31.9 C
Patiāla
Tuesday, May 21, 2024

ਪੁੱਤ! ਮੈਂ ਇੰਡੀਆ ਜਾਣੈ

Must read


ਸੁਰਿੰਦਰ ਸਿੰਘ ਰਾਏ

ਸੰਧਿਆ ਵੇਲੇ ਜਦੋਂ ਮੈਂ ਕੰਮ ਤੋਂ ਘਰ ਪਰਤਿਆ ਤਾਂ ਘਰ ਦਾ ਗ਼ਮਗੀਨ ਮਾਹੌਲ ਵੇਖ ਕੇ ਠਠੰਬਰ ਜਿਹਾ ਗਿਆ। ਮੇਰੀ ਸੋਚ ਦੀ ਸੂਈ ਜਿਵੇਂ ਲੜਖੜਾ ਗਈ ਹੋਵੇ। ਮੈਂ ਸ਼ਸ਼ੋਪੰਜ ਵਿੱਚ ਪਿਆ ਆਲੇ-ਦੁਆਲੇ ਤੋਂ ਟੋਹ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੇਰੇ ਹੱਥ-ਪੱਲੇ ਕੁਝ ਵੀ ਨਹੀਂ ਸੀ ਪੈ ਰਿਹਾ। ਕਿਸੇ ਨੂੰ ਪੁੱਛਣ ਦੀ ਬਜਾਏ ਮੈਂ ਹਾਲਾਤ ਨੂੰ ਨਿਰਖ-ਪਰਖ ਕੇ ਖ਼ੁਦ ਹੀ ਅਨੁਮਾਨ ਲਾਉਣ ਦੀ ਕੋਸ਼ਿਸ਼ ਵਿੱਚ ਸਾਂ। ਇਸ ਲਈ ਮੈਂ ਆਪਣੀ ਬੇਤਾਬੀ ਨੂੰ ਖ਼ਾਮੋਸ਼ੀ ਦੇ ਪਰਦੇ ਹੇਠਾਂ ਹੀ ਦਬਾਈ ਰੱਖਣਾ ਬਿਹਤਰ ਸਮਝਿਆ।

ਮਾਤਾ ਜੀ ਚਾਦਰ ਤਾਣ ਕੇ ਚੁੱਪ-ਚਾਪ ਸੁੱਤੇ ਪਏ ਸਨ। ਘਰ ਪਰਤਣ ’ਤੇ ਮਾਤਾ ਜੀ ਨੇ ਮੈਨੂੰ ਆਮ ਵਾਂਗ ਬੁਲਾਇਆ ਤੱਕ ਵੀ ਨਹੀਂ ਸੀ। ਇਸ ਕਰਕੇ ਮੈਂ ਹੋਰ ਵੀ ਦਿਲਗੀਰ ਹੋ ਗਿਆ। ਘਰ ਵਿੱਚ ਕਿਧਰੋਂ ਵੀ ਕੋਈ ਆਹਟ ਨਹੀਂ ਸੀ ਆ ਰਹੀ। ਘਰ ਦਾ ਸੁੰਨ-ਮਸਾਨ ਵਾਤਾਵਰਨ ਖਾਣ ਨੂੰ ਆਉਂਦਾ ਸੀ। ਇਉਂ ਜਾਪ ਰਿਹਾ ਸੀ, ਜਿਵੇਂ ਤੂਫ਼ਾਨ ਆਉਣ ਤੋਂ ਪਹਿਲਾਂ ਹੁੰਮਸ ਤੇ ਤਪਸ਼ ਆਪਣੀ ਹੋਂਦ ਜਤਾ ਰਹੀਆਂ ਹੋਣ। ਕੁਝ ਸਮੇਂ ਬਾਅਦ ਮਾਤਾ ਜੀ ਦੇ ਗਲ਼ਾ ਖੁਰਕਣ ਦੀ ਆਵਾਜ਼ ਕੰਨੀ ਪਈ। ਗਰਦਣ ਦੀ ਹਿਲਜੁਲ ਨਾਲ ਉਨ੍ਹਾਂ ਦੀ ਕੱਜ-ਵਲੇਟ ਕੇ ਤਣੀ ਹੋਈ ਚਾਦਰ ਚਿਹਰੇ ਤੋਂ ਥੋੜ੍ਹਾ ਜਿਹਾ ਸਰਕ ਗਈ। ਉਨ੍ਹਾਂ ਦਾ ਚਿਹਰਾ ਉਤਰਿਆ ਹੋਇਆ ਸੀ, ਜਿਵੇਂ ਔਟਲਿਓਂ ਹੋਣ। ਮਸੋਸੇ ਚਿਹਰੇ ਦੀਆਂ ਝੁਰੜੀਆਂ ਸੁੰਗੜ ਕੇ ਡੂੰਘੀਆਂ-ਡੂੰਘੀਆਂ ਲਕੀਰਾਂ ਜਾਪ ਰਹੀਆਂ ਸਨ।

‘‘ਮਾਤਾ ਜੀ! ਅੱਜ ਤਬੀਅਤ ਠੀਕ ਨਹੀਂ ਏ?’’ ਇਸ ਘੁੱਟਵੇਂ ਜਿਹੇ ਮਾਹੌਲ ਦੀ ਬੋਰੀਅਤ ਤੋਂ ਨਿਜਾਤ ਪਾਉਣ ਲਈ ਮੈਂ ਅਹੁਲ ਕੇ ਪੁੱਛਿਆ।

‘‘ਨਹੀਂ ਕਾਕਾ! ਤਬੀਅਤ ਤਾਂ ਠੀਕ ਐ, ਪਰ ਸਵੇਰ ਦਾ ਮੇਰਾ ਚਿੱਤ ਜਿਹਾ ਓਦਰਿਆ ਹੋਇਐ।’’

‘‘ਮਾਤਾ ਜੀ, ਚਿੱਤ ਕਿਉਂ ਓਦਰ ਗਿਆ। ਆਥਣ ਵੇਲੇ ਬੰਦਾ ਇਵੇਂ ਲੰਮੀਆਂ ਤਾਣ ਕੇ ਸੁੱਤਾ ਪਿਆ ਚੰਗਾ ਨਹੀਂ ਲੱਗਦਾ। ਉੱਠੋ, ਮੈਂ ਟੈਲੀਵਿਜ਼ਨ ਲਾ ਕੇ ਦਿੰਦਾ ਹਾਂ।’’

‘‘ਕਾਕਾ! ਮੈਨੂੰ ਕਿਹੜਾ ਇਹਦੀ ਕੋਈ ਸਮਝ ਲੱਗਦੀ ਆ। ਪਤਾ ਨ੍ਹੀਂ, ਇਹ ਚਿੱਟੀ ਚਮੜੀ ਵਾਲੇ ਕੀ-ਕੀ ਬੱਕੜਵਾਹ ਮਾਰੀ ਜਾਂਦੇ ਆ। ਇਹਦੇ ਨਾਲੋਂ ਤਾਂ ਸੌਣਾ ਈ ਠੀਕ ਐ।’’

ਮਾਤਾ ਜੀ ਇਵੇਂ ਬੋਲੇ, ਜਿਵੇਂ ਉਨ੍ਹਾਂ ਦੀ ਆਵਾਜ਼ ਵਿੱਚ ਕੋਈ ਸਾਹ-ਸਤ ਹੀ ਨਾ ਹੋਵੇ।

‘‘ਮਾਤਾ ਜੀ, ਫਿਰ ਐਂ ਕਰੋ। ਉੱਠ ਕੇ ਸ਼ਾਪਿੰਗ ਸੈਂਟਰ ਵੱਲ ਗੇੜਾ ਮਾਰ ਆਓ। ਆਪੇ ਚਿੱਤ ਹੋਰ ਪਾਸੇ ਪੈ ਜਾਵੇਗਾ। ਚਿੱਤ ਨਾ ਲੱਗਣਾ ਵੀ ਕੋਈ ਗੱਲਾਂ ’ਚੋਂ ਗੱਲ ਏ। ਐਵੇਂ ਪਏ ਰਹਿਣ ਨਾਲ ਤਾਂ ਬੰਦਾ ਸਗੋਂ ਹੋਰ ਵੀ ਨੀਰਸ ਹੋ ਜਾਂਦਾ ਏ।’’ ਮੈਂ ਮਾਤਾ ਜੀ ਨੂੰ ਸੁਝਾਅ ਦਿੱਤਾ।

‘‘ਕਾਕਾ! ਮੇਰਾ ਨ੍ਹੀਂ ਅੱਜ ਘੁੰਮਣ-ਫਿਰਨ ਨੂੰ ਜੀਅ ਕਰਦਾ। ਨਿੱਤ ਰੋਜ਼ ਓਹੀ ਸ਼ਾਪਿੰਗ ਸੈਂਟਰ ਤੇ ਓਹੀ ਸੜਕਾਂ। ਨਾ ਕਿਸੇ ਦੀ ਗੱਲ ਸਮਝ ਲੱਗਦੀ ਆ ਤੇ ਨਾ ਕਿਸੇ ਨੂੰ ਸਮਝਾ ਸਕਦੇ ਆਂ। ਸਾਡਾ ਤਾਂ ਇੱਥੇ ਬੋਲ਼ਿਆਂ-ਬਹਿਰਿਆਂ ਵਾਲਾ ਹਾਲ ਐ। ਬਸ ਮੈਂ ਤਾਂ ਚਾਹੁੰਦੀ ਆਂ ਕਿ ਅੱਜ ਸੁੱਤੀ ਈ ਰਹਾਂ। ਮੇਰੇ ਨਾਲ ਕੋਈ ਕਲਾਮ ਤੱਕ ਨਾ ਕਰੇ।’’

‘‘ਸੀਤਲ! ਕਿਤੇ ਤੈਂ ਤਾਂ ਨਹੀਂ ਮਾਤਾ ਜੀ ਨੂੰ ਕੁਝ ਆਖ ਦਿੱਤਾ।’’ ਮੈਂ ਆਪਣੀ ਪਤਨੀ ਨੂੰ ਉੱਚੀ ਆਵਾਜ਼ ਮਾਰ ਕੇ ਪੁੱਛਿਆ।

‘‘ਮੈਂ ਕਾਹਨੂੰ ਕੁਝ ਆਖਣਾ ਸੀ। ਮੈਂ ਤਾਂ ਸਗੋਂ ਇਨ੍ਹਾਂ ਦਾ ਚਿੱਤ ਹੋਰ ਪਾਸੇ ਲਾਉਣ ਲਈ ਇਨ੍ਹਾਂ ਦੇ ਭਤੀਜੇ ਦੇ ਵਿਆਹ ਦੀ ਮੂਵੀ ਲਾ ਕੇ ਦਿੱਤੀ ਸੀ। ਮੂਵੀ ਵੇਖਦੇ-ਵੇਖਦੇ ਹੀ ਇਨ੍ਹਾਂ ਦਾ ਮੂਡ ਹੋਰ ਅਪਸੈੱਟ ਹੋ ਗਿਆ। ਬਸ ਇਕਦਮ ਹੀ ਚਾਦਰ ਤਾਣ ਕੇ ਲੰਮੇ ਪੈ ਗਏ। ਮੈਂ ਤਾਂ ਸਮਝੀ ਕਿ ਇਨ੍ਹਾਂ ਨੂੰ ਨੀਂਦਰ ਆ ਗਈ ਆ।’’ ਸੀਤਲ ਨੇ ਵਾਪਰੀ ਗੱਲ ਦੱਸੀ।

‘‘ਮਾਤਾ ਜੀ! ਚਲੋ, ਮੈਂ ਤੁਹਾਨੂੰ ਡਾਕਟਰ ਕੋਲ ਲੈ ਚੱਲਾਂ। ਹੋ ਸਕਦੈ, ਤੁਹਾਡਾ ਬਲੱਡ-ਪ੍ਰੈੱਸ਼ਰ ਵਧ ਗਿਆ ਹੋਵੇ। ਸ਼ੂਗਰ ਦੀ ਸ਼ਿਕਾਇਤ ਵੀ ਹੋ ਸਕਦੀ ਏ। ਬਿਮਾਰੀ ਦਾ ਉਪਚਾਰ ਸਮੇਂ ਸਿਰ ਹੀ ਕਰਾ ਲੈਣਾ ਬਿਹਤਰ ਹੁੰਦੈ। ਚਿੱਤ ਐਵੇਂ ਨ੍ਹੀਂ ਉਦਾਸ ਹੁੰਦੈ, ਇਹਦੇ ਪਿੱਛੇ ਕਿਸੇ ਨਾ ਕਿਸੇ ਬਿਮਾਰੀ ਦੀ ਜੜ੍ਹ ਜ਼ਰੂਰ ਹੁੰਦੀ ਏ।’’

‘‘ਨਹੀਂ ਕਾਕਾ, ਮੈਨੂੰ ਕੁਛ ਨ੍ਹੀਂ ਹੋਇਆ। ਮੇਰਾ ਤਾਂ ਚਿੱਤ ਉਂਜ ਈ ਉਦਾਸ ਐ। ਦਾਦਣਾ ਆਪੇ ਠੀਕ ਹੋ ਜਾਊਗਾ। ਤੂੰ ਸਵੇਰ ਦਾ ਭੁੱਖਾ-ਭਾਣਾ ਕੰਮ ਤੋਂ ਆਇਐਂ, ਕੁਝ ਖਾ-ਪੀ ਲੈ।’’ ਮਾਤਾ ਜੀ ਨੇ ਮੇਰੀ ਗੱਲ ਨੂੰ ਅਣਗੌਲੀ ਕਰਦਿਆਂ ਆਖਿਆ।

‘‘ਮਾਤਾ ਜੀ, ਮੈਂ ਤਾਂ ਕੁਝ ਖਾ-ਪੀ ਲਵਾਂਗਾ, ਪਰ ਤੁਸੀਂ ਦੱਸੋ ਤਾਂ ਸਈ ਤੁਹਾਨੂੰ ਹੋਇਆ ਕੀ ਏ?’’ ਮੈਂ ਗੰਭੀਰ ਜਿਹਾ ਹੋ ਕੇ ਪੁੱਛਿਆ।

‘‘ਪੁੱਤ ਕੀ ਦੱਸਾਂ, ਸਿਆਣਾ ਸਰੀਰ ਆ। ਸਾਰੀ ਉਮਰ ਤਾਂ ਇੰਡੀਆ ਵਿੱਚ ਗੁਜ਼ਾਰੀ ਆ। ਹੁਣ ਬੁੱਢੇ ਵਾਰੇ ਕੈਨੇਡਾ ਰਹਿਣਾ ਪੈ ਗਿਆ। ਮੈਨੂੰ ਤਾਂ ਇਉਂ ਲੱਗੀ ਜਾਂਦਾ ਜਿਵੇਂ ਜਿਸਮ ਵਿੱਚੋਂ ਰੂਹ ਈ ਮਰ ਗਈ ਹੋਵੇ। ਨਾ ਕੋਈ ਖ਼ੁਸ਼ੀ, ਨਾ ਚਾਅ। ਸਾਰੀ ਦਿਹਾੜੀ ਬੌਰਿਆਂ ਵਾਂਗ ਬੈਠੇ ਵੇਖੀ ਜਾਈਦਾ। ਬਸ ਮੈਂ ਤਾਂ ਵੇਖ ਲਿਆ, ਸਭ ਮਨ ਦੇ ਭੁਲੇਖੇ ਈ ਆ।’’ ਮਾਤਾ ਜੀ ਨੇ ਇੰਜ ਆਖਦੇ ਹੋਏ ਇਵੇਂ ਸ਼ਕਲ ਬਣਾਈ ਜਿਵੇਂ ਨਾਸਾਂ ਨੂੰ ਨੁਸਿਆਰ ਚੜ੍ਹ ਗਈ ਹੋਵੇ।

‘‘ਮਾਤਾ ਜੀ! ਤੁਹਾਨੂੰ ਇੱਥੇ ਕਮੀ ਕਿਸ ਚੀਜ਼ ਦੀ ਏ? ਮੈਨੂੰ ਤਾਂ ਸਮਝ ਨਹੀਂ ਲੱਗਦੀ। ਨਾ ਕੋਈ ਖਾਣ ਦੀ ਘਾਟ ਏ, ਨਾ ਕੋਈ ਪਹਿਨਣ ਦੀ ਘਾਟ।’’

‘‘ਪੁੱਤ! ਕਮੀ ਦੀ ਗੱਲ ਨ੍ਹੀਂ ਐਂ। ਇਹ ਸਾਰਾ ਕੁਝ ਖਾਵਾਂ-ਹੰਢਾਵਾਂ ਤੇ ਤਾਂ ਜੇ ਚਿੱਤ ਰਾਜ਼ੀ ਹੋਵੇ। ਕੋਈ ਚੀਜ਼ ਖਾਣ ਨੂੰ ਦਿਲ ਈ ਨਹੀਂ ਕਰਦਾ। ਬਸ ਪੇਟ ਭਰ ਲਈਦੈ।’’

‘‘ਮਾਤਾ ਜੀ! ਤੁਸੀਂ ਤਾਂ ਐਵੇਂ ਈ ਦਿਲ ਛੱਡਿਆ ਹੋਇਐ। ਇੱਕ ਹਜ਼ਾਰ ਡਾਲਰ ਤੁਹਾਨੂੰ ਮਹੀਨੇ ਦੀ ਪੈਨਸ਼ਨ ਮਿਲਦੀ ਆ। ਇਹ ਇੰਡੀਆ ਦਾ ਪੰਜਾਹ ਹਜ਼ਾਰ ਰੁਪਇਆ ਬਣ ਜਾਂਦੈ। ਤੁਹਾਨੂੰ ਤਾਂ ਇਸ ਹੌਸਲੇ ਨਾਲ ਸਗੋਂ ਘੂਕ ਨੀਂਦ ਆਉਣੀ ਚਾਹੀਦੀ ਏ। ਇੰਡੀਆ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਲੋਕਾਂ ਦਾ ਕਚੂਮਰ ਕੱਢਿਆ ਪਿਐ। ਉੱਥੇ ਬੀ.ਏ., ਐੱਮ.ਏ. ਪਾਸ ਮੁੰਡੇ-ਕੁੜੀਆਂ ਪੰਜ-ਪੰਜ, ਦਸ-ਦਸ ਹਜ਼ਾਰ ’ਤੇ ਕੰਮ ਕਰਨ ਨੂੰ ਤਿਆਰ ਐ। ਫਿਰ ਵੀ ਅਗਲਿਆਂ ਨੂੰ ਕੰਮ ਨ੍ਹੀਂ ਮਿਲਦਾ। ਤੁਸੀਂ ਤਾਂ ਐਵੇਂ ਈ ਕੈਨੇਡਾ ਨੂੰ ਭੰਡੀ ਜਾਂਦੇ ਓ।’’

‘‘ਪੁੱਤ, ਇਸੇ ਪੈਸੇ ਦੇ ਤਾਂ ਸਭ ਪੁਆੜੇ ਆ। ਨਾ ਇੱਧਰ ਜੋਗੇ ਨਾ ਉੱਧਰ ਜੋਗੇ। ਬਸ ਪਿਸ-ਪਿਸ ਕੇ ਜ਼ਿੰਦਗੀ ਬਸਰ ਕਰੀ ਜਾਨੇ ਆਂ।’’ ਮਾਤਾ ਜੀ ਨੇ ਮੇਰੇ ਵੱਲ ਅਵੱਲਾ ਜਿਹਾ ਝਾਕਦਿਆਂ ਆਖਿਆ।

‘‘ਮਾਤਾ ਜੀ, ਸਦੇਹਾਂ-ਸਦੇਹਾਂ ਸੈਰ ਕਰਨ ਨਿਕਲ ਜਾਇਓ। ਵੇਖਿਓ ਤਾਂ, ਸੂਰਜ ਦੀਆਂ ਕੋਸੀਆਂ-ਕੋਸੀਆਂ ਰਿਸ਼ਮਾਂ ਨਾਲ ਮਨ ਕਿਵੇਂ ਫੁੱਲ ਵਾਂਗ ਖਿੜ ਜਾਂਦੈ। ਆਪਣੇ ਮਨ ਦੀ ਖ਼ੁਸ਼ੀ ਦਾ ਵਸੀਲਾ ਤਾਂ ਬੰਦੇ ਨੂੰ ਆਪ ਹੀ ਭਾਲਣਾ ਪੈਂਦੈ। ਮਨ ਦਾ ਕੀ ਐ? ਇਹ ਤਾਂ ਝੱਟ ਬਦਲ ਜਾਂਦੈ। ਕਿਸੇ ਵੇਲੇ ਇਹ ਸ਼ੇਰ ਬਣਿਆ ਹੁੰਦੈ ਤੇ ਕਿਸੇ ਵੇਲੇ ਮੂਰਖ, ਕੋਹੜੀ ਤੇ ਝੱਲਾ। ਇਹਨੂੰ ਤੇ ਸਮਝਾ-ਬੁਝਾ ਕੇ ਹੀ ਥਾਂ ਸਿਰ ਰੱਖਣਾ ਪੈਂਦੈ।’’

‘‘ਕਾਕਾ, ਤੂੰ ਤਾਂ ਇਉਂ ਸਮਝਦੈਂ ਜਿਵੇਂ ਮਨ ਕੋਈ ਖਿਡੌਣਾ ਜਿਹਾ ਹੁੰਦੈ। ਇਹਦੇ ਸਾਹਮਣੇ ਤਾਂ ਵੱਡੇ-ਵੱਡੇ ਰਿਸ਼ੀ-ਮੁਨੀ ਹਥਿਆਰ ਸੁੱਟ ਜਾਂਦੇ ਆ। ਭਲਾ ਮਨ ਨੂੰ ਸਮਝਾਉਣਾ ਕੋਈ ਸੌਖਾ ਕੰਮ ਆ?’’

‘‘ਮਾਤਾ ਜੀ, ਮੈਨੂੰ ਪਤੈ! ਇਹ ਕੰਮ ਸੌਖਾ ਨ੍ਹੀਂ ਐ, ਪਰ ਤੁਹਾਡੇ ਵਰਗੀਆਂ ਸਿਰੜੀ ਸੁਆਣੀਆਂ ਲਈ ਇਹ ਕੰਮ ਬਾਹਲਾ ਔਖਾ ਵੀ ਨਹੀਂ ਏਂ। ਤੁਹਾਡੇ ਕੋਲ ਤਾਂ ਜੀਵਨ ਦਾ ਵਿਸ਼ਾਲ ਤਜਰਬਾ ਏ। ਆਖਿਰ ਇਨਸਾਨ ਦਾ ਤਜਰਬਾ ਵੀ ਖ਼ਾਸੀ ਵੱਡੀ ਗੱਲ ਹੁੰਦੀ ਏ।’’

‘‘ਕਾਕਾ! ਠੀਕ ਆ, ਇਨਸਾਨ ਦਾ ਤਜਰਬਾ ਵੀ ਵੱਡੀ ਚੀਜ਼ ਆ। ਪਰ ਤੂੰ ਮੈਨੂੰ ਪਹਿਲਾਂ ਐਂ ਦੱਸ, ਤਜਰਬਾ ਵੱਡਾ ਹੁੰਦੈ ਕਿ ਮਨ ਦੇ ਵਲਵਲੇ। ਇਨਸਾਨ ਦਾ ਤਜਰਬਾ ਤਾਂ ਇੱਕ ਕਿਣਕੇ ਵਾਂਗ ਆ ਤੇ ਮਨ ਇੱਕ ਵਿਸ਼ਾਲ ਸਮੁੰਦਰ। ਤੁਹਾਨੂੰ ਪੜ੍ਹਾਕੂਆਂ ਨੂੰ ਇਨ੍ਹਾਂ ਗੱਲਾਂ ਦਾ ਕੀ ਪਤੈ? ਅਹਿ ਸਿਰ ਦਾ ਝਾਟਾ ਐਵੇਂ ਨ੍ਹੀਂ ਧੌਲਿਆਂ ਤੋਂ ਪੀਲਾ ਹੋ ਗਿਆ। ਆ ਗਿਆ ਵੱਡਾ ਮੱਤਾਂ ਦੇਣ ਵਾਲਾ।’’ ਮੇਰੀ ਗੱਲ ਸੁਣ ਕੇ ਮਾਤਾ ਜੀ ਥੋੜ੍ਹਾ ਜਿਹਾ ਤੈਸ਼ ਵਿੱਚ ਆ ਕੇ ਬੋਲੇ। ਮਾਤਾ ਜੀ ਦੇ ਸਵਾਲ-ਜਵਾਬ ਸੁਣ ਕੇ ਮੈਂ ਲਾਜਵਾਬ ਹੋ ਗਿਆ। ਉਨ੍ਹਾਂ ਨੂੰ ਸਮਝਾਉਣ ਲਈ ਮੈਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ, ਜਿਵੇਂ ਮੇਰੀ ਅਕਲ ਦੀ ਪੋਥੀ ਮਾਤਾ ਜੀ ਦੇ ਸਵਾਲਾਂ ਸਨਮੁੱਖ ਬੌਣੀ ਹੋਵੇ।

‘‘ਮਾਤਾ ਜੀ, ਤੁਸੀਂ ਆਪਣੇ ਪੋਤੇ-ਪੋਤੀ ਨਾਲ ਗੱਲਾਂ ਕਰਕੇ ਜੀਅ ਲਾ ਲਿਆ ਕਰੋ। ਜ਼ਿੰਦਗੀ ’ਚ ਹੋਰ ਹੈ ਵੀ ਕੀ? ਬੰਦੇ ਦਾ ਸੌਖੀ ਤਰ੍ਹਾਂ ਟਾਈਮ ਪਾਸ ਹੀ ਹੋਣਾ ਚਾਹੀਦੈ।’’ ਸੀਤਲ ਨੇ ਮੇਰੀ ਚੁੱਪ ਦਾ ਖੱਪਾ ਭਰਨ ਲਈ ਮਾਤਾ ਜੀ ਨੂੰ ਆਖਿਆ।

‘‘ਸੀਤਲ! ਇਹ ਤਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਣ ’ਚ ਵੀ ਆਪਣੀ ਤੌਹੀਨ ਸਮਝਦੇ ਆ। ਗੁੱਡ ਮਾਰਨਿੰਗ, ਗੁੱਡ ਨਾਈਟ ਜਾਂ ਫਿਰ ਹਾਇ-ਬਾਇ। ਦੱਸ ਭਲਾ, ਇਨ੍ਹਾਂ ਗੱਲਾਂ ਨੇ ਮੇਰਾ ਕੀ ਚਿੱਤ ਲਾਉਣਾ? ਇਹ ਤਾਂ ਆਪਸ ਵਿੱਚ ਈ ਕੁਝ ਗਿਟ-ਮਿਟ ਕਰਦੇ ਰਹਿੰਦੇ ਆ। ਮੈਨੂੰ ਤਾਂ ਇਨ੍ਹਾਂ ਦੀ ਭੋਰਾ ਵੀ ਸਮਝ ਨ੍ਹੀਂ ਲੱਗਦੀ।’’ ਇਉਂ ਆਖਦਿਆਂ ਮਾਤਾ ਜੀ ਨੇ ਸੀਤਲ ਵੱਲ ਇਵੇਂ ਝਾਕਿਆ, ਜਿਵੇਂ ਮਸਰਾਂ ਦੀ ਦਾਲ ਵਿੱਚ ਕੋਕੜੂ ਹੋਵੇ।

‘‘ਮਾਤਾ ਜੀ! ਤੁਸੀਂ ਹਰ ਐਤਵਾਰ ਗੁਰਦੁਆਰੇ ਜਾ ਆਏ। ਉੱਥੇ ਆਪਣਾ ਬਥੇਰਾ ਪੰਜਾਬੀ ਭਾਈਚਾਰਾ ਆਇਆ ਹੁੰਦੈ। ਉੱਥੇ ਜਿਵੇਂ ਮਰਜ਼ੀ ਗੱਲਾਂ ਮਾਰ ਆਏ ਤੇ ਨਾਲੇ ਮਨ ਨੂੰ ਸ਼ਾਂਤੀ ਮਿਲਦੀ ਆ।’’

‘‘ਕਾਕਾ, ਤੇਰੀ ਗੱਲ ਤਾਂ ਸਿਆਣੀ ਆਂ ਕਿ ਗੁਰੂ ਘਰ ਜਾ ਕੇ ਇਨਸਾਨ ਦੇ ਮਨ ਨੂੰ ਸਕੂਨ ਮਿਲਦਾ ਐ, ਪਰ ਓਥੇ ਕਿਹੜਾ ਸਾਨੂੰ ਬਹੁਤੇ ਲੋਕ ਜਾਣਦੇ ਹੁੰਦੇ ਆ। ਜਾਣਦੇ ਤੋਂ ਬਿਨਾਂ, ਕਾਹਨੂੰ ਕੋਈ ਕਿਸੇ ਨੂੰ ਬੁਲਾਉਂਦੈ।’’

‘‘ਮਾਤਾ ਜੀ! ਪਰ ਵਾਕਫ਼ੀ ਤਾਂ ਬੰਦੇ ਨੂੰ ਆਪ ਈ ਬਣਾਉਣੀ ਪੈਂਦੀ ਆ।’’ ਮੈਂ ਆਖਿਆ।

‘‘ਲੈ ਵਾਕਫ਼ੀ ਦੀ ਗੱਲ ਸੁਣ। ਪਰਸੋਂ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਮੈਂ ਮੇਨ ਸਟਰੀਟ ਵੱਲ ਸੈਰ ਕਰਨ ਨਿਕਲ ਗਈ। ਮੂਹਰਿਉਂ ਆਉਂਦੇ ਮੈਨੂੰ ਦੋ ਇੰਡੀਅਨ ਭਾਈ ਮਿਲੇ। ਮੈਨੂੰ ਵੇਖ ਕੇ ਉਨ੍ਹਾਂ ਇਉਂ ਪਾਸਾ ਵੱਟ ਲਿਆ, ਜਿਵੇਂ ਮੈਂ ਦਾਦਣਿਆਂ ਤੋਂ ਕੁਝ ਖੋਹ ਲੈਣਾ ਹੁੰਦੈ। ਵਾਕਫ਼ੀ ਕੋਈ ਗਮਲੇ ਦਾ ਪੌਦਾ ਐ, ਜਿਹਨੂੰ ਚੁੱਕ ਕੇ ਜਿੱਥੇ ਮਰਜ਼ੀ ਰੱਖ ਦਿਉ।’’ ਮਾਤਾ ਜੀ ਭਰੇ ਮਨ ਨਾਲ ਬੋਲੇ।

‘‘ਮਾਤਾ ਜੀ, ਸੁਲੱਖਣ ਤੇ ਗੁਰਮੁੱਖ ਦੀਆਂ ਮਾਵਾਂ ਵੀ ਇੱਥੇ ਹੀ ਰਹਿੰਦੀਆਂ ਨੇ। ਉਨ੍ਹਾਂ ਦਾ ਚਿੱਤ ਨਾ ਲੱਗਣ ਦੀ ਤਾਂ ਕਦੇ ਗੱਲ ਨਹੀਂ ਸੁਣੀ। ਉਹ ਤਾਂ ਕੈਨੇਡਾ ਵਿੱਚ ਰਹਿ ਕੇ ਬੜੀਆਂ ਖ਼ੁਸ਼ ਨੇ। ਮੈਂ ਤੁਹਾਨੂੰ ਵੀ ਉਨ੍ਹਾਂ ਕੋਲ ਛੱਡ ਆਇਆ ਕਰਾਂਗਾ। ਤੁਸੀਂ ਤਿੰਨੋਂ ਹੀ ਸਾਰੀ ਦਿਹਾੜੀ ਗੱਲਾਂ ਮਾਰੀ ਗਈਆਂ। ਇੰਜ ਤੁਹਾਡਾ ਸੁਖਾਲਾ ਹੀ ਟਾਈਮ ਪਾਸ ਹੋ ਜਾਇਆ ਕਰੇਗਾ।’’ ਮੈਂ ਘਰ ਦੇ ਅਸ਼ਾਂਤ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਇੱਕ ਹੋਰ ਸੁਝਾਅ ਦਿੱਤਾ। ‘‘ਕਾਕਾ, ਸੁਲੱਖਣ ਦੀ ਮਾਂ ਤਾਂ ਮੈਨੂੰ ਕੱਲ੍ਹ ਐਲਡੀ ਵਿੱਚ ਮਿਲੀ ਸੀ। ਉਹਦੇ ਵੀ ਇਹੋ ਰੋਣੇ-ਧੋਣੇ ਆ। ਬੰਦਾ ਕਿਹਦੇ-ਕਿਹਦੇ ਅੱਗੇ ਆਪਣੇ ਮਨ ਦੀਆਂ ਗੰਢਾਂ ਖੋਲ੍ਹਦਾ ਫਿਰੇ। ਬਸ ਦੂਰ ਦੇ ਢੋਲ ਈ ਸੁਹਾਵਣੇ ਲੱਗਦੇ ਆ।’’ ਮਾਤਾ ਜੀ ਨੇ ਸੁਬ੍ਹਕੀਆਂ ਲੈਂਦੇ ਹੋਏ ਆਖਿਆ। ਉਨ੍ਹਾਂ ਦੀਆਂ ਡਿਡੋਲਿਕਾ ਹੋਈਆਂ ਅੱਖਾਂ ਨੇ ਮੇਰਾ ਮੂਡ ਵੀ ਅਪਸੈੱਟ ਕਰ ਦਿੱਤਾ।

ਮੈਂ ਤੇ ਸੀਤਲ ਨੇ ਮਾਤਾ ਜੀ ਨੂੰ ਵਰਚਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਦਾ ਚਿੱਤ ਲੱਗਿਆ ਰਹੇ। ਅਸੀਂ ਕਦੇ ਉਨ੍ਹਾਂ ਨੂੰ ਘੁਮਾਉਣ ਫਿਰਾਉਣ ਸਿਟੀ ਲੈ ਜਾਂਦੇ ਤੇ ਕਦੇ ਸਾਰਾ ਟੱਬਰ ਬੀਚ ’ਤੇ ਚਲੇ ਜਾਂਦਾ। ਸਾਡਾ ਹਰ ਵੀਕਐੰਂਡ ਇਵੇਂ ਸੈਰ-ਸਪਾਟਾ ਕਰਦਿਆਂ ਹੀ ਬੀਤ ਜਾਂਦਾ। ਤਿੰਨ-ਚਾਰ ਮਹੀਨੇ ਇਵੇਂ ਸਿਲਸਿਲਾ ਚੱਲਦਾ ਰਿਹਾ। ਪਰ ਮਾਤਾ ਜੀ ਦਾ ਚਿਹਰਾ ਕਦੇ ਵੀ ਖ਼ੁਸ਼ ਨਾ ਹੁੰਦਾ। ਉਹ ਹਰ ਗੱਲ ਦਾ ਜਵਾਬ ਮੱਥੇ ਤਿਊੜੀਆਂ ਪਾ ਕੇ ਹੀ ਦਿੰਦੇ। ਜੇ ਕਦੇ ਹੱਸਦੇ ਵੀ ਤਾਂ ਬਣਾਉਟੀ ਜਿਹਾ ਹਾਸਾ ਹੀ ਹੱਸਦੇ, ਜਿਵੇਂ ਉਸ ਹਾਸੇ ਦਾ ਦਿਲ ਅਤੇ ਫੇਫੜਿਆਂ ਨਾਲ ਕੋਈ ਸਰੋਕਾਰ ਹੀ ਨਾ ਹੋਵੇ। ਉਨ੍ਹਾਂ ਨੂੰ ਖ਼ੁਸ਼ ਰੱਖਣ ਲਈ ਅਸੀਂ ਸਾਰੇ ਟੱਬਰ ਨੇ ਪੂਰੀ ਟਿੱਲ ਲਾਈ ਹੋਈ ਸੀ। ਇੱਕ ਦਿਨ ਚਾਣਚੱਕ ਹੀ ਅੱਧੀ ਕੁ ਰਾਤ ਵੇਲੇ ਮਾਤਾ ਜੀ ਦੇ ਕਮਰੇ ਵਿੱਚ ਉੱਚੀ-ਉੱਚੀ ਹੱਸਣ ਦੀ ਆਵਾਜ਼ ਆਈ। ਉਨ੍ਹਾਂ ਨੂੰ ਇਕੱਲਿਆਂ ਹੱਸਦਿਆਂ ਵੇਖ ਕੇ ਸਾਰੇ ਟੱਬਰ ਨੂੰ ਚਾਅ ਚੜ੍ਹ ਗਿਆ।

‘‘ਮੂਡ ਠੀਕ ਹੋਣ ਨੂੰ ਕੀ ਲੱਗਦਾ ਏ। ਹਾਲਾਤ ਬਦਲ ਜਾਣ ਮੂਡ ਠੀਕ ਹੋ ਜਾਂਦੈ। ਵੇਖੋ ਨਾ ਜੀ, ਸਾਡੇ ਘੁਮਾਉਣ-ਫਿਰਾਉਣ ਨਾਲ ਈ ਮਾਤਾ ਜੀ ਨੂੰ ਕਿੰਨਾ ਫ਼ਰਕ ਪੈ ਗਿਐ।’’ ਸੀਤਲ ਇਕਦਮ ਬੋਲੀ।

ਮਾਤਾ ਜੀ ਨੂੰ ਹੱਸਦੇ ਵੇਖਣ ਲਈ ਮੇਰਾ ਮਨ ਬੇਤਾਬ ਸੀ। ਮੈਂ ਮਾਤਾ ਜੀ ਦੇ ਕਮਰੇ ਵੱਲ ਚਾਈਂ-ਚਾਈਂ ਨੱਸਾ ਗਿਆ।

‘‘ਸੀਤਲ, ਮਾਤਾ ਜੀ ਤਾਂ ਘੂਕ ਸੁੱਤੇ ਪਏ ਨੇ। ਉਹ ਤਾਂ ਸੁਪਨੇ ਵਿੱਚ ਹੀ ਹੱਸ ਰਹੇ ਸਨ।’’ ਮੈਂ ਸੀਤਲ ਨੂੰ ਆਵਾਜ਼ ਮਾਰ ਕੇ ਦੱਸਿਆ। ਉਹ ਵੀ ਹੈਰਾਨ ਹੋਈ ਮਾਤਾ ਜੀ ਦੇ ਕਮਰੇ ਵੱਲ ਨੱਸੀ ਆਈ। ਕੁਝ ਪਲਾਂ ਲਈ ਖ਼ੁਸ਼ ਹੋਏ ਸਾਡੇ ਮਨ ਫਿਰ ਉਦਾਸ ਹੋ ਗਏ।

‘‘ਮਾਤਾ ਜੀ! ਰਾਤ ਤੁਹਾਨੂੰ ਕੀ ਹੋ ਗਿਆ ਸੀ? ਤੁਸੀਂ ਤਾਂ ਇਕੱਲੇ ਹੀ ਉੱਚੀ-ਉੱਚੀ ਹੱਸ ਰਹੇ ਸੀ।’’ ਸਵਖਤੇ ਉੱਠਦੇ ਸਾਰ ਹੀ ਮੈਂ ਉਨ੍ਹਾਂ ਦਾ ਮਨ ਟੋਹਣ ਦੀ ਕੋਸ਼ਿਸ਼ ਕੀਤੀ।

‘‘ਕਾਕਾ, ਰਾਤ ਮੈਨੂੰ ਇੱਕ ਬਹੁਤ ਸੁੰਦਰ ਸੁਪਨਾ ਆਇਆ ਸੀ। ਕਈ ਦਿਨ ਪਹਿਲਾਂ ਸੀਤਲ ਨੇ ਮੈਨੂੰ ਮੇਰੇ ਭਤੀਜੇ ਦੇ ਵਿਆਹ ਦੀ ਮੂਵੀ ਲਾ ਕੇ ਦਿੱਤੀ ਸੀ। ਉਹ ਮੂਵੀ ਅੱਜ ਮੇਰੇ ਸੁਪਨੇ ਵਿੱਚ ਆ ਗਈ। ਡੀ.ਜੇ. ’ਤੇ ਉੱਚੀ-ਉੱਚੀ ਗੀਤ ਵੱਜ ਰਹੇ ਸਨ। ਗਿੱਧੇ ਤੇ ਭੰਗੜੇ ਦੀਆਂ ਧਮਾਲਾਂ ਪੈ ਰਹੀਆਂ ਸਨ। ਕੁੜੀਆਂ ਮੈਨੂੰ ਭੂਆ-ਭੂਆ ਆਹਨੀਆਂ ਖਿੱਚ-ਖਿੱਚ ਗਿੱਧੇ ਵਿੱਚ ਧਕੇਲ ਰਹੀਆਂ ਸਨ। ਆਪਣੇ ਆਪ ਨਾਲ ਇਉਂ ਹੁੰਦਾ ਵੇਖ, ਮੈਨੂੰ ਉੱਚੀ-ਉੱਚੀ ਹਾਸਾ ਆ ਰਿਹਾ ਸੀ। ਮੈਨੂੰ ਤਾਂ ਐਂ ਲੱਗਦਾ ਸੀ, ਜਿਵੇਂ ਮੈਂ ਇੰਡੀਆ, ਆਪਣੇ ਭਤੀਜੇ ਦੇ ਵਿਆਹ ਵਿੱਚ ਟਹਿਲਦੀ ਫਿਰਦੀ ਹੋਵਾਂ।’’

‘‘ਮਾਤਾ ਜੀ, ਫਿਰ ਤਾਂ ਬੜਾ ਚੰਗਾ ਸੁਪਨਾ ਆਇਐ। ਵਿਆਹਾਂ ਦੇ ਸੁਪਨੇ ਤਾਂ ਸ਼ੁਭ ਮੰਨੇ ਜਾਂਦੇ ਨੇ। ਨਾਲੇ ਸੁਪਨੇ ਤਾਂ ਕਈ ਵਾਰ ਸੱਚੇ ਵੀ ਹੋ ਜਾਂਦੇ ਨੇ।’’ ‘‘ਪੁੱਤ, ਵਾਹਿਗੁਰੂ ਤੇਰੀ ਉਮਰ ਲੰਬੀ ਕਰੇ। ਤੇਰੀ ਬੋਲੀ ਨੂੰ ਭਾਗ ਲੱਗ ਜਾਣ। ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।’’ ਮੇਰਾ ਜੁਆਬ ਸੁਣ ਕੇ ਮਾਤਾ ਜੀ ਨੇ ਮੈਨੂੰ ਢੇਰ ਸਾਰੀਆਂ ਅਸੀਸਾਂ ਦਿੱਤੀਆਂ।

‘‘ਜੀ, ਇਨ੍ਹਾਂ ਦਾ ਜੀਅ ਇੰਡੀਆ ਜਾਣ ਨੂੰ ਕਰਦੈ। ਵੇਖੋ ਨ੍ਹਾ, ਸੁਪਨੇ ਸੱਚ ਹੋਣ ਬਾਰੇ ਸੁਣ ਕੇ ਇਨ੍ਹਾਂ ਖ਼ੁਸ਼ ਹੋ ਕੇ ਤੁਹਾਨੂੰ ਕਿੰਨੀਆਂ ਅਸੀਸਾਂ ਦਿੱਤੀਆਂ ਨੇ।’’ ਮਾਤਾ ਜੀ ਨੂੰ ਖ਼ੁਸ਼ ਹੋਏ ਵੇਖ ਸੀਤਲ ਝੱਟ ਬੋਲੀ।

‘‘ਮਾਤਾ ਜੀ, ਤੁਸੀਂ ਤੇ ਮੈਂ ਪਰਸੋਂ ਨੂੰ ਇੰਡੀਆ ਜਾ

ਰਹੇ ਆਂ। ਅਹਿ ਵੇਖੋ, ਜਹਾਜ਼ ਦੀਆਂ ਦੋ ਟਿਕਟਾਂ।’’

ਸ਼ਾਮ ਵਕਤ ਘਰ ਆਉਂਦਿਆਂ ਹੀ ਮੈਂ ਦੋ ਹਵਾਈ ਟਿਕਟਾਂ ਮਾਤਾ ਜੀ ਨੂੰ ਵਿਖਾਉਂਦਿਆਂ ਆਖਿਆ।

ਮੇਰੇ ਹੱਥ ਵਿੱਚ ਫੜੀਆਂ ਦੋ ਟਿਕਟਾਂ ਵੇਖ ਕੇ ਵੀ ਉਨ੍ਹਾਂ ਨੇ ਕੋਈ ਉਤਸੁਕਤਾ ਨਾ ਵਿਖਾਈ। ਉਨ੍ਹਾਂ ਸਰਸਰੀ ਜਿਹਾ ਮੇਰੇ ਵੱਲ ਇਉਂ ਵੇਖਿਆ ਜਿਵੇਂ ਉਹ ਮੇਰੀਆਂ ਗੱਲਾਂ ਨੂੰ ਦਿਲਬਰੀਆਂ ਦੇਣ ਦਾ ਇੱਕ ਢੋਂਗ ਸਮਝ ਰਹੇ ਹੋਣ। ਮੇਰੇ ਵਾਰ-ਵਾਰ ਆਖਣ ’ਤੇ ਵੀ ਉਨ੍ਹਾਂ ਨੂੰ ਅਚੰਭਾ ਜਿਹਾ ਲੱਗ ਰਿਹਾ ਸੀ। ਉਹ ਬੌਂਦਲੇ ਹੋਏ ਤੇ ਭੈਅ-ਭੀਤ ਸਨ।

‘‘ਸੀਤਲ, ਮਾਤਾ ਜੀ ਤਾਂ ਜਹਾਜ਼ ਦੀਆਂ ਟਿਕਟਾਂ ਵੇਖ ਕੇ ਵੀ ਖ਼ੁਸ਼ ਨਹੀਂ ਹੋਏ। ਕਿਤੇ ਇਨ੍ਹਾਂ ਨੂੰ ਕੋਈ ਮਨੋ-ਰੋਗ ਨਾ ਹੋ ਗਿਆ ਹੋਵੇ।’’ ਮਾਤਾ ਜੀ ਦਾ ਬੌਂਦਲਿਆ ਚਿਹਰਾ ਵੇਖ ਮੈਂ ਆਪਣੀ ਘਰਵਾਲੀ ਨੂੰ ਆਖਿਆ।

‘‘ਜੀ, ਇਸ ਉਮਰ ਵਿੱਚ ਸਿਆਣਿਆਂ ਨੂੰ ਇਹ ਬਿਮਾਰੀ ਵੀ ਹੋ ਜਾਂਦੀ ਆ। ਮੈਂ ਤਾਂ ਰੋਜ਼ ਏਜ਼ਡ ਕੇਅਰ ਵਿੱਚ ਵੇਖਦੀ ਆਂ।’’ ਸੀਤਲ ਵੀ ਫ਼ਿਕਰ ਨਾਲ ਬੋਲੀ। ਸੀਤਲ ਦੀ ਇਹ ਗੱਲ ਸੁਣ ਕੇ ਮੈਂ ਸ਼ਸ਼ੋਪੰਜ ਵਿੱਚ ਪੈ ਗਿਆ।

‘‘ਤੁਸੀਂ ਇਨ੍ਹਾਂ ਨੂੰ ਇੰਡੀਆ ਈ ਲੈ ਜਾਓ। ਨਾਲੇ ਉੱਥੇ ਇਲਾਜ ਕਰਾ ਦਿਓ।’’ ਮੈਨੂੰ ਸ਼ਸ਼ੋਪੰਜ ਵਿੱਚ ਪਿਆ ਵੇਖ ਸੀਤਲ ਨੇ ਸਲਾਹ ਦਿੱਤੀ। ਆਖ਼ਿਰ ਮੈਂ ਇੰਡੀਆ ਜਾਣ ਦਾ ਹੀ ਫ਼ੈਸਲਾ ਕਰ ਲਿਆ।

‘‘ਭੂਆ ਜੀ, ਸਤਿ ਸ੍ਰੀ ਅਕਾਲ!’’ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੀ ਸੁਖਦੀਪ ਨੇ ਮਾਤਾ ਜੀ ਨੂੰ ਉੱਚੀ ਦੇਣੀ ਆਖਿਆ। ਆਪਣੇ ਭਤੀਜੇ ਦੇ ਮੂੰਹੋਂ ‘ਸਤਿ ਸ੍ਰੀ ਅਕਾਲ’ ਦੇ ਸ਼ਬਦ ਸੁਣ ਕੇ ਮਾਤਾ ਜੀ ਦਾ ਚਿਹਰਾ ਦਗ ਉੱਠਿਆ, ਜਿਵੇਂ ਉਨ੍ਹਾਂ ਦੇ ਜ਼ਿਹਨ ਵਿੱਚ ਹਜ਼ਾਰਾਂ ਤਾਰੇ ਉਗਮ ਪਏ ਹੋਣ। ਉਦਾਸੀ ਪਲਾਂ ਵਿੱਚ ਹੀ ਕਿਧਰੇ ਲੋਪ ਹੋ ਗਈ।

‘‘ਚਲੋ ਮਾਤਾ ਜੀ ਤਾਂ ਖ਼ੁਸ਼ ਹੋਏ। ਬਾਕੀ ਤਾਂ ਹੋਇਆ ਸੋ ਹੋਇਆ।’’ ਏਅਰਪੋਰਟ ’ਤੇ ਖੜ੍ਹੇ-ਖੜ੍ਹੇ ਮੈਂ ਆਪਣੇ ਮਨ ਨੂੰ ਤਸੱਲੀ ਦਿੱਤੀ। ਦਿੱਲੀ ਹਵਾਈ ਅੱਡੇ ਤੋਂ ਪਿੰਡ ਤੱਕ ਸੱਤ-ਅੱਠ ਘੰਟੇ ਦੇ ਸਫ਼ਰ ਦੌਰਾਨ ਮਾਤਾ ਜੀ ਦੀਆਂ ਆਪਣੇ ਭਤੀਜੇ ਨਾਲ ਗੱਲਾਂ ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀਆਂ।

‘‘ਸੁਖਦੀਪ, ਮੈਂ ਤਾਂ ਕੁਝ ਦਿਨਾਂ ਬਾਅਦ ਵਾਪਸ ਮੁੜ ਜਾਣਾਂ ਏਂ। ਤੂੰ ਮਾਤਾ ਜੀ ਦਾ ਖ਼ਿਆਲ ਰੱਖੀਂ। ਸਾਡੇ ਪਿੰਡ ਛੇਤੀ-ਛੇਤੀ ਗੇੜਾ ਮਾਰ ਜਾਇਆ ਕਰੀਂ।’’ ਮੈਂ ਸੁਖਦੀਪ ਨੂੰ ਆਖਿਆ।

‘‘ਭਾਅ ਜੀ, ਤੁਸੀਂ ਭੂਆ ਜੀ ਦਾ ਕਾਹਦਾ ਫ਼ਿਕਰ ਕਰਦੇ ਓ। ਅਸੀਂ ਸਭ ਇੱਥੇ ਹੀ ਆਂ।’’ ਸੁਖਦੀਪ ਝੱਟ ਬੋਲਿਆ। ਕੁਝ ਕੁ ਦਿਨਾਂ ਵਿੱਚ ਹੀ ਮਾਤਾ ਜੀ ਸਾਰੇ ਆਂਢ-ਗੁਆਂਢ ਵਿੱਚ ਖ਼ੂਬ ਰਚ-ਮਿਚ ਗਏ, ਜਿਵੇਂ ਕੈਨੇਡਾ ਦੀ ਯਾਦ ਹੀ ਭੁੱਲ ਗਈ ਹੋਵੇ। ਮੈਂ ਕੁਝ ਕੁ ਦਿਨਾਂ ਬਾਅਦ ਕੈਨੇਡਾ ਮੁੜ ਗਿਆ। ਸੀਤਲ ਅਕਸਰ ਹੀ ਵੀਕਐੰਂਡ ’ਤੇ ਮਾਤਾ ਜੀ ਦਾ ਹਾਲ-ਚਾਲ ਪੁੱਛ ਲੈਂਦੀ ਸੀ।

‘‘ਮਾਤਾ ਜੀ, ਕਿਵੇਂ ਓਂ?’’ ਇੱਕ ਦਿਨ ਟਾਈਮ ਕੱਢ ਕੇ ਮੈਂ ਖ਼ੁਦ ਮਾਤਾ ਜੀ ਨਾਲ ਫੋਨ ’ਤੇ ਗੱਲ ਕੀਤੀ।

‘‘ਕਾਕਾ, ਠੀਕ ਐ।’’ ਇੰਨਾ ਕੁ ਆਖ ਮਾਤਾ ਜੀ ਚੁੱਪ ਕਰ ਗਏ।

‘‘ਮਾਤਾ, ਤੁਹਾਡੀ ਸਿਹਤ ਠੀਕ ਏ?’’ ਮਾਤਾ ਜੀ ਦੇ ਢਿੱਲਾ ਜਿਹਾ ਬੋਲਣ ਕਾਰਨ ਮੈਂ ਉਤਸੁਕਤਾ ਨਾਲ ਪੁੱਛਿਆ।

‘‘ਕਾਕਾ, ਸਿਹਤ ਤਾਂ ਠੀਕ ਐ, ਬਸ ਕਈ ਵਾਰ ਬੱਚਿਆਂ ਨੂੰ ਯਾਦ ਕਰਕੇ ਊਂਈ ਮਨ ਉਦਾਸ ਹੋ ਜਾਂਦਾ ਐ। ਹੁਣ ਹੈਦਰ ਆਉਣ ਲਈ ਮਨ ਕਾਹਲਾ ਹੋਇਆ ਪਿਆ ਐ।’’ ਮਾਤਾ ਜੀ ਨਮੋਸ਼ੀ ਜਿਹੀ ’ਚ ਬੋਲੇ।

‘‘ਮਾਤਾ ਜੀ, ਮਹੀਨੇ-ਡਿਓੜ ਮਹੀਨੇ ਵਿੱਚ ਹੀ ਤੁਹਾਡਾ ਮਨ ਉਦਾਸ ਹੋ ਗਿਆ। ਤੁਸੀਂ ਤਾਂ ਆਂਹਦੇ ਸੀ ਮੈਂ ਇੱਕ ਸਾਲ ਇੰਡੀਆ ਰਹਿ ਕੇ ਆਉਣੈਂ।’’ ‘‘ਪੁੱਤ, ਹੁਣ ਐਧਰ ਵੀ ਪਹਿਲਾਂ ਵਾਲੀਆਂ ਗੱਲਾਂ ਨ੍ਹੀਂ ਐਂ। ਲੋਕ ਬਹੁਤ ਬਦਲ ਗਏ ਆ।’’

‘‘ਮਾਤਾ ਜੀ, ਤੁਹਾਡਾ ਪ੍ਰੋਗਰਾਮ ਤਾਂ ਪਹਿਲਾਂ ਜਾਂਦਿਆਂ ਈ ਮਹੀਨਾ ਮਾਮਾ ਜੀ ਕੋਲ ਰਹਿਣ ਦਾ ਸੀ। ਤੇ ਬਾਅਦ ਵਿੱਚ ਮਹੀਨਾ-ਮਹੀਨਾ ਮਾਸੀ ਜੀ ਤੇ ਭੂਆ ਜੀ ਕੋਲ। ਕੀ ਗੱਲ ਗਏ ਨ੍ਹੀਂ ਉੱਥੇ?’’ ਮੈਂ ਉਤਸੁਕਤਾ ਨਾਲ ਪੁੱਛਿਆ।

‘‘ਪੁੱਤ, ਮੈਂ ਤੇਰੇ ਮਾਮੇ ਕੋਲ ਗਈ ਸੀ ਰਹਿਣ, ਪਰ ਉਹਨੂੰ ਤਾਂ ਵਿਚਾਰੇ ਨੂੰ ਆਪਣੇ ਝੰਜਟਾਂ ਤੋਂ ਈ ਵਿਹਲ ਨ੍ਹੀਂ ਮਿਲਦੀ। ਦੋ ਤਾਂ ਉਹਦੇ ਜ਼ਮੀਨਾਂ ਦੇ ਮੁਕੱਦਮੇ ਚੱਲਦੇ ਐ। ਇੱਕ ਸਿਰ ’ਤੇ ਕਰਜ਼ਾ ਚੜ੍ਹਿਆ ਹੋਇਆ। ਉਹ ਤਾਂ ਇਨ੍ਹਾਂ ਝੋਰਿਆਂ ਨੇ ਈ ਲੈ ਲਿਆ ਵਿਚਾਰਾ।’’

‘‘ਮਾਤਾ ਜੀ, ਮਾਮੀ ਦਾ ਕੀ ਹਾਲ ਏ?’’ ਮੈਂ ਪੁੱਛਿਆ।

‘‘ਕਾਕਾ, ਮਾਮੀ ਤੇਰੀ ਊਂ ਢਿੱਲੀ ਜਿਹੀ ਰਹਿੰਦੀ ਐ। ਉਹ ਚੰਡੀਗੜ੍ਹੋਂ ਦੁਆਈ ਖਾਂਦੀ ਐ। ਵਹੁਟੀ ਸੁਖਦੀਪ ਨੂੰ ਲੈ ਕੇ ਅੱਡ ਹੋਈਓ ਐ। ਕੋਈ ਮੰਨਦਾ ਕਿਸੇ ਦਾ ਆਖਾ ਅੱਜਕੱਲ੍ਹ। ਸਭ ਦੇ ਆਪੋ-ਆਪਣੇ ਰਾਹ ਐ। ਫਿਰ ਮੇਰਾ ਨ੍ਹੀਂ ਚਿੱਤ ਲੱਗਿਆ ਉੱਥੇ। ਮੈਂ ਤਾਂ ਦੂਜੇ-ਤੀਜੇ ਦਿਨ ਈ ਉੱਥੋਂ ਤੇਰੀ ਮਾਸੀ ਦੇ ਚਲੇ ਗਈ ਸੀ।’’

‘‘ਫਿਰ ਤੁਸੀਂ ਉੱਥੇ ਰਹਿ ਲੈਣਾ ਸੀ?’’ ਮੈਂ ਆਖਿਆ।

‘‘ਪੁੱਤ, ਜਦ ਮੈਂ ਤੇਰੀ ਮਾਸੀ ਦੇ ਘਰ ਗਈ, ਉਹ ਪਹਿਲਾਂ ਈ ਮੂੰਹ ਮੋਟਾ ਕਰਕੇ ਬੈਠੀ ਸੀ। ਉਹਨੇ ਤਾਂ ਮੈਨੂੰ ਸਿੱਧੇ ਮੂੰਹ ਬੁਲਾਇਆ ਵੀ ਨਹੀਂ ਸੀ।’’

‘‘ਮਾਤਾ ਜੀ, ਮਾਸੀ ਜੀ ਤੁਹਾਡੇ ਨਾਲ ਕਿਉਂ ਨਾਰਾਜ਼ ਸੀ?’’ ਮੈਂ ਵਿਚਾਲਿਉਂ ਹੀ ਸਰਸਰੀ ਜਿਹੇ ਪੁੱਛਿਆ।

‘‘ਆਂਹਦੀ ਤੂੰ ਆਪ ਕੈਨੇਡਾ ’ਚ ਮੌਜਾਂ ਕਰਦੀ ਐਂ। ਮੇਰਾ ਕਦੇ ਨਾਂ ਵੀ ਨ੍ਹੀਂ ਰੱਖਦੀ। ਸਾਨੂੰ ਕਾਹਦਾ ਭਾਅ ਐ ਤੇਰੀ ਕੈਨੇਡਾ ਦਾ। ਲੋਕਾਂ ਦੇ ਰਿਸ਼ਤੇਦਾਰ ਐ। ਝੱਟ ਆਪਣੇ ਬੰਦੇ ਨੂੰ ਬਾਹਰ ਕੱਢ ਲੈਂਦੇ ਐ। ਅਗਲਾ ਦੋ-ਤਿੰਨ ਮਹੀਨੇ ਲਾ ਕੇ ਡਾਲਰ ਈ ਡਾਲਰ ਕਮਾ ਲੈਂਦਾ ਐ। ਜੇ ਤੂੰ ਮੈਨੂੰ ਕੈਨੇਡਾ ਬੁਲਾ ਲੈਂਦੀ, ਮੈਂ ਵੀ ਚਾਰ ਡਾਲਰ ਕਮਾ ਲੈਂਦੀ। ਪਰ ਅੱਜਕੱਲ੍ਹ ਕਿਸੇ ਨੂੰ ਰੋਟੀ ਖਾਂਦਾ ਵੇਖ ਕੇ ਕੌਣ ਖ਼ੁਸ਼ ਐ। ਸਭ ਸੜੇਵਾਂ ਕਰਦੇ ਐ। ਕੋਈ ਭੈਣ ਹੋਵੇ, ਭਾਈ ਹੋਵੇ। ਬਸ ਉਹਨੇ ਤਾਂ ਸਾਰੀ ਰਾਤ ਆਹੀ ਕਹਾਣੀ ਛੇੜ ਰੱਖੀ। ਨਾ ਆਪ ਸੁੱਤੀ ਨਾ ਮੈਨੂੰ ਸੌਣ ਦਿੱਤਾ। ਸੁੱਖ-ਸਾਂਦ ਤਾਂ ਕਿਸੇ ਦੀ ਕੀ ਪੁੱਛਣੀ ਸੀ।’’ ਮਾਤਾ ਜੀ ਨੇ ਹਿਰਖਦਿਆਂ ਦੱਸਿਆ।

‘‘ਮਾਤਾ ਜੀ, ਤੁਸੀਂ ਦੱਸਣਾ ਸੀ ਮਾਸੀ ਜੀ ਨੂੰ ਕਿ ਕੈਨੇਡਾ ਵਿੱਚ ਬੁੱਢੇ ਬੰਦਿਆਂ ਨੂੰ ਕੌਣ ਕੰਮ ’ਤੇ ਰੱਖ ਲਊ? ਨਾਲੇ ਕੰਮ ਕਰਨ ਲਈ ਡਰਾਈਵਿੰਗ ਲਾਇਸੈਂਸ ਚਾਹੀਦੈ। ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਆਉਣੀ ਚਾਹੀਦੀ ਐ, ਪਰ ਮਾਸੀ ਜੀ ਤਾਂ ਕਦੇ ਸਕੂਲ ਈ ਨ੍ਹੀਂ ਗਏ।’’ ਮੈਂ ਆਖਿਆ।

‘‘ਕਾਕਾ, ਆਖਿਆ ਸੀ। ਪਰ ਤੇਰੀ ਮਾਸੀ ਮੇਰੀ ਕੋਈ ਗੱਲ ਸੁਣਦੀ ਸੀ! ਉਹ ਤਾਂ ਆਪਣੇ ਈ ਉਲਾਂਭੇ ਦੇਈ ਗਈ। ਫਿਰ ਮੇਰਾ ਤਾਂ ਉੱਥੇ ਮਨ ਈ ਖ਼ਰਾਬ ਹੋ ਗਿਆ। ਮੈਂ ਤਾਂ ਉੱਥੋਂ ਈ ਪਿੰਡ ਵਾਪਸ ਮੁੜ ਆਈ। ਮੈਥੋਂ ਤਾਂ ਅਜੇ ਤਾਈਂ ਤੇਰੀ ਭੂਆ ਦੇ ਵੀ ਨ੍ਹੀਂ ਜਾ ਹੋਇਆ।’’

‘‘ਮਾਤਾ ਜੀ, ਹੁਣ ਫਿਰ ’ਕੱਲੇ ਈ ਪਿੰਡ ਰਹਿੰਨੇ ਓਂ?’’

‘‘ਗੁਰਪ੍ਰੀਤ, ਪਿੰਡ ਈ ਰਹਿਣਾ ਠੀਕ ਆ। ਨਾ ਕਿਸੇ ਦੀ ਚੰਗੀ ’ਚ, ਨਾ ਮਾੜੀ ’ਚ। ਕੋਈ ਨਾ ਕੋਈ ਪਿੰਡ ’ਚੋਂ ਮਿਲਣ ਆ ਜਾਂਦਾ ਐ। ਟੈਮ ਪਾਸ ਹੋ ਜਾਂਦਾ ਐ।’’

‘‘ਕਾਕਾ, ਕੱਲ੍ਹ ਲੰਬੜਾਂ ਦੀ ਪ੍ਰੀਤਮ ਕੌਰ ਮਿਲਣ ਆਈ ਸੀ। ਉਹ ਤੇਰੇ ਬਾਰੇ ਪੁੱਛਦੀ ਸੀ।’’ ਕੁਝ ਚਿਰ ਦੀ ਚੁੱਪ ਤੋਂ ਬਾਅਦ ਮਾਤਾ ਜੀ ਫਿਰ ਬੋਲੇ।

‘‘ਉਹ ਕੀ ਕਹਿੰਦੇ ਸੀ ਮਾਤਾ ਜੀ?’’ ਮੈਂ ਅਹੁਲ ਕੇ ਪੁੱਛਿਆ।

‘‘ਕਾਕਾ, ਪ੍ਰੀਤਮ ਕੌਰ ਨੇ ਦੋ ਕੁ ਸਾਲ ਹੋਏ ਆਪਣੇ ਮੁੰਡੇ ਦਾ ਵਿਆਹ ਆਇਲਟ ਵਾਲੀ ਕੁੜੀ ਨਾਲ ਕੀਤਾ ਸੀ। ਵਿਆਹ ’ਤੇ ਸਾਰਾ ਖ਼ਰਚਾ ਵੀ ਇਨ੍ਹਾਂ ਨੇ ਈ ਕੀਤਾ ਸੀ। ਹੁਣ ਕੁੜੀ ਕੈਨੇਡਾ ਜਾ ਕੇ ਮੁੰਡੇ ਨੂੰ ਫੋਨ ਨ੍ਹੀਂ ਕਰਦੀ। ਉਹ ਆਂਹਦੀ ਸੀ ਤੂੰ ਗੁਰਪ੍ਰੀਤ ਨੂੰ ਆਖੀਂ, ਉਹ ਕੈਨੇਡਾ ’ਚ ਫੋਨ ’ਤੇ ਕੁੜੀ ਨਾਲ ਗੱਲ ਕਰੇ। ਉਹਨੂੰ ਸਮਝਾਵੇ ਭਈ ਉਹ ਮੁੰਡੇ ਨੂੰ ਫੋਨ ਕਾਹਤੇ ਨ੍ਹੀਂ ਕਰਦੀ। ਮੁੰਡੇ ਦਾ ਬਾਪ ਘਰ ਬੈਠਾ ਹਉਕਾ ਕਰੀ ਜਾਂਦਾ ਐ। ਲੋਨ ਚੁੱਕ ਕੇ ਉਹਨੇ ਵਿਆਹ ਕੀਤਾ ਸੀ। ਉਹ ਵਿਚਾਰੀ ਇਹ ਰੋਣੇ ਰੋਂਦੀ ਸੀ।’’

‘‘ਮਾਤਾ ਜੀ, ਤੁਸੀਂ ਦੱਸਣਾ ਸੀ ਕਿ ਕੈਨੇਡਾ ਵਿੱਚ ਹਰ ਇੱਕ ਬੰਦੇ ਦਾ ਪ੍ਰਾਈਵੇਸੀ ਰਾਈਟ ਐ। ਅਸੀਂ ਕਿਸੇ ਅਣਜਾਣ ਵਿਅਕਤੀ ਨੂੰ ਕੁਝ ਨਹੀਂ ਆਖ ਸਕਦੇ।’’

‘‘ਪੁੱਤ, ਇਨ੍ਹਾਂ ਲੋਕਾਂ ਨੂੰ ਹੈਦਰ ਦੀਆਂ ਗੱਲਾਂ ਦਾ ਕਿਆ ਪਤਾ। ਐਵੇਂ ਕਿਸੇ ਨਾਲ ਬਹਿਸਣ ਦਾ ਕੀ ਫੈਦਾ।’’

‘‘ਲੈ ਸੱਚ, ਇੱਕ ਗੱਲ ਮੈਨੂੰ ਭੁੱਲ ਈ ਗਈ ਸੀ।’’ ਗੱਲ ਕਰਦੇ-ਕਰਦੇ ਮਾਤਾ ਜੀ ਵਿਚਾਲੇ ਹੀ ਬੋਲੇ।

‘‘ਮਾਤਾ ਜੀ ਕਿਹੜੀ ਗੱਲ?’’ ਮੈਂ ਪੁੱਛਿਆ।

‘‘ਕੱਲ੍ਹ ਸੁਖਦੀਪ ਦਾ ਫੋਨ ਆਇਆ ਸੀ। ਉਹ ਕਹਿੰਦਾ ਸੀ ਕਿ ਮੈਂ ਆਪਣੀ ਕੁੜੀ ਤੁਹਾਡੇ ਕੋਲ ਪੜ੍ਹਨ ਭੇਜਣੀ ਐਂ।’’

‘‘ਮਾਤਾ ਜੀ, ਫਿਰ ਤੁਸੀਂ ਆਖਣਾ ਸੀ, ਜਿੰਨਾ ਚਿਰ ਕੁੜੀ ਨੇ ਸਾਡੇ ਕੋਲ ਰਹਿਣਾ ਐਂ, ਉਹ ਰਹਿ ਲਵੇ। ਇਹ ਕਿਹੜੇ ਕੋਈ ਓਪਰੀ ਕੁੜੀ ਐ?’’

‘‘ਕਾਕਾ, ਇਹ ਤਾਂ ਮੈਂ ਕਿਹਾ ਸੀ, ਪਰ ਨਾਲ ਉਹ ਇਹ ਵੀ ਕਹਿੰਦਾ ਸੀ ਕਿ ਭੂਆ ਜਦੋਂ ਕਦੇ ਕੁੜੀ ਨੂੰ ਫੀਸ ਦੀ ਲੋੜ ਹੋਵੇ, ਤਾਂ ਤੁਸੀਂ ਈ ਖਿਆਲ ਰੱਖਣਾ ਐਂ। ਬਸ ਮੈਂ ਤਾਂ ਕੁੜੀ ਥੋਨੂੰ ਸੰਭਾਲ ਦਿੱਤੀ ਐ।’’

ਮਾਤਾ ਜੀ ਦੀ ਇਹ ਗੱਲ ਸੁਣ ਕੇ ਮੈਨੂੰ ਇੱਕ ਚੱਕਰ ਜਿਹਾ ਆਇਆ ਜਿਵੇਂ ਮੇਰੇ ਅਚੇਤ ਮਨ ਵਿੱਚ ਮਕਾਨ ਦੀਆਂ ਕਿਸ਼ਤਾਂ ਦੀ ਯਾਦ ਆ ਗਈ ਹੋਵੇ। ‘‘ਮਾਤਾ ਜੀ, ਤੁਹਾਡਾ ਆਉਣ ਦਾ ਕੀ ਪ੍ਰੋਗਰਾਮ ਐਂ?’’ ਕੁਝ ਸਮੇਂ ਦੀ ਖ਼ਾਮੋਸ਼ੀ ਬਾਅਦ ਮੈਂ ਪੁੱਛਿਆ।

‘‘ਪੁੱਤ, ਮੈਨੂੰ ਤਾਂ ਜਦੋਂ ਮਰਜ਼ੀ ਆ ਕੇ ਲੈ ਜਾ। ਮੇਰਾ ਕਿਹੜੇ ’ਕੱਲੀ ਦਾ ਐਥੇ ਟੈਮ ਪਾਸ ਹੁੰਦੈ। ਊਂ ਤਾਂ ਮੈਨੂੰ ਕਦੇ-ਕਦੇ ਸੀਤਲ ਵੀ ਸੁੱਖ-ਸਾਂਦ ਪੁੱਛ ਲੈਂਦੀ ਐ। ਪਰ ਨੂੰਹ ਨਾਲ ਥੋੜ੍ਹੇ ਐਦਾਂ ਦੀਆਂ ਗੱਲਾਂ ਹੁੰਦੀਆਂ ਐਂ। ਉਨ੍ਹਾਂ ਕਹਿਣਾ ਇਨ੍ਹਾਂ ਦੇ ਰਿਸ਼ਤੇਦਾਰ ਕਿੱਦਾਂ ਦੇ ਐ।’’ ਮਾਤਾ ਜੀ ਨੇ ਮੈਨੂੰ ਆਖਿਆ।

‘‘ਠੀਕ ਏ, ਮਾਤਾ ਜੀ, ਮੈਂ ਅਗਲੇ ਐਤਵਾਰ ਆਵਾਂਗਾ। ਉਦੋਂ ਤੱਕ ਤੁਸੀਂ ਸ਼ਾਪਿੰਗ ਵਗੈਰਾ ਕਰ ਲੈਣੀ। ਫਿਰ ਇਕੱਠੇ ਵਾਪਸ ਮੁੜ ਜਾਵਾਂਗੇ।’’ ਟੂੰ-ਟੂੰ ਦੀ ਆਵਾਜ਼ ਨਾਲ ਫੋਨ ਕੱਟਿਆ ਗਿਆ।

ਪਿੰਡ ਪਹੁੰਚਿਆ ਤਾਂ ਮੇਰੀ ਚਚੇਰੀ ਭੈਣ ਨੇ ਦੱਸਿਆ, ‘‘ਗੁਰਪ੍ਰੀਤ ਭਾਅ ਜੀ, ਤਾਈ ਜੀ ਤਾਂ ਕੱਲ੍ਹ ਦੇ ਹਸਪਤਾਲ ਦਾਖਲ ਨੇ। ਉਹ ਕੱਲ੍ਹ ਮੰਮੀ ਜੀ ਨਾਲ ਸ਼ਹਿਰ ਸ਼ਾਪਿੰਗ ਕਰਨ ਗਏ ਸੀ। ਬਾਜ਼ਾਰ ਵਿੱਚ ਤੁਰੇ ਜਾਂਦਿਆਂ ਦੋ ਮੋਟਰ ਸਾਈਕਲ ਸਵਾਰਾਂ ਨੇ ਉਨ੍ਹਾਂ ਦੇ ਗਲ ਦੀ ਚੇਨੀ ਝਪਟ ਲਈ ਏ। ਤੇ ਨਾਲੇ ਤਾਈ ਜੀ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਸੀ। ਉਨ੍ਹਾਂ ਦੇ ਸਿਰ ’ਤੇ ਸੱਟ ਲੱਗੀ ਏ।’’ ਇਹ ਖ਼ਬਰ ਸੁਣ ਕਿ ਮੈਂ ਘਬਰਾਅ ਗਿਆ, ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ। ਮੈਂ ਉਨ੍ਹੀਂ ਪੈਰੀਂ ਹਸਪਤਾਲ ਜਾ ਅੱਪੜਿਆ।

‘‘ਪੁੱਤ, ਮੈਂ ਇੰਡੀਆ ਜਾਣੈਂ, ਮੈਂ ਇੰਡੀਆ ਜਾਣੈ।’’ ਮਾਤਾ ਜੀ ਅਰਧਬੇਹੋਸ਼ੀ ਦੀ ਹਾਲਤ ਵਿੱਚ ਬੈੱਡ ’ਤੇ ਪਏ ਬੁੜਬੁੜਾ ਰਹੇ ਸਨ।



News Source link
#ਪਤ #ਮ #ਇਡਆ #ਜਣ

- Advertisement -

More articles

- Advertisement -

Latest article