35.6 C
Patiāla
Saturday, May 11, 2024

ਪਰਵਾਸੀ ਕਾਵਿ

Must read


ਅਮਰੀਕ ਪਲਾਹੀ

ਨਿਸ਼ਬਦ ਸੰਵਾਦ

ਜਦੋਂ ਤੂੰ ਸਾਡੇ ਕੋਲ ਨਹੀਂ ਸੀ

ਉਦੋਂ ਤੂੰ ਕਿੱਥੇ ਸੀ? ਕਿਵੇਂ ਸੀ?

ਮੈਂ ਉਸ ਨੂੰ ਚੁੱਪ ਵਿੱਚ ਸਵਾਲ ਕੀਤਾ

ਉਸ ਨੇ ਚੁੱਪ ਵਿੱਚ ਹੀ ਜਵਾਬ ਦਿੱਤਾ।

ਉਸ ਨੇ ਪਹਿਲੀ ਵਾਰ ਅੱਖ ਖੋਲ੍ਹੀ

ਤੇ ਮੈਂ ਉਸ ਨੂੰ ਜੀਅ ਆਇਆਂ ਕਿਹਾ।

ਉਸ ਦੇ ਮੱਥੇ ਸੂਰਜ ਵਰਗੀ ਆਸ ਸੀ

ਅੱਖਾਂ ਵਿੱਚ ਨਿਰਮਲ ਅਹਿਸਾਸ ਸੀ।

ਤੂੰ ਤੇ ਵਕਤ ਤੋਂ ਪਹਿਲਾਂ ਆ ਗਿਉਂ?

ਵਕਤ ਕੀ ਹੁੰਦਾ ਹੈ, ਉਸ ਨੇ ਕਿਹਾ।

ਮੈਂ ਸੋਚ ਦੀ ਸਰਦਲ ‘ਤੇ ਖੜ੍ਹਾ ਹੋ ਕੇ

ਆਪਣੇ ਆਪ ਨੂੰ ਮੁਖ਼ਾਤਬ ਹੋਇਆ

ਹਾਂ, ਇਹ ਵਕਤ ਭਲਾ ਕੀ ਬਲਾ ਹੈ।

ਜਿਸ ਦਾ ਨਾ ਕੋਈ ਆਦਿ ਨਾ ਅੰਤ

ਨਾ ਇਹ ਘਟਦਾ ਹੈ, ਨਾ ਵਧਦਾ ਹੈ

ਨਾ ਇਹ ਬੰਧਨ ਹੈ, ਨਾ ਸੁਤੰਤਰਤਾ।

ਕੱਲ੍ਹ ਤੱਕ ਤੇ ਤੂੰ ਸੁਰੱਖਿਅਤ ਸੀ

ਤੇਰੀ ਸੁਰੱਖਿਆ ਕੌਣ ਕਰਦਾ ਸੀ?

ਪਾਣੀ ਮੇਰੀ ਸੁਰੱਖਿਆ ਕਰਦਾ ਸੀ

ਮੈਂ ਵੱਡੇ ਪਾਣੀ ਵਿੱਚ ਰਹਿੰਦਾ ਸੀ।

ਨਾਨਾ, ਕੀ ਏਥੇ ਪਾਣੀ ਹੁੰਦਾ ਹੈ?

ਉਸ ਨੇ ਸਹਿਜ ਭਾਅ ਪੁੱਛ ਲਿਆ।

ਹਾਂ, ਹੁੰਦਾ ਸੀ …ਪਰ ਹੁਣ ਨਹੀਂ

ਅਸੀਂ ਪਾਣੀ ਖ਼ਰਾਬ ਕਰ ਦਿੱਤਾ ਹੈ।

ਮੈਂ ਪਾਣੀ ਨੂੰ ਠੀਕ ਕਰ ਦਿਆਂਗਾ

ਉਸ ਨੇ ਬੜੇ ਵਿਸ਼ਵਾਸ ਨਾਲ ਕਿਹਾ।

ਤੂੰ ਭਲਾ ਕਿਵੇਂ ਠੀਕ ਕਰੇਂਗਾ?

ਮੈਥੋਂ ਰਿਹਾ ਨਾ ਗਿਆ।

ਜਿਵੇਂ ਤੁਸੀਂ ਖ਼ਰਾਬ ਕੀਤਾ ਹੈ

ਮੈਂ ਉਸ ਤਰ੍ਹਾਂ ਨਹੀਂ ਕਰਾਂਗਾ।

ਪਾਣੀ ਆਪੇ ਠੀਕ ਹੋ ਜਾਵੇਗਾ।

ਤੂੰ ਤਾਂ ਅਜੇ ਕੱਲ੍ਹ ਆਇਆ ਹੈਂ

ਤੈਨੂੰ ਇਨ੍ਹਾਂ ਗੱਲਾਂ ਦਾ ਕਿਵੇਂ ਪਤਾ?

ਮੈਨੂੰ ਮੇਰੀ ਮਾਂ ਦੱਸਦੀ ਸੀ

…ਤੇ ਤੂੰ ਸੁਣਦਾ ਰਹਿੰਦਾ ਸੀ?

ਹਾਂ, ਮੈਂ ਬੋਲ ਨਹੀਂ ਸੀ ਸਕਦਾ

ਸਮਝਣ ਲਈ ਸੁਣਨਾ ਜ਼ਰੂਰੀ ਹੈ।

ਕੀ ਏਥੇ ਲੋਕ ਸੁਣਦੇ ਹਨ?

ਉਸ ਦੀ ਮਾਸੂਮੀਅਤ

ਦਾ ਜਵਾਬ…ਮੇਰੀ ਚੁੱਪ ਸੀ।

ਚੰਗਾ ਫੇਰ, ਮੈਂ ਹੁਣ ਚੱਲਦਾਂ

ਲੋਕ ਏਥੋਂ ਕਿੱਥੇ ਜਾਂਦੇ ਹਨ?

ਸਵਾਲ ਸੁਣ ਕੇ ਮੈਂ ਰੁਕ ਗਿਆ

ਮੈਂ ਹੁਣ ਇਸ ਦਾ ਕੀ ਜਵਾਬ ਦਿਆਂ!

ਮੈਨੂੰ ਆਪਣੇ ਪੁੱਛੇ ਸਵਾਲ ਯਾਦ ਆਏ

ਉਸ ਦੇ ਪੁੱਛੇ ਸਵਾਲਾਂ ‘ਤੇ ਮਾਣ ਹੋਇਆ।

ਉਹ ਮੇਰਾ ਹੀ ਵਿਸਤਾਰ ਹੈ

ਤੇ ਮੈਂ ਨਿਸ਼ਬਦ ਸੰਵਾਦ ਦਾ ਪਾਤਰ ਹਾਂ।

-ਸਰੀ, ਕੈਨੇਡਾ



News Source link
#ਪਰਵਸ #ਕਵ

- Advertisement -

More articles

- Advertisement -

Latest article