37.7 C
Patiāla
Sunday, May 19, 2024

ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਪਿੰਡ ‘ਪਾਲੜੀ’

Must read


ਜਗਜੀਤ ਸਿੰਘ ਲੋਹਟਬੱਦੀ

ਪੰਜਾਬੀ ਅਜ਼ਲ ਤੋਂ ਅੱਥਰੇ ਸੁਭਾਅ ਦੇ ਨੇ। ਜਦੋਂ ਠਾਣ ਲੈਂਦੇ ਨੇ, ਤਾਂ ਕੰਡਿਆਲੀਆਂ ਰਾਹਾਂ ’ਤੇ ਵੀ ਫੁੱਲਾਂ ਦੀ ਵਰਖਾ ਹੁੰਦੀ ਐ। ਮੀਲ ਪੱਥਰ ਬੌਣੇ ਲੱਗਦੇ ਨੇ। ਇਨ੍ਹਾਂ ਨੂੰ ਕੁਆਰੀਆਂ ਧਰਤੀਆਂ ਦੀ ਖਿੱਚ ਬੇਚੈਨ ਕਰਦੀ ਰਹਿੰਦੀ ਹੈ। ਕੁਦਰਤ ਨੇ ਸਿਦਕ ਤੇ ਜੇਰਾ ਪਹਾੜ ਜਿੱਡਾ ਬਖ਼ਸ਼ਿਐ।

ਸਦੀਆਂ ਤੋਂ ਪੰਜਾਬੀਆਂ ਦੇ ਸਿਰ ਤਾਜ ਸਜਦੇ ਆਏ ਨੇ। ਹਿੰਦੁਸਤਾਨ ਵਿਚਲੇ ਤਰਾਈ ਦੇ ਜੰਗਲ ਹੋਣ ਜਾਂ ਕੱਛ ਦੀ ਰੱਕੜ ਭੋਇੰ; ਪੰਜਾਬੀਆਂ ਨੇ ਆਪਣੇ ਤਰੱਦਦ ਨਾਲ ਸੈਰ ਸਪਾਟਾ ਕੇਂਦਰ ਬਣਾ ਧਰੇ ਨੇ। ਇਨ੍ਹਾਂ ਧਰਤੀ ਪੁੱਤਾਂ ਦੇ ਵਿਦੇਸ਼ਾਂ ਵਿੱਚ ਵੀ ਗੂੜ੍ਹੀਆਂ ਪੈੜਾਂ ਦੇ ਨਿਸ਼ਾਨ ਨੇ। ਸੱਤ ਸਮੁੰਦਰੋਂ ਪਾਰ ਅੱਜ ਲੋਕਾਈ, ਜੇ ਦੀਦਾਰ ਸਿੰਘ ਬੈਂਸ ਨੂੰ ‘ਆੜੂਆਂ ਦੇ ਬਾਦਸ਼ਾਹ’ ਵਜੋਂ ਪਛਾਣਦੀ ਐ, ਤਾਂ ਚਰਨਜੀਤ ਸਿੰਘ ਬਾਠ ‘ਸੌਗੀ ਦਾ ਬਾਦਸ਼ਾਹ’ ਅਖਵਾਉਂਦੈ। ਇੱਕ ਸਦੀ ਤੋਂ ਜੇ ਕੈਨੇਡਾ ਦੀ ਧਰਤੀ ‘ਕਾਮਾਗਾਟਾ ਮਾਰੂ’ ਨੂੰ ਭੁਲਾ ਨਹੀਂ ਸਕੀ, ਤਾਂ ਬ੍ਰਿਟਿਸ਼ ਕੋਲੰਬੀਆ ਦਾ ‘ਪਿੰਡ ਪਾਲੜੀ’ ਅੱਜ ਵੀ ਮਾਯੋ ਸਿੰਘ ਅਤੇ ਕਪੂਰ ਸਿੰਘ ਸਿੱਧੂ ਦੀਆਂ ਨਿਸ਼ਾਨੀਆਂ ਸਾਂਭੀ ਬੈਠਾ ਹੈ। ਬਰਨਬੀ ਦੇ ਬਾਰਨਟ ਮੈਰੀਨ ਪਾਰਕ ਦੀ ਹਿੱਕ ’ਤੇ ਸਿੱਧੂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਨਜ਼ਰ ਪੈਂਦਾ ਹੈ।

ਕਪੂਰ ਸਿੰਘ ਸਿੱਧੂ ਦਾ ਜਨਮ 1885 ਨੂੰ ਪੰਜਾਬ ਦੇ ਪਿੰਡ ਖਰੌਦੀ ਵਿੱਚ ਹੋਇਆ। ਕਪੂਰ ਸਿੰਘ ਅਤੇ ਮਾਯੋ ਸਿੰਘ ਨੇ ਤਕਰੀਬਨ ਇਕੱਠਿਆਂ ਹੀ 1906 ਵਿੱਚ ਉੱਤਰੀ ਅਮਰੀਕਾ ਦੀ ਧਰਤੀ ’ਤੇ ਪੈਰ ਪਾਏ। ਮਾਯੋ ਸਿੰਘ ਨੇ ਵੈਨਕੂਵਰ ਟਾਪੂ ਅਤੇ ਕਪੂਰ ਸਿੰਘ ਨੇ ਸਾਂ ਫਰਾਂਸਿਸਕੋ ਤੋਂ ਟੋਰਾਂਟੋ ਹੁੰਦੇ ਹੋਏ ਅੰਤ ਬ੍ਰਿਟਿਸ਼ ਕੋਲੰਬੀਆ ਆ ਡੇਰੇ ਲਾਏ। ਮਾਯੋ ਸਿੰਘ ਘੱਟ ਪੜਿ੍ਹਆ, ਪਰ ਦੂਰ ਦ੍ਰਿਸ਼ਟੀ ਵਾਲਾ ਸੂਝਵਾਨ ਕਾਰੋਬਾਰੀ ਸੀ, ਜਿਸ ਨੇ ਪਹਿਲਾਂ ਚਿੱਲੀਵਾਕ ਦੇ ਖੇਤਾਂ ਅਤੇ ਬਾਅਦ ਵਿੱਚ ਲੱਕੜੀ ਦੀਆਂ ਮਿੱਲਾਂ ਵਿੱਚ ਕੰਮ ਕੀਤਾ। ਇਸ ਦੇ ਉਲਟ ਕਪੂਰ ਸਿੰਘ ਸਿੱਧੂ ਚੰਗਾ ਪੜਿ੍ਹਆ ਲਿਖਿਆ ਅੰਗਰੇਜ਼ੀ ਦਾ ਬੁਲਾਰਾ, ਤਰਜਮਾਕਾਰ ਅਤੇ ਲੇਬਰ ਠੇਕੇਦਾਰ ਸੀ। ਦੋਹਾਂ ਦੇ ਮੇਲ ਨੇ ਲੱਕੜੀ ਦੇ ਕਾਰੋਬਾਰ ਵਿੱਚ ਪੰਜਾਬੀਆਂ ਦੀ ਤੂਤੀ ਬੋਲਣ ਲਾ ਦਿੱਤੀ। ਸਾਂਝੇ ਉੱਦਮ ਨਾਲ 1914 ਵਿੱਚ ਇੱਕ ਫੇਲ੍ਹ ਹੋ ਚੁੱਕੀ ਮਿੱਲ ਨੂੰ ਨਿਊ ਵੈਸਟਮਿੰਸਟਰ ਵਿੱਚ ਖਰੀਦ ਲਿਆ। ਫਿਰ ਚੱਲ ਸੋ ਚੱਲ। ਇੱਕ ਨਵੀਂ ਸਾਅ ਮਿੱਲ ਵੈਨਕੂਵਰ ਟਾਪੂ ’ਤੇ 1916 ਵਿੱਚ ਚਾਲੂ ਕਰ ਦਿੱਤੀ।

ਬਾਰਨਟ ਮੈਰੀਨ ਪਾਰਕ ਵਿੱਚ ਕਪੂਰ ਸਿੰਘ ਸਿੱਧੂ ਦੇ ਨਾਮ ਅਤੇ ਕਪੂਰ ਸਾਅ ਮਿੱਲਜ਼ ਦਾ ਸਾਈਨ ਬੋਰਡ

ਵੀਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਦੋਹਾਂ ਪੰਜਾਬੀਆਂ ਨੇ ਐਸੀਆਂ ਮੱਲਾਂ ਮਾਰੀਆਂ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਨਵਾਂ ਪੰਜਾਬੀ ਪਿੰਡ ਵਸਾ ਦਿੱਤਾ। ‘ਮਾਯੋ’ ਨਾਂ ਦਾ ਇਹ ਪਿੰਡ ਡੰਕਨ ਅਤੇ ਕੋਈਚਨ ਦੇ ਵਿਚਕਾਰ ਪੈਂਦਾ ਸੀ। ਇਸ ਨਾਂ ’ਤੇ ਕੁਝ ਉਲਝਣਾਂ ਪੈਣ ਪਿੱਛੋਂ ਇਸ ਦਾ ਨਵਾਂ ਨਾਂ ਮਾਯੋ ਸਿੰਘ ਦੇ ਆਪਣੇ ਪੰਜਾਬ ਵਿਚਲੇ ਪਿੰਡ ਦੇ ਨਾਂ ’ਤੇ ‘ਪਾਲੜੀ’ ਰੱਖ ਦਿੱਤਾ। ਪੇਂਡੂ ਸਿੱਖ ਅਤੇ ਦੱਖਣੀ ਏਸ਼ੀਆਈ ਦਿੱਖ ਵਾਲੇ ਇਸ ਨਗਰ ਵਿੱਚੋਂ ਪੂਰੀ ਪੰਜਾਬੀਅਤ ਝਲਕਦੀ ਸੀ। ਇਸ ਪਿੰਡ ਵਿੱਚ ਇੱਕ ਸਾਅ ਮਿੱਲ, ਕੰਪਨੀ ਸਟੋਰ, ਸਕੂਲ, ਡਾਕਖਾਨਾ ਅਤੇ ਪੂਜਾ ਸਥਾਨ ਬਣਾਏ ਗਏ। ਕਾਮਿਆਂ ਲਈ ਬਣਾਏ ਘਰਾਂ ਵਿੱਚ ਵੱਸਦੇ ਜਪਾਨੀ, ਚੀਨੀ, ਯੂਰਪੀ ਅਤੇ ਦੱਖਣ ਏਸ਼ੀਆਈ ਭਾਈਚਾਰੇ ਦੇ ਲੋਕ ਇੱਕ ਅਜਬ ਵਿਰਾਸਤ ਦੀ ਗਵਾਹੀ ਭਰਦੇ ਸਨ। ਪਹਿਲੇ ਵਿਸ਼ਵ ਯੁੱਧ ਦੇ ਖਾਤਮੇ ਤੱਕ ਦੋ ਹਜ਼ਾਰ ਤੋਂ ਵੀ ਘੱਟ ਭਾਰਤੀ ਜਿਹੜੇ ਬੀ.ਸੀ. ਦੀ ਕੁੱਲ ਵੱਸੋਂ ਦਾ ਅੱਧਾ ਫੀਸਦੀ ਹੀ ਸਨ-ਇਨ੍ਹਾਂ ਦੋਹਾਂ ਕਾਰੋਬਾਰੀਆਂ ਦੇ ਉੱਦਮ ਨਾਲ ਪਿੰਡ ਪਾਲੜੀ ਵਿੱਚ 1917 ਵਿੱਚ ਸੁਸ਼ੋਭਿਤ ਕੀਤੇ ਗੁਰਦੁਆਰੇ ਵਿੱਚ ਨਤਮਸਤਕ ਹੁੰਦੇ ਸਨ। ਅੱਜ ਵੀ ਸੂਬਾਈ ਕਾਨੂੰਨ ਮੁਤਾਬਕ ਪਾਲੜੀ ਨੂੰ ਹੈਰੀਟੇਜ ਕੰਜ਼ਰਵੇਸ਼ਨ ਐਕਟ ਦੀ ਧਾਰਾ 18 ਤਹਿਤ ਵਿਰਾਸਤੀ ਪਿੰਡ ਦਾ ਦਰਜਾ ਮਿਲਿਆ ਹੋਇਆ ਹੈ।

ਪਾਲੜੀ ਪਿੰਡ ਵਿੱਚ 1917 ਵਿੱਚ ਤਿਆਰ ਕੀਤਾ ਗਿਆ ਗੁਰਦੁਆਰਾ ਸਾਹਿਬ

ਆਪਣੇ ਸਿਰੜ ਦੀ ਬਦੌਲਤ ਕਪੂਰ ਸਿੰਘ ਸਿੱਧੂ ਦੀ ਕਿਸਮਤ ਦਾ ਸਿਤਾਰਾ ਐਸਾ ਚਮਕਿਆ ਕਿ 1938 ਵਿੱਚ ਉਸ ਨੇ ਬਰਨਬੀ ਵਿੱਚ ਬੰਦ ਪਈ ਬਾਰਨਟ ਲੁੰਬਰ ਮਿੱਲ ਨੂੰ ਖਰੀਦ ਕੇ ਉੱਥੇ ਕਪੂਰ ਸਾਅ ਮਿੱਲਜ਼ ਦਾ ਝੰਡਾ ਝੁਲਾ ਦਿੱਤਾ। ਇਹ ਮਿੱਲ ਵੱਖੋ ਵੱਖਰੀਆਂ ਨਸਲਾਂ ਦੇ ਸਨਅਤੀ ਕਾਮਿਆਂ, ਜਿਨ੍ਹਾਂ ਵਿੱਚ ਸਿੱਖ, ਏਸ਼ੀਅਨ ਤੇ ਯੂਰਪੀਅਨ ਸਨ, ਲਈ ਰੁਜ਼ਗਾਰ ਦਾ ਵੱਡਾ ਸਾਧਨ ਬਣ ਗਈ। ਆਪਣੇ ਭਰਾਵਾਂ ਤਾਰਾ ਸਿੰਘ ਸਿੱਧੂ ਅਤੇ ਕਸ਼ਮੀਰ ਸਿੱਧੂ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਇਹ ਮਿੱਲ ਪੰਜਾਬੀਆਂ ਦੇ ਕੈਨੇਡਾ ਵਿੱਚ ਵਸੇਬੇ ਲਈ ਇੱਕ ਚਾਨਣ ਦੀ ਲੀਕ ਸੀ। ਕਪੂਰ ਸਿੰਘ ਸਿੱਧੂ ਇੱਕ ਸਫਲ ਕਾਰੋਬਾਰੀ ਜਾਂ ਸਨਅਤਕਾਰ ਹੀ ਨਹੀਂ, ਸਗੋਂ ਇੱਕ ਧੜੱਲੇਦਾਰ ਵਕੀਲ ਵੀ ਸੀ। ਉਸ ਨੇ ‘ਆਪਣਿਆਂ’ ਲਈ ਰੁਜ਼ਗਾਰ ਦੇ ਦਰਵਾਜ਼ੇ ਹੀ ਨਹੀਂ ਖੋਲ੍ਹੇ, ਬਲਕਿ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਿਰਲੱਥ ਯੋਧੇ ਦਾ ਕਾਰਜ ਵੀ ਨਿਭਾਇਆ। ਇਹ ਉਹ ਦਿਨ ਸਨ ਜਦੋਂ ਪੰਜਾਬੀਆਂ ਤੇ ਹੋਰ ਬਾਹਰਲੇ ਮਜ਼ਦੂਰਾਂ ਲਈ ਨਸਲੀ ਵਿਤਕਰੇ ਦਾ ਜ਼ਹਿਰ ਭਰਿਆ ਹੋਇਆ ਸੀ। ਉਨ੍ਹਾਂ ਨੂੰ ਘੱਟ ਮਜ਼ਦੂਰੀ ਤੇ ਮਿਹਨਤ ਮੁਸ਼ੱਕਤ ਵਾਲੇ ਕੰਮਾਂ ਵਾਸਤੇ ਹੀ ਰੱਖਿਆ ਜਾਂਦਾ ਸੀ। ਸਖ਼ਤ ਕਾਨੂੰਨਾਂ ਕਰ ਕੇ ਕੈਨੇਡਾ ਵਿੱਚ ਦਾਖਲੇ ’ਤੇ ਪਾਬੰਦੀਆਂ ਸਨ। ਕਪੂਰ ਸਿੰਘ ਸਿੱਧੂ ਇਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਲਈ ਦਹਾਕਿਆਂ ਬੱਧੀ ਹਿੱਕ ਡਾਹ ਕੇ ਲੜਦਾ ਰਿਹਾ। ਉਸ ਨੇ ਦੂਸਰੀ ਵਿਸ਼ਵ ਜੰਗ ਮੌਕੇ ਹੋਰ ਸਿੱਖ ਕਾਰਕੁੰਨਾਂ ਨਾਲ ਮਿਲ ਕੇ ਅਜਿਹੀ ਲੋਕ ਰਾਇ ਬਣਾਈ ਕਿ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਪੂਰਨ ਨਾਗਰਿਕਤਾ ਅਤੇ ਵੋਟ ਦਾ ਹੱਕ ਮਿਲੇ। ਸਫਲਤਾ ਨੇ ਉਸ ਦੇ ਕਦਮ ਚੁੰਮੇ ਅਤੇ 1947 ਵਿੱਚ ਫੈਡਰਲ ਅਤੇ ਸੂਬਾਈ ਚੋਣਾਂ ਵਿੱਚ ਵੋਟ ਪਾਉਣ ਦੇ ਹੱਕ ਨੂੰ ਮਾਨਤਾ ਮਿਲ ਗਈ। ਮਨੁੱਖੀ ਹੱਕਾਂ ਦੇ ਇਸ ਰਹਿਬਰ ਨੂੰ ਲੋਕਾਈ ਅੱਜ ਵੀ ਨਮਨ ਕਰਦੀ ਹੈ।

ਕਪੂਰ ਸਿੰਘ ਸਿੱਧੂ ਚੰਗਾ ਪੜਿ੍ਹਆ ਲਿਖਿਆ ਅੰਗਰੇਜ਼ੀ ਦਾ ਬੁਲਾਰਾ, ਤਰਜਮਾਕਾਰ ਅਤੇ ਲੇਬਰ ਠੇਕੇਦਾਰ ਸੀ।

ਕਪੂਰ ਸਿੰਘ ਸਿੱਧੂ ਦੀ ਸ਼ਖ਼ਸੀਅਤ ਦਾ ਹੀ ਕ੍ਰਿਸ਼ਮਾ ਹੈ ਕਿ ਬਰਨਬੀ ਵਿਚਲਾ ਬਾਰਨਟ ਮੈਰੀਨ ਪਾਰਕ ਅੱਜ ਉਸ ਦੀ ਯਾਦ ਨੂੰ ਸਮਰਪਿਤ ਹੈ ਅਤੇ ਉਸ ਦੇ ਨਾਂ ਦਾ ਇਤਿਹਾਸ ਸੰਭਾਲੀ ਬੈਠਾ ਹੈ। ਕਪੂਰ ਸਾਅ ਮਿੱਲਜ਼ ਦੀ ਸ਼ੁਰੂਆਤ ਤੋਂ ਲੈ ਕੇ ਇਸ ਦਾ ਜ਼ੱਰਾ ਜ਼ੱਰਾ ਉਸ ਦੇ ਵਿਅਕਤੀਤਵ ਨੂੰ ਸਲਾਮ ਕਰਦਾ ਹੈ। 1959 ਤੱਕ ਇਸ ਜਗ੍ਹਾ ਨੇ ਹਜ਼ਾਰਾਂ ਸਿੱਖ, ਏਸ਼ੀਆਈ ਅਤੇ ਯੂਰਪੀ ਕਾਮਿਆਂ ਦੇ ਚੁੱਲ੍ਹਿਆਂ ਦੀ ਅੱਗ ਨੂੰ ਮੱਘਦਾ ਰੱਖਿਆ ਹੈ। ਮਿੱਲ ਬੰਦ ਹੋਣ ਬਾਅਦ ਇਹ ਸਥਾਨ ਸੁੰਨਸਾਨ ਰਿਹਾ ਅਤੇ 1972 ਵਿੱਚ ਇਹ ਸੰਪਤੀ ਬਰਨਬੀ ਦੀ ਮਿਊਂਸਿਪੈਲਿਟੀ ਨੂੰ ਦਿੱਤੀ ਗਈ, ਜਿਸ ਨੇ ਇਸ ਪਾਰਕ ਨੂੰ ਪ੍ਰਫੁੱਲਿਤ ਕਰ ਕੇ ਕਪੂਰ ਸਿੰਘ ਦੀ ਯਾਦ ਨੂੰ ਅਮਰ ਕਰ ਦਿੱਤਾ। ਸੂਕ ਨਦੀ ਦੇ ਕੰਢੇ ਬਣਿਆ ਕਪੂਰ ਰਿਜਨਲ ਪਾਰਕ ਵੀ ਸਿੱਧੂ ਦੀ ਵਿਲੱਖਣਤਾ ਦਾ ਚਸ਼ਮਦੀਦ ਗਵਾਹ ਹੈ। ਲੀਚਟਾਊਨ ਸ਼ਹਿਰ ਵਿੱਚ ਤੇਰਾਂ ਹੈਕਟੇਅਰ ਵਿੱਚ ਫੈਲਿਆ ਇਹ ਪਾਰਕ, ਗੈਲਪਿੰਗ ਗੂਜ਼ ਟਰੇਲ ਏਰੀਏ ਦਾ ਹੀ ਗੁਆਂਢੀ ਪੜਾਅ ਹੈ। 1999 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੈਪੀਟਲ ਰਿਜਨਲ ਡਿਸਟ੍ਰਿਕਟ ਵਿੱਚ ਸਥਾਪਿਤ ਇਹ ਪਾਰਕ ਕਪੂਰ ਖਾਨਦਾਨ ਦੁਆਰਾ ਦਾਨ ਕੀਤੀ ਜ਼ਮੀਨ ’ਤੇ ਹੀ ਬਣਾਇਆ ਗਿਆ ਹੈ। ਮਾਈਨਿੰਗ ਦੇ ਖੰਡਰਾਤ ਨੂੰ ਵਰਤੋਂ ਵਿੱਚ ਲਿਆ ਕੇ ਹੀ ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਵਿੱਚ ਕਪੂਰ ਸਿੰਘ ਸਿੱਧੂ ਨੇ ਹੀ ਇਹ ਜਗ੍ਹਾ ਵਿਕਸਤ ਕੀਤੀ ਸੀ। ਅੱਜ ਵੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦਾ ਫਾਰੈਸਟਰੀ ਡਿਪਾਰਟਮੈਂਟ, 1967 ਵਿੱਚ ਸਥਾਪਿਤ ਕਪੂਰ ਸਿੰਘ ਸਿੱਧੂ ਫਾਊਂਡੇਸ਼ਨ ਵੱਲੋਂ ਆਪਣੇ ਸਿਖਿਆਰਥੀਆਂ ਨੂੰ ਵਜ਼ੀਫ਼ੇ ਦਿੰਦਾ ਹੈ।

ਮਾਯੋ ਸਿੰਘ ਘੱਟ ਪੜਿ੍ਹਆ, ਪਰ ਦੂਰ ਦ੍ਰਿਸ਼ਟੀ ਵਾਲਾ ਸੂਝਵਾਨ ਕਾਰੋਬਾਰੀ ਸੀ, ਜਿਸ ਨੇ ਪਹਿਲਾਂ ਚਿੱਲੀਵਾਕ ਦੇ ਖੇਤਾਂ ਅਤੇ ਬਾਅਦ ਵਿੱਚ ਲੱਕੜੀ ਦੀਆਂ ਮਿੱਲਾਂ ਵਿੱਚ ਕੰਮ ਕੀਤਾ।

ਪੰਜਾਬ ਦੇ ਇਸ ਮਹਾਨ ਸਪੂਤ ਦੀ ਮੌਤ 1964 ਵਿੱਚ ਹੋਈ, ਪਰ ਕਪੂਰ ਸਿੰਘ ਸਿੱਧੂ ਦੀ ਵਿਰਾਸਤ ਅਜੇ ਵੀ ਦਾਨਵੀਰਤਾ ਦੀ ਉੱਘੀ ਮਿਸਾਲ ਹੈ। ਆਪਣੀ ਮੌਤ ਤੋਂ ਪਹਿਲਾਂ ਕਪੂਰ ਸਿੰਘ ਤੇ ਉਸ ਦੀ ਪਤਨੀ ਬਸੰਤ ਕੌਰ ਨੇ ਪਿੰਡ ਔੜ (ਪੰਜਾਬ) ਵਿੱਚ ਕਪੂਰ ਸਿੰਘ ਕੈਨੇਡੀਅਨ ਚੈਰੀਟੇਬਲ ਹਸਪਤਾਲ ਦੀ ਸਥਾਪਨਾ ਕੀਤੀ ਅਤੇ ਇਸ ਸਿਹਤ ਸੰਸਥਾ ਦੀ ਜ਼ਿੰਮੇਵਾਰੀ ਉਨ੍ਹਾਂ ਦੀਆਂ ਪੁੱਤਰੀਆਂ ਸੁਰਜੀਤ ਕੌਰ ਅਤੇ ਜਗਦੀਸ਼ ਕੌਰ ਨੇ ਸੰਭਾਲੀ। ਕਪੂਰ ਸਿੰਘ ਸਿੱਧੂ ਦਾ ਇਹ ਫਾਊਂਡੇਸ਼ਨ ਭਾਰਤ ਵਿੱਚ ਹੀ ਨਹੀਂ, ਸਗੋਂ ਕੈਨੇਡਾ ਵਿੱਚ ਵੀ ਸਿੱਖਿਆ ਅਤੇ ਸਿਹਤ ਨਾਲ ਜੁੜੇ ਕਾਰਜਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।

ਸਲਾਮ ਕਰਨਾ ਬਣਦਾ ਹੈ, ਇਸ ਪੰਜਾਬੀ ਸਪੂਤ ਨੂੰ, ਜਿਸ ਨੇ ਆਪ ਝੱਖੜ ਝਾਗ ਕੇ ਸੈਂਕੜੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਰੋਸ਼ਨੀ ਕੀਤੀ। ਕਪੂਰ ਸਿੰਘ ਸਿੱਧੂ ਅੱਜ ਵੀ ਪੰਜਾਬੀਆਂ ਦਾ ਧਰੂ ਤਾਰਾ ਅਤੇ ਰੁਜ਼ਗਾਰ ਦਾ ਬਾਦਸ਼ਾਹ ਕਹਾਉਂਦਾ ਹੈ।

ਸੰਪਰਕ: +13068071099



News Source link
#ਬਰਟਸ਼ #ਕਲਬਆ #ਦ #ਪਜਬ #ਪਡ #ਪਲੜ

- Advertisement -

More articles

- Advertisement -

Latest article