28.3 C
Patiāla
Monday, May 13, 2024

ਸਾਹਬ

Must read


ਹਰਪ੍ਰੀਤ ਬਰਾੜ ਸਿੱਧੂ

ਬਾਹਰ ਥਾਣਾ ਸਦਰ ਦੇ ਬੋਰਡ ਉੱਤੇ ਨਜ਼ਰ ਮਾਰ ਕੇ ਕੁੜੀ ਦਾ ਪੀਲਾ ਪਿਆ ਮੂੰਹ ਹੋਰ ਪੀਲਾ ਪੈ ਗਿਆ ਸੀ। ਨਾਲ ਵਾਲਾ ਬਜ਼ੁਰਗ ਹੌਲੀ ਹੌਲੀ ਉਸ ਦੇ ਨਾਲ ਨਾਲ ਤੁਰਦਾ ਆ ਰਿਹਾ ਸੀ। ਸੱਜੇ ਹੱਥ ਕਿੰਨੇ ਹੀ ਨਵੇਂ ਪੁਰਾਣੇ ਅਤੇ ਕੁਝ ਜੰਗਾਲੇ ਹੋਏ ਵਾਹਨ ਖੜ੍ਹੇ ਸਨ ਅਤੇ ਖੱਬੇ ਹੱਥ ਪੁਰਾਣੀਆਂ ਜਿਹੀਆਂ ਕੁਰਸੀਆਂ ਉੱਤੇ ਕੁਝ ਮੁਲਾਜ਼ਮ ਅਤੇ ਕੁਝ ਸਿਫਾਰਸ਼ੀ ਬੈਠੇ ਸਨ।

“ਸਾਹਬ ਬੈਠੇ ਹਨ?” ਮੁਲਾਜ਼ਮ ਵੱਲੋਂ ਹੁੰਗਾਰਾ ਭਰਨ ਉੱਤੇ ਉਹ ਦੋਵੇਂ ਅੱਗੇ ਜਾ ਕੇ ਬੈਂਚ ਉੱਤੇ ਬੈਠ ਗਏ। ਜਿੱਥੇ ਪਹਿਲਾਂ ਤੋਂ ਬੈਠਿਆਂ ਦੀਆਂ ਅੱਖਾਂ ਉਸ ਮਲੂਕ ਜਿਹੀ ਕੁੜੀ ’ਤੇ ਟਿਕ ਗਈਆਂ ਸਨ। ਕੋਲ ਬੈਠੇ ਸਿਆਣੀ ਉਮਰ ਦੇ ਹੌਲਦਾਰ ਦੇ ਅੰਦਰੋਂ ਆਪਣੇ ਆਪ ਇੱਕ ਹਉਕਾ ਨਿਕਲ ਆਇਆ ਸੀ, ‘‘ਰੱਬਾ ਜਾਂ ਤਾਂ ਸੋਹਣਾ ਨਾ ਬਣਾ ਤੇ ਜਾਂ ਫੇਰ ਗਰੀਬ ਨਾ ਬਣਾ।”

ਚੰਦ ਹੀ ਮਿੰਟਾਂ ਪਿੱਛੋਂ ਉਨ੍ਹਾਂ ਨੂੰ ਆਵਾਜ਼ ਪੈ ਗਈ ਸੀ। ਸ਼ਾਇਦ ਸਾਹਬ ਦੀ ਨਜ਼ਰ ਵੀ ਕੁੜੀ ਉੱਤੇ ਪੈ ਗਈ ਸੀ। ਸਾਹਬ ਦਾ ਨਾਮ ਵੀ ਸਾਹਿਬਜੀਤ ਸਿੰਘ ਹੀ ਸੀ। ਸਿੱਧਾ ਥਾਣੇਦਾਰ ਭਰਤੀ ਹੋ ਗਿਆ ਸੀ ਅਤੇ ਉੱਤੋਂ ਮਹਿਕਮੇ ਵਿੱਚ ਯਾਰੀ ਵੀ ਕੁਝ ਐਸੇ ਲੋਕਾਂ ਨਾਲ ਪੈ ਗਈ ਸੀ ਜਿਨ੍ਹਾਂ ਲਈ ਪੈਸਾ ਹੀ ਰੱਬ ਸੀ। ਉਨ੍ਹਾਂ ਦੀ ਦੇਖਾ ਦੇਖੀ ਸਾਹਿਬਜੀਤ ਵੀ ਰਿਸ਼ਵਤ ਦੀ ਦਲਦਲ ਵਿੱਚ ਓਨਾ ਹੀ ਧੱਸ ਚੁੱਕਾ ਸੀ। ਪਹਿਲਾਂ ਪਹਿਲ ਕਦੇ ਕਦੇ ਜ਼ਮੀਰ ਆਵਾਜ਼ ਦਿੰਦੀ ਸੀ, ਪਰ ਹੌਲੀ ਹੌਲੀ ਤਾਂ ਜ਼ਮੀਰ ਵੀ ਗੂੰਗੀ-ਬੋਲੀ ਹੋ ਗਈ ਸੀ।

ਜਿਉਂ ਹੀ ਉਹ ਦੋਵੇਂ ਸਾਹਬ ਅੱਗੇ ਪੇਸ਼ ਹੋਏ, ਉਸ ਨੇ ਹਿਸਾਬ ਲਾ ਲਿਆ ਕਿ ਦੇਣ ਨੂੰ ਤਾਂ ਇਨ੍ਹਾਂ ਦੇ ਪੱਲੇ ਕੁਝ ਨਹੀਂ ਹੈ। ਪਰ ਫੇਰ ਕੁੜੀ ਵੱਲ ਦੇਖ ਕੇ ਸੋਚਿਆ ਚੱਲ ਕੁਝ ਨਾ ਕੁਝ ਤਾਂ ਦੇ ਕੇ ਹੀ ਛੁੱਟਣਗੇ। ਬਜ਼ੁਰਗ ਨੇ ਦੱਸਣਾ ਸ਼ੁਰੂ ਕੀਤਾ ਕਿ ਇਹ ਮੇਰੀ ਪੋਤੀ ਆ, ਮੇਰਾ ਪੁੱਤ ਸ਼ਰਾਬੀ ਸੀ ਮੈਂ ਨਿੱਕੀ ਉਮਰੇਂ ਵਿਆਹ ਦਿੱਤੀ, ਪਰ ਹੁਣ ਸਹੁਰੇ ਬਹੁਤ ਤੰਗ ਕਰਦੇ ਹਨ। ਘਰਵਾਲਾ ਨਿੱਤ ਨਿੱਤ ਮਾਰਦਾ ਕੁੱਟਦਾ ਅਤੇ ਸੱਸ ਦਾਜ ਮੰਗਦੀ ਹੈ। ਸਾਡੇ ਤਾਂ ਪਿੱਛੇ ਵੀ ਕੋਈ ਜਾਣ ਵਾਲਾ ਨਹੀਂ ਹੈ। ਇਹ ਕਹਿੰਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਪਰ ਉੱਧਰ ਸਾਹਬ ਦਾ ਧਿਆਨ ਉਸ ਦੀਆਂ ਗੱਲਾਂ ਵੱਲ ਘੱਟ, ਪਰ ਕੁੜੀ ਦੇ ਚਿਹਰੇ ’ਤੇ ਵੱਧ ਸੀ। ਅਜਿਹੀ ਗਲਤੀ ਉਸ ਨੇ ਕਦੇ ਨਹੀਂ ਕੀਤੀ ਸੀ, ਪਰ ਅੱਜ ਅੰਦਰਲਾ ਸ਼ੈਤਾਨ ਉਸ ਨੂੰ ਕੁਝ ਹੋਰ ਕਰਨ ਲਈ ਉਕਸਾ ਰਿਹਾ ਸੀ।

ਕੁੜੀ ਵੀ ਵਿਚਾਰੀ ਸਾਹਬ ਦੀ ਨਜ਼ਰ ਭਾਂਪ ਕੇ ਵਾਰ ਵਾਰ ਚੁੰਨ੍ਹੀ ਠੀਕ ਕਰ ਰਹੀ ਸੀ, ਪਰ ਇਸੇ ਕਾਹਲ ਵਿੱਚ ਜਦੋਂ ਪੱਲਾ ਉਸ ਦੇ ਹੱਥੋਂ ਛੁੱਟ ਕੇ ਉਸ ਦੀ ਗਰਦਨ ਨੰਗੀ ਹੋ ਗਈ ਤਾਂ ਸਾਹਬ ਦੇ ਚਿਹਰੇ ਦਾ ਰੰਗ ਹੀ ਬਦਲ ਗਿਆ।

ਬਿਲਕੁਲ ਰਾਣੋ ਭੈਣ ਵਰਗਾ ਦਾਗ। ਸਾਹਬ ਨੇ ਝੁੰਜਲਾ ਕੇ ਪੁੱਛਿਆ ਇਹ ਕੀ ਹੋਇਆ।

“ਤੱਤਾ ਖੁਰਚਨਾ ਲਾ ਦਿੱਤਾ ਸੀ ਇਹਦੀ ਸੱਸ ਨੇ। ਉਹ ਤਾਂ ਆਂਢ-ਗੁਆਂਢ ਨੇ ਇਸ ਨੂੰ ਬਚਾਇਆ।” ਬਜ਼ੁਰਗ ਨੇ ਆਪਣੇ ਹੰਝੂ ਸਾਫ਼ ਕਰਦੇ ਕਿਹਾ ਜੋ ਕਿ ਉਸ ਦੀ ਦਾੜ੍ਹੀ ਤੱਕ ਪਹੁੰਚ ਚੁੱਕੇ ਸਨ।

ਸਾਹਬ ਦੀਆਂ ਅੱਖਾਂ ਵੀ ਭਰ ਆਈਆਂ। ਅੱਠ ਕੁ ਸਾਲ ਦਾ ਸੀ ਜਦੋਂ ਵੱਡੀ ਭੂਆ ਦੀ ਕੁੜੀ ਰਾਣੋ ਦਾ ਵਿਆਹ ਹੋਇਆ ਸੀ ਅਤੇ ਸਾਲ ਵੀ ਵਿਆਹ ਨੂੰ ਪੂਰਾ ਨਹੀਂ ਹੋਇਆ ਸੀ ਕਿ ਚੰਦਰੀ ਖ਼ਬਰ ਆ ਗਈ ਸੀ। ਸਰਪੰਚਾਂ ਦੇ ਘਰ ਫੋਨ ਆਇਆ ਸੀ ਅਤੇ ਸਰਪੰਚਣੀ ਤਾਈ ਰੋਂਦੀ ਪਿੱਟਦੀ ਹੀ ਘਰ ਆਈ ਸੀ। ਸਾਰਾ ਟੱਬਰ ਸਿਰ ਫੜ ਬੈਠ ਗਿਆ ਸੀ ਅਤੇ ਕਿਸੇ ਨੂੰ ਇਹ ਖਿਆਲ ਹੀ ਨਹੀਂ ਆਇਆ ਕਿ ਜਵਾਕਾਂ ਨੂੰ ਨਾਲ ਨਾ ਲੈ ਕੇ ਜਾਣ। ਜਦੋਂ ਪਹੁੰਚੇ ਤਾਂ ਮਾਂ ਦੇ ਨਾਲ ਉਹ ਵੀ ਅੱਗੇ ਹੋ ਗਿਆ ਸੀ। ਭੈਣ ਦਾ ਚਿਹਰਾ ਨੀਲੇ ਅਤੇ ਕਾਲੇ ਦਾਗਾਂ ਨਾਲ ਭਰਿਆ ਪਿਆ ਸੀ ਅਤੇ ਗਰਦਨ ਉੱਤੇ ਬਿਲਕੁਲ ਅਜਿਹਾ ਹੀ ਨਿਸ਼ਾਨ ਸੀ। ਭੈਣ ਦਾ ਤਾਂ ਸਸਕਾਰ ਕਰ ਦਿੱਤਾ ਸੀ, ਪਰ ਭੈਣ ਦਾ ਚਿਹਰਾ ਉਸ ਦੇ ਚੇਤਿਆਂ ਵਿੱਚ ਵੱਸ ਗਿਆ ਸੀ। ਪਤਾ ਨਹੀ ਕਿੰਨੇ ਹੀ ਮਹੀਨੇ ਉਹ ਗੁੰਮ-ਸੁੰਮ ਰਿਹਾ ਸੀ।

ਭੂਆ ਮਰੀ ਧੀ ਦੀ ਮਿੱਟੀ ਨਹੀਂ ਫਰੋਲਣਾ ਚਾਹੁੰਦੀ ਸੀ ਅਤੇ ਭੈਣ ਦੇ ਸਹੁਰਿਆਂ ਨੇ ਵੀ ਪੁਲੀਸ ਨੂੰ ਪੈਸੇ ਚਾੜ੍ਹ ਗੱਲ ਰਫ਼ਾ-ਦਫ਼ਾ ਕਰਵਾ ਦਿੱਤੀ ਸੀ। ਹੌਲੀ ਹੌਲੀ ਉਸ ਦੇ ਚੇਤਿਆਂ ਵਿੱਚੋਂ ਵੀ ਭੈਣ ਵਿਸਰ ਗਈ ਸੀ, ਪਰ ਅੱਜ ਸ਼ਾਇਦ ਭੈਣ ਨੂੰ ਲੱਗਾ ਕਿ ਉਹ ਅੱਤ ਕਰਨ ਲੱਗਾ ਸੀ ਇਸ ਲਈ ਚਪੇੜ ਮਾਰਨ ਹੀ ਆਈ ਸੀ। ਸਾਹਬ ਨੂੰ ਹੁਣ ਉਸ ਕੁੜੀ ਵਿੱਚ ਰਾਣੋ ਭੈਣ ਹੀ ਨਜ਼ਰ ਆਈ, ਭੈਣ ਨੂੰ ਇਨਸਾਫ਼ ਤਾਂ ਉਹ ਨਹੀਂ ਦਿਵਾ ਸਕਿਆ ਸੀ, ਪਰ ਇਸ ਭੈਣ ਨਾਲ ਜਾਂ ਕਿਸੇ ਹੋਰ ਨਾਲ ਧੱਕਾ ਨਹੀਂ ਹੋਣ ਦੇਵਾਂਗਾ। ਇਹ ਸੋਚ ਸਾਹਬ ਦਾਦੇ-ਪੋਤੀ ਦੇ ਨਾਲ ਤੁਰ ਪਿਆ।

ਪੁਲੀਸ ਦੀ ਸਾਈਰਨ ਮਾਰਦੀ ਜਿਪਸੀ ਇੱਕ ਨਵੇਂ ਸਾਹਬ ਅਤੇ ਨਵੀਂ ਸੋਚ ਦੀ ਪ੍ਰਤੀਕ ਸੀ। 



News Source link
#ਸਹਬ

- Advertisement -

More articles

- Advertisement -

Latest article