32.3 C
Patiāla
Sunday, May 5, 2024

ਜਗਦੀਸ਼ ਝੀਂਡਾ ਨੇ ਆਪਣੀ ਵੱਖਰੀ ਕਮੇਟੀ ਲਈ ਮਾਨਤਾ ਮੰਗੀ

Must read


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 1 ਜਨਵਰੀ

ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਲਗਾਤਾਰ ਤੂਲ ਫੜ ਰਿਹਾ ਹੈ। ਇਸ ਮਾਮਲੇ ਵਿੱਚ ਹਰਿਆਣਾ ਦੇ ਸਿੱਖਾਂ ਦੀ ਆਪਸੀ ਸਹਿਮਤੀ ਵੀ ਨਹੀਂ ਬਣ ਰਹੀ। ਅੱਜ ਇਸ ਮਾਮਲੇ ਵਿੱਚ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਸ੍ਰੀ ਅਕਾਲ ਤਖ਼ਤ ’ਤੇ ਪੁੱਜੇ ਹਨ। ਉਨ੍ਹਾਂ ਆਪਣੀ 41 ਮੈਂਬਰੀ ਕਮੇਟੀ ਦੀ ਸੂਚੀ ਸ੍ਰੀ ਅਕਾਲ ਤਖ਼ਤ ’ਤੇ ਸੌਂਪੀ ਅਤੇ ਅਪੀਲ ਕੀਤੀ ਹੈ ਕਿ ਉਸ ਦੀ ਕਮੇਟੀ ਨੂੰ ਮਾਨਤਾ ਦਿੱਤੀ ਜਾਵੇ।

ਸੁਪਰੀਮ ਕੋਰਟ ਵੱਲੋਂ ਹਰਿਆਣਾ ਵਿੱਚ ਵੱਖਰੀ ਕਮੇਟੀ ਐਕਟ ਨੂੰ ਮਾਨਤਾ ਦਿੱਤੀ ਗਈ ਹੈ। ਇਸ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਹੋਈ ਹੈ। ਦੂਜੇ ਪਾਸੇ, ਹਰਿਆਣਾ ਦੇ ਸਿੱਖਾਂ ਵਿੱਚ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਦੌੜ ਲੱਗੀ ਹੋਈ ਹੈ। ਹਾਲ ਹੀ ਵਿਚ ਹਰਿਆਣਾ ਸਰਕਾਰ ਵੱਲੋਂ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨਾਲ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ ਤੇ ਹੋਰ ਸਿੱਖ ਸਹਿਮਤ ਨਹੀਂ ਹਨ।

ਇਸੇ ਕੜੀ ਤਹਿਤ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਅੱਜ ਇੱਥੇ ਅਕਾਲ ਤਖ਼ਤ ’ਤੇ ਪੁੱਜੇ ਹਨ। ਉਨ੍ਹਾਂ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ ਤਖ਼ਤ ਵੱਲੋਂ ਹਰਿਆਣਾ ਦੀ ਸਿੱਖ ਸੰਗਤ ਦਾ ਮਾਰਗ ਦਰਸ਼ਨ ਕੀਤਾ ਜਾਵੇ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਉਹ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਗਤ ਨਾਲ ਸਲਾਹ ਮਸ਼ਵਰਾ ਕਰ ਕੇ ਆਏ ਹਨ। ਇਸ ਦੇ ਆਧਾਰ ’ਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ 41 ਮੈਂਬਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਹਰਿਆਣਾ ਦੀ ਸੰਗਤ ਵੱਲੋਂ ਬਣਾਈ ਇਸ ਕਮੇਟੀ ਨੂੰ ਮਾਨਤਾ ਦਿੱਤੀ ਜਾਵੇ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਇੱਥੇ ਨਾ ਹੋਣ ਕਾਰਨ ਸਕੱਤਰੇਤ ਦੇ ਅਧਿਕਾਰੀਆਂ ਨੇ ਪੱਤਰ ਪ੍ਰਾਪਤ ਕੀਤਾ ਹੈ।

ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਝੀਂਡਾ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਈ ਕਮੇਟੀ ਨੂੰ ਹਰਿਆਣਾ ਦੇ ਸਿੱਖਾਂ ਨੇ ਰੱਦ ਕਰਦਿਆਂ ਇਸ ਨੂੰ ਆਰਐਸਐਸ ਦੀ ਕਮੇਟੀ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦਿਨੀਂ ਤਖ਼ਤ ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਵਿੱਚ ਸਿੱਖ ਸੰਗਤ ਦੇ ਵਿਚਾਰ ਲਏ ਹਨ। ਹਰਿਆਣਾ ਦੇ ਸਿੱਖ ਆਗੂ ਨੇ ਦੋਸ਼ ਲਾਇਆ ਕਿ 14 ਸਾਲ ਪਹਿਲਾਂ ਜਦੋਂ ਉਨ੍ਹਾਂ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾਉਣ ਦੀ ਜੱਦੋ-ਜਹਿਦ ਸ਼ੁਰੂ ਕੀਤੀ ਸੀ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਕੋਲ ਇਹ ਮਾਮਲਾ ਰੱਖਿਆ ਸੀ। ਉਸ ਵੇਲੇ ਉਨ੍ਹਾਂ ਦੀ ਮੰਗ ਨੂੰ ਅਣਡਿੱਠਾ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਉਸ ਵੇਲੇ ਉਨ੍ਹਾਂ ਦੀ ਮੰਗ ਨੂੰ ਮੰਨ ਲਿਆ ਜਾਂਦਾ ਤਾਂ ਅੱਜ ਇਹ ਸਥਿਤੀ ਨਹੀਂ ਸੀ ਆਉਣੀ।





News Source link

- Advertisement -

More articles

- Advertisement -

Latest article