45.2 C
Patiāla
Friday, May 17, 2024

ਕੁੰਮਾ ਮਾਸ਼ਕੀ ਦਾ ਜੋੜ ਮੇਲ ਸ਼ੁਰੂ

Must read


ਜਗਮੋਹਨ ਸਿੰਘ

ਘਨੌਲੀ, 21 ਦਸੰਬਰ

ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸ਼ਾਹਿਬਜ਼ਾਦਿਆਂ ਨੂੰ ਸਿਰਸਾ ਨਦੀ ਪਾਰ ਕਰਵਾਉਣ ਵਾਲੇ ਮੱਲਾਹ ਕੁੰਮਾ ਮਾਸ਼ਕੀ ਦੀ ਯਾਦ ਨਾਲ ਸਬੰਧਤ ਇਤਿਹਾਸਿਕ ਗੁਰਦੁਆਰਾ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਚੱਕ ਢੇਰਾਂ ਦਾ ਸਾਲਾਨਾ ਜੋੜ ਮੇਲ ਅੱਜ ਸ਼ੁਰੂ ਹੋ ਗਿਆ। ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਖੰਡ ਪਾਠ ਸਾਹਿਬ ਆਰੰਭ ਹੋਏ। ਇਸ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸਜਾਏ ਧਾਰਮਿਕ ਦੀਵਾਨ ਦੌਰਾਨ ਭਾਈ ਸਤਨਾਮ ਸਿੰਘ ਘਨੌਲੀ ਅਤੇ ਬੀਬੀ ਮਨਪ੍ਰੀਤ ਕੌਰ ਥਲੀ ਦੇ ਕੀਰਤਨੀ ਜਥਿਆਂ ਤੋਂ ਇਲਾਵਾ ਭਾਈ ਗੁਰਦੇਵ ਸਿੰਘ ਕੋਨਾ ਦੇ ਢਾਡੀ ਜਥੇ ਨੇ ਹਾਜ਼ਰੀ ਲਵਾਈ। ਬਾਅਦ ਦੁਪਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਤੋਂ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਨਾਲ ਰੂਪਨਗਰ ਦੇ ਉੱਚਾ ਖੇੜਾ ਮੁਹੱਲੇ ਵਿੱਚ ਸਥਿਤ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ‌ਗਿਆ।

ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ 22 ਦਸੰਬਰ ਨੂੰ ਪੈਦਲ ਚੱਲਣ ਵਾਲੇ ਸਫ਼ਰ-ਏ-ਸ਼ਹਾਦਤ ਪੈਦਲ ਮਾਰਚ ਲਈ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮਾਰਚ ਦੇ ਪ੍ਰਬੰਧਕਾਂ ਹਰਬੰਸ ਸਿੰਘ, ਅਮਰਜੀਤ ਸਿੰਘ ਫ਼ੌਜੀ ਅਤੇ ਪਿੰਡ ਆਸਪੁਰ ਦੇ ਸਰਪੰਚ ਰਣਬੀਰ ਸਿੰਘ ਸੋਨੀ ਨੇ ਦੱਸਿਆ ਕਿ ਇਹ ਪੈਦਲ ਮਾਰਚ ਆਸਾ ਦੀ ਵਾਰ ਤੋਂ ਤੁਰੰਤ ਬਾਅਦ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਰਵਾਨਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਆਸਪੁਰ, ਕੋਟਬਾਲਾ, ਅਵਾਨਕੋਟ ਤੇ ਮਾਜਰੀ ਗੁੱਜਰਾਂ ਦੇ ਨੌਜਵਾਨਾਂ ਨੇ ਪਿੰਡ ਆਸਪੁਰ ਤੋਂ ਲੈ ਕੇ ਰਣਜੀਤਪੁਰਾ ਤੱਕ ਪੈਂਦੇ ਰਸਤੇ ਨੂੰ ਠੀਕ ਕਰਕੇ ਸੰਗਤ ਦੇ ਨੰਗੇ ਪੈਰੀਂ ਚੱਲਣਯੋਗ ਬਣਾ ਦਿੱਤਾ ਗਿਆ ਹੈ।

ਸ਼ੈੱਡ ਅਤੇ ਪਖਾਨੇ ਬਣਾਏ

ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਸਿੰਘ ਸਭਾ ਗੁਰਦੁਆਰਾ ਸਾਹਿਬ ਅਜਨਾਲੀ ਦੀ ਸੰਗਤ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੇ ਸ਼ੈੱਡ ਅਤੇ ਪਖਾਨਿਆਂ ਦਾ ਨਿਰਮਾਣ ਕਰਵਾਇਆ। ਸਮਾਜ ਸੇਵੀ ਗਗਨ ਉੱਪਲ ਨੇ ਦੱਸਿਆ ਇਸ ਕਾਰਜ ਦੇ ਨਾਲ ਕੱਚੇ ਰਸਤੇ ਨੂੰ ਇੰਟਰਲਾਕ ਟਾਈਲਾਂ ਲਗਾ ਕੇ ਵੀ ਪੱਕਾ ਕੀਤਾ ਗਿਆ। ਇਸ ਕਾਰ ਸੇਵਾ ਵਿਚ ਹਰਚਰਨ ਸਿੰਘ ਅਜਨਾਲੀ, ਵਿੰਕੀ ਟੰਡਨ, ਗਗਨ ਉੱਪਲ, ਮਿੰਟੂ ਸਿੰਘ, ਜਸਪਾਲ ਸਿੰਘ, ਜਸਵੀਰ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਯੋਗਦਾਨ ਪਾਇਆ।

ਦਸਮੇਸ਼ ਪੈਦਲ ਯਾਤਰਾ ਅੱਜ ਰਾਤ ਤੋਂ

ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਕਲਾ ਮੰਚ ਚਮਕੌਰ ਸਾਹਿਬ ਵੱਲੋਂ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਜੋੜ ਮੇਲ ਦੇ ਦੂਜੇ ਦਿਨ 22 ਦਸੰਬਰ ਦੀ ਰਾਤ ਨੂੰ 12 ਵਜੇ 20ਵੀ ਦਸਮੇਸ਼ ਪੈਦਲ ਯਾਤਰਾ ਗੁਰਦੁਆਰਾ ਗੜ੍ਹੀ ਸਾਹਿਬ ਤੋਂ ਗੁਰਦੁਆਰਾ ਝਾੜ ਸਾਹਿਬ ਤੱਕ ਜਾਵੇਗੀ। ਮੰਚ ਦੇ ਪ੍ਰਧਾਨ ਸ੍ਰੀ ਬੰਬਰ ਨੇ ਦੱਸਿਆ ਇਹ ਯਾਤਰਾ 21 ਕਿਲੋਮੀਟਰ ਉਸੇ ਰਸਤੇ ਜਾਵੇਗੀ, ਜਿਸ ਰਸਤੇ ਯੁੱਧ ਵਾਲੀ ਰਾਤ ਗੁਰੂ ਗੋਬਿੰਦ ਸਿੰਘ ਪੰਥ ਦਾ ਹੁਕਮ ਮੰਨ ਕੇ ਚਮਕੌਰ ਦੀ ਗੜ੍ਹੀ ਵਿੱਚੋਂ ਮਾਛੀਵਾੜੇ ਦੇ ਜੰਗਲਾਂ ਵੱਲ ਗਏ ਸਨ।

ਬ੍ਰਾਹਮਣਮਾਜਰਾ ਦਾ ਸਾਲਾਨਾ ਜੋੜ ਮੇਲ ਸਮਾਪਤ

ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਜ਼ਿਲ੍ਹੇ ਦੇ ਪਿੰਡ ਬ੍ਰਾਹਮਣਮਾਜਰਾ ਵਿੱਚ ਚੱਲ ਰਿਹਾ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਅੱਜ ਬਾਅਦ ਦੁਪਹਿਰ ਸਮਾਪਤ ਹੋ ਗਿਆ। ਸਵੇਰ ਸਮੇਂ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਸ੍ਰੀ ਗੁਰੂਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਚੱਲ ਰਹੇ ਧਾਰਮਿਕ ਦੀਵਾਨਾਂ ਵਿੱਚ ਸੁਖਨਰੰਜਣ ਸਿੰਘ ਸੁਮਨ ਅਤੇ ਸਰੂਪ ਸਿੰਘ ਕਡਿਆਣਾ ਦੇ ਢਾਡੀ ਜਥਿਆਂ ਨੇ ਢਾਡੀ ਵਾਰਾਂ ਅਤੇ ਗੁਰਬਚਨ ਸਿੰਘ ਸ਼ੇਰਪੁਰੀ ਦੇ ਜਥੇ ਨੇ ਹਾਜ਼ਰੀ ਲਵਾਈ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਅਤੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਅਖੰਡ ਪਾਠ ਦੀ ਸੇਵਾ ਗੁਰਜੀਤ ਸਿੰਘ ਭਾਗੋਮਾਜਰਾ ਅਤੇ ਰਣਧੀਰ ਸਿੰਘ ਬ੍ਰਾਹਮਣਮਾਜਰਾ ਦੇ ਪਰਿਵਾਰਾਂ ਵੱਲੋਂ ਕੀਤੀ ਗਈ। ਅੱਜ ਸਮਾਗਮ ਦੇ ਅਖੀਰਲੇ ਦਿਨ ਦੇ ਲੰਗਰ ਦੀ ਸੇਵਾ ਸਿੰਘ ਭਗਵੰਤਪੁਰ ਦੀ ਸੰਗਤ ਵੱਲੋਂ ਕੀਤੀ ਗਈ। ਸਮਾਗਮ ਲਈ ਸੰਤ ਬਾਬਾ ਕੁਲਜੀਤ ਸਿੰਘ ਸੀਸ ਮਹਿਲ ਸਿਸਵਾਂ ਵਾਲਿਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਪਿੰਡ ਦੇ ਸਰਪੰਚ ਅਤਿੰਦਰਪਾਲ ਸਿੰਘ ਨੇ ਸਹਿਯੋਗ ਬਦਲੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।





News Source link

- Advertisement -

More articles

- Advertisement -

Latest article