28.4 C
Patiāla
Monday, May 6, 2024

ਤਾਇਵਾਨ ਦੀ ‘ਲਾਲ ਲਕੀਰ’ ਪਾਰ ਨਾ ਕੀਤੀ ਜਾਵੇ: ਸ਼ੀ

Must read


ਪੇਈਚਿੰਗ/ਨੂਸਾ ਦੂਆ (ਇੰਡੋਨੇਸ਼ੀਆ), 14 ਨਵੰਬਰ

ਮੁੱਖ ਅੰਸ਼

  • ਚੀਨੀ ਹਮਰੁਤਬਾ ਨਾਲ ਸੰਚਾਰ ਦਾ ਰਾਹ ਖੁੱਲ੍ਹਾ ਰੱਖਣ ਦੀ ਵਚਨਬੱਧਤਾ ਦੁਹਰਾਈ

ਜੀ-20 ਸਿਖਰ ਵਾਰਤਾ ਲਈ ਇੰਡੋਨੇਸ਼ੀਆ ਦੇ ਰਿਜ਼ੌਰਟ ਟਾਪੂ ਬਾਲੀ ਪੁੱਜੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਜੋਅ ਬਾਇਡਨ ਨੂੰ ਅੱਜ ਸਾਫ਼ ਕਰ ਦਿੱਤਾ ਕਿ ‘ਤਾਇਵਾਨ’ ਦਾ ਸਵਾਲ ਚੀਨ ਦੇ ਮੂਲ ਹਿੱਤਾਂ ਦਾ ਮੂਲ ਤੇ ਚੀਨ-ਅਮਰੀਕਾ ਦੀ ਸਿਆਸੀ ਬੁਨਿਆਦ ਦਾ ਆਧਾਰ ਹੈ। ਸ਼ੀ ਨੇ ਕਿਹਾ ਕਿ ਤਾਇਵਾਨ ਚੀਨ-ਅਮਰੀਕਾ ਦੁਵੱਲੇ ਰਿਸ਼ਤਿਆਂ ਦੀ ‘ਪਹਿਲੀ ਲਾਲ ਲਕੀਰ’ ਹੈ, ਜਿਸ ਨੂੰ ਪਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਧਰ ਅਮਰੀਕੀ ਸਦਰ ਜੋਅ ਬਾਇਡਨ ਨੇ ਵੀ ਮੁਲਾਕਾਤ ਦੌਰਾਨ ਤਾਇਵਾਨ ਪ੍ਰਤੀ ਚੀਨ ਦੀਆਂ ‘ਜ਼ੋਰ ਜਬਰ ਅਤੇ ਵਧਦੀਆਂ ਹਮਲਾਵਰ ਕਾਰਵਾਈਆਂ’ ਉੱਤੇ ਇਤਰਾਜ਼ ਜਤਾਇਆ ਅਤੇ ਸ਼ਿਨਜਿਆਂਗ, ਤਿੱਬਤ ਅਤੇ ਹਾਂਗਕਾਂਗ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਪੇਈਚਿੰਗ ਦੇ ਰਵੱਈਏ ਬਾਰੇ ਫ਼ਿਕਰ ਜ਼ਾਹਰ ਕੀਤੇ। ਬਾਇਡਨ ਨੇ ਕਿਹਾ ਕਿ ਉਹ ਸ਼ੀ ਨਾਲ ਸੰਚਾਰ ਦਾ ਰਾਹ ਖੁੱਲ੍ਹਾ ਰੱਖਣ ਲਈ ਵਚਨਬੱਧ ਹਨ। ਬਾਇਡਨ ਨੇ ਕਿਹਾ ਕਿ ਦੋ ਮਹਾਸ਼ਕਤੀਆਂ ਦੇ ਆਗੂ ਹੋਣ ਨਾਤੇ ਉਨ੍ਹਾਂ ਦੀ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਕੁੱਲ ਆਲਮ ਨੂੰ ਵਿਖਾਉਣ ਕਿ ਅਮਰੀਕਾ ਤੇ ਚੀਨ ਆਪਣੇ ਵੱਖਰੇਵਿਆਂ ਨੂੰ ਸੰਭਾਲਣ, ਮੁਕਾਬਲੇਬਾਜ਼ੀ ਨੂੰ ਟਕਰਾਅ ਬਣਨ ਤੋਂ ਰੋਕਣ ਤੇ ਆਲਮੀ ਮੁੱਦਿਆਂ ’ਤੇ ਇਕੱਠੇ ਕੰਮ ਕਰਨ ਦੇ ਤਰੀਕੇ ਲੱਭਣ ਦੇ ਸਮਰੱਥ ਹਨ। ਦੋਵੇਂ ਆਗੂ ਅਜਿਹੇ ਮੌਕੇ ਮਿਲੇ ਹਨ ਜਦੋਂ ਹਿੰਦ-ਪ੍ਰਸ਼ਾਂਤ ਖਿੱਤੇ ’ਚ ਚੀਨ ਦੇ ਹਮਲਾਵਰ ਰੁਖ਼, ਟਾਪੂਨੁਮਾ ਮੁਲਕ ਤਾਇਵਾਨ ਨੂੰ ਲੈ ਕੇ ਪੇਈਚਿੰਗ ਦੇ ਹਾਲੀਆ ਸਟੈਂਡ ਕਰਕੇ ਦੋਵਾਂ ਮਹਾਸ਼ਕਤੀਆਂ ਦਰਮਿਆਨ ਆਰਥਿਕ ਤੇ ਸੁਰੱਖਿਆ ਤਣਾਅ ਸਿਖਰ ’ਤੇ ਹੈ। ਦੋ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਣੇ ਬਾਇਡਨ ਦੀ ਆਪਣੇ ਚੀਨੀ ਹਮਰੁਤਬਾ ਨਾਲ ਇਹ ਪਹਿਲੀ ਨਿੱਜੀ ਮੀਟਿੰਗ ਹੈ। ਹਾਲਾਂਕਿ ਦੋਵਾਂ ਆਗੂਆਂ ਨੇ ਫੋਨ ’ਤੇ ਗੱਲਬਾਤ ਜ਼ਰੂਰ ਕੀਤੀ ਹੈ। ਉਂਜ ਬਾਇਡਨ ਉਪ ਰਾਸ਼ਟਰਪਤੀ ਵਜੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਚੀਨੀ ਰਾਸ਼ਟਰਪਤੀ ਦੇ ਸੰਪਰਕ ਵਿੱਚ ਸਨ। ਤਿੰਨ ਰੋਜ਼ਾ ਜੀ-20 ਸਿਖਰ ਵਾਰਤਾ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਇੰਡੋਨੇਸ਼ੀਆ ਦੇ ਲਗਜ਼ਰੀ ਰਿਜ਼ੌਰਟ ਹੋਟਲ ਵਿੱਚ ਹੋਈ ਮੁਲਾਕਾਤ ਦੌਰਾਨ ਜੋਅ ਬਾਇਡਨ ਤੇ ਸ਼ੀ ਨੇ ਆਪੋ-ਆਪਣੇ ਮੁਲਕਾਂ ਦੇ ਝੰਡਿਆਂ ਅੱਗੇ ਖੜ੍ਹ ਕੇ ਹੱਥ ਮਿਲਾਇਆ ਤੇ ਇਕ ਦੂਜੇ ਨੂੰ ਵਧਾਈ ਦਿੱਤੀ। ਬਾਇਡਨ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ ਕਿ ਉਹ ਸ਼ੀ ਨਾਲ ਸੰਚਾਰ ਦਾ ਰਾਹ ਖੁੱਲ੍ਹਾ ਰੱਖਣ ਲਈ ਵਚਨਬੱਧ ਹਨ।

ਅਮਰੀਕੀ ਸਦਰ ਨੇ ਕਿਹਾ, ‘‘ਮੈਂ ਤੁਹਾਡੇ ਅਤੇ ਮੇਰੇ ਵਿਚਕਾਰ ਨਿੱਜੀ ਤੌਰ ’ਤੇ ਸੰਚਾਰ ਲਾਈਨਾਂ ਖੁੱਲ੍ਹੀਆਂ ਰੱਖਣ ਲਈ ਵਚਨਬੱਧ ਹਾਂ। ਪਰ ਸਾਡੀਆਂ ਸਰਕਾਰਾਂ ਆਹਮੋ-ਸਾਹਮਣੇ ਹਨ। ਸਾਡੇ ਦੋਵਾਂ ਮੁਲਕਾਂ ਦਰਮਿਆਨ ਬਹੁਤ ਕੁਝ ਹੈ ਤੇ ਸਾਡੇ ਕੋਲ ਇਸ ਨੂੰ ਨਜਿੱਠਣ ਦਾ ਮੌਕਾ ਹੈ।’’

ਉਧਰ ਸ਼ੀ ਨੇ ਕਿਹਾ ਕਿ ਉਨ੍ਹਾਂ ਤੇ ਰਾਸ਼ਟਰਪਤੀ ਬਾਇਡਨ ਦਰਮਿਆਨ ਹੋ ਰਹੀ ਮੀਟਿੰਗ ’ਤੇ ਕੁੱਲ ਆਲਮ ਦੀ ਨਜ਼ਰ ਤੇ ਧਿਆਨ ਹੈ। ਸੀਐੱਨਐੱਨ ਨੇ ਸ਼ੀ ਦੇ ਹਵਾਲੇ ਨਾਲ ਕਿਹਾ, ‘‘ਮੌਜੂਦਾ ਸਮੇਂ ਚੀਨ-ਅਮਰੀਕਾ ਰਿਸ਼ਤੇ ਅਜਿਹੇ ਹਾਲਾਤ ਵਿੱਚ ਹਨ ਜਿੱਥੇ ਅਸੀਂ ਸਾਰੇ ਇਸ ਬਾਰੇ ਬਹੁਤ ਫ਼ਿਕਰ ਕਰਦੇ ਹਾਂ ਕਿਉਂਕਿ ਇਹ ਸਾਡੇ ਦੋਵਾਂ ਮੁਲਕਾਂ ਤੇ ਲੋਕਾਂ ਦੇ ਮੌਲਿਕ ਹਿੱਤ ਵਿੱਚ ਨਹੀਂ ਹੈ, ਅਤੇ ਨਾ ਹੀ ਕੌਮਾਂਤਰੀ ਭਾਈਚਾਰਾ ਸਾਡੇ ਕੋਲੋਂ ਅਜਿਹੀ ਕੋਈ ਉਮੀਦ ਕਰਦਾ ਹੈ।’’

ਸ਼ੀ ਨੇ ਦੁਭਾਸ਼ੀਏ ਰਾਹੀਂ ਬੋਲਦਿਆਂ ਕਿਹਾ, ‘‘ਦੋ ਪ੍ਰਮੁੱਖ ਮੁਲਕਾਂ ਦੇ ਆਗੂ ਹੋਣ ਦੇ ਨਾਤੇ ਸਾਨੂੰ ਅਮਰੀਕਾ-ਚੀਨ ਰਿਸ਼ਤਿਆਂ ਲਈ ਸਹੀ ਪੈਂਡਾ ਨਿਰਧਾਰਿਤ ਕਰਨ ਦੀ ਲੋੜ ਹੈ। ਦੁਵੱਲੇ ਰਿਸ਼ਤਿਆਂ ਨੂੰ ਅੱਗੇ ਤੇ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਸਾਨੂੰ ਸਹੀ ਦਿਸ਼ਾ ਲੱਭਣੀ ਹੋਵੇਗੀ।’’

ਚੀਨੀ ਰਾਸ਼ਟਰਪਤੀ ਨੇ ਕਿਹਾ, ‘‘ਕੁੱਲ ਆਲਮ ਉਮੀਦ ਕਰਦਾ ਹੈ ਕਿ ਚੀਨ ਤੇ ਅਮਰੀਕਾ ਰਿਸ਼ਤੇ ਨੂੰ ਬਾਖੂਬੀ ਸਾਂਭ ਲੈਣਗੇ। ਸਾਡੀ ਮੀਟਿੰਗ ਨੇ ਕੁਲ ਆਲਮ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਇਸ ਲਈ ਸਾਨੂੰ ਵਿਸ਼ਵ ਸ਼ਾਂਤੀ ਲਈ ਵਧੇਰੇ ਉਮੀਦ, ਵਿਸ਼ਵ ਸਥਿਰਤਾ ਲਈ ਵਧੇਰੇ ਵਿਸ਼ਵਾਸ ਅਤੇ ਸਾਂਝੇ ਵਿਕਾਸ ਲਈ ਮਜ਼ਬੂਤ ​​ਪ੍ਰੇਰਣਾ ਲਿਆਉਣ ਲਈ ਸਾਰੇ ਦੇਸ਼ਾਂ ਨਾਲ ਕੰਮ ਕਰਨ ਦੀ ਲੋੜ ਹੈ।’’ ਚੀਨੀ ਆਗੂ ਨੇ ਕਿਹਾ ਕਿ ਉਹ ਆਪਣੀ ਅਮਰੀਕੀ ਹਮਰੁਤਬਾ ਨਾਲ ਦੋਵਾਂ ਮੁਲਕਾਂ ਲਈ ਰਣਨੀਤਕ ਤੌਰ ’ਤੇ ਅਹਿਮ ਮੁੱਦਿਆਂ ਅਤੇ ਪ੍ਰਮੁੱਖ ਆਲਮੀ ਤੇ ਖੇਤਰੀ ਮਸਲਿਆਂ ’ਤੇ ‘ਨਿਰਪੱਖ ਤੇ ਡੂੰਘੀ’ ਵਿਚਾਰ ਚਰਚਾ ਲਈ ਤਿਆਰ ਹਨ। -ਰਾਇਟਰਜ਼/ਪੀਟੀਆਈ

ਰਿਸ਼ੀ ਸੂਨਕ ਵੱਲੋਂ ਰੂਸ ਖ਼ਿਲਾਫ਼ ਆਲਮੀ ਕਾਰਵਾਈ ਦਾ ਸੱਦਾ

ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦਾ ਬਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜਣ ਮੌਕੇ ਇੰਡੋਨੇਸ਼ੀਆ ਦੇ ਆਗੂ ਸਵਾਗਤ ਕਰਦੇ ਹੋਏ। -ਫੋਟੋ:ਰਾਇਟਰਜ਼

ਬਾਲੀ: ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਰੂਸ ਨੂੰ ‘ਠੱਗ ਮੁਲਕ’ ਕਰਾਰ ਦਿੰਦਿਆਂ ਉਸ ਖ਼ਿਲਾਫ਼ ਆਲਮੀ ਕਾਰਵਾਈ ਦਾ ਸੱਦਾ ਦਿੱਤਾ ਹੈ। ਜੀ20 ਸੰਮੇਲਨ ਲਈ ਬਾਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਰੂਸ ਖ਼ਿਲਾਫ਼ ਤਾਲਮੇਲ ਨਾਲ ਵਿਸ਼ਵ ਪੱਧਰ ਉਤੇ ਕਾਰਵਾਈ ਦੀ ਲੋੜ ਹੈ ਤਾਂ ਹੀ ਦੁਨੀਆ ਵਿਚ ਵਿੱਤੀ ਅਸਥਿਰਤਾ ਦਾ ਕੋਈ ਹੱਲ ਨਿਕਲੇਗਾ। ਉਨ੍ਹਾਂ ਰੂਸ ਵਿਰੁੱਧ ਜਵਾਬੀ ਕਾਰਵਾਈ ਦਾ ਸੱਦਾ ਦਿੱਤਾ। ਸੂਨਕ ਨੇ ਚਿਤਾਵਨੀ ਦਿੱਤੀ ਕਿ ਰੂਸ ‘ਆਲਮੀ ਆਰਥਿਕਤਾ ਦਾ ਗਲ਼ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ।’ ਸੂਨਕ ਨੇ ਇਸ ਮੌਕੇ ਪੰਜ ਨੁਕਤਿਆਂ ’ਤੇ ਅਧਾਰਿਤ ਕਾਰਜ ਯੋਜਨਾ ਵੀ ਪੇਸ਼ ਕੀਤੀ। ਦੱਸਣਯੋਗ ਹੈ ਕਿ ਪੂਰੀ ਦੁਨੀਆ ਵੱਡੀਆਂ ਵਿੱਤੀ ਮੁਸ਼ਕਲਾਂ ਵਿਚੋਂ ਲੰਘ ਰਹੀ ਹੈ ਤੇ ਮਹਿੰਗਾਈ ਬਹੁਤ ਵਧ ਗਈ ਹੈ। ਯੂਕੇ ਇਸ ਸਭ ਲਈ ਵਲਾਦੀਮੀਰ ਪੂਤਿਨ ਵੱਲੋਂ ਯੂਕਰੇਨ ਉਤੇ ਕੀਤੇ ‘ਗੈਰਕਾਨੂੰਨੀ ਹਮਲੇ’ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article