45.6 C
Patiāla
Sunday, May 19, 2024

ਅੱਗ

Must read


ਜਸਬੀਰ ਸਿੰਘ ਆਹਲੂਵਾਲੀਆ

ਬਾਹਰਲੇ ਦਰਵਾਜ਼ੇ ਦੀ ਘੰਟੀ ਵੱਜੀ। ਬਲਜੀਤ ਨੂੰ ਸਮਝ ਆ ਗਈ ਕਿ ਟੈਕਸੀ ਵਾਲਾ ਆ ਗਿਆ। ਉਹ ਤੇ ਉਸ ਦੀ ਗੋਰੀ ਪਤਨੀ ਲੀਜ਼ਾ ਟੈਕਸੀ ਦਾ ਇੰਤਜ਼ਾਰ ਹੀ ਤਾਂ ਕਰ ਰਹੇ ਹਨ, ਬਿਲਕੁਲ ਤਿਆਰ ਬੈਠੇ ਸਨ ਹਵਾਈ ਅੱਡੇ ’ਤੇ ਜਾਣ ਲਈ ਤੇ ਫਿਰ ਉੱਥੋਂ ਇੰਡੀਆ ਜਾਣ ਲਈ।

ਬਲਜੀਤ ਦਾ ਵਿਆਹ ਅਕਤੂਬਰ ਦੇ ਮਹੀਨੇ ਹੋਇਆ ਸੀ ਤੇ ਉਸ ਨੂੰ ਬੜਾ ਚਾਅ ਸੀ ਕਿ ਉਹ ਆਪਣੀ ਪਤਨੀ ਲੀਜ਼ਾ ਨੂੰ ਇੰਡੀਆ ਦੀ ਸੈਰ ਜ਼ਰੂਰ ਕਰਾਏਗਾ। ਇਹ ਉਸ ਦਾ ਹਨੀਮੂਨ ਹੀ ਤਾਂ ਸੀ। ਦੋ ਸਾਲ ਪਹਿਲਾਂ ਉਹ ਸੈਰ ਸਪਾਟਾ ਕਰਨ ਯੂਰਪ ਦੇ ਦੇਸ਼ਾਂ ਵਿੱਚ ਗਿਆ ਸੀ, ਜਿੱਥੇ ਸਵੀਡਨ ਵਿੱਚ ਉਸ ਦਾ ਮੇਲ ਲੀਜ਼ਾ ਨਾਲ ਹੋ ਗਿਆ। ਮੇਲ ਤੋਂ ਬਾਅਦ ਦੋਵੇਂ ਪਿਆਰ ਬੰਧਨ ਵਿੱਚ ਪੈ ਗਏ। ਫਿਰ ਵਾਪਸ ਸਿਡਨੀ ਆ ਕੇ ਬਲਜੀਤ ਨੇ ਆਪਣੇ ਮੰਮੀ ਪਾਪਾ ਨੂੰ ਲੀਜ਼ਾ ਨਾਲ ਵਿਆਹ ਕਰਾਉਣ ਲਈ ਵੀ ਮਨਾ ਲਿਆ ਤੇ ਅਕਤੂਬਰ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ।

ਦਸੰਬਰ ਜਨਵਰੀ ਵਿੱਚ ਕ੍ਰਿਸਮਿਸ ਦੀਆਂ ਛੁੱਟੀਆਂ ਆਈਆਂ ਤਾਂ ਬਲਜੀਤ ਨੇ ਆਪਣੀ ਤੇ ਲੀਜ਼ਾ ਦੀ ਦਿੱਲੀ ਦੀ ਟਿਕਟ ਲੈ ਲਈ। ਇੰਡੀਆ ਦੇ ਵੀਜ਼ੇ ਲਵਾਏ ਤੇ ਬਸ ਫਿਰ ਕੀ ਸੀ। ਤਿਆਰੀਆਂ ਕੱਸ ਲਈਆਂ। ਜਿਸ ਦਿਨ ਫਲਾਈਟ ਲੈਣੀ ਸੀ ਉਸ ਤੋਂ ਚਾਰ ਕੁ ਦਿਨ ਪਹਿਲਾਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਆਸਟਰੇਲੀਆ ਵਿੱਚ ਕਿਤੇ ਕਿਤੇ ਬੁਸ਼ ਫਾਇਰ ਸ਼ੁਰੂ ਹੋ ਗਈ ਹੈ। ਗਰਮੀਆਂ ਵਿੱਚ ਇਸ ਕਿਸਮ ਦੀਆਂ ਅੱਗਾਂ ਲੱਗ ਹੀ ਜਾਂਦੀਆਂ ਹਨ। ਕਦੇ ਵੱਧ ਤੇ ਕਦੇ ਘੱਟ। ਕਦੇ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਕਦੇ ਘੱਟ। ਕਈ ਵਾਰ ਤਾਂ ਕੁਝ ਜਾਨਾਂ ਦਾ ਵੀ ਨੁਕਸਾਨ ਹੋ ਜਾਂਦਾ ਜੋ ਅੱਗ ਵਿੱਚ ਸੜ ਜਾਂਦੀਆਂ। ਕਈ ਵਾਰ ਕਈ ਜਾਨਵਰ ਵੀ ਸੜ ਜਾਂਦੇ। ਲੋਕਾਂ ਦੇ ਘਰ ਸੜ ਜਾਣੇ ਤਾਂ ਆਮ ਜਿਹੀ ਗੱਲ ਹੋ ਜਾਂਦੀ। ਪਰ ਇਸ ਅੱਗ ਦੀ ਆਸਟਰੇਲੀਆ ਦੇ ਲੋਕਾਂ ਨੂੰ ਇੱਕ ਆਦਤ ਜਿਹੀ ਬਣ ਗਈ ਸੀ। ਲੋਕ ਫੰਡ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ। ਸਰਕਾਰ ਵੀ ਵੱਧ ਤੋਂ ਵੱਧ ਮਦਦ ਕਰਦੀ। ਕਈ ਪ੍ਰਾਈਵੇਟ ਤੇ ਕਈ ਸਰਕਾਰੀ ਸੰਸਥਾਵਾਂ ਖੂਬ ਜ਼ੋਰ ਦਿੰਦੀਆਂ ਕਿ ਵੱਧ ਤੋਂ ਵੱਧ ਫੰਡ ਇਕੱਠਾ ਹੋ ਜਾਵੇ ਤਾਂ ਕਿ ਉਨ੍ਹਾਂ ਲੋਕਾਂ ਦੇ ਨੁਕਸਾਨ ਪੂਰੇ ਹੋ ਸਕਣ, ਜਿਨ੍ਹਾਂ ਨੂੰ ਅੱਗ ਦੀ ਮਾਰ ਪਈ ਹੈ। ਜਾਨਾਂ ਤਾਂ ਵਾਪਸ ਨਹੀਂ ਆ ਸਕਦੀਆਂ, ਪਰ ਮਕਾਨ ਵਾਪਸ ਫਿਰ ਤੋਂ ਉਸਾਰਨ ਲਈ ਬਹੁਤ ਮਦਦ ਮਿਲ ਜਾਂਦੀ। ਕੱਪੜੇ, ਖਾਣ- ਪੀਣ ਦਾ ਸਾਮਾਨ ਤੇ ਦਵਾਈਆਂ ਆਦਿ ਦੀ ਕੋਈ ਘਾਟ ਨਾ ਰਹਿੰਦੀ। ਗੱਲ ਕੀ… ਸਾਰੇ ਲੋਕ ਉਹ ਭਾਵੇਂ ਕਿਸੇ ਵੀ ਰਾਜਨੀਤਕ ਪਾਰਟੀ ਦੇ ਹੋਣ ਤੇ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਇੱਕ ਆਸਟਰੇਲੀਆ ਦੇ ਝੰਡੇ ਹੇਠ ਇਕੱਠੇ ਹੋ ਜਾਂਦੇ ਤੇ ਇਸ ਭਿਆਨਕ ਅੱਗ ਦਾ ਮੁਕਾਬਲਾ ਕਰਦੇ।

‘‘ਬਲਜੀਤ! ਐਧਰ ਆਈਂ ਜ਼ਰਾ। ਆਹ ਦੇਖ ਇੰਡੀਆ ਵਿੱਚ ਕੀ ਹੋ ਰਿਹੈ।’’ ਬਲਜੀਤ ਤੇ ਲੀਜ਼ਾ ਆਪਣੇ ਬੈੱਡਰੂਮ ਵਿੱਚ ਆਪਣੇ ਸੂਟਕੇਸ ਤਿਆਰ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਆਪਣੇ ਪਾਪਾ ਦੀ ਆਵਾਜ਼ ਸੁਣੀ। ਬਲਜੀਤ ਆਪਣੇ ਪਾਪਾ ਕੋਲ ਆਇਆ ਜੋ ਟੈਲੀਵਿਜ਼ਨ ’ਤੇ ਇੰਡੀਆ ਦੀਆਂ ਖ਼ਬਰਾਂ ਦੇਖ ਰਹੇ ਸਨ।

‘‘ਇੰਡੀਆ ਵਿੱਚ ਕੀ ਹੋ ਗਿਆ ਪਾਪਾ ਜੀ?’’ ਬਲਜੀਤ ਨੇ ਬੜੀ ਉਤਸੁਕਤਾ ਨਾਲ ਪੁੱਛਿਆ। ਬਲਜੀਤ ਦੇ ਪਾਪਾ ਨੇ ਦੱਸਿਆ ਕਿ ਇੰਡੀਆ ਵਿੱਚ ਵੀ ਅੱਗਾਂ ਲੱਗ ਰਹੀਆਂ ਹਨ, ਪਰ ਇਹ ਅੱਗਾਂ ਕੁਦਰਤੀ ਨਹੀਂ ਬਲਕਿ ਇੰਡੀਆ ਦੇ ਲੋਕ ਹੀ ਲਾ ਰਹੇ ਹਨ। ਭਾਰਤ ਮਾਤਾ ਦੀ ਜੈ ਦੇ ਨਾਅਰੇ ਮਾਰਦੇ ਹੋਏ ਭਾਰਤ ਮਾਤਾ ਨੂੰ ਹੀ ਅੱਗ ਲਾ ਰਹੇ ਹਨ। ਧਰਮ ਦੇ ਆਧਾਰ ’ਤੇ ਲੋਕ ਆਪਸ ਵਿੱਚ ਲੜ ਰਹੇ ਹਨ।

‘‘ਬੇਟੇ! ਤੁਸੀਂ ਆਪਣਾ ਇੰਡੀਆ ਦਾ ਟੂਰ ਅੱਗੇ ਕਿਉਂ ਨਹੀਂ ਪਾ ਦਿੰਦੇ?’’ ਬਲਜੀਤ ਦੇ ਪਾਪਾ ਨੇ ਸਲਾਹ ਦਿੱਤੀ।

‘‘ਪਾਪਾ! ਟੂਰ ਅੱਗੇ ਪਾਉਣ ਦਾ ਮਤਲਬ ਕਿ ਘੱਟੋ ਘੱਟ ਇੱਕ ਸਾਲ ਤੱਕ ਅਸੀਂ ਇੰਡੀਆ ਨਹੀਂ ਜਾ ਸਕਾਂਗੇ। ਫਿਰ ਵੀ ਮੈਂ ਲੀਜ਼ਾ ਨਾਲ ਸਲਾਹ ਕਰਦਾਂ।’’ ਬਲਜੀਤ ਇਹ ਕਹਿ ਕੇ ਆਪਣੇ ਬੈੱਡਰੂਮ ਵਿੱਚ ਚਲਾ ਗਿਆ। ਲੀਜ਼ਾ ਨਾਲ ਸਲਾਹ ਕੀਤੀ। ਲੀਜ਼ਾ ਨੇ ਕਿਹਾ ਕਿ ਇਹ ਤਾਂ ਉਨ੍ਹਾਂ ਦਾ ਹਨੀਮੂਨ ਹੈ। ਉਹ ਜ਼ਰੂਰ ਇੰਡੀਆ ਜਾਣਾ ਚਾਹੇਗੀ। ਬਲਜੀਤ ਨੇ ਆ ਕੇ ਆਪਣੇ ਪਾਪਾ ਨੂੰ ਦੱਸਿਆ ਕਿ ਉਹ ਏਸੇ ਵੀਜ਼ੇ ’ਤੇ ਇੰਡੀਆ ਜਾਣਗੇ। ਪਾਪਾ ਨੇ ਵੀ ਨਵੀਂ ਵਿਆਹੀ ਜੋੜੀ ਦਾ ਦਿਲ ਤੋੜਨਾ ਠੀਕ ਨਹੀਂ ਸਮਝਿਆ।

ਬਾਹਰਲੇ ਦਰਵਾਜ਼ੇ ਦੀ ਘੰਟੀ ਫੇਰ ਵੱਜੀ। ਬਲਜੀਤ ਨੂੰ ਸਮਝ ਆ ਗਈ ਕਿ ਟੈਕਸੀ ਵਾਲਾ ਕਾਹਲਾ ਪੈ ਰਿਹਾ ਹੈ। ਬਲਜੀਤ ਤੇ ਲੀਜ਼ਾ ਨੇ ਆਪਣਾ ਸਾਮਾਨ ਸੰਭਾਲਿਆ ਤੇ ਮੰਮੀ-ਪਾਪਾ ਦਾ ਆਸ਼ੀਰਵਾਦ ਲੈ ਕੇ ਬਾਹਰ ਨਿਕਲਣ ਹੀ ਵਾਲੇ ਸਨ ਕਿ ਟੈਕਸੀ ਵਾਲੇ ਨੇ ਫਿਰ ਦਰਵਾਜ਼ੇ ਦੀ ਘੰਟੀ ਵਜਾ ਦਿੱਤੀ। ਜਿਉਂ ਹੀ ਬਲਜੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਵੇਖ ਕੇ ਹੱਕਾ ਬੱਕਾ ਰਹਿ ਗਿਆ। ਲੀਜ਼ਾ ਵੀ ਹੈਰਾਨ ਹੋ ਕੇ ਇੱਧਰ ਉੱਧਰ ਦੇਖਣ ਲੱਗੀ ਬਾਹਰ ਤਾਂ ਧੂੰਆਂ ਹੀ ਧੂੰਆਂ ਸੀ। ਸਾਰੀ ਗਲੀ ਧੂੰਏ ਨਾਲ ਭਰੀ ਪਈ ਸੀ। ਸਾਹਮਣੇ ਵਾਲਾ ਘਰ ਵੀ ਠੀਕ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਸੀ। ਟੈਕਸੀ ਵਾਲਾ ਵੀ ਧੂੰਏ ਵਿੱਚੋਂ ਨਿਕਲਣ ਲਈ ਕਾਹਲਾ ਪਿਆ ਹੋਇਆ ਸੀ। ਏਸੇ ਲਈ ਤਾਂ ਉਹ ਘੜੀ ਮੁੜੀ ਘੰਟੀ ਵਜਾ ਰਿਹਾ ਸੀ। ਉਸ ਨੇ ਫਟਾਫਟ ਸਾਮਾਨ ਨੂੰ ਟੈਕਸੀ ਦੇ ਬੂਟ ਵਿੱਚ ਫਿਟ ਕੀਤਾ। ਇੰਨੇ ਚਿਰ ਵਿੱਚ ਬਲਜੀਤ ਦੇ ਲੀਜ਼ਾ ਟੈਕਸੀ ਵਿੱਚ ਬੈਠ ਗਏ। ਟੈਕਸੀ ਸੜਕ ’ਤੇ ਦੌੜਨ ਲੱਗੀ।

ਬਲਜੀਤ ਤੇ ਲੀਜ਼ਾ ਦਿੱਲੀ ਦੇ ਹਵਾਈ ਅੱਗੇ ਤੋਂ ਬਾਹਰ ਨਿਕਲੇ। ਲੀਜ਼ਾ ਤਾਂ ਉੱਥੋਂ ਦੀ ਭੀੜ ਵੇਖ ਕੇ ਘਬਰਾ ਜਿਹੀ ਗਈ। ਉਸ ਦੋ ਮੂੰਹੋਂ ਬਸ ਏਨਾ ਹੀ ਨਿਕਲਿਆ, ‘ਓ ਮਾਈ ਗਾਡ! ਸੋ ਮੈਨੀ ਪੀਪਲ।’’ ਉਨ੍ਹਾਂ ਨੇ ਟੈਕਸੀ ਲੈ ਕੇ ਆਪਣੇ ਮਾਮਾ ਜੀ ਦੇ ਘਰ ਜਾਣਾ ਸੀ। ਬਲਜੀਤ ਨੇ ਮਾਮਾ ਜੀ ਨੂੰ ਉਨ੍ਹਾਂ ਨੂੰ ਲੈਣ ਵਾਸਤੇ ਹਵਾਈ ਅੱਗੇ ’ਤੇ ਅੱਧੀ ਰਾਤ ਵੇਲੇ ਆਉਣ ਲਈ ਮਨ੍ਹਾ ਕਰ ਦਿੱਤਾ ਸੀ। ਬਲਜੀਤ ਤੇ ਲੀਜ਼ਾ ਇੱਕ ਟੈਕਸੀ ਬੂਥ ’ਤੇ ਗਏ। ਟੈਕਸੀ ਦਾ ਇੰਤਜ਼ਾਮ ਕੀਤਾ ਤੇ ਕੁਝ ਮਿੰਟਾਂ ਵਿੱਚ ਹੀ ਟੈਕਸੀ ਸ਼ਹਿਰ ਦੀਆਂ ਸੜਕਾਂ ’ਤੇ ਦੌੜ ਰਹੀ ਸੀ। ਸੜਕਾਂ ਕੁਝ ਸ਼ਾਂਤ ਲੱਗ ਰਹੀਆਂ ਸਨ, ਪਰ ਕਈ ਥਾਵਾਂ ’ਤੇ ਇਮਾਰਤਾਂ ਸੜੀਆਂ ਨਜ਼ਰ ਆਈਆਂ। ਰਸਤੇ ਵਿੱਚ ਕੁਝ ਬੱਸਾਂ, ਕਾਰਾਂ ਤੇ ਆਟੋ ਰਿਕਸ਼ਾ ਵੀ ਸੜੇ ਹੋਏ ਨਜ਼ਰ ਆਏ। ਬਲਜੀਤ ਨੇ ਟੈਕਸੀ ਵਾਲੇ ਨੂੰ ਪੁੱਛਿਆ ਕਿ ਇਹ ਇਮਾਰਤਾਂ ਕਿਉਂ ਸੜ ਰਹੀਆਂ ਹਨ। ਟੈਕਸੀ ਵਾਲੇ ਨੇ ਦੱਸਿਆ, ‘‘ਸਰਦਾਰ ਜੀ! ਇਹ ਅੱਗਾਂ ਦੁਕਾਨਾਂ, ਮਕਾਨਾਂ, ਬੱਸਾਂ ਜਾਂ ਗੱਡੀਆਂ ਨੂੰ ਨਹੀਂ ਲੱਗੀਆਂ ਹੋਈਆਂ। ਇਹ ਤਾਂ ਇਨਸਾਨੀਅਤ ਸੜ ਰਹੀ ਹੈ। ਸਰਦਾਰ ਜੀ! ਇਹ ਤਾਂ ਗੰਦੀ ਰਾਜਨੀਤੀ ਇਨਸਾਨ ਕੋਲੋਂ ਇਨਸਾਨ ਨੂੰ ਅੱਗ ਲਵਾ ਰਹੀ ਹੈ। ਜਿੱਥੇ ਪੁਲੀਸ ਇਨ੍ਹਾਂ ਅੱਗ ਲਾਉਣ ਵਾਲੇ ਲੋਕਾਂ ਨੂੰ ਕਾਬੂ ਨਹੀਂ ਕਰ ਸਕਦੀ, ਉੱਥੇ ਫ਼ੌਜ ਨੂੰ ਬੁਲਾ ਲਿਆ ਜਾਂਦਾ। ਗੋਲੀ ਚੱਲਦੀ ਹੈ। ਲੋਕ ਮਰਦੇ ਹਨ। ਬੇਕਸੂਰ ਲੋਕ।’’ ਬਲਜੀਤ ਤੇ ਲੀਜ਼ਾ ਸਹਿਮ ਜਿਹੇ ਗਏ। ਬਲਜੀਤ ਨੂੰ ਆਸਟਰੇਲੀਆ ਦੀਆਂ ਅੱਗਾਂ ਦੀ ਯਾਦ ਆਈ। ਉਨ੍ਹਾਂ ਅੱਗਾਂ ਤੋਂ ਉਸ ਨੂੰ ਕਦੇ ਘਬਰਾਹਟ ਨਹੀਂ ਸੀ ਹੋਈ ਬਲਕਿ ਉੱਥੋਂ ਦੇ ਲੋਕਾਂ ਦੀ ਮਦਦ ਕਰਨ ਵਿੱਚ ਉਸ ਨੂੰ ਬੜਾ ਸੁੱਖ ਮਿਲਦਾ ਸੀ।

ਜਦੋਂ ਬਲਜੀਤ ਤੇ ਲੀਜ਼ਾ ਘਰ ਪਹੁੰਚੇ ਅੱਧੀ ਰਾਤ ਹੋ ਚੁੱਕੀ ਸੀ। ਮਾਮਾ ਜੀ ਤੇ ਮਾਮੀ ਜੀ ਬੜੇ ਚਾਅਵਾਂ ਨਾਲ ਨਵੀਂ ਵਿਆਹੀ ਜੋੜੀ ਦੀ ਉਡੀਕ ਕਰ ਰਹੇ ਸਨ। ਚਾਹ ਪਾਣੀ ਦੀ ਸੇਵਾ ਕੀਤੀ ਗਈ। ਬਲਜੀਤ ਤੇ ਲੀਜ਼ਾ ਦੋਵੇਂ ਥੱਕੇ ਹੋਏ ਵੀ ਸਨ। ਰਸਤੇ ਵਿੱਚ ਅੱਗਾਂ ਦੇਖ ਕੇ ਹੈਰਾਨ ਵੀ ਸਨ ਤੇ ਘਬਰਾਏ ਹੋਏ ਵੀ ਸਨ। ਲੀਜ਼ਾ ਤਾਂ ਬਹੁਤ ਡਰੀ ਹੋਈ ਜਾਪਦੀ ਸੀ। ਮਾਮਾ ਜੀ ਉਨ੍ਹਾਂ ਦੋਵਾਂ ਨੂੰ ਉਨ੍ਹਾਂ ਦੇ ਕਮਰੇ ਵਿੱਚ ਛੱਡ ਆਏ।

ਸਵੇਰ ਦਾ ਨਾਸ਼ਤਾ ਸ਼ੁਰੂ ਹੋ ਗਿਆ ਤੇ ਨਾਲ ਗੱਲਾਂ ਬਾਤਾਂ ਵੀ ਸ਼ੁਰੂ ਹੋ ਗਈਆਂ। ਮਾਮਾ ਜੀ ਨੇ ਬਲਜੀਤ ਨੂੰ ਆਸਟਰੇਲੀਆ ਦੀਆਂ ਅੱਗਾਂ ਬਾਰੇ ਪੁੱਛਿਆ ਤੇ ਬਲਜੀਤ ਨੇ ਮਾਮਾ ਜੀ ਨੂੰ ਇੰਡੀਆ ਦੀਆਂ ਅੱਗਾਂ ਬਾਰੇ। ਗੱਲਾਂ ਵਿੱਚ ਬਲਜੀਤ ਤੇ ਲੀਜ਼ਾ ਦੀ ਘਬਰਾਹਟ ਸਾਫ਼ ਜ਼ਾਹਰ ਹੋ ਰਹੀ ਸੀ। ਮਾਮਾ ਜੀ ਨੇ ਸਲਾਹ ਦਿੱਤੀ ਕਿ ਇੱਕ ਦਿਨ ਉਹ ਘਰ ਆਰਾਮ ਕਰ ਲੈਣ। ਅਗਲੇ ਦਿਨ ਹੋ ਸਕਦਾ ਹੈ ਕਿ ਹਾਲਾਤ ਸ਼ਾਂਤ ਹੋ ਜਾਣ। ਬਲਜੀਤ ਤੇ ਲੀਜ਼ਾ ਨੇ ਮਾਮਾ ਜੀ ਦੀ ਸਲਾਹ ਮੰਨ ਲਈ।

‘‘ਤੁਸੀਂ ਦੋਵੇਂ ਥੋੜ੍ਹਾ ਆਰਾਮ ਕਰ ਲਓ। ਸ਼ਾਮ ਨੂੰ ਮੈਂ ਤੁਹਾਨੂੰ ਆਪਣੇ ਮੁਹੱਲੇ ਦੇ ਸ਼ਾਪਿੰਗ ਸੈਂਟਰ ਵਿੱਚ ਲੈ ਜਾਵਾਂਗੀ ਜਿੱਥੇ ਘੁੱਗੀ ਦੇ ਚਾਟ ਤੇ ਗੋਲ ਗੱਪੇ ਬਹੁਤ ਮਸ਼ਹੂਰ ਹਨ।’’ ਮਾਮੀ ਜੀ ਨੇ ਬਲਜੀਤ ਤੇ ਲੀਜ਼ਾ ਨੂੰ ਕਿਹਾ।

ਸ਼ਾਮ ਦੇ ਵੇਲੇ ਬਲਜੀਤ ਤੇ ਲੀਜ਼ਾ ਆਪਣੇ ਮਾਮੀ ਜੀ ਨਾਲ ਘੁੱਗੀ ਦੇ ਗੋਲ ਗੱਪੇ ਖਾ ਰਹੇ ਸਨ। ਗੋਲ ਗੱਪੇ ਖਾ ਹੀ ਰਹੇ ਸਨ ਕਿ ਦੁਕਾਨ ਦੇ ਬਾਹਰ ਦੋ ਨੌਜਵਾਨ ਪਤਾ ਨਹੀਂ ਕਿਹੜੀ ਗੱਲ ਤੋਂ ਆਪਸ ਵਿੱਚ ਲੜ ਪਏ। ਗਾਲੀ ਗਲੋਚ ਹੋ ਗਏ ਤੇ ਫਿਰ ਇੱਕ ਦੂਜੇ ਤੇ ਘਸੁੰਨ ਮੁੱਕੀ ਹੋ ਗਏ। ਕੁਝ ਭੀੜ ਇਕੱਠੀ ਹੋ ਗਈ ਤੇ ਰੌਲਾ ਪੈ ਗਿਆ। ਵਿੱਚੋਂ ਕਿਸੇ ਨੇ ਕਹਿ ਦਿੱਤਾ, ‘‘ਲਓ ਜੀ! ਦੰਗੇ ਸ਼ੁਰੂ ਹੋ ਗਏ।’’ ਕਿਸੇ ਹੋਰ ਨੇ ਕਹਿ ਦਿੱਤਾ, ‘‘ਮਾਰੋ ਮਾਰੋ।’’ ਬਸ ਫਿਰ ਕੀ ਸੀ? ਲੋਕਾਂ ਨੇ ਜਿੱਧਰ ਮੂੰਹ ਆਇਆ ਦੌੜਨਾ ਸ਼ੁਰੂ ਕਰ ਦਿੱਤਾ। ਦੁਕਾਨਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ। ਬਲਜੀਤ ਤੇ ਲੀਜ਼ਾ ਤਾਂ ਬਹੁਤ ਡਰ ਗਏ। ਡਰ ਤਾਂ ਉਨ੍ਹਾਂ ਦੇ ਮਾਮੀ ਜੀ ਵੀ ਗਏ, ਪਰ ਉਨ੍ਹਾਂ ਨੇ ਆਪਣੇ ਆਪ ਨੂੰ ਹੌਸਲੇ ਵਿੱਚ ਰੱਖਿਆ। ਬਲਜੀਤ ਤੇ ਲੀਜ਼ਾ ਨੂੰ ਠੀਕ ਠਾਕ ਵਾਪਸ ਘਰ ਲੈ ਆਏ।

ਟੈਲੀਵਿਜ਼ਨ ’ਤੇ ਖ਼ਬਰਾਂ ਆ ਰਹੀਆਂ ਸਨ ਕਿ ਸ਼ਹਿਰ ਦੇ ਇੱਕ ਖਾਸ ਇਲਾਕੇ ਵਿੱਚ ਹਾਲਾਤ ਬਹੁਤ ਮਾੜੇ ਤੇ ਬੇਕਾਬੂ ਹਨ। ਲੋਕਾਂ ਨੂੰ ਉਸ ਇਲਾਕੇ ਵੱਲ ਨਹੀਂ ਜਾਣਾ ਚਾਹੀਦਾ। ਟੈਲੀਵਿਜ਼ਨ ਨੇ ਹੋਰ ਵੀ ਦੱਸਿਆ ਕਿ ਇੰਡੀਆ ਦੇ ਹੋਰ ਕਿਹੜੇ ਕਿਹੜੇ ਸ਼ਹਿਰ ਹਨ ਜਿੱਥੇ ਹਾਲਾਤ ਬਹੁਤ ਖਰਾਬ ਹਨ। ਕਿਤੇ ਪੁਲੀਸ ਲਾਠੀਚਾਰਜ ਕਰ ਰਹੀ ਹੈ। ਕਿਤੇ ਅੱਥਰੂ ਗੈਸ ਛੱਡ ਰਹੀ ਹੈ। ਕਿਤੇ ਗੋਲੀ ਵੀ ਚੱਲ ਗਈ ਹੈ। ਇਹ ਸਾਰੀਆਂ ਖ਼ਬਰਾਂ ਸੁਣ ਕੇ ਬਲਜੀਤ ਤੇ ਲੀਜ਼ਾ ਬਹੁਤ ਡਰ ਗਏ। ਉਨ੍ਹਾਂ ਸ਼ਹਿਰਾਂ ਦੇ ਹਾਲਤ ਵੀ ਬਹੁਤ ਖਰਾਬ ਸਨ ਜਿੱਥੇ ਬਲਜੀਤ ਤੇ ਲੀਜ਼ਾ ਨੇ ਜਾਣਾ ਸੀ। ਉਨ੍ਹਾਂ ਨੇ ਉੱਥੇ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਬਲਜੀਤ ਨੂੰ ਆਸਟਰੇਲੀਆ ਦੀਆਂ ਅੱਗਾਂ ਦੀ ਯਾਦ ਆਈ। ਉਸ ਨੂੰ ਆਪਣੇ ਮੰਮੀ-ਪਾਪਾ ਦੀ ਯਾਦ ਆਈ। ਉਸ ਨੂੰ ਲੱਗਾ ਕਿ ਉਸ ਨੂੰ ਪਾਪਾ ਦੀ ਸਲਾਹ ਮੰਨ ਲੈਣੀ ਚਾਹੀਦੀ ਸੀ ਤੇ ਇੰਡੀਆ ਨਹੀਂ ਸੀ ਆਉਣਾ ਚਾਹੀਦਾ। ਹੁਣ ਪਛਤਾਇਆ ਕੀ ਹੋ ਸਕਦੈ। ਬਲਜੀਤ ਨੇ ਆਪਣੇ ਪਾਪਾ ਨੂੰ ਫੋਨ ਕੀਤਾ। ਉਨ੍ਹਾਂ ਦਾ ਹਾਲ ਪੁੱਛਿਆ ਫਿਰ ਆਸਟਰੇਲੀਆ ਦੀਆਂ ਅੱਗਾਂ ਦਾ ਹਾਲ ਪੁੱਛਿਆ। ਪਾਪਾ ਨੇ ਦੱਸਿਆ, ‘‘ਅੱਗਾਂ ਬਹੁਤ ਵਧ ਗਈਆਂ ਹਨ। ਕੁਝ ਇਨਸਾਨ ਵੀ ਜ਼ਿੰਦਾ ਸੜ ਗਏ ਹਨ। ਕਈ ਮਕਾਨ ਸੜ ਚੁੱਕੇ ਹਨ ਅਤੇ ਹੋਰ ਸੜ ਰਹੇ ਹਨ। ਸਰਕਾਰੀ ਖ਼ਬਰਾਂ ਮੁਤਾਬਿਕ ਤਕਰੀਬਨ ਪੰਜ ਸੌ ਕਰੋੜ ਜਾਨਵਰ ਸੜ ਚੁੱਕੇ ਹਨ। ਬਲਜੀਤ ਨੂੰ ਹੌਸਲਾ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਘਰ ਬਚਿਆ ਹੋਇਆ ਹੈ। ਅੱਗ ਬਹੁਤ ਦੂਰ ਹੈ।’’

ਬਲਜੀਤ ਨੇ ਲੀਜ਼ਾ ਨੂੰ ਇੰਡੀਆ ਦੀਆਂ ਅੱਗਾਂ ਅਤੇ ਆਸਟਰੇਲੀਆ ਦੀਆਂ ਅੱਗਾਂ ਦੇ ਫ਼ਰਕ ਬਾਰੇ ਦੱਸਿਆ। ਇੰਡੀਆ ਵਿੱਚ ਲੱਗੀਆਂ ਅੱਗਾਂ ਇੱਕ ਇਨਸਾਨ ਨੂੰ ਦੂਸਰੇ ਇਨਸਾਨ ਨਾਲ ਲੜਾ ਰਹੀਆਂ ਹਨ। ਇੰਡੀਆ ਦੇ ਲੋਕਾਂ ਦੇ ਦਿਲਾਂ ਅੰਦਰ ਨਫ਼ਰਤ ਦੀ ਅੱਗ ਪੈਦਾ ਕੀਤੀ ਜਾ ਰਹੀ ਹੈ। ਇਹ ਸਭ ਕੁਝ ਇੰਡੀਆ ਦੀ ਗੰਦੀ ਰਾਜਨੀਤੀ ਕਾਰਨ ਹੋ ਰਿਹਾ ਹੈ। ਜਦੋਂ ਕਿ ਆਸਟਰੇਲੀਆ ਦੀਆਂ ਅੱਗਾਂ ਇੱਕ ਇਨਸਾਨ ਦਾ ਦੂਜੇ ਇਨਸਾਨ ਨਾਲ ਪਿਆਰ ਵਧਾ ਰਹੀਆਂ ਹਨ। ਲੀਜ਼ਾ ਇਹ ਸਭ ਕੁਝ ਸੁਣ ਕੇ, ਦੇਖ ਕੇ ਅਤੇ ਸਮਝ ਕੇ ਬਹੁਤ ਜ਼ਿਆਦਾ ਡਰ ਗਈ। ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਉਸ ਦਾ ਰੋਣਾ ਖਤਮ ਹੋਣ ’ਤੇ ਹੀ ਨਾ ਆਵੇ।

‘‘ਚਲੋ! ਅਸੀਂ ਵਾਪਸ ਆਸਟਰੇਲੀਆ ਚੱਲਦੇ ਹਾਂ।’’ ਲੀਜ਼ਾ ਨੇ ਬਲਜੀਤ ਨੂੰ ਕਹਿਣਾ ਸ਼ੁਰੂ ਕਰ ਦਿੱਤਾ।

‘‘ਘੱਟੋ ਘੱਟ ਇਹ ਸ਼ਹਿਰ ਤਾਂ ਵੇਖ ਲਈਏ। ਫਿਰ ਵਾਪਸ ਹੀ ਤਾਂ ਜਾਣਾ ਹੈ।’’ ਬਲਜੀਤ ਨੇ ਆਪਣੀ ਗੱਲ ਕਹੀ। ਉਸ ਨੂੰ ਉਮੀਦ ਸੀ ਕਿ ਉਹ ਸ਼ਹਿਰ ਸ਼ਾਂਤ ਹੋ ਜਾਵੇਗਾ। ਪਰ ਸ਼ਹਿਰ ਸ਼ਾਂਤ ਨਹੀਂ ਹੋਇਆ। ਅਗਲੇ ਦਿਨ ਫਿਰ ਜਲਸੇ ਤੇ ਜਲੂਸ ਸ਼ੁਰੂ ਹੋ ਗਏ। ਦੰਗੇ ਸ਼ੁਰੂ ਹੋ ਗਏ। ਅੱਗਾਂ ਸ਼ੁਰੂ ਹੋ ਗਈਆਂ। ਸਰਕਾਰ ਨੇ ਹਾਲਾਤ ’ਤੇ ਕਾਬੂ ਪਾਉਣ ਲਈ ਕਰਫਿਊ ਲਾ ਦਿੱਤਾ। ਹੁਣ ਤਾਂ ਬਲਜੀਤ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਸਿਵਾਏ ਇਸ ਦੇ ਕਿ ਵਾਪਸ ਆਸਟਰੇਲੀਆ ਜਾਇਆ ਜਾਵੇ। ਉਸ ਨੇ ਆਸਟਰੇਲੀਅਨ ਅੰਬੈਸੀ ਨਾਲ ਫੋਨ ’ਤੇ ਸੰਪਰਕ ਕੀਤਾ। ਅੰਬੈਸੀ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਬਲਜੀਤ ਤੇ ਲੀਜ਼ਾ ਦੀ ਆਸਟਰੇਲੀਆ ਵਾਪਸ ਜਾਣ ਵਿੱਚ ਮਦਦ ਕਰਨ। ਅੰਬੈਸੀ ਵਾਲਿਆਂ ਨੇ ਮਦਦ ਕੀਤੀ। ਬਲਜੀਤ ਨੇ ਕੰਪਿਊਟਰ ’ਤੇ ਵਾਪਸੀ ਟਿਕਟਾਂ ਦੀ ਤਰੀਕ ਬਦਲ ਲਈ। ਸ਼ਹਿਰ ਵਿੱਚ ਕਰਫਿਊ ਸੀ। ਅੰਬੈਸੀ ਵਾਲੇ ਬਲਜੀਤ ਤੇ ਲੀਜ਼ਾ ਨੂੰ ਉਨ੍ਹਾਂ ਦੇ ਮਾਮਾ ਜੀ ਦੇ ਘਰੋਂ ਲੈ ਗਏ ਅਤੇ ਏਅਰਪੋਰਟ ’ਤੇ ਸਿਡਨੀ ਦੀ ਫਲਾਇਟ ਵਿੱਚ ਛੱਡ ਗਏ।

ਜਿਉਂ ਹੀ ਉਨ੍ਹਾਂ ਦਾ ਜਹਾਜ਼ ਆਸਟਰੇਲੀਆ ਦੀ ਜ਼ਮੀਨ ਨੂੰ ਛੋਹਿਆ ਬਲਜੀਤ ਤੇ ਲੀਜ਼ਾ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ। ਕਸਟਮ ਕਲੀਅਰ ਕਰਵਾਇਆ। ਏਅਰ ਪੋਰਟ ਤੋਂ ਬਾਹਰ ਆਏ। ਟੈਕਸੀ ਕੀਤੀ ਤੇ ਘਰ ਵੱਲ ਨੂੰ ਤੁਰ ਪਏ। ਰਸਤੇ ਵਿੱਚ ਅੱਗਾਂ ਦਾ ਧੂੰਆਂ ਅਜੇ ਵੀ ਬਹੁਤ ਸੀ, ਪਰ ਇਸ ਧੂੰਏ ਤੋਂ ਉਨ੍ਹਾਂ ਨੂੰ ਬਿਲਕੁਲ ਡਰ ਨਹੀਂ ਸੀ ਲੱਗ ਰਿਹਾ। ਉਨ੍ਹਾਂ ਦੇ ਅੰਦਰੋਂ ਇੰਡੀਆ ਦੀ ਅੱਗ ਦਾ ਡਰ ਵੀ ਨਿਕਲ ਚੁੱਕਾ ਸੀ। ਦੋ ਦਿਨਾਂ ਬਾਅਦ ਬਲਜੀਤ ਤੇ ਲੀਜ਼ਾ ਉਸ ਕੈਂਪ ਵਿੱਚ ਪਹੁੰਚ ਗਏ ਜਿੱਥੇ ਅੱਗ ਤੋਂ ਸਤਾਏ ਹੋਏ ਲੋਕਾਂ ਨੂੰ ਉਨ੍ਹਾਂ ਦੀ ਲੋੜ ਸੀ।

ਸੰਪਰਕ:+61403125209



News Source link
#ਅਗ

- Advertisement -

More articles

- Advertisement -

Latest article