41.4 C
Patiāla
Monday, May 6, 2024

ਹਰਫ਼ਾਂ ਦੇ ਆਰ ਪਾਰ

Must read


ਜਗਜੀਤ ਸਿੰਘ ਲੋਹਟਬੱਦੀ

ਲਿਖਣਾ ਸੂਖਮ ਕਲਾ ਹੈ। ਸੂਖਮ ਕਲਾਵਾਂ ਵਿੱਚ ਮਨ ਦਾ ਠਹਿਰਾਅ ਹੁੰਦੈ, ਤਾਂਘ ਹੁੰਦੀ ਹੈ, ਜਜ਼ਬਾ ਹੁੰਦਾ, ਨਿੱਘ ਹੁੰਦੈ, ਅਹਿਸਾਸ ਹੁੰਦੈ। ਅਰਮਾਨਾਂ ਦਾ ਜਮਾਵੜਾ ਹੁੰਦੈ, ਮਿਲਾਵਟ ਰਹਿਤ ਆਪੇ ਦਾ ਪ੍ਰਗਟਾਅ ਹੁੰਦਾ ਹੈ। ਲੇਖਣੀ, ਲੇਖਕ ਦੇ ਵਗਦੇ ਸਾਹਾਂ ਦੀ ਨਿਰੰਤਰਤਾ ਵਰਗੀ ਹੁੰਦੀ ਐ…ਨਿਰਮਲ ਨੀਰ ਵਾਂਗ। ਚਸ਼ਮਿਆਂ ਵਰਗਾ ਸੰਗੀਤ ਕੰਨੀਂ ਪੈਂਦੈ…ਦਰਿਆਵਾਂ ਦੇ ਵਹਿਣਾਂ ਜਿਹੀ ਰਵਾਨਗੀ ਨਜ਼ਰ ਆਉਂਦੀ ਐ। ਜ਼ਿੰਦਗੀ ਧੜਕਦੀ ਹੈ, ਆਪੇ ਨਾਲ ਸੰਵਾਦ ਰਚਾਉਂਦੀ ਐ।

ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਇਸੇ ਸ਼ੀਸ਼ੇ ਵਿੱਚੋਂ ਸਮਿਆਂ ਦਾ ਚਿਹਰਾ-ਮੁਹਰਾ ਨਜ਼ਰ ਆਉਂਦੈ ਤੇ ਲੇਖਕ ਦਾ ਪ੍ਰਤੀਬਿੰਬ ਬਣਦੈ। ਸੁਚੱਜੇ ਸ਼ਬਦ ਜ਼ਿੰਦਗੀ ਦੀ ਸਾਰਥਿਕਤਾ ਦਾ ਸਾਰ ਬਣ ਜਾਂਦੇ ਨੇ। ਪਾਕ ਵਿਚਾਰਾਂ ਦੇ ਵਿਸ਼ਾਲ ਭੰਡਾਰ ਵਿੱਚੋਂ ਚੁਣੇ ਸ਼ਬਦ, ਸੁੱਚੇ ਮੋਤੀਆਂ ਵਰਗੇ ਹੁੰਦੇ ਨੇ…ਨਿਰੇ ਚੌਵੀ ਕੈਰਟ…ਮੁਲੰਮੇ ਤੋਂ ਨਿਰਲੇਪ। ਇਨ੍ਹਾਂ ਦੀ ਚਮਕ ਕਦੇ ਫਿੱਕੀ ਨਹੀਂ ਪੈਂਦੀ। ਗਹਿਰਾਈ ਮਨ ਦੀਆਂ ਡੂੰਘੀਆਂ ਤਹਿਆਂ ਤੱਕ ਸਮਾਅ ਜਾਂਦੀ ਐ। ਸਿਆਣੇ ਕਹਿੰਦੇ ਨੇ, ਖ਼ੂਬਸੂਰਤ ਲਿਖਤਾਂ ਰਸਤੇ ਰੁਸ਼ਨਾਉਂਦੀਆਂ ਹਨ। ਕੋਰੀ ਸਲੇਟ ’ਤੇ ਪਾਕ ਪਵਿੱਤਰ ਸ਼ਬਦ ਹੀ ਸੋਹਦੇਂ ਹਨ, ਮਨ ਪਲੀਤ ਨਹੀਂ ਹੁੰਦੇ।

ਗੁਰੂ ਨਾਨਕ ਦੇਵ ਜੀ ਨੇ ਸਚਾਈ ਦੇ ਮਾਰਗ ਨੂੰ ਸਰਵੋਤਮ ਦੱਸਿਆ ਹੈ- ਮੁਬਾਰਕ ਹੈ ਉਹ ਕਾਗਜ਼ ਤੇ ਕਲਮ; ਮੁਬਾਰਕ ਹੈ ਉਹ ਦਵਾਤ ਤੇ ਸਿਆਹੀ ਅਤੇ ਹੇ ਨਾਨਕ! ਉਹ ਲਿਖਾਰੀ ਵੀ ਧੰਨ ਹੈ, ਜਿਸ ਨੇ ਸੱਚੇ ਮਾਰਗ ’ਤੇ ਚੱਲ ਕੇ ਅਕਾਲ ਪੁਰਖ ਦੀ ਸਿਫ਼ਤ ਨੂੰ ਸਲਾਹਿਆ ਹੈ:

ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ॥

ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥

ਬਹੁਤ ਵੱਡੀ ਵਡਿਆਈ ਬਖ਼ਸ਼ੀ ਹੈ, ਲਿਖਾਰੀ ਨੂੰ। ਇਹ ਇੱਕ ਦੈਵੀ ਸ਼ਕਤੀ ਹੈ, ਜੋ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਲੇਖਣੀ ਨੈਤਿਕ ਕਦਰਾਂ ਕੀਮਤਾਂ ਦੀ ਮੁਦਈ ਹੁੰਦੀ ਹੈ, ਸਚਾਈ ਪ੍ਰਤੀ ਵਚਨਵੱਧਤਾ, ਸਹੀ ਤੇ ਸੁਚੱਜੀ ਦਿਸ਼ਾ ਦੇਣ ਵਾਲੀ। ਆਮ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਗੱਲ ਕਰਨੀ ਲੇਖਕ ਦਾ ਮੁੱਢਲਾ ਫਰਜ਼ ਗਿਣਿਆ ਜਾਂਦੈ। ਉਨ੍ਹਾਂ ਦੇ ਹਾਵ-ਭਾਵ, ਹਉਕੇ-ਹਾਵੇ, ਅਸੀਸਾਂ-ਦੁਰਸੀਸਾਂ ਲਿਖਤ ਦਾ ਨਿੱਗਰ ਸਰਮਾਇਆ ਬਣਦੀਆਂ ਨੇ। ਸ਼ਬਦ ਭਰਮ ਪੈਦਾ ਨਾ ਕਰਨ, ਸਮਾਜਿਕ ਵੰਡੀਆਂ ਨਾ ਪਾਉਣ, ਸਮਤੋਲ ਹੋਵੇ, ਤਰਕ ਹੋਵੇ। ਅੰਨ੍ਹੀ ਸ਼ਰਧਾ ਰਸਤੇ ਤੋਂ ਭਟਕਾ ਦਿੰਦੀ ਐ। ਲਿਖਣਾ ਤੁਹਾਨੂੰ ਪੜ੍ਹਨ ਦੇ ਰਸਤੇ ਤੋਰਦੈ ਅਤੇ ਪੜ੍ਹਾਈ ਦੀ ਕੋਈ ਸੀਮਾ ਨਹੀਂ, ਕੋਈ ਹੱਦ ਨਹੀਂ ਹੁੰਦੀ। ਇਸੇ ਲਈ ਕਿਹਾ ਜਾਂਦੈ ਕਿ ਕਿਤਾਬਾਂ ਦੇ ਮੇਲਿਆਂ ’ਤੇ ਜਾਣ ਵਾਲੇ ਕਦੇ ਕੁੰਭ ’ਤੇ ਨਹੀਂ ਜਾਂਦੇ।

ਸਮੇਂ ਦੇ ਹਾਕਮ ਲੇਖਣੀਆਂ ਤੋਂ ਅਕਸਰ ਡਰਦੇ ਨੇ। ਉਲਟ ਰੁਖ਼ ਪਰਵਾਜ਼ ਭਰਨਾ, ਜੋਖਮ ਬਣ ਜਾਂਦਾ ਹੈ ਤੇ ਕਈ ਵਾਰ ਲੋਕਾਂ ਦੀ ਬਾਤ ਪਾਉਣ ਵਾਲੇ ਹੁਕਮਰਾਨਾਂ ਦੇ ਕਹਿਰ ਦੇ ਪਾਤਰ ਬਣ ਜਾਂਦੇ ਹਨ। ਲਿਖਣਾ ਆਪਣੇ ਆਪ ਨੂੰ ਸੰਕਟ ਵਿੱਚ ਪਾਉਣਾ ਹੁੰਦੈ, ਪਰ ਇਹੀ ਤਾਂ ਲਿਖਤ ਦਾ ਮੀਰੀ ਖ਼ਾਸਾ ਹੈ। ਨਾਜ਼ੀ ਜ਼ੁਲਮ ਦਾ ਸ਼ਿਕਾਰ 15 ਸਾਲ ਦੀ ਉਮਰ ਵਿੱਚ ਫੌਤ ਹੋਈ ਯਹੂਦੀ ਕੁੜੀ ਐਨ ਫਰੈਂਕ ਆਪਣੀ ‘ਦਿ ਡਾਇਰੀ ਆਫ਼ ਏ ਯੰਗ ਗਰਲ’ ਵਿੱਚ ਹੱਠ ਦੀ ਮਿਸਾਲ ਪੇਸ਼ ਕਰਦੀ ਹੈ: “ ਜਦੋਂ ਮੈਂ ਲਿਖਦੀ ਹਾਂ, ਸਭ ਕੁਝ ਪਾਸੇ ਹਟ ਜਾਂਦਾ ਹੈ। ਮੇਰੀ ਉਦਾਸੀ ਦੂਰ ਹੋ ਜਾਂਦੀ ਹੈ ਤੇ ਮੇਰੇ ਹੌਸਲੇ ਦਾ ਪੁਨਰ-ਜਨਮ ਹੋ ਜਾਂਦਾ ਹੈ।”

ਪ੍ਰਚੰਡ ਲਿਖਤ ਲੇਖਕ ਦੀ ਅਮੀਰੀ ਦਾ ਸਬੱਬ ਬਣਦੀ ਹੈ। ਆਮ ਲੋਕਾਂ ਦੇ ਅੰਦਰਲੇ ਮਨਾਂ ਦੀ ਕਹਾਣੀ ਕਹਿਣ ਲਈ ਪਤਾਲਾਂ ਤੱਕ ਚੁੱਭੀ ਲਾਉਣੀ ਪੈਂਦੀ ਹੈ। ਲੇਖਣੀ ‘ਥ੍ਰੀ ਡੀ’ ਮੂਵੀ ਵਰਗੀ ਹੋਣੀ ਚਾਹੀਦੀ ਹੈ, ਜਿਸ ਵਿੱਚ ਪਾਠਕ ਜਾਂ ਸਰੋਤਾ ਇੰਨਾ ਖੁੱਭ ਜਾਵੇ ਕਿ ਇਹ ਉਸ ਨੂੰ ਆਪਣੀ ਕਹਾਣੀ ਲੱਗੇ ਅਤੇ ਪਾਤਰਾਂ ਵਿੱਚ ਉਸ ਨੂੰ ਆਪਣਾ ਕਿਰਦਾਰ ਦਿਖੇ। ਬਾਰੀਕੀ ਨਾਲ ਜੇ ਮਨੁੱਖੀ ਮਨ ਦੀਆਂ ਅੰਦਰਲੀਆਂ ਪਰਤਾਂ ਹੀ ਨਾ ਫਰੋਲੀਆਂ ਗਈਆਂ ਤੇ ਹਿਰਦਾ ਨਾ ਟੁੰਬਿਆ ਗਿਆ ਤਾਂ ਲਿਖਤ ਵਿੱਚੋਂ ਕੁੱਝ ਗੁਆਚਿਆ ਜਾਪੇਗਾ, ਕੁਝ ਅਧੂਰਾ ਲੱਗੇਗਾ। ਪਾਤਰ ਤੁਹਾਡੇ ਆਲੇ ਦੁਆਲੇ, ਤੁਹਾਡੇ ਜ਼ਿਹਨ ਵਿੱਚ ਦਸਤਕ ਦੇ ਰਹੇ ਹੁੰਦੇ ਨੇ। ਜੇ ਉਨ੍ਹਾਂ ਦੇ ਵਲਵਲੇ, ਉਨ੍ਹਾਂ ਦੀਆਂ ਉਮੰਗਾਂ, ਉਨ੍ਹਾਂ ਦੀ ਧੜਕਣ ਨੂੰ ਕਾਗਜ਼ ’ਤੇ ਨਾ ਉਤਾਰਿਆ ਗਿਆ ਤਾਂ ਸਭ ਬੇਜਾਨ ਲੱਗੇਗਾ। ਲਿਖਤ ਪੜ੍ਹਦਿਆਂ ਜੇ ਸ਼ਬਦਾਂ ਨਾਲ ਬਣਾਈ ਦੁਨੀਆ, ਜਿਉਂਦੀ ਜਾਗਦੀ, ਅੰਗੜਾਈਆਂ ਭਰਦੀ ਨਾ ਲੱਗੀ ਤਾਂ ਰਚਨਾ ਨੀਰਸ ਲੱਗੇਗੀ, ਨਿਰਾਸ਼ ਕਰੇਗੀ। ਲਿਖਣ ਵੇਲੇ ਲੇਖਕ ਇਉਂ ਹੋਵੇ, ਜਿਵੇਂ ਅੱਖਾਂ ’ਤੇ ਇਨਸਾਫ਼ ਦੀ ਪੱਟੀ ਬੰਨ੍ਹੀ ਹੋਵੇ। ਕੋਈ ਧਿਰ ਪ੍ਰਭਾਵਿਤ ਨਾ ਕਰਦੀ ਹੋਵੇ। ਨਿੱਜ ਲਈ ਕੋਈ ਥਾਂ ਨਹੀਂ ਹੁੰਦੀ। ਜਾਤ, ਗੋਤ, ਰੰਗ, ਭੇਦ ਦਾ ਕੋਈ ਪਰਛਾਵਾਂ ਨਹੀਂ ਪੈਂਦਾ। ਕੋਈ ਵਲਗਣ ਨਹੀਂ ਹੁੰਦੀ। ਕੋਈ ਉਲਾਰੂ ਬਿਰਤੀ ਨਹੀਂ ਹੁੰਦੀ। ਸਿਰਫ਼ ਤੇ ਸਿਰਫ਼ ਕੁਦਰਤੀ ਰੰਗਾਂ ਨੂੰ ਚਿਤਰਿਆ ਹੋਵੇ।

ਅਕਸਰ ਕਿਹਾ ਜਾਂਦੈ ਕਿ ਲੇਖਕ ਦੀ ਉਮਰ ਉਸ ਦੀਆਂ ਲਿਖਤਾਂ ਤੋਂ ਗਿਣੀ ਜਾਂਦੀ ਹੈ। ਦਮਦਾਰ ਲਿਖਤਾਂ ਕਦੇ ਚੇਤਿਆਂ ਵਿੱਚੋਂ ਵਿਸਰਦੀਆਂ ਨਹੀਂ ਅਤੇ ਲਿਖਾਰੀ ਸਾਲਾਂ ਬੱਧੀ ਇਨ੍ਹਾਂ ਯਾਦਾਂ ਸਹਾਰੇ ਜੀਵਤ ਰਹਿੰਦੈ। ਸਮੇਂ ਦੇ ਨਾਲ ਨਾਲ ਸਾਹਿਤ ਵੀ ਚੱਲਦੈ, ਨਿਰੰਤਰ ਚੱਲਦੈ। ਖ਼ੂਬਸੂਰਤੀ ਇਸ ਵਿੱਚ ਹੈ ਕਿ ਦੋਵੇਂ ਇੱਕ ਦੂਜੇ ਦੇ ਪੂਰਕ ਹਨ…ਲੰਬੀ ਰੇਸ ਦੇ ਘੋੜੇ। ਸਰਪੱਟ ਦੌੜਦੇ ਨੇ ਅਤੇ ਸਮੇਂ ਦੀ ਹਿੱਕ ’ਤੇ ਪੈੜਾਂ ਦੇ ਨਿਸ਼ਾਨ ਬਣਦੇ ਜਾਂਦੇ ਨੇ। ਨਿਸ਼ਾਨਦੇਹੀ ਮਨੁੱਖਤਾ ਨੇ ਕਰਨੀ ਹੁੰਦੀ ਐ। ਸ਼ਬਦਾਂ ਦੇ ਆਰ-ਪਾਰ ਦੇਖਣਾ ਪੈਂਦੈ। ਵਿਸ਼ਵ ਪ੍ਰਸਿੱਧ ਤਾਰਾ ਵਿਗਿਆਨੀ ਤੇ ਲੇਖਕ ਕਾਰਲ ਸੇਗਨ ਦਾ ਦਾਅਵਾ ਹੈ ਕਿ ਲਿਖਤ ਉੱਤੇ ਨਜ਼ਰ ਮਾਰਦੇ ਹੀ ਤੁਸੀਂ ਇੱਕ ਦੂਸਰੇ ਵਿਅਕਤੀ ਦੇ ਦਿਮਾਗ਼ ਵਿੱਚ ਚਲੇ ਜਾਂਦੇ ਹੋ, ਭਾਵੇਂ ਉਹ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕਾ ਹੋਵੇ। ਸ਼ਤਾਬਦੀਆਂ ਬੀਤ ਜਾਣ ’ਤੇ ਵੀ ਲੇਖਕ ਆਪਣੇ ਮਨ ਮਸਤਕ ਤੋਂ ਸਪੱਸ਼ਟ ਅਤੇ ਚੁੱਪ-ਚਾਪ ਗੱਲਾਂ ਕਰ ਰਿਹਾ ਹੁੰਦਾ ਹੈ। ਉਹ ਸਿੱਧਾ ਤੁਹਾਡੇ ਨਾਲ ਵਾਰਤਾਲਾਪ ਕਰਦਾ ਹੈ। ਲਿਖਣ ਕਲਾ ਸ਼ਾਇਦ ਮਨੁੱਖ ਦੀ ਸਭ ਤੋਂ ਮਹਾਨ ਖੋਜ ਹੈ ਜੋ ਇੱਕ ਦੂਜੇ ਤੋਂ ਅਣਜਾਣ ਦੋ ਵੱਖਰੇ ਯੁੱਗਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਡੋਰ ਵਿੱਚ ਪਿਰੋਅ ਦਿੰਦੀ ਹੈ।

ਲਿਖਣਾ ਜ਼ਿੰਦਗੀ ਦੀਆਂ ਤਰੰਗਾਂ ਨੂੰ ਤਰੋ-ਤਾਜ਼ਾ ਰੱਖਦਾ ਹੈ। ਮਨ ਦਾ ਚਾਅ ਹੁੰਦੈ…ਤਣਾਅ ਮੁਕਤ ਹੋਣ ਦਾ ਜ਼ਰੀਆ…ਬਹੁਤ ਸਾਰਾ ਸਕੂਨ। ਖੁਸ਼ੀਆਂ ਦੇ ਪਲ ਨੇੜੇ ਢੁਕਦੇ ਨੇ, ਚਿੱਤ ਹੁਲਾਸ ਵਿੱਚ ਤਾਰੀਆਂ ਲਾਉਂਦੈ। ਸ਼ਬਦਾਂ ਨਾਲ ਇੱਕ ਨਵੀਂ ਦੁਨੀਆ ਦੀ ਸਿਰਜਣਾ ਹੋ ਜਾਂਦੀ ਐ…ਕਿਸੇ ਮੌਜ ਦਾ ਸਿਖਰ। ਅਰਮਾਨਾਂ ਦੀ ਤ੍ਰਿਪਤੀ ਨਵੇਂ ਦਿਸਹੱਦੇ ਖੋਲ੍ਹ ਦਿੰਦੀ ਹੈ। ਲੇਖਕ ਦੀ ਭਟਕਣਾ ਉਸ ਨੂੰ ਅਣਛੋਹੀਆਂ, ਕੁਆਰੀਆਂ ਧਰਤੀਆਂ ਦੇ ਪਰੀ ਦੇਸ਼ ਲੈ ਜਾਂਦੀ ਹੈ, ਜਿੱਥੇ ਕਿਸੇ ਗੰਧਲੇਪਣ ਦਾ ਰੌਂ ਨਹੀਂ ਹੁੰਦਾ, ਕਿਸੇ ਬਦਇਖਲਾਕੀ ਦਾ ਪਹਿਰਾ ਨਹੀਂ ਹੁੰਦਾ। ਬੇਰੋਕ ਵਗਦੀ ਸਵੱਛ ਪੌਣ ਉਸ ਦੀ ਕਲਪਨਾ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਜਾਂਦੀ ਐ।

ਲਿਖਤਾਂ ਦੀ ਸਮਾਜ ਨੂੰ ਕੀ ਦੇਣ ਹੈ? ਕੀ ਲੇਖਕ ਨੇ ਸਮਾਜ ਦੀ ਨਬਜ਼ ’ਤੇ ਹੱਥ ਰੱਖਿਐ? ਕੀ ਕਿਸੇ ਹਾਸ਼ੀਏ ਤੋਂ ਧੱਕੇ ਮਨੁੱਖ ਦੀ ਬਾਂਹ ਫੜੀ ਹੈ? ਕੀ ਤੁਹਾਡੀਆਂ ਕ੍ਰਿਤਾਂ ਤੁਹਾਨੂੰ ਰੁਖ਼ਸਤ ਹੋਣ ਤੋਂ ਬਾਅਦ ਵੀ ਜ਼ਿੰਦਾ ਰੱਖਣਗੀਆਂ? ਅਜੋਕੇ ਸਮਿਆਂ ਦੀ ਸ਼ਿਕਾਇਤ ਹੈ ਕਿ ਲਿਖਣਾ ਵੀ ਦੂਸਰੇ ਧੰਦਿਆਂ ਵਾਂਗ ਇੱਕ ਵਪਾਰ ਬਣ ਗਿਐ। ਇੰਨਾ ਕੁਲੀਨ ਕਿੱਤਾ ਆਪਣੇ ਫ਼ਰਜ਼ਾਂ ਤੋਂ ਮੁਨਕਰ ਹੁੰਦਾ ਜਾਪਦੈ। ਸ਼ਬਦਾਂ ਵਿੱਚ ਮਿਲਾਵਟ, ਬਲੈਕਮੇਲਿੰਗ, ਲੱਚਰਤਾ ਅਤੇ ਗੰਧਲੇਪਣ ਨੇ ਬਹੁਤੇ ਲੇਖਕਾਂ ਨੂੰ ਰਸਤੇ ਤੋਂ ਭਟਕਾ ਦਿੱਤੈ। ਹੁਕਮਰਾਨਾਂ ਦੇ ਗਾਏ ਜਾਂਦੇ ਸੋਹਲਿਆਂ ਨੇ ‘ਸਾਹਿਤਕ ਮਰਾਸੀ’ ਦਾ ਟੈਗ ਲਵਾ ਦਿੱਤੈ। ਚੰਦ ਸਿੱਕਿਆਂ ਦੀ ਟੁਣਕਾਰ ਨੇ ਆਪਣੇ ਮੂਲ ਨਾਲੋਂ ਨਿਖੇੜਨ ਦਾ ਕਾਰਜ ਕੀਤੈ। ਲਿਖਤਾਂ ਵਿੱਚੋਂ ਧਨ ਦੌਲਤ ਦੀ ਮ੍ਰਿਗ ਤ੍ਰਿਸ਼ਨਾ ਦੀ ਬੂ ਆਉਣ ਲੱਗ ਪਈ ਹੈ। ਸਾਹਿਤਕ ਇਨਾਮ ਹਥਿਆਉਣ ਦੀ ਹੋੜ ਵਿੱਚ ਚਰਿੱਤਰ ਦਾ ਦਾਅ ’ਤੇ ਲੱਗਣਾ ਕਿਸੇ ਭ੍ਰਿਸ਼ਟ ਮਕੜਜਾਲ ਦੀ ਸ਼ਾਹਦੀ ਭਰਦੈ। ਸਮਾਜ ਲਿਖਤਾਂ ਵਿੱਚੋਂ ਸੇਧ ਭਾਲਦੈ, ਪਰ ਲੇਖਕਾਂ ਨੂੰ ਸੇਧ ਕਿੱਥੋਂ ਮਿਲੇਗੀ? ਆਲਾ ਦੁਆਲਾ ਉਨ੍ਹਾਂ ਨੂੰ ਬਹੁਤ ਨੇੜਿਉਂ ਨੀਝ ਲਾ ਕੇ ਦੇਖ ਰਿਹੈ। ਜਦੋਂ ਵਕਤ ਇਨਸਾਫ਼ ਕਰਦਾ ਹੈ ਤਾਂ ਕਿਸੇ ਲਿਹਾਜ਼ ਦੀ ਗੁੰਜਾਇਸ਼ ਨਹੀਂ ਰਹਿੰਦੀ। ਸਆਦਤ ਹਸਨ ਮੰਟੋ ਦੇ ਸ਼ਬਦ ਖੁਰਦਰੇ ਪਰ ਸੱਚੇ ਹਨ: “ਜਦੋਂ ਤਵਾਇਫ਼ ਵਿਕਦੀ ਹੈ…ਤਾਂ ਉਹ ਆਪਣਾ ਜਿਸਮ ਵੇਚਦੀ ਹੈ; ਪਰ ਜਦੋਂ ਕਲਮ ਵਿਕਦੀ ਹੈ ਤਾਂ ਸੱਭਿਆਚਾਰ ਵਿਕਦਾ ਹੈ।”

ਲੋਕਾਈ ਲਈ ਲੇਖਕ ਇੱਕ ਉੱਚ ਪਾਏਦਾਨ ’ਤੇ ਖੜ੍ਹਾ ਉਹ ਰਹਿਬਰ ਹੁੰਦੈ, ਜੋ ਆਪਣੀਆਂ ਲਿਖਤਾਂ ਦੀਆਂ ਰਿਸ਼ਮਾਂ ਨਾਲ ਚਾਨਣ ਵੰਡਦੈ। ਉਸ ਦਾ ਧਰਾਤਲ ਬੁਲੰਦ ਹੁੰਦਾ। ਆਪਣਾ ਭਾਈਚਾਰਾ ਉਸ ਨੂੰ ਇੱਕ ਆਦਰਸ਼ ਵਜੋਂ ਵਿਚਰਦਾ ਦੇਖਣ ਦੀ ਤਵੱਕੋ ਰੱਖਦੈ। ਇਸ ਅਟੁੱਟ ਵਿਸ਼ਵਾਸ ਵਿੱਚ ਕੋਈ ਮਹੀਨ ਠੇਸ ਵੀ ਬੁਨਿਆਦ ਨੂੰ ਜਰਜ਼ਰਾ ਕਰ ਸਕਦੀ ਹੈ। ਸੋ ਲੇਖਕ ਲਈ ਇਸ ਸ਼ਰੀਫਾਨਾ ਸਥਾਨ ਨੂੰ ਸਥਾਪਿਤ ਰੱਖਣਾ ਵੱਡੀ ਵੰਗਾਰ ਹੈ। ਡਾ. ਸੁਰਜੀਤ ਪਾਤਰ ਦੇ ਸ਼ਬਦਾਂ ਦੀ ਤਸਵੀਰ:

ਇਹ ਜੁ ਰੰਗਾਂ ’ਚ ਚਿਤਰੇ ਨੇ, ਖੁਰ ਜਾਣਗੇ

ਇਹ ਜੁ ਮਰਮਰ ’ਚ ਉੱਕਰੇ ਨੇ, ਮਿਟ ਜਾਣਗੇ

ਬਲਦੇ ਹੱਥਾਂ ਨੇ ਜਿਹੜੇ, ਹਵਾ ਵਿੱਚ ਲਿਖੇ

ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ!
ਸੰਪਰਕ: 89684-33500



News Source link
#ਹਰਫ #ਦ #ਆਰ #ਪਰ

- Advertisement -

More articles

- Advertisement -

Latest article