34.2 C
Patiāla
Friday, May 17, 2024

ਪੰਜਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਐਤਵਾਰ ਦਾ ਦਿਨ ਸੀ। ਵਧੀਆ ਹਾਈਵੇ ’ਤੇ ਕਾਰ ਪੂਰੀ ਸਪੀਡ ਨਾਲ ਹਸਨ ਅਬਦਾਲ (ਪਾਕਿਸਤਾਨ) ਨੂੰ ਜਾ ਰਹੀ ਸੀ। ਹਾਈਵੇ ’ਤੇ ਕਾਰ, ਬੱਸ ਅਤੇ ਟਰੱਕ ਤੋਂ ਬਗੈਰ ਕਿਸੇ ਹੋਰ ਵਹੀਕਲ ਨੂੰ ਚੜ੍ਹਨ ਦੀ ਮਨਾਹੀ ਹੈ। ਵਿਦੇਸ਼ ਵਰਗੀ ਹਾਈਵੇ। ਆਲੇ-ਦੁਆਲੇ ਹਰੀਆਂ ਭਰੀਆਂ ਫ਼ਸਲਾਂ ਦਾ ਨਜ਼ਾਰਾ। ਬਰਸਾਤ ਦਾ ਸੁਹਾਵਣਾ ਮੌਸਮ। ਨਿੱਕੀਆਂ ਤੇ ਨਿੱਘੀਆਂ ਗੱਲਾਂ ਵਿੱਚ ਸੁਹਾਵਣੇ ਸਫ਼ਰ ਦਾ ਆਨੰਦ ਹੀ ਅਲੱਗ ਸੀ।

ਹਾਈਵੇ ’ਤੇ ਸਰਵਿਸ ਏਰੀਏ ਵਿੱਚ ਕੁਝ ਸਮੇਂ ਲਈ ਰੁਕ ਕੇ ਚਾਹ ਦੀਆਂ ਚੁਸਕੀਆਂ ਭਰਦਿਆਂ ਸਾਢੇ ਛੇ ਫੁੱਟ ਦਾ ਵਿਅਕਤੀ ਮੇਰੇ ਕੋਲ ਆ ਕੇ ਮੁਹੱਬਤ ਨਾਲ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ। ਉਹ ਕਿੱਤੇ ਵਜੋਂ ਆਰਕੀਟੈਕਟ ਹੈ। ਉਹ ਆਪਣੀਆਂ ਤਿੰਨ ਧੀਆਂ ਤੇ ਪਤਨੀ ਨਾਲ ਕਿਸੇ ਯੂਨੀਵਰਸਿਟੀ ਦੀ ਬਿਲਡਿੰਗ ਨੂੰ ਤਾਮੀਰ ਕਰਨ ਲਈ ਮੀਟਿੰਗ ਵਾਸਤੇ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਬਹੁਤ ਸਾਰੇ ਗੁਰਦੁਆਰੇ ਉਸ ਵੱਲੋਂ ਹੀ ਡਿਜ਼ਾਇਨ ਕੀਤੇ ਗਏ ਹਨ। ਕਈ ਗੁਰੂ ਘਰਾਂ ਵੱਲੋਂ ਉਸ ਨੂੰ ਸਿਰੋਪੇ ਨਾਲ ਸਨਾਮਨਿਤ ਵੀ ਕੀਤਾ ਗਿਆ। ਇਸ ਮਿਲਣਸਾਰ ਸ਼ਖ਼ਸ ਨਾਲ ਨਫ਼ੀਸੀ ਦੇ ਕੁਝ ਪਲ ਗੁਜ਼ਾਰ ਅਤੇ ਫੋਟੋ ਖਿਚਵਾ ਕੇ ਅਗਲੇ ਸਫ਼ਰ ’ਤੇ ਤੁਰ ਪੈਂਦੇ ਹਾਂ। ਮੈਦਾਨੀ ਇਲਾਕੇ ਤੋਂ ਬਾਅਦ ਨਿੱਕੀਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਹਨ। ਕਣੀਆਂ ਦੀ ਲੁਕਣਮੀਟੀ ਵਿੱਚ ਅਸੀਂ ਇਸਲਾਮਾਬਾਦ ਲੰਘ ਕੇ ਰਾਵਲਪਿੰਡੀ ਦੇ ਨੇੜੇ ਹਾਈਵੇ ਨੂੰ ਛੱਡ ਕੇ ਲੋਕਲ ਰੋਡ ਲੈਂਦੇ ਹਾਂ ਅਤੇ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਜਾਂਦੇ ਹਾਂ।

ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਲੱਗਦੇ ਹਾਂ ਤਾਂ ਬਾਹਰ ਖੜ੍ਹਾ ਮੁਸਲਮਾਨ ਚੌਕੀਦਾਰ ਕਹਿੰਦਾ ਹੈ ਕਿ ਤੁਸੀਂ ਗੁਰਦੁਆਰੇ ਦੇ ਅੰਦਰ ਜਾ ਸਕਦੇ ਹੋ, ਪਰ ਤੁਹਾਡੇ ਨਾਲ ਇਹ ਦੋਵੇਂ ਮੁਸਲਮਾਨ (ਮੇਰਾ ਮਿੱਤਰ ਅਸ਼ਰਫ਼ ਸੁਹੇਲ ਅਤੇ ਉਸ ਦਾ ਸਹਿਕਰਮੀ ਮੁਹੰਮਦ ਇਰਫ਼ਾਨ) ਅੰਦਰ ਨਹੀਂ ਜਾ ਸਕਦੇ। ਮੇਰੀ ਪਤਨੀ ਨੇ ਕਿਹਾ ਕਿ ਜੇ ਅਸੀਂ ਅੰਦਰ ਜਾਵਾਂਗੇ ਤਾਂ ਸਾਡੇ ਨਾਲ ਇਹ ਦੋਵੇਂ ਵੀ ਜਾਣਗੇ ਕਿਉਂਕਿ ਗੁਰੂ ਘਰ ਤਾਂ ਸਭ ਦਾ ਸਾਂਝਾ ਹੈ। ਉਹ ਛਿੱਥਾ ਜਿਹਾ ਹੋ ਕੇ ਸਾਨੂੰ ਅੰਦਰ ਜਾਣ ਦਿੰਦਾ ਹੈ। ਅੰਦਰ ਬੈਠੇ ਸਕਿਊਰਿਟੀ ਵਾਲਿਆਂ ਨੂੰ ਤਾਂ ਅਜਿਹਾ ਕੋਈ ਉਜਰ ਨਹੀਂ। ਇਸ ਗੁਰਦੁਆਰਾ ਸਾਹਿਬ ਵਿੱਚ ਸਿੱਖਾਂ ਨਾਲੋਂ ਵੀ ਜ਼ਿਆਦਾ ਮੁਸਲਮਾਨ ਨਤਮਸਤਕ ਹੁੰਦੇ ਹਨ ਕਿਉਂਕਿ ਉਨ੍ਹਾਂ ਲਈ ਸਾਰੇ ਗੁਰੂ ਪੀਰ ਸਾਂਝੇ ਹਨ। ਸਿਰਫ਼ ਕੁਝ ਮੁਤੱਸਬੀ ਲੋਕ ਨੇ ਜੋ ਅਜਿਹੀਆਂ ਵੰਡੀਆਂ ਪਾਉਣ ਲਈ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਨੇ।

ਸਫ਼ਾਫ ਪਾਣੀ ਦੇ ਵਗਦੇ ਝਰਨੇ ਵਿੱਚ ਖੜ੍ਹ ਕੇ ਗੁਰੂ ਜੀ ਨੂੰ ਨਤਮਸਤਕ ਹੁੰਦਿਆਂ, ਉੱਪਰ ਨੂੰ ਨਜ਼ਰ ਗਈ ਤਾਂ ਸਾਹਮਣੇ ਉਹ ਪਹਾੜੀ ਨਜ਼ਰ ਪਈ ਜਿੱਥੇ ਪੀਰ ਵਲੀ ਕੰਧਾਰੀ ਦਾ ਡੇਰਾ ਸੀ। ਬਿਰਤੀ ਵਿੱਚ ਆਉਂਦਾ ਹੈ ਪਿਆਸ ਨਾਲ ਨਿਰਬਲ ਹੋਏ ਭਾਈ ਮਰਦਾਨੇ ਦਾ ਵਲੀ ਕੰਧਾਰੀ ਕੋਲੋਂ ਪਾਣੀ ਲੈਣ ਲਈ ਤਰਲਾ ਕਰਨਾ ਅਤੇ ਉਸ ਦੇ ਕੋਰੇ ਜਵਾਬ ਤੋਂ ਨਿਰਾਸ਼ ਹੋਏ ਬਾਬਾ ਨਾਨਕ ਕੋਲ ਪਰਤਣਾ। ਉਦੋਂ ਕਿਹੋ ਜਿਹੀ ਹੋਵੇਗੀ ਮਰਦਾਨੇ ਦੀ ਮਨੋਦਸ਼ਾ? ਬਾਬਾ ਨਾਨਕ ਦੇ ਮਨ ਵਿੱਚ ਵਲੀ ਕੰਧਾਰੀ ਬਾਰੇ ਕੀ ਖਿਆਲ ਪੈਦਾ ਹੋਏ ਹੋਣਗੇ? ਕੇਹਾ ਆਲਮ ਹੋਵੇਗਾ ਜਦੋਂ ਬਾਬਾ ਨਾਨਕ ਨੇ ਪੱਥਰ ਨੂੰ ਹਟਾਇਆ, ਪਾਣੀ ਦਾ ਝਰਨਾ ਫੁੱਟਿਆ ਅਤੇ ਭਾਈ ਮਰਦਾਨੇ ਨੇ ਪਿਆਸ ਮਿਟਾਈ? ਹੋ ਸਕਦਾ ਹੈ ਕਿ ਬਾਬਾ ਜੀ ਨੇ ਵਲੀ ਕੰਧਾਰੀ ਨਾਲ ਸੰਵਾਦ ਰਚਾਇਆ ਹੋਵੇ। ਤਰਕ ਨਾਲ ਮਨੁੱਖੀ ਬਿਰਤੀਆਂ ਦੀ ਉੱਚਮਤਾ ਰਾਹੀਂ ਖੁਦ ਨੂੰ ਖੁਦਾ ਦੇ ਕਰੀਬ ਕਰਨ ਦੀਆਂ ਜੁਗਤਾਂ ’ਤੇ ਵਿਚਾਰ ਚਰਚਾ ਕੀਤੀ ਹੋਵੇ। ਸੋਚਦਾ ਹਾਂ ਕਿ ਇਹ ਵਗ ਰਿਹਾ ਨਿਰਮਲ ਪਾਣੀ ਉਸ ਪਾਕੀਜ਼ ਸੋਚ ਦਾ ਨਿਰੰਤਰ ਵਹਾਅ ਹੀ ਹੈ ਜੋ ਇਸ ਗੁਰਦੁਆਰੇ ਦੇ ਚੌਗਿਰਦੇ ਵਿੱਚ ਪਿਛਲੇ ਪੰਜ ਸੌ ਸਾਲਾਂ ਤੋਂ ਵਗ ਰਿਹਾ ਹੈ। ਇਹ ਪਾਣੀ ਸਰੋਵਰ ਅਤੇ ਗੁਰਦੁਆਰੇ ਦੀ ਪਰਿਕਰਮਾ ਕਰ ਕੇ ਹਸਨ ਅਬਦਾਲ ਦੇ ਖੇਤਾਂ ਨੂੰ ਸਿੰਜਦਾ, ਭੜੋਲਿਆਂ ਨੂੰ ਭਰ ਕੇ, ਇਸ ਦੀ ਸਮੁੱਚੀ ਫ਼ਿਜ਼ਾ ਵਿੱਚ ਸੁਪਨਸ਼ੀਲ ਜ਼ਿੰਦਗੀ ਦਾ ਸਿਰਨਾਵਾਂ ਹਰੇਕ ਵਾਸੀ ਦੇ ਨਾਮ ਕਰਦਾ ਹੈ। ਇਹ ਪਾਣੀ ਹੀ ਹੈ ਜਿਸ ਦੀ ਅੰਮ੍ਰਿਤ-ਚੂਲ਼ੀ ਨਾਲ ਅਸੀਂ ਆਪਣੀ ਅੰਦਰਲੀ ਗੰਦਗੀ ਨੂੰ ਧੋ ਕੇ ਸੁੱਚਮਤਾ ਦਾ ਸੁੱਚਾ ਹਰਫ਼ ਬਣ ਸਕਦੇ ਹਾਂ।

ਝਰਨੇ ਦਾ ਇਹ ਵਗਦਾ ਪਾਣੀ ਵਲੀ ਕੰਧਾਰੀ ਲਈ ਸੂਖਮ ਸੁਨੇਹਾ ਵੀ ਸੀ ਕਿ ਪਾਣੀ ਸਭਨਾਂ ਦਾ ਸਾਂਝਾ ਹੈ। ਪਾਣੀ ਤਾਂ ਜੀਵਨ ਹੈ। ਵਗਦੇ ਪਾਣੀ ਹੀ ਨਿਰਮਲ ਰਹਿੰਦੇ ਜਦੋਂਕਿ ਖੜ੍ਹੇ ਪਾਣੀ ਬੁਦਬੂ ਮਾਰਨ ਲੱਗ ਪੈਂਦੇ ਹਨ। ਸਾਰੇ ਧਰਮ ਹੀ ਜੀਵਨ ਦਾਨ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਹਨ। ਇਸੇ ਕਰਕੇ ਸਭ ਧਰਮਾਂ ਦੇ ਲੋਕ ਇਸ ਅਸਥਾਨ ’ਤੇ ਅਕੀਦਤ ਕਰਦੇ, ਇਸ ਦੀ ਇਬਾਦਤ ਨਾਲ ਖੁਦ ਨੂੰ ਪਾਕ ਕਰਦੇ, ਆਉਣ ਵਾਲੇ ਪਲਾਂ ਦੀ ਸੁਖਨਤਾ ਅਤੇ ਸਕੂਨਤਾ ਲਈ ਅਰਦਾਸ ਵੀ ਕਰਦੇ ਅਤੇ ਦੁਆਵਾਂ ਵੀ ਮੰਗਦੇ ਹਨ।

ਗੁਰਦੁਆਰਾ ਕੰਪਲੈਕਸ ਦੇ ਕੇਂਦਰ ਵਿੱਚ ਗੁਰਦੁਆਰੇ ਦੀ ਸ਼ਾਨਾਮੱਤੀ ਇਮਾਰਤ ਹੈ। ਆਲੇ-ਦੁਆਲੇ ਸਰਾਂਵਾਂ। ਇੱਕ ਪਾਸੇ ਤਲਾਅ ਜਿਸ ਵਿੱਚ ਬੱਚੇ ਨਹਾ ਰਹੇ ਸਨ, ਪਰ ਮਨ ਮਾਯੂਸ ਹੋਇਆ ਕਿ ਇਸ ਦੀ ਪਰਿਕਰਮਾ ਵਿੱਚ ਸ਼ਰਧਾਲੂ ਆਮ ਹੀ ਜੁੱਤੀਆਂ ਪਾਈ ਫਿਰਦੇ ਸਨ। ਸਿਰਫ਼ ਗੁਰਦੁਆਰੇ ਵਿੱਚ ਮੱਥਾ ਟੇਕਣ ਲੱਗਿਆਂ ਪਰਿਕਰਮਾ ਵਿੱਚ ਹੀ ਜੁੱਤੀਆਂ ਉਤਾਰਦੇ ਹਨ। ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਅਤੇ ਰਹਿਤ-ਮਰਿਆਦਾ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਦੀ ਲੋੜ ਹੈ।

ਪਖ਼ਤੂਨ ਇਲਾਕਾ ਹੋਣ ਕਾਰਨ ਜ਼ਿਆਦਾਤਰ ਵਾਸੀ ਪਸ਼ਤੋ ਬੋਲਦੇ ਹਨ। ਇੱਥੋਂ ਦਾ ਮੁੱਖ ਗ੍ਰੰਥੀ ਸੁਹਿਰਦ ਨੌਜਵਾਨ ਹੈ। ਉਸ ਨੇ ਦੱਸਿਆ ਕਿ ਹਸਨ ਅਬਦਾਲ ਵਿੱਚ 100 ਕੁ ਸਿੱਖ ਪਰਿਵਾਰ ਰਹਿੰਦੇ ਹਨ। ਇੱਥੋਂ ਦੇ ਬੱਚਿਆਂ ਨੂੰ ਪੰਜਾਬੀ ਰਾਹੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਲਈ ਗੁਰਦੁਆਰੇ ਵਿੱਚ ਹੀ ਪੰਜਾਬੀ ਸਿਖਾਈ ਜਾਂਦੀ ਹੈ। ਇੱਥੋਂ ਦੀ ਸਿੱਖ ਸੰਗਤ ਵੱਲੋਂ ਆਪਣੇ ਤੌਰ ’ਤੇ ਨਿਰੰਤਰ ਲੰਗਰ ਚਲਾਇਆ ਜਾਂਦਾ ਹੈ। ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਇਸ ਗੁਰਦੁਆਰੇ ਵਿੱਚ ਬਹੁਤ ਸਾਰੇ ਸਿੰਧੀ ਪਰਿਵਾਰ ਆਏ ਹੋਏ ਸਨ ਜੋ ਪੰਜਾਬੀ ਬੋਲਦੇ ਸਨ ਭਾਵੇਂ ਕਿ ਉਨ੍ਹਾਂ ਦੇ ਲਹਿਜ਼ੇ ਵਿੱਚ ਸਿੰਧੀ ਝਲਕਦੀ ਸੀ। ਸਿੰਧੀ ਲੋਕ ਬਹੁਤ ਹੀ ਸੱਚੇ-ਸੁੱਚੇ ਸਿੱਖ ਸ਼ਰਧਾਲੂ ਹਨ।

ਗੁਰਦੁਆਰੇ ਦੀ ਪਰਿਕਰਮਾ ਕਰਦਿਆਂ ਮਨ ਵਿੱਚ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਜਦੋਂ ਇਸ ਜਗ੍ਹਾ ’ਤੇ ਬਿਰਾਜਮਾਨ ਹੋ ਕੇ ਸੰਗਤ ਨੂੰ ਸੰਬੋਧਨ ਕਰਦੇ ਹੋਣਗੇ ਤਾਂ ਉਨ੍ਹਾਂ ਦੇ ਮੁੱਖ ਤੋਂ ਝਰਦਾ ਨੂਰ ਇਸ ਚੌਗਿਰਦੇ ਨੂੰ ਜਗਮਗਾਉਂਦਾ ਹੋਵੇਗਾ। ਨੂਰ ਵਿੱਚ ਭਿੱਜਾ ਹੋਇਆ ਸਮੁੱਚਾ ਹਸਨ ਅਬਦਾਲ ਉਨ੍ਹਾਂ ਦੀਆਂ ਰਹਿਮਤਾਂ ਅਤੇ ਗੁਰ-ਬੋਲਾਂ ਦਾ ਮੁਰੀਦ ਹੋਇਆ, ਆਪਣੇ ਆਪ ਨੂੰ ਧੰਨਭਾਗਾ ਸਮਝਦਾ ਹੋਵੇਗਾ। ਬਾਬਾ ਜੀ ਸਾਰਿਆਂ ਲਈ ਰੱਬ ਦਾ ਰੂਪ ਬਣੇ, ਸਭਨਾਂ ਦੀਆਂ ਮੁਰਾਦਾਂ ਦੀ ਪੂਰਤੀ ਲਈ ਅਰਦਾਸ ਕਰਦੇ ਹੋਣਗੇ। ਉਨ੍ਹਾਂ ਨੂੰ ਭਰਮਾਂ ਅਤੇ ਵਹਿਮਾਂ ਤੋਂ ਦੂਰ ਕਰ ਕੇ ਸੱਚੇ ਸੁੱਚੇ ਜੀਵਨ ਜਿਊਣ ਲਈ ਪ੍ਰੇਰਿਤ ਕਰਦੇ ਹੋਣਗੇ ਕਿਉਂਕਿ ਬਾਬਾ ਜੀ ਦੀ ਫ਼ਿਲਾਸਫ਼ੀ ਹੀ ਇਹ ਸੀ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹ ਸੋਚਦਿਆਂ ਹੀ ਅਸੀਂ ਲੰਗਰ ਛਕਣ ਲਈ ਲੰਗਰ ਹਾਲ ਵਿੱਚ ਗਏ। ਹਰ ਭੁੱਖੇ-ਪਿਆਸੇ ਲਈ ਲੰਗਰ ਦੀ ਰੀਤ ਬਾਬਾ ਨਾਨਕ ਵੱਲੋਂ ਹੀ ਵੀਹ ਰੁਪਇਆਂ ਨਾਲ ਸ਼ੁਰੂ ਕੀਤੀ ਗਈ ਸੀ। ਇਹ ਕਿਸ ਤਰ੍ਹਾਂ ਦੀ ਪਿਰਤ ਸੀ ਕਿ ਸਮੁੱਚੀ ਦੁਨੀਆ ਵਿੱਚ ਇਸ ਕਰਮ-ਕੀਰਤੀ ਨੇ ਨਾਮਣਾ ਖੱਟਿਆ ਹੈ। ਲੰਗਰ ਹੁਣ ਗੁਰੂ ਘਰ ਦੀ ਪਛਾਣ ਅਤੇ ਇਸ ਦੀ ਪ੍ਰਮੁੱਖਤਾ ਹੈ।

ਲੰਗਰ ਹਾਲ ਵਿੱਚ ਸਾਹਮਣੇ ਵੱਡ ਅਕਾਰੀ ਪੰਜਾ ਸਾਹਿਬ ਦੇ ਸਾਕੇ ਦੀ ਤਸਵੀਰ ਨਜ਼ਰ ਪਈ। ਕਿਤਾਬਾਂ ਵਿੱਚ ਪੜ੍ਹਿਆ ‘ਪੰਜਾ ਸਾਹਿਬ ਦਾ ਸਾਕਾ’ ਅਤੇ ਸ. ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਕਰਾਮਾਤ’ ਅੱਖਾਂ ਸਾਹਵੇਂ ਸ਼ਾਖ਼ਸਾਤ ਹੋ ਗਈ।

ਯਾਦ ਆਇਆ ਕਿ ਜੈਤੋ ਦੇ ਮੋਰਚੇ ਵਿੱਚ ਸੂਬੇਦਾਰ ਅਮਰ ਸਿੰਘ ਧਾਲੀਵਾਲ (ਜੋ ਪਿੰਡ ਧਾਲੀਵਾਲ ਬੇਟ, ਜ਼ਿਲ੍ਹਾ ਕਪੂਰਥਲਾ ਦਾ ਵਾਸੀ ਸੀ। ਇਹ ਪਿੰਡ ਮੇਰੇ ਪਿੰਡ ਦੇ ਕੋਲ ਹੀ ਹੈ) ਦੀ ਅਗਵਾਈ ਵਿੱਚ ਗ੍ਰਿਫ਼ਤਾਰ ਹੋਏ ਸਾਥੀਆਂ ਨੂੰ ਅੰਮ੍ਰਿਤਸਰ ਤੋਂ ਅਟਕ ਦੀ ਜੇਲ੍ਹ ਵਿੱਚ ਰੇਲਗੱਡੀ ਰਾਹੀਂ ਭੇਜਿਆ ਜਾ ਰਿਹਾ ਸੀ। ਰੇਲਗੱਡੀ ਦੇ ਮੁਸਲਮਾਨ ਡਰਾਈਵਰ ਨੂੰ ਸਖ਼ਤ ਹਦਾਇਤ ਸੀ ਕਿ ਰਾਹ ਵਿੱਚ ਰੇਲਗੱਡੀ ਨੂੰ ਕਿਧਰੇ ਵੀ ਨਹੀਂ ਰੋਕਣਾ। ਜਦੋਂ ਪੰਜਾ ਸਾਹਿਬ ਦੀ ਸੰਗਤ ਨੂੰ ਇਸ ਦੀ ਜਾਣਕਾਰੀ ਮਿਲੀ ਕਿ ਭੁੱਖੇ ਪਿਆਸੇ ਸਿੱਖ ਕੈਦੀਆਂ ਨੂੰ ਲੈ ਕੇ ਰੇਲ ਗੱਡੀ ਪੰਜਾ ਸਾਹਿਬ ਦੇ ਸਟੇਸ਼ਨ ਤੋਂ ਲੰਘੇਗੀ ਤਾਂ ਉਨ੍ਹਾਂ ਨੇ ਗੁਰੂ ਅੱਗੇ ਅਰਦਾਸ ਕੀਤੀ ਕਿ ਅਕਾਲ ਪੁਰਖ ਭੁੱਖੇ ਪਿਆਸੇ ਸਿੱਖਾਂ ਨੂੰ ਲੰਗਰ ਛਕਾਉਣ ਦੀ ਹਿੰਮਤ ਬਖ਼ਸ਼ੇ। ਸਾਰਿਆਂ ਨੇ ਸਾਂਝੇ ਰੂਪ ਵਿੱਚ ਗੁਰਮਤਾ ਪਕਾਇਆ ਕਿ ਉਨ੍ਹਾਂ ਦੀਆਂ ਲਾਸ਼ਾਂ ਤੋਂ ਹੀ ਰੇਲਗੱਡੀ ਲੰਘ ਸਕਦੀ ਹੈ। 31 ਅਕਤੂਬਰ 1922 ਨੂੰ ਗੱਡੀ ਨੇ ਸਵੇਰੇ ਅੱਠ ਵਜੇ ਪੰਜਾ ਸਾਹਿਬ ਸਟੇਸ਼ਨ ਤੋਂ ਲੰਘਣਾ ਸੀ। ਪੰਜਾ ਸਾਹਿਬ ਸਟੇਸ਼ਨ ਦੇ ਹਿੰਦੂ ਸਟੇਸ਼ਨ ਮਾਸਟਰ ਨੂੰ ਸਖ਼ਤ ਹੁਕਮ ਸੀ ਕਿ ਰੇਲਗੱਡੀ ਨੂੰ ਰੁਕਣ ਨਹੀਂ ਦੇਣਾ। 300 ਦੇ ਕਰੀਬ ਸਿੱਖ ਸੰਗਤ ਰੇਲ ਦੀ ਪਟੜੀ ’ਤੇ ਬਹਿ ਗਈ ਅਤੇ ਗੁਰਬਾਣੀ ਦਾ ਜਾਪ ਕਰਨ ਲੱਗੀ। ਸਭ ਤੋਂ ਮੂਹਰੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਬੈਠੇ ਸਨ।

ਚੀਕਾਂ ਮਾਰਦੀ ਗੱਡੀ ਆਈ ਅਤੇ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੂੰ ਕੁਚਲ ਕੇ ਅਤੇ ਕਈਆਂ ਨੂੰ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ ਰੁਕ ਗਈ। ਇਹ ਸੀ ਸਿੱਖਾਂ ਦੀ ਆਸਥਾ ਦਾ ਕ੍ਰਿਸ਼ਮਾ। ਆਪਣੇ ਗੁਰੂ ’ਤੇ ਸੱਚੀ ਸੁੱਚੀ ਨਿਸ਼ਠਾ ਦਾ ਪ੍ਰਤੱਖ ਪ੍ਰਮਾਣ ਕਿ ਹਨੇਰੀ ਵਾਂਗ ਆਉਂਦੀ ਰੇਲ ਨੂੰ ਨਿਹੱਥੇ ਸਿੱਖ ਰੋਕ ਵੀ ਸਕਦੇ ਨੇ। ਅਜਿਹੀ ਕਰਾਮਾਤ ਸਿਰਫ਼ ਸਿੱਖਾਂ ਦੇ ਹੀ ਹਿੱਸੇ ਆਈ ਕਿ ਗੁਰੂ ਦੇ ਜਾਪ ਨਾਲ ਕੁਝ ਵੀ ਅਸੰਭਵ ਨਹੀਂ। ਰੇਲ ਦੇ ਰੁਕਣ ਤੋਂ ਬਾਅਦ ਜਦੋਂ ਸੰਗਤ ਬਹੁਤ ਗੰਭੀਰ ਜ਼ਖ਼ਮੀਆਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਨੂੰ ਬਾਹਰ ਕੱਢਣ ਲੱਗੀ ਤਾਂ ਭਾਈ ਪ੍ਰਤਾਪ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਸਿੱਖ ਕੈਦੀਆਂ ਨੂੰ ਲੰਗਰ ਛਕਾਓ। ਕਿਧਰੇ ਅਜਿਹਾ ਨਾ ਹੋਵੇ ਕਿ ਸਾਡੇ ਬਾਹਰ ਨਿਕਲਣ ’ਤੇ ਰੇਲਗੱਡੀ ਚੱਲ ਪਵੇ ਅਤੇ ਇਹ ਕੈਦੀ ਭੁੱਖੇ ਪਿਆਸੇ ਹੀ ਰਹਿ ਜਾਣ। ਇਹ ਹੈ ਸਿੱਖੀ ਵਿੱਚ ਪਰਿਪੱਕ ਸਿੱਖ ਦਾ ਕਰਮ। ਡੇਢ ਘੰਟਾ ਰੇਲਗੱਡੀ ਰੁਕੀ ਰਹੀ ਅਤੇ ਸਾਰੇ ਕੈਦੀਆਂ ਨੂੰ ਲੰਗਰ ਛਕਾਉਣ ਤੋਂ ਬਾਅਦ ਹੀ ਰੇਲਗੱਡੀ ਨੂੰ ਜਾਣ ਦਿੱਤਾ ਗਿਆ। ਭਾਈ ਕਰਮ ਸਿੰਘ ਤਾਂ ਕੁਝ ਘੰਟਿਆਂ ਬਾਅਦ ਹੀ ਸ਼ਹੀਦ ਹੋ ਗਏ ਜਦੋਂ ਕਿ ਭਾਈ ਪ੍ਰਤਾਪ ਸਿੰਘ ਅਗਲੀ ਸਵੇਰ ਅੰਮ੍ਰਿਤ ਵੇਲੇ ਗੁਰ-ਚਰਨਾਂ ਵਿੱਚ ਜਾ ਬਿਰਾਜੇ।

ਮਨ ਵਿੱਚ ਆਇਆ ਕਿ ਅੰਗਰੇਜ਼ ਹਾਕਮ ਜ਼ਰੂਰ ਸੋਚਦੇ ਹੋਣਗੇ ਕਿ ਇਨ੍ਹਾਂ ਸਿੱਖਾਂ ਕੋਲੋ ਕਿਹੜੀ ਗੈਬੀ ਸ਼ਕਤੀ ਸੀ ਕਿ ਇਨ੍ਹਾਂ ਬੇਹੱਥਿਆਂ ਨੇ ਹੀ ਰੇਲਗੱਡੀ ਨੂੰ ਰੋਕ ਲਿਆ? ਇੱਥੋਂ ਤੀਕ ਕਿ ਜਦੋਂ ਰੇਲ ਦੇ ਡਰਾਈਵਰ ਦੀ ਜਾਂਚ ਹੋਈ ਤਾਂ ਪੁੱਛਿਆ ਗਿਆ ਕਿ ਉਸ ਨੇ ਰੇਲਗੱਡੀ ਕਿਉਂ ਰੋਕੀ? ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਕੁਝ ਨਹੀਂ ਪਤਾ ਕਿ ਕੀ ਭਾਣਾ ਵਰਤਿਆ ਅਤੇ ਰੇਲਗੱਡੀ ਇਕਦਮ ਰੁਕ ਗਈ।

ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਨਿਕਲਦਿਆਂ ਸੋਚਦਾ ਰਿਹਾ ਕਿ ਇਸ ਫਿਜ਼ਾ ਵਿੱਚ ਰੇਲ ਦੀ ਪਟੜੀ ’ਤੇ ਬੈਠੀ ਉਸ ਸਿੱਖ-ਸੰਗਤ ਦੀ ਗੁਰਬਾਣੀ ਦਾ ਜਾਪ ਹੁਣ ਵੀ ਜ਼ਰੂਰੀ ਸੁਣਾਈ ਦਿੰਦਾ ਹੋਵੇਗਾ ਜਿਸ ਨਾਲ ਕਠੋਰ ਦਿਲ ਵੀ ਪੰਘਰ ਗਏ। ਡਰਾਈਵਰ ਨੇ ਪਟੜੀ ’ਤੇ ਅਹਿਲ ਬੈਠੇ ਸਿੱਖਾਂ ਦੀ ਨਿੱਡਰਤਾ ਨੂੰ ਮਨ ਹੀ ਮਨ ਸਲੂਟ ਜ਼ਰੂਰ ਮਾਰਿਆ ਹੋਵੇਗਾ। ਪੰਜਾ ਸਾਹਿਬ ਦੇ ਇਸ ਸਾਕੇ ਨੇ ਅੰਗਰੇਜ਼ ਹਾਕਮਾਂ ਦੀ ਦਰਿੰਦਗੀ ਦੇ ਨੰਗੇ ਨਾਚ ਨੂੰ ਬੇਅਸਰ ਅਤੇ ਬੇਪਰਦ ਕਰ ਦਿੱਤਾ। ਇਸ ਸਾਕੇ ਵਿੱਚ ਸਿੱਖ-ਸੰਗਤ ਦੀ ਸਿਰੜਤਾ, ਹਿੰਦੂ ਸਟੇਸ਼ਨ ਮਾਸਟਰ ਦੀ ਦਯਾ ਭਾਵਨਾ ਅਤੇ ਮੁਸਲਮਾਨ ਡਰਾਈਵਰ ਦੀ ਨੇਕਨੀਤੀ ਦੇ ਮੁਜੱਸਮੇ ਨੇ ਅੰਗਰੇਜ਼ੀ ਹੁਕਮਾਂ ਦੀ ਅਵੱਗਿਆ ਕਰਕੇ ਆਪੋ-ਆਪਣੇ ਦੀਨ-ਧਰਮ ਨੂੰ ਉੱਚਮਤਾ ਬਖ਼ਸ਼ੀ। ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਅਤੇ ਇਹ ਨੇੜਤਾ ਹੀ ਅਜਿਹੀ ਕਰਾਮਤ ਨੂੰ ਸਿਰਜਣ ਅਤੇ ਇਤਿਹਾਸ ਦਾ ਸੁਨਹਿਰੀ ਵਰਕਾ ਬਣਨ ਦੇ ਕਾਬਲ ਹੋਈ।

ਇਨ੍ਹਾਂ ਸੋਚਾਂ ਵਿੱਚ ਡੁੱਬੇ ਹੋਏ ਨੂੰ ਅਸ਼ਰਫ਼ ਸੁਹੇਲ ਹੁਰਾਂ ਨੇ ਹਲੂਣਦਿਆਂ ਕਿਹਾ ਕਿ ਆਓ ਕਾਰ ਵਿੱਚ ਬੈਠੋ। ਵਾਪਸ ਲਾਹੌਰ ਜਾਂਦਿਆਂ ਕਾਫ਼ੀ ਦੇਰ ਹੋ ਜਾਵੇਗੀ ਅਤੇ ਅਸੀਂ ਲਾਹੌਰ ਦੇ ਰਾਹ ਤੁਰ ਪਏ। ਬੜਾ ਚੰਗਾ ਲੱਗਾ ਜਦੋਂ ਸਰਵਿਸ ਏਰੀਏ ਵਿੱਚ ਤਿੰਨ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਅਸੀਂ ਸਰਦਾਰ ਜੀ ਨਾਲ ਹੱਥ ਮਿਲਾਉਣਾ ਹੈ ਅਤੇ ਫੋਟੋ ਖਿਚਵਾਉਣੀ ਹੈ। ਅਜਿਹੀਆਂ ਪਿਆਰੀਆਂ ਬੱਚੀਆਂ ਨੂੰ ਮਿਲ ਕੇ ਅਤੇ ਫੋਟੋ ਖਿਚਵਾ ਕੇ, ਉਨ੍ਹਾਂ ਦੇ ਮੋਹ ਵਿੱਚ ਮਖ਼ਰੂਰ ਹੋਇਆ ਮੈਂ ਕਾਰ ਵਿੱਚ ਆ ਬੈਠਾ। ਸਾਰੇ ਰਾਹ ਪੰਜਾ ਸਾਹਿਬ ਬਾਰੇ ਹੀ ਗੱਲਾਂ ਹੁੰਦੀਆਂ ਰਹੀਆਂ। ਅਸੀਂ ਬਾਬਾ ਨਾਨਕ ਦੇ ਕ੍ਰਿਸ਼ਮੇ ਅਤੇ ਪੰਜਾ ਸਾਹਿਬ ਦੇ ਸਾਕੇ ਵਿੱਚ ਸਿੱਖ-ਸੰਗਤ ਦੇ ਕਰਾਮਾਤੀ ਤਲਿੱਸਮ ਵਿੱਚੋਂ ਬਾਹਰ ਨਾ ਨਿਕਲ ਸਕੇ।



News Source link
#ਪਜ #ਸਹਬ #ਵਖ #ਨਤਮਸਤਕ #ਹਦਆ

- Advertisement -

More articles

- Advertisement -

Latest article