਖਦਾ ਹੈ। ਫਾਇਦੇ ਵਿੱਚੋਂ ਸਰਕਾਰ ਨੂੰ ਟੈਕਸ ਉਗਰਾਹੁਣਾ ਬੜਾ ਆਸਾਨ ਹੁੰਦਾ ਹੈ। ਕੈਂਸਰ ਦੀ ਬਿਮਾਰੀ ਕੈਨੇਡਾ ਵਿੱਚ ਸਭ ਤੋਂ ਵੱਧ ਹੈ ਬਲਕਿ ਦੁਨੀਆ ਵਿੱਚ ਕੈਨੇਡਾ ਕੈਂਸਰ ਦੀ ਹੱਬ ਹੈ। ਇਸ ਦਾ ਕਾਰਨ ਸ਼ਾਇਦ ਕਾਰੋਬਾਰੀ ਘਰਾਣਿਆਂ ਦਾ ਮੁਨਾਫ਼ਾ ਹੈ।

ਸਾਡੇ ਦੇਸ਼ ਨਾਲੋਂ ਉੱਥੇ ਲੋਕਾਂ ਦਾ ਮਦਦ ਕਰਨ ਦਾ ਤਰੀਕਾ ਬਹੁਤ ਕਾਰਗਰ ਹੈ। ਸਾਡੇ ਲੋਕ ਮਦਦ ਦੀ ਰਕਮ ਇਕੱਠੀ ਕਰਨ ਲਈ ਪ੍ਰਚਾਰ ਬਹੁਤ ਕਰਦੇ ਹਨ। ਕਈਆਂ ਦੇ ਆਪਣੇ ਕਾਰੋਬਾਰ ਹੀ ਮਦਦ ਦੇ ਨਾਮ ‘ਤੇ ਚੱਲਦੇ ਹਨ, ਪਰ ਕੈਨੇਡਾ ਵਿੱਚ ਮਦਦ ਕਰਕੇ ਬਹੁਤਾ ਪ੍ਰਚਾਰ ਨਹੀਂ ਕੀਤਾ ਜਾਂਦਾ। ਬਹੁਤ ਸਾਰੀਆਂ ਸੰਸਥਾਵਾਂ ਗਰੀਬ ਲੋਕਾਂ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਛੁਪੇ ਹੋਏ ਤਰੀਕੇ ਨਾਲ ਕੰਮ ਕਰਦੀਆਂ ਹਨ। ਅਸਲ ਸੇਵਾ ਭਾਵਨਾ ਉਨ੍ਹਾਂ ਲੋਕਾਂ ਵਿੱਚ ਹੋਰਨਾਂ ਨਾਲੋਂ ਜ਼ਿਆਦਾ ਹੈ। ਧਰਮ ਦੇ ਮਾਮਲੇ ਵਿੱਚ ਕੈਨੇਡਾ ਸਾਰੇ ਧਰਮਾਂ ਦਾ ਦੇਸ਼ ਹੈ। ਇੱਥੇ ਬੋਲਣ ਦੀ ਪੂਰਨ ਆਜ਼ਾਦੀ ਹੈ। ਬਹੁਤ ਸਾਰੀਆਂ ਚੈਰਿਟੀ ਸੰਸਥਾਵਾਂ ਕੈਂਸਰ ਤੇ ਹੋਰ ਨਾਮੁਰਾਦ ਬਿਮਾਰੀਆਂ ਦਾ ਮੁਫ਼ਤ ਇਲਾਜ ਆਪਣਾ ਨਾਮ ਜ਼ਾਹਰ ਕੀਤੇ ਬਿਨਾਂ ਕਰਾਉਂਦੀਆਂ ਹਨ। ਜੋ ਲੋਕ ਦਾਨ ਦਿੰਦੇ ਹਨ, ਉਹ ਆਪਣਾ ਨਾਮ ਗੁਪਤ ਰੱਖਦੇ ਹਨ। ਇਸ ਵਕਤ ਕੈਨੇਡਾ ਆਰਥਿਕ ਮੰਦੇ ਨਾਲ ਜੂਝ ਰਿਹਾ ਹੈ। ਇਹ ਧਰਤੀ ਦਾ ਸਵਰਗ ਦੂਰ ਬੈਠਿਆਂ ਸਭ ਨੂੰ ਲਲਚਾਉਂਦਾ ਹੈ। ਇਹ ਧਰਤੀ ਕੁਦਰਤ ਦੇ ਬਹੁਤ ਨੇੜੇ ਹੈ। ਕੈਨੇਡਾ ਦੇ ਬਹੁਤ ਸਾਰੇ ਹਿੱਸੇ ਅਜੇ ਤੱਕ ਅਣਛੁਹੇ ਹਨ ਜਿੱਥੇ ਅਜੇ ਤੱਕ ਬਾਹਰੀ ਇਨਸਾਨ ਨਹੀਂ ਪਹੁੰਚਿਆ। ਸਾਫ਼ ਸੁਥਰਾ ਵਾਤਾਵਰਨ ਮਨ ਮੋਹ ਲੈਂਦਾ ਹੈ। ਦੁਨੀਆ ਵਿੱਚ ਰਹਿਣ ਲਈ ਸੋਹਣੀਆਂ ਥਾਵਾਂ ਵਿੱਚੋਂ ਕੈਨੇਡਾ ਇੱਕ ਹੈ। ਕੋਈ ਵੀ ਦੇਸ਼ ਸਮੱਸਿਆਵਾਂ ਤੋਂ ਪੂਰਨ ਤੌਰ ‘ਤੇ ਮੁਕਤ ਨਹੀਂ ਹੁੰਦਾ, ਪਰ ਕੈਨੇਡਾ ਦੇ ਸਾਫ਼ ਸੁਥਰੇ ਪ੍ਰਦੂਸ਼ਣ ਰਹਿਤ ਤੇ ਕੁਦਰਤੀ ਵਾਤਾਵਰਨ ਸਾਹਮਣੇ ਇਹ ਸਮੱਸਿਆਵਾਂ ਤੁੱਛ ਹਨ।
ਸੰਪਰਕ: 98781-70771



News Source link
#ਕਧ #ਓਹਲ #ਪਰਦਸ

- Advertisement -

More articles

- Advertisement -

Latest article