35.2 C
Patiāla
Sunday, May 12, 2024

ਪੰਜਾਬੀ ਨੌਜਵਾਨ ਤੇ ਪਰਵਾਸ

Must read


ਬਿੰਦਰ ਸਿੰਘ ਖੁੱਡੀ ਕਲਾਂ

ਪੰਜਾਬ ਅਤੇ ਪਰਵਾਸ ਦਾ ਬੜਾ ਗਹਿਰਾ ਰਿਸ਼ਤਾ ਹੈ। ਲੁੱਟ ਖਸੁੱਟ ਦੇ ਇਰਾਦੇ ਨਾਲ ਪੰਜਾਬ ਦੀ ਧਰਤੀ ’ਤੇ ਵਿਦੇਸ਼ੀ ਹਮਲਾਵਰਾਂ ਦੀ ਆਮਦ ਅਤੇ ਰੋਜ਼ੀ ਰੋਟੀ ਲਈ ਵਿਦੇਸ਼ਾਂ ਵੱਲ ਜਾਣਾ ਪੰਜਾਬੀਆਂ ਦਾ ਖਾਸਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਘੱਟ ਜ਼ਮੀਨ ਜਾਇਦਾਦ ਵਾਲੇ ਪਰਿਵਾਰਾਂ ਦੇ ਘੱਟ ਪੜ੍ਹੇ ਲਿਖੇ ਇੱਕ ਦੋ ਮੈਂਬਰ ਪੈਸਾ ਕਮਾਉਣ ਦੇ ਮਨੋਰਥ ਨਾਲ ਵਿਦੇਸ਼ਾਂ ਵਿੱਚ ਜਾਂਦੇ ਸਨ। ਇਹ ਮੈਂਬਰ ਆਮ ਤੌਰ ’ਤੇ ਵਿਦੇਸ਼ ਵਿੱਚ ਵੀ ਖੇਤੀ ਖੇਤਰ ਵਿੱਚ ਮਜ਼ਦੂਰੀ ਦਾ ਕਿੱਤਾ ਕਰਦੇ ਸਨ। ਵਿਦੇਸ਼ ਗਏ ਮੈਂਬਰ ਕਮਾਈ ਕਰਕੇ ਧਨ ਪੰਜਾਬ ਭੇਜਦੇ ਸਨ ਅਤੇ ਪੰਜਾਬ ਰਹਿੰਦਾ ਪਰਿਵਾਰ ਵਿਦੇਸ਼ੀ ਮੈਂਬਰਾਂ ਵੱਲੋਂ ਭੇਜੇ ਧਨ ਨਾਲ ਜ਼ਮੀਨ ਜਾਇਦਾਦ ਬਣਾਉਂਦਾ ਹੁੰਦਾ ਸੀ। ਕੁਝ ਵਰ੍ਹਿਆਂ ਦੀ ਕਮਾਈ ਕਰਨ ਉਪਰੰਤ ਇਹ ਮੈਂਬਰ ਵੀ ਵਾਪਸ ਵਤਨ ਪਰਤ ਆਉਂਦੇ ਸਨ। ਇਸ ਤਰ੍ਹਾਂ ਦਾ ਪਰਵਾਸ ਪਰਿਵਾਰ ਦੇ ਨਾਲ ਨਾਲ ਸੂਬੇ ਅਤੇ ਮੁਲਕ ਦੀ ਆਰਥਿਕਤਾ ਵਿੱਚ ਸਕਾਰਤਮਕ ਭੂਮਿਕਾ ਅਦਾ ਕਰਦਾ ਹੁੰਦਾ ਸੀ।

ਪਿਛਲੇ ਕੁਝ ਵਰ੍ਹਿਆਂ ਤੋਂ ਪਰਵਾਸ ਦੀ ਰੁਚੀ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ। ਪਿਛਲੇ ਵਰਿਆਂ ਦੌਰਾਨ ਪੜ੍ਹੇ ਲਿਖੇ ਪੰਜਾਬੀ ਨੌਜਵਾਨਾਂ ਦੇ ਪਰਵਾਸ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਸੂਬੇ ਵਿੱਚ ਘਟਦੇ ਰੁਜ਼ਗਾਰ ਦੇ ਅਵਸਰਾਂ ਨੇ ਪੰਜਾਬੀ ਨੌਜਵਾਨਾਂ ਦਾ ਮੂੰਹ ਵਿਦੇਸ਼ਾਂ ਵੱਲ ਅਜਿਹਾ ਕੀਤਾ ਕਿ ਸੂਬੇ ਦਾ ਹਰ ਨੌਜਵਾਨ ਵਿਦੇਸ਼ ਜਾਣ ਲਈ ਕਾਹਲਾ ਪੈਣ ਲੱਗਿਆ ਹੈ। ਨੌਜਵਾਨਾਂ ਦੀ ਪਰਵਾਸ ਰੁਚੀ ਨੇ ਉੱਚ ਵਿਦਿਅਕ ਸੰਸਥਾਵਾਂ ’ਤੇ ਦਾਖਲਿਆਂ ਦੀ ਘਾਟ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ। ਬਾਰ੍ਹਵੀਂ ਤੋਂ ਬਾਅਦ ਉਚੇਰੀ ਸਿੱਖਿਆ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਕਮੀ ਆ ਰਹੀ ਹੈ ਜਦੋਂਕਿ ਆਇਲੈਟਸ ਕੇਂਦਰਾਂ ਵਿੱਚ ਨੌਜਵਾਨਾਂ ਦੀਆਂ ਵੱਡੀਆਂ ਭੀੜਾਂ ਜੁੜਨ ਲੱਗੀਆਂ ਹਨ। ਇੱਕ ਸਰਵੇਖਣ ਅਨੁਸਾਰ ਪ੍ਰਤੀ ਸਾਲ ਤਕਰੀਬਨ 6 ਲੱਖ ਵਿਦਿਆਰਥੀ ਆਇਲੈਟਸ ਦੀ ਸਿਖਲਾਈ ਲੈ ਰਹੇ ਹਨ ਜਦੋਂਕਿ ਹਰ ਮਹੀਨੇ 60,000 ਦੇ ਕਰੀਬ ਵਿਦਿਆਰਥੀ ਆਇਲੈਟਸ ਦੀ ਪ੍ਰੀਖਿਆ ਦੇ ਰਹੇ ਹਨ। ਵਿਦਿਆਰਥੀਆਂ ਦੇ ਇਸ ਰੁਝਾਨ ਦੇ ਚੱਲਦਿਆਂ ਆਇਲੈਟਸ ਕੇਂਦਰ ਵੱਡੇ ਬਿਜ਼ਨਸ ਕੇਂਦਰਾਂ ਵੱਜੋਂ ਉੱਭਰ ਰਹੇ ਹਨ। ਵੱਡੇ ਉਦਯੋਗਿਕ ਅਤੇ ਵਿੱਦਿਅਕ ਘਰਾਣਿਆਂ ਵੱਲੋਂ ਆਇਲੈਟਸ ਕੇਂਦਰ ਚਲਾਏ ਜਾਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਸੂਬੇ ਦੇ ਵੱਡੇ ਸ਼ਹਿਰਾਂ ਤੋਂ ਸ਼ੁਰੂ ਹੋਏ ਆਇਲੈਟਸ ਕੇਂਦਰ ਹੁਣ ਕਸਬਿਆਂ ਅਤੇ ਪਿੰਡਾਂ ਤੱਕ ਪਹੁੰਚ ਚੁੱਕੇ ਹਨ। ਪੰਜਾਬੀਆਂ ਦੀ ਪਰਵਾਸ ਰੁਚੀ ਇਸ ਹੱਦ ਤੱਕ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ ਕਿ ਉਹ ਕੋਈ ਵੀ ਹਰਬਾ ਇਸਤੇਮਾਲ ਕਰਕੇ ਵਿਦੇਸ਼ ਜਾਣ ਨੂੰ ਤਰਜੀਹ ਦੇਣ ਲੱਗੇ ਹਨ। ਇਸ ਤਰ੍ਹਾਂ ਦੇ ਜਾਇਜ਼ ਨਾਜਾਇਜ਼ ਹਰਬੇ ਬਹੁਤ ਸਾਰੇ ਝਗੜਿਆਂ ਦੀ ਵਜ੍ਹਾ ਬਣਨ ਲੱਗੇ ਹਨ।

ਪੰਜਾਬੀ ਨੌਜਵਾਨਾਂ ਵਿੱਚ ਪਾਈ ਜਾ ਰਹੀ ਪਰਵਾਸ ਦੀ ਰੁਚੀ 2022 ਦੌਰਾਨ ਵੀ ਜਾਰੀ ਰਹੀ। ਇਸ ਵਰ੍ਹੇ ਵੀ ਵੀਜ਼ਾ ਸਲਾਹਕਾਰਾਂ ਦੀ ਖੂਬ ਚਾਂਦੀ ਰਹੀ। ਏਅਰਪੋਰਟਾਂ ਦੀਆਂ ਭੀੜਾਂ ਵਿੱਚ ਪੰਜਾਬੀਆਂ ਦੀ ਸਰਦਾਰੀ ਕਾਇਮ ਰਹੀ। ਇਸ ਵਰ੍ਹੇ ਵੀ ਮਾਪਿਆਂ ਵੱਲੋਂ ਆਪਣੇ ਲਾਡਲਿਆਂ ਨੂੰ ਵਿਦੇਸ਼ ਭੇਜਣ ਲਈ ਆਇਲੈਟਸ ਪਾਸ ਕੁੜੀਆਂ ਦੀ ਵਿਦੇਸ਼ੀ ਪੜ੍ਹਾਈ ਦਾ ਸਾਰਾ ਖਰਚਾ ਉਠਾ ਕੇ ਵਿਆਹ ਰਚਾਉਣ ਦਾ ਆਲਮ ਜਾਰੀ ਰਿਹਾ। ਇਸ ਵਰ੍ਹੇ ਦੌਰਾਨ ਵੀ ਪੰਜਾਬੀ ਨੌਜਵਾਨਾਂ ਨੂੰ ਸੂਬੇ ਵਿੱਚ ਹੀ ਰੁਜ਼ਗਾਰ ਦੇਣ ਦੀ ਕੋਈ ਵਿਆਪਕ ਯੋਜਨਾ ਨਜ਼ਰ ਨਹੀਂ ਆਈ। ਇਸ ਵਰ੍ਹੇ ਵੀ ਬਾਰ੍ਹਵੀਂ ਪਾਸ ਕਰਨ ਉਪਰੰਤ ਆਇਲੈਟਸ ਪ੍ਰੀਖਿਆ ਦੇਣ ਦੀ ਨੌਜਵਾਨਾਂ ਵਿੱਚ ਪਾਈ ਜਾਣ ਵਾਲੀ ਰੁਚੀ ਦੇ ਚੱਲਦਿਆਂ ਉੱਚ ਵਿੱਦਿਅਕ ਸੰਸਥਾਵਾਂ ਨੂੰ ਦਾਖਲਿਆਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਨੌਜਵਾਨਾਂ ਦੀ ਪਰਵਾਸ ਰੁਚੀ ਨਾਲ ਵੱਡੀ ਗਿਣਤੀ ਮਾਪਿਆਂ ਦੀ ਵੀ ਸਹਿਮਤੀ ਬਣਨ ਲੱਗੀ ਹੈ। ਕੋਈ ਸਮਾਂ ਸੀ ਜਦੋਂ ਮਾਪੇ ਨੌਜਵਾਨਾਂ ਦੀ ਪਰਵਾਸ ਇੱਛਾ ਦਾ ਵਿਰੋਧ ਕਰਦੇ ਸਨ, ਪਰ ਸੂਬੇ ਦੇ ਹਾਲਾਤ ਨੇ ਮਾਪਿਆਂ ਨੂੰ ਆਪਣੇ ਬੱਚੇ ਵਿਦੇਸ਼ਾਂ ਵੱਲ ਭੇਜਣ ਲਈ ਮਜਬੂਰ ਕਰ ਦਿੱਤਾ ਹੈ। ਨੌਜਵਾਨ ਤਾਂ ਕੀ ਹੁਣ ਤਾਂ ਹਾਲਾਤ ਇਹ ਹਨ ਕਿ ਸੂਬੇ ਦੇ ਜ਼ਿਆਦਾਤਰ ਨਾਗਰਿਕ ਪੰਜਾਬ ਵਿੱਚ ਨਹੀਂ ਰਹਿਣਾ ਚਾਹੁੰਦੇ। ਮਾਪੇ ਆਪਣੇ ਬੱਚਿਆਂ ਦੀ ਪਰਵਾਸ ਇੱਛਾ ਪੂਰਤੀ ਲਈ ਜ਼ਮੀਨਾਂ ਜਾਇਦਾਦਾਂ ਵੇਚਣ ਦੇ ਨਾਲ ਨਾਲ ਕਰਜ਼ੇ ਵੀ ਲੈ ਰਹੇ ਹਨ।

ਨੌਜਵਾਨਾਂ ਨੂੰ ਪਰਵਾਸ ਲਈ ਮਜਬੂਰ ਕਰਨ ਵਾਲੇ ਹਾਲਾਤ ਬੇਰੁਜ਼ਗਾਰੀ, ਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਮਾਰ, ਅਸ਼ਾਂਤੀ ਭਰਪੂਰ ਮਾਹੌਲ ਅਤੇ ਪ੍ਰਦੂਸ਼ਿਤ ਵਾਤਵਾਰਨ ਵਿੱਚ ਬੀਤੇ ਵਰ੍ਹੇ ਦੌਰਾਨ ਵੀ ਕੋਈ ਸੁਧਾਰ ਨਜ਼ਰ ਨਹੀਂ ਆਇਆ। ਫਿਰੌਤੀ ਅਤੇ ਅਗਵਾ ਦੀਆਂ ਘਟਨਾਵਾਂ ਨੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਅਸੁਰੱਖਿਆ ਦਾ ਬਾਖੂਬੀ ਅਹਿਸਾਸ ਕਰਵਾਇਆ। ਪੰਜਾਬੀ ਨੌਜਵਾਨਾਂ ਦੀ ਪਰਵਾਸ ਰੁਚੀ ਦਾ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਇੰਗਲੈਂਡ ਸਮੇਤ ਬਹੁਤ ਸਾਰੇ ਯੂਰਪੀ ਮੁਲਕ ਖੂਬ ਲਾਹਾ ਲੈ ਰਹੇ ਹਨ। ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਜਾਣ ਵਾਲੇ ਭਾਰਤੀਆਂ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਪੰਜਾਬੀ ਨੌਜਵਾਨਾਂ ਵੱਲੋਂ ਪੜ੍ਹਾਈ ਦੇ ਆਧਾਰ ’ਤੇ ਵਿਦੇਸ਼ ਪਹੁੰਚਣ ਦੀ ਰੁਚੀ ਦਾ ਵਿਦੇਸ਼ਾਂ ਦੀਆਂ ਵਿੱਦਿਅਕ ਸੰਸਥਾਵਾਂ ਖੂਬ ਲਾਹਾ ਲੈ ਰਹੀਆਂ ਹਨ। ਮੋਟੀਆਂ ਫੀਸਾਂ ਦੇ ਰੂਪ ਵਿੱਚ ਵਿਦੇਸ਼ ਪਹੁੰਚ ਰਹੀ ਭਾਰਤੀ ਕਰੰਸੀ ਵਿਦੇਸ਼ਾਂ ਦੀ ਆਰਥਿਕਤਾ ਦੀ ਮਜ਼ਬੂਤੀ ਦਾ ਸਬੱਬ ਬਣ ਰਹੀ ਹੈ। ਇਸ ਦਾ ਲਾਹਾ ਲੈਣ ਲਈ ਇੰਗਲੈਂਡ ਵੱਲੋਂ ਵੀ ਪੰਜਾਬੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਦੀ ਗਤੀ ਵਿੱਚ ਬੇਹਿਸਾਬਾ ਇਜ਼ਾਫਾ ਕੀਤਾ ਗਿਆ ਹੈ। ਇੰਗਲੈਂਡ ਵੱਲੋਂ ਪੰਜਾਬੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਕੰਮ ਕਰਨ ਦੀਆਂ ਸ਼ਰਤਾਂ ਵਿੱਚ ਵੀ ਨਰਮੀ ਕੀਤੀ ਗਈ ਹੈ। ਨਾ ਕੇਵਲ ਇੰਗਲੈਂਡ ਸਗੋਂ ਕੈਨੇਡਾ ਜਿਹੇ ਮੁਲਕਾਂ ਵੱਲੋਂ ਵੀ ਵਿਦਿਆਰਥੀਆਂ ਦੀਆਂ ਕੰੰਮ ਸ਼ਰਤਾਂ ਨੂੰ ਨਰਮ ਕੀਤਾ ਗਿਆ ਹੈ।

ਅਜੋਕੇ ਸਮੇਂ ਦਾ ਪਰਵਾਸ ਮਹਿਜ਼ ਪਰਿਵਾਰ ਦੇ ਪੁੱਤ ਜਾਂ ਧੀ ਦਾ ਪਰਵਾਸ ਨਹੀਂ ਰਿਹਾ। ਵਿਦੇਸ਼ ਗਏ ਨੌਜਵਾਨਾਂ ਦੀ ਵਾਪਸੀ ਦੀ ਤਾਂ ਗੱਲ ਹੀ ਛੱਡੋ ਸਗੋਂ ਵੇਖਦਿਆਂ ਹੀ ਵੇਖਦਿਆਂ ਨੌਜਵਾਨਾਂ ਦੇ ਮਾਪੇ ਵੀ ਵਿਦੇਸ਼ ਚਲੇ ਜਾਂਦੇ ਹਨ। ਮਾਪੇ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨ ਦੀ ਬਜਾਏ ਆਪਣੇ ਬੱਚਿਆਂ ਕੋਲ ਵਿਦੇਸ਼ਾਂ ਵਿੱਚ ਹੀ ਨਿਵੇਸ਼ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਬੱਚਿਆਂ ਦੀਆਂ ਫੀਸਾਂ ਦੇ ਨਾਲ ਨਾਲ ਮਾਪਿਆਂ ਵੱਲੋਂ ਆਪਣੇ ਮੁਲਕ ਵਿੱਚ ਨਿਵੇਸ਼ ਕਰਨ ਤੋਂ ਕੰਨੀ ਕਤਰਾਉਣਾ ਵੀ ਆਰਥਿਕਤਾ ਲਈ ਮਾਰੂ ਸਿੱਧ ਹੋ ਰਿਹਾ ਹੈ। ਇੱਕ ਪਾਸੇ ਤਾਂ ਵਿਦੇਸ਼ਾਂ ਦੀਆਂ ਸਰਕਾਰਾਂ ਹਨ ਜੋ ਪੰਜਾਬੀ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀਆਂ ਅਤੇ ਦੂਜੇ ਪਾਸੇ ਸਾਡੇ ਆਪਣੇ ਮੁਲਕ ਦੀਆਂ ਸਰਕਾਰਾਂ ਹਨ ਕਿ ਆਪਣੇ ਜਵਾਨੀ ਧਨ ਨੂੰ ਸੰਭਾਲਣ ਲਈ ਕੋਈ ਤਰੱਦਦ ਕਰਦੀਆਂ ਨਜ਼ਰ ਨਹੀਂ ਆ ਰਹੀਆਂ।

ਜੇਕਰ ਸੂਬੇ ਅਤੇ ਮੁਲਕ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੇ ਪਰਵਾਸ ਨੂੰ ਰੋਕਣ ਲਈ ਜਲਦੀ ਕਾਰਗਰ ਕਦਮ ਨਾ ਉਠਾਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਬੌਧਿਕ ਕੰਗਾਲੀ ਦੀ ਕਗਾਰ ’ਤੇ ਹੋਵੇਗਾ। ਇਸ ਦੇ ਨਾਲ ਆਰਥਿਕ ਕੰਗਾਲੀ ਦਾ ਸੰਕਟ ਵੀ ਗਹਿਰਾ ਹੋਵੇਗਾ। ਉਮੀਦ ਕਰਦੇ ਹਾਂ ਨਵੇਂ ਵਰ੍ਹੇ ਵਿੱਚ ਸਰਕਾਰਾਂ ਪੰਜਾਬੀਆਂ ਦੇ ਪਰਵਾਸ ਨੂੰ ਰੋਕਣ ਲਈ ਬੇਰੁਜ਼ਗਾਰੀ ਦੇ ਖਾਤਮੇ ਤੋਂ ਲੈ ਕੇ ਨਸ਼ਿਆਂ ਦੀ ਰੋਕਥਾਮ, ਸ਼ਾਂਤੀ ਪੂਰਨ ਮਾਹੌਲ ਦੀ ਸਥਾਪਨਾ, ਮਿੱਟੀ, ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਤੋਂ ਮੁਕਤੀ ਲਈ ਜ਼ਰੂਰ ਕਾਰਗਰ ਕਦਮ ਉਠਾਉਣਗੀਆਂ।
ਸੰਪਰਕ: 98786-05965



News Source link
#ਪਜਬ #ਨਜਵਨ #ਤ #ਪਰਵਸ

- Advertisement -

More articles

- Advertisement -

Latest article