38.5 C
Patiāla
Monday, May 6, 2024

ਪੱਛੜੇਪਣ ਤੋਂ ਅਤਿ ਆਧੁਨਿਕਤਾ ਤੱਕ

Must read



ਅਵਤਾਰ ਐੱਸ. ਸੰਘਾ

ਅਵਤਾਰ ਐੱਸ. ਸੰਘਾ

ਜਦੋਂ ਮੈਂ ਪੰਜਾਬ ਦੇ ਇੱਕ ਅਰਧ ਸ਼ਹਿਰੀ ਕਾਲਜ ਵਿੱਚ ਪੜ੍ਹਾਉਂਦਾ ਸਾਂ ਤਾਂ ਮਹੀਨੇ ਕੁ ਬਾਅਦ ਕਿਸੇ ਨਾ ਕਿਸੇ ਬੀ.ਏ. ਵਿੱਚ ਪੜ੍ਹਦੇ ਵਿਦਿਆਰਥੀ ਨੇ ਜਮਾਤ ਵਿੱਚ ਆਉਣਾ ਬੰਦ ਕਰ ਦੇਣਾ। ਜਦੋਂ ਕਾਰਨ ਪਤਾ ਲੱਗਣਾ ਤਾਂ ਇਹ ਹੋਣਾ ਕਿ ਉਹ ਵਿਦਿਆਰਥੀ ਵਲਾਇਤ ਜਾ ਰਿਹਾ ਹੁੰਦਾ ਸੀ। ਕੁਝ ਸਾਲਾਂ ਬਾਅਦ ਇਸ ਤਰ੍ਹਾਂ ਦੇ ਕੇਸ ਕੈਨੇਡਾ ਜਾਣ ਵਾਲੇ ਹੋਇਆ ਕਰਦੇ ਸਨ। ਇਨ੍ਹਾਂ ਵਿੱਚ ਬਹੁਤੇ ਵਿਆਹ ਦੇ ਆਧਾਰ ’ਤੇ ਬਾਹਰ ਜਾਣ ਵਾਲੇ ਹੁੰਦੇ ਸਨ ਤੇ ਕੁਝ ਵਿਆਹ ਤੋਂ ਬਗੈਰ।

1965 ਤੋਂ ਲੈ ਕੇ 1990 ਕੁ ਤੱਕ ਅਜਿਹੇ ਕੇਸਾਂ ਦੀ ਗਿਣਤੀ ਬਹੁਤ ਹੁੰਦੀ ਸੀ। ਇੰਗਲੈਂਡ ਤੋਂ ਮਾੜਾ ਮੋਟਾ ਜਾਣਨ ਵਾਲੀਆਂ ਲੜਕੀਆਂ ਸੋਹਣੇ ਜਿਹੇ ਵਲਾਇਤੀ ਪਹਿਰਾਵੇ ਪਹਿਨ ਕੇ ਤੇ ਸੁੰਦਰਤਾ ਵਧਾਊ ਕਲਫ ਕਰੀਮਾਂ ਤੇ ਇੱਤਰ ਫਲੇਲਾਂ ਲਗਾ ਕੇ ਪੰਜਾਬ ਲਿਆਂਦੀਆਂ ਜਾਂਦੀਆਂ ਸਨ। ਥੋੜ੍ਹੀ ਜਿਹੀ ਜਾਇਦਾਦ ਦੇ ਮਾਲਕ ਬੀ. ਏ. ਤੱਕ ਪਹੁੰਚ ਰਹੇ ਜਾਂ ਮਾੜੀ ਮੋਟੀ ਐੱਮ. ਏ. ਕਰ ਚੁੱਕੇ ਮੁੰਡੇ ਇਸ ਪ੍ਰਕਾਰ ਦੇ ਰਿਸ਼ਤੇ ਉਤਾਵਲੇ ਹੋ ਕੇ ਉਡੀਕ ਰਹੇ ਹੁੰਦੇ ਸਨ। ਮਹੀਨੇ ਕੁ ਬਾਅਦ ਸੁਣਨ ਵਿੱਚ ਆਉਣਾ-ਫਲਾਣਾ ਫਲਾਣੀ ਵਲਾਇਤੋਂ ਆਈ ਕੁੜੀ ਨਾਲ ਵਿਆਹ ਕਰਵਾ ਕੇ ਵਲਾਇਤ ਨੂੰ ਚੱਲਿਆ ਏ, ਫਲਾਣਾ ਕੈਨੇਡਾ ਨੂੰ ਜਾ ਰਿਹਾ ਏ। ਜੇ ਕਿਤੇ ਅਮਰੀਕਾ ਵਾਲਾ ਵਰ ਮਿਲ ਜਾਣਾ ਫਿਰ ਤਾਂ ਜੱਟਾਂ ਦਾ ਸਾਰਾ ਟੱਬਰ ਖੇਤੀਬਾੜੀ ਦੇ ਸਾਰੇ ਕੰਮ ਕਾਰ ਛੱਡ ਕੇ ਮਨ ਮਨੌਤਾਂ ਕਰਨ, ਗਾਉਣ ਵਜਾਉਣ, ਖਾਣ ਪੀਣ ਜਾਂ ਮਿਲਣ ਮਿਲਾਉਣ ਵਿੱਚ ਹੀ ਹਫ਼ਤਾ ਦੋ ਹਫ਼ਤੇ ਗੁਜ਼ਾਰ ਦਿੰਦਾ। ਖੇਤਾਂ ਜਾਂ ਪਸ਼ੂਆਂ ਵੱਲ ਤਾਂ ਬਸ ਭਈਆਂ ਜਾਂ ਹੋਰ ਨੌਕਰ ਚਾਕਰ ਹੀ ਦਿਸਦੇ। ਘਰ ਦੇ ਮਾਲਕ ਤਾਂ ਲੋਟ ਪੋਟ ਜਾਂ ਫੇਰੇ ਤੋਰੇ ਵਿੱਚ ਹੀ ਬਾਹਰਲੇ ਮੁਲਕਾਂ ਦੀ ਕਲਪਨਾ ਕਰ ਕਰ ਕੇ ਫੁੱਲੇ ਨਾ ਸਮਾਉਂਦੇ। ਇਸ ਮਨੁੱਖੀ ਲਾਟਰੀ ਸਿਸਟਮ ਅਨੁਸਾਰ ਜਿਹੜੇ ਵੀ ਉਦੋਂ ਬਾਹਰ ਗਏ, ਉਨ੍ਹਾਂ ਦੀ ਹਾਲਤ ਉਸ ਖੋਤੀ ਜਿਹੀ ਹੋ ਗਈ ਸੀ ਜਿਹੜੀ ਥਾਣੇਦਾਰ ਦਾ ਭਾੜਾ ਸੁੱਟ ਕੇ ਵਾਪਸ ਆਉਣ ਤੋਂ ਬਾਅਦ ਦੂਜੀਆਂ ਖੋਤੀਆਂ ਵਿੱਚ ਨਹੀਂ ਰਲ਼ਦੀ। ਪੰਜਾਬ ਵਿੱਚ ਇਸ ਪ੍ਰਕਾਰ ਦੇ ਅਰਧ ਪੜ੍ਹੇ ਮੁੰਡਿਆਂ ਨੇ ਧੱਕੇ ਖਾਣੇ ਸਨ। ਜੇ ਖੇਤੀ ਕਰਦੇ ਤਾਂ ਘਰਦਿਆਂ ਨੇ ਹਰ ਵੇਲੇ ਇਹੀ ਮਿਹਣੇ ਮਾਰਿਆ ਕਰਨੇ ਸਨ ਕਿ ਪੜ੍ਹ ਕੇ ਕੀ ਖੱਟਿਆ। ਜੇ ਕੋਈ ਨੌਕਰੀ ਕਰਦੇ ਤਾਂ ਇਹ ਨੀਵੇਂ ਦਰਜੇ ਦੀ ਹੋਣੀ ਸੀ। ਕੰਪਿਊਟਰ ਉਦੋਂ ਅਜੇ ਹੋਂਦ ਵਿੱਚ ਆਇਆ ਨਹੀਂ ਸੀ। ਬਾਅਦ ਵਿੱਚ ਕੰਪਿਊਟਰ ਨੇ ਇਸ ਪ੍ਰਕਾਰ ਦੇ ਮਾੜੇ ਪੜ੍ਹਿਆਂ ਨੂੰ ਸੋਹਣਾ ਠੀਹੇ ਲਗਾ ਦਿੱਤਾ।

ਇੰਗਲੈਂਡ ਜਾ ਕੇ ਉਹ ਸਾਧਾਰਨ ਬੰਦੇ ਵੀ ਵੱਡਿਆਂ ਘਰਾਂ ਦੇ ਕਾਕਿਆਂ ਵਿੱਚ ਗਿਣੇ ਜਾਣ ਲੱਗ ਪਏ। ਸੋਹਣੀ ਸ਼ਕਲ, ਸੋਹਣੇ ਕੱਪੜਿਆਂ ਅਤੇ ਪੌਂਡਾਂ ਦੀ ਚਮਕ ਦਮਕ ਨੇ ਉਨ੍ਹਾਂ ਨੂੰ ਪਿੱੱਛੇ ਰਹਿ ਗਏ ਲਾਇਕ ਤੋਂ ਲਾਇਕ ਮੁੰਡਿਆਂ ਤੋਂ ਵੀ ਅੱਗੇ ਕੱਢ ਦਿੱਤਾ। ਜੇ ਕੋਈ ਪਿੱਛੇ ਪੰਜਾਬ ਵਿੱਚ ਰਹਿ ਕੇ ਬੈਂਕ ਵਿੱਚ ਕਲਰਕ ਲੱਗ ਗਿਆ ਜਾਂ ਕੋਈ ਹੋਰ ਛੋਟਾ ਮੋਟਾ ਅਹੁਦਾ ਪ੍ਰਾਪਤ ਕਰ ਗਿਆ, ਤਾਂ ਉਹ ਵੀ ਇਨ੍ਹਾਂ ਵਲਾਇਤੀ ਮੁੰਡਿਆਂ ਨੂੰ ਬੜਾ ਨੀਵਾਂ ਲੱਗਦਾ। ਇਹ ਵਲਾਇਤੀ ਬਾਬੂ ਪੰਜਾਬ ਵਿੱਚ ਆਪਣੇ ਹਾਣ ਦੇ ਬਣੇ ਲੈਕਚਰਾਰਾਂ, ਬੈਂਕ ਮੁਲਾਜ਼ਮਾਂ, ਸਕੂਲ ਅਧਿਆਪਕਾਂ, ਫ਼ੌਜੀ ਕਮਿਸ਼ਨਡ ਅਫ਼ਸਰਾਂ, ਵਕੀਲਾਂ ਆਦਿ ਸਭ ਨੂੰ ਆਪਣੇ ਆਪ ਤੋਂ ਨੀਵਾਂ ਸਮਝਦੇ ਸਨ। ਇਹ ਮੂੜ੍ਹੇ ’ਤੇ ਬੈਠੇ ਸਿੱਧੇ ਸੋਫੇ ਤੱਕ ਪਹੁੰਚ ਗਏ ਸਨ। ਉਸ ਸਮੇਂ ਜਿਹੜਾ ਵਿਆਹ ਪੰਜਾਬ ਦਾ ਪੰਜਾਬ ਵਿੱਚ ਹੋਣਾ ਉਹ ਤਾਂ ਰਿਹਾ-ਖੁਹਾ ਵਿਆਹ ਸਮਝਿਆ ਜਾਂਦਾ ਸੀ। ਜੇ ਕੋਈ ਅਧਖੜ੍ਹ ਲਾਲ ਭਬੱਕੜ ਵਲਾਇਤ ਤੋਂ ਲਿਸ਼ਕ ਪੁਸ਼ਕ ਕੇ ਪੰਜਾਬ ਦੇ ਪਿੰਡ ਵਿੱਚ ਪਹੁੰਚੇ ਤਾਂ ਉਸ ਦੇ ਮੂਹਰੇ ਵਿਆਹ ਲਈ ਲੜਕੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਸਨ। ਇਹ ਵਰਤਾਰਾ ਦੋਆਬੇ ਦੇ ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਤਾਂ ਬੋਦੀ ਵਾਲੇ ਵਾਵਰੋਲੇ ਵਾਂਗ ਤਰਥੱਲੀ ਮਚਾਉਂਦਾ ਹੁੰਦਾ ਸੀ। ਮੇਰੇ ਦੂਰ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਸੋਹਣੀ ਸੁਨੱਖੀ ਐੱਮ.ਐੱਸਸੀ. ਫਿਜ਼ਿਕਸ ਲੜਕੀ ਉਦੋਂ ਇੰਗਲੈਂਡ ਤੋਂ ਆਏ ਅੱਠਵੀਂ ਪਾਸ 35 ਸਾਲ ਦੇ ‘ਮੁੰਡੇ’ ਨਾਲ ਵਿਆਹ ਦਿੱਤੀ ਸੀ। ਇਹ ਗੱਲ ਵੱਖਰੀ ਹੈ ਕਿ ਕੁਝ ਸਾਲਾਂ ਬਾਅਦ ਇਨ੍ਹਾਂ ਮੁੰਡਿਆਂ ਵਿੱਚੋਂ ਕਈ ਢਲਦੀ ਜਵਾਨੀ ਵੱਲ ਨੂੰ ਵਧਦੇ ਹੋਇਆਂ ਨੂੰ ਇਵੇਂ ਮਹਿਸੂਸ ਕਰਦੇ ਵੀ ਦੇਖਿਆ ਗਿਆ ਜਿਵੇਂ ਇਨ੍ਹਾਂ ਦਾ ਵਿਆਹ ਕਿਸੇ ਪੱਪੋ, ਰਿੱਚੀ, ਜੂਲੀਅਟ, ਪ੍ਰਿੰਸੀ, ਪਾਰੋ, ਪ੍ਰੀਤੀ ਤੇ ਜੂਲੀ (ਵਿਆਹ ਤੋਂ ਬਾਅਦ ਰੱਖੇ ਗਏ ਨਾਮ) ਨਾਲ ਨਾ ਹੋਇਆ ਹੋਵੇ। ਹੁਣ ਇਹ ਪੱਕੜ ਔਰਤਾਂ ਮੇਕਅੱਪ ਤੋਂ ਬਗੈਰ ਇਨ੍ਹਾਂ ਮਰਦਾਂ ਨੂੰ ਡਫਰੇ ਤੇ ਖੱਪੜ ਜਿਹੇ ਲੱਗਣ ਲੱਗ ਪਈਆਂ ਸਨ। ਜਦੋਂ ਤੱਕ ਚੁੱਪ ਬੈਠੀਆਂ ਹੁੰਦੀਆਂ ਉਦੋਂ ਤੱਕ ਕੁਝ ਠੀਕ ਲੱਗਦੀਆਂ। ਜਦੋਂ ਮੂੰਹ ਖੋਲ੍ਹਦੀਆਂ ਤਾਂ ਨਿਰੀਆਂ ਅਨਪੜ੍ਹ ਪੇਂਡੂ ਪੰਜਾਬਣਾਂ ਦੇਬੋ, ਮੀਤੋ, ਜੈਲੋ, ਮਿੰਦੀ, ਜੁਗਿੰਦਰੋ, ਜਗੀਰੋ ਤੇ ਭੱਜੋ ਜਿਹੀਆਂ ਲੱਗਦੀਆਂ।

ਇੰਗਲੈਂਡ ਦੀ ਆਬੋ ਹਵਾ ਠੰਢੀ ਤੇ ਪ੍ਰਦੂਸ਼ਣ ਰਹਿਤ ਹੋਣ ਕਰਕੇ ਜਿਹੜੇ ਨੌਜਵਾਨ ਪੰਜਾਬ ਦੇ ਤਪਦੇ ਵਾਤਾਵਰਨ ਵਿੱਚੋਂ ਉਦੋਂ ਉੱਥੇ ਗਏ, ਉਨ੍ਹਾਂ ਦੇ ਰੰਗ ਅੰਤਾਂ ਦੇ ਗੋਰੇ ਹੋ ਗਏ। ਉੱਧਰ ਲਿਸ਼ਕਦੀਆਂ ਪਤਲੂਨਾਂ ਤੇ ਕਮੀਜ਼ਾਂ ਤਾਂ ਮਿਲ ਹੀ ਜਾਂਦੀਆਂ ਸਨ। ਟੈਰੀਲੀਨ ਆਮ ਪ੍ਰਚੱਲਿਤ ਸੀ। ਜਦੋਂ ਇਨ੍ਹਾਂ ਬਾਊਚਰਾਂ ਦੇ ਆਧਾਰ ’ਤੇ ਪੱਛੜੇ ਪੇਂਡੂ ਮਾਪਿਆਂ ਨਾਲ ਬਚਪਨ ਵਿੱਚ ਵਲਾਇਤ ਨੂੰ ਗਏ ਹੋਏ ਜਵਾਕ ਜਵਾਨੀ ਦੀ ਦਹਿਲੀਜ਼ ’ਤੇ ਪਹੁੰਚ ਕੇ ਲਿਸ਼ਕ ਪੁਸ਼ਕ ਕੇ ਪੰਜਾਬ ਪਹਿਲਾ ਗੇੜਾ ਮਾਰਦੇ ਤਾਂ ਪਿੰਡ ਵਿੱਚ ਤਾਂ ਹਨੇਰੀ ਜਿਹੀ ਆ ਜਾਂਦੀ। ਤੀਵੀਆਂ ਆਮ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਸਨ- ‘‘ਨੀਂ ਵੱਢ ਖਾਣਿਆਂ ਦੇ ਨੰਜੂ ਦਾ ਮੁੰਡਾ ਵਲਾਇਤੋਂ ਆਇਆ ਏ। ਦੇਖ ਕੇ ਭੁੱਖ ਲਹਿੰਦੀ ਏ। ਬੋਚ ਲਓ ਜੇ ਬੋਚ ਹੁੰਦਾ! ਰਾਮ ਗਲੋਲੀਆਂ ਦੀ ਮਿੰਦੋ ਦਿਖਾ ਦਿਓ। ਲੰਮੀ ਲੰਝੀ, ਸੋਹਣੀ ਸੁਨੱਖੀ ਏ। ਸ਼ਾਇਦ ਪਸੰਦ ਆ ਹੀ ਜਾਵੇ। ਪੜ੍ਹੀ ਵੀ ਏ। ਸੁਣਿਐਂ ਦਸਵੀਂ ਕਰਕੇ ਕੋਈ ਕੋਰਸ ਵੀ ਕਰ ਚੁੱਕੀ ਏ।’’

ਪੰਜਾਬ ਤੋਂ ਖਰ੍ਹਵੇਂ ਤੇ ਅਣਘੜਤ ਵਲਾਇਤ ਨੂੰ ਗਏ ਜਵਾਕਾਂ ’ਤੇ ਜਿਵੇਂ ਹੀ ਜਵਾਨੀ ਆਈ ਤਾਂ ਮਾਹੌਲ ਅਤੇ ਜਲਵਾਯੂ ਨੇ ਇਨ੍ਹਾਂ ਦੇ ਰੰਗ ਨਿਖਾਰ ਦਿੱਤੇ। ਕੱਪੜੇ ਪਹਿਨਣ ਦਾ ਸਲੀਕਾ ਇਨ੍ਹਾਂ ਨੂੰ ਆ ਹੀ ਗਿਆ। ਲਿਸ਼ਕਦੀਆਂ ਪੁਸ਼ਕਦੀਆਂ ਪਿੰਨਾਂ ਵਾਲੀਆਂ ਨੈੱਕਟਾਈਆਂ ਲਾਈ ਸੋਨੇ ਦੀ ਚੇਨ ਵਾਲੀਆਂ ਘੜੀਆਂ ਪਹਿਨੀ ਤੇ ਕੈਂਠੇ ਕੜੇ ਪਾਈ ਜਦੋਂ ਇਹ ਆਪਣੇ ਪਿੰਡੀਂ ਪਹੁੰਚੇ ਤਾਂ ਦੇਖਣ ਨੂੰ ਲੱਗਣ ਹੀ ਨਾ ਕਿ ਇਹ ਭੈਂਗਿਆਂ ਕੇ ਜੈਲੀ ਦੇ, ਬੋਤੀ ਆਲਿਆਂ ਦੇ ਭਾਗੂ ਦੇ, ਮਹਿਰੂਆਂ ਦੇ ਭੱਜੀ ਦੇ, ਲੱਸੀ ਪੀਣਿਆਂ ਦੇ ਹਰੀ ਦੇ, ਖੁਆੜੀ ਆਲਿਆਂ ਦੇ ਕੇਵਲ ਦੇ ਤੇ ਭੂਤਨਿਆਂ ਦੇ ਭੱਜੂ ਦੇ ਉਹੀ ਮੁੰਡੇ ਸਨ ਜਿਹੜੇ 8-10 ਸਾਲ ਪਹਿਲਾਂ ਪੰਜਾਬ ਤੋਂ ਵਲਾਇਤ ਨੂੰ ਗਏ ਸਨ। ਆਬੋ ਹਵਾ ਨੇ ਰੰਗ ਗੋਰਿਆਂ ਜਿਹੇ ਚਿੱਟੇ ਕਰ ਦਿੱਤੇ। ਸੋਹਣੇ ਵਲਾਇਤੀ ਪਹਿਰਾਵੇ ਸੋਨੇ ’ਤੇ ਸੁਹਾਗਾ ਬਣ ਗਏ। ਵਲਾਇਤ ਵਿੱਚ ਇਲੈੱਕਟ੍ਰੌਨਿਕ ਦੀਆਂ ਚੀਜ਼ਾਂ ਵਸਤਾਂ ਤਾਂ ਬੜੀਆਂ ਸੋਹਣੀਆਂ ਸੋਹਣੀਆਂ ਮਿਲਣ ਲੱਗ ਹੀ ਪਈਆਂ ਸਨ। ਜਦੋਂ ਕਿਸੇ ਬਾਹਰੋਂ ਆਏ ਮੁੰਡੇ ਦਾ ਵਿਆਹ ਹੋਣਾ ਤਾਂ ਲਾਵਾਂ ਵੇਲੇ ਟੇਪ ਰਿਕਾਰਡ ਬੀੜ ਮੂਹਰੇ ਜ਼ਰੂਰ ਰੱਖਿਆ ਹੋਇਆ ਹੁੰਦਾ ਸੀ ਤਾਂ ਕਿ ਲਾਵਾਂ, ਕੀਰਤਨੀਆਂ ਜਾਂ ਢਾਡੀਆਂ ਦੀ ਪੇਸ਼ਕਾਰੀ ਰਿਕਾਰਡ ਹੋ ਸਕੇ। ਇਨ੍ਹਾਂ ਦਰਜ਼ੀ ਦੇ ਬਣਾਏ (tailor made) ਲਾੜਿਆਂ ਤੇ ਇਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਪਾਸ ਬਾਹਰੋਂ ਲਿਆਂਦੇ ਕੈਮਰੇ ਵੀ ਜ਼ਰੂਰ ਹੁੰਦੇ ਸਨ। ਪੇਂਡੂ ਜੱਟਾਂ ਜ਼ਿੰਮੀਦਾਰਾਂ ਲਈ ਇਹ ਮੁੰਡੇ ਫੋਟੋਆਂ ਖਿੱਚਦੇ ਨਵਾਂ ਤੇ ਮਨਮੋਹਣਾ ਮਾਹੌਲ ਸਿਰਜਦੇ ਸਨ। ਪੁਰਾਣੇ ਅਨਪੜ੍ਹ ਜਿਹੇ ਬੁੱਢੇ ਜਿਹੜੇ 1960-65 ਦੇ ਕਰੀਬ ਬਾਊਚਰਾਂ ਦੇ ਸਿਰ ’ਤੇ ਹੀ ਇੰਗਲੈਂਡ ਜਾ ਕੇ ਲੋਹਾ ਢਾਲਣ ਲਈ ਭਖਦੀਆਂ ਭੱਠੀਆਂ ਦਾ ਸ਼ਿੰਗਾਰ ਬਣੇ ਸਨ, ਉਹ ਕੁਝ ਸਾਲਾਂ ਬਾਅਦ ਵਾਪਸ ਪੰਜਾਬ ਗੇੜਾ ਮਾਰਨ ਵੇਲੇ ਆਪਣੇ ਨਾਲ ਸੋਹਣੇ ਸੋਹਣੇ ਟਰਾਂਜਿਸਟਰ ਜ਼ਰੂਰ ਲੈ ਕੇ ਆਉਂਦੇ ਸਨ। ਇਨ੍ਹਾਂ ਟਰਾਂਜਿਸਟਰਾਂ ਨੇ ਵੱਡੇ ਵੱਡੇ ਰੇਡੀਓ ਸੈਟਾਂ ਨੂੰ ਢਾਅ ਲਾ ਦਿੱਤੀ ਸੀ।

ਮੈਨੂੰ ਯਾਦ ਹੈ ਮੇਰੀ ਭੈਣ ਦਾ ਸਹੁਰਾ ਵਲਾਇਤ ਤੋਂ ਵਾਪਸ ਆਉਂਦਾ ਹੋਇਆ ਦੋ ਟਰਾਂਜਿਸਟਰ ਲਿਆਇਆ ਸੀ। ਜਦੋਂ ਦੋ ਕੁ ਮਹੀਨਿਆਂ ਬਾਅਦ ਉਹ ਵਾਪਸ ਜਾਣ ਲੱਗਾ ਤਾਂ ਮੈਂ ਉਸ ਨੂੰ ਮਿਲਣ ਗਿਆ। ਤਾਂ ਦੇਖਦਾ ਹਾਂ ਕਿ ਇੱਕ ਟਰਾਂਜਿਸਟਰ ਨੂੰ ਬੁੱਢੇ ਦਾ ਪੋਤਾ ਪੀਟਾ ਰੱਸੀ ਪਾ ਕੇ ਉਸ ਦੀ ਗੱਡੀ ਬਣਾ ਕੇ ਵਿਹੜੇ ਵਿੱਚ ਘੜੀਸਦਾ ਫਿਰੇ। ਭਾਵ ਇਹ ਕਿ ਥੋੜ੍ਹਾ ਜਿਹਾ ਪੁਰਾਣਾ ਹੋਇਆ ਟਰਾਂਜਿਸਟਰ ਜਵਾਕ ਨੂੰ ਖੇਡਣ ਲਈ ਦੇ ਦਿੱਤਾ। ਮੇਰੇ ਪਿੰਡ ਦਾ ਭਾਈਆ ਨਰੰਜਣ ਜਿਹੜਾ ਕਿਸੇ ਵੇਲ਼ੇ ਬਲਦਾਂ ਪਿੱਛੇ ਚਟਕਾਰੀ ਲਗਾਉਂਦਾ ਹੋਇਆ ਮੁੰਨਾ ਮੋਢੇ ’ਤੇ ਚੁੱਕ ਕੇ ਕੱਛਾ ਜਾਂ ਤੰਬਾ ਤਹਿਮਤ ਲਗਾ ਕੇ ਖੇਤਾਂ ਵੱਲ ਨੂੰ ਜਾਂਦਾ ਦੇਖਦੇ ਹੁੰਦੇ ਸੀ, ਉਹ ਹੁਣ ਵਲਾਇਤ ਤੋਂ ਵਾਪਸ ਆ ਕੇ ਟੈਰੀਲੀਨ ਦੀ ਕਮੀਜ਼ ਨਾਲ ਪਿੰਨ ਵਾਲੀ ਚਮਕਦੀ ਨੈੱਕਟਾਈ ਤੇ ਤੇੜ ਤਿਲ੍ਹਕਵੀ ਪਤਲੂਨ ਪਾ ਕੇ ਮੈਨੂੰ ਯੂਨੀਵਰਸਿਟੀ ਦੇ ਬੁੱਢੇ ਪ੍ਰੋਫੈਸਰ ਜੌਹਨ ਐੱਚ. ਥੰਪਸਨ ਜਿਹਾ ਲੱਗਦਾ ਸੀ। ਰੰਗ ਦਾ ਵੀ 19-21 ਦਾ ਹੀ ਫ਼ਰਕ ਸੀ ਕਿਉਂਕਿ ਉਹ ਬਹੁਤ ਹੀ ਗੋਰਾ ਸੀ। ਗੰਜਾ ਸਿਰ ਹੁਣ ਪੰਜਾਬ ਪਹੁੰਚਦੇ ਸਾਰ ਨੰਗਾ ਰੱਖਦਾ ਸੀ। ਥੋੜ੍ਹੇ ਦਿਨਾਂ ਬਾਅਦ ਫਿਰ ਉਹ ਸਿਰ ’ਤੇ ਪਗੜੀ ਜਾਂ ਪਰਨਾ ਲਪੇਟਣ ਲੱਗ ਪਿਆ ਸੀ। ਉਸ ਨੇ ਆਪਣੇ ਜਿਹੇ ਬਾਕੀਆਂ ਵਾਂਗ ਇੱਕ ਹੋਰ ਕੰਮ ਵੀ ਕੀਤਾ। ਨਵਾਂ ਨਕੋਰ ਹੀਰੋ ਦਾ ਸਾਈਕਲ ਖਰੀਦਿਆ। ਇਸ ਦੇ ਡੰਡਿਆਂ ਤੋਂ ਕਾਗਜ਼ ਵੀ ਨਹੀਂ ਲਾਹੇ। ਉਹ ਇਸ ’ਤੇ ਸ਼ਹਿਰ ਨੂੰ ਜਾਂਦਾ ਹੁੰਦਾ ਸੀ। ਜਦੋਂ ਉਹ ਛੁੱਟੀ ਕੱਟ ਕੇ ਚਲਾ ਗਿਆ ਤਾਂ ਇਹ ਸਾਈਕਲ ਘਰਦਿਆਂ ਲਈ ਆਰਾਮਦਾਇਕ ਵਾਹਨ ਸਾਬਤ ਹੋਇਆ ਕਿਉਂਕਿ ਉਹ ਗੱਡੇ ਗੱਡੀਆਂ ’ਤੇ ਛੋਟੇ ਮੋਟੇ ਸਫ਼ਰ ਕਰਨ ਦੇ ਆਦੀ ਸਨ। ਨਰੰਜਣ ਦੇ ਪੋਤਿਆਂ ਨੇ ਇਹਨੂੰ ਚਲਾਉਣਾ ਸਿੱਖ ਲਿਆ। ਇਸ ਵਾਹਨ ਨੇ ਉਨ੍ਹਾਂ ਦੇ ਜੀਵਨ ਵਿੱਚ ਤਾਂ ਇੱਕ ਤਰ੍ਹਾਂ ਦਾ ਇਨਕਲਾਬ ਹੀ ਲੈ ਆਂਦਾ।

ਇਸ ਪ੍ਰਕਾਰ ਦੇ ਬੁੱਢੇ-ਬੁੱਢੀਆਂ ਦੇ ਪੁੱਤ-ਪੋਤੀਆਂ ਤੇ ਨੂੰਹਾਂ ਵਲਾਇਤ ਜਾਣ ਦੇ ਕਾਗਜ਼ ਤਿਆਰ ਹੁੰਦਿਆਂ ਨੂੰ ਕਈ ਕਈ ਸਾਲ ਉਡੀਕਦੇ ਰਹਿੰਦੇ ਸਨ। ਜਦੋਂ ਪੁੱਛੋ ਤਾਂ ਇਹੀ ਜਵਾਬ ਹੁੰਦਾ ਸੀ: ‘‘ਅਸੀਂ ਤਾਂ ਬਸ ਹੁਣ ਜਹਾਜ਼ ਚੜ੍ਹੇ ਹੀ ਸਮਝੋ। ਵਰਿਆਮੇ ਦੇ ਟੱਬਰ ਦੇ ਕਾਗਜ਼ ਆ ਗਏ, ਟਿਕਟਾਂ ਵੀ ਓ.ਕੇ. ਹੋ ਗਈਆਂ। ਲੱਛੂ ਹੋਰੀਂ ਅਗਲੇ ਹਫ਼ਤੇ ਜਾ ਰਹੇ ਆ। ਗਿੱਲਾਂ ਦਾ ਦੁੱਮਣ ਸਿਹੁੰ ਪਰਸੋਂ ਧੁਰ ਡਰਬੀ ਪਹੁੰਚ ਗਿਆ ਸੀ।’’

ਉਨ੍ਹਾਂ ਦਿਨਾਂ ਵਿੱਚ ਮੇਰੇ ਕਾਲਜ ਵਿੱਚ ਇੱਕ ਹੋਰ ਹੀ ਭਾਣਾ ਵਰਤ ਗਿਆ। ਨਾਲ ਦੇ ਪਿੰਡ ਦੀ ਇੱਕ ਲੰਮੀ ਲੰਝੀ ਸੋਹਣੀ ਸੁਨੱਖੀ ਕੁੜੀ ਯੁਵਕ ਮੇਲੇ ਵਾਸਤੇ ਤਿਆਰ ਕੀਤੇ ਜਾ ਰਹੇ ਗਿੱਧੇ ਵਿੱਚ ਆਉਣੋਂ ਹਟ ਗਈ। ਨਾਲ ਦੇ ਪਿੰਡ ਦਾ ਅਧਖੜ ਜਿਹਾ ਜ਼ੈਲਦਾਰ ਵੀ ਦੋ ਕੁ ਵਾਰ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਵੜਦਾ ਦੇਖਿਆ। ਪਤਾ ਲੱਗਾ ਜ਼ੈਲਦਾਰ ਦਾ ਦੁਹਾਜੂ ਮੁੰਡਾ ਵਲਾਇਤ ਹੋ ਆਇਆ ਸੀ। ਉਸ ਦੇ ਇਹ ਕੁੜੀ ਪਸੰਦ ਆ ਗਈ ਸੀ। ਅਸੀਂ ਚੰਗੇ ਪੈਸੇ ਖਰਚ ਕਰਕੇ ਗਿੱਧਾ ਤਿਆਰ ਕਰਵਾ ਰਹੇ ਸਾਂ। ਸਾਡੀ ਟੀਮ ਨੂੰ ਯੁਵਕ ਮੇਲੇ ਵਿੱਚ ਪਹਿਲੇ ਨੰਬਰ ’ਤੇ ਆਉਣ ਦੀ ਉਮੀਦ ਸੀ। ਇਸ ਕੁੜੀ ਦੇ ਸਿਰ ’ਤੇ ਗਿੱਧੇ ਦੀ ਪੇਸ਼ਕਾਰੀ ਅੱਵਲ ਦਰਜੇ ਦੀ ਹੋਣੀ ਸੀ। ਇਹ ਗਿੱਧੇ ਦੀ ਕੈਪਟਨ ਵੀ ਸੀ। ਉੱਧਰ ਜ਼ੈਲਦਾਰਾਂ ਨੇ ਇਹ ਫੁਰਮਾਨ ਜਾਰੀ ਕਰ ਦਿੱਤਾ ਕਿ ਜ਼ੈਲਦਾਰਾਂ ਦੀ ਹੋਣ ਵਾਲੀ ਨੂੰਹ ਗਿੱਧੇ ਵਿੱਚ ਹਿੱਸਾ ਨਹੀਂ ਲਵੇਗੀ। ਉਨ੍ਹਾਂ ਨੇ ਤਾਂ ਕੁੜੀ ਨੂੰ ਕਾਲਜ ਆਉਣ ਤੋਂ ਵੀ ਡੱਕ ਦਿੱਤਾ। ਸਾਡਾ ਗਿੱਧੇ ’ਤੇ ਕੀਤਾ ਗਿਆ ਖਰਚਾ ਅਜਾਈਂ ਗਿਆ।

ਉਨ੍ਹਾਂ ਸਾਲਾਂ ਵਿੱਚ ਵਲਾਇਤ ਦੇ ਇਸ ਪ੍ਰਕਾਰ ਦੇ ਜਾਦੂ ਨੇ ਪੰਜਾਬ ਵਿੱਚ ਖ਼ਾਸ ਕਰਕੇ ਦੋਆਬੇ ਵਿੱਚ ਪੜ੍ਹੇ ਲਿਖੇ ਨੌਕਰੀ ਪੇਸ਼ਾ ਜਵਾਨ ਮੁੰਡਿਆਂ ਦੀ ਕੀਮਤ ਸਿਫ਼ਰ ਕਰ ਦਿੱਤੀ ਸੀ। ਉੱਧਰੋਂ ਆਈ ਮਾੜੀ ਮੋਟੀ ਪੜ੍ਹੀ ਲੜਕੀ ਪੰਜਾਬ ਵਿੱਚੋਂ ਸਿਰਕੱਢ ਮੁੰਡਾ ਲੈ ਜਾਂਦੀ ਸੀ। ਇੱਧਰ ਪੰਜਾਬ ਦੀ ਅੰਤਾਂ ਦੀ ਪੜ੍ਹੀ ਤੇ ਸੋਹਣੀ ਲੜਕੀ ਉੱਧਰੋਂ ਆਏ ਮਾੜੇ ਮੋਟੇ ਪੜ੍ਹੇ ਲਿਖੇ ਲੜਕੇ ਨਾਲ ਵਿਆਹ ਦਿੱਤੀ ਜਾਂਦੀ ਸੀ। ਮੈਂ ਸੋਚਦਾ ਹਾਂ ਕਿ ਹੁਣ ਵੀ ਕੋਈ ਬਹੁਤਾ ਫ਼ਰਕ ਨਹੀਂ ਪਿਆ।



News Source link
#ਪਛੜਪਣ #ਤ #ਅਤ #ਆਧਨਕਤ #ਤਕ

- Advertisement -

More articles

- Advertisement -

Latest article