30.2 C
Patiāla
Wednesday, May 15, 2024

ਜਿਊਣ ਰੁੱਖਾਂ ਦੀਆਂ ਛਾਵਾਂ

Must read


ਲਖਵਿੰਦਰ ਸਿੰਘ ਰਈਆ

ਧਰਤੀ ਦੀ ਗੋਦ ਨੂੰ ਹਰੀ-ਭਰੀ, ਸੁਹਜਮਈ ਅਤੇ ਜੀਵਨ ਚੱਕਰ ਨੂੰ ਚੱਲਦਾ ਰੱਖਣ ਲਈ ਕੁਦਰਤ ਨੇ ਕਈ ਪ੍ਰਕਾਰ ਦੀ ਬਨਸਪਤੀ ਤੇ ਅਨੇਕਾਂ ਕਿਸਮਾਂ ਦੇ ਰੁੱਖਾਂ ਦੇ ਰੂਪ ਵਿੱਚ ਵਿਸ਼ੇਸ਼ ਤੋਹਫ਼ਾ ਦਿੱਤਾ ਹੈ। ਜਿੱਥੇ ਇਹ ਤੋਹਫ਼ਾ ਮੁੱਢ ਕਦੀਮ ਤੋਂ ਹੀ ਮਨੁੱਖ ਸਮੇਤ ਬਹੁਤ ਸਾਰੇ ਜਾਨਵਰਾਂ ਤੇ ਪੰਛੀਆਂ ਦਾ ਓਟ ਆਸਰਾ ਬਣਦਾ ਆ ਰਿਹਾ ਹੈ, ਉੱਥੇ ਕੁਦਰਤ ਦੇ ਕਾਰਖਾਨੇ ਵਜੋਂ ਵਿਚਰ ਕੇ ਕਾਰਬਨ ਡਾਇਆਕਸਾਈਡ ਨੂੰ ਆਪਣੇ ਵਿੱਚ ਜਜ਼ਬ ਕਰਦਿਆਂ ਸਾਥੋਂ ਬਗੈਰ ਕੁਝ ਮੰਗਿਆਂ ਆਕਸੀਜਨ ਵਿੱਚ ਬਦਲ ਕੇ ਸਾਨੂੰ ਮੁਫ਼ਤ ਵਿੱਚ ਹੀ ਸਵੱਸਥ ਤੇ ਸਾਫ਼ ਸੁਥਰੇ ਸਵਾਸ ਵੀ ਬਖ਼ਸ਼ ਰਿਹਾ ਹੈ। ਆਕਸੀਜਨ ਤੋਂ ਬਿਨਾਂ ਸਾਡਾ ਜੀਵਨ ਅਸੰਭਵ ਹੈ। ਰੁੱਖ ਹੀ ਨੇ ਜੋ ਵਾਤਾਵਰਨ ਵਿੱਚ ਸੰਤੁਲਨ ਕਾਇਮ ਰੱਖ ਕੇ ਮੀਂਹ ਵਰਸਾਉਣ ਵਿੱਚ ਸਹਾਇਕ ਹੁੰਦੇ ਹਨ ਤੇ ਹੜ੍ਹਾਂ ਵਿੱਚ ਇੱਕ ਵੱਡੀ ਰੁਕਾਵਟ ਬਣਦਿਆਂ ਧਰਤੀ ਮਾਂ ਦੀ ਰੱਖਿਆ ਵੀ ਕਰਦੇ ਹਨ। ਧਰਤੀ ’ਤੇ ਵਾਤਾਵਰਨ ਦਾ ਸਾਰਾ ਚੱਕਰ (ਗਰਮੀ-ਸਰਦੀ, ਬਸੰਤ, ਸ਼ੁੱਧ ਪਾਣੀ-ਹਵਾ ਆਦਿ) ਰੁੱਖਾਂ ਤੇ ਇਨ੍ਹਾਂ ਦੀ ਹਰਿਆਵਲ ਦੇ ਦੁਆਲੇ ਹੀ ਘੁੰਮਦਾ ਹੈ।

ਅੱਜ ਸੁੱਖ-ਸਹੂਲਤਾਂ ਦੇ ਲੱਖਾਂ ਹੀ ਸਾਧਨ ਹੋਣ ਦੇ ਬਾਵਜੂਦ ਰੁੱਖਾਂ ਦੀ ਹਰੀ-ਭਰੀ ਠੰਢੀ ਛਾਂ ਦੀ ਅਜੇ ਵੀ ਪੂਰੀ ਮਹੱਤਤਾ ਹੈ ਤੇ ਏ.ਸੀ. ਦੀ ਬਣਾਉਟੀ ਠੰਢ ਨਾਲੋਂ ਇਹ ਛਾਂ ਸਿਹਤ ਲਈ ਕਈ ਗੁਣਾਂ ਚੰਗੀ ਹੁੰਦੀ ਹੈ। ਨਿੰਮ ਦੀ ਛਾਂ ਬਾਰੇ ਜਗਤ ਪ੍ਰਸਿੱਧ ਗੱਲ ਹੈ ਕਿ ਇਸ ਦੀ ਛਾਂ ਮਾਣਨ ਨਾਲ ਸਰੀਰ ਫੋੜੇ-ਫਿੰਨਸੀ ਤੇ ਚਮੜੀ ਦੇ ਕਈ ਰੋਗਾਂ ਤੋਂ ਬਚਿਆ ਰਹਿੰਦਾ ਹੈ। ਇਸ ਦੀ ਦਾਤਣ ਵੀ ਦੰਦਾਂ ਲਈ ਵਰਦਾਨ ਹੁੰਦੀ ਹੈ। ਪਿਪਲਾਂ-ਬੋਹੜਾਂ ਵਰਗੇ ਅਤੇ ਹੋਰ ਅਨੇਕਾਂ ਰੁੱਖਾਂ ਦੀਆਂ ਜੜ੍ਹਾਂ, ਦਾੜ੍ਹੀ, ਪੱਤਿਆਂ ਤੇ ਦੁੱਧ ਆਦਿ ਤੋਂ ਬਣਦੀਆਂ ਅਸ਼ੁੱਧੀਆਂ ਦੀ ਦਵਾਈ ਦੇ ਤੌਰ ’ਤੇ ਆਪਣੀ ਖਾਸ ਮਹਾਨਤਾ ਹੈ, ਪਰ ਇਨ੍ਹਾਂ ਪ੍ਰਤੀ ਸਾਡੀ ਬੇਰੁਖੀ ਸਿਖਰ ’ਤੇ ਹੈ। ਸਾਡੇ ਕਹਿਰ ਰੂਪੀ ਕੁਹਾੜੇ ਸਦਕਾ ਰੁੱਖਾਂ ਦੀ ਭਾਰੀ ਕਮੀ ਹੋ ਰਹੀ ਹੈ ਤੇ ਰੁੱਖਾਂ ਦੀਆਂ ਕਈ ਨਸਲਾਂ ਜਿਵੇਂ ਪਿੱਪਲ, ਬੋਹੜ, ਟਾਹਲੀ, ਕਿੱਕਰ, ਫਲਾਹ, ਪੀਲੂ, ਗੋਰਖ, ਇਮਲੀ ਤੇ ਜੰਡ-ਕਰੀਰ ਆਦਿ ਤਾਂ ਲਗਭਗ ਲੁਪਤ ਹੋਣ ਦੇ ਕਿਨਾਰੇ ਪਹੁੰਚ ਚੁੱਕੇ ਹਨ। ਅਖੌਤੀ ਵਿਕਾਸ ਦੇ ਨਾਂ ’ਤੇ ਇਨ੍ਹਾਂ ਦਾ ਵੱਡੀ ਪੱਧਰ ’ਤੇ ਵਿਨਾਸ਼/ਘਾਣ ਹੋ ਰਿਹਾ ਹੈ। ਕੰਕਰੀਟ ਤੇ ਪੱਥਰਾਂ ਦੇ ਜੰਗਲ ਉਸਰ ਰਹੇ ਹਨ।

ਸਾਡੀ ਇਸ ਬਿਰਤੀ ਨਾਲ ਜਲਵਾਯੂ ਤੇ ਵਾਤਾਵਰਨ ਇੱਕ ਵਿਰਾਟ ਰੂਪ ਧਾਰਨ ਕਰਦੇ ਜਾ ਰਹੇ ਹਨ। ਕਿਤੇ ਡੋਬਾ ਕਿਤੇ ਸੋਕਾ। ਜੋ ਸਭ ਤਰ੍ਹਾਂ ਦੇ ਜੀਵਨ ਲਈ ਭਾਰੀ ਖ਼ਤਰੇ ਦੇ ਸੂਚਕ ਹਨ। ਅਸੀਂ ਹਥੇਲੀ ’ਤੇ ਉੱਕਰੇ ਜਾ ਰਹੇ ਇਸ ਸੱਚ ਤੋਂ ਬੇਮੁੱਖ ਤੇ ਅਵੇਸਲੇ ਹੋ ਕੇ ਬੇਵਫਾਈ ਦੇ ਪਾਤਰ ਬਣ ਕੇ ਧਰਤੀ ਮਾਂ ਦੇ ਕਪੁੱਤ ਬਣੇ ਹੋਏ ਹਾਂ। ਸਵੱਸਥ ਸਵਾਸਾਂ ਤੋਂ ਬਗੈਰ ਭਲਾ ਅਸੀਂ ਕਿੰਨਾ ਕੁ ਚਿਰ ਜੀਵਤ ਰਹਿ ਸਕਦੇ ਹਾਂ ? ਜੇਕਰ ਅਸੀਂ ਆਪਣੀ ਇਸ ਮਾੜੀ ਬਿਰਤੀ ਵਿੱਚ ਬਦਲਾਅ ਨਾ ਲਿਆਂਦਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਨੂੰ ਸਾਹ ਲੈਣ ਲਈ ਆਕਸੀਜਨ ਦੇ ਸਿਲੰਡਰ ਵੀ ਮੋਢਿਆਂ ’ਤੇ ਚੁੱਕਣੇ ਪੈ ਜਾਣਗੇ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਰੁੱਖਾਂ ਦੀ ਲੱਕੜ ਉਤੇ ਸਾਡੀਆਂ ਬਹੁਤ ਸਾਰੀਆਂ ਲੋੜਾਂ ਨਿਰਭਰ ਹਨ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਜੇ ਰੁੱਖ ਵੱਢਣੇ ਜ਼ਰੂਰੀ ਹਨ ਤਾਂ ਉਨ੍ਹਾਂ ਦੀ ਥਾਂ ਨਵੇਂ ਰੁੱਖਾਂ ਦੇ ਪੌਦੇ ਲਾਉਣੇ ਤੇ ਪਾਲਣੇ ਉਸ ਤੋਂ ਵੀ ਵਧੇਰੇ ਜ਼ਰੂਰੀ ਹਨ। ਇਹ ਤਾਂ ਨੈਤਿਕਤਾ ਭਰੀ ਮਨੁੱਖੀ ਜ਼ਿੰਮੇਵਾਰੀ ਵੀ ਹੈ ਕਿ ਸਿਰੋਂ ਨੰਗੀ ਹੁੰਦੀ ਜਾ ਰਹੀ ਧਰਤੀ ਮਾਂ ਨਾਲ ਵਫ਼ਾਦਾਰੀ ਨਿਭਾਉਂਦਿਆਂ ਇਸ ਦਾ ਸਿਰ ਕੱਜਣ ਦੀ ਕੋਸ਼ਿਸ਼ ਕਰੀਏ। ਤਾਂ ਕਿ ਕਾਦਰ ਦੀ ਕਾਇਨਾਤ ਵਿੱਚ ਫਿਰ ਚੋਹਲ- ਮੋਹਲ ਦਾ ਸੁੰਦਰ ਮਾਹੌਲ ਉਤਪੰਨ ਹੋ ਸਕੇ।

ਸੋ ਰੁੱਖ ਲਾਉਣੇ ਤੇ ਬਚਾਉਣੇ ਸਾਡਾ ਕਰਮ-ਧਰਮ ਬਣ ਜਾਣਾ ਚਾਹੀਦਾ ਹੈ ਤਾਂ ਕਿ ਰੁੱਖਾਂ ਦੀਆਂ ਛਾਵਾਂ ਜਿਊਂਦੀਆਂ ਰਹਿ ਸਕਣ। ਇਨ੍ਹਾਂ ਸਦਕਾ ਹੀ ਸਾਡੀ ਸਭ ਦੀ ਹੋਂਦ ਵੀ ਬਰਕਰਾਰ ਰਹਿ ਸਕੇਗੀ। ਇਨ੍ਹਾਂ ਜੀਵਨ ਦਾਤਿਆਂ ਦੇ ਇਸ ਵਿਸ਼ੇਸ਼ ਮਹੱਤਵ ਨੂੰ ਮੱਦੇਨਜ਼ਰ ਰੱਖਦਿਆਂ ਸਾਨੂੰ ਸਭ ਨੂੰ ਆਪਣੇ ਘਰਾਂ, ਆਲੇ ਦੁਆਲੇ ਦੇ ਰਾਹਾਂ ’ਤੇ ਖਾਲੀ ਪਏ ਕਿਨਾਰਿਆਂ ’ਤੇ ਪੌਦੇ ਲਾ ਕੇ ਇਨ੍ਹਾਂ ਦੀ ਪੂਰੀ ਸਾਂਭ-ਸੰਭਾਲ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਧਰਤੀ ਮਾਂ ਦਾ ਸਿਰ ਕੱਜਣ ਵਿੱਚ ਸਫਲ ਹੋ ਕੇ ਧਰਤੀ ਮਾਂ ਦੇ ਵਫ਼ਾਦਾਰ ਸਪੂਤ ਅਖਵਾਉਣ ਦੇ ਹੱਕਦਾਰ ਬਣ ਸਕੀਏ।

‘ਸਵੱਸਥ ਸਵਾਸਾਂ ਦਾ ਲੰਗਰ’ ਲਾਉਣਾ ਯਾਨੀ ਰੁੱਖ ਲਾਉਣੇ ਤੇ ਪਾਲਣੇ ਇੱਕ ਉਤਮ ਸੇਵਾ ਹੈ। ਸੋ ਆਓ! ਇਸ ਉਤਮ ਸੇਵਾ ਨਾਲ ਜੁੜੀਏ। ਹਰ ਬਰਸਾਤ ਦੀ ਰੁੱਤ ਵਿੱਚ ਵੱਧ ਤੋਂ ਵੱਧ ਪੌਦੇ ਲਾਈਏ। ਜੰਗਲਾਤ ਵਿਭਾਗ ਤੇ ਹੋਰ ਬਹੁਤ ਸਾਰੀਆਂ ਧਾਰਮਿਕ/ ਸਮਾਜ ਸੇਵੀ ਸੰਸਥਾਵਾਂ ਭੇਟਾ ਰਹਿਤ ਬਰਸਾਤ ਵਿੱਚ ‘ਬੂਟਾ ਪ੍ਰਸ਼ਾਦ’ ਵੰਡਣ ਦੇ ਉਚੇਚੇ ਯਤਨ ਵੀ ਕਰਦੀਆਂ ਆ ਰਹੀਆਂ ਹਨ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪੰਜਾਬ ਸਰਕਾਰ ਨੇ ਵੀ ਕੁਝ ਸਾਲਾਂ ਤੋਂ ਮੋਬਾਈਲ ਐਪ ‘ਆਈ-ਹਰਿਆਵਲ’ ਰਾਹੀਂ ਮੁਫ਼ਤ ਬੂਟੇ ਵੰਡਣ ਦੀ ਵਿਵਸਥਾ ਕੀਤੀ ਹੋਈ ਹੈ। ਸੋ ਥਾਂ ਥਾਂ ‘ਸਵੱਸਥ ਸਵਾਸਾਂ ਦੇ ਲੰਗਰ’ ਕਰਨੇ ਚਾਹੀਦੇ ਹਨ। ਸਾਡੇ ਮਹਾਨ ਪੁਰਖਿਆਂ ਖਾਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਸਦੀਆਂ ਪਹਿਲਾਂ ਹੀ ਸ਼ੁੱਧ ਹਵਾ ਨੂੰ ‘ਪਵਣੁ ਗੁਰੂ’ ਆਖ ਵਡਿਆਇਆ ਸੀ। ਹਵਾ ਵਿਚਲੀ ਇਹ ਸ਼ੁੱਧਤਾ (ਗੈਸਾਂ ਦਾ ਕੁਦਰਤੀ ਸੰਤੁਲਨ) ਬਰਕਰਾਰ ਰੱਖਣ ਵਿੱਚ ਰੁੱਖਾਂ ਦਾ ਹੀ ਇੱਕ ਵੱਡਾ ਯੋਗਦਾਨ ਹੈ। ਸੋ ਰੁੱਖ ਲਾਉਣਾ ਤੇ ਪਾਲਣਾ ਗੁਰੂ ਸਾਹਿਬਾਨ ਦੇ ਵਚਨਾਂ ’ਤੇ ਫੁੱਲ ਚੜ੍ਹਾਉਣ ਦੇ ਹੀ ਬਰਾਬਰ ਹੈ। ਇਹ ਇੱਕ ਉੱਤਮ ਸੇਵਾ ਵੀ ਹੈ। ਜਿਸ ਨੂੰ ਵੱਧ ਚੜ੍ਹ ਕੇ ਕਮਾਉਣਾ ਚਾਹੀਦਾ ਹੈ। ਖੁਸ਼ੀ ਜਾਂ ਹੋਰ ਮੌਕਿਆਂ ’ਤੇ ‘ਰੁੱਖਾਂ ਦੇ ਅਨੇਕਾਂ ਸੁੱਖ’ ਯਾਦ ਰੱਖ ਕੇ ‘ਬੂਟਾ ਪ੍ਰਸ਼ਾਦ ਗੋਲਕ’ ਵਿੱਚ ਇਨ੍ਹਾਂ ਲਈ ਵੀ ਥੋੜ੍ਹਾ ਬਹੁਤ ਫੰਡ ਜਟਾਉਣ ਦੀ ਲੋੜ ਪੈ ਜਾਏ ਤਾਂ ਵੀ ਇਹ ਸੌਦਾ ਮਹਿੰਗਾ ਨਹੀਂ। ਸਗੋਂ ਇਸ ਸੌਦੇ ਦੇ ਹਰ ਪਾਸਿਓਂ ਫਾਇਦੇ ਹੀ ਫਾਇਦੇ ਹਨ। ਹਰ ਤਰ੍ਹਾਂ ਦੀ ਧੁੱਪ ਤੇ ਠੰਢ ਹੰਢਾ ਕੇ ਵੀ ਮਜ਼ਬੂਤ ਖੜ੍ਹੇ ਇਹ ਦਰੱਖਤ ਹਰੇਕ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਇਨ੍ਹਾਂ ਜੀਵਨਦਾਤਿਆਂ ਬਾਰੇ ਸ਼ਿਵ ਕੁਮਾਰ ਬਟਾਲਵੀ ਦੇ ਇਨ੍ਹਾਂ ਬੋਲਾਂ ਨੂੰ ਆਤਮਸਾਤ ਕਰੀਏ:

ਮੇਰਾ ਵੀ ਇਹ ਦਿਲ ਕਰਦਾ ਏ

ਰੁੱਖ ਦੀ ਜੂਨੇ ਆਵਾਂ।

ਜੇ ਤੁਸਾਂ ਮੇਰਾ ਗੀਤ ਹੈ ਸੁਣਨਾ

ਮੈਂ ਰੁੱਖਾਂ ਵਿੱਚ ਗਾਵਾਂ।

ਰੁੱਖ ਤਾਂ ਮੇਰੀ ਮਾਂ ਵਰਗੇ ਨੇ

ਜਿਊਣ ਰੁੱਖਾਂ ਦੀਆਂ ਛਾਵਾਂ।
ਸੰਪਰਕ: 61450831299



News Source link
#ਜਊਣ #ਰਖ #ਦਆ #ਛਵ

- Advertisement -

More articles

- Advertisement -

Latest article