36.2 C
Patiāla
Sunday, May 19, 2024

ਆਰਬੀਆਈ ਗਵਰਨਰ ਨੇ ਆਰਥਿਕ ਨੀਤੀਆਂ ਦਾ ਬਚਾਅ ਕੀਤਾ

Must read


ਮੁੰਬਈ, 2 ਨਵੰਬਰ

ਮਹਿੰਗਾਈ ਦਰ ਦਾ ਤੈਅ ਟੀਚਾ ਪੂਰਾ ਨਾ ਹੋਣ ’ਤੇ ਆਲੋਚਨਾ ਦਾ ਸ਼ਿਕਾਰ ਬਣੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਪਣੀਆਂ ਨੀਤੀਆਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਆਰਬੀਆਈ ਪਹਿਲਾਂ ਹੀ ਵਿਆਜ ਦਰਾਂ ਸਖ਼ਤ ਕਰਨਾ ਸ਼ੁਰੂ ਕਰ ਦਿੰਦਾ ਤਾਂ ਅਰਥਚਾਰਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਜਾਂਦਾ। ਦਾਸ ਨੇ ਕਿਹਾ ਕਿ ਭਾਰਤੀ ਅਰਥਚਾਰੇ ਨੂੰ ਦੁਨੀਆ ’ਚ ਮਜ਼ਬੂਤ ਅਤੇ ਆਸ ਦੀ ਕਹਾਣੀ ਵਜੋਂ ਦੇਖਿਆ ਜਾ ਰਿਹਾ ਹੈ ਤੇ ਮਹਿੰਗਾਈ ਦਰ ਦੇ ਹੁਣ ਨਰਮ ਹੋਣ ਦੀ ਉਮੀਦ ਹੈ। ਇਹ ਸਵੀਕਾਰ ਕਰਦਿਆਂ ਕਿ ਵਧਦੀ ਮਹਿੰਗਾਈ ਦਰ ਕਾਰਨ ਕੇਂਦਰੀ ਬੈਂਕ ਆਪਣੇ ਮੁੱਢਲੇ ਟੀਚਿਆਂ ਤੋਂ ਪਿੱਛੇ ਰਹਿ ਗਿਆ ਹੈ, ਦਾਸ ਨੇ ਕਿਹਾ,‘‘ਜੇਕਰ ਅਸੀਂ ਛੇਤੀ ਸਖ਼ਤ ਜਾਂ ਹਮਲਾਵਰ ਰੁਖ਼ ਅਪਣਾਇਆ ਹੁੰਦਾ ਤਾਂ ਇਹ ਫ਼ੈਸਲਾ  ਅਰਥਚਾਰੇ ਲਈ ਬਹੁਤ ਮਹਿੰਗਾ ਪੈਂਦਾ। ਇਹ ਮੁਲਕ ਦੇ ਲੋਕਾਂ ਲਈ ਵੀ ਮਹਿੰਗਾ ਪੈਂਦਾ ਅਤੇ ਸਾਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਸੀ।’’ ਉਨ੍ਹਾਂ ਕਿਹਾ ਕਿ ਮਹਿੰਗਾਈ ਦਰ ਦਾ ਟੀਚਾ ਪੂਰਾ ਨਾ ਹੋਣ ਸਬੰਧੀ ਸਰਕਾਰ ਨੂੰ ਜਵਾਬ ਦੇਣ ਲਈ ਵਿਆਜ ਦਰ ਤੈਅ ਕਰਨ ਵਾਲੀ ਮੁਦਰਾ ਨੀਤੀ ਕਮੇਟੀ ਦੀ ਵੀਰਵਾਰ ਨੂੰ ਮੀਟਿੰਗ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਆਰਬੀਆਈ ਨੂੰ ਮਹਿੰਗਾਈ ਦਰ 4.3 ਫ਼ੀਸਦ ਰਹਿਣ ਦੀ ਆਸ ਸੀ ਜਦਕਿ ਮਾਹਿਰ 5 ਫ਼ੀਸਦ ਤੋਂ ਉਪਰ ਰਹਿਣ ਦੀ ਪੇਸ਼ੀਨਗੋਈ ਕਰ ਰਹੇ ਸਨ। ਇਸ ਮਗਰੋਂ ਸਾਰੇ ਅੰਦਾਜ਼ੇ ਧਰੇ-ਧਰਾਏ ਰਹਿ ਗਏ ਅਤੇ ਮਹਿੰਗਾਈ ਦਰ ਹੱਦੋਂ ਵਧ ਗਈ। ਵਿਕਾਸ ਬਾਰੇ ਉਨ੍ਹਾਂ ਕਿਹਾ ਕਿ ਵਿੱਤ, ਮੁਦਰਾ ਅਤੇ ਰੈਗੁਲੇਟਰੀ ਨੀਤੀਆਂ ਬਾਰੇ ਸਮੇਂ ਸਿਰ ਲਏ ਗਏ ਫ਼ੈਸਲਿਆਂ ਨਾਲ ਅਰਥਚਾਰੇ ’ਚ ਸੁਧਾਰ ਦੇਖਿਆ ਜਾ ਰਿਹਾ ਹੈ। ਅਮਰੀਕੀ ਫੈੱਡ ਵੱਲੋਂ ਦਰਾਂ ਬਾਰੇ ਫ਼ੈਸਲਾ ਲਏ ਜਾਣ ਦੇ ਕੁਝ ਘੰਟੇ ਪਹਿਲਾਂ ਦਾਸ ਨੇ ਕਿਹਾ ਕਿ ਅਮਰੀਕੀ ਕੇਂਦਰੀ ਬੈਂਕ ਅਣਮਿੱਥੇ ਸਮੇਂ ਲਈ ਵਿਆਜ ਦਰਾਂ ਸਖ਼ਤ ਨਹੀਂ ਕਰ ਸਕਦਾ ਹੈ ਅਤੇ ਇਕ ਵਾਰ ਦਰਾਂ ਵਧਣੀਆਂ ਬੰਦ ਹੋ ਗਈਆਂ ਤਾਂ ਭਾਰਤ ਵਰਗੇ ਮੁਲਕਾਂ ’ਚ ਪੂੰਜੀ ਆਉਣੀ ਸ਼ੁਰੂ ਹੋ ਜਾਵੇਗੀ।  -ਪੀਟੀਆਈ 

ਪਰਚੂਨ ਈ-ਰੁਪਏ ਦਾ ਟਰਾਇਲ ਇਸੇ ਮਹੀਨੇ

ਮੁੰਬਈ: ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਥੋਕ ਈ-ਰੁਪਏ ਪਾਇਲਟ ਪ੍ਰਾਜੈਕਟ ਵਾਂਗ ਪਰਚੂਨ ਈ-ਰੁਪਏ ਦਾ ਟਰਾਇਲ ਮੌਜੂਦਾ ਮਹੀਨੇ ’ਚ ਹੀ ਕੀਤਾ ਜਾਵੇਗਾ। ਉਨ੍ਹਾਂ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਨੂੰ ਇਤਿਹਾਸਕ ਪਲ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਕਾਰੋਬਾਰ ਕਰਨ ’ਚ ਵੱਡਾ ਬਦਲਾਅ ਆਵੇਗਾ। ਬੈਂਕਰਾਂ ਦੀ ਸਾਲਾਨਾ ਐੱਫਆਈਬੀਏਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਸ ਨੇ ਕਿਹਾ ਕਿ ਸੀਬੀਡੀਸੀ ਦੇ ਪਰਚੂਨ ਟਰਾਇਲ ਦੀ ਤਰੀਕ ਵੱਖਰੇ ਤੌਰ ’ਤੇ ਐਲਾਨੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਬੀਡੀਸੀ ਦੀ ਪੂਰੀ ਲਾਂਚਿੰਗ ਵੀ ਨੇੜ ਭਵਿੱਖ ’ਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ’ਤੇ ਖੇਤੀ ਸੈਕਟਰ    ਲਈ ਡਿਜੀਟਲ ਕਰਜ਼ੇ ਤੇਜ਼ੀ ਨਾਲ ਵੰਡਣ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਬਾਅਦ 2023 ’ਚ ਛੋਟੇ ਕਾਰੋਬਾਰੀਆਂ ਨੂੰ ਵੀ ਅਜਿਹੇ ਕਰਜ਼ੇ ਦਿੱਤੇ ਜਾਣਗੇ। ਦਾਸ ਨੇ ਬੈਂਕਾਂ ਨੂੰ ਕਿਹਾ ਕਿ ਉਹ ਤਕਨਾਲੋਜੀਆਂ ’ਚ ਵਧੇਰੇ ਨਿਵੇਸ਼ ਕਰਨ। ਆਰਬੀਆਈ ਨੇ ਲੰਘੇ ਦਿਨ ਈ-ਰੁਪਏ ਨਾਲ ਲੈਣ-ਦੇਣ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। -ਪੀਟੀਆਈ 



News Source link

- Advertisement -

More articles

- Advertisement -

Latest article