30.2 C
Patiāla
Tuesday, April 30, 2024

ਚਰਚ ਵਿੱਚ ਗੱਲਾਂ ਬਾਬੇ ਨਾਨਕ ਦੀਆਂ

Must read


ਗੱਜਣਵਾਲਾ ਸੁਖਮਿੰਦਰ ਸਿੰਘ

ਆਸਟਰੇਲੀਆ ਦੇ ਸ਼ਹਿਰ ਪਰਥ ਦੇ ਚੜ੍ਹਦੇ ਪਾਸੇ ਇੱਕ ਬਹੁਤ ਹੀ ਸੁੰਦਰ ਸਵੈਨ ਵਾਦੀ ਹੈ, ਗੋਰਿਆਂ ਦੇ ਫਾਰਮ, ਬਹੁਤ ਸਾਰੇ ਰੈਸਤਰਾਂ, ਕੌਫ਼ੀ ਹਾਊਸ, ਹਰੇ ਭਰੇ ਦਿਲਕਸ਼ ਨਜ਼ਾਰੇ ਵਾਲਾ ਕੁਦਰਤੀ ਪਸਾਰਾ ਹੈ। ਪਿਛਲੇ ਐਤਵਾਰ ਮੈਂ ਤੇ ਮੇਰੀ ਪਤਨੀ ਸਵੇਰ ਦੀ ਸੈਰ ਵੇਲੇ ਚੱਲਦੇ ਚੱਲਦੇ ਫਾਰਮਾਂ ਵਿੱਚ ਬਣੇ ਕੰਪਲੈਕਸ ਵੱਲ ਚਲੇ ਗਏ। ਉੱਥੇ 25-30 ਕਾਰਾਂ ਖੜ੍ਹੀਆਂ ਸਨ, ਵਿਚਕਾਰ ਛੋਟਾ ਜਿਹਾ ਕਬਰਸਤਾਨ ਸੀ ਤੇ ਅੱਗੇ ਇੱਕ ਛੋਟੇ ਜਿਹੇ ਆਕਾਰ ਦਾ 50 ਕੁ ਬੰਦਿਆਂ ਦੀ ਸਮਰੱਥਾ ਵਾਲਾ ਚਰਚ ਸੀ। ਉਸ ਵਿੱਚ ਕੁਝ ਗੋਰੇ ਇਕੱਠੇ ਹੋਏ ਸਨ। ਝਿਜਕਦੇ ਹੋਏ ਅਸੀਂ ਵੀ ਅੰਦਰ ਚਲੇ ਗਏ ਤੇ ਪਿੱਛੇ ਇੱਕ ਬੈਂਚ ’ਤੇ ਬੈਠ ਗਏ। ਉਨ੍ਹਾਂ ਨੇ ਆਪਣੀ ਮਰਿਆਦਾ ਤੇ ਸ਼ਰਧਾ ਸਹਿਤ ਪਰੇਅਰ ਕੀਤੀ ਤੇ ਪਾਦਰੀ ਨੇ ਜੀਸਸ ਕ੍ਰਾਈਸਟ ਦਾ ਸੰਦੇਸ਼ ਦਿੱਤਾ। ਸਾਰਾ ਸਮਾਗਮ ਖਤਮ ਹੋ ਗਿਆ ਤੇ ਉਨ੍ਹਾਂ ਲੋਕਾਂ ਨੇ ਸਾਨੂੰ ਉੱਥੇ ਪਿੱਛੇ ਬੈਠੇ ਵੇਖਿਆ ਤਾਂ ਉਹ ਬਹੁਤ ਖੁਸ਼ ਹੋਏ। ਤਮਾਮ ਔਰਤਾਂ ਤੇ ਆਦਮੀ ਇਕੱਲੇ ਇਕੱਲੇ ਸਾਡੇ ਕੋਲ ਆਏ। ਉਨ੍ਹਾਂ ਨਿਮਰਤਾ ਸਹਿਤ ਸਾਡੇ ਨਾਲ ਗੱਲਬਾਤ ਕੀਤੀ, ‘ਤੁਸੀਂ ਕਿੱਥੇ ਠਹਿਰੇ ਹੋ?’ ਕਦੋਂ ਆਏ ਹੋ? ਵਗੈਰਾ ਵਗੈਰਾ। ਫਿਰ ਉਨ੍ਹਾਂ ਨੇ ਆਪਣੇ ਨਾਲ ਚਾਹ ਦਾ ਕੱਪ ਸਾਂਝਾ ਕਰਨ ਲਈ ਕਿਹਾ। ਚਰਚ ਦੇ ਨਾਲ ਹੀ ਕੰਟੀਨ ਸੀ। ਅਸੀਂ ਚਾਹ ਦਾ ਕੱਪ ਲੈ ਕੇ ਇੱਕ ਬੈਂਚ ’ਤੇ ਬੈਠ ਗਏ। ਉਹ ਫਿਰ ਗੱਲਬਾਤ ਕਰਨ ਲਈ ਸਾਡੇ ਕੋਲ ਆਉਣ ਲੱਗੇ। ਹਰੇਕ ਇਹ ਹੀ ਪੁੱਛਦਾ ; ਏਥੇ ਤੁਹਾਡਾ ਕੌਣ ਹੈ? ਕਿੰਨਾ ਚਿਰ ਏਥੇ ਰਹਿਣਾ? ਸਭ ਨੇ ਕਿਹਾ ਕਿ ਅਗਲੀ ਵਾਰ ਫਿਰ ਆਉਣਾ, ਸਾਨੂੰ ਖੁਸ਼ੀ ਮਿਲੇਗੀ। ਚਰਚ ਦਾ ਪਾਦਰੀ ਵੀ ਆਪਣਾ ਗਾਊਨ ਉਤਾਰ ਕੇ ਆਮ ਲਿਬਾਸ ਵਿੱਚ ਉੱਥੇ ਆ ਗਿਆ। ਉਸ ਨੇ ਦੱਸਿਆ ਕਿ ਇਸ ਸਥਾਨ ਨੂੰ 1827 ਵਿੱਚ ਕੈਪਟਨ ਜੇਮਜ਼ ਸਟਰਲਿੰਗ ਨੇ ਖੋਜਿਆ ਸੀ ਤੇ ਉਹ ਬਾਅਦ ਵਿੱਚ ਪਰਥ ਦਾ ਗਵਰਨਰ ਵੀ ਬਣਿਆ। ਉਸ ਦੀ ਯਾਦ ਵਿੱਚ ਇਹ ਚਰਚ 1838 ਵਿੱਚ ਬਣਾਇਆ ਗਿਆ। ਪਾਦਰੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਾਨੂੰ ਉਚੇਚੇ ਤੌਰ ’ਤੇ ਫਿਰ ਆਉਣ ਲਈ ਕਿਹਾ।

ਅਗਲੇ ਐਤਵਾਰ ਅਸੀਂ ਫਿਰ ਪਹੁੰਚ ਗਏ। ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਪ੍ਰੋਗਰਾਮ ਜਾਰੀ ਰਿਹਾ। ਚੱਲਦੇ ਸਮਾਗਮ ਦੌਰਾਨ ਮੈਂ ਇੱਕ ਚਿੱਟ ਭੇਜ ਦਿੱਤੀ ਕਿ ਦੋ ਕੁ ਮਿੰਟ ਦਾ ਸਮਾਂ ਮੈਨੂੰ ਵੀ ਦਿੱਤਾ ਜਾਵੇ। ਜਦੋਂ ਉਨ੍ਹਾਂ ਨੇ ਆਪਣਾ ਸਾਰਾ ਕਾਰਜ ਡੇਢ ਕੁ ਘੰਟੇ ਵਿੱਚ ਮੁਕੰਮਲ ਕਰ ਲਿਆ ਤਾਂ ਪਾਸਟਰ ਨੇ ਬੜੇ ਸੁਲਝੇ ਤਰੀਕੇ ਨਾਲ ਦੋ ਚਾਰ ਸ਼ਬਦ ਬੋਲ ਕੇ ਮੈਨੂੰ ਬੁਲਾ ਲਿਆ। ਚਰਚ ਪੂਰਾ ਭਰਿਆ ਹੋਇਆ ਸੀ; ਉੱਥੇ 60-65 ਸਾਲ ਦੀ ਉਮਰ ਤੋਂ ਉੱਪਰ ਵਾਲੇ ਸ਼ਰਧਾਲੂ ਸਨ। ਸਾਰੀ ਬੋਲਚਾਲ ਅੰਗਰੇਜ਼ੀ ਵਿੱਚ ਸੀ।

ਮੈਂ ਪਹਿਲੀ ਫੇਰੀ ਦਾ ਜ਼ਿਕਰ ਕਰਦੇ ਹੋਏੇ ਬੋਲਣਾ ਸ਼ੁਰੂ ਕੀਤਾ:

‘ਪਿਛਲੇ ਐਤਵਾਰ ਸਾਨੂੰ ਇਸ ਸਤਿਕਾਰਤ ਚਰਚ ਵਿੱਚ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ। ਉਸ ਦਿਨ ਜੋ ਤੁਸੀਂ ਅਤੇ ਪਾਸਟਰ ਨੇ ਸਾਡਾ ਸਤਿਕਾਰ ਤੇ ਖਾਤਰਦਾਰੀ ਕੀਤੀ ; ਸਾਨੂੰ ਆਪ ਦਾ ਸਹਿਣਸ਼ੀਲਤਾ ਭਰਿਆ ਮਿਲਾਪ ਬਹੁਤ ਚੰਗਾ ਲੱਗਿਆ। ਮੇਰਾ ਸਿੱਖ ਧਰਮ ਇਸ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਲਗਭਗ 553 ਕੁ ਸਾਲ ਦਾ ਹੈ। ਸਾਡੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਮਨੁੱਖਤਾ ਨੂੰ ਦਿੱਤਾ ਵੱਡਾ ਸੰਦੇਸ਼ ਹੈ: ਕਿਰਤ ਕਰੋ, ਰੋਜ਼ਮਰ੍ਹਾ ਜ਼ਿੰਦਗੀ ਵਿੱਚ ਕਿਸੇ ਨੂੰ ਲੁੱਟਣਾ ਨਹੀਂ, ਸ਼ੋਸ਼ਣ ਕਰ ਕੇ ਰੋਟੀ ਨਹੀਂ ਕਮਾਉਣੀ, ਹੱਕ ਸੱਚ ਦੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕਿਰਤ ਕਰਨੀ ਹੈ। ਨਾਮ ਜਪੋ ; ਉੁਹ ਰਚਨਹਾਰਾ ਜੋ ਕੁੱਲ ਹਯਾਤੀ ਦਾ ਚਾਲਕ ਹੈ, ਉਸ ਦੀ ਅਰਾਧਨਾ ਕਰਦੇ ਰਹਿਣਾ ਹੈ; ਉਸ ਨੂੰ ਹਿਰਦੇ ਵਿੱਚੋਂ ਵਿਸਾਰਨਾ ਨਹੀਂ। ਹਮੇਸ਼ਾਂ ਉਸ ਬ੍ਰਹਿਮੰਡ ਦੇ ਮਾਲਕ ਨੂੰ ਯਾਦਾਂ ਵਿੱਚ ਵਸਾਈ ਰੱਖਣਾ ਹੈ। ਵੰਡ ਛਕੋ; ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ। ਸਾਡੀ ਰੋਜ਼ਾਨਾ ਦੀ ਅਰਦਾਸ ਵਿੱਚ ‘ਸਰਬੱਤ ਦੇ ਭਲੇ’ ਦੀ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੈਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਵੀ ਦੱਸਿਆ।

ਮੈਂ ਜਿਉਂ ਹੀ ਚਾਰ-ਪੰਜ ਮਿੰਟ ਬੋਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਤਾਂ ਉੱਥੇ ਹਾਜ਼ਰ ਲੋਕਾਂ ਨੇ ਇਸ ਕਦਰ ਤਾੜੀਆਂ ਮਾਰੀਆਂ ਕਿ ਚਰਚ ਗੂੰਜ ਉੱਠਿਆ। ਜਦੋਂ ਮੈਂ ਬੈਠ ਗਿਆ ਤਾਂ ਫਿਰ ਪਾਦਰੀ ਨੇ ਮੇਰੀ ਤਕਰੀਰ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਬਾਰੇ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖੀ ਸਿਧਾਤਾਂ ਬਾਰੇ ਬਹੁਤ ਸਤਿਕਾਰਤ ਗੱਲਾਂ ਕੀਤੀਆਂ। ਜਦੋਂ ਸਾਰੇ ਚਰਚ ਵਿੱਚੋਂ ਬਾਹਰ ਆਏ ਤਾਂ ਪਾਦਰੀ ਨੇ ਦੋ-ਤਿੰਨ

ਵਾਰ ਅੰਗਰੇਜ਼ੀ ਵਿੱਚ ਕਿਹਾ, ‘ਬਹੁਤ ਵਧੀਆ।’ ਬਾਕੀ ਦੂਸਰੇ ਬਜ਼ੁਰਗਾਂ ਨੇ ਵੀ ਇਕੱਲੇ ਇਕੱਲੇ ਮਿਲ ਕੇ ਧੰਨਵਾਦ ਕੀਤਾ। ਸਭ ਨੇ ਕਿਹਾ ਕਿ ਤੁਹਾਡਾ ਆਉਣਾ ਚੰਗਾ ਲੱਗਿਆ।

ਬਾਅਦ ਵਿੱਚ ਚਾਹ ਦੇ ਕੱਪ ’ਤੇ ਜਦੋਂ ਬਾਹਰ ਆ ਕੇ ਉਨ੍ਹਾਂ ਗੋਰਿਆਂ ਨੇ ਜੋ ਗੱਲਾਂ ਕੀਤੀਆਂ; ਉਹ ਸੁਣ ਕੇ ਲੱਗਿਆ ਕਿ ਇਨ੍ਹਾਂ ਨੂੰ ਸਾਡੇ ਬਾਰੇ ਬਹੁਤ ਕੁਝ ਪਤਾ ਹੈ। ਬਹੁਤ ਹੀ ਮਾਣ ਮਹਿਸੂਸ ਹੋਇਆ ਜਦੋਂ ਉਨ੍ਹਾਂ ਆਖਿਆ ਕਿ ਤੁਹਾਡੀ ਕਮਿਊਨਿਟੀ ਦੇ ਲੋਕ ਬਹੁਤ ਮਹਾਨ ਹਨ। ਸੱਚਮੁੱਚ ਸੇਵਾ ਦਾ ਕਾਰਜ ਤੁਹਾਡੀ ਕਮਿਊਨਿਟੀ ਦੇ ਹਿੱਸੇ ਹੀ ਆਇਆ ਹੈ। ਸਾਡੇ ਜਦੋਂ ਹੜ੍ਹ ਆਏ ਤੇ ਅੱਗਾਂ ਲੱਗੀਆਂ ਤਾਂ ਸਿੱੱਖ ਸੰਸਥਾਵਾਂ ਨੇ ਦੁਖੀ ਲੋਕਾਂ ਦੀ ਬਹੁਤ ਮਦਦ ਕੀਤੀ। ਕਰੋਨਾ ਕਾਲ ਵੇਲੇ ਜਦੋਂ ਕੋਈ ਡਰਦਾ ਬਾਹਰ ਨਹੀਂ ਸੀ ਨਿਕਲਦਾ, ਤਦ ਤੁਸੀਂ ਲੋਕ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋੜਵੰਦਾਂ ਤੱਕ ਪਹੁੰਚੇ ; ਅਸੀਂ ਸੁਣ ਕੇ ਬਹੁਤ ਹੈਰਾਨ ਹੋਏ ਕਿ ਤੁਹਾਡਾ ਧਰਮ ਸਿਰਫ਼ ਸਾਢੇ ਕੁ ਪੰਜ ਸੌ ਸਾਲ ਹੀ ਪੁਰਾਣਾ ਹੈ, ਪਰ ਜਿਸ ਤਰ੍ਹਾਂ ਤੁਸੀਂ ਸੰਸਾਰ ਪੱਧਰ ’ਤੇ ਨਾਮਣਾ ਹਾਸਲ ਕਰ ਰਹੇ ਹੋ, ਉਹ ਬਹੁਤ ਹੀ ਕਾਬਲੇ-ਤਾਰੀਫ਼ ਹੈ। ਪਗੜੀ ਵਿੱਚ ਤੁਹਾਡੇ ਲੋਕਾਂ ਦੀ ਦਿੱਖ ਬਹੁਤ ਅਕਰਸ਼ਕ ਤੇ ਵਿਲੱਖਣ ਲੱਗਦੀ ਹੈ। ਤੁਹਾਡੀ ਫੂਡ ਸ਼ੇਅਰਿੰਗ (ਲੰਗਰ ਸੇਵਾ) ਦਾ ਕਾਰਜ ਬਹੁਤ ਸ਼ਲਾਘਯੋਗ ਹੈ। ਇਸ ਕੰਮ ਵਿੱਚ ਕੋਈ ਵੀ ਤੁਹਾਨੂੰ ਮਾਤ ਨਹੀਂ ਦੇ ਸਕਦਾ ਤੇ ਨਾ ਹੀ ਕੋਈ ਮੁਕਾਬਲਾ ਕਰ ਸਕਦਾ ਹੈ। ਤੁਹਾਡੀ ਕਮਿਊਨਿਟੀ ਬਹੁਤ ਹੀ ਇਮਾਨ ਵਾਲੀ ਅਤੇ ਮਿਹਨਤੀ ਹੈ।

ਮੈੈਨੂੰ ਲੱਗਿਆ ਜੋ ਉਸ ਵੇਲੇ ਚਰਚ ਵਿੱਚ ਜ਼ੋਰਦਾਰ ਤਾੜੀਆਂ ਵੱਜੀਆਂ ਸਨ, ਉਹ ਮੇਰੇ ਬੋਲਾਂ ਦੀ ਪ੍ਰਸੰਸਾ ਨਹੀਂ ਸੀ। ਅਸਲ ਵਿੱਚ ਇਹ ਗੁਰੂ ਜੀ ਦੀ ਵਾਹ ਵਾਹ ਸੀ; ਇਹ ਤਾਂ ਗੁਰੂ ਸਾਹਿਬਾਨ ਦੇ ਸੰਦੇਸ਼ਾਂ ਦੀ, ਉਨ੍ਹਾਂ ਦੀ ਕੀਰਤੀ ਦੀ ਵਾਹ ਵਾਹ ਸੀ। ਧੁਰ ਕੀ ਬਾਣੀ ਦਾ ਪੈਗਾਮ ਦੇਣ ਆਏ, ਮਨੁੱਖਤਾ ਦੇ ਭਲੇ ਦੀ ਗੱਲ ਦ੍ਰਿੜ ਕਰਾਉਣ ਵਾਲੇ ਉਸ ਰੱਬ ਦੇ ਸੰਦੇਸ਼ ਵਾਹਕ ਬਾਬੇ ਨਾਨਕ ਜੀ ਨੂੰ ਸਿਜਦਾ ਸੀ।
ਸੰਪਰਕ: 99151-06449



News Source link
#ਚਰਚ #ਵਚ #ਗਲ #ਬਬ #ਨਨਕ #ਦਆ

Previous articleAssociate
Next articleCacao Bliss
- Advertisement -

More articles

- Advertisement -

Latest article