40.6 C
Patiāla
Saturday, May 11, 2024

ਪਰਵਾਸੀ ਕਾਵਿ

Must read


ਸੁਰਿੰਦਰ ਗੀਤ

ਸਾਡਾ ਅੱਜ ਸਾਡਾ ਕੱਲ੍ਹ

ਸਾਡਾ ਕੱਲ੍ਹ ਵਿਕਿਆ

ਸਾਡਾ ਅੱਜ ਵਿਕਦੈ

ਅਸੀਂ ਕੱਲ੍ਹ ਬਚਾ ਕੇ ਰੱਖਣਾ ਹੈ

ਅਸੀਂ ਆਪਣੀ ਰੂਹ ਦੇ ਦਰਦਾਂ ‘ਚੋਂ

ਆਪੇ ਹੀ ਦਾਰੂ ਲੱਭਣਾ ਹੈ।

ਸਾਨੂੰ ਕੌਣ ਪੁੱਛੇ ਸਾਡੇ ਪਿੰਡ ਆ ਕੇ

ਸਾਡੇ ਪਿੰਡ ਦੀ ਰੌਣਕ ਕਿੱਧਰ ਗਈ

ਸਾਡੇ ਦਿਲਾਂ ਦੇ ਸਾਜ਼ਾਂ ‘ਤੇ ਸਿਰਜੀ

ਕਿਉਂ ਧੁਨ ਰਬਾਬੀ ਵਿਸਰ ਗਈ

ਅਸੀਂ ਆਪਣੀਆਂ ਪਾਕ ਹਵਾਵਾਂ ‘ਚੋਂ

ਹੁਣ ਲੱਚਰਪੁਣੇ ਨੂੰ ਕੱਢਣਾ ਹੈ।

ਕੋਈ ਹੱਕ ਮੰਗਦਾ ਕੋਈ ਟੁੱਕ ਮੰਗਦਾ

ਲੋਕਾਂ ਦੇ ਆ ਵਿਚਕਾਰ ਖੜ੍ਹਾ

ਉਹਦੇ ਨੈਣੀਂ ਰੋਹ ਹੈ ਅੱਗ ਵਰਗਾ

ਪਰ ਢਿੱਡ ਵਿੱਚ ਭੁੱਖ ਦਾ ਦਰਦ ਬੜਾ

ਉਹਦੇ ਦਰਦ ਨੇ ਬਣ ਤੂਫ਼ਾਨ ਜੇਹਾ

ਕਿਸੇ ਲੋਟੂ ਵੱਲ ਨੂੰ ਵਧਣਾ ਹੈ।

ਕੋਈ ਰੁੱਖ ਦੇ ਟਾਹਣ ‘ਤੇ ਲਟਕ ਗਿਆ

ਦੇਖੋ ਉਹ ਬਾਪੂ ਕਿਸ ਦਾ ਹੈ

ਉਹਦੇ ਖੁੱਲ੍ਹੇ ਨੈਣਾਂ ‘ਚੋਂ ਸਾਨੂੰ

ਉਹਦਾ ਜਿਉਂਦਾ ਸੁਪਨਾ ਦਿਸਦਾ ਹੈ

ਉਹਦਾ ਸੁਪਨਾ ਭਰ ਆਪਣੇ ਨੈਣੀਂ

ਉਹਨੂੰ ਰਾਹ ਜ਼ਿੰਦਗੀ ਦਾ ਦੱਸਣਾ ਹੈ।

ਚਿੱਟੇ ਉੱਡੇ ਕਾਲੇ ਆ ਗਏ

ਰੰਗ ਉੱਡਿਆ ਫੁੱਲ ਗੁਲਾਬੀ ਦਾ

ਸਾਡਾ ਸਤਲੁਜ ਸਾਨੂੰ ਪੁੱਛਦਾ ਹੈ

ਕੀ ਭਾਵ ਹੈ ਏਸ ਆਜ਼ਾਦੀ ਦਾ

ਜੋ ਸਤਲੁਜ ਕੰਢੇ ਬਲਦਾ ਹੈ

ਉਸ ਦੀਪ ਨੂੰ ਬਲਦੇ ਰੱਖਣਾ ਹੈ।

ਸਾਡਾ ਕੱਲ੍ਹ ਵਿਕਿਆ

ਸਾਡਾ ਅੱਜ ਵਿਕਦੈ

ਅਸੀਂ ਕੱਲ੍ਹ ਬਚਾ ਕੇ ਰੱਖਣਾ ਹੈ

ਅਸੀਂ ਆਪਣੀ ਰੂਹ ਦੇ ਦਰਦਾਂ ‘ਚੋਂ

ਆਪੇ ਹੀ ਦਾਰੂ ਲੱਭਣਾ ਹੈ।

ਮਲਕੀਤ ਸਿੰਘ ਕਲੇਰ

ਮੁੜ ਚੱਲੀਏ

ਓਥੇ ਦਿਲਾਂ ਦੇ ਸੱਚੇ ਨੂੰ ਕੌਣ ਜਾਣੇ

ਜਿੱਥੇ ਝੂਠ ਦੀ ਖੇਤੀ ਹੀ ਕਰਨ ਲੋਕੀਂ

ਕਿੱਦਾਂ ਰੋਗੀ ਦਾ ਮਿਟੂਗਾ ਰੋਗ ਯਾਰੋ

ਦਵਾ ਵਿੱਚ ਵੀ ਜ਼ਹਿਰ ਜੇ ਭਰਨ ਲੋਕੀਂ

ਘਰ ਨਿੱਤ ਹੀ ਟੁੱਟਦੇ ‘ਸੁਪਨਿਆਂ’ ਦੇ

ਜਿੱਥੇ ਤੰਗ ਗਰੀਬ ਨੂੰ ਕਰਨ ਲੋਕੀਂ

ਬਹੁਤਾ ਚਿਰ ਨਾ ਰਹਿਣ ਤਰੱਕੀਆਂ ਜੀ

ਜਦੋਂ ਕਿਸੇ ਨੂੰ ਵੇਖ ਨਾ ਜਰਨ ਲੋਕੀਂ

ਓਹਨਾਂ ਕੋਲੋ ਨਾ ਰਹਿਮ ਦੀ ਆਸ ਹੁੰਦੀ

ਜਿਹੜੇ ਖੂਨ ਦੀ ਨਦੀ ਵਿੱਚ ਤਰਨ ਲੋਕੀਂ

ਓਥੇ ਸਹਿਮੀਆਂ ਰਹਿਣ ਅਣਭੋਲ ਜਾਨਾਂ

ਜਿੱਥੇ ਮਾਸ ਮਨੁੱਖ ਦਾ ਧਰਨ ਲੋਕੀਂ

ਐਸੀ ਥਾਂ ਤੋਂ ਮੁੜ ‘ਮਲਕੀਤ’ ਚੱਲੀਏ

ਸੱਚੇ ‘ਰੱਬ’ ਤੋਂ ਜਿੱਥੇ ਨਾ ਡਰਨ ਲੋਕੀਂ

ਸੰਪਰਕ: +14375339433


ਸੁਖਚੈਨ ਸਿੰਘ ਠੱਠੀ ਭਾਈ

ਆਪਣਾ ਆਪ ਲੁਕਾਉਂਦਾ ਫਿਰਦੈਂ

ਦੂਜਿਆਂ ਨੂੰ ਸਮਝਾਉਂਦਾ ਫਿਰਦੈਂ

ਕਿੰਨੀ ਕੁ ਗੱਲ ਹਜ਼ਮ ਕਰ ਲਈਏ

ਈਰਖਾ ਸਾੜਾ ਪਾਉਂਦਾ ਫਿਰਦੈਂ।

ਆਪਣੇ ਆਪ ਵਿੱਚ ਬਣਿਆ ਫਿਰਦੈਂ

ਘਰ ਦਿਆਂ ਨਾਲ ਲੜਿਆ ਫਿਰਦੈਂ

ਮੈਂਬਰ ਘਰ ਦਾ ਸੁਣਦਾ ਕੋਈ ਨਹੀਂ

ਬਾਹਰ ਨਾਢੂ ਖਾਂ ਬਣਿਆ ਫਿਰਦੈਂ।

ਗੱਲ ਤਾਰਨ ਦੀ ਕਰਦਾ ਫਿਰਦੈਂ

ਅੰਦਰੋਂ ਆਪ ਤੂੰ ਡਰਦਾ ਫਿਰਦੈਂ

ਤੇਰੇ ਸਾਹਾਂ ਦਾ ਭਰੋਸਾ ਕੋਈ ਨ੍ਹੀਂ

ਗਵਾਹੀ ਹੋਰਾਂ ਦੀ ਭਰਦਾ ਫਿਰਦੈਂ।

ਬੰਦਿਆਂ ਮੈਂ ਮੈਂ ਕਰਦਾ ਫਿਰਦੈਂ

ਆਪਣਿਆਂ ਲਈ ਮਰਦਾ ਫਿਰਦੈਂ

ਸੁਖਚੈਨ, ਅੰਤ ਕਿਸੇ ਨਾ ਨਾਲ ਖਲੋਣਾ

ਕਿਉਂ ਅੰਦਰੋਂ ਅੰਦਰੀ ਖਰਦਾ ਫਿਰਦੈਂ।

ਸੰਪਰਕ: 00971527632924


ਤਰਲੋਚਨ ਸਿੰਘ ਦੁਪਾਲ ਪੁਰ

ਪੈਰੋਲ ਦੀ ਕਾਣੀ ਵੰਡ ?

ਤਾਨਾਸ਼ਾਹੀ ਵੱਲ੍ਹ ਵਧ ਰਿਹਾ ਦੇਸ਼ ਦੇਖੋ

ਲੋਕਰਾਜ ਦਾ ਰਹਿ ਗਿਆ ਖੋਲ ਮੀਆਂ।

ਸਭ ਕਾ ਸਾਥ ਵਿਕਾਸ ਤਾਂ ਕਹਿਣ ਨੂੰ ਐ

ਫਿਰਕਾਪ੍ਰਸਤੀ ਦਾ ਵੱਜਦਾ ਢੋਲ ਮੀਆਂ।

ਲਿਖੇ ਰਹਿਣ ਕਾਨੂੰਨ ਸੰਵਿਧਾਨ ਅੰਦਰ

‘ਚੋਰ ਮੋਰੀਆਂ’ ਲੈਂਦੇ ਹਨ ਟੋਲ੍ਹ ਮੀਆਂ।

ਲੁਕੀ ਛਿਪੀ ਹੁਣ ਰਹੀ ਨਾ ਗੱਲ ਕੋਈ

ਆਏ ਦਿਨ ਹੀ ਖੁੱਲ੍ਹਦੀ ਐ ਪੋਲ ਮੀਆਂ।

ਹੋਵੇ ਕਾਤਲ ਤੇ ਭਾਵੇਂ ਕੋਈ ਬਲਾਤਕਾਰੀ

‘ਬਾਬੇ’ ਬਣਦਿਆਂ ਉਚਾਰਦੇ ਬੋਲ ਮੀਆਂ।

ਸਜ਼ਾ ਮੁੱਕੀ ਤੋਂ ਸੜਨ ਕਈ ਜੇਲ੍ਹ ਅੰਦਰ

ਮਿਲਦੀ ਕਾਤਲਾਂ ਤਾਈਂ ਪੈਰੋਲ ਮੀਆਂ!

ਸੰਪਰਕ: 78146-92724



News Source link
#ਪਰਵਸ #ਕਵ

- Advertisement -

More articles

- Advertisement -

Latest article