40.3 C
Patiāla
Sunday, May 5, 2024

ਰਿਸ਼ਤਾ ਤਿੜਕੇ ਹੀ ਕਿਉਂ?

Must read


ਬਲਵਿੰਦਰ ਬਾਲਮ

ਨਰ ਅਤੇ ਮਾਦਾ ਦੇ ਰਿਸ਼ਤੇ ’ਚੋਂ ਹੀ ਸ੍ਰਿਸ਼ਟੀ ਦੀ ਸਿਰਜਨਾ ਹੁੰਦੀ ਹੈ। ਵਿਆਹੁਤਾ ਸਬੰਧ ਵਿਗੜਨ ਨਾਲ ਘਰ ਦੇ ਬਾਕੀ ਰਿਸ਼ਤਿਆਂ ਉੱਪਰ ਗਹਿਰਾ ਅਸਰ ਪੈਂਦਾ ਹੈ। ਘਰੇਲੂ ਰਿਸ਼ਤਿਆਂ ਉੱਪਰ ਹੀ ਨਹੀਂ, ਨੇੜੇ ਦੇ ਹੋਰ ਰਿਸ਼ਤਿਆਂ ਉੱਪਰ ਵੀ ਇਸ ਦਾ ਪ੍ਰਭਾਵ ਪੈਂਦਾ ਹੈ। ਚਾਹਤ ਅਤੇ ਵਿਚਾਰਾਂ ਦਾ ਸੁੱਚਾ ਮੇਲ ਹੀ ਰਿਸ਼ਤੇ ਦੀ ਮੁੱਖ ਬੁਨਿਆਦ ਹੈ। ਜਿੱਥੇ ਚਾਹਤ ਅਤੇ ਵਿਚਾਰਾਂ ਦਾ ਮੇਲ ਨਹੀਂ ਉੱਥੇ ਰਿਸ਼ਤੇ ਤਿੜਕ ਜਾਂਦੇ ਹਨ। ਇੱਕ ਦੂਸਰੇ ਨੂੰ ਸਮਝਣ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਇੱਕ ਦੂਸਰੇ ਉੱਪਰ ਅਹੁਦੇ (ਪਦ) ਭਾਰੀ ਨਾ ਹੋਣ, ਆਰਥਿਕਤਾ ਭਾਰੀ ਨਾ ਹੋਵੇ। ਕਈ ਵਾਰੀ ਖ਼ਾਨਦਾਨੀ ਜਾਇਦਾਦ ਦਾ ਅਸਰ ਵੀ ਹਉਮੈਂ ਪੈਦਾ ਕਰਕੇ ਦੂਰੀਆਂ ਅਤੇ ਤਰੇੜਾਂ ਪੈਦਾ ਕਰ ਦਿੰਦਾ ਹੈ। ਮਾਪਿਆਂ ਦੀ ਵਾਧੂ ਜਾਇਦਾਦ ਦਾ ਇੱਕ ਤਰਫ਼ਾ ਹੰਕਾਰ ਵੀ ਦੂਸਰੇ ਲਈ ਮਾਰੂ ਸਿੱਧ ਹੋ ਜਾਂਦਾ ਹੈ। ਸਰੀਰਕ ਤੌਰ ’ਤੇ ਕਮਜ਼ੋਰੀ ਦੀ ਹੀਣਤਾ ਦਾ ਭਾਵ ਵੀ ਸਬੰਧਾਂ ਵਿੱਚ ਨੀਰਸਤਾ, ਵਖਰੇਵਾਂ ਅਤੇ ਦੂਰੀਆਂ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਇੰਝ ਵੀ ਹੋ ਜਾਂਦਾ ਹੈ ਕਿ ਦੰਪਤੀ ਜੀਵਨ ਵਿੱਚ ਲੜਕੀਆਂ ਦਾ ਲਗਾਤਾਰ ਪੈਦਾ ਹੋਣਾ ਵੀ ਕਈ ਸਬੰਧਾਂ ਅਤੇ ਕਦਰਾਂ ਕੀਮਤਾਂ ਵਿੱਚ ਖਟਾਸ ਅਤੇ ਦੂਰੀ ਉਤਪਨ ਕਰ ਦਿੰਦਾ ਹੈ ਕਿਉਂਕਿ ਲੜਕੀਆਂ ਨੂੰ ਅਜੇ ਵੀ ਲੜਕਿਆਂ ਦੇ ਬਰਾਬਰ ਦਾ ਦਰਜਾ ਨਹੀਂ ਮਿਲਿਆ।

ਰਿਸ਼ਤਿਆਂ ਦੇ ਤਿੜਕਣ ਪਿੱਛੇ ਅਨੇਕਾਂ ਹੀ ਕਾਰਨ ਹਨ, ਪਰ ਦੇਸ਼ ਵਿਦੇਸ਼ ਦੇ ਲੋਕਾਂ ਅਤੇ ਅਮੀਰ, ਗ਼ਰੀਬ ਅਤੇ ਹਰ ਵਰਗ ਦੇ ਲੋਕਾਂ ਵਿੱਚ ਜੇਕਰ ਦੰਪਤੀ ਜੀਵਨ ਵਿੱਚ ਦੂਸਰਾ ਜਣਾ ਸ਼ਾਮਲ ਹੋ ਜਾਵੇ ਜਾਂ ਨਾਜਾਇਜ਼ ਰਿਸ਼ਤੇ ਹੋ ਜਾਣ ਤਾਂ ਸਬੰਧ ਵਿਗੜਨੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਦੀਆਂ ਆਦਤਾਂ ਪਰਿਵਰਤਨਸ਼ੀਲਤਾ ਦੀ ਦਹਿਲੀਜ਼ ਉੱਪਰ ਪਹਿਰਾ ਦਿੰਦੀਆਂ ਹਨ। ਆਪਸੀ ਆਦਤਾਂ ਦਾ ਟਕਰਾਅ ਵੀ ਦੂਰੀਆਂ ਸਥਾਪਿਤ ਕਰਦਾ ਹੈ। ਇੱਕ ਦੂਸਰੇ ਦੇ ਧਰਮ ਦੇ ਵਿਪਰੀਤ ਸ਼ਾਦੀ ਕਰਨਾ ਵੀ ਕਈ ਵਾਰੀ ਲੰਬੀ ਜ਼ਿੰਦਗੀ ਨੂੰ ਅੱਧ ਵਿਚਕਾਰੋਂ ਤੋੜ ਦਿੰਦਾ ਹੈ। ਦੰਪਤੀ ਜੀਵਨ ਵਿੱਚ ਮਾਪਿਆਂ ਤੇ ਦੋਸਤਾਂ-ਰਿਸ਼ਤੇਦਾਰਾਂ ਦੀ ਜ਼ਿਆਦਾ ਦਖ਼ਲਅੰਦਾਜ਼ੀ ਵੀ ਨੁਕਸਾਨਦੇਹ ਸਾਬਤ ਹੋ ਜਾਂਦੀ ਹੈ। ਦੰਪਤੀ ਜੀਵਨ ਵਿੱਚ ਇੱਕ ਜਣੇ ਦੀ ਬੇਰੁਜ਼ਗਾਰੀ ਵੀ ਖਲਦੀ ਹੈ। ਦੰਪਤੀ ਵਿੱਚੋਂ ਇੱਕ ਵੀ ਬੇਰੁਜ਼ਗਾਰ ਹੋਵੇ ਤਾਂ ਉਹ ਬਦੋਬਦੀ ਬੋਝ ਬਣ ਕੇ ਰਹਿ ਜਾਂਦਾ ਹੈ। ਜਿਸ ਨਾਲ ‘ਰਿਸ਼ਤਾ-ਸਮਤੋਲ ਨੀਤੀ’ ਤਹਿਤ ਨੁਕਸਾਨ ਉਠਾਉਣਾ ਪੈਂਦਾ ਹੈ। ਰਿਸ਼ਤੇ ਵਿੱਚ ਕਿਆਸ ਅਰਾਈਆਂ ਦੀ ਟੁੱਟ ਭੱਜ ਵਖਰੇਵੇਂ ਨੂੰ ਜਨਮ ਦਿੰਦੀ ਹੈ। ਵਿਆਹੁਤਾ ਜ਼ਿੰਦਗੀ ਵਿੱਚ ਇੱਕ ਦੂਸਰੇ ਨੂੰ ਸਮਝਣ ਦੀ ਲੋੜ ਹੈ। ਸਹਿਣਸ਼ੀਲਤਾ, ਬਰਦਾਸ਼ਤ ਕਰਨ ਦਾ ਮਾਦਾ, ਤਾਅਨੇ-ਮਿਹਣੇ, ਘੁਟਣ, ਸ਼ੱਕ, ਚੁਗਲੀ ਨਿੰਦਾ ਵੀ ਇੱਕ ਖ਼ਤਰਨਾਕ ਭੂਮਿਕਾ ਅਦਾ ਕਰਦੇ ਹਨ। ਜ਼ਿੰਦਗੀ ਵੱਖ ਵੱਖ ਆਦਤਾਂ ਦੇ ਫੁੱਲਾਂ ਦਾ ਗੁਲਦਸਤਾ ਹੈ। ਇੱਕ ਦੂਸਰੇ ਦੇ ਸੁਭਾਅ ਵਿਪਰੀਤ ਹੋ ਕੇ ਵੀ ਮਿਲ ਕੇ ਰਹਿਣਾ ਚਾਹੀਦਾ ਹੈ। ਇੱਕ ਦੂਸਰੇ ਦੀਆਂ ਆਦਤਾਂ ਦੀ ਪਰਖ ਕਰਕੇ ਚੰਗੇ ਆਚਰਣ ਵਿੱਚ ਢਲਣ ਦੀ ਕੋਸ਼ਿਸ਼ ਦਾ ਨਾਂ ਹੀ ਜ਼ਿੰਦਗੀ ਹੈ। ਆਦਤਾਂ ਦੀ ਟਹਿਣੀ ਉੱਪਰ ਪਸੰਦ-ਚਾਹਤ ਦੇ ਖਿੜੇ ਖ਼ੂਬਸੂਰਤ ਗੁਲਾਬ ਨੂੰ ਜਿਸ ਤਰ੍ਹਾਂ ਦਾ ਮੌਸਮ, ਜਲਵਾਯੂ, ਮਾਲੀ, ਵਾਤਾਵਰਨ ਦੀ ਜ਼ਰੂਰਤ ਹੈ, ਉਹੋ ਮਿਲਣੇ ਚਾਹੀਦੇ ਹਨ ਵਰਨਾ ਇਹ ਖ਼ੂਬਸੂਰਤ ਗੁਲਾਬ ਜਲਦੀ ਹੀ ਮੁਰਝਾ ਜਾਵੇਗਾ। ਜਦੋਂ ਇਹ ਗੁਲਾਬ ਕਿਸੇ ਕੰਮ ਦਾ ਨਹੀਂ ਰਹੇਗਾ ਤਾਂ ਇਸ ਦਾ ਨੁਕਸਾਨ ਚੌਗਿਰਦੇ ਨੂੰ, ਮਾਲੀ ਨੂੰ ਅਤੇ ਟਹਿਣੀ ਨੂੰ ਹੋਵੇਗਾ।

ਪਰਸਪਰ ਸਬੰਧਾਂ ਨਾਲ ਇੱਕ ਮਜ਼ਬੂਤ ਰਿਸ਼ਤਾ ਬਣਦਾ ਹੈ। ਰਿਸ਼ਤੇ ਦੀਆਂ ਕਈ ਸ਼ਾਖ਼ਾਵਾਂ ਪੈਦਾ ਹੁੰਦੀਆਂ ਹਨ। ਹਰ ਇੱਕ ਟਹਿਣੀ ਉੱਪਰ ਲੱਗੇ ਸੁਭਾਅ ਦੇ ਫੁੱਲਾਂ ਦੀ ਆਪਣੀ ਵੱਖਰੀ ਪਹਿਚਾਣ ਅਤੇ ਵੱਖਰੀ ਖ਼ੁਸ਼ਬੂ ਹੁੰਦੀ ਹੈ। ਦੋ ਦਿਲਾਂ ਦੇ ਮਿਲਣ ਵਿੱਚ ਪਸੰਦ ਦਾ ਖ਼ਿਆਲ ਜੇ ਨਾ ਰੱਖਿਆ ਜਾਵੇ ਤਾਂ ਉਹ ਵੀ ਇੱਕ ਸਮੱਸਿਆ ਪੈਦਾ ਕਰਦਾ ਹੈ। ਨਾ ਪਸੰਦੀਦਾ ਹੀ ਉਦਾਸੀਨਤਾ ਅਤੇ ਨਫ਼ਰਤ ਪੈਦਾ ਕਰਦੀ ਹੈ। ਜਿਸ ਕਰਕੇ ਇਹ ਰੇਤੇ ਦੀ ਦੀਵਾਰ ਜਲਦੀ ਢਹਿ ਢੇਰੀ ਹੋ ਜਾਂਦੀ ਹੈ। ਦੰਪਤੀ ਜੀਵਨ ਵਿੱਚ ਮਾਪਿਆਂ ਦੀ ਦਖ਼ਲਅੰਦਾਜ਼ੀ ਜ਼ਰੂਰਤ ਤੋਂ ਜ਼ਿਆਦਾ ਹੋ ਜਾਏ ਤਾਂ ਜ਼ਿੰਦਗੀ ਇੱਕ ਤਰਫ਼ਾ ਬੋਝ ਬਣ ਕੇ ਨਰਕ ਦਾ ਰੂਪ ਲੈ ਲੈਂਦੀ ਹੈ। ਦੋਵੇਂ ਪਾਸਿਆਂ ਦੇ ਮਾਪੇ ਜ਼ਿਆਦਾ ਕਿੰਤੂ ਪ੍ਰੰਤੂ, ਮਨਮਰਜ਼ੀ, ਨਿੱਜੀ ਸੁਭਾਅ ਨੂੰ ਠੋਸਣਾ ਅਤੇ ਆਰਥਿਕ ਖਿੱਚੋਤਾਣ ਰਿਸ਼ਤਿਆਂ ਵਿੱਚ ਤਰੇੜਾਂ ਪਾ ਦਿੰਦੇ ਹਨ। ਬਜ਼ੁਰਗ ਮਾਪਿਆਂ ਅਤੇ ਬੱਚਿਆਂ ਵਿੱਚ ਇੱਕ ਦੂਸਰੇ ਨੂੰ ਸਮਝਣ ਦੀ ਭਾਵਨਾ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਹੈ। ਦੰਪਤੀ ਜੀਵਨ ਵਿੱਚ ਤਰੇੜਾਂ ਆਉਣ ਦੇ ਅਨੇਕਾਂ ਹੋਰ ਕਈ ਗੁਪਤ ਅਤੇ ਪ੍ਰਤੱਖ ਕਾਰਨ ਵੀ ਹੋ ਸਕਦੇ ਹਨ।

ਰਿਸ਼ਤਿਆਂ ਵਿੱਚ ਨਿੱਘ, ਮੋਹ, ਪਿਆਰ, ਸਤਿਕਾਰ, ਖ਼ੂਬਸੂਰਤੀਆਂ, ਅਪਣਾਪਣ, ਮਿੱਠੀ ਬੋਲਚਾਲ, ਸਮਤੋਲ ਦ੍ਰਿਸ਼ਟੀਕੋਣ ਬਣਿਆ ਰਹੇ ਤਾਂ ਜ਼ਿੰਦਗੀ ਸਵਰਗ ਦੇ ਸਾਰੇ ਬੂਹੇ ਖੋਲ੍ਹ ਦੇਵੇਗੀ। ਵਿਆਹੁਤਾ ਜੀਵਨ ਵਿੱਚ ਸਮਤੋਲ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਇਸ ’ਤੇ ਦੋਵਾਂ ਯਾਨੀ ਪਤੀ ਤੇ ਪਤਨੀ ਨੂੰ ਪਹਿਰਾ ਦੇਣਾ ਚਾਹੀਦਾ ਹੈ। ਮਨਮੁਟਾਵ ਹਰ ਰਿਸ਼ਤੇ ਵਿੱਚ ਹੁੰਦੇ ਹਨ, ਪਰ ਜੇਕਰ ਇਨ੍ਹਾਂ ਨੂੰ ਜਲਦੀ ਦੂਰ ਕਰ ਲਿਆ ਜਾਵੇ ਤਾਂ ਰਿਸ਼ਤੇ ਦੀ ਰਵਾਨੀ ਬਣੀ ਰਹਿੰਦੀ ਹੈ, ਨਹੀਂ ਤਾਂ ਦੂਰੀਆਂ ਲਗਾਤਾਰ ਵਧਦੀਆਂ ਜਾਂਦੀਆਂ ਹਨ।

ਵਿਆਹੁਤਾ ਜ਼ਿੰਦਗੀ ਨੂੰ ਸੁਚਾਰੂ ਰੂਪ ਨਾਲ ਚਲਾਉਣਾ ਦੰਪਤੀ ਦੀ ਜ਼ਿੰਮੇਵਾਰੀ ਤਾਂ ਹੈ ਹੀ, ਪਰ ਇਸ ਵਿੱਚ ਮਾਪਿਆਂ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਚੰਗੀ ਭਲੀ ਚੱਲਦੀ ਵਿਆਹੁਤਾ ਜ਼ਿੰਦਗੀ ਵਿੱਚ ਮਾਪੇ ਅਜਿਹੀ ਤੀਲ੍ਹੀ ਲਾਉਂਦੇ ਹਨ ਕਿ ਉਹ ਭਾਂਬੜ ਬਣ ਜਾਂਦੀ ਹੈ। ਇਸ ਲਈ ਮਾਪਿਆਂ ਨੂੰ ਸੋਚ ਸਮਝ ਕੇ ਹੀ ਆਪਣੇ ਵਿਆਹੁਤਾ ਬੱਚਿਆਂ ਦੀ ਜ਼ਿੰਦਗੀ ਵਿੱਚ ਦਖਲ ਦੇਣਾ ਚਾਹੀਦਾ ਹੈ। ਕਈ ਵਾਰ ਗੱਲ ਬਹੁਤ ਛੋਟੀ ਹੁੰਦੀ ਹੈ, ਪਰ ਜਦੋਂ ਪਤੀ-ਪਤਨੀ ਵਿਚਕਾਰ ਮਾਪੇ ਆ ਜਾਣ ਤਾਂ ਇਹ ਵੱਡਾ ਰੂਪ ਧਾਰਨ ਕਰ ਲੈਂਦੀ ਹੈ। ਮਾਪੇ ਪਤੀ ਦੇ ਵੀ ਹੋ ਸਕਦੇ ਹਨ ਅਤੇ ਪਤਨੀ ਦੇ ਵੀ। ਬਲਕਿ ਚਾਹੀਦਾ ਤਾਂ ਇਹ ਹੈ ਕਿ ਮਾਪਿਆਂ ਨੂੰ ਆਪਣੇ ਜੀਵਨ ਅਨੁਭਵ ਦੇ ਆਧਾਰ ’ਤੇ ਬੱਚਿਆਂ ਦੀ ਕੌਂਸਲਿੰਗ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਤਰੇੜ ਨਾ ਆਵੇ, ਪਰ ਅਜਿਹਾ ਕਿਸੇ-ਕਿਸੇ ਘਰ ਵਿੱਚ ਹੀ ਹੁੰਦਾ ਹੈ। ਜਦੋਂ ਮਾਪੇ ਸਮਤੋਲ ਦੀ ਭੂਮਿਕਾ ਨੂੰ ਦਰਕਿਨਾਰ ਕਰਕੇ ਆਪਣੇ ਬੱਚੇ ਦੀ ਧਿਰ ਬਣ ਜਾਣ ਤਾਂ ਰਿਸ਼ਤੇ ਜ਼ਿਆਦਾ ਦੇਰ ਤੱਕ ਸੰਭਾਲੇ ਨਹੀਂ ਜਾ ਸਕਦੇ।

ਧਰਤੀ ’ਤੇ ਪੈਦਾ ਹੋਏ ਹਰ ਇਨਸਾਨ ਦੀਆਂ ਆਦਤਾਂ ਅਲੱਗ ਅਲੱਗ ਹਨ। ਜਦੋਂ ਪਤੀ ਜਾਂ ਪਤਨੀ ਦੋਵਾਂ ਵਿੱਚੋਂ ਕੋਈ ਵੀ ਆਪਣੇ ਸਾਥੀ ਦੀਆਂ ਆਦਤਾਂ ਬਦਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਟਕਰਾਅ ਪੈਦਾ ਹੁੰਦਾ ਹੈ। ਜਿਨ੍ਹਾਂ ਆਦਤਾਂ ਨਾਲ ਕਿਸੇ ਸ਼ਖ਼ਸ ਦਾ ਪਾਲਣ ਪੋਸ਼ਣ ਹੋਇਆ ਹੁੰਦਾ ਹੈ, ਸਾਲਾਂਬੱਧੀ ਉਨ੍ਹਾਂ ਦਾ ਪਾਲਣ ਕਰਨ ਨਾਲ ਉਹ ਉਸ ਦੇ ਜੀਵਨ ਦਾ ਹਿੱਸਾ ਬਣ ਜਾਂਦੀਆਂ ਹਨ, ਪਰ ਜਦੋਂ ਵਿਆਹੁਤਾ ਸਾਥੀ ਉਨ੍ਹਾਂ ਨੂੰ ਕੁਝ ਹੀ ਦਿਨਾਂ ਵਿੱਚ ਬਦਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਟਕਰਾਅ ਲਾਜ਼ਮੀ ਹੈ। ਇਸ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ ਇਹ ਹੀ ਹੈ ਕਿ ਇੱਕ ਦੂਜੇ ਨੂੰ ਜਿਵੇਂ ਦਾ ਹੈ, ਉਸ ਤਰ੍ਹਾਂ ਸਵੀਕਾਰ ਕੀਤਾ ਜਾਵੇ। ਮਾੜੀਆਂ ਆਦਤਾਂ ਨੂੰ ਬਦਲਣ ਲਈ ਸਮਾਂ ਦਿੱਤਾ ਜਾਵੇ।

ਸੁਚਾਰੂ ਵਿਆਹੁਤਾ ਜੀਵਨ ਦਾ ਮੰਤਰ ਇਹੀ ਹੈ ਕਿ ਇੱਕ ਦੂਜੇ ਨੂੰ ਪਿਆਰ ਕਰਨ ਦੇ ਨਾਲ ਨਾਲ ਸਤਿਕਾਰ ਕੀਤਾ ਜਾਵੇ। ਰਿਸ਼ਤੇ ਵਿੱਚ ਵਿਸ਼ਵਾਸ ਪੈਦਾ ਕੀਤਾ ਜਾਵੇ ਤੇ ਉਸ ’ਤੇ ਕਾਇਮ ਰਿਹਾ ਜਾਵੇ। ਜੇਕਰ ਮਨਮੁਟਾਵ ਹਨ ਤਾਂ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ, ਦੂਰ ਕੀਤਾ ਜਾਵੇ। ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰੋ। ਇੱਕ ਦੂਜੇ ਨੂੰ ਵੱਧ ਤੋਂ ਵੱਧ ਸਮਾਂ ਦਿਓ। ਸਿਰਫ਼ ਜ਼ਿੰਮੇਵਾਰੀਆਂ ਦਾ ਹੀ ਨਿਰਬਾਹ ਨਾ ਕਰੋ, ਬਲਿਕ ਆਪਣੀ ਮੌਜ ਮਸਤੀ ਦਾ ਵੀ ਧਿਆਨ ਰੱਖੋ, ਕਿਉਂਕਿ ਮਨੁੱਖੀ ਜੀਵਨ ਇੱਕ ਵਾਰ ਹੀ ਮਿਲਦਾ ਹੈ। ਦੂਜਿਆਂ ਨੂੰ ਆਪਣੇ ਰਿਸ਼ਤੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਕਰਨ ਦਾ ਮੌਕਾ ਨਾ ਦਿਓ। ਇੱਕ ਦੂਜੇ ਦੀ ਪਸੰਦ ਤੇ ਨਾਪਸੰਦ ਨੂੰ ਸਮਝੋ ਤੇ ਉਸ ਦਾ ਸਤਿਕਾਰ ਕਰੋ। ਜਦੋਂ ਤੁਸੀਂ ਇਨ੍ਹਾਂ ’ਤੇ ਪਹਿਰਾ ਦਿਓਗੇ ਤਾਂ ਤੁਹਾਡਾ ਵਿਆਹੁਤਾ ਜੀਵਨ ਖੁਸ਼ਹਾਲ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਸੰਪਰਕ: 98156-25409



News Source link
#ਰਸ਼ਤ #ਤੜਕ #ਹ #ਕਉ

- Advertisement -

More articles

- Advertisement -

Latest article