23.9 C
Patiāla
Friday, May 3, 2024

ਯੂਰਪੀ ਪੰਜਾਬੀ ਸਾਹਿਤ ਅਤੇ ਅਗਲੀ ਪੀੜ੍ਹੀ

Must read


ਕੇਹਰ ਸ਼ਰੀਫ਼

ਉੱਘੇ ਕਵੀ ਫੀਰੋਜ਼ਦੀਨ ਸ਼ਰਫ ਨੇ ਬਹੁਤ ਦੇਰ ਪਹਿਲਾਂ ਪੰਜਾਬੀ ਦੀ ਹਾਲਤ ਦੇਖ ਕੇ ਦੁਖੀ ਹੋ ਕੇ ਲਿਖਿਆ ਸੀ:

ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ,

ਟੁੱਟੀ ਹੋਈ ਰਬਾਬ ਰਬਾਬੀਆਂ ਦੀ।

ਪੁੱਛੀ ਸ਼ਰਫ ਨਾ ਜਿਨ੍ਹਾਂ ਨੇ ਬਾਤ ਮੇਰੀ,

ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।

ਪਰ ਉਦੋਂ ਨਾਲੋਂ ਹਾਲਾਤ ਹੁਣ ਬਹੁਤ ਬਦਲ ਗਏ ਹਨ। ਹੁਣ ਅੱਜ ਦੇ ਹਵਾਲੇ ਨਾਲ ਹੀ ਗੱਲ ਕਰਨੀ ਬਣਦੀ ਹੈ। ਕਿਸੇ ਵੀ ਇਨਸਾਨ ਦਾ ਪਰਵਾਸੀ ਹੋਣਾ ਪਹਿਲਾਂ ਜ਼ਰੂਰ ਦੁੱਖ ਭਰਿਆ ਹੁੰਦਾ ਹੈ, ਪਰ ਵਕਤ ਦੇ ਬੀਤਣ ਨਾਲ ਇਹ ਆਮ ਵਰਤਾਰੇ ਵਿੱਚ ਬਦਲ ਜਾਂਦਾ ਹੈ। ਅੱਜ ਦੇ ਸਮੇਂ ਪਰਵਾਸ ਦੀਆਂ ਹਾਲਤਾਂ ਤੇ ਸਰੂਪ ਦੋਵੇਂ ਹੀ ਪਹਿਲੇ ਸਮਿਆਂ ਤੋਂ ਬਹੁਤ ਬਦਲ ਗਏ ਹਨ। ਤਕਨੀਕੀ ਸਹੂਲਤਾਂ ਦੇ ਆਸਰੇ ਹੁੰਦੇ ਪ੍ਰਚਾਰ ਦਾ ਇਸ ਵਿੱਚ ਵੱਡਾ ਯੋਗਦਾਨ ਰਿਹਾ ਹੈ। ਫੇਰ ਵੀ ਪਰਵਾਸ ਵਿੱਚ ਪਹੁੰਚ ਕੇ ਹੇਰਵਾ, ਉਦਰੇਵਾਂ ਲੰਬਾ ਸਮਾਂ ਬੰਦੇ ਦਾ ਖਹਿੜਾ ਨਹੀਂ ਛੱਡਦਾ, ਇਸ ਖਲਜਗਣ ਵਿੱਚੋਂ ਨਿਕਲਣ ਵਾਸਤੇ ਹਰ ਕਿਸੇ ਨੂੰ ਖ਼ੁਦ ਹੀ ਯਤਨ ਕਰਨੇ ਪੈਂਦੇ ਹਨ, ਦੂਜਾ ਰਾਹ ਵੀ ਕੋਈ ਨਹੀਂ ਹੁੰਦਾ। ਨਵਾਂ ਥਾਂ, ਹਰ ਕਿਸੇ ਨੂੰ ਹੀ ਪਹਿਲਾਂ ਪਿਛਲੀਆਂ ਯਾਦਾਂ ਵਿੱਚੋਂ ਲੰਘਦਿਆਂ ਉਦਾਸੀ ਤੇ ਦੁੱਖ ਜਿਹਾ ਬਣਕੇ ਮਿਲਦਾ ਹੈ।

ਪਰਵਾਸ ਤੋਂ ਆਵਾਸ ਤੱਕ ਦਾ ਜੀਵਨ ਹੰਢਾਉਣ ਵਾਲੇ ਜਾਗਰੂਕ ਲੋਕ ਆਪਣੇ ਆਲੇ-ਦੁਆਲੇ ਨੂੰ ਡੂੰਘੀ ਨਜ਼ਰੇ ਪਰਖਣ ਲੱਗਦੇ ਹਨ। ਵੱਖੋ ਵੱਖ ਕਲਾਵਾਂ ਨਾਲ ਜੁੜੇ ਲੋਕ ਆਪੋ ਆਪਣੇ ਮਾਧਿਅਮ ਰਾਹੀਂ ਕੋਸ਼ਿਸ਼ ਕਰਦੇ ਹਨ ਕਿ ਜਿੱਥੇ ਵੀ ਉਹ ਰਹਿ ਰਹੇ ਹਨ ਉਸ ਸਮਾਜ ਬਾਰੇ, ਆਪਣੇ ਲੋਕਾਂ (ਦੁਨੀਆ) ਨਾਲ ਸਾਂਝ ਪੁਆਈ ਜਾਵੇ। ਸਾਹਿਤ ਨਾਲ ਜੁੜੇ ਆਪਣੀ ਕਲਮ ਦਾ ਸਹਾਰਾ ਲੈ ਕੇ ਰਚਨਾ ਕਰਦੇ ਹਨ। ਹਰ ਕਿਸੇ ਦਾ ਰਚਨਾ ਸੰਸਾਰ ਆਪਣਾ ਹੁੰਦਿਆਂ ਹੋਇਆਂ ਵੀ ਸਰਵਵਿਆਪੀ ਹੁੰਦਾ ਹੈ, ਇਹ ਹੀ ਤਾਂ ਗਲੋਬਲੀ ਵਰਤਾਰਾ ਕਹਾਉਂਦਾ ਹੈ। ਯੂਰਪ ਅੰਦਰ ਪਹੁੰਚੇ ਪੰਜਾਬੀ ਵੀ ਇਸ ਵਿੱਚ ਪਿੱਛੇ ਨਹੀਂ ਰਹੇ। ਪਿੱਛੇ ਛੱਡ ਆਏ ਰਿਸ਼ਤਿਆਂ ਦੀ ਯਾਦ ਜਾਂ ਫੇਰ ਨਵੇਂ ਸਮਾਜ ਨਾਲ ਬਣਦੇ ਕੌੜੇ-ਮਿੱਠੇ ਸਬੰਧ ਅਤੇ ਇਸ ਸਮਾਜ ਵਿੱਚੋਂ ਪੈਦਾ ਹੋਣ ਵਾਲੇ ਵਖਰੇਵੇਂ ਜਾਂ ਸਮਾਜਿਕ ਦਵੰਧ, ਵਿਤਕਰੇ ਭਰੇ ਵਿਹਾਰ ਦੀ ਕਾਟ ਕਰਨ ਵਾਸਤੇ ਜਗਿਆਸੂ ਮਨੁੱਖ ਲਈ ਪ੍ਰੇਰਨਾ ਬਣਦੇ ਹਨ, ਇਹ ਪ੍ਰੇਰਨਾ ਹੀ ਉਸ ਦੀ ਸਿਰਜਣਾ ਦਾ ਆਧਾਰ ਹੁੰਦੀ ਹੈ। ਲਿਖਣ ਵਾਲੇ ਜਗਿਆਸੂ ਲੋਕ, ਆਪ ਦੇਖੇ, ਸੁਣੇ ਤੇ ਹੱਡੀਂ ਹੰਢਾਏ ਨੂੰ ਸਿਰਜਣਾ ਅੰਦਰ ਪੇਸ਼ ਕਰ ਸਕਣ ਵੇਲੇ ਕਿੱਥੋਂ ਕੁ ਤੱਕ ਕਾਮਯਾਬ ਹੁੰਦੇ ਹਨ ਇਹ ਉਨ੍ਹਾਂ ਦੇ ਅਨੁਭਵ ਨੂੰ ਪੇਸ਼ ਕਰਨ ਦੀ ਵਿਧੀ, ਲਿਖਣ ਵਾਲੀ ਸੂਝ ਅਤੇ ਇਕੱਠੇ ਕੀਤੇ ਗਿਆਨ ’ਤੇ ਨਿਰਭਰ ਕਰਦਾ ਹੈ।

ਪੰਜਾਬੀ ਪਰਵਾਸੀਆਂ ਵੱਲੋਂ ਸਿਰਜੇ ਸਾਹਿਤ ਨੂੰ ਪਹਿਲਾਂ ਕਾਫ਼ੀ ਦੇਰ ਤੱਕ ਅਕਾਦਮਿਕ ਖੇਤਰ ਅੰਦਰਲੇ ਬੁੱਧੀਮਾਨ ਕਹਾਉਣ ਵਾਲੇ ਲੋਕ ਹਲਕਾ ਜਿਹਾ ਜਾਂ ਦੋ ਨੰਬਰ ਦਾ ਸਾਹਿਤ (ਪਰਵਾਸੀ, ਡਾਲਰਾਂ, ਪੌਂਡਾਂ ਦਾ ਸਾਹਿਤ) ਹੀ ਸਮਝਦੇ ਰਹੇ ਸਨ। ਪਰ ਯੂਰਪੀ ਦੇਸ਼ਾਂ ਦੇ ਪੰਜਾਬੀ ਲੇਖਕਾਂ ਨੇ ਆਪਣੇ ਅਨੁਭਵੀ ਸਿਰੜ ਅਤੇ ਮਿਹਨਤ ਨਾਲ ਇਹ ਸਾਬਤ ਕੀਤਾ ਕਿ ਇਹ ਮੁੱਖ ਧਾਰਾ ਦਾ ਪੰਜਾਬੀ ਸਾਹਿਤ ਹੈ ਭਾਵੇਂ ਕਿ ਇਹ ਦੂਰ-ਦੁਰਾਡੇ ਵਸਦਿਆਂ ਵੱਲੋਂ ਲਿਖਿਆ ਜਾ ਰਿਹਾ ਹੈ ਕਿਉਂਕਿ ਉਹ ਲੇਖਕ ਦੋ ਸਮਾਜਾਂ ਦੇ ਜਾਣਕਾਰ ਹਨ। ਫੇਰ ਇਸ ਬਾਰੇ ਢੁੱਚਰਾਂ ਡਾਹੁਣ ਵਾਲਿਆਂ ਨੂੰ ਵੀ ਇਹ ਗੱਲ ਕਬੂਲ ਕਰਨੀ ਪਈ। ਹੁਣ ਤਾਂ ਯੂਰਪ ਦੇ ਹਰ ਦੇਸ਼ ਅੰਦਰ ਪੰਜਾਬੀ ਦਾ ਸਿਰਜਣਾਤਮਕ ਸਾਹਿਤ ਲਗਾਤਾਰ ਲਿਖਿਆ ਜਾ ਰਿਹਾ ਹੈ। ਸਾਹਿਤ ਦੀ ਅਜਿਹੀ ਕੋਈ ਵਿਧਾ ਨਹੀਂ ਜਿਸ ਵਿੱਚ ਇੱਥੇ ਵਸਦੇ ਸੈਂਕੜੇ ਲੇਖਕਾਂ ਨੇ ਨਾ ਲਿਖਿਆ ਹੋਵੇ। ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ, ਗੀਤ, ਗਜ਼ਲ ਕੀ ਨਹੀਂ ਲਿਖਿਆ? ਤੇ ਲਿਖਿਆ ਵੀ ਭਾਵਪੂਰਤ। ਹਾਂ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸਾਹਿਤ ਸਿਰਜਣਾ ਦੇ ਮੁਕਾਬਲੇ ਯੂਰਪ ਅੰਦਰ ਪੰਜਾਬੀ ਸਾਹਿਤਕ ਆਲੋਚਨਾ ਦਾ ਖੇਤਰ ਲੰਬੇ ਸਮੇਂ ਤੱਕ ਬਹੁਤ ਛੋਟਾ ਰਿਹਾ, ਜੋ ਅਜੇ ਵੀ ਹੈ। ਪਰਵਾਸੀ ਸਾਹਿਤਕਾਰ ਦੇਸੀ ਆਲੋਚਕਾਂ ਵੱਲ ਹੀ ਦੇਖਣ ਵਾਸਤੇ ਮਜਬੂਰ ਹੁੰਦੇ ਰਹੇ। ਆਰੰਭ ਵਿੱਚ ਦੇਸੀ ਆਲੋਚਕ ਰਚਨਾਵਾਂ ਦੇ ਅੰਦਰਲੇ ਦਾ ਥਹੁ ਪਾਉਣ ਵਿੱਚ ਲੰਬਾ ਸਮਾਂ ਸੁਣੇ-ਸੁਣਾਏ ਨਾਲ ਹੀ ‘ਦੇਸੀ ਪ੍ਰਵਚਨਾਂ’ ਦੇ ਆਸਰੇ ਬੁੱਤਾ ਸਾਰਦੇ ਰਹੇ। ਉਹਦਾ ਕਾਰਨ ਕਿ ਯੂਰਪੀ ਸਮਾਜ ਦੀ ਸੰਰਚਨਾ, ਇੱਥੋਂ ਦੇ ਰਾਜਨੀਤਕ, ਆਰਥਿਕ ਤੇ ਸਮਾਜਿਕ ਤਾਣੇ-ਬਾਣੇ, ਇਸ ਅੰਦਰਲੀਆਂ ਉਲਝਣਾਂ ਬਾਰੇ ਅਤੇ ਅਜਿਹੀਆਂ ਸਥਿਤੀਆਂ ਨੂੰ ਮਨੋਵਿਗਿਆਨਕ ਪੱਖੋਂ ਹੰਘਾਲਣ ਦੇ ਉਹ ਆਦੀ ਜਾਂ ਵਾਕਿਫ ਨਹੀਂ ਸਨ, ਤਾਂ ਇੱਥੇ ਸਿਰਜੀਆਂ ਰਚਨਾਵਾਂ ਬਾਰੇ ਨਿਰਣਾ ਜਾਂ ਪਰਖ ਕਰਨੀ ਉਨ੍ਹਾਂ ਦੇ ਵਸੋਂ ਬਾਹਰੀ ਗੱਲ ਸੀ। ਰਚਨਾਵਾਂ ਅੰਦਰ ਅਣਲਿਖੇ ਦੀ ਨਿਸ਼ਾਨਦਹੀ ਕਿਵੇਂ ਕਰਦੇ ? ਉਹ ਅਜਿਹੇ ਮਸਲਿਆਂ /ਕਾਰਜਾਂ ਤੋਂ ਇਸ ਕਰਕੇ ਅਸਮਰੱਥ ਸਨ ਕਿ ਉਨ੍ਹਾਂ ਦਾ ਇਸ ਸਮਾਜ ਬਾਰੇ ਗਿਆਨ ਬਹੁਤ ਸੀਮਤ ਸੀ। ਹਾਂ, ਫੇਰ ਜਦੋਂ ਪੰਜਾਬੀ ਸਮਾਜ ਅਤੇ ਇੱਥੋਂ ਦੇ ਸਮਾਜ ਬਾਰੇ ਅਤੇ ਸਾਹਿਤਕ ਵਿਧਾਵਾਂ ਦੀ ਪਰਖ ਕਰਨ ਵਾਲੇ ਯੂ.ਕੇ. ’ਚ ਹਰਬਖਸ਼ ਮਕਸੂਦਪੁਰੀ ਤੇ ਸਵਰਨ ਚੰਦਨ ਇਸ ਪਾਸੇ ਆਏ ਤਾਂ ਉਨ੍ਹਾਂ ਦਾ ਕਾਰਜ ਸਲਾਹੁਣਯੋਗ ਸੀ। ਗੁਰਦਿਆਲ ਸਿੰਘ ਰਾਏ ਨੇ ਵੀ ਇਸ ਖੇਤਰ ਵਿੱਚ ਹਿੱਸਾ ਪਾਇਆ ਕਿਉਂਕਿ ਇਹ ਸਾਰੇ ਇੱਥੋਂ ਦੀ ਸਮਾਜਿਕ ਅਤੇ ਸਾਹਿਤਕ ਧਰਾਤਲ ਦੇ ਵਾਕਿਫ ਸਨ, ਇੱਥੇ ਲਿਖੇ ਸਾਹਿਤ ਦੇ ਗੁਣ-ਔਗੁਣ ਪਰਖਣ ਦੇ ਕਾਫ਼ੀ ਹੱਦ ਤੱਕ ਯੋਗ ਸਨ। ਪਰ ਯੂਰਪੀ ਪੱਧਰ ’ਤੇ ਅਜੇ ਤੱਕ ਵੀ ਸਾਹਿਤ ਸਿਰਜਣਾ ਦੇ ਮੁਕਾਬਲੇ ਪੰਜਾਬੀ ਆਲੋਚਨਾ ਦਾ ਖੇਤਰ ਬਹੁਤ ਪਿੱਛੇ ਦਿਸਦਾ ਹੈ।

ਇੱਥੇ ਇਸ ਗੱਲ ਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਪਿਛਲੇ ਸਮੇਂ ਦੋ ਵਲਾਇਤ ਵਾਸੀ ਪੰਜਾਬੀ ਲੇਖਕਾਂ ਨੇ ਇਤਿਹਾਸਕ ਨਾਵਲ ਵੀ ਲਿਖੇ, ਹਰਜੀਤ ਅਟਵਾਲ ਨੇ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਬਾਰੇ ‘ਆਪਣਾ’ ਅਤੇ ਮਹਿੰਦਰਪਾਲ ਧਾਲੀਵਾਲ ਨੇ ਮਹਾਰਾਜਾ ਦਲੀਪ ਸਿੰਘ ਦੀ ਧੀ ਬਾਰੇ ‘ਸੋਫੀਆ’ ਨਾਵਲ ਲਿਖਿਆ। ਸੋਫੀਆ ਜੋ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਵੀਰਾਂਗਣਾ ਸੀ।

ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਪਹਿਲਾਂ ’ਕੱਲੇ-ਦੁਕੱਲੇ ਇਸ ਬਾਰੇ ਕਾਰਜ ਕਰਦੇ ਸਨ, ਫਿਰ ਡਾ. ਐੱਸ. ਪੀ. ਸਿੰਘ ਦੇ ਯਤਨਾਂ ਨਾਲ ਪਰਵਾਸੀ ਸਾਹਿਤ ਅਧਿਅਨ ਕੇਂਦਰ ਕਾਇਮ ਕਰਕੇ ਜਥੇਬੰਦਕ ਤੌਰ ’ਤੇ ਇਸ ਸਾਹਿਤ ਬਾਰੇ ਨਿੱਠ ਕੇ ਕੰਮ ਹੋਇਆ। ਤ੍ਰੈ ਮਾਸਿਕ ਸਾਹਿਤਕ ਪਰਚੇ ‘ਪਰਵਾਸ’ ਦਾ ਇਸ ਖੇਤਰ ਵਿੱਚ ਸਲਾਹੁਣਯੋਗ ਹਿੱਸਾ ਹੈ। ਹੁਣ ਪਰਵਾਸੀ ਸਾਹਿਤ ਅਧਿਐਨ ਕੇਂਦਰ ਤੇ ਸੁੱਖੀ ਬਾਠ ਵੱਲੋਂ ਕਾਇਮ ਕੀਤੇ ਪੰਜਾਬ ਭਵਨ ਸਰੀ, ਕੈਨੇਡਾ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਨਾਲ ਸਾਂਝਾ ਕਾਫਲਾ ਇਸ ਕਾਰਜ ਨੂੰ ਅੱਗੇ ਲਿਜਾ ਰਿਹਾ ਹੈ। ਇਨ੍ਹਾਂ ਸਾਂਝੇ ਯਤਨਾਂ ਤੋਂ ਕਾਫ਼ੀ ਆਸਾਂ ਵੀ ਹਨ।

ਸਿਰਜੇ ਸਾਹਿਤ (ਲਿਖਤ) ਨਾਲ ਇਨਸਾਫ਼ ਕਰਨ ਵਾਸਤੇ ਕਿਸੇ ਵੀ ਰਚਨਾ ਅੰਦਰ ਅਣਲਿਖੇ ਅਤੇ ਅਣਕਹੇ ਬਾਰੇ ਆਲੋਚਕ ਵੱਲੋਂ ਉਸ ਉੱਤੇ ਟਿੱਪਣੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਸਾਹਿਤ ਸਿਰਜਕ ਨੂੰ ਉਸ ਦੀ ਰਚਨਾ ’ਚ ਰਹਿ ਗਈ ਘਾਟ ਤੋਂ ਵੀ ਜਾਣੂ ਕਰਵਾਇਆ ਜਾ ਸਕੇ। ਕਿਸੇ ਵੀ ਸਾਹਿਤ ਸਿਰਜਕ ਦੀ ਅਗਲੀ ਸਿਰਜਣਾ ਲਈ ਇਹ ਕਾਰਜ ਸਹਾਇਕ ਸਾਬਤ ਹੋ ਸਕਦਾ ਹੈ। ਸ਼ਬਦ ਸਾਧਕਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਘਾਟ ਦਾ ਵੀ ਪਤਾ ਲੱਗਦਾ ਰਹੇ। ਪਹਿਲੀ ਪੀੜ੍ਹੀ ਦਾ ਸਾਹਿਤ ਬਹੁਤਾ ਫਿਕਰਮੰਦੀਆਂ ਦਾ ਸਾਹਿਤ ਦੇਖਿਆ ਗਿਆ, ਅਸਲੋਂ ਸੰਘਰਸ਼ ਭਰਪੂਰ। ਯੂਰਪ ਵਿੱਚ ਵਸਦੇ ਪੰਜਾਬੀਆਂ ਵੱਲੋਂ ਲਿਖਿਆ ਸਾਹਿਤ, ਪੰਜਾਬੀ ਸਾਹਿਤ ਨੂੰ ਬੌਧਿਕ ਅਮੀਰੀ ਬਖ਼ਸ਼ਣ ਦਾ ਸਬੱਬ ਬਣਿਆ। ਇੱਥੇ ਵੱਸਦਿਆਂ ਨੇ ਆਪਣਾ ਸਾਹਿਤ ਰਚਣਾ ਸ਼ੁਰੂ ਕੀਤਾ ਤਾਂ ਉਸ ਅੰਦਰ ਸੱਭਿਆਚਾਰਕ ਵਖਰੇਵਿਆਂ ਦਾ ਚਿਤਰਣ ਤਾਂ ਸੀ ਹੀ ਅਤੇ ਅਗਲੀ ਪੀੜ੍ਹੀ ਬਾਰੇ ਜ਼ਾਹਿਰਾ ਤੌਰ ’ਤੇ ਫ਼ਿਕਰਮੰਦੀ ਵੀ ਸੀ, ਜੋ ਜੀਵਨ ਦੀ ਸਹਿਜਤਾ ਨੂੰ ਭੰਗ ਕਰਦੀ ਸੀ।

ਇਹ ਉਵੇਂ ਦਾ ਹੀ ਫ਼ਿਕਰ ਸੀ ਅਤੇ ਅਜੇ ਵੀ ਹੈ ਜਿਵੇਂ ਕੋਈ ਬੀਬੀ ਸਹੁਰੇ ਵਸਦੀ ਹੋਈ ਪੇਕਿਆਂ ਨੂੰ ਕਦੀਂ ਨਹੀਂ ਵਿਸਾਰਦੀ, ਉਹਦੀ ਖਾਹਸ਼ ਤੇ ਯਤਨ ਇਹ ਹੁੰਦਾ ਹੈ ਕਿ ਮੇਰੇ ਬੱਚੇ ਆਪਣੇ ਨਾਨਕਿਆਂ (ਬੀਬੀ ਦੇ ਪੇਕਿਆਂ) ਨਾਲ ਵੀ ਸਦਾ ਹੀ ਮਿਲਦੇ-ਵਰਤਦੇ ਰਹਿਣ। ਇਸ ਸਬੰਧੀ ਸਾਹਿਤਕ ਕਾਰਜ (ਇਕੱਠ, ਕਾਨਫਰੰਸਾਂ) ਜਿੱਥੇ ਵੀ ਹੁੰਦੇ ਹਨ ਉਨ੍ਹਾਂ ਨੂੰ ਭਰਪੂਰ ਸਲਾਹੁਣਯੋਗ ਕੋਸ਼ਿਸ਼ ਕਿਹਾ ਜਾ ਸਕਦਾ ਹੈ ਕਿ ਸਾਡੀ ਅਗਲੀ ਪੀੜ੍ਹੀ ਸਾਡੀ ਮਾਂ ਬੋਲੀ ਨਾਲ ਜੁੜੀ ਰਹੇ, ਉਸ ਪੰਜਾਬੀ ਸੱਭਿਆਚਾਰ ਵਿਚਲਾ ਸਾਂਝ ਦਾ ਹੋਕਾ ਦੇਣ ਵਾਲੀਆਂ ਰਹੁ-ਰੀਤਾਂ ਨਾਲ ਜੁੜੀ ਰਹੇ। ਇਸ ਸੱਚਾਈ ਨੂੰ ਸਭ ਜਾਣਦੇ ਹਨ ਕਿ ਕਿਸੇ ਵੀ ਇਨਸਾਨ ਵਾਸਤੇ ਦੁਨੀਆ ਦੀ ਸਭ ਤੋਂ ਸੋਹਣੀ ਜ਼ੁਬਾਨ ਉਸ ਦੀ ਮਾਂ ਬੋਲੀ ਹੀ ਹੁੰਦੀ ਹੈ। ਜਿਸ ਦਾ ਕਿਸੇ ਹੋਰ ਬੋਲੀ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਭਾਸ਼ਾਈ ਪੱਧਰ ’ਤੇ ਸ਼ਬਦ ਭੰਡਾਰ ਵੱਲੋਂ ਕੋਈ ਵੀ ਯੂਰਪੀ ਭਾਸ਼ਾ ਪੰਜਾਬੀ ਦੇ ਮੁਕਾਬਲੇ ਦੀ ਨਹੀਂ। ਇਸ ਵਾਸਤੇ ਬਹੁਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ।

ਕਿਸੇ ਵੀ ਲਿਖਤ ਵਾਸਤੇ ਸ਼ਬਦ ਸਹਾਰਾ ਹੀ ਬਣਦੇ ਹਨ। ਇਹ ਵੀ ਗੱਲ ਯਾਦ ਰੱਖਣਯੋਗ ਹੈ ਕਿ ਸ਼ਬਦ ਗੁਰੂ ਦਾ ਕੋਈ ਧਰਮ ਨਹੀਂ ਹੁੰਦਾ, ਸ਼ਬਦ ਹੀ ਸਭ ਦਾ ਗੁਰੂ ਹੈ, ਰਹਿਬਰ ਹੈ, ਦੁਨੀਆ ਦੇ ਸਾਰੇ ਗਿਆਨ ਦਾ ਪਸਾਰਾ ਸ਼ਬਦ ਰਾਹੀਂ ਹੀ ਹੁੰਦਾ ਹੈ। ਕੋਈ ਆਸਤਿਕ ਹੋਵੇ ਜਾਂ ਨਾਸਤਿਕ ਹਰ ਕਿਸੇ ਨੂੰ ਆਪਣੇ ਆਦਰਸ਼ਾਂ ਦਾ ਪ੍ਰਚਾਰ/ਪ੍ਰਸਾਰ ਕਰਨ ਵਾਸਤੇ ਸ਼ਬਦ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਸ਼ਬਦ ਨੂੰ ਕਿਸੇ ਧਰਮ ਦੀ ਲੋੜ ਨਹੀਂ ਪੈਂਦੀ, ਪਰ ਦੁਨੀਆ ਦੇ ਹਰ ਧਰਮ ਨੂੰ ਸ਼ਬਦ ਦੇ ਸਹਾਰੇ ਤੋਂ ਬਿਨਾਂ ਪ੍ਰਚਾਰਿਆ ਹੀ ਨਹੀਂ ਜਾ ਸਕਦਾ। ਕਿਸੇ ਵੀ ਲਿਖਤ ਦਾ ਆਧਾਰ ਸ਼ਬਦ ਹੈ। ਪੰਜਾਬੀ ਕੌਮ, ਪੰਜਾਬੀ ਸੱਭਿਆਚਾਰ, ਪੰਜਾਬੀ ਲੋਕਾਚਾਰ ਦਾ ਆਧਾਰ ਵੀ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਹੀ ਹੈ। ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਵੀ ਕਹੀ ਜਾ ਸਕਦੀ ਹੈ ਕਿ ਪੰਜਾਬੀ ਇੱਕੋ ਇੱਕ ਅਜਿਹੀ ਜ਼ੁਬਾਨ ਹੈ ਜੋ ਦੋ ਲਿੱਪੀਆਂ (ਗੁਰਮੁਖੀ ਤੇ ਸ਼ਾਹਮੁਖੀ) ਵਿੱਚ ਲਿਖੀ ਜਾਂਦੀ ਹੈ, ਭਾਵੇਂ ਕਿ ਇਸ ਦੀਆਂ ਆਪਣੀਆਂ ਸਮੱਸਿਆਵਾਂ ਵੀ ਹਨ। ਸੱਭਿਆਚਾਰ ਆਪਸੀ ਸਾਂਝ ਦਾ ਹੀ ਨਾਮ ਹੈ, ਪਰ ਸੱਭਿਆਚਾਰ ਦੇ ਬਹੁਤ ਸਾਰੇ ਅੰਗ ਹਨ, ਜੋ ਵੱਖੋ ਵੱਖ ਵਰਤਾਰਿਆਂ ਰਾਹੀਂ ਪੇਸ਼ ਹੁੰਦੇ ਹਨ। ਬੋਲੀ ਤੇ ਭਾਸ਼ਾ ਨੂੰ ਪਾਸੇ ਰੱਖ ਕੇ ਸੱਭਿਆਚਾਰ ਦੀ ਤਾਂ ਪਰਿਭਾਸ਼ਾ ਵੀ ਨਹੀਂ ਦਿੱਤੀ ਜਾ ਸਕਦੀ।

ਸਾਹਿਤ, ਲਿਖਿਆ ਤਾਂ ਵਰਤਮਾਨ ਵਿੱਚ ਜਾਂਦਾ ਹੈ, ਪਰ ਉਹ ਬੀਤ ਗਈ ਅਤੇ ਆਉਣ ਵਾਲੀ ਪੀੜ੍ਹੀ ਦੇ ਵਿਚਕਾਰ ਪੁਲ ਵੀ ਹੁੰਦਾ ਹੈ। ਸਾਹਿਤ ਜ਼ਿੰਦਗੀ ਵਾਂਗ ਸੁਭਾਵਿਕ ਹੀ ਤਿੰਨ ਕਾਲਾਂ ਦਾ ਸੁਮੇਲ ਬਣਦਾ ਹੈ। ਸਾਡਾ ਬੀਤਿਆ ਹੋਇਆ ਵਕਤ ਪੁਲ ਦੇ ਇੱਕ ਪਾਸੇ ਤੇ ਸਾਡੀ ਅਗਲੀ ਪੀੜ੍ਹੀ (ਭਾਵ ਸਾਡਾ ਆਉਣ ਵਾਲਾ ਵਕਤ) ਪੁਲ ਦੇ ਅਗਲੇ ਪਾਸੇ ਹੁੰਦੀ ਹੈ। ਸਾਨੂੰ ਬੱਚਿਆਂ ਨੂੰ ਆਪਣੇ ਵਰਗੇ ਨਹੀਂ ਸਗੋਂ ਸਾਨੂੰ ਬੱਚਿਆਂ ਵਰਗੇ ਬਣਨਾ ਚਾਹੀਦਾ ਹੈ, ਕਿਉਂਕਿ ਉਹ ਸਾਡੇ ਭਵਿੱਖ ਨੂੰ ਅੱਗੇ ਤੋਰਨ ਦੇ ਵਾਹਕ ਹੋਣਗੇ। ਮਨੋਵਿਗਿਆਨਕ ਪੱਖੋਂ ਇਸ ਨੂੰ ਜ਼ਰੂਰ ਵਿਚਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਪੀੜ੍ਹੀ ਪਾੜੇ ਵਾਲੇ ਗੈਰਜ਼ਰੂਰੀ ਟਕਰਾਵਾਂ ਦੇ ਪੈਦਾ ਹੋਣ ਤੋਂ ਬਚਿਆ ਜਾ ਸਕੇ।

ਹਰ ਲਿਖਣ ਵਾਲੇ ਕੋਲੋਂ ਬਹੁਤ ਕੁਝ ਅਣਲਿਖਿਆ ਰਹਿ ਜਾਂਦਾ ਹੈ, ਇਸ ਕਰਕੇ ਹੀ ਅਗਲੀ ਸਿਰਜਣਾ ਹੁੰਦੀ ਹੈ। ਇਹ ਅਣਲਿਖਿਆ ਤੇ ਅਣਕਿਹਾ ਅਗਲੀਆਂ ਪੀੜ੍ਹੀਆਂ ਵੱਲੋਂ ਸਿਰਜੇ ਜਾਣ ਵਾਲੀਆਂ ਲਿਖਤਾਂ ਦਾ ਆਧਾਰ ਬਣਨਾ ਹੁੰਦਾ ਹੈ, ਉਹ ਫਿਰ ਅਣਲਿਖੇ ਨੂੰ ਲਿਖਣ ਦਾ ਯਤਨ ਕਰਦੇ ਰਹਿੰਦੇ ਹਨ। ਇਹ ਮੌਖਿਕ ਪੱਧਰ ’ਤੇ ਵੀ ਹੁੰਦਾ ਅਤੇ ਲਿਖਤੀ ਪੱਧਰ ’ਤੇ ਵੀ। ਸਾਡੀ ਆਉਣ ਵਾਲੀ ਪੀੜ੍ਹੀ ਨੇ ਸਾਡੇ ਦੱਸੇ ਹੋਏ ਨੂੰ ਚੇਤੇ ਰੱਖਦਿਆਂ, ਅਣਕਹੇ ਨੂੰ ਆਪਣੇ ਸਮੇਂ ਅਨੁਸਾਰ ਕਹਿਣਾ ਹੈ ਅਤੇ ਅਣਲਿਖੇ ਨੂੰ ਆਪਣੇ ਹੀ ਸਮੇਂ ਅਨੁਸਾਰ ਲਿਖਣਾ ਹੈ, ਇਹ ਉਨ੍ਹਾਂ ਦੀ ਇਨਸਾਨੀ ਜ਼ਿੰਮੇਵਾਰੀ ਅਤੇ ਆਪਣੇ ਵਡੇਰਿਆਂ ਦਾ ਤੇ ਆਪਣੇ ਵਿਰਸੇ ਦਾ ਕਰਜ਼ ਲਾਹੁਣ ਦੇ ਨਾਲ ਹੀ ਉਸ ਦਾ ਪ੍ਰਚਾਰ ਕਰਨ ਦਾ ਸਬੱਬ ਵੀ ਹੋਵੇਗਾ।

ਸਾਨੂੰ ਸਭ ਨੂੰ ਉਦਾਸ ਕਰਨ ਵਾਲੀ ਗੱਲ ਕਿ ਅਜੇ ਤੱਕ ਪੰਜਾਬ ਦਾ ਲੋਕ ਇਤਿਹਾਸ ਕਿਉਂ ਨਹੀਂ ਲਿਖਿਆ ਗਿਆ, ਕਿਸੇ ਸਮਾਜ ਦੇ ਇਤਿਹਾਸਕ ਵਿਕਾਸ ਦੀ ਗੱਲ ਕਰਨ ਜਾਂ ਇਸ ਨੂੰ ਸਮਝਣ ਵਾਸਤੇ ਇਹ ਬਹੁਤ ਜ਼ਰੂਰੀ ਹੈ। ਲੋਕ ਜੀਵਨ ਦੀ ਪੇਸ਼ਕਾਰੀ ਇਤਿਹਾਸ ਰਾਹੀਂ ਵੀ ਹੁੰਦੀ ਹੈ ਤੇ ਸਾਹਿਤ ਸਿਰਜਣਾ ਰਾਹੀਂ ਵੀ। ਲੋਕ ਇਤਿਹਾਸ ਹੀ ਸਾਡੇ ਜੀਵਨ ਅਤੇ ਸਾਡੇ ਇਤਿਹਾਸਕ ਵਿਕਾਸ ਦੀ ਨਿਸ਼ਾਨਦੇਹੀ ਕਰਦਾ ਹੈ, ਸਾਡੇ ਕੋਲ ਵੀ ਸਾਡਾ ਲਿਖਤੀ ਲੋਕ ਇਤਿਹਾਸ ਹੋਵੇ, ਇਸ ਬਾਰੇ ਇਸ ਖੇਤਰ ਦੇ ਜਾਣਕਾਰਾਂ ਤੇ ਵਿਦਵਾਨਾਂ ਨੂੰ ਯਤਨ ਕਰਨ ਵਾਸਤੇ ਪ੍ਰੇਰਿਆ ਜਾਣਾ ਚਾਹੀਦਾ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪਿਛੋਕੜ ਦੇ ਇਤਿਹਾਸ ਨੂੰ ਜਾਣ ਸਕਣ ਅਤੇ ਆਪਣੀਆਂ ਜੜ੍ਹਾਂ ਦਾ ਸਿਰਨਾਵਾਂ ਲੱਭ ਸਕਣ। ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਇਤਿਹਾਸ ਦੀ ਪੜ੍ਹਤ (ਪੜ੍ਹਨਾ ਤੇ ਵਿਚਾਰਨਾ) ਸਾਡੇ ਵਰਤਮਾਨ ਦਾ ਨਜ਼ਰੀਆ ਬਦਲਣ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ, ਬੀਤ ਗਏ ਬਾਰੇ ਲਿਖਤ ਨੇ ਫੇਰ ਪੈਰ ਪੈਰ ’ਤੇ ਸਾਡੀ ਗਲਤੀ ਵੇਲੇ ਸਾਨੂੰ ਟੋਕਣਾ ਹੁੰਦਾ ਹੈ। ਇਸ ਨਾਲ ਸਾਡੇ ਭਵਿੱਖ ਦੀ ਤੋਰ ਅਤੇ ਸੇਧ ਨੇ ਵੀ ਨਿਸ਼ਚਤ ਹੋਣਾ ਹੁੰਦਾ ਹੈ। ਯੂਰਪ ਜਾਂ ਹੋਰ ਦੇਸਾਂ ਅੰਦਰ ਵਸਦੀ ਪੰਜਾਬੀ ਪਿਛੋਕੜ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਦੇ ਵਿਕਾਸ ਦਾ ਖੁਰਾ ਲੱਭਣ ਵਿੱਚ ਲੋਕ ਇਤਿਹਾਸ ਸਹਾਈ ਹੋ ਸਕਦਾ ਹੈ।

ਔਰਤਾਂ ਬਾਰੇ ਸਾਡੇ ਸਮਾਜ ਅੰਦਰਲੀ ਸਥਿਤੀ ਨੂੰ ਵਿਚਾਰਦਿਆਂ ਫਰਾਂਸੀਸੀ ਲੇਖਿਕਾ ਸੀਮੋਨ ਦੀ ਬਾਓਵਾਰ ਜਿਹਦੀ ਦੁਨੀਆ ਵਿੱਚ ਨਾਰੀਵਾਦੀ ਵਜੋਂ ਪਛਾਣ ਬਣੀ ਉਹ ਆਪਣੀ ਕਿਤਾਬ ‘ਦਿ ਸੈਕੰਡ ਸੈਕਸ’ ਵਿੱਚ ਕਹਿੰਦੀ ਹੈ ਕਿ ‘‘ਔਰਤ ਪੈਦਾ ਨਹੀਂ ਹੁੰਦੀ ਉਹਨੂੰ ਔਰਤ ਬਣਾ ਦਿੱਤਾ ਜਾਂਦਾ ਹੈ।’’ ਨਾਲ ਹੀ ਉਸ ਦਾ ਕਥਨ ਚੇਤੇ ਰੱਖਣਾ ਚਾਹੀਦਾ ਹੈ ਕਿ ‘‘ਮੇਰੇ ਜੀਵਨ ਵਿੱਚ ਕੁਝ ਵੀ ਵਿਅਰਥ ਨਹੀਂ’’ ਕੀ ਇਹ ਸਾਡੇ ਵਾਸਤੇ ਸਬਕ ਨਹੀਂ? ਇੱਥੇ ਸਾਨੂੰ ਸ਼ਰਮਿੰਦੇ ਹੋ ਕੇ ਆਪਣੀ ਬੁੱਕਲ ਵਿੱਚ ਝਾਤੀ ਮਾਰ ਲੈਣੀ ਚਾਹੀਦੀ ਹੈ ਕਿਉਂਕਿ ਬਾਬਾ ਨਾਨਕ ਤਾਂ ਕਹਿੰਦੇ ਹਨ, ‘‘ਸੋ ਕਿਉ ਮੰਦਾ ਆਖੀਐ ਜਿਤਿ ਜੰਮੈ ਰਾਜਾਨ।।’’ ਪਰ ਸਾਡੇ ਸਮਾਜ ਵਿੱਚੋਂ ਕਿੰਨੇ ਕੁ ਇਸ ਸੰਦੇਸ਼ ਨੂੰ ਮੰਨਦੇ ਹਨ? ਕਿੰਨੇ ਕੁ ਹਨ ਜੋ ਇਸ ’ਤੇ ਅਮਲ ਕਰਦੇ ਹਨ? ਦੇਖਦਿਆਂ ਪਤਾ ਲੱਗਦਾ ਹੈ ਕਿ ਬਹੁਤ ਹੀ ਥੋੜ੍ਹੇ। ਸਮਾਜਿਕ ਮਸਲਿਆਂ ਨੂੰ ਸਾਹਿਤ ਵਿੱਚ ਕਦੇ ਵੀ ਸਹੂਲਤੀ ਪੱਧਰ ’ਤੇ ਪੇਸ਼ ਨਹੀਂ ਕੀਤਾ ਜਾ ਸਕਦਾ।

ਅੱਜ ਜੋ ਲਿਖਿਆ ਜਾ ਰਿਹਾ ਹੈ ਇਹ ਵੀ ਸਮਾਂ ਅੱਗੇ ਤੁਰਨ ਨਾਲ ਬਦਲੇਗਾ, ਜਦੋਂ ਅਸੀਂ ਨਵੇਂ ਵਿਸ਼ਿਆਂ ਨੂੰ ਪੇਸ਼ ਕਰਨ ਵੱਲ ਅਹੁੜਾਂਗੇ ਤਾਂ ਸਾਨੂੰ ਨਵੀਆਂ ਜੁਗਤਾਂ ਵਰਤਣ ਵੇਲੇ ਨਵੀਂ ਸ਼ਬਦਾਵਲੀ ਦੀ ਲੋੜ ਪਵੇਗੀ। ਕਲਾ ਦੇ ਪ੍ਰਗਟਾਵੇ ਦੇ ਵੱਖੋ-ਵੱਖਰੇ ਢੰਗ ਤਰੀਕੇ ਹਨ ਤੇ ਨਿੱਤ ਨਵੀਆਂ ਤਕਨੀਕਾਂ ਈਜਾਦ ਹੋ ਰਹੀਆਂ ਹਨ, ਇਸ ਬਾਰੇ ਵਿਚਾਰ ਵਟਾਂਦਰੇ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਸਾਡੇ ਵਿੱਚੋਂ ਬਹੁਤ ਸਾਰੇ ਬਹਿਸ ਲਈ ਦਿਲਚਸਪੀ ਰੱਖਦੇ ਹਨ, ਪਰ ਲੋੜ ਤਾਂ ਵਿਚਾਰ-ਵਟਾਂਦਰੇ ਦੀ ਹੈ, ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ। ਨਿਰਪੱਖਤਾ ਬਾਰੇ ਦੋ ਸ਼ਬਦ ਜ਼ਰੂਰ ਕਹਿਣੇ ਚਾਹਾਂਗਾ, ਕਈ ਕਹਿ ਦਿੰਦੇ ਹਨ ਕਿ ਸਾਡੀ ਕੋਈ ਵਿਚਾਰਧਾਰਾ ਨਹੀਂ, ਅਸੀਂ ਕਿਸੇ ਪਾਸੇ ਨਹੀਂ, ਉਹ ਝੂਠ ਬੋਲਦੇ ਹਨ, ਬਾਬੇ ਨਾਨਕ ਦੇ ਸੰਦੇਸ਼ ਨੂੰ ਅਣਸੁਣਿਆ ਕਰ ਦਿੰਦੇ ਹਨ। ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਬਾਬੇ ਵੱਲੋਂ ਦਿੱਤੇ ਸੰਦੇਸ਼ ਦੇ ਲੜ ਲਾਉਣਾ ਪਵੇਗਾ। ਬਾਬਾ ਨਾਨਕ ਦਾ ਸੰਦੇਸ਼ ਸਾਨੂੰ ਨਿਰਪੱਖ ਰਹਿਣ ਹੀ ਨਹੀਂ ਦਿੰਦਾ ਸਗੋਂ ਆਪਣੇ ਸਮਾਜ, ਆਪਣੇ ਲੋਕਾਂ ਨਾਲ ਪ੍ਰਤੀਬੱਧ ਹੋਣ ਦਾ ਹੋਕਾ ਦਿੰਦਾ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥

ਸਾਨੂੰ ਆਪਣੀ ਕਲਾ ਰਾਹੀਂ, ਉਹ ਲਿਖਣ ਦੀ ਹੋਵੇ ਜਾਂ ਬੋਲਣ ਦੀ ਹੋਵੇ, ਜ਼ਰੂਰ ਆਪਣੀ ਅਗਲੀ ਪੀੜ੍ਹੀ ਅੰਦਰ ਨੈਤਿਕ ਕਦਰਾਂ / ਕੀਮਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ, ਇਹ ਪ੍ਰਚਾਰ ਅਪਣੱਤ ਦੇ ਪ੍ਰਵਚਨ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਸਮਾਜ ਅੰਦਰ ਵਿਹਾਰਕ ਪੱਧਰ ਤੱਕ ਫੈਲ ਜਾਵੇਗਾ, ਜੋ ਸਾਡੇ ਫ਼ਿਕਰਾਂ ਨੂੰ ਦੂਰ ਕਰਦਿਆਂ, ਸਾਡੀਆਂ ਭਾਵਨਾਵਾਂ ਤੇ ਸਾਡੀ ਮਨਸ਼ਾ ਦੀ ਪੂਰਤੀ ਦਾ ਸਬੱਬ ਬਣ ਸਕਦਾ ਹੈ। ਇਹ ਵਰਤਾਰਾ ਸਾਡੀ ਅਗਲੀ ਪੀੜ੍ਹੀ ਦੇ ਕਾਰਜਾਂ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ, ਪਰ ਅਗਲੀ ਪੀੜ੍ਹੀ ਨੂੰ ਇਸ ਵਾਸਤੇ ਪ੍ਰੇਰਨਾ ਅੱਜ ਦੀ ਪੀੜ੍ਹੀ ਦਾ ਫ਼ਰਜ਼ ਹੈ।

ਸਾਡੇ ਵੱਲੋਂ ਅਗਲੀ ਪੀੜ੍ਹੀ ਨੂੰ ਇਹ ਵੀ ਲਗਾਤਾਰ ਦੱਸਣਾ ਪਵੇਗਾ ਕਿ ਜਦੋਂ ਕੋਈ ਵੀ ਲਿਖਤ ਸਾਨੂੰ ਸਮਾਜ ਦੇ ਯਥਾਰਥ ਬਾਰੇ ਦੱਸ ਰਹੀ ਹੋਵੇ ਤਾਂ ਉਸ ਨਾਲ ਸਾਡੀ ਸਮਾਜਿਕ ਚੇਤਨਾ ਤਿੱਖੀ ਹੁੰਦੀ ਹੈ। ਪਰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਚਿੰਤਾ ਵਿੱਚ ਹੀ ਫਸੇ ਰਹਿੰਦੇ ਹਨ, ਗੱਲ ਦਾ ਨਿਬੇੜਾ ਚਿੰਤਾ ਨੇ ਨਹੀਂ ਚਿੰਤਨ ਨੇ ਕਰਨਾ ਹੁੰਦਾ ਹੈ। ਸੋਚ ਦੇ ਪੱਖੋਂ ਚਿੰਤਾ ਕਿਸੇ ਮਸਲੇ ਵੱਲ ਧਿਆਨ ਦੇਣ/ਦਵਾਉਣ ਦਾ ਪਹਿਲਾ ਕਦਮ ਹੁੰਦਾ ਹੈ। ਚਿੰਤਾ ਤੋਂ ਚਿੰਤਨ ਤੱਕ ਦਾ ਸਫ਼ਰ ਕਿਸੇ ਮਸਲੇ ਬਾਰੇ ਪ੍ਰਤੀਬੱਧਤਾ ਦੀ ਨਿਸ਼ਾਨੀ ਹੁੰਦਾ ਹੈ। ਚਿੰਤਨ ਜਿੰਨਾ ਗੰਭੀਰ ਹੋਵੇ, ਕਿਸੇ ਮਸਲੇ ਦਾ ਹੱਲ ਓਨਾ ਸੌਖਾ ਹੋ ਜਾਂਦਾ ਹੈ। ਇਹ ਵੀ ਯਾਦ ਰੱਖਣ ਵਾਲੀ ਗੱਲ ਕਿ ਸਮਾਜਿਕ ਬਰਾਬਰੀ ਦੀ ਗੱਲ ਨਾ ਕਰਨ ਵਾਲੀ ਅਵਾਰਾ ਸੋਚ ਕਿਸੇ ਵੀ ਸਮਾਜ ਲਈ ਖਤਰਨਾਕ ਹੁੰਦੀ ਹੈ।

ਸ਼ਬਦ ਦੇ ਸਾਧਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਸ਼ਬਦ ਦਾ ਸੰਸਾਰ ਮਨੁੱਖ ਨੂੰ ਸੱਭਿਅਕ ਬਣਾਉਣ ਲਈ ਅਤਿਅੰਤ ਜ਼ਰੂਰੀ ਹੈ। ਕਿਸੇ ਵੀ ਸੋਚਵਾਨ ਕਲਮਕਾਰ ਵਾਸਤੇ ਸ਼ਬਦ ਉਸ ਦਾ ਕੀਮਤੀ ਸਰਮਾਇਆ ਹੁੰਦੇ ਹਨ। ਸ਼ਬਦ ਦੇ ਸਬੰਧ ਵਿੱਚ ਲਿਖਦਿਆਂ ਹਿੰਦੀ ਭਾਸ਼ਾ ਦਾ ਉੱਘਾ ਲੇਖਕ ਤੇ ਹਿੰਦੀ ਮਾਸਿਕ ‘ਹੰਸ’ ਦਾ ਸੰਪਾਦਕ ਰਾਜੇਂਦਰ ਯਾਦਵ ਕਹਿੰਦਾ ਹੈ, ‘‘ਇਸ ਬਾਰੇ ਨਹੀਂ ਸੋਚਣਾ ਚਾਹੀਦਾ ਕਿ ਸ਼ਬਦ ਦਾ ਭਵਿੱਖ ਕੀ ਹੋਵੇਗਾ, ਸਗੋਂ ਗੱਲ ਭਵਿੱਖ ਦੇ ਸ਼ਬਦ ’ਤੇ ਹੋਣੀ ਚਾਹੀਦੀ ਹੈ।’’ ਭਵਿੱਖ ਦੇ ਓਸ ਸ਼ਬਦ ਦੀ ਸਿਰਜਣਾ ਸਾਡੀ ਆਉਣ ਵਾਲੀ ਪੀੜ੍ਹੀ ਨੇ ਕਰਨੀ ਹੈ। ਇਸ ਲਈ ਅਗਲੀ ਪੀੜ੍ਹੀ ਨੂੰ ਇਸ ਸਬੰਧੀ ਸੁਚੇਤ ਕਰਦਿਆਂ ਇਸ ਦੇ ਹਾਂ ਪੱਖੀ ਹੁੰਗਾਰੇ ਬਾਰੇ ਸਾਨੂੰ ਆਸ ਅਤੇ ਵਿਸ਼ਵਾਸ ਰੱਖਣਾ ਪਵੇਗਾ।

ਸ਼ਬਦ ਤੋਂ ਵਿਚਾਰ ਦਾ ਸਫ਼ਰ ਵੀ ਇਸ ਪੀੜ੍ਹੀ ਦੇ ਹਿੱਸੇ ਆਵੇਗਾ ਜੋ ਇਸ ਧਰਤੀ ਦੇ ਜੰਮੇ-ਜਾਏ ਹਨ, ਆਪਣੀ ਜੰਮਣ ਭੋਇੰ ਲਈ ਹਰ ਮਨੁੱਖ ਕਰਜ਼ਦਾਰ ਹੁੰਦਾ ਹੈ, ਇਨ੍ਹਾਂ ਪੰਜਾਬੀ ਪਿਛੋਕੜ ਅਤੇ ਪੰਜਾਬੀ ਵਿਰਸੇ ਦੇ ਪਿਛੋਕੜ ਵਾਲੀ ਨਵੀਂ ਪੀੜ੍ਹੀ ਵਾਸਤੇ ਨਵੀਆਂ ਅਤੇ ਦੋਹਰੀਆਂ ਚੁਣੌਤੀਆਂ ਹੋਣਗੀਆਂ, ਪਰ ਹੱਲ ਵੀ ਇਨ੍ਹਾਂ ਨੇ ਆਪ ਹੀ ਲੱਭਣਾ ਹੈ। ਪਰਵਾਸੀ ਬੜੀ ਦੇਰ ਤੋਂ ਪਰਵਾਸੀ ਨਹੀਂ ਰਹੇ ਆਵਾਸੀ ਹੋ ਗਏ ਹਨ, ਇਨ੍ਹਾਂ ਮੁਲਕਾਂ ਦੇ ਨਾਗਰਿਕ ਹਨ, ਹੁਣ ਇਹ ਸਾਡੇ ਆਪਣੇ ਵਤਨ ਹਨ। ਆਪਣੇ ਵਤਨ ਦੀ ਖ਼ੈਰ-ਸੁੱਖ ਵਾਸਤੇ ਸਾਂਝ ਭਰੇ ਯਤਨ ਕਰਨੇ ਹਰ ਕਿਸੇ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਸੰਪਰਕ : +491733546050



News Source link
#ਯਰਪ #ਪਜਬ #ਸਹਤ #ਅਤ #ਅਗਲ #ਪੜਹ

- Advertisement -

More articles

- Advertisement -

Latest article