29 C
Patiāla
Thursday, May 16, 2024

ਮਾਨਸਾ ਜ਼ਿਲ੍ਹੇ ਦੇ ਕਈ ਪਿੰਡ ਮਨਾਉਣਗੇ ਕਾਲੀ ਦੀਵਾਲੀ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 23 ਅਕਤੂਬਰ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਭਲਕੇ ਪੰਜਾਬੀ ਗਾਇਕ ਦੇ ਸਮਾਰਕ ਵਿਖੇ ਪ੍ਰਸ਼ੰਸਕ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਮਸ਼ਾਲ ਜਲਾ ਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਮੌਕੇ ਵੈਰਾਗਮਈ ਕੀਰਤਨ ਵੀ ਕੀਤਾ ਜਾਵੇਗਾ। ਪਿੰਡ ਮੂਸਾ ਤੋਂ ਇਲਾਵਾ ਪਿੰਡ ਜਵਾਹਰਕੇ ਵੱਲੋਂ ਵੀ ਦੀਵਾਲੀ ਨਾ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿੱਥੇ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆਂ ਪੰਜ ਮਹੀਨੇ ਬੀਤ ਚੁੱਕੇ ਹਨ ਅਤੇ ਅੱਜ ਵੀ ਮੂਸੇਵਾਲਾ ਦੇ ਮਾਪੇ ਅਤੇ ਪ੍ਰਸ਼ੰਸਕ ਇਨਸਾਫ ਦੀ ਉਡੀਕ ਕਰ ਰਹੇ ਹਨ, ਜਿਸ ਦੇ ਰੋਸ ਵਜੋਂ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਤੇ ਜਵਾਹਰਕੇ ਤੋਂ ਇਲਾਵਾ ਬੁਰਜ ਢਿੱਲਵਾਂ, ਜੋਗਾ ਰਮਦਿੱਤੇਵਾਲਾ, ਖੋਖਰ, ਸੱਦਾ ਸਿੰਘ ਵਾਲਾ, ਗੇਹਲੇ, ਗਾਗੋਵਾਲ ਆਦਿ ਪਿੰਡਾਂ ਵੱਲੋਂ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਪਿੰਡ ਜਵਾਹਰਕੇ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਜਵਾਹਰਕੇ ਨੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਮੂਸਾ ਪਿੰਡ ਵੱਲੋਂ ਗੁਰਦੁਆਰੇ ਤੋਂ ਮੁਨਿਆਦੀ ਕੀਤੀ ਗਈ ਹੈ ਕਿ ਦੀਵਾਲੀ ਵਾਲੇ ਦਿਨ ਪਿੰਡ ਵਾਸੀ ਬਾਅਦ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਹੱਥਾਂ ’ਚ ਤਖ਼ਤੀਆਂ ਫੜ ਕੇ ਸਮਾਰਕ ਕੋਲ ਬੈਠਣਗੇ।





News Source link

- Advertisement -

More articles

- Advertisement -

Latest article