44.3 C
Patiāla
Tuesday, May 21, 2024

ਕਲਾ ਦਾ ਵਿਲੱਖਣ ਮੇਲਾ ਪਿਟਨਵੀਮ ਆਰਟ ਫੈਸਟੀਵਲ

Must read


ਤਰਲੋਚਨ ਮੁਠੱਡਾ

ਪੰਜਾਬ ਵਿੱਚ ਹਰ ਸਾਲ ਅਨੇਕਾਂ ਮੇਲੇ ਲੱਗਦੇ ਹਨ। ਹਰ ਪਿੰਡ ਅਤੇ ਮੇਲੇ ਦੀ ਆਪਣੀ ਖਾਸੀਅਤ ਹੁੰਦੀ ਹੈ। ਕੋਈ ਪਿੰਡ ਛਿੰਝ ਲਈ ਮਸ਼ਹੂਰ ਹੈ ਤੇ ਕੋਈ ਕਬੱਡੀ ਵਾਸਤੇ। ਕਿਸੇ ਮੇਲੇ ’ਤੇ ਦੁਨੀਆ ਭਰ ਦੇ ਕੱਵਾਲ ਹਾਜ਼ਰੀ ਭਰਦੇ ਹਨ ਅਤੇ ਕਿਤੇ ਪੰਜਾਬੀ ਗਾਇਕਾਂ ਨੂੰ ਸੁਣਨ ਲਈ ਲੋਕ ਹੁੰਮ ਹੁੰਮਾਂ ਕੇ ਪਹੁੰਚਦੇ ਹਨ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਚੋਣਵੇਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਾਟਕ ਮੇਲੇ ਵੀ ਜਾਗੋ ਦਾ ਹੋਕਾ ਦੇ ਰਹੇ ਹਨ, ਕਿਤਾਬਾਂ ਦੇ ਮੇਲੇ ਅਤੇ ਪ੍ਰਦਰਸ਼ਨੀਆਂ ਵੀ ਗਿਆਨ ਵੰਡ ਰਹੇ ਹਨ। ਪਰ ਅੱਜ ਅਸੀਂ ਇਨ੍ਹਾਂ ਸਭ ਤੋਂ ਵੱਖਰੇ ਅਤੇ ਨਿਆਰੇ ਮੇਲੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਮੇਲਾ ਸਕੌਟਲੈਂਡ ਦੇ ਇੱਕ ਪਿੰਡ ਪਿਟਨਵੀਮ ਵਿੱਚ 8 ਦਿਨ ਰਹਿੰਦਾ ਹੈ। ਇਸ ਵਿੱਚ ਸੰਸਾਰ ਪੱਧਰ ਦੇ ਇੱਕ ਸੌ ਤੋਂ ਵੱਧ ਕਲਾਕਾਰ ਅਤੇ ਖਾਸ ਤੌਰ ’ਤੇ ਚਿੱਤਰਕਾਰ ਆਪਣੀਆਂ ਪੇਟਿੰਗਾਂ ਆਦਿ ਦੀਆਂ ਨੁਮਾਇਸ਼ਾਂ ਲਗਾਉਂਦੇ ਹਨ। ਇਹ ਪ੍ਰਦਰਸ਼ਨੀਆਂ ਕਿਸੇ ਹਾਲ ਵਿੱਚ ਨਹੀਂ ਸਗੋਂ ਪਿੰਡ ਦੇ ਲੋਕਾਂ ਦੇ ਘਰਾਂ, ਗੈਰਾਜਾਂ, ਵਰਾਂਡਿਆਂ, ਲੱਕੜ ਦੀਆਂ ਝੌਂਪੜੀਆਂ, ਚਰਚਾਂ, ਸਕੂਲਾਂ, ਦੁਕਾਨਾਂ, ਕਮਿਊਨਿਟੀ ਸੈਂਟਰਾਂ ਅਤੇ ਲਾਇਬ੍ਰੇਰੀ ਆਦਿ ਵਿੱਚ ਵੱਖ ਵੱਖ ਥਾਵਾਂ ’ਤੇ ਲਗਾਈਆਂ ਜਾਂਦੀਆਂ ਹਨ। ਸਾਰਾ ਪਿੰਡ ਸਜਾਇਆ ਜਾਂਦਾ ਹੈ। ਪਿਟਨਵੀਮ ਵਿੱਚ ਇਨ੍ਹਾਂ ਅੱਠ ਦਿਨਾਂ ਵਿੱਚ ਕਲਾ ਦੀਆਂ ਵੱਖ ਵੱਖ ਵੰਨਗੀਆਂ ਨਾਲ ਸਬੰਧਿਤ ਅਨੇਕਾਂ ਵਰਕਸ਼ਾਪ, ਗੋਸ਼ਟੀਆਂ, ਸੈਮੀਨਾਰ ਅਤੇ ਬੱਚਿਆਂ ਦੇ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। ਇਸ ਪਿੰਡ ਨੂੰ ਸਕੌਟਲੈਂਡ ਵਿੱਚ ਚਿੱਤਰਕਾਰਾਂ ਦੇ ਸਵਰਗ ਵਜੋਂ ਵੀ ਜਾਣਿਆ ਜਾਂਦਾ ਹੈ।

ਪਿਟਨਵੀਮ ਸਕੌਟਲੈਂਡ ਦੇ ਮੁੱਖ ਸ਼ਹਿਰ ਗਲਾਸਗੋ ਤੋਂ ਤਕਰੀਬਨ 80 ਮੀਲ ਅਤੇ ਰਾਜਧਾਨੀ ਐਡੰਬਰਾ ਤੋਂ 50 ਮੀਲ ਦੂਰ, ਫਾਈਫ (Fife) ਕੌਂਸਲ ਦੇ ਪੂਰਬੀ ਤੱਟ ’ਤੇ ਵਸਿਆ ਇਤਿਹਾਸਕ ਪਿੰਡ ਹੈ। ਪਿੰਡ ਦੀ ਅਬਾਦੀ ਲਗਭਗ 1500 ਹੈ। ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਮੱਛੀਆਂ ਫੜਨਾ ਹੈ, ਪਰ ਇਸ ਦੇ ਨਾਲ ਨਾਲ ਖੇਤੀਬਾੜੀ, ਟੂਰਿਜ਼ਮ ਅਤੇ ਅੱਜਕੱਲ੍ਹ ਆਰਟ ਅਤੇ ਕਰਾਫਟ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਹਨ। ਇਸ ਪਿੰਡ ਵਿੱਚ 30 ਤੋਂ ਵੱਧ ਚਿੱਤਰਕਾਰ ਅਤੇ ਕਰਾਫਟ ਡਿਜ਼ਾਈਨਰ ਰਹਿੰਦੇ ਹਨ। ਇਨ੍ਹਾਂ ਕਲਾਕਾਰਾਂ ਨੇ 1982 ਵਿੱਚ ਪਿਟਨਵੀਮ ਆਰਟ ਫੈਸਟੀਵਲ ਸ਼ੁਰੂ ਕੀਤਾ ਸੀ ਜੋ ਕਿ ਲਗਾਤਾਰ ਹਰ ਸਾਲ ਅਗਸਤ ਵਿੱਚ ਕੀਤਾ ਜਾਂਦਾ ਹੈ। ਫੈਸਟੀਵਲ ਦੇ ਸਾਰੇ ਪ੍ਰਬੰਧ ਇੱਕ ਬੋਰਡ ਵੱਲੋਂ ਕੀਤੇ ਜਾਂਦੇ ਹਨ ਜਿਸ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਵਾਲੰਟੀਅਰ ਸੇਵਾਵਾਂ ਨਿਭਾਉਂਦੇ ਹਨ। ਆਰਟ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ ਫਾਈਫ ਕੌਂਸਲ ਤੋਂ ਇਲਾਵਾ ਸਥਾਨਕ ਚਰਚ, ਕਾਰੋਬਾਰੀ ਅਤੇ ਆਮ ਲੋਕ ਪੂਰਾ ਸਹਿਯੋਗ ਕਰਦੇ ਹਨ। ਇੱਕ ਹਫ਼ਤੇ ਵਿੱਚ 20,000 ਤੋਂ ਵੱਧ ਕਲਾ ਪ੍ਰੇਮੀ ਚਿੱਤਰਕਾਰਾਂ ਦੇ ਸਵਰਗ ਦੀ ਯਾਤਰਾ ਕਰਦੇ ਹਨ।

ਪਿੰਡ ਵਿੱਚ ਦਾਖਲ ਹੋਣ ਸਾਰ ਪੀਲੇ ਰੰਗ ਦੇ ਸਾਇਨ ਬੋਰਡ ਤੁਹਾਨੂੰ ਕਾਰ ਪਾਰਕ ਤੱਕ ਲੈ ਜਾਂਦੇ ਹਨ। ਇੱਥੇ ਪਿੰਡ ਦੇ ਵਾਲੰਟੀਅਰ ਮੁੰਡੇ ਕੁੜੀਆਂ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਵੀ ਕਰਦੇ ਹਨ ਅਤੇ ਕਾਰਾਂ ਨੂੰ ਕਤਾਰਾਂ ਵਿੱਚ ਲਗਾਉਣ ਲਈ ਮਦਦ ਵੀ ਕਰਦੇ ਹਨ। ਕਾਰ ਪਾਰਕ ਦੇ ਇੱਕ ਕੋਨੇ ’ਤੇ ਟੈਂਟ ਵਿੱਚ ਇੱਕ ਸਟਾਲ ਲਗਾਇਆ ਜਾਂਦਾ ਹੈ ਜਿਸ ’ਤੇ ਫੈਸਟੀਵਲ ਸਬੰਧੀ ਜਾਣਕਾਰੀ ਵਾਲੇ ਕਿਤਾਬਚੇ ਰੱਖੇ ਜਾਂਦੇ ਹਨ। ਜਿਸ ਦੀ ਕੀਮਤ ਤਕਰੀਬਨ ਤਿੰਨ ਪੌਂਡ ਹੁੰਦੀ ਹੈ। ਇਸ ਵਿੱਚ ਕਲਾਕਾਰਾਂ, ਕਲਾ ਦੀ ਵੰਨਗੀ ਅਤੇ ਪ੍ਰਦਰਸ਼ਨੀ ਦੇ ਸਥਾਨ ਨੰਬਰ ਬਾਰੇ ਵਿਸਥਾਰ ਨਾਲ ਜਾਣਕਾਰੀ ਉਪਲੱਬਧ ਕਰਵਾਈ ਜਾਂਦੀ ਹੈ। ਦੂਸਰੇ ਪਾਸੇ ਜਿਸ ਵੀ ਘਰ, ਸਕੂਲ, ਚਰਚ, ਗੈਰਾਜ, ਦੁਕਾਨ, ਲਾਇਬ੍ਰੇਰੀ ਜਾਂ ਕਮਿਊਨਿਟੀ ਸੈਂਟਰ ਵਿੱਚ ਕਲਾ ਦੀ ਨੁਮਾਇਸ਼ ਲਗਾਈ ਜਾਂਦੀ ਹੈ, ਉਸ ਦੇ ਬਾਹਰ ਵੀ ਉਸ ਸਟਾਲ ਦੇ ਨੰਬਰ ਦਾ ਬੋਰਡ ਰੱਖਿਆ ਜਾਂਦਾ ਹੈ। ਇਸ ਨਾਲ ਕਲਾ ਪ੍ਰੇਮੀ ਆਪਣੇ ਮਨਪਸੰਦ ਚਿੱਤਰਕਾਰਾਂ ਨੂੰ ਸੌਖਾ ਹੀ ਲੱਭ ਸਕਦੇ ਹਨ। ਇਸ ਤੋਂ ਇਲਾਵਾ ਇਸ ਮੈਗਜ਼ੀਨ ਵਿੱਚ ਪਿੰਡ ਦੇ ਵਸਨੀਕ ਅਤੇ ਮਹਿਮਾਨ ਚਿੱਤਰਕਾਰਾਂ ਦੇ ਮੌਜੂਦਾ ਪਤੇ, ਖਾਣ ਪੀਣ ਦੇ ਸਥਾਨਾਂ, ਬਾਥਰੂਮਾਂ ਅਤੇ ਪਿੰਡ ਦੀਆਂ ਦੇਖਣ ਯੋਗ ਥਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਕਲਾਕਾਰਾਂ ਦੇ ਇਸ ਪਿੰਡ ਨੂੰ ਅਸੀਂ ਮੁੱਖ ਤੌਰ ’ਤੇ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ; ਉੱਚਾ ਪਾਸਾ ਮੁੱਖ ਸੜਕ ’ਤੇ ਹੈ ਅਤੇ ਇੱਥੇ ਆਧੁਨਿਕ ਮਕਾਨ ਹਨ। ਨੀਵਾਂ ਪਾਸਾ ਸਮੁੰਦਰੀ ਤੱਟ ਦੇ ਨਾਲ ਲੱਗਦਾ ਹੈ ਅਤੇ ਇੱਥੇ ਬਹੁਤ ਪੁਰਾਣੇ ਘਰ ਸਾਂਭੇ ਹੋਏ ਹਨ। ਮਛੇਰਿਆਂ ਦਾ ਕਾਰੋਬਾਰ ਵੀ ਇਸ ਪਾਸੇ ਹੀ ਹੈ। ਬਾਹਰੋਂ ਆਏ ਲੋਕਾਂ ਵਾਸਤੇ ਖਾਣ ਪੀਣ ਦੇ ਸਟਾਲ ਬੀਅਰ ਬਾਰ ਵੀ ਇਸ ਇਲਾਕੇ ਵਿੱਚ ਹੀ ਹਨ। ਜੋ ਲੋਕ ਜ਼ਿਆਦਾ ਉੱਚੇ ਪਾਸੇ ਤੁਰ ਕੇ ਨਹੀਂ ਆ ਜਾ ਸਕਦੇ, ਉਨ੍ਹਾਂ ਵਾਸਤੇ ਫੈਸਟੀਵਲ ਦੇ ਪ੍ਰਬੰਧਕਾਂ ਵੱਲੋਂ ਮੁਫ਼ਤ ਬੱਸ ਸਰਵਿਸ ਦਾ ਇੰਤਜ਼ਾਮ ਵੀ ਕੀਤਾ ਗਿਆ ਜਾਂਦਾ ਹੈ।

ਜ਼ਿਆਦਾਤਰ ਚਿੱਤਰਕਾਰੀ ਵਾਸਤੇ ਕਲਾਕਾਰ ਪੇਪਰ, ਕੈਨਵਸ, ਬੋਰਡ, ਬੁਰਸ਼, ਅਕਰੈਲਿਕ ਅਤੇ ਤੇਲ ਵਾਲੇ ਰੰਗਾਂ ਦੀ ਵਰਤੋਂ ਕਰਦੇ ਹਨ। ਪਰ ਇਸ ਵਾਰ ਇੱਥੇ ਵੱਖ ਵੱਖ ਕਲਾਕਾਰਾਂ ਵੱਲੋਂ ਉਪਰੋਕਤ ਸਾਧਨਾਂ ਤੋਂ ਇਲਾਵਾ ਕੱਪੜਾ, ਟਾਈਲਾਂ, ਪੱਥਰ, ਪਲਾਸਟਿਕ ਦੇ ਰੰਗ ਬਰੰਗੇ ਬਟਨ, ਮਿੱਟੀ, ਰੇਤ, ਲੱਕੜ, ਧਾਗੇ, ਘਾਹ, ਉੱਨ, ਡਾਕ ਟਿਕਟਾਂ, ਪੈੱਨਸਿਲ, ਕੋਲਾ, ਕਾਂਡੀ, ਰੂੰ, ਕਰੌਕਰੀ, ਅੱਗ ਅਤੇ ਗਰਮ ਹਵਾ (ਹੌਟ ਗੰਨ) ਆਦਿ ਦੀ ਵਰਤੋਂ ਨਾਲ ਬਣਾਏ ਚਿੱਤਰ ਵੀ ਨੁਮਾਇਸ਼ ਵਿੱਚ ਸ਼ਾਮਲ ਕੀਤੇ ਗਏ ਸਨ। ਲੱਕੜ ਅਤੇ ਮਿੱਟੀ ਦੇ ਬਰਤਨ, ਕੱਪੜੇ ਅਤੇ ਟਾਇਲਾਂ ਉੱਪਰ ਬਣਾਏ ਚਿੱਤਰ, ਹੱਥੀਂ ਬਣਾਏ ਗਹਿਣੇ, ਕੱਚ ਨੂੰ ਪਿਘਲਾ ਕੇ ਬਣਾਏ ਚਿੱਤਰ, ਡਿਜੀਟਲ ਆਰਟ, 3D ਤਸਵੀਰਾਂ, ਲੈਂਡਸਕੇਪ, ਸੀ ਸਕੇਪ, ਜੰਗਲੀ ਜੀਵਨ, ਕੁਦਰਤ ਦੇ ਰੰਗ, ਵਾਤਾਵਰਨ, ਆਵਾਜ਼ ਅਤੇ ਖਾਮੋਸ਼ੀ (Sound & Silence) ਨੂੰ ਦਰਸਾਉਂਦੇ ਅਣਗਿਣਤ ਕਲਾ ਦੇ ਨਮੂਨੇ ਇਸ ਫੈਸਟੀਵਲ ਵਿੱਚ ਦੇਖਣ ਨੂੰ ਮਿਲਦੇ ਹਨ।

ਕਲਾ ਨੂੰ ਪਿਆਰ ਕਰਨ ਵਾਲੇ ਲੋਕ ਇੱਥੋਂ ਆਪਣੇ ਮਨ ਪਸੰਦ ਦੀਆਂ ਪੇਟਿੰਗ ਖਰੀਦ ਵੀ ਸਕਦੇ ਹਨ। ਇਹ ਅਸਲੀ ਹਾਲਤ ਵਿੱਚ ਵੀ ਮਿਲਦੀਆਂ ਹਨ ਅਤੇ ਫੋਟੋਆਂ ਦੇ ਰੂਪ ਵਿੱਚ ਵੀ। ਬਹੁਤ ਸਾਰੇ ਕਲਾਕਾਰਾਂ ਨੇ ਇਹ ਪੋਸਟ ਕਾਰਡਾਂ, ਕੈਲੰਡਰਾਂ, ਕੱਪ, ਪਲੇਟਾਂ, ਸਿਰਹਾਣੇ ਅਤੇ ਗੱਦੀਆਂ ਆਦਿ ਉੱਪਰ ਵੀ ਛਪਾਈਆਂ ਹਨ। ਇਸ ਵਾਰ ਇਨ੍ਹਾਂ ਵੱਖ ਵੱਖ ਰੂਪਾਂ ਵਿੱਚ ਮਿਲ ਰਹੀਆਂ ਪੇਟਿੰਗਾਂ ਦੀ ਕੀਮਤ ਇੱਕ ਪੌਂਡ ਤੋਂ ਲੈ ਕੇ ਵੀਹ ਹਜ਼ਾਰ ਪੌਂਡ ਤੱਕ ਸੀ। ਕਲਾ ਪ੍ਰਤੀ ਲੋਕਾਂ ਦੇ ਪਿਆਰ ਤੇ ਕਦਰ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਲੋਕ ਇਹ ਵਸਤਾਂ ਅਤੇ ਪੇਟਿੰਗਾਂ ਧੜਾ ਧੜ ਖਰੀਦਦੇ ਹਨ। ਕਲਾਕਾਰਾਂ ਨਾਲ ਫੋਟੋਆਂ ਖਿਚਾਉਂਦੇ ਹਨ। ਕਲਾ ਦੀ ਸਿਫ਼ਤ ਕਰਦੇ ਹਨ ਅਤੇ ਧੰਨਵਾਦ ਕਰਦੇ ਹਨ ਕਿ ਤੁਸੀਂ ਇਸ ਵਾਰ ਮੇਲੇ ’ਤੇ ਆਏ।

ਜਿਸ ਤਰ੍ਹਾਂ ਕਿ ਹਰ ਖੇਤਰ ਵਿੱਚ ਹੀ ਨਵੇਂ ਤਜਰਬੇ ਹੋ ਰਹੇ ਹਨ। ਇਸ ਵਾਰ ਕਲਾ ਮਹਾਉਤਸਵ ਵਿੱਚ ਫਲੇਮਿੰਗ ਆਰਟ (Flaming art) ਅਤੇ ਫਲੂਇਡ ਆਰਟ (Fluid art) ਕਲਾ ਪ੍ਰੇਮੀਆਂ ਦਾ ਧਿਆਨ ਖਿੱਚ ਰਹੇ ਸਨ। ਫਲੇਮਿੰਗ ਆਰਟ ਬਾਰੇ ਪੁੱਛਣ ’ਤੇ ਚਿੱਤਰਕਾਰ ਡੈਰਿਕ ਕੌਲਿਨਸ ਨੇ ਦੱਸਿਆ ਕਿ ਉਹ ਆਪਣੀਆਂ ਕਲਾ ਕਿਰਤਾਂ ਵਿੱਚ ਵੱਖ ਵੱਖ ਰੰਗਾਂ ਦੇ ਨਾਲ ਨਾਲ ਰਾਲ (resin) ਦੀ ਵਰਤੋਂ ਕਰਦਾ ਹੈ। ਪਹਿਲਾਂ ਉਹ ਚਿੱਤਰਾਂ ਵਿੱਚ ਖਾਸ ਪ੍ਰਭਾਵ ਪ੍ਰਗਟ ਕਰਨ ਲਈ ਅੱਗ ਦਾ ਉਪਯੋਗ ਕਰਦਾ ਸੀ, ਪਰ ਹੁਣ ਹੌਟ ਗੰਨ ਦੀ ਵਰਤੋਂ ਕੀਤੀ ਜਾਂਦੀ ਹੈ। ਫਲੂਇਡ ਆਰਟ (Fluid art) ਬਾਰੇ ਗੱਲ ਕਰਦਿਆਂ ਇਸ ਵੰਨਗੀ ਦੇ ਮਾਹਿਰ ਕਲਾਕਾਰ ਫੌਰਬੀਸ ਰਿਡਲੈਂਡ ਨੇ ਦੱਸਿਆ ਕਿ ਉਹ ਆਪਣੀਆਂ ਪੇਟਿੰਗਜ਼ ਵਿੱਚ ਬੁਰਸ਼ ਜਾਂ ਕਿਸੇ ਹੋਰ ਔਜ਼ਾਰ ਦੀ ਵਰਤੋਂ ਨਹੀਂ ਕਰਦਾ ਸਗੋਂ ਤਰਲ ਰੰਗਾਂ ਨੂੰ ਕੈਨਵਸ, ਪੇਪਰ ਜਾਂ ਟਾਇਲ ਆਦਿ ’ਤੇ ਪਾ ਕੇ ਉਸ ਨੂੰ ਹਿਲਾ ਕੇ ਜਾਂ ਮੂੰਹ ਨਾਲ ਫੂਕਾਂ ਮਾਰ ਕੇ ਹੀ ਪੇਟਿੰਗ ਬਣਾਉਂਦਾ ਹੈ। ਇਸ ਤੋਂ ਇਲਾਵਾ ਕਲਾਉਡੀਆ ਮਾਲਡੋਨੈਡੋ ਵੱਲੋਂ ਆਪਣੀਆਂ ਕਲਾ ਕਿਰਤਾਂ ਵਿੱਚ ਪੁਰਾਣੀਆਂ ਟਿਊਬਾਂ ਤੋਂ ਅਣਗਿਣਤ ਮੱਛੀਆਂ ਬਣਾ ਕੇ ਸਮੁੰਦਰ ਵਿਚਲੇ ਜੀਵਨ ਨੂੰ ਦਿਖਾਇਆ ਗਿਆ ਸੀ।

ਹਰ ਸਾਲ ਮੇਲੇ ਦੌਰਾਨ ਨਵੇਂ ਗ੍ਰੈਜੂਏਟ ਹੋਏ ਕਲਾਕਾਰ ਨੂੰ ਹੈਂਡਰਸਨ ਬਰਸਰੀ ਐਵਾਰਡ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਵਿੱਤੀ ਮਦਦ ਕੀਤੀ ਜਾਂਦੀ ਹੈ ਤਾਂ ਜੋ ਉਹ ਚਿੱਤਰਕਾਰੀ ਦੇ ਖੇਤਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਸਕਣ। ਇਸ ਸਾਲ ਦਾ ਐਵਾਰਡ ਸੋਫੀ ਫੀਲਡਜ਼ ਨੂੰ ਦਿੱਤਾ ਗਿਆ ਜਿਸ ਨੇ ਐਡੰਬਰਾ ਕਾਲਜ ਆਫ ਆਰਟਸ ਤੋਂ ਕਲਾ ਦੇ ਖੇਤਰ ਵਿੱਚ ਕੱਪੜੇ ਦੀ ਵਰਤੋਂ ਵਿਸ਼ੇ ’ਤੇ ਡਿਗਰੀ ਕੀਤੀ। ਥੀਏਟਰ ਫੈਸਟੀਵਲ ਦੌਰਾਨ ਵੀ ਐਡੰਬਰਾ ਕਾਲਜ ਵਿੱਚ ਸੋਫੀ ਵੱਲੋਂ ਸਟੇਜ ਉੱਪਰ ਕੱਪੜੇ ਦੀ ਕਲਾਤਮਕ ਢੰਗ ਨਾਲ ਕੀਤੀ ਗਈ ਵਰਤੋਂ ਨੂੰ ਬਹੁਤ ਸਲਾਹਿਆ ਗਿਆ। ਪਿਟਨਵੀਮ ਆਰਟ ਫੈਸਟੀਵਲ ਦੀ ਇਹ ਖੂਬੀ ਵੀ ਹੈ ਕਿ ਜਿੱਥੇ ਇਹ ਆਪਣੇ ਖੇਤਰ ਵਿੱਚ ਸਥਾਪਤ ਕਲਾਕਾਰਾਂ ਅਤੇ ਉਨ੍ਹਾਂ ਦੀ ਕਲਾ ਨੂੰ ਲੋਕਾਂ ਦੇ ਰੂਬਰੂ ਕਰਦਾ ਹੈ, ਉੱਥੇ ਬੱਚਿਆਂ ਤੋਂ ਲੈ ਕੇ ਯੂਨੀਵਰਸਿਟੀ ਗ੍ਰੈਜੂਏਟਾਂ ਨੂੰ ਆਪਣੀ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਉਤਸ਼ਾਹਿਤ ਅਤੇ ਮਦਦ ਵੀ ਕਰਦਾ ਹੈ।

ਸੰਪਰਕ: 075155-01994



News Source link
#ਕਲ #ਦ #ਵਲਖਣ #ਮਲ #ਪਟਨਵਮ #ਆਰਟ #ਫਸਟਵਲ

- Advertisement -

More articles

- Advertisement -

Latest article