32.5 C
Patiāla
Monday, May 6, 2024

ਜਿਊਂਦੀ ਲਾਸ਼

Must read


ਮਾਸਟਰ ਲਖਵਿੰਦਰ ਸਿੰਘ ਰਈਆ

ਜਗਪ੍ਰੀਤ ਦੇ ਜੰਮਣ ’ਤੇ ਮਾਪੇ ਪੂਰੇ ਖੁਸ਼ ਸਨ ਕਿ ਉਨ੍ਹਾਂ ਦੇ ਘਰ ਵੀਰਾਂ ਦੀ ਰੱਖੜੀ ਆਈ ਹੈ। ਉਸ ਦੇ ਵੱਡੇ ਭਰਾ ਵੀ ਆਪਣੀ ਇਸ ਨੰਨ੍ਹੀ ਰੱਖੜੀ ਦਾ ਪੂਰਾ ਖਿਆਲ ਰੱਖਦੇ। ਉਸ ਦਾ ਪਾਲਣ ਪੋਸ਼ਣ ਪੂਰੇ ਚਾਵਾਂ ਮਲਾਰਾਂ ਨਾਲ ਹੋਇਆ। ਜਗਪ੍ਰੀਤ ਪੜ੍ਹਨ ਸਕੂਲ ਜਾਣ ਯੋਗ ਹੋਈ ਤਾਂ ਉਸ ਦੇ ਦੋਵੇਂ ਵੱਡੇ ਭਰਾ ਆਪਣੀ ਇਸ ਲਾਡਲੀ ਭੈਣ ਨੂੰ ਆਪਣੇ ਵਿਚਕਾਰ ਰੱਖ ਕੇ ਦੋ ਬੰਨਿਆਂ ਤੋਂ ਉਂਗਲਾਂ ਫੜ ਕੇ ਸਕੂਲ ਲਿਜਾਂਦੇ। ਲਾਡਾਂ-ਪਿਆਰਾਂ ਨਾਲ ਪਲ਼ ਰਹੀ ਜਗਪ੍ਰੀਤ ਆਪਣੀ ਸਿਆਣਪ ਤੇ ਲਿਆਕਤ ਨਾਲ ਪੜ੍ਹਾਈ ਵਿੱਚ ਵੀ ਪੂਰਾ ਨਾਮਣਾ ਖੱਟ ਰਹੀ ਸੀ ਤੇ ਘਰੇਲੂ ਕੰਮ ਕਾਰਾਂ ਵਿੱਚ ਵੀ ਨਿਪੁੰਨ ਹੋ ਰਹੀ ਸੀ।

ਜਿਉਂ ਜਿਉਂ ਉਹ ਜਵਾਨੀ ਵੱਲ ਪੈਰ ਵਧਾਉਣ ਲੱਗੀ। ਤਿਉਂ ਤਿਉਂ ਉਸ ਉੱਪਰ ਜੋਬਨ ਵੀ ਠਾਠਾਂ ਮਾਰਨ ਲੱਗ ਪਿਆ। ਸੋਹਣੀ ਸੀਰਤ ਤੇ ਸੂਰਤ ਦੀ ਮਲਿਕਾ ਜਗਪ੍ਰੀਤ ’ਤੇ ਲੋਹੜੇ ਦਾ ਰੂਪ ਚੜ੍ਹਦਾ ਜਾ ਰਿਹਾ ਸੀ ਜਿਸ ਦੀ ਚਰਚਾ ਵੀ ਹੋਣ ਲੱਗ ਪਈ ਸੀ। ਪਰ ਉਸ ਨੇ ਬਾਪੂ ਦੀ ਪੱਗ ਤੇ ਵੀਰਾਂ ਦੀ ਰੱਖੜੀ ਬਣਦਿਆਂ ਘਰ ਪਰਿਵਾਰ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਸਾਊ ਧੀ ਵਾਲਾ ਸਾਦਗੀ ਭਰਿਆ ਰਸਤਾ ਚੁਣਿਆ ਹੋਇਆ ਸੀ। ਕਿਸੇ ਦੀ ਕੀ ਮਜ਼ਾਲ ਸੀ ਕਿ ਉਸ ਮਾਣਮੱਤੀ ਵੱਲ ਕੋਈ ਉਂਗਲ ਉਠਾ ਸਕੇ। ਅਜਿਹੀ ਸੁੱਘੜ ਸਿਆਣੀ ਧੀ ਉਤੇ ਮਾਪਿਆਂ ਨੂੰ ਪੂਰਾ ਮਾਣ ਸੀ। ਜਗਪ੍ਰੀਤ ਨੇ ਮਨ ਲਾ ਕੇ ਨਰਸਿੰਗ ਦੀ ਪੜ੍ਹਾਈ ਕਰਦਿਆਂ ਅੰਮ੍ਰਿਤਸਰ ਦੇ ਇੱਕ ਨਾਮੀ ਗਰਾਮੀ ਹਸਪਤਾਲ ਵਿੱਚ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਖਾੜਕੂਵਾਦ ਸਿਖ਼ਰਾਂ ’ਤੇ ਸੀ। ਸਮਾਜਿਕ ਬੁਰਾਈਆਂ, ਅਨਿਆਂ ਤੇ ਸਰਕਾਰੀ ਵਧੀਕੀਆਂ ਵਿਰੁੱਧ ਕੁੱਝ ਅਣਖੀ ਯੋਧੇ ਸਿਰਾਂ ’ਤੇ ਕਫ਼ਨ ਬੰਨ੍ਹ ਕੇ ਜੂਝ ਰਹੇ ਸਨ। ਖਾੜਕੂਵਾਦ ਦੀ ਆੜ ਵਿੱਚ ਬਹੁਤ ਸਾਰੀਆਂ ਕਾਲੀਆਂ ਭੇਡਾਂ ਵੀ ਆਪਣਾ ਉੱਲੂ ਸਿੱਧਾ ਕਰਨ ਵਿੱਚ ਸਰਗਰਮ ਸਨ। ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵੀ ਖਾੜਕੂਆਂ ਦੇ ਭੇਸ ਵਿੱਚ ਕਾਲੀਆਂ ਕਰਤੂਤਾਂ ਕਰਨ ਵਾਲੇ ਟੋਲੇ ਦਾ ਮੁੱਖ ਸਰਗਨਾ ਸੀ। ਖਾੜਕੂਆਂ ਦੇ ਪਹਿਰਾਵੇ ਵਿੱਚ ਉਹ ਅੰਦਰਖਾਤੇ ਆਪਣੇ ਬਘਿਆੜਪੁਣੇ ਦਾ ਪੂਰਾ ਨੰਗਾ ਨਾਚ ਕਰਵਾ ਰਿਹਾ ਸੀ। ਜਿਸ ਥਾਲੀ ਵਿੱਚ ਖਾਣਾ ਉਸੇ ਵਿੱਚ ਛੇਕ ਕਰਦਿਆਂ ਇੱਜ਼ਤਾਂ ਨਾਲ ਖਿਲਵਾੜ ਕਰਨਾ ਉਸ ਨੇ ਸ਼ੁਗਲ ਬਣਾਇਆ ਹੋਇਆ ਸੀ। ਆਪਣੀ ਹੈਵਾਨੀਅਤ ਦੇ ਬਣੇ ਸ਼ਿਕਾਰ ਨੂੰ ‘ਪੁਲੀਸ ਟਾਊਟ’ ਗਰਦਾਨ ਕੇ ਕਤਲੇਆਮ ਮਚਾਉਣਾ ਉਸ ਦੀ ਖੱਬੇ ਹੱਥ ਦੀ ਖੇਡ ਸੀ। ਆਪਣੇ ਇਸ ਤਾਂਡਵ ਨਾਲ ਉਸ ਨੇ ਆਲੇ ਦੁਆਲੇ ਵਿੱਚ ਪੂਰੀ ਦਹਿਸ਼ਤ ਮਚਾਈ ਹੋਈ ਸੀ, ਪਰ ਉੱਪਰੋਂ ਖਾੜਕੂਵਾਦ ਦੇ ਅਸੂਲਾਂ ਦਾ ਅਲੰਬਰਦਾਰ ਬਣਨ ਦੇ ਵਿਖਾਵੇ ਨਾਲ ਖਾੜਕੂਵਾਦ ਦੀਆਂ ਸਫਾਂ ਵਿੱਚ ਵੀ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਗਿਣਿਆ ਜਾਂਦਾ ਸੀ। ਯਾਨੀ ਉਸ ਦਾ ਪੂਰਾ ਸਿੱਕਾ ਚੱਲ ਰਿਹਾ ਸੀ।

ਖਾੜਕੂ ਲਹਿਰ ਦੇ ਚੰਗੇ ਅਸੂਲਾਂ ਨਾਲ ਕੁਝ ਨਵਾਂ ਤੇ ਚੰਗਾ ਉੱਭਰਨ ਦੀ ਉਮੀਦ ਵਿੱਚ ਆਮ ਲੋਕਾਂ ਦੀ ਇਸ ਲਹਿਰ ਨਾਲ ਦਿਲੀ ਹਮਦਰਦੀ ਵੀ ਸੀ। ਜਗਪ੍ਰੀਤ ਦਾ ਪਰਿਵਾਰ ਵੀ ਇਸ ਲਹਿਰ ਦੇ ਹਮਦਰਦਾਂ ਵਿੱਚੋਂ ਇੱਕ ਸੀ। ਵੈਸੇ ਵੀ ਇਹ ਪਰਿਵਾਰ ਇਨਸਾਨੀਅਤ ਦੇ ਨਾਤੇ ਸੇਵਾ ਭਾਵਨਾ ਦੀ ਬਿਰਤੀ ਦਾ ਮਾਲਕ ਸੀ। ਹਰ ਆਏ ਗਏ ਦੀ ਖ਼ਿਦਮਤ ਕਰਨਾ ਆਪਣਾ ਫਰਜ਼ ਸਮਝਦਾ ਸੀ। ਇੱਕ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਭੋਗ ਉਪਰੰਤ ਜਗਪ੍ਰੀਤ ਦੇ ਘਰ ਰਾਤ ਦਾ ਰੋਟੀ ਟੁੱਕ ਦਾ ਆਹਰ ਪਾਹਰ ਹੋਣ ਹੀ ਲੱਗਾ ਸੀ ਕਿ ਬਾਹਰ ਦਾ ਬੂਹਾ ਖੜਕਿਆ। ਜਗਪ੍ਰੀਤ ਦੇ ਬਾਪੂ ਨੇ ਬੂਹਾ ਖੋਲ੍ਹਿਆ ਤਾਂ ਲੋਈਆਂ ਦੀ ਬੁੱਕਲ ਮਾਰੀ ਚਾਰ ਪੰਜ ਨੌਜਵਾਨ ਆਣ ਅੰਦਰ ਵੜੇ। ਜਗਪ੍ਰੀਤ ਦੇ ਬਾਪੂ ਨੇ ਆਪਣੀ ਆਦਤ ਅਨੁਸਾਰ ਉਨ੍ਹਾਂ ਦੀ ਟਹਿਲ ਸੇਵਾ ਕਰਨ ਲਈ ਉਨ੍ਹਾਂ ਨੂੰ ਬਾਹਰਲੀ ਬੈਠਕ ਵਿੱਚ ਬਿਠਾ ਲਿਆ। ਘਰੇ ਆਵਾਜ਼ ਦਿੰਦਿਆਂ ਆਖਿਆ, ‘‘ਬਈ ਸਿੰਘ ਆਏ ਨੇ, ਇਨ੍ਹਾਂ ਦੇ ਪ੍ਰਸਾਦੇ ਪਾਣੀ ਦਾ ਇੰਤਜ਼ਾਮ ਕਰੋ।’ ਇਹ ਆਖ ਕੇ ਉਹ ਮਾਲ ਡੰਗਰ ਵੱਲ ਝਾਤੀ ਮਾਰਨ ਚਲਾ ਗਿਆ।

ਬਾਪ ਵੱਲੋਂ ਹਾਕ ਪੈਂਦਿਆਂ ਹੀ ਜਗਪ੍ਰੀਤ ਅਤੇ ਉਸ ਦੀ ਮਾਂ ਵੱਲੋਂ ਆਏ ਮਹਿਮਾਨਾਂ ਲਈ ਲੰਗਰ ਪਾਣੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਜਗਪ੍ਰੀਤ ਨੇ ਸੋਚਿਆ ਕਿ ਅੱਗੇ ਵੀ ਉਨ੍ਹਾਂ ਦੇ ਘਰੇ ਅਣਪਛਾਤੇ ਮਹਿਮਾਨ ਆਉਂਦੇ ਹੀ ਰਹਿੰਦੇ ਨੇ ਤੇ ਰੋਟੀ ਪਾਣੀ ਛੱਕ ਕੇ ਉਸ ਦੇ ਸਿਰ ’ਤੇ ਧੀ ਭੈਣ ਵਾਲਾ ਪਿਆਰ ਦਿੰਦਿਆਂ ਰਾਹੇ ਪੈ ਜਾਂਦੇ ਨੇ। ਸੋ ਐਤਕੀਂ ਵੀ ਉਹ ਬਗੈਰ ਕਿਸੇ ਝਿਜਕ ਦੇ ਬੜੇ ਸਤਿਕਾਰ ਭਾਵਨਾ ਨਾਲ ਰੋਟੀ ਪਾਣੀ ਲੈ ਕੇ ਆਏ ਮਹਿਮਾਨਾਂ ਨੂੰ ਵਰਤਾਉਣ ਲਈ ਬੈਠਕ ਵੱਲ ਨੂੰ ਹੋ ਤੁਰੀ। ਜਗਪ੍ਰੀਤ ਦੇ ਰੰਗ ਰੂਪ ਨੂੰ ਵੇਖ ਕੇ ਸ਼ੇਰੇ ਦੇ ਹੋਸ਼ ਹੀ ਗੁੰਮ ਹੋ ਗਏ। ਉਹ ਅਜੇ ਖਾਣਾ ਰੱਖ ਕੇ ਪਿਛਾਂਹ ਨੂੰ ਮੁੜਨ ਹੀ ਲੱਗੀ ਸੀ ਕਿ ਸ਼ੇਰੇ ਨੇ ਆਪਣੀ ਹੈਵਾਨੀਅਤ ਦਾ ਰੰਗ ਵਿਖਾਉਂਦਿਆਂ ਉਸ ਦੀ ਬਾਂਹ ਫੜ ਲਈ। ਪਰ ਹੁੰਦੜਹੇਲ ਜਗਪ੍ਰੀਤ ਨੇ ਦੂਜੇ ਹੱਥ ਨਾਲ ਸ਼ੇਰੇ ਦੇ ਮੂੰਹ ’ਤੇ ਐਸੇ ਜ਼ੋਰ ਨਾਲ ਥੱਪੜ ਜੜ੍ਹ ਦਿੱਤਾ ਕਿ ਸ਼ੇਰੇ ਦੀਆਂ ਅੱਖਾਂ ਅੱਗੇ ਬੰਬੂ ਤਾਰੇ ਨੱਚਣ ਲੱਗ ਪਏ ਤੇ ਆਪ ਸ਼ੇਰਨੀ ਵਾਲੀ ਦਹਾੜ ਮਾਰਦੀ ਹੋਈ ਬਾਹਰ ਆ ਗਈ। ਏਨੇ ਚਿਰ ਨੂੰ ਜਗਪ੍ਰੀਤ ਦਾ ਬਾਪੂ ਤੇ ਉਸ ਦੇ ਭਰਾ ਵੀ ਘਰੇ ਆ ਗਏ।

ਉੱਧਰ ਸ਼ੇਰਾ ਵੀ ਜ਼ਖ਼ਮੀ ਨਾਗ ਵਾਂਗ ਵਿਸ ਘੋਲਦਾ ਹੋਇਆ ਬਾਕੀ ਸਾਥੀਆਂ ਨਾਲ ਬਾਹਰ ਆਇਆ ਤੇ ਬੰਦੂਕਾਂ ਦੀ ਨੋਕ ਨਾਲ ਸਾਰੇ ਟੱਬਰ ਨੂੰ ਲਾਈਨ ਵਿੱਚ ਖੜ੍ਹੇ ਕਰਕੇ ਫ਼ਤਵਾ ਸੁਣਾਉਣ ਲੱਗਾ, ‘‘ਤੁਸੀਂ ਲੋਕ ਪੁਲੀਸ ਦੇ ਮੁਖ਼ਬਰ ਓ, ਕੌਮ ਦੇ ਗੱਦਾਰ ਤੇ ਗੱਦਾਰਾਂ ਨੂੰ ਸਜ਼ਾਏ ਮੌਤ ਯਾਨੀ ਸਾਰੇ ਟੱਬਰ ਨੂੰ ਗੱਡੀ ਚਾੜ੍ਹਿਆ ਜਾਵੇ ਜਾਂ ਫਿਰ ਉਨ੍ਹਾਂ ਦੇ ਘਰ ਦੀ ਇੱਜ਼ਤ ਨਾਲ ਖੇਡਣਾ ਤਾਂ ਕਿ ਉਹ ਆਪਣਾ ਬਾਕੀ ਦਾ ਜੀਵਨ ਜਿਊਂਦੀਆਂ ਲਾਸ਼ਾਂ ਬਣ ਕੇ ਗੁਜ਼ਾਰਨ।’’ ਇਹ ਬਕਦਾ ਹੋਇਆ ਸ਼ੇਰਾ ਜਗਪ੍ਰੀਤ ਵੱਲ ਵਧਿਆ ਤਾਂ ਉਸ ਦੇ ਭਰਾਵਾਂ ਦਾ ਵੀ ਖੂਨ ਖੌਲ ਉੱਠਿਆ। ਉਹ ਅਜੇ ਅੱਗੇ ਵਧਣ ਹੀ ਲੱਗੇ ਸਨ ਕਿ ਸ਼ੇਰੇ ਨੇ ਗੋਲੀ ਚਲਾ ਦਿੱਤੀ, ਪਰ ਹਫ਼ੜਾ ਦਫ਼ੜੀ ਵਿੱਚ ਗੋਲੀ ਨਿਸ਼ਾਨੇ ’ਤੇ ਲੱਗਣ ਦੀ ਥਾਂ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਚੀਰਦੀ ਹੋਈ ਪਾਰ ਲੰਘ ਗਈ।

ਸ਼ੇਰੇ ਤੇ ਉਸ ਦੇ ਸਾਥੀਆਂ ਨੇ ਕਮੀਨਗੀ ਦਿਖਾਉਂਦਿਆਂ ਫਿਰ ਬੰਦੂਕਾਂ ਤਾਣ ਕੇ ਸਾਰੇ ਟੱਬਰ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ। ਜਗਪ੍ਰੀਤ ਆਪਣੇ ਪਰਿਵਾਰ ਦਾ ਅੱਖਾਂ ਸਾਹਮਣੇ ਹੋਣ ਵਾਲੇ ਹਸ਼ਰ ਨੂੰ ਲੈ ਕੇ ਕੰਬ ਉੱਠੀ ਤੇ ਉਹ ਤਣੀਆਂ ਬੰਦੂਕਾਂ ਸਾਹਮਣੇ ਆਣ ਖਲੋ ਗਈ।

ਡਡਿਆ ਕੇ ਆਖਣ ਲੱਗੀ, ‘‘ਇਹ ਮੈਨੂੰ ਲਿਜਾਣਾ ਚਾਹੁੰਦੇ ਨੇ ਤੇ ਮੈਂ ਇਨ੍ਹਾਂ ਨਾਲ ਜਾਣਾ ਚਾਹੁੰਨੀ ਆਂ, ਮੈਨੂੰ ਸਦਾ ਵਾਸਤੇ ਭੁੱਲ ਜਾਣਾ ਤੇ ਸਮਝ ਲੈਣਾ ਕਿ ਤੁਹਾਡੀ ਕੋਈ ਧੀ ਵੀ ਸੀ।’’

‘‘ਚੱਲੋ ਸੂਰਮਿਓਂ! (ਵਿਅੰਗ ਨਾਲ) ਜਿੱਥੇ ਚੱਲਣਾ ਜੇ, ਮੈਂ ਤਿਆਰ ਆਂ, ਤੁਹਾਡੇ ਨਾਲ ਜਾਣ ਲਈ।’’ ਜਗਪ੍ਰੀਤ ਨੇ ਵੇਲਾ ਸੰਭਾਲਦਿਆਂ ਪਰਿਵਾਰ ਦਾ ਕਤਲੇਆਮ ਹੋਣ ਤੋਂ ਬਚਾ ਲਿਆ।

ਸ਼ੇਰੇ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਤੇ ਉਹ ਜਗਪ੍ਰੀਤ ਨੂੰ ਲੈ ਕੇ ਫਰਾਰ ਹੋ ਗਿਆ।

ਜਗਪ੍ਰੀਤ ਦੇ ਮਾਪਿਆਂ ਨੇ ਆਪਣੇ ਨਾਲ ਹੋਏ ਇਸ ਧੱਕੇ ਵਿਰੁੱਧ ਬਥੇਰੀ ਦਾਦ ਫਰਿਆਦ ਕੀਤੀ, ਪਰ ਇਹ ਦਾਦ ਫਰਿਆਦ ਹਨੇਰ ਗਰਦੀ ਦੇ ਚੱਕੀ ਦੇ ਦੋਹਾਂ ਪੁੜਾਂ ਵਿੱਚ ਦੱਬ ਕੇ ਰਹਿ ਗਈ। ਜਗਪ੍ਰੀਤ ਦੇ ਮਾਪੇ ਨਾ ਜਿਉਂਦਿਆਂ ਵਿੱਚ ਸਨ ਨਾ ਮਰਿਆਂ ਵਿੱਚ।

ਜਗਪ੍ਰੀਤ ਨੇ ਵੀ ਮਨ ਮਾਰ ਕੇ ਇਹ ਧਾਰ ਲਿਆ ਸੀ ਕਿ ਉਹ ਜਿਊਂਦੀ ਲਾਸ਼ ਬਣ ਕੇ ਹੀ ਸ਼ੇਰੇ ਨਾਲ ਦਿਨ ਕੱਟੇਗੀ, ਪਰ ਮੌਕਾ ਮਿਲਣ ’ਤੇ ਇਸ ਦਰਿੰਦੇ ਨੂੰ ਐਸੇ ਚਨੇ ਚਬਾਏਗੀ ਕਿ ਆਪਣੀ ਹੀ ਦਰਿੰਦਗੀ ਦੇ ਝੋਰੇ ਦੀ ਅੱਗ ਵਿੱਚ ਤਿਲ ਤਿਲ ਕਰਕੇ ਸੜਦਾ ਰਹੇ।

ਬਗੈਰ ਕਿਸੇ ਵਿਆਹ ਦੀ ਰਸਮ ਕੀਤਿਆਂ ਹੀ ਸ਼ੇਰਾ ਜਗਪ੍ਰੀਤ ਨੂੰ ਆਪਣੇ ਨਾਲ ਰੱਖ ਰਿਹਾ ਸੀ। ਲੁਕਵੇਂ ਟਿਕਾਣੇ ਬਦਲ ਬਦਲ ਕੇ ਗੁੰਮਨਾਮ ਵਾਸਿਆਂ ਵਿੱਚ ਝੱਟ ਲੰਘਾ ਰਿਹਾ ਸੀ। ਨਾਲ ਹੀ ਉਸ ਨੇ ਜਗਪ੍ਰੀਤ ਨੂੰ ਪੂਰਾ ਡਰਾ ਧਮਕਾ ਕੇ ਰੱਖਿਆ ਹੋਇਆ ਸੀ ਕਿ ਜੇਕਰ ਉਸ ਨੇ ਭੱਜਣ ਜਾਂ ਕੋਈ ਮੁਖ਼ਬਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਾਰੇ ਪਰਿਵਾਰ ਦੇ ਸਿਵੇ ਬਾਲ ਕੇ ਰੱਖ ਦਿਆਂਗਾ। ਆਪਣੀ ਦਹਿਸ਼ਤ ਦੇ ਝੂਠੇ ਸੱਚੇ ਕਿੱਸੇ ਸੁਣਾ ਸੁਣਾ ਕੇ ਜਗਪ੍ਰੀਤ ਨੂੰ ਵੀ ਪੂਰਾ ਭੈਅ ਭੀਤ ਕੀਤਾ ਹੋਇਆ ਸੀ।

ਬੰਦੂਕ ਦੀ ਨੋਕ ਉਤੇ ਜਗਪ੍ਰੀਤ ਨੂੰ ਸਿਰਫ਼ ਸ਼ੇਰੇ ਨੇ ਹੀ ਨਹੀਂ ਚੂੰਡਿਆਂ ਸਗੋਂ ਉਸ ਦੀ ਗੈਰ ਹਾਜ਼ਰੀ ਵਿੱਚ ਹੋਰਨਾਂ ਨੇ ਵੀ ਜਗਪ੍ਰੀਤ ਦੀ ਇੱਜ਼ਤ ਨਾਲ ਖੇਡਿਆ। ਇਸ ਜ਼ੋਰ ਜਬਰੀ ਕਾਰਨ ਜਗਪ੍ਰੀਤ ਦੀ ਕੁੱਖ ਤੋਂ ਜਿਹੜੇ ਅਣਚਾਹੇ ਬੱਚੇ ਪੈਦਾ ਹੋਏ, ਉਨ੍ਹਾਂ ਦੇ ਅਸਲ ਪਿਓ ਬਾਰੇ ਉਹ ਖ਼ੁਦ ਵੀ ਨਹੀਂ ਸੀ ਜਾਣਦੀ, ਪਰ ਉਸ ਨੇ ਬੱਚਿਆਂ ਦੇ ਪਿਉ ਦਾ ਰੁਤਬਾ ਸ਼ੇਰੇ ਨੂੰ ਦਈ ਰੱਖਿਆ ਅਤੇ ਬੱਚਿਆਂ ਪ੍ਰਤੀ ਮਾਂ ਦੀ ਮਮਤਾ ਵੀ ਮਾੜੀ ਮੋਟੀ ਬਣਾਈ ਰੱਖੀ।

ਕਹਿੰਦੇ ਹਨ ‘ਅੱਤ’ ਸ਼ਬਦ ਦੇ ‘ਅੱਧਕ’ ਨੂੰ ‘ਟਿੱਪੀ’ ਵਿੱਚ ਬਦਲਣ ਭਾਵ ‘ਅੰਤ’ ਸ਼ਬਦ ਬਣਨ ਵਿੱਚ ਕੋਈ ਚਿਰ ਨਹੀਂ ਲੱਗਦਾ। ਸੋ ਸ਼ੇਰੇ ਦੇ ਕਾਲੇ ਕਾਰਨਾਮੇ ਵੀ ਜੱਗ ਜ਼ਾਹਿਰ ਹੋਣ ਲੱਗੇ। ਜਦੋਂ ਉਸ ਦਾ ਘਿਨਾਉਣਾ ਕਿਰਦਾਰ ਪੂਰੀ ਤਰ੍ਹਾਂ ਨੰਗਾ ਹੋ ਗਿਆ ਤਾਂ ਖਾੜਕੂਆਂ ਨੇ ਸ਼ੇਰੇ ਨੂੰ ਉਸ ਦੇ ਕੁਕਰਮਾਂ ਦੀ ਸਜ਼ਾ ਦੇਣ ਲਈ ਸੋਧਾ ਲਾਉਣ ਦੀ ਤਿਆਰੀ ਕਰ ਲਈ। ਜਦੋਂ ਸ਼ੇਰੇ ਨੂੰ ਪਤਾ ਲੱਗਾ ਤਾਂ ਉਹ ਚਤਰਾਈ ਵਰਤਦਾ ਖਾੜਕੂ ਸਫਾਂ ਵਿੱਚੋਂ ਵੀ ਭਗੋੜਾ ਹੋ ਕੇ ਰੂਪੋਸ਼ ਤਾਂ ਜ਼ਰੂਰ ਹੋ ਗਿਆ, ਪਰ ਅੰਦਰੋਂ ਪੂਰੀ ਤਰ੍ਹਾਂ ਹਿਲ ਚੁੱਕਾ ਸੀ ਤੇ ਮਾਰਾ ਮਾਰਾ ਫਿਰਦਾ ਹੋਇਆ ਹੁਲੀਆ ਬਦਲ ਕੇ ਲੁਕ ਛਿਪ ਕੇ ਦਿਨ ਕੱਟਣ ਲੱਗਾ। ਪਰ ਜਗਪ੍ਰੀਤ ’ਤੇ ਆਪਣਾ ਪੂਰਾ ਦਬਦਬਾ ਕਾਇਮ ਰੱਖਿਆ ਹੋਇਆ ਸੀ।

ਸਮਾਂ ਆਪਣੀ ਤੋਰੇ ਤੁਰਦਾ ਗਿਆ। ਖਾੜਕੂਵਾਦ ਦਾ ਦੌਰ ਗੁਜ਼ਰਿਆ ਤਾਂ ਸ਼ੇਰਾ ਵੀ ਆਪਣੇ ਘੁਰਨੇ ਵਿੱਚੋਂ ਬਾਹਰ ਆਇਆ ਤੇ ਲੋਕਾਂ ਤੋਂ ਲੁੱਟਾਂ ਖੋਹਾਂ ਰਾਹੀਂ ਇਕੱਤਰ ਕੀਤੇ ਧਨ ਦੇ ਜ਼ੋਰ ਨਾਲ ਉਹ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਫਰਜ਼ੀ ਨਾਂ ਹੇਠ ਸਾਊਪਣੇ ਦਾ ਬੁਰਕਾ ਪਹਿਨਣ ਵਿੱਚ ਕਾਮਯਾਬ ਹੋ ਗਿਆ। ਸਾਊ ਪਰਿਵਾਰ ਦੇ ਮੁਖੀ ਵਜੋਂ ਆਪਣੇ ਇਲਾਕੇ ਤੋਂ ਦੂਰ ਦੁਰਾਡੇ ਇੱਕ ਪਿੰਡ ਵਿੱਚ ਰਹਿਣ ਲੱਗਾ ਪਿਆ। ਜਗਪ੍ਰੀਤ ਵੀ ਇਸ ਪਿੰਡ ਵਿੱਚ ਸਿਹਤ ਸੇਵਾਵਾਂ ਦਿੰਦਿਆਂ ਆਪਣੀ ਸਚਿਆਰਤਾ ਨਾਲ ਲੋਕਾਂ ਦੀ ਮਾਣਮੱਤੀ ਚਹੇਤੀ ਬਣ ਗਈ। ਉੱਧਰੋਂ ਇਸ ਪਿੰਡ ਦੇ ਮੋਹਤਬਰ ਇੰਦਰਬੀਰ ਨੇ ਇਨਸਾਨੀਅਤ ਦੇ ਨਾਤੇ ਇਸ ਪਰਿਵਾਰ ਦੇ ਵਸੇਬੇ ਵਿੱਚ ਪੂਰੀ ਮਦਦ ਕੀਤੀ। ਜਿਸ ਨਾਲ ਉਸ ਦੀ ਇਸ ਪਰਿਵਾਰ ਨਾਲ ਇੱਕ ਨਿਵੇਕਲੀ ਸਾਂਝ ਬਣ ਗਈ। ਇਹ ਸਾਂਝ ਏਨੀ ਪੀਡੀ ਹੋ ਗਈ ਕਿ ਇੱਕ ਦੂਜੇ ਦਾ ਹਰ ਦੁੱਖ ਸੁੱਖ ਸਾਂਝਾ ਹੋਣ ਲੱਗ ਪਿਆ। ਇੰਦਰਬੀਰ ਜਗਪ੍ਰੀਤ ਦੇ ਅੰਦਰਲੇ ਦਰਦ ਦੀ ਸਾਰ ਲੈਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਹੋ ਰਿਹਾ ਸੀ।

ਜਗਪ੍ਰੀਤ, ਇੰਦਰਬੀਰ ਦੇ ਨਿੱਘੇ ਸੁਭਾਅ ਤੇ ਉਸ ਵਿਚਲੀ ਇਨਸਾਨੀਅਤ ਦੀ ਹੋਰ ਵੀ ਕਦਰਦਾਨ ਬਣਦੀ ਗਈ। ਜ਼ਿੰਦਗੀ ਦੇ ਕੌੜੇ ਦਿਨਾਂ ਨੂੰ ਪਾਰ ਕਰਦਿਆਂ ਤੇ ਜਿਊਂਦੀ ਲਾਸ਼ ਬਣੀ ਜਗਪ੍ਰੀਤ ਦੇ ਅੰਦਰ ਵੀ ਦਿਲ ਧੜਕਣ ਲੱਗਾ ਤੇ ਇੱਕ ਨਵੀਂ ਉਮੀਦ/ ਉਮੰਗ ਅੰਗੜਾਈਆਂ ਲੈਣ ਲੱਗ ਪਈ। ਉਸ ਨੂੰ ਮਹਿਸੂਸ ਹੋਣ ਲੱਗਾ ਕੇ ਉਸ ਦੀ ਜਵਾਨੀ ’ਤੇ ਕਾਲਖ ਮਲਣ ਵਾਲੇ ਸ਼ੇਰੇ ਤੋਂ ਬਦਲਾ ਲੈਣ ਦਾ ਵੇਲਾ ਹੁਣ ਆ ਚੁੱਕੈ। ਇਸ ਲਈ ਉਸ ਨੇ ਇੰਦਰਬੀਰ ਨੂੰ ਆਪਣੇ ਨਾਲ ਵਿਆਹ ਦੀ ਪੇਸ਼ਕਸ਼ ਕਰ ਦਿੱਤੀ, ਪਰ ਇੰਦਰਬੀਰ ਇਨਸਾਨੀਅਤ ਨਾਤੇ ਕੀਤੀ ਭਲਾਈ ਦਾ ਮੁੱਲ ਨਹੀਂ ਵੱਟਣਾ ਚਾਹੁੰਦਾ ਸੀ। ਪਰ ਜਦੋਂ ਜਗਪ੍ਰੀਤ ਨੇ ਉਸ ਨਾਲ ਹੋਈ ਜੱਗੋਂ ਤੇਰਵੀਂ (ਵਧੀਕੀ) ਦੀ ਰਾਮ ਕਹਾਣੀ ਸੁਣਾਈਂ ਕਿ ਉਹ ਸ਼ੇਰੇ ਦੀ ਪਤਨੀ ਨਹੀਂ ਸਗੋਂ ਉਸ ਵੱਲੋਂ ਬੰਦੂਕ ਦੀ ਨੋਕ ਨਾਲ ਉਧਾਲੀ ਇੱਕ ਅਭਾਗਣ ਔਰਤ ਐ। ਜਗਪ੍ਰੀਤ ਦਾ ਦੁੱਖ ਭਰਿਆ ਇਹ ਬਿਰਤਾਂਤ ਸੁਣਦਿਆਂ ਇੰਦਰਬੀਰ ਦਰਿੰਦੇ ਸ਼ੇਰੇ ਦਾ ਭੋਗ ਪਾਉਣ ਲਈ ਤਿਆਰ ਹੋ ਗਿਆ, ਪਰ ਜਗਪ੍ਰੀਤ ਨੇ ਉਸ ਨੂੰ ਮਨ੍ਹਾ ਕਰਦਿਆਂ ਕਿਹਾ ਕਿ ਜਿਵੇਂ ਉਹ ਅਤੇ ਉਸ ਦੇ ਮਾਪੇ ਹੁਣ ਤੱਕ ਜਿਊਂਦੀਆਂ ਲਾਸ਼ਾਂ ਬਣ ਕੇ ਜੀਅ ਰਹੇ ਨੇ, ਉਸੇ ਤਰ੍ਹਾਂ ਸ਼ੇਰੇ ਨੂੰ ਜਿਊਂਦੀ ਲਾਸ਼ ਬਣਿਆ ਵੇਖਣਾ ਚਾਹੁੰਦੀ ਹੈ।

ਪੰਜ ਦਹਾਕਿਆਂ ਨੂੰ ਅੱਪੜੇ ਅਣਵਿਆਹੇ ਇੰਦਰਬੀਰ ਨੇ ਜਗਪ੍ਰੀਤ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਤੇ ਜਦੋਂ ਸ਼ੇਰੇ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਹ ਤਿਲਮਿਲਾ ਉੱਠਿਆ। ਉਸ ਨੇ ਇਸ ਵਿਆਹ ਨੂੰ ਰੋਕਣ ਲਈ ਕਾਨੂੰਨ ਦਾ ਸਹਾਰਾ ਲੈਣ ਵਾਸਤੇ ਅਦਾਲਤ ਦਾ ਜਾ ਬੂਹਾ ਖੜਕਾਇਆ ਕਿ ਉਸ ਦੀ ਪਤਨੀ ਬਗੈਰ ਤਲਾਕ ਦਿੱਤਿਆਂ ਈ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਛੱਡ ਕੇ ਦੂਜਾ ਵਿਆਹ ਰਚਾਉਣ ਜਾ ਰਹੀ ਹੈ। ਅਦਾਲਤ ਵੱਲੋਂ ਜਗਪ੍ਰੀਤ ਨੂੰ ਵੀ ਹਾਜ਼ਰ ਹੋਣ ਦੇ ਸੰਮਨ ਭੇਜ ਦਿੱਤੇ ਗਏ। ਜਗਪ੍ਰੀਤ ਨੇ ਆਪਣੇ ਮਾਪਿਆਂ ਤੇ ਹੋਰ ਮੋਹਤਬਰਾਂ ਨੂੰ ਇਸ ਸੁਣਵਾਈ ਸਮੇਂ ਹਾਜ਼ਰ ਹੋਣ ਲਈ ਬੇਨਤੀ ਕੀਤੀ। ਅਨੋਖੀ ਗਾਥਾ ਵਾਲੇ ਚਰਚਿਤ ਇਸ ਕੇਸ ਦੇ ਫੈਸਲੇ ਦੀ ਨਿਸ਼ਚਤ ਤਰੀਕ ਸਮੇਂ ਕਾਫ਼ੀ ਭੀੜ ਜੁੜ ਗਈ।

ਨਿਆਂਪਾਲਿਕਾ ਦੇ ਮੁਖੀ ਨੇ ਜਗਪ੍ਰੀਤ ਨੂੰ ਬਗੈਰ ਤਲਾਕ ਦਿੱਤਿਆਂ ਦੂਜਾ ਵਿਆਹ ਕਰਾਉਣ ਦਾ ਕਾਰਨ ਪੁੱਛਿਆ ਤਾਂ ਜਗਪ੍ਰੀਤ ਨੇ ਬੜੀ ਬੇਬਾਕੀ ਨਾਲ ਆਪਣਾ ਪੱਖ ਰੱਖਣਾ ਸ਼ੁਰੂ ਕਰਦਿਆਂ ਮੰਗ ਕੀਤੀ,‘‘ਇਸ ਭੱਦਰ ਪੁਰਸ਼ (ਸ਼ੇਰੇ) ਤੋਂ ਸਾਡੇ ਦੋਹਾਂ ਦੇ ਵਿਆਹ ਦੇ ਸਬੂਤ ਮੰਗੇ ਜਾਣ ਕਿ ਸਾਡਾ ਵਿਆਹ ਕਿਸ ਰਸਮ ਜਾਂ ਕਿਸ ਧਰਮ ਦੇ ਅਕੀਦੇ ਮੁਤਾਬਕ ਹੋਇਆ?’’ ਜਗਪ੍ਰੀਤ ਦਾ ਇਹ ਸਵਾਲ ਸੁਣਦਿਆਂ ਹੀ ਸ਼ੇਰੇ ਦੇ ਪਸੀਨੇ ਛੁੱਟਣ ਲੱਗ ਪਏ ਤੇ ਉਸ ਦੀ ਆਕੜ ਦੇ ਸਿਰ ਮੰਨੋਂ ਮਣਾਂ ਮੂੰਹੀ ਭਾਰ ਪੈ ਗਿਆ ਹੋਵੇ ਤੇ ਉਸ ਦੀ ਜ਼ਬਾਨ ਤਾਲੂ ਨਾਲ ਜੁੜ ਗਈ ਕਿਉਂਕਿ ਉਸ ਕੋਲ ਨਾ ਕੋਈ ਜਵਾਬ ਸੀ ਤੇ ਨਾ ਕੋਈ ਸਬੂਤ। ਸੋ ਸ਼ੇਰੇ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਜਗਪ੍ਰੀਤ ਨੇ ਸ਼ੇਰੇ ਵੱਲ ਉਂਗਲ ਕਰਦਿਆਂ ਹੰਢਾਇਆ ਆਪਣਾ ਦਰਦ ਫਰੋਲਣਾ ਸ਼ੁਰੂ ਕੀਤਾ, ‘‘ਇਸ ਨਾਲ ਮੇਰਾ ਕੋਈ ਰਸਮੀ ਵਿਆਹ ਨਹੀਂ ਹੋਇਆ ਸਗੋਂ ਬੰਦੂਕ ਦੀ ਨੋਕ ’ਤੇ ਉਧਾਲੀ ਹੋਈ ਮੈਂ ਬੰਧਕ ਅਭਾਗਣ ਔਰਤ ਆਂ, ਪਰ ਮੈਨੂੰ ਇਹ ਆਪਣੀ ਪਤਨੀ ਦੱਸ ਰਿਹੈ। ਮੈਂ ਆਪਣੇ ਜੀਵਨ ਦੇ ਢਾਈ ਦਹਾਕੇ ਜਿਊਂਦੀ ਲਾਸ਼ ਬਣ ਕੇ ਇਸ ਨਾਲ ਇਸ ਲਈ ਗੁਜ਼ਾਰੇ ਸੀ ਕਿ ਇਹ ਦੁਸ਼ਟ ਕਿਤੇ ਮੇਰੇ ਮਾਪਿਆਂ ਤੇ ਭਰਾਵਾਂ ਦੀਆਂ ਲਾਸ਼ਾਂ ਹੀ ਨਾ ਵਿਛਾ ਦੇਵੇ। ਉਸ ਕਾਲੇ ਦੌਰ ਦੌਰਾਨ ਮੇਰੇ ਵਰਗੀਆਂ ਹੋਰ ਵੀ ਕਈ ਅਭਾਗਣਾਂ ਸਨ, ਜਿਨ੍ਹਾਂ ਨੂੰ ਜਿਊਂਦੀਆਂ ਲਾਸ਼ਾਂ ਬਣ ਕੇ ਵਿਚਰਦਿਆਂ ਮੈਂ ਅੱਖਾਂ ਨਾਲ ਵੇਖਿਐ। ਉਨ੍ਹਾਂ ਦੀਆਂ ਇੱਛਾਵਾਂ ਵੀ ਗੁੰਮਨਾਮੀ ਵਿੱਚ ਦਫ਼ਨ ਹੋ ਕੇ ਰਹਿ ਗਈਆਂ।’’ ਇਹ ਆਖਦਿਆਂ ਜਗਪ੍ਰੀਤ ਦਾ ਗੱਚ ਭਰ ਆਇਆ ਤੇ ਅੱਖਾਂ ਵਿੱਚੋਂ ਹੰਝੂਆਂ ਦਾ ਹੜ੍ਹ ਛਲਕਣ ਲੱਗ ਪਿਆ। ਇਸ ਬਿਆਨ ਨੂੰ ਸੁਣ ਕੇ ਸਾਰੇ ਸੁੰਨ ਪਾਸੇ ਪਸਰ ਗਈ ਸੀ ਤੇ ਬਹੁਤਿਆਂ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਸਨ।

ਅੱਖਾਂ ਪੂੰਝਦਿਆਂ ਜਗਪ੍ਰੀਤ ਨੇ ਫਿਰ ਆਪਣੀ ਚੁੱਪ ਤੋੜੀ, ‘‘ਰਹੀ ਗੱਲ ਜਵਾਕਾਂ ਦੀ। ਜਿਨ੍ਹਾਂ ਨੂੰ ਇਹ ਆਪਣਾ ਖੂਨ ਦੱਸ ਰਿਹਾ ਹੈ, ਇਸ ਖੂਨ ਵਿੱਚ ਹੋਰਨਾਂ ਦੇ ਖੂਨ ਦਾ ਵੀ ਰਲਾ ਹੋ ਸਕਦਾ ਜਿਹੜੇ ਇਸ ਦੀ ਗੈਰ ਹਾਜ਼ਰੀ ਵਿੱਚ ਮੈਨੂੰ ਚੂੰਡਣਾਂ ਆਪਣੀ ਸੂਰਮਗਤੀ ਸਮਝਦੇ ਸਨ। ਮੈਨੂੰ ਖ਼ੁਦ ਨੂੰ ਨਹੀਂ ਪਤਾ ਕਿ ਇਨ੍ਹਾਂ ਜਵਾਕਾਂ ਦਾ ਅਸਲ ਪਿਉ ਕੌਣ ਹੈ। ਹਾਂ! ਐਨਾ ਜ਼ਰੂਰ ਐ ਕਿ ਇਨ੍ਹਾਂ ਉੱਪਰ ਪਿਉ ਵਜੋਂ ਠੱਪਾ ‘ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ’ ਦਾ ਜ਼ਰੂਰ ਲੱਗਦਾ ਰਿਹਾ।’’

ਇਹ ਸੁਣਦੇ ਸਾਰ ਹੀ ਸ਼ੇਰਾ ਬਰਫ਼ ਵਿੱਚ ਲਹਿ ਗਿਆ। ਕੁਝ ਦਹਾਕੇ ਪਹਿਲਾਂ ਨਾਜਾਇਜ਼ ਹਥਿਆਰਾਂ ਦੇ ਸਿਰ ’ਤੇ ਬੜ੍ਹਕਾਂ ਮਾਰਨ ਵਾਲੇ ਸ਼ੇਰੇ ਨੂੰ ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ ਤੇ ਜਵਾਨ ਹੋ ਰਹੇ ਬੱਚਿਆਂ ਦੇ ਸਾਹਮਣੇ ਉਹ ਜਿਊਂਦੀ ਲਾਸ਼ ਬਣ ਚੁੱਕਾ ਸੀ।

ਉੱਧਰ ਜਗਪ੍ਰੀਤ ਕੁਝ ਹੌਸਲਾ ਕਰਦਿਆਂ ਫਿਰ ਗਿੜਗੜਾਈ, ‘‘ਬੱਚਿਓ! ਮੈਂ ਤੁਹਾਨੂੰ ਜਣਿਆ ਜ਼ਰੂਰ ਹੈ, ਪਰ ਮਾਂ ਦੀ ਮਮਤਾ ਵਾਲਾ ਪੂਰਾ ਪਿਆਰ ਨਹੀਂ ਦੇ ਸਕੀ ਕਿਉਂਕਿ ਮੈਂ ਜਿਊਂਦੀ ਲਾਸ਼ ਵਜੋਂ ਹੀ ਤੁਹਾਡੀ ਮਾਂ ਬਣੀ ਸਾਂ। ਇਸ ਬੇਕਸੂਰ ਮਾਂ ਨੂੰ ਮੁਆਫ਼ ਕਰ ਦੇਣਾ।’’ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਹੜ੍ਹ ਫਿਰ ਵਹਿ ਤੁਰਿਆ।

ਅਖੀਰ ਵਿੱਚ ਜਗਪ੍ਰੀਤ ਨੇ ਅਦਾਲਤ ਨੂੰ ਬੇਨਤੀ ਕੀਤੀ, ‘‘ਇਸ ਪਕੇਰੀ ਉਮਰ ਵਿੱਚ ਵਿਆਹ ਕਰਵਾਉਣਾ ਮੇਰਾ ਕੋਈ ਸ਼ੌਕ ਨਹੀਂ ਸੀ ਸਗੋਂ ਜੀਵਨ ਨੂੰ ਕੁਝ ਢਾਰਸ ਦੇਣ ਅਤੇ ਜਿਊਂਦੀਆਂ ਲਾਸ਼ਾਂ ਬਣੇ ਮਾਪਿਆਂ ਦੀਆਂ ਭਾਵਨਾਵਾਂ (ਧੀ ਨੂੰ ਵਿਆਹ ਕੇ ਹੱਥੀਂ ਤੋਰਨਾ) ਨੂੰ ਸਨਮਾਨ ਤੇ ਕਾਨੂੰਨੀ ਮਾਨਤਾ ਦਿਵਾਉਣ ਲਈ ਹੀ ਮੈਨੂੰ ਵਿਆਹ ਦਾ ਇਹ ਕੌੜਾ ਅੱਕ ਚੱਬਣ ਲਈ ਮਜਬੂਰ ਹੋਣਾ ਪਿਆ। ਸੋ ਮੇਰੇ ਇਸ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ।’’

ਅਦਾਲਤ ਨੇ ਜਗਪ੍ਰੀਤ ਤੇ ਇੰਦਰਬੀਰ ਨੂੰ ਵਧਾਈ ਦਿੰਦਿਆਂ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਦਾ ਫੈਸਲਾ ਸੁਣਾ ਦਿੱਤਾ। ਜਗਪ੍ਰੀਤ ਦੇ ਮਾਪਿਆਂ ਨੇ ਵੀ ਇੰਦਰਬੀਰ ਦੇ ਸਿਰ ’ਤੇ ਪਿਆਰ ਦਿੰਦਿਆਂ ਅਸ਼ੀਰਵਾਦ ਦੇ ਦਿੱਤਾ। ਨਮੋਸ਼ੀ ਦਾ ਮਾਰਿਆ ਸ਼ੇਰਾ ਜਿਊਂਦੀ ਲਾਸ਼ ਬਣਨ ਦਾ ਸੰਤਾਪ ਭੋਗਣ ਲਈ ਅਦਾਲਤ ਵਿੱਚੋਂ ਬਾਹਰ ਨੂੰ ਨਿਕਲ ਤੁਰਿਆ।
ਸੰਪਰਕ: 61423191173



News Source link
#ਜਊਦ #ਲਸ਼

- Advertisement -

More articles

- Advertisement -

Latest article