32.2 C
Patiāla
Sunday, May 19, 2024

ਸੇਵਾ ਦਾ ਮੁੱਲ

Must read


ਹਰਜੀਤ ਸਿੰਘ

‘‘ਤੁਸੀਂ ਕਦੋਂ ਆ ਰਹੇ ਹੋ, ਭਾ’ਜੀ ?’’ ਭਾਰਤ ਵਿੱਚ ਰਹਿ ਰਹੇ ਵੱਡੇ ਭਰਾ ਨੇ ਅਮਰੀਕਾ ਵਿੱਚ ਰਹਿ ਰਹੇ ਛੋਟੇ ਭਰਾ ਨੂੰ ਪੁੱਛਿਆ। ਭਾਵੇਂ ਉਹ ਵੱਡਾ ਸੀ, ਪਰ ਛੋਟੇ ਭਰਾ ਨੂੰ ਭਾ’ਜੀ ਕਹਿੰਦਾ ਸੀ ਕਿਉਂਕਿ ਉੁਸ ਕੌਲ ਦੌਲਤ ਬਹੁਤ ਸੀ।

‘‘ਕਿਉਂ ਕੀ ਹੋਇਆ?’’ ਛੋਟੇ ਨੇ ਪੁੱਛਿਆ।

‘‘ਮਾਤਾ ਨੇ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ। ਬਸ ਪਾਣੀ ਹੀ ਪੀਂਦੀ ਹੈ, ਬਿਨਾਂ ਖਾਧਿਆਂ ਕਿੰਨੇ ਕੁ ਦਿਨ ਕੱਢੇਗੀ। ਇਸ ਲਈ ਪੁੱਛਿਆ।’’

‘‘ਇਹ ਅਮਰੀਕਾ ਹੈ, ਇੰਡੀਆ ਨਹੀਂ। ਮੈਨੂੰ ਬਹੁਤ ਕੰਮ ਹਨ, ਮੈਂ ਨਹੀਂ ਆ ਸਕਦਾ।’’ ਇਹ ਆਖ ਕੇ ਉਸ ਨੇ ਫੋਨ ਬੰਦ ਕਰ ਦਿੱਤਾ।

‘‘ਤੁਸੀਂ ਫੋਨ ਕਿਉਂ ਕੀਤਾ, ਜਦੋਂ ਪਤਾ ਹੈ ਕਿ ਉਸ ਨੇ ਨਹੀਂ ਆਉਣਾ ਅਤੇ ਨਾ ਹੀ ਸਾਡੀ ਕੋਈ ਮਦਦ ਕਰਨੀ ਹੈ। ਫਿਰ ਕਿਉਂ ਜ਼ਲੀਲ ਹੁੰਦੇ ਹੋ?’’ ਪਤਨੀ ਨੇ ਪਤੀ ਨੂੰ ਆਖਿਆ।

ਮਾਂ ਛੇ ਸਾਲ ਤੋਂ ਬਿਮਾਰ ਸੀ। ਸੱਜਾ ਪਾਸਾ ਬਿਲਕੁਲ ਸੁੰਨ ਸੀ। ਮੂੰਹ ਵਿੱਚ ਜ਼ੁਬਾਨ ਹੁੰਦਿਆਂ ਵੀ ਬੋਲ ਮੁੱਕ ਗਏ ਸਨ। ਸਾਰੀ ਦਿਹਾੜੀ ਅੱਥਰੂਆਂ ਨਾਲ ਭਰੀਆਂ ਅੱਖਾਂ, ਛੱਤ ਵੱਲ ਵੇਖਦੀਆਂ ਰਹਿੰਦੀਆਂ। ਟੱਟੀ-ਪਿਸ਼ਾਬ ਵੀ ਉੱਪਰ ਕਰ ਦਿੰਦੀ। ਉਸ ਨੂੰ ਪਤਾ ਹੀ ਨਾ ਲੱਗਦਾ। ਉਹ ਬੇਚਾਨ ਹੋ ਜਾਂਦੀ। ਗੰਦਗੀ ਨਾਲ ਹੱਥ ਲਿਬੇੜ ਲੈਂਦੀ ਅਤੇ ਲਿਬੜੇ ਹੱਥ ਆਪਣੇ ਕੱਪੜਿਆਂ ਅਤੇ ਮੰਜੇ ਦੀ ਚਾਦਰ ਨਾਲ ਸਾਫ਼ ਕਰ ਲੈਂਦੀ। ਧੰਨ ਸੀ ਉਸ ਦੀ ਵੱਡੀ ਨੂੰਹ। ਉਸ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਉਹ ਤੁਰੰਤ ਉਸ ਦੇ ਕੱਪੜੇ ਬਦਲਦੀ। ਚਾਦਰ ਬਦਲਦੀ। ਉਸ ਦੇ ਸਰੀਰ ’ਤੇ ਪਾਊਡਰ ਪਾਉਂਦੀ। ਉਸ ਦੀ ਮਿਹਨਤ ਕਾਰਨ ਹੀ ਲੰਬੇ ਸਮੇਂ ਮੰਜੇ ’ਤੇ ਪਏ ਰਹਿਣ ਦੇ ਬਾਵਜੂਦ ਉਸ ਦੇ ਬੈਡ ਸੋਰ ਨਹੀਂ ਬਣੇ ਸਨ ਤੇ ਨਾ ਹੀ ਕਦੀ ਉਸ ਦੇ ਕੱਪੜਿਆਂ ਜਾਂ ਬਿਸਤਰੇ ਵਿੱਚੋਂ ਬੋ ਆਈ ਸੀ।

ਜੇਕਰ ਕੋਈ ਪੁੱਛਦਾ ਕਿ ਤੈਨੂੰ ਆਪਣੀ ਸੱਸ ਦੀ ਗੰਦਗੀ ਆਪਣੇ ਹੱਥਾਂ ਨਾਲ ਸਾਫ਼ ਕਰਦੀ ਨੂੰ ਕਚਿਆੜ ਨਹੀਂ ਆਉਂਦੀ। ਦਸਤਾਨੇ ਹੀ ਪਾ ਲਿਆ ਕਰ ਤਾਂ ਉਹ ਅੱਗੋਂ ਕਹਿੰਦੀ, ‘‘ਕੀ, ਇੱਕ ਮਾਂ ਨੂੰ ਆਪਣੇ ਬੱਚਿਆਂ ਦੀ ਟੱਟੀ ਹੱਥ ਨਾਲ ਸਾਫ਼ ਕਰਦਿਆਂ, ਕਚਿਆਣ ਆਉਂਦੀ ਹੈ? ਕੀ ਉਹ ਦਸਤਾਨੇ ਪਾਉਂਦੀ ਹੈ? ਮੇਰੀ ਸੱਸ ਹੁਣ ਮੇਰੀ ਬੱਚੀ ਹੈ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਵੈਸੇ ਸਾਡੇ ਕੋਲ ਦਸਤਾਨੇ ਲਿਆਉਣ ਵਾਸਤੇ ਪੈਸੇ ਹੀ ਨਹੀਂ ਹੁੰਦੇ।’’ ਸਵਾਲ ਕਰਨ ਵਾਲਾ ਸ਼ਰਮਿੰਦਾ ਜਿਹਾ ਹੋ ਕੇ ਤੁਰ ਗਿਆ।

ਉਸ ਦਾ ਵੱਡਾ ਪੁੱਤਰ ਇੱਕ ਪ੍ਰਾਈਵੇਟ ਸਕੂਲ ਵਿੱਚ ਕੰਮ ਕਰਦਾ ਸੀ। ਕਰੋਨਾ ਦੀ ਦਹਿਸ਼ਤ ਕਾਰਨ ਜਦੋਂ ਲੌਕਡਾਊਨ ਲੱਗ ਗਿਆ ਤਾਂ ਸਕੂਲ ਮੈਨੇਜਮੈਂਟ ਨੇ ਉਸ ਦੀ ਛੁੱਟੀ ਕਰ ਦਿੱਤੀ। ਮਾਂ ਵਾਸਤੇ ਦਵਾਈਆਂ ਤਾਂ ਦੂਰ ਦੀ ਗੱਲ ਉਸ ਲਈ ਰੋਟੀ ਦਾ ਜੁਗਾੜ ਵੀ ਔਖਾ ਹੋ ਗਿਆ। ਉਸ ਦੀ ਘਰ ਵਾਲੀ ਜੋ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ, ਦਾ ਕੰਮ ਵੀ ਲੌਕਡਾਊਨ ਕਾਰਨ ਬੰਦ ਹੋ ਗਿਆ। ਉਸ ਦੇ ਦੋਵਾਂ ਬੇਟਿਆਂ ਦੀ ਪੜ੍ਹਾਈ ਖਤਰੇ ਵਿੱਚ ਸੀ।

ਪਹਿਲਾਂ ਪਹਿਲ ਤਾਂ ਅਮਰੀਕਾ ਵਿੱਚ ਰਹਿਣ ਵਾਲੇ ਪੁੱਤਰ ਨੇ ਇੱਕ ਦਵਾਈਆਂ ਦੀ ਦੁਕਾਨ ’ਤੇ ਮਾਂ ਲਈ ਦਵਾਈਆਂ ਆਦਿ ਦਾ ਪ੍ਰਬੰਧ ਕਰ ਦਿੱਤਾ, ਪਰ ਦੋ ਤਿੰਨ ਮਹੀਨਿਆਂ ਬਾਅਦ ਉਸ ਨੇ ਦਵਾਈਆਂ ਆਦਿ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

‘‘ਦਵਾਈਆਂ ਲੈ ਕੇ ਨਹੀਂ ਆਏ?’’ ਪਤਨੀ ਨੇ ਖਾਲੀ ਹੱਥ ਆਉਂਦੇ ਪਤੀ ਨੂੰ ਵੇਖ ਕੇ ਆਖਿਆ।

‘‘ਛੋਟੇ ਵੀਰ ਨੇ ਮਾਂ ਲਈ ਦਵਾਈਆਂ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।’’

ਮਾਂ ਭਾਵੇ ਬੋਲ ਨਹੀਂ ਸੀ ਸਕਦੀ, ਹਿਲ ਜੁਲ ਨਹੀਂ ਸੀ ਸਕਦੀ, ਪਰ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਕੁਝ ਸਮਝਦੀ ਸੀ। ਪੁੱਤਰ ਦੀ ਇਹ ਗੱਲ ਸੁਣ ਕੇ ਉਹ ਰੋ ਰੋ ਕੇ ਬੇਹਾਲ ਹੋ ਗਈ। ਉਸ ਦਿਨ ਤੋਂ ਬਾਅਦ ਜਦੋਂ ਵੀ ਕੋਈ ਉਸ ਦੀ ਖ਼ਬਰ ਲੈਣ ਆਉਂਦਾ, ਉਹ ਬੇਚੈਨ ਹੋ ਜਾਂਦੀ, ਉੱਚੀ ਉੱਚੀ ਰੋਂਦੀ ਅਤੇ ਓਨਾ ਚਿਰ ਚੁੱਪ ਨਾ ਕਰਦੀ ਜਦੋਂ ਤੱਕ ਉਹ ਉਸ ਦੇ ਕਮਰੇ ਤੋਂ ਬਾਹਰ ਨਾ ਚਲਾ ਜਾਂਦਾ।

‘‘ਮਾਂ ਰਾਤ ਦੋ ਕੁ ਵਜੇ ਪੂਰੀ ਹੋ ਗਈ ਸੀ, ਭਾ’ਜੀ, ਤੁਹਾਨੂੰ ਉਡੀਕੀਏ, ਕਿ ਸਸਕਾਰ ਕਰ ਦਈਏ? ਮੇਰੇ ਕੋਲ ਕੋਈ ਪੈਸਾ ਨਹੀਂ ਹੈ, ਸਸਕਾਰ ਦਾ ਖਰਚਾ, ਪਾਠ ਦਾ ਖਰਚਾ, ਭੋਗ ’ਤੇ ਆਏ ਗਏ ਰਿਸ਼ਤੇਦਾਰਾਂ ਲਈ ਰੋਟੀ ਦਾ ਖਰਚਾ, ਲਗਭਗ 50000 ਰੁਪਏ ਆਵੇਗਾ। ਤੁਸੀਂ ਛੇਤੀ ਆ ਜਾਓ।’’ ਵੱਡੇ ਭਰਾ ਨੇ ਛੋਟੇ ਨੂੰ ਆਖਿਆ।

‘‘ਵੇਖ ਮੈਂ ਇੰਡੀਆ ਨਹੀਂ ਆਉਣਾ, ਜੋ ਕੁਝ ਕਰਨਾ ਹੈ, ਤੂੰ ਹੀ ਕਰਨਾ ਹੈ। ਬਾਕੀ ਤੂੰ ਪੈਸਿਆਂ ਦੀ ਗੱਲ ਕੀਤੀ ਹੈ। ਪੈਸਿਆਂ ਦਾ ਫ਼ਿਕਰ ਨਾ ਕਰ। 50000 ਰੁਪਏ ਛੱਡ ਤੈਨੂੰ ਲੱਖ ਰੁਪਿਆ ਭੇਜ ਦਿੰਦਾ ਹਾਂ। ਭੋਗ ਦੀ ਰੋਟੀ ਵਿਆਹ ਵਰਗੀ ਕਰਨੀ ਹੈ। ਲੋਕਾਂ ਨੂੰ ਪਤਾ ਲੱਗੇ ਕਿ ਮੈਂ ਅਮਰੀਕਾ ਰਹਿੰਦਾ ਹਾਂ। ਪਰ ਮੇਰੀ ਇੱਕ ਸ਼ਰਤ ਹੈ।’’

‘‘ਮੈਨੂੰ ਤੁਹਾਡੀ ਹਰ ਸ਼ਰਤ ਮਨਜ਼ੂਰ ਹੈ, ਬਸ ਪੈਸੇ ਭੇਜ ਦਿਉ।’’

‘‘ਕਾਹਲਾ ਨਾ ਪੈ। ਸ਼ਰਤ ਤਾਂ ਸੁਣ। ਮੈਂ ਤੇਰੀ ਛੇ ਸਾਲ ਦੀ ਸੇਵਾ ਖਰੀਦਣੀ ਹੈ। ਭੋਗ ਦੇ ਕਾਰਡ ’ਤੇ ਤੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨਾਂ ਨਹੀਂ ਹੋਵੇਗਾ, ਬਲਕਿ, ਮੇਰਾ ਅਤੇ ਮੇਰੇ ਪੁੱਤਰ ਦਾ ਹੋਵੇਗਾ। ਅਰਦਾਸ ਵਿੱਚ ਵੀ ਬਾਬਾ ਮੇਰਾ ਹੀ ਨਾਂ ਲਵੇਗਾ। ਸੋਚ ਸਮਝ ਲੈ, ਫਿਰ ਫੋਨ ਕਰ ਲਈਂ।’’ ਇਹ ਕਹਿੰਦਿਆਂ ਫੋਨ ਬੰਦ ਹੋ ਗਿਆ।

‘‘ਭਾ’ਜੀ ਕਹਿੰਦੇ ਹਨ, ਚਿੰਤਾ ਨਾ ਕਰ, 50000 ਤਾਂ ਕੀ, ਲੱਖ ਰੁਪਏ ਭੇਜ ਦਿੰਦਾ ਹਾਂ।’’ ਪਤੀ ਨੇ ਪਤਨੀ ਨੂੰ ਆਖਿਆ।

‘‘ਇਹ ਤਾਂ ਚਮਤਕਾਰ ਹੋ ਗਿਆ, ਸਾਡੀ ਚਿੰਤਾ ਮੁੱਕ ਗਈ, ਆਖਰ ਮਾਂ, ਮਾਂ ਹੀ ਹੁੰਦੀ ਹੈ, ਸਾਡੇ ਕੋਲ ਤਾਂ ਸਸਕਾਰ ਜੋਗੇ ਪੈਸੇ ਵੀ ਨਹੀਂ ਸੀਗੇ।’’

‘‘ਪਰ ਉਸ ਦੀ ਇੱਕ ਸ਼ਰਤ ਹੈ।’’

ਸ਼ਰਤ ਸੁਣਦਿਆਂ ਹੀ ਪਤਨੀ ਸੁੰਨ ਹੋ ਗਈ। ਪਤਨੀ ਦੀ ਚੁੱਪ ਨੂੰ ਸਹਿਮਤੀ ਸਮਝਦਿਆਂ, ਵੱਡੇ ਭਰਾ ਨੇ ਛੋਟੇ ਭਰਾ ਨੂੰ ਫੋਨ ਕੀਤਾ।

‘‘ਭਾ’ ਜੀ ਮੈਨੂੰ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਹਨ। ਬਸ! ਪੈਸੇ ਭੇਜ ਦਿਓ।’’

‘‘ਠੀਕ ਹੈ, ਪੈਸਿਆਂ ਦੀ ਚਿੰਤਾ ਨਾ ਕਰ, ਮੈਂ ਭਾਵੇਂ ਅਮਰੀਕਾ ਵਿੱਚ ਬੈਠਾ ਹਾਂ, ਪਰ ਤੈਨੂੰ ਸਵੇਰੇ ਅੱਠ ਵਜੇ ਤੱਕ ਪੈਸੇ ਪਹੁੰਚ ਜਾਣਗੇ, ਪਰ ਸ਼ਰਤ ਯਾਦ ਰੱਖੀਂ।’’

ਸਵੇਰੇ 8 ਵਜੇ ਇੱਕ ਵਿਅਕਤੀ ਆਇਆ ਤੇ ਬੋਲਿਆ, ‘‘ਇਹ ਇੱਕ ਲੱਖ ਰੁਪਏ, ਸਰਦਾਰ ਫਲਾਣਾ ਸਿੰਘ ਨੇ ਅਮਰੀਕਾ ਤੋਂ ਭੇਜੇ ਹਨ, ਨਾਲੇ ਇਹ ਵੀ ਆਖਿਆ ਸੀ ਕਿ ਸ਼ਰਤਾਂ ਨਾ ਭੁੱਲਿਓ।’’ ਬਾਹਰੋਂ ਆਏ ਵਿਅਕਤੀ ਨੇ ਆਖਿਆ।

ਪੈਸੇ ਫੜਦਿਆਂ ਹੀ, ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਉਸ ਨੂੰ ਲੱਗਿਆ ਜਿਵੇਂ ਉਸ ਦੀ ਮਾਂ ਦੀ ਮੌਤ ਰਾਤ ਨੂੰ ਨਹੀਂ, ਬਲਕਿ ਹੁਣੇ ਹੀ ਹੋਈ ਹੈ।
ਸੰਪਰਕ: 92177-01415



News Source link
#ਸਵ #ਦ #ਮਲ

- Advertisement -

More articles

- Advertisement -

Latest article