28.6 C
Patiāla
Sunday, April 28, 2024

ਚਾਹ ਦਾ ਕੱਪ

Must read


ਅਫੋਂਸੋ ਬੋਟੇਲਹੋ

ਗੱਲ ਉਦੋਂ ਦੀ ਹੈ ਜਦੋਂ ਅਜੇ ਓਪਰਟੋ ਤੋਂ ਗੋਗੋਆ ਤੱਕ ਰੇਲ ਮਾਰਗ ਪੂਰਾ ਨਹੀਂ ਸੀ ਬਣਿਆ ਅਤੇ ਮੁਸਾਫ਼ਰਾਂ ਨੂੰ ਅੱਧ-ਪਚੱਧ ਸਫ਼ਰ ਕੋਚ ਰਾਹੀਂ ਕਰਨਾ ਪੈਂਦਾ ਸੀ।

ਛੇ ਤਾਕਤਵਰ ਘੋੜਿਆਂ ਨਾਲ ਖਿੱਚੀ ਜਾਣ ਵਾਲੀ ਕੋਚ ਓਪਰਟੋ ਦੇ ਕੋਚ ਸਟੇਸ਼ਨ ਦੇ ਬਾਹਰ ਖੜ੍ਹੀ ਸੀ। ਇਸ ਦੇ ਚੱਲਣ ਦਾ ਸਮਾਂ ਹੋ ਰਿਹਾ ਸੀ ਅਤੇ ਇਸ ਦੇ ਦੁਆਲੇ ਭੀੜ ਇਕੱਠੀ ਹੋ ਗਈ ਸੀ। ਦੋਸਤ ‘ਅਲਵਿਦਾ’ ਆਖ ਰਹੇ ਸਨ। ਕੁਝ ਮੁਸਾਫ਼ਿਰ ਰੌਲਾ ਪਾ ਰਹੇ ਸਨ ਕਿ ਸਾਨੂੰ ਬੁੱਕ ਕਰਵਾਈਆਂ ਸੀਟਾਂ ਨਹੀਂ ਮਿਲੀਆਂ ਤੇ ਕੁਝ ਰੌਲਾ ਪਾ ਰਹੇ ਸਨ ਕਿ ਸਾਨੂੰ ਸਾਡਾ ਸਾਮਾਨ ਨਹੀਂ ਦਿਸਦਾ।

ਇੱਕ ਨੌਜਵਾਨ ਦਰਵਾਜ਼ੇ ਦੀ ਨੇੜਲੀ ਸੀਟ ’ਤੇ ਚੁੱਪ-ਚਾਪ ਬੈਠਾ ਸੀ ਅਤੇ ਉਸ ਨੇ ਆਪਣਾ ਸਾਮਾਨ ਵੀ ਕੋਚ ਦੀ ਛੱਤ ਉੱਪਰ ਸੁਰੱਖਿਅਤ ਪਿਆ ਵੇਖ ਲਿਆ ਸੀ। ਹੋਰ ਸਾਰੀਆਂ ਸੀਟਾਂ ਤਾਂ ਭਰ ਗਈਆਂ ਸਨ, ਪਰ ਉਸ ਦੇ ਸਾਹਮਣੇ ਵਾਲੀ ਸੀਟ ਅਜੇ ਖਾਲੀ ਸੀ।

ਡਰਾਈਵਰ ਆਪਣੀ ਸੀਟ ’ਤੇ ਚੜ੍ਹ ਕੇ ਬੈਠ ਗਿਆ। ਗਾਰਡ ਨੇ ਹਾਰਨ ਵਜਾਇਆ ਅਤੇ ਕੋਚ ਚੱਲਣ ਹੀ ਲੱਗੀ ਸੀ ਕਿ ਇੱਕ ਅਜੀਬ ਦ੍ਰਿਸ਼ ਦਿਸਿਆ। ਇੱਕ ਮੋਟਾ ਆਦਮੀ ਕਾਹਲੀ ਕਾਹਲੀ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਤੁਰਦਾ ਉਹ ਬੱਤਖ ਦੀ ਚਾਲ ਹੀ ਸੀ। ਉਹ ਛਤਰੀ ਹਿਲਾਉਂਦਾ ਹੋਇਆ ਡਰਾਈਵਰ ਦਾ ਧਿਆਨ ਖਿੱਚਣ ਲਈ ਜ਼ੋਰ ਜ਼ੋਰ ਦੀ ਚਿਲਾ ਰਿਹਾ ਸੀ ਅਤੇ ਉਸ ਦੇ ਪਿੱਛੇ ਦੋ ਕੁਲੀ ਉਸ ਦਾ ਸਾਮਾਨ ਚੁੱਕੀ ਆ ਰਹੇ ਸਨ। ਗਾਰਡ ਉਸ ਨੂੰ ਬੁਰਾ ਭਲਾ ਆਖਣ ਲੱਗਿਆ ਅਤੇ ਉਹ ਔਖੇ ਔਖੇ ਸਾਹ ਲੈਂਦਾ ਹੋਇਆ ਖਾਲੀ ਸੀਟ ’ਤੇ ਚੜ੍ਹ ਕੇ ਬੈਠ ਗਿਆ।

ਕੋਚ ਖੜ ਖੜ ਕਰਦੀ ਓਪਰਟੋ ਦੀਆਂ ਗਲੀਆਂ ਵਿੱਚ ਦੀ ਰੇਲਵੇ ਸਟੇਸ਼ਨ ਵੱਲ ਜਾਣ ਲੱਗੀ। ਮੋਟਾ ਮੁਸਾਫ਼ਿਰ ਬਹੁਤ ਬੇਚੈਨ ਲੱਗਦਾ ਸੀ ਅਤੇ ਬੈਠਾ ਬੁੜ ਬੁੜ ਕਰੀ ਜਾਂਦਾ ਸੀ। ਆਖ਼ਰ ਉਸ ਨੇ ਆਪਣੇ ਸਾਹਮਣੇ ਬੈਠੇ ਨੌਜਵਾਨ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

‘‘ਬਹੁਤ ਮਾੜੀ ਗੱਲ ਐ।’’ ਉਸ ਨੇ ਆਖਿਆ, ‘‘ਜ਼ਰਾ ਸੋਚ ਕੇ ਵੇਖ। ਮੈਨੂੰ ਚਾਹ ਦਾ ਕੱਪ ਨ੍ਹੀਂ ਮਿਲਿਆ।’’

‘‘ਅੱਛਾ?’’

‘‘ਗੱਲ ਇਸ ਤਰ੍ਹਾਂ। ਮੈਂ ਲੰਚ ਮਗਰੋਂ ਹਮੇਸ਼ਾਂ ਚਾਹ ਦਾ ਕੱਪ ਪੀਨਾਂ। ਹਮੇਸ਼ਾਂ..। ਤੇ ਅੱਜ ਮੈਨੂੰ ਐਨੀ ਕਾਹਲ ਸੀ ਕਿ ਮੇਰੇ ਕੋਲ ਇਸ ਲਈ ਵਕਤ ਈ ਨਹੀਂ ਸੀ। ਮੈਂ ਤੈਨੂੰ ਦੱਸ ਨ੍ਹੀਂ ਸਕਦਾ ਕਿ ਮੈਂ ਇਸ ਨੂੰ ਕਿੰਨਾ ਮਿੱਸ ਕਰ ਰਿਹਾਂ। ਮੇਰੀ ਉਮਰ ਦੇ ਆਦਮੀ ਲਈ ਆਦਤਾਂ ਬਹੁਤ ਮਹੱਤਵਪੂਰਨ ਹੁੰਦੀਆਂ ਨੇ ਤੇ ਜਦੋਂ ਕੋਈ ਆਦਤ ਤੋੜਨੀ ਪੈਂਦੀ ਐ, ਤਾਂ ਬਹੁਤ ਨਿਰਾਸ਼ਾ ਹੁੰਦੀ ਐ। ਸਾਰੇ ਰਾਹ ਮੈਂ ਦੁਖੀ ਰਹਾਂਗਾ ਕਿਉਂਕਿ ਮੈਂ ਚਾਹ ਦਾ ਕੱਪ ਨ੍ਹੀਂ ਪੀ ਸਕਿਆ।’’

ਨੌਜਵਾਨ ਨੇ ਸਾਥੀ ਮੁਸਾਫ਼ਿਰ ਨਾਲ ਹਮਦਰਦੀ ਵਿਖਾਉਂਦਿਆਂ ਆਖਿਆ, ‘‘ਆਪਾਂ ਜਲਦੀ ਹੀ ਰੇਲਵੇ ਸਟੇਸ਼ਨ ’ਤੇ ਪਹੁੰਚ ਜਾਵਾਂਗੇ ਤੇ ਤੁਸੀਂ ਉੱਥੇ ਰਿਫਰੈਸ਼ਮੈਂਟ ਰੂਮ ਵਿੱਚ ਚਾਹ ਦਾ ਕੱਪ ਪੀ ਲੈਣਾ।’’ ਮੋਟੇ ਆਦਮੀ ਦੇ ਚਿਹਰੇ ’ਤੇ ਚਮਕ ਆ ਗਈ ਤੇ ਉਹ ਆਖਣ ਲੱਗਿਆ, ‘‘ਇਹ ਤਾਂ ਮੈਂ ਸੋਚਿਆ ਈ ਨ੍ਹੀਂ ਸੀ। ਚਾਹ ਪੀਣ ਨੂੰ ਥੋੜ੍ਹਾ ਲੇਟ ਤਾਂ ਹੋ ਜਾਂਗਾ, ਪਰ ਕੋਈ ਗੱਲ ਨ੍ਹੀਂ।’’

ਜਦੋਂ ਕੋਚ ਰੇਲਵੇ ਸਟੇਸ਼ਨ ’ਤੇ ਪਹੁੰਚੀ, ਤਾਂ ਗੱਡੀ ਪਹਿਲਾਂ ਹੀ ਪਲੈਟਫਾਰਮ ’ਤੇ ਖੜ੍ਹੀ ਸੀ। ਮੁਸਾਫ਼ਿਰ ਕਾਹਲੀ ਕਾਹਲੀ ਰਿਫਰੈਸ਼ਮੈਂਟ ਰੂਮ ਵਿੱਚ ਜਾ ਵੜੇ। ਕਈਆਂ ਨੇ ਸ਼ਰਾਬ ਦੇ ਗਲਾਸ ਲਏ, ਕਈ ਹੋਰਾਂ ਨੇ ਬਰੈੱਡ ਤੇ ਫ਼ਲ ਖਾਧੇ ਤੇ ਕੁਝ ਇੱਕ ਨੇ ਗੱਡੀ ਵਿੱਚ ਬਹਿ ਕੇ ਖਾਣ ਲਈ ਕੁਝ ਲੈ ਲਿਆ। ਸਾਰੇ ਵੇਟਰ ਹੀ ਮਸਰੂਫ਼ ਸਨ ਅਤੇ ਮੋਟੇ ਆਦਮੀ ਵੱਲ ਕਿਸੇ ਦਾ ਧਿਆਨ ਨਹੀਂ ਸੀ। ਪਰ ਜਦੋਂ ਨੌਜਵਾਨ ਮੁਸਾਫ਼ਿਰ ਗੱਡੀ ਵਿੱਚ ਬੈਠਣ ਲਈ ਜਾਣ ਲੱਗਿਆ, ਤਾਂ ਉਸ ਨੇ ਮੋਟੇ ਆਦਮੀ ਦੇ ਸਾਹਮਣੇ ਚਾਹ ਦਾ ਕੱਪ ਪਿਆ ਵੇਖਿਆ। ਉਦੋਂ ਹੀ ਵਿਸਲ ਵੱਜ ਗਈ ਅਤੇ ਮੋਟਾ ਆਦਮੀ ਤੇਜ਼ੀ ਨਾਲ ਰਿਫਰੈਸ਼ਮੈਂਟ ਰੂਮ ਵਿੱਚੋਂ ਬਾਹਰ ਨਿਕਲਿਆ ਤੇ ਗੱਡੀ ਵਿੱਚ ਚੜ੍ਹ ਗਿਆ। ਉਹ ਨੌਜਵਾਨ ਦੀ ਸਾਹਮਣੀ ਸੀਟ ’ਤੇ ਮਸਾਂ ਹੀ ਡਿੱਗਦਾ ਡਿੱਗਦਾ ਬੈਠਿਆ ਅਤੇ ਵੱਡੇ ਸਿਲਕੀ ਰੁਮਾਲ ਨਾਲ ਆਪਣਾ ਮੂੰਹ ਪੂੰਝਣ ਲੱਗਿਆ।

‘‘ਚਾਹ ਸੁਆਦ ਲੱਗੀ?’’ ਨੌਜਵਾਨ ਨੇ ਮੁਸਕਰਾਉਂਦਿਆਂ ਪੁੱਛਿਆ।

‘‘ਕੀ ਦੱਸਾਂ? ਵੇਟਰ ਮੇਰੇ ਲਈ ਗ੍ਰੀਨ ਚਾਹ ਲੈ ਆਇਆ ਤੇ ਗ੍ਰੀਨ ਚਾਹ ਮੈਂ ਕਦੇ ਪੀਂਦਾ ਨ੍ਹੀਂ।’’ ਉਸ ਦਾ ਦਰਦ ਭਰਿਆ ਜਵਾਬ ਸੀ।

ਹੁਣ ਸੂਰਜ ਛਿਪ ਰਿਹਾ ਸੀ ਅਤੇ ਇਸ ਦੀਆਂ ਆਖ਼ਰੀ ਕਿਰਨਾਂ ਆਲੀਸ਼ਾਨ ਪਹਾੜੀਆਂ, ਨਦੀਆਂ ਤੇ ਪਿੰਡਾਂ ਉੱਪਰ ਪੈਂਦੀਆਂ ਹੋਈਆਂ ਖ਼ੂਬਸੂਰਤ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਮੋਟੇ ਮੁਸਾਫ਼ਿਰ ਨੂੰ ਕਿਤੇ ਕੋਈ ਸੁੰਦਰਤਾ ਵਿਖਾਈ ਨਹੀਂ ਸੀ ਦਿੰਦੀ ਅਤੇ ਉਹ ਉਬਾਸੀਆਂ ਲੈਂਦਾ ਹੋਇਆ ਬੁੜ ਬੁੜ ਕਰਦਾ ‘ਚਾਹ’ ਵਰਗਾ ਸ਼ਬਦ ਬੋਲ ਰਿਹਾ ਸੀ।

‘‘ਤੁਹਾਨੂੰ ਜਲਦੀ ਹੀ ਚਾਹ ਦਾ ਕੱਪ ਮਿਲ ਸਕਦੈ।’’ ਨੌਜਵਾਨ ਨੇ ਆਖਿਆ।

‘‘ਕਿੱਥੇ?’’ ਮੋਟੇ ਮੁਸਾਫ਼ਿਰ ਨੇ ਉਤਸੁਕਤਾ ਨਾਲ ਪੁੱਛਿਆ।

‘‘ਕਾਹਿਡੇ। ਆਪਾਂ ਉੱਥੇ ਗੱਡੀ ’ਚੋਂ ਉਤਰ ਕੇ ਇੱਕ ਹੋਰ ਕੋਚ ਲਵਾਂਗੇ।’’

‘‘ਹਾਂ, ਹਾਂ। ਮੈਂ ਤਾਂ ਇਹ ਭੁੱਲ ਈ ਗਿਆ ਸੀ। ਤੂੰ ਮੈਨੂੰ ਚੰਗਾ ਯਾਦ ਕਰਾਤਾ। ਜਿੱਥੋਂ ਕੋਚ ਚੱਲਦੀ ਐ, ਉੱਥੇ ਰੈਸਟੋਰਾਂ ਤੋਂ ਮੈਂ ਚਾਹ ਦਾ ਕੱਪ ਲੈ ਸਕਦਾਂ।’’ ਉਹ ਕੋਈ ਗੀਤ ਗੁਣਗੁਣਾਉਣ ਲੱਗਿਆ। ਫਿਰ ਉਹ ਸੌਂ ਗਿਆ ਅਤੇ ਨੌਜਵਾਨ ਦੇ ਹਲੂਣਾ ਦੇਣ ’ਤੇ ਹੀ ਜਾਗਿਆ।

‘‘ਆਪਾਂ ਕਿੱਥੇ ਆਂ?’’

‘‘ਕਾਹਿਡੇ।’’

‘‘ਵਾਹ। ਤੇਰੀ ਬਹੁਤ ਮਿਹਰਬਾਨੀ।’’ ਮੋਟਾ ਮੁਸਾਫ਼ਿਰ ਖ਼ੁਸ਼ ਹੋਇਆ ਲੱਗਦਾ ਸੀ।

ਰੈਸਟੋਰਾਂ ਦੇ ਬਾਹਰ ਦੋ ਕੋਚਾਂ ਖੜ੍ਹੀਆਂ ਸਨ-ਇੱਕ ਰੈਗੋਆ ਲਈ ਤੇ ਦੂਜੀ ਵਿਲਾਰੀਲ ਲਈ। ਜਦੋਂ ਨੌਜਵਾਨ ਰੈਗੋਆ ਵਾਲੀ ਕੋਚ ਲੈਣ ਰਸਤੇ ’ਚੋਂ ਲੰਘਿਆ, ਤਾਂ ਉਸ ਨੇ ਵੇਖਿਆ ਕਿ ਮੋਟਾ ਮੁਸਾਫ਼ਿਰ ਰੈਸਟੋਰਾਂ ਦੇ ਬਾਹਰ ਮੇਜ਼ ਸਾਹਮਣੇ ਬੈਠਾ ਵੇਟਰ ਨਾਲ ਝਗੜ ਰਿਹਾ ਸੀ। ਉਹ ਉੱਥੇ ਰੁਕ ਗਿਆ ਤੇ ਉਸ ਨੂੰ ਪੁੱਛਣ ਲੱਗਿਆ, ‘‘ਤੁਸੀਂ ਕਿੱਥੇ ਜਾਣੈਂ? ਰੈਗੋਆ ਜਾਂ ਵਿਲਾਰੀਲ?’’

‘‘ਰੈਗੋਆ। ਤੈਨੂੰ ਯਕੀਨ ਨ੍ਹੀਂ ਹੋਣਾ ਕਿ ਮੈਨੂੰ ਇੱਥੇ ਚਾਹ ਦਾ ਕੱਪ ਨ੍ਹੀਂ ਮਿਲ ਰਿਹਾ।’’

‘‘ਇਹ ਤਾਂ ਬੜਾ ਗੰਭੀਰ ਮਸਲੈ।’’

‘‘ਗੰਭੀਰ?’’ ਇਹ ਕਿਹੋ ਜਿਹਾ ਰੈਸਟੋਰਾਂ ਐ ਜਿੱਥੇ ਚਾਹ ਦਾ ਕੱਪ ਨ੍ਹੀਂ ਮਿਲਦਾ?’’

‘‘ਰੈਗੋਆ ਜਾਣ ਵਾਲੇ ਸਾਰੇ ਮੁਸਾਫ਼ਿਰ ਆਪਣੀਆਂ ਸੀਟਾਂ ’ਤੇ ਬੈਠ ਜਾਉ।’’ ਗਾਰਡ ਨੇ ਉੱਚੀ ਆਵਾਜ਼ ਵਿੱਚ ਆਖਿਆ। ਮੋਟਾ ਮੁਸਾਫ਼ਿਰ ਫਿਰ ਨੌਜਵਾਨ ਦੇ ਸਾਹਮਣੇ ਵਾਲੀ ਸੀਟ ’ਤੇ ਬੈਠ ਗਿਆ।

‘‘ਮੈਨੂੰ ਅਫ਼ਸੋਸ ਐ ਕਿ ਤੁਹਾਨੂੰ ਇੱਕ ਵਾਰ ਫਿਰ ਨਿਰਾਸ਼ ਹੋਣਾ ਪਿਆ।’’

‘‘ਹੁਣ ਇਹ ਗੱਲ ਈ ਨਾ ਕਰ। ਇਹ ਬਹੁਤ ਦੁਖਦਾਈ ਐ। ਚਾਹ ਦੇ ਕੱਪ ਤੋਂ ਬਿਨਾਂ ਸਫ਼ਰ ਕਰਨਾ ਬਹੁਤ ਔਖੈ।’’

‘‘ਪਰ ਤੁਹਾਨੂੰ ਅਮਰਾਂਟੇ ਇੱਕ ਹੋਰ ਮੌਕਾ ਮਿਲੇਗਾ। ਉੱਥੇ ਆਪਾਂ ਨੂੰ ਘੋੜੇ ਬਦਲਣ ਕਰਕੇ ਰੁਕਣਾ ਪੈਣੈਂ।’’

‘‘ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ। ਨੌਜਵਾਨ, ਮਿਹਰਵਾਨੀ।’’

ਕੋਚ ਪੇਂਡੂ ਸੜਕਾਂ ’ਤੇ ਖੜ ਖੜ ਕਰਦੀ ਰਹੀ। ਬਹੁਤ ਸਾਰੇ ਮੁਸਾਫ਼ਿਰ ਸੌਂ ਗਏ, ਪਰ ਨੌਜਵਾਨ ਪਿੰਡਾਂ ਉੱਪਰ ਚੰਦ ਦੀ ਚਾਨਣੀ ਦੀ ਚਮਕ ਦੇ ਜਾਦੂ ਨਾਲ ਮੋਹਿਤ ਹੋਇਆ ਜਾਗਦਾ ਰਿਹਾ। ਕੋਚ ਅਮਰਾਂਟੇ ਦਾ ਪੁਰਾਣਾ ਪੁਲ ਪਾਰ ਕਰਕੇ ਪੁਰਾਣੀ ਪ੍ਰਸਿੱਧ ਸਰਾਂ ਦੇ ਬਾਹਰ ਜਾ ਰੁਕੀ।

ਸਰਾਂ ਦਾ ਭੋਜਨ ਕਮਰਾ ਤੰਬਾਕੂ ਦੇ ਧੂੰਏਂ ਤੇ ਚਾਕਲੇਟਾਂ ਦੀ ਸੁਗੰਧ ਨਾਲ ਭਰਿਆ ਹੋਇਆ ਸੀ। ਮੁਸਾਫ਼ਿਰ ਸੀਟਾਂ ’ਤੇ ਬੈਠ ਗਏ ਅਤੇ ਆਪਣੇ ਆਪਣੇ ਪਸੰਦ ਦੇ ਭੋਜਨ ਲਈ ਆਰਡਰ ਦੇਣ ਲੱਗੇ। ਮੋਟੇ ਮੁਸਾਫ਼ਿਰ ਨੇ ਵੇਟਰ ਨੂੰ ਆਖਿਆ, ‘‘ਤੂੰ ਮੈਨੂੰ ਚਾਹ ਦਾ ਕੱਪ ਲਿਆ ਦਏਂਗਾ? ਕਰੜੀ ਬਲੈਕ ਚਾਹ ਦਾ। ਯਾਦ ਰੱਖੀਂ ਕਿ ਇਹ ਕਰੜੀ ਬਲੈਕ ਹੋਵੇ।’’

‘‘ਜੀ ਹਜ਼ੂਰ। ਜ਼ਰੂਰ ਲਿਆਵਾਂਗਾ। ਪਰ ਪਹਿਲਾਂ ਮੈਂ ਮੁਸਾਫ਼ਿਰਾਂ ਨੂੰ ਖਾਣਾ ਖੁਆਉਣਾ। ਤੁਸੀਂ ਖਾਣੇ ਵਿੱਚ ਕੀ ਲਉਗੇ?’’

‘‘ਜਦ ਤੱਕ ਮੈਂ ਚਾਹ ਦਾ ਕੱਪ ਨਾ ਪੀ ਲਵਾਂ, ਉਦੋਂ ਤੱਕ ਮੈਂ ਕੁਝ ਨ੍ਹੀਂ ਖਾ ਸਕਦਾ।’’

ਵੇਟਰ ਚਿਕਨ ਤੇ ਹੋਰ ਸੁਆਦੀ ਭੋਜਨ ਦੀਆਂ ਵੱਡੀਆਂ ਵੱਡੀਆਂ ਪਲੇਟਾਂ ਭਰ ਕੇ ਲਿਆ ਰਿਹਾ ਸੀ ਅਤੇ ਪੀਣ ਲਈ ਵਧੀਆ ਸ਼ਰਾਬ ਵੀ ਬਥੇਰੀ ਸੀ। ਮੁਸਾਫ਼ਿਰ ਬਹੁਤ ਖ਼ੁਸ਼ ਸਨ ਅਤੇ ਕਈ ਤਾਂ ਗਾਣੇ ਗਾਉਣ ਲੱਗ ਪਏ। ਇਸ ਸਾਰੀ ਮੌਜ ਮਸਤੀ ਦੌਰਾਨ ਮੋਟਾ ਮੁਸਾਫ਼ਿਰ ਉਦਾਸ ਬੈਠਾ ਆਪਣੇ ਚਾਹ ਦੇ ਕੱਪ ਨੂੰ ਉਡੀਕਦਾ ਰਿਹਾ। ਫਿਰ ਕਿਸੇ ਨੇ ਉੱਚੀ ਆਵਾਜ਼ ਵਿੱਚ ਆਖਿਆ ਕਿ ਕੋਚ ਪੰਜ ਮਿੰਟਾਂ ਨੂੰ ਚੱਲ ਪਏਗੀ। ਹਰ ਕੋਈ ਕਾਹਲੀ ਕਾਹਲੀ ਕੋਚ ਵਿੱਚ ਆਪਣੀ ਸੀਟ ਲੱਭਣ ਲੱਗਿਆ ਅਤੇ ਨੌਜਵਾਨ ਨੇ ਮੋਟੇ ਮੁਸਾਫ਼ਿਰ ਨੂੰ ਵੇਟਰ ਨੂੰ ਦੁਖੀ ਮਨ ਨਾਲ ਕਹਿੰਦਿਆਂ ਸੁਣਿਆ, ‘‘ਮੇਰੀ ਚਾਹ? ਵੇਟਰ, ਮੇਰੇ ਚਾਹ ਦੇ ਕੱਪ ਦਾ ਕੀ ਬਣਿਆ?’’

‘‘ਆ ਰਿਹਾ ਜੀ।’’ ਵੇਟਰ ਦੀ ਆਵਾਜ਼ ਸੁਣਾਈ ਦਿੱਤੀ।

ਹੁਣ ਸਾਰਾ ਪਹਾੜੀ ਰਸਤਾ ਉੱਪਰ ਵੱਲ ਨੂੰ ਜਾਂਦਾ ਹੋਣ ਕਰਕੇ ਬਾਰਾਂ ਤਾਕਤਵਰ ਬਲਦ ਕੋਚ ਦੇ ਅੱਗੇ ਜੋੜੇ ਗਏ ਸਨ। ਮੋਟੇ ਮੁਸਾਫ਼ਿਰ ਤੋਂ ਬਿਨਾਂ ਸਾਰੇ ਆਪਣੀਆਂ ਸੀਟਾਂ ’ਤੇ ਬੈਠ ਗਏ ਸਨ। ਗਾਰਡ ਉਸ ’ਤੇ ਚਿੱਲਾਇਆ, ‘‘ਆਪਣੀ ਸੀਟ ’ਤੇ ਬੈਠ ਜਾਓ। ਮੈਂ ਹੋਰ ਉਡੀਕ ਨ੍ਹੀਂ ਕਰ ਸਕਦਾ।’’

ਅਚਾਨਕ ਹੀ ਵੇਟਰ ਟਰੇ ਵਿੱਚ ਭਾਫਾਂ ਛੱਡਦੀ ਚਾਹ ਦਾ ਕੱਪ ਲਈ ਦੌੜਦਾ ਆਇਆ। ਮੋਟੇ ਮੁਸਾਫ਼ਿਰ ਨੇ ਆਪਣਾ ਇੱਕ ਪੈਰ ਕੋਚ ਦੇ ਪਾਏਦਾਨ ’ਤੇ ਰੱਖਿਆ ਸੀ, ਪਰ ਉਹ ਰੁਕ ਗਿਆ। ਉਸ ਨੇ ਖ਼ੁਸ਼ੀ ਨਾਲ ਚੀਕ ਮਾਰੀ ਅਤੇ ਕੱਪ ਚੁੱਕ ਕੇ ਆਪਣੇ ਵਿਆਕੁਲ ਬੁੱਲ੍ਹਾਂ ਨੂੰ ਲਾ ਲਿਆ। ਅਗਲੇ ਪਲ ਹੀ ਉਹ ਪੀੜ ਨਾਲ ਚਿੱਲਾਇਆ ਤੇ ਕੱਪ ਟਰੇ ’ਤੇ ਰੱਖ ਦਿੱਤਾ। ‘‘ਇਹ ਤਾਂ ਉਬਲਦੀ ਪਈ ਐ।’’ ਉਹ ਵੇਟਰ ’ਤੇ ਵਰ੍ਹ ਪਿਆ, ‘‘ਮੈਂ ਇਹ ਕਿਵੇਂ ਪੀ ਸਕਦਾਂ? ਤੂੰ ਕੋਚ ਦੇ ਚੱਲਣ ਵੇਲੇ ਇਹੋ ਜਿਹੀ ਕਿਉਂ ਲੈ ਕੇ ਆਇਐਂ?’’ ਫਿਰ ਉਹ ਨੌਜਵਾਨ ਦੇ ਸਾਹਮਣੇ ਵਾਲੀ ਸੀਟ ’ਤੇ ਚੜ੍ਹ ਕੇ ਬੈਠ ਗਿਆ ਅਤੇ ਨੌਜਵਾਨ ਨੂੰ ਉਸ ਦੀਆਂ ਅੱਖਾਂ ਵਿੱਚ ਪੀੜ ਤੇ ਨਿਰਾਸ਼ਾ ਦੇ ਹੰਝੂ ਦਿਸੇ।

ਅਗਲੇ ਪੰਜ ਘੰਟੇ ਤਾਕਤਵਰ ਬਲਦ ਪਹਾੜੀ ਰਾਹ ’ਤੇ ਹੌਲੀ ਹੌਲੀ ਕੋਚ ਨੂੰ ਉੱਪਰ ਲਿਜਾਂਦੇ ਰਹੇ। ਸੜਕ ਦੇ ਨਾਲ ਨਾਲ ਖੜ੍ਹੇ ਪੁਰਾਣੇ ਦਰੱਖਤਾਂ ’ਤੇ ਮੀਂਹ ਪੈਂਦਾ ਰਿਹਾ ਤੇ ਉਨ੍ਹਾਂ ਦੀਆਂ ਟਾਹਣੀਆਂ ਹਵਾ ਨਾਲ ਝੁਕਦੀਆਂ ਰਹੀਆਂ। ਡਰਾਈਵਰ ਕਦੇ ਕਦੇ ਉੱਚੀ ਆਵਾਜ਼ ਵਿੱਚ ਬਲਦਾਂ ਨੂੰ ਹੱਲਾਸ਼ੇਰੀ ਦਿੰਦਾ। ਬਹੁਤ ਸਾਰੇ ਮੁਸਾਫ਼ਿਰ ਸੌਂ ਗਏ, ਪਰ ਨੌਜਵਾਨ ਦੀਆਂ ਅੱਖਾਂ ਟੱਡੀਆਂ ਹੋਈਆਂ ਸਨ ਤੇ ਉਹ ਐਨੀ ਜੰਗਲੀ ਸੁੰਦਰਤਾ ’ਤੇ ਹੈਰਾਨ ਸੀ। ਜਦੋਂ ਕੋਚ ਕੁਇੰਨਟੇਲਾ ਨਾਂਅ ਦੇ ਪਿੰਡ ਦੇ ਨੇੜੇ ਸਰਾਂ ਦੇ ਸਾਹਮਣੇ ਰੁਕੀ, ਤਾਂ ਉਹ ਬਾਹਰ ਨਿਕਲ ਕੇ ਪਹੁ-ਫੁਟਾਲੇ ਦੇ ਦ੍ਰਿਸ਼ ਦਾ ਆਨੰਦ ਮਾਣਨ ਲੱਗਿਆ। ਜਿਹੜੇ ਹੋਰ ਮੁਸਾਫ਼ਿਰ ਜਾਗਦੇ ਸੀ, ਉਹ ਵੀ ਆਪਣੀਆਂ ਲੱਤਾਂ ਸਿੱਧੀਆਂ ਕਰਨ ਤੇ ਸਵੇਰ ਦੀ ਸਾਫ਼ ਹਵਾ ਵਿੱਚ ਸਾਹ ਲੈਣ ਲਈ ਬਾਹਰ ਨਿਕਲ ਆਏ। ਕੁਝ ਦੇਰ ਮਗਰੋਂ ਉਸ ਨੇ ਆਪਣੇ ਪਿੱਛੇ ਮੋਟੇ ਮੁਸਾਫ਼ਿਰ ਦੇ ਭਾਰੀ ਕਦਮਾਂ ਦੀ ਆਵਾਜ਼ ਸੁਣੀ।

‘‘ਕੀ ਹਾਲ ਐ ਤੁਹਾਡਾ? ਤੁਹਾਡੀ ਚਾਹ ਦਾ ਕੀ ਬਣਿਆ? ਤੁਹਾਨੂੰ ਇੱਥੇ ਚਾਹ ਦਾ ਕੱਪ ਮਿਲ ਗਿਆ?’’ ਉਸ ਨੇ ਉਸ ਨੂੰ ਪੁੱਛਿਆ।

‘‘ਹੁਣ ਤਾਂ ਮੈਨੂੰ ਚਾਹ ਦੀ ਕੋਈ ਉਮੀਦ ਨ੍ਹੀਂ। ਸਰਾਂ ਵਿੱਚ ਤਾਂ ਚਾਹ ਹੈ ਈ ਨ੍ਹੀਂ। ਉਹ ਕਹਿੰਦੇ ਨੇ ਕਿ ਇੱਥੇ ਕੋਈ ਚਾਹ ਮੰਗਦਾ ਈ ਨ੍ਹੀਂ।’’ ਮੋਟੇ ਮੁਸਾਫ਼ਿਰ ਨੇ ਹਉਕਾ ਲਿਆ।

ਹੁਣ ਕੋਚ ਨਾਲ ਬਲਦਾਂ ਦੀ ਥਾਂ ਛੇ ਤਾਕਤਵਰ ਘੋੜੇ ਜੋੜੇ ਗਏ। ਗਾਰਡ ਨੇ ਹਾਰਨ ਵਜਾਇਆ ਤੇ ਕੋਚ ਚੱਲ ਪਈ। ਮੁਸਾਫ਼ਿਰ ਪਹਾੜੀਆਂ ਦੇ ਨਾਲ ਨਾਲ ਹੇਠਾਂ ਵੱਲ ਨੂੰ ਜਾਣ ਲੱਗੇ ਅਤੇ ਜਲਦੀ ਹੀ ਦਰਿਆ ਡਉਰੋ ਦੇ ਕੰਢੇ ਅੰਗੂਰਾਂ ਦੇ ਬਾਗਾਂ ਕੋਲ ਜਾ ਪਹੁੰਚੇ। ਕਈ ਮੀਲ ਉਹ ਦਰਿਆ ਦੇ ਕੰਢੇ ਚੱਲਦੇ ਰਹੇ। ਫਿਰ ਮਕਾਨ ਦਿਸਣ ਲੱਗ ਪਏ। ਅਖ਼ੀਰ ਉਹ ਰੈਗੋਆ ਦੀਆਂ ਪਥਰੀਲੀਆਂ ਗਲੀਆਂ ਵਿੱਚ ਜਾ ਪਹੁੰਚੇ ਅਤੇ ਕੋਚ ਰੁਕ ਗਈ। ਮੋਟਾ ਮੁਸਾਫ਼ਿਰ ਨੌਜਵਾਨ ਵੱਲ ਨੂੰ ਵੇਖਦਾ ਹੋਇਆ ਮੁਸਕਰਾਉਂਦਾ ਬੋਲਿਆ, ‘‘ਨੌਜਵਾਨ, ਤੇਰੀ ਬਹੁਤ ਮਿਹਰਬਾਨੀ। ਮੈਂ ਤੈਨੂੰ ਦੱਸ ਨ੍ਹੀਂ ਸਕਦਾ ਕਿ ਮੈਨੂੰ ਚਾਹ ਦਾ ਕੱਪ ਨਾ ਮਿਲਣ ਕਰਕੇ ਕਿੰਨੀ ਪਰੇਸ਼ਾਨੀ ਹੋਈ। ਜੇ ਕਿਤੇ ਤੂੰ ਨਾ ਮਿਲਦਾ, ਤਾਂ ਮੇਰਾ ਸਫ਼ਰ ਬਹੁਤ ਹੀ ਔਖਾ ਲੰਘਣਾ ਸੀ। ਪਤਾ ਨਹੀਂ ਆਪਾਂ ਫਿਰ ਕਦੇ ਮਿਲਾਂਗੇ ਜਾਂ ਨਹੀਂ, ਪਰ ਮੈਂ ਤੈਨੂੰ ਪਿਆਰ ਨਾਲ ਯਾਦ ਕਰਦਾ ਰਹਾਂਗਾ।’’ ਤੇ ਉਹ ਆਪਣਾ ਸਾਮਾਨ ਸਾਂਭਣ ਲੱਗ ਪਿਆ।
ਅਨੁਵਾਦ: ਡਾ. ਹਰਨੇਕ ਕੈਲੇ
ਸੰਪਰਕ: 99145-94867



News Source link
#ਚਹ #ਦ #ਕਪ

- Advertisement -

More articles

- Advertisement -

Latest article