37.4 C
Patiāla
Wednesday, May 15, 2024

ਕਰੁਣਾ ਕੀ ਕਰੇ ?

Must read


ਸੁਖਦੇਵ ਸਿੰਘ ਸ਼ਾਂਤ

ਗੋਡਿਆਂ ਵਿੱਚ ਸਿਰ ਦੇਈਂ ਦਸ-ਬਾਰਾਂ ਸਾਲਾਂ ਦਾ ਮੁੰਡਾ ਰੋ ਰਿਹਾ ਸੀ। ਸੰਦੂਕੜੀ, ਬੁਰਸ਼ ਅਤੇ ਪਾਲਸ਼ ਦੀਆਂ ਡੱਬੀਆਂ ਉਸ ਦੇ ਕੋਲ-ਪਈਆਂ ਸਨ।

ਮੈਂ ਅਤੇ ਮੇਰੀ ਬੱਚੀ ਉਸ ਦੇ ਕੋੋਲੋਂ ਲੰਘਦਿਆਂ ਰੁਕ ਗਈਆਂ। ਮੈਂ ਉਸ ਨੂੰ ਪਿਆਰ ਨਾਲ ਪੁੱਛਿਆ, ‘‘ਬੇਟੇ ਤੂੰ ਕਿਉਂ ਰੋ ਰਿਹੈਂ ? ਤੈਨੂੰ ਕਿਸੇ ਨੇ ਮਾਰਿਐ?’’

ਮੇਰੇ ਪਿਆਰ ਭਰੇ ਸ਼ਬਦ ਸੁਣ ਕੇ ਉਸ ਨੇ ਆਪਣਾ ਸਿਰ ਉਤਾਂਹ ਚੁੱਕਿਆ। ਉਸ ਨੇ ਹੈਰਾਨੀ ਨਾਲ ਮੇਰੇ ਮੂੰਹ ਵੱਲ ਦੇਖਿਆ। ਫਿਰ ਉਹ ਬੋਲਿਆ, ‘‘ਮੈਨੇ ਬੀਸ ਰੁਪਏ ਕਮਾਏ ਥੇ…ਵੋਹ ਛੀਨ ਕਰ ਲੇ ਗਿਆ।’’ ਤੇ ਫਿਰ ਉਹ ਸਿਸਕੀਆਂ ਭਰਨ ਲੱਗਿਆ।

ਮੇਰੀ ਬੱਚੀ ਕਦੇ ਉਸ ਮੁੰਡੇ ਵੱਲ ਅਤੇ ਕਦੇ ਮੇਰੇ ਵੱਲ ਦੇਖ ਲੈਂਦੀ।

ਮੈਂ ਕਿੰਨਾ ਕੁਝ ਪਲਾਂ ਵਿੱਚ ਹੀ ਸੋਚ ਗਈ, ‘‘ਇਹ ਉਮਰ ਪੜ੍ਹਾਈ ਲਿਖਾਈ ਦੀ ਹੈ। ਵਿਚਾਰੇ ਨੂੰ ਪੇਟ ਦੀ ਖ਼ਾਤਰ ਕੰਮ ਕਰਨਾ ਪੈ ਰਿਹੈ। ਕਿੰਨੇ ਜ਼ਾਲਮ ਨੇ ਲੋਕ ਏਥੇ ! ਇੱਕ ਬੱਚੇ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੇ ਤੇਰਾ ਬੇੜਾ ਗਰਕ!’’

ਇਹ ਕੁਝ ਬੋਲਦਿਆਂ ਮੈਂ ਉਸ ਮੁੰਡੇ ਨੂੰ ਏਨਾ ਹੀ ਕਹਿ ਸਕੀ, ‘‘ਬੇਟੇ ਹੌਸਲਾ ਰੱਖੋ। ਰੋਇਆ ਨਹੀਂ ਕਰਤੇ।’’ ਤੇ ਫਿਰ ਮੈਂ ਉੱਥੇ ਖੜ੍ਹ ਨਹੀਂ ਸਕੀ। ਅੱਗੇ ਆ ਕੇ ਮੇਰੀ ਬੱਚੀ ਬੋਲੀ, ‘‘ਮੰਮੀ ਤੁਸੀਂ ਉਸ ਦੀ ਮਦਦ ਕਰ ਦਿੰਦੇ। ਤੁਸੀਂ ਉਸ ਨੂੰ ਵੀਹ ਰੁਪਏ ਦੇ ਦਿੰਦੇ।’’

ਬੱਚੀ ਦੇ ਸ਼ਬਦਾਂ ਨੇ ਮੈਨੂੰ ਝੰਜੋੜ ਦਿੱਤਾ। ‘‘ਠੀਕ ਹੀ ਤਾਂ ਕਹਿ ਰਹੀ ਹੈ। ਮੈਨੂੰ ਮਦਦ ਕਰਨੀ ਚਾਹੀਦੀ ਸੀ। ਮੈਂ ਵੀ ਤਾਂ ਹਮਦਰਦੀ ਜਤਾ ਕੇ ਤੁਰ ਆਈ ਹਾਂ।’’ ਬੱਚੀ ਫਿਰ ਕਹਿ ਰਹੀ ਸੀ, ‘‘ਮੰਮੀ, ਫਿਰ ਤੁਸੀਂ ਉਸ ਕੋਲ ਰੁਕੇ ਕਿਉਂ? ਤੁਸੀਂ ਉਸ ਨੂੰ ਪੁੱਛਣਾ ਹੀ ਨਹੀਂ ਸੀ।’’

ਸੱਚਮੁੱਚ ਮੈਂ ਗੁਨਾਹਗਾਰ ਸਾਂ। ਜੇ ਮੈਂ ਵੀਹ ਰੁਪਏ ਦੇ ਵੀ ਦਿੰਦੀ ਤਾਂ ਕੀ ਹਰਜ ਸੀ ? ਪਰ ਜੇ ਉਹ ਨਾ ਲੈਂਦਾ। ਮਿਹਨਤ ਕਰਨ ਵਾਲੇ ਇਸ ਤਰ੍ਹਾਂ ਪੈਸੇ ਲੈਂਦੇ ਵੀ ਨਹੀਂ। ਇਸ ਆਦਰਸ਼ਵਾਦੀ ਖਿਆਲ ਨੇ ਮੈਨੂੰ ਥੋੜ੍ਹਾ ਜਿਹਾ ਸਕੂਨ ਦਿੱਤਾ, ਪਰ ਬੱਚੀ ਦੀਆਂ ਗੱਲਾਂ ਨੇ ਮੇਰੇ ਮਨ ਦਾ ਚੈਨ ਖੋਹ ਲਿਆ ਸੀ। ਮੁੰਡੇ ਦਾ ਗਲੇਡੂਆਂ ਨਾਲ ਭਰਿਆ ਚਿਹਰਾ ਵਾਰ-ਵਾਰ ਮੇਰੀਆਂ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ। ਮੈਨੂੰ ਰਾਤ ਦੀ ਰੋਟੀ ਵੀ ਚੰਗੀ ਨਹੀਂ ਲੱਗੀ। ਮਸਾਂ ਹੀ ਮੈਂ ਇੱਕ ਰੋਟੀ ਖਾ ਸਕੀ। ਪਤੀ ਦੇਵ ਨੂੰ ਮੈਂ ਇਹ ਗੱਲ ਨਹੀਂ ਦੱਸੀ। ਉਹ ਮੇਰੀਆਂ ਇਨ੍ਹਾਂ ਗੱਲਾਂ ਦਾ ਮੌਜੂ ਉਡਾਉਂਦੇ ਹਨ। ਉਹ ਮੈਨੂੰ ਲਾਪਰਵਾਹੀ ਨਾਲ ਜਿਉਣ ਦੀ ਸਿੱਖਿਆ ਦਿੰਦੇ ਰਹਿੰਦੇ ਹਨ, ਪਰ ਮੈਂ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਹਾਂ।

ਰਾਤ ਨੂੰ ਪਹਿਲਾਂ ਤਾਂ ਨੀਂਦ ਹੀ ਨਹੀਂ ਆਈ। ਦੇਰ ਗਈ ਜੇ ਝਪਕੀ ਲੱਗੀ ਵੀ ਤਾਂ ਕੀ ਵੇਖਦੀ ਹਾਂ ਕਿ ਸੁਪਨੇ ਵਿੱਚ ਉਹੀ ਮੁੰਡਾ ਰੋਈ ਜਾ ਰਿਹਾ ਹੈ।

ਮੈਂ ਉੱਭੜਾਵਾਹੇ ਉੱਠ ਪਈ ਤੇ ਸੋਚਣ ਲੱਗੀ, ਬੰਦੇ ਦਾ ਦਿਮਾਗ਼ ਏਨਾ ਸੰਵੇਦਨਸ਼ੀਲ ਵੀ ਨਹੀਂ ਹੋਣਾ ਚਾਹੀਦਾ। ਇਸ ਕਠੋਰ ਸਮਾਜ ਵਿੱਚ ਕਿੰਨਾ ਕੁ ਚਿਰ ਬੰਦਾ ਆਪਣੇ ਮਨ ਦੀ ਕੋਮਲਤਾ ਨੂੰ ਬਚਾ ਕੇ ਰੱਖ ਸਕਦਾ ਹੈ ? ਮੈਨੂੰ ਪਿਤਾ ਜੀ ਦੀ ਗੱਲ ਯਾਦ ਆਈ, ‘‘ਬੇਟਾ, ਤੇਰਾ ਨਾਂ ‘ਕਰੁਣਾ’ ਰੱਖ ਕੇ ਸ਼ਾਇਦ ਮੈਂ ਠੀਕ ਨਹੀਂ ਕੀਤਾ। ਤੂੰ ਤਾਂ ਸਚਮੁੱਚ ਹੀ ਕਰੁਣਾ ਬਣ ਗਈ ਏਂ। ਇਸ ਸਮਾਜ ਵਿੱਚ ਤਾਂ ਕਰੁਣਾ ਦਾ ਜਿਉਣਾ ਮੁਸ਼ਕਿਲ ਹੈ।’’

ਦੂਸਰੇ ਦਿਨ ਮੈਂ ਸ਼ਾਮ ਨੂੰ ਸਬਜ਼ੀ ਲਿਆਉਣ ਦੇ ਬਹਾਨੇ ਫਿਰ ਬਾਜ਼ਾਰ ਚਲੀ ਗਈ। ਬੱਚੀ ਨੂੰ ਮੈਂ ਜਾਣ-ਬੁੱਝ ਕੇ ਨਾਲ ਲੈ ਲਿਆ ਤਾਂ ਕਿ ਉਸ ਦੇ ਸਾਹਮਣੇ ਉਸ ਮੁੰਡੇ ਦੀ ਮਦਦ ਕਰਾਂ। ਹੁਣ ਮੈਨੂੰ ਲੱਗ ਰਿਹਾ ਸੀ ਕਿ ਜਦੋਂ ਤੱਕ ਮੈਂ ਉਸ ਮੁੰਡੇ ਦੀ ਮਦਦ ਨਹੀਂ ਕਰ ਲੈਂਦੀ, ਉਦੋਂ ਤੱਕ ਮੇਰੇ ਮਨ ਤੋਂ ਇਹ ਬੋਝ ਨਹੀਂ ਉਤਰੇਗਾ। ਮੈਨੂੰ ਤਾਂ ਇੱਥੋਂ ਤੱਕ ਮਹਿਸੂਸ ਹੋ ਰਿਹਾ ਸੀ ਕਿ ਮੈਂ ਓਨੀ ਹੀ ਗੁਨਾਹਗਾਰ ਹਾਂ, ਜਿੰਨਾ ਉਹ ਰੁਪਏ ਖੋਹਣ ਵਾਲਾ ਬੰਦਾ।

ਅਸੀਂ ਦੋਵੇਂ ਉਸ ਥਾਂ ਦੇ ਨੇੜੇ ਪਹੁੰਚ ਗਈਆਂ ਸਾਂ, ਜਿੱਥੇ ਉਹ ਮੁੰਡਾ ਬੈਠਦਾ ਸੀ। ਪਰ ਇਹ ਕੀ ? ਮੁੰਡੇ ਨੇ ਦੋਹਾਂ ਹੱਥਾਂ ਨਾਲ ਆਪਣੀ ਜੇਬ ਨੂੰ ਘੁੱਟਿਆ ਹੋਇਆ ਸੀ। ਇੱਕ ਲੜਖੜਾਉਂਦਾ ਹੋਇਆ ਬੰਦਾ ਉਸ ਨੂੰ ਉੱਚੀ-ਉੱਚੀ ਕਹਿ ਰਿਹਾ ਸੀ।

‘‘ਨਿਕਾਲ ਦੇ ਅਪਨੇ ਆਪ ! ਨਹੀਂ ਤੋ ਮੈਂ ਖ਼ੂਬ ਪੀਟੂੰਗਾ।’’ ਮੁੰਡਾ ਰੋਂਦਾ ਹੋਇਆ ਕਹਿ ਰਿਹਾ ਸੀ, ‘‘ਨਹੀਂ ਦੂੰਗਾ…ਨਹੀਂ ਦੂੰਗਾ। ਮੈਨੇ ਕਮਾਏਂ ਹੈਂ।’’

‘‘ਬਾਪ ਕੇ ਆਗੇ ਬੋਲਤਾ ਹੈ ? …ਹਰਾਮਜ਼ਾਦਾ…।’’ ਉਸ ਬੰਦੇ ਨੇ ਜ਼ਬਰਦਸਤੀ ਉਸ ਮੁੰਡੇ ਦੀ ਜੇਬ ਵਿੱਚੋਂ ਸਾਰੇ ਪੈਸੇ ਕੱਢ ਲਏ ਸਨ। ਆਸ-ਪਾਸ ਖੜ੍ਹੇ ਦੋ ਚਾਰ ਬੰਦੇ ਇਹ ਤਮਾਸ਼ਾ ਦੇਖੀ ਜਾ ਰਹੇ ਸਨ।

ਮੈਨੂੰ ਅਤੇ ਮੇਰੀ ਬੱਚੀ ਨੂੰ ਗੱਲ ਦੀ ਸਮਝ ਆ ਗਈ ਸੀ। ਪੈਸੇ ਖੋਹਣ ਵਾਲਾ ਹੋਰ ਕੋਈ ਨਹੀਂ ਸੀ, ਮੁੰਡੇ ਦਾ ਆਪਣਾ ਪਿਓ ਹੀ ਸੀ। ਏਨੇ ਬੰਦਿਆਂ ਦੇ ਸਾਹਮਣੇ

ਇਸ ਮਾਮਲੇ ਵਿੱਚ ਅਸੀਂ ਮਾਂ-ਧੀ ਕੀ ਮਦਦ ਕਰ ਸਕਦੀਆਂ ਸਾਂ ?

ਮੈਂ ਬੱਚੀ ਦਾ ਹੱਥ ਫੜ ਕੇ ਪਿੱਛੇ ਨੂੰ ਮੁੜ ਪਈ। ਭਾਵੇਂ ਮੈਂ ਇਹ ਜਾਣ ਲਿਆ ਸੀ ਕਿ ਮੁੰਡੇ ਤੋਂ ਪੈਸੇ ਖੋਹਣ ਵਾਲਾ ਉਸ ਦਾ ਆਪਣਾ ਪਿਓ ਹੀ ਸੀ, ਪਰ ਇਹ ਗੱਲ ਵੀ ਪੱਕੀ ਸੀ ਕਿ ਘੱਟੋ-ਘੱਟ ਅੱਜ ਦੀ ਰਾਤ ਵੀ ਮੈਂ ਆਰਾਮ ਨਾਲ ਨਹੀਂ ਸੌਂ ਸਕਣਾ ਸੀ।

ਸੰਪਰਕ: 001-317-406-0002



News Source link
#ਕਰਣ #ਕ #ਕਰ

- Advertisement -

More articles

- Advertisement -

Latest article