32.3 C
Patiāla
Monday, May 6, 2024

‘ਆੜੂਆਂ ਦਾ ਰਾਜਾ’ ਦੀਦਾਰ ਸਿੰਘ ਬੈਂਸ

Must read


ਦਲਜੀਤ ਸਿੰਘ ਸਰਾ

ਸੰਸਾਰ ਭਰ ਵਿੱਚ ਆੜੂਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਅਤੇ ਸਿੱਖ ਰਾਜਨੀਤੀ ਵਿੱਚ ਖ਼ਾਸ ਥਾਂ ਰੱਖਦੇ ਸ. ਦੀਦਾਰ ਸਿੰਘ ਬੈਂਸ ਦੇ 13 ਸਤੰਬਰ ਨੂੰ ਅਕਾਲ ਚਲਾਣਾ ਕਰਨ ਨਾਲ ਇੱਕ ਬੜੀ ਅਹਿਮ ਸਿੱਖ ਸ਼ਖ਼ਸੀਅਤ ਦੀ ਜੱਦੋਜਹਿਦ ਭਰੀ ਜੀਵਨ ਕਹਾਣੀ ਦਾ ਅੰਤ ਹੋ ਗਿਆ।

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਹਿਲਪੁਰ ਇਲਾਕੇ ਦੇ ਪਿੰਡ ਨੰਗਲ ਖੁਰਦ ਦੇ ਬੈਂਸ ਆਖ਼ਰੀ ਸਾਹਾਂ ਤੱਕ ਪੰਜਾਬ ਅਤੇ ਆਪਣੇ ਪਿੰਡ ਨਾਲ ਜੁੜੇ ਰਹੇ। 1938 ਵਿੱਚ ਜਨਮੇ ਬੈਂਸ ਦੇ ਸੰਘਰਸ਼ ਅਤੇ ਦੁਨੀਆ ਦੇ ਧਨਾਢ ਵਜੋਂ ਮਸ਼ਹੂਰ ਹੋਣ ਦੀ ਕਹਾਣੀ 20 ਸਾਲ ਦੀ ਉਮਰੇ ਅਮਰੀਕਾ ਪਹੁੰਚਣ ਬਾਅਦ ਘਾਲੀ ਘਾਲਣਾ ਨਾਲ ਸ਼ੁਰੂ ਹੁੰਦੀ ਹੈ।

ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਬੈਂਸ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ਤੇ ਭਾਈ ਸਾਹਿਬ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਅਮਰੀਕਾ ਦੀ ਕੌਮੀ, ਸੂਬਾਈ ਰਾਜਨੀਤੀ ਵਿੱਚ ਉਚੇਚਾ ਨਾਂ ਤੇ ਥਾਂ ਹੋਣ ਤੋਂ ਇਲਾਵਾ ਸਥਾਨਕ ਰਾਜਨੀਤੀ ਵਿੱਚ ਬੈਂਸ ਦਾ ਬੜਾ ਅਸਰ ਰਸੂਖ ਰਿਹਾ ਹੈ।

ਸਿੱਖ ਤਖ਼ਤਾਂ ਦੇ ਜਥੇਦਾਰ ਅਮਰੀਕਾ ਦੌਰਿਆਂ ਸਮੇਂ ਸ. ਬੈਂਸ ਦੇ ਘਰ ਪੁੱਜਣੋਂ ਉੱਕਦੇ ਨਹੀਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਲਈ ਤਾਂ ਬੈਂਸ ਨੂੰ ਮਿਲਣਾ ਸੁਭਾਵਿਕ ਹੀ ਹੈ, ਹਰਿਆਣਾ ਦੇ ਚੌਟਾਲਾ ਪਰਿਵਾਰ ਦੀ ਬੈਂਸ ਪਰਿਵਾਰ ਨਾਲ ਗੂੜ੍ਹੀ ਨੇੜਤਾ ਰਹੀ ਹੈ।

ਆਪ੍ਰੇਸ਼ਨ ਬਲਿਊ ਸਟਾਰ ਬਾਅਦ ਸਿੱਖੀ ਨਾਲ ਵੱਧ ਗੂੜ੍ਹੀ ਤਰ੍ਹਾਂ ਜੁੜੇ ਬੈਂਸ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਤੱਕ ਦੀ ਅਗਵਾਈ ਕੀਤੀ। ਪੰਜਾਬ ਵਿੱਚ ਤਾਂ ਹੋਣੀ ਹੈ ਹੀ, ਦਿੱਲੀ ਦੀ ਰਾਜਨੀਤੀ ਵਿੱਚ ਵੀ ਬੈਂਸ ਦੀ ਖ਼ਾਸੀ ਪੁੱਛ ਪਰਤੀਤ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਵਰਗਾ ਨੇਤਾ ਬੈਂਸ ਦੀ ਮੂੰਹ ’ਤੇ ਗੱਲ ਕਹਿ ਦੇਣ ਦੀ ਦਲੇਰੀ ਤੋਂ ਜੇ ਡਰਦਾ ਰਿਹਾ ਹੈ ਤਾਂ ਇਸੇ ਸਪੱਸ਼ਟ ਪਹੁੰਚ ਦੀ ਕਦਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਗਏ ਬੈਂਸ ਨੂੰ ਆਪਣੇ ਘਰ ਸੱਦਾ ਦੇਣਾ ਆਪਣਾ ਮਾਣ ਸਮਝਦਾ ਰਿਹਾ ਹੈ। ਵੈਸੇ, ਸ਼ੈਤਾਨ ਜੱਟ ਵਾਂਗ ਬੈਂਸ ਛੇਤੀ ਕੀਤੇ ਕਿਸੇ ਨਾਲ ਵਿਗਾੜਦਾ ਨਹੀਂ ਸੀ। ਉਹ ਆਪਣੇ ਰਾਜਸੀ ਅਤੇ ਵਪਾਰਕ ਵਿਰੋਧੀਆਂ ਨੂੰ ਅੱਗੇ ਵਧ ਕੇ ਵਾਰ ਕਰਨ ਦੇ ਮੌਕੇ ਦਿੰਦਾ, ਪਰ ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਧੋਬੀ ਪਟੜਾ ਮਾਰ ਬਾਜ਼ੀ ਜਿੱਤ ਲੈਂਦਾ ਸੀ।

ਇਹੋ ਰਵੱਈਆ ਰਾਜਨੀਤੀ ਵਿੱਚ ਵੀ ਰਿਹਾ। ਸਥਾਨਕ ਰਾਜਨੀਤੀ ਤੋਂ ਲੈ ਕੇ ਫੈਡਰਲ ਸਰਕਾਰ ਤੱਕ ਪਹੁੰਚ ਰੱਖਣ ਵਾਲੇ ਇਸ ਜੱਟ ਨੂੰ ਰਾਜਸੀ ਜ਼ੋਰ ਅਜ਼ਮਾਈ ਦੀਆਂ ਰਮਜ਼ਾ ਵੀ ਆਉਂਦੀਆਂ ਸਨ ਤੇ ਐਨ ਢੁਕਵੇਂ ਮੌਕੇ ਚਾਲ ਚੱਲਣ ਦਾ ਵੱਲ ਵੀ। ਵਿਚਾਰਧਾਰਕ ਤੌਰ ਉੱਤੇ ਅਕਾਲੀ ਦਲ ਦੀ ਮੁੱਖ ਧਾਰਾ ਨਾਲ ਜੁੜੇ ਰਹੇ ਦੀਦਾਰ ਸਿੰਘ ਬੈਂਸ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਅਮਰੀਕਾ ਵਿਚਲੇ ਗਰਮਖਿਆਲੀ ਤੇ ਖਾਲਿਸਤਾਨੀ ਸਮਰਥਕਾਂ ਦੇ ਮੋਹਰੀਆਂ ਵਜੋਂ ਉੱਭਰ ਕੇ ਸਾਹਮਣੇ ਆਏ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸੰਸਥਾਪਕ ਚੇਅਰਮੈਨ ਵਜੋਂ ਬੈਂਸ ਨੇ ਸਿੱਖਾਂ ਦੇ ਮਸਲੇ ਨੂੰ ਅਮਰੀਕੀ ਸਰਕਾਰ ਕੋਲ ਉਠਾਉਂਦਿਆਂ ਡਟ ਕੇ ਸਿੱਖ ਹਿੱਤਾਂ ਦੀ ਪੈਰਵੀ ਕੀਤੀ। ਉਸ ਤੋਂ ਕਈ ਸਾਲ ਬਾਅਦ ਭਾਰਤ ਪਹੁੰਚਣ ਉੱਤੇ ‘ਕਾਲੀ ਸੂਚੀ ਵਾਲੇ ਸਿੱਖ’ ਵਜੋਂ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਉੱਤੇ ਲੰਮਾ ਸਮਾਂ ਰੋਕੀ ਰੱਖਿਆ। ਅਕਸਰ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਬੈਂਸ ਨੇ ਇਸ ਮੌਕੇ ਉੱਤੇ ਹਵਾਈ ਅੱਡੇ ’ਚੋਂ ਬਾਹਰ ਆਉਂਦਿਆਂ ਟਿੱਚਰੀ ਅੰਦਾਜ਼ ਵਿੱਚ ਕਿਹਾ ਸੀ, ‘‘ਇੰਨਾ ਸੋਹਣਾ ਸਵਾਗਤ ਪਹਿਲਾਂ ਕਦੇ ਨਹੀਂ ਹੋਇਆ।’’ ਕਾਫ਼ੀ ਸਮੇਂ ਤੋਂ ਲੰਮੀ ਬਿਮਾਰੀ ਕਾਰਨ ਮੰਜਾ ਮੱਲਣ ਲਈ ਮਜਬੂਰ ਇਸ ਬਜ਼ੁਰਗ ਸਿੱਖ ਆਗੂ ਨੇ 13 ਸਤੰਬਰ ਨੂੰ ਆਖਰੀ ਸਾਹ ਲਏ।

2003 ਦੀਆਂ ਗਰਮੀਆਂ ਦੀ ਰੁੱਤੇ ਸ. ਬੈਂਸ ਨਾਲ ਯੂਬਾ ਸਿਟੀ ਉਨ੍ਹਾਂ ਦੇ ਘਰ ਵਿਖੇ ਮੇਰੀ ਪਹਿਲੀ ਮਿਲਣੀ ਬਾਅਦ ਅਗਲੇ ਇੱਕ ਦਹਾਕੇ ਦੌਰਾਨ ਅਣਗਿਣਤ ਵਾਰ ਹੋਈ ਸਾਡੀ ਆਪਸੀ ਗੱਲਬਾਤ ਦੌਰਾਨ ਉਨ੍ਹਾਂ ਨੇ ਸਦਾ ਹੀ ਨਿੱਜੀ ਗੱਲਾਂ ਤੇ ਸਥਾਨਕ ਰਾਜਨੀਤੀ ਦੇ ਮੁਕਾਬਲੇ ਪੰਜਾਬ ਅਤੇ ਸਿੱਖੀ ਦੇ ਭਵਿੱਖ ਬਾਰੇ ਫਿਕਰ ਸਾਂਝੇ ਕਰਨ ਨੂੰ ਪਹਿਲ ਦਿੱਤੀ। ਸਾਡੀ ਨੌਜਵਾਨ ਪੀੜ੍ਹੀ ਦੇ ਮਿਹਨਤੀ ਨਾ ਹੋਣ ਅਤੇ ਮਾਪਿਆਂ ਦੀ ਕਮਾਈ ਤੱਕ ਦੀ ਯੋਗ ਵਰਤੋਂ ਕਰ ਸਕਣ ਦੇ ਯੋਗ ਨਾ ਹੋਣ ਉੱਤੇ ਖੇਦ ਪ੍ਰਗਟ ਕਰਦਿਆਂ ਸ.ਬੈਂਸ ਕਹਿੰਦੇ ਹੁੰਦੇ ਸੀ, ‘‘ਕੌਮ ਲਈ ਆਉਣ ਵਾਲਾ ਸਮਾਂ ਇੰਨਾ ਚੰਗਾ ਨਹੀਂ।’’

ਸ. ਬੈਂਸ ਨਾਲ ਲੰਮੀਆਂ ਮੁਲਾਕਾਤ ਦੌਰਾਨ ਪਤਾ ਲੱਗਾ ਕਿ ਇਸ ਸਿਰੜੀ ਜੱਟ ਦੇ ਖੇਤ ਮਜ਼ਦੂਰੀ ਕਰਨ ਤੋਂ ‘ਆੜੂਆਂ ਦਾ ਬਾਦਸ਼ਾਹ’ ਦੇ ਮੁਕਾਮ ਤੱਕ ਪੁੱਜਣ ਦੀ ਕਹਾਣੀ ਬੜੀ ਦਿਲਚਸਪ ਅਤੇ ਪ੍ਰੇਰਨਾਦਾਇਕ ਹੈ। ਬੜੇ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਆਪਣੀ ਹਜ਼ਾਰਾਂ ਏਕੜ ਜ਼ਮੀਨ ਉੱਤੇ ਗੋਰੇ ਅਤੇ ਰੰਗਦਾਰ ਮਜ਼ਦੂਰਾਂ/ਮੁਲਾਜ਼ਮਾਂ ਨੂੰ ਕੰਮ ਉੱਤੇ ਰੱਖਣ ਵਾਲਾ ਅਤੇ ਪਹਿਲੀ ਨਜ਼ਰੇ ਸਿੱਧਾ ਸਾਦਾ ਜਾਪਦਾ ਇਹ ਜੱਟ ਪੁੱਤ ਖ਼ੁਦ ਯੂਬਾ ਸਿਟੀ ਦੇ ਖੇਤਾਂ ਵਿੱਚ ਮਜ਼ਦੂਰੀ ਕਰਦਾ ਰਿਹਾ ਹੈ। ਸਿਰਫ਼ 69 ਸੈਂਟ ਘੰਟੇ ਉੱਤੇ ਕੰਮ ਕਰਦਿਆਂ 7 ਕੁ ਡਾਲਰ ਰੋਜ਼ਾਨਾ ਦੀ ਦਿਹਾੜੀ। ਰਹਿਣ ਲਈ ਉਹੀ 10-12 ਬੰਦਿਆਂ ਨਾਲ ਤੂੜਿਆ ਇੱਕ ਕਮਰਾ। ਖਾਣ ਲਈ ਬੇਹਾ ਅਤੇ ਬੇਸੁਆਦਾ ਵਿਦੇਸ਼ੀ ਖਾਣਾ। ਇਸੇ ਲਈ ਜਵਾਨ ਉਮਰੇ ਆਏ ਬੈਂਸ ਲਈ ਹੋਰ ਉਚੇਰੀ ਪੜ੍ਹਾਈ ਕਰਨੀ ਸੰਭਵ ਨਾ ਹੋਈ, ਪਰ ਖੇਤੀ ਦੇ ਕੰਮ ਵਿੱਚ ਇਸ ਨੇ ਅਜਿਹੀ ਮੁਹਾਰਤ ਹਾਸਲ ਕੀਤੀ ਕਿ ਖੇਤੀ ਦੇ ਮਾਹਿਰ ਵੀ ਫ਼ਲਾਂ ਅਤੇ ਦੂਸਰੀਆਂ ਫ਼ਸਲਾਂ ਨੂੰ ਕੋਰੇ, ਠੰਢ ਜਾਂ ਬੇਮੌਸਮੀ ਬਰਸਾਤ ਤੋਂ ਬਚਾ ਕੇ ਚੰਗਾ ਝਾੜ ਲੈਣ ਲਈ ਇਸ ਦੀਆਂ ਸਕੀਮਾਂ ਨੂੰ ਵੇਖ ਕੇ ਦੰਗ ਰਹਿ ਜਾਂਦੇ ਸਨ।

15 ਮਾਰਚ 1958 ਨੂੰ ਇੱਧਰ ਆ ਕੇ ਵਸਿਆ ਇਹ ਸਿੱਖ ਅਕਸਰ ਸੂਟਡ ਬੂਟਡ ਹੋ ਕੇ ਘਰੋਂ ਨਿਕਲਦਾ ਧੁਰ ਅੰਦਰੋਂ ਕਿਸਾਨ ਸੀ, ਪਰ ਪਰਵਾਸ ਦੀਆਂ ਤਕਲੀਫਾਂ ਅਤੇ ਲੋੜਾਂ ਨੇ ਉਸ ਨੂੰ ਵਪਾਰੀ ਬਣਾ ਦਿੱਤਾ। ਬਹੁਤ ਪਹਿਲਾਂ 1920 ਵਿੱਚ ਬੈਂਸ ਦੇ ਅਮਰੀਕਾ ਪੁੱਜੇ ਦਾਦਾ ਕਰਤਾਰ ਸਿੰਘ ਦੇ ਸਦਕਾ ਪਿਤਾ ਗੁਰਪਾਲ ਸਿੰਘ ਨੇ ਇੱਧਰ ਆ ਕੇ ਜਿਹੜੀ 10 ਕੁ ਏਕੜ ਜ਼ਮੀਨ ਖਰੀਦੀ ਸੀ, ਹਾਈ ਸਕੂਲ ਪਾਸ ਕਰਕੇ ਆਏ ਦੀਦਾਰ ਸਿੰਘ ਦਾ ਉਸ ਨਾਲ ਕਿੱਥੇ ਗੁਜ਼ਾਰਾ ਚੱਲਣਾ ਸੀ। ਇਸ ਲਈ ਹੋਰਨਾਂ ਨੌਜਵਾਨਾਂ ਵਾਂਗ ਦੀਦਾਰ ਨੂੰ ਵੀ ਰੁਜ਼ਗਾਰ ਲਈ ਲੇਬਰ ਕੈਂਪਾਂ ਦੇ ਦੀਦਾਰ ਕਰਨੇ ਪਏ। ਜਿਨ੍ਹਾਂ ਵਿੱਚ ਰਹਿਣਾ ਪੰਜਾਬ ਵਿੱਚ ਜੱਟਾਂ ਦੀਆਂ ਬੰਬੀਆਂ ਉੱਤੇ ਰਹਿੰਦੇ ਪਰਵਾਸੀ ਮਜ਼ਦੂਰਾਂ ਤੋਂ ਕਿਤੇ ਮਾੜਾ ਹਾਲ ਸੀ। ਕੰਮ ਦੇ ਬੋਝ ਨੇ ਬੈਂਸ ਨੂੰ ਲਿੱਸਾ ਕਰ ਦਿੱਤਾ। ਜਦੋਂ ਕੰਮ ਵਿਤੋਂ ਜ਼ਿਆਦਾ ਅਤੇ ਖੁਰਾਕ ਬਹੁਤ ਮਾੜੀ ਹੋਵੇ ਤਾਂ ਖੇਤਾਂ ਦੇ ਕੰਮ ਨੇ ਅਸਰ ਵਿਖਾਉਣਾ ਹੀ ਹੋਇਆ। ਫਿਰ ਵੀ ਹਿੰਮਤ ਨਾ ਹਾਰਨ ਦਾ ਫ਼ਲ ਮਿਲਿਆ। ਉਸ ਦੇ ਦ੍ਰਿੜ ਇਰਾਦੇ ਨੂੰ ਵੇਖ ਕਹਿੰਦੇ ਕਹਾਉਂਦੇ ਪ੍ਰੀਤਮ ਸਿੰਘ ਪੂਨੀਆ ਦੀ ਧੀਅ ਸ਼ਾਂਤੀ ਪੂਨੀਆ ਦਾ ਵਿਆਹ ਬੈਂਸ ਨਾਲ ਹੋਇਆ।

ਬੈਂਸ ਨੇ ਆਪਣੀ ਖੇਤੀ ਸ਼ੁਰੂ ਕਰ ਲਈ। ਇਕੱਲੀਆਂ ਧੀਆਂ ਦੇ ਬਾਪ ਸਹੁਰੇ ਨੇ ਜਦੋਂ ਬੈਂਸ ਨੂੰ ਆਪਣੀ ਹੀ ਖੇਤੀ ਜੁਗਤ ਨਾਲ ਫ਼ਸਲਾਂ ਨੂੰ ਪਾਲੇ ਦੀ ਮਾਰ ਤੋਂ ਬਚਾਉਣ ਦਾ ਜੁਗਾੜ ਕਰਦੇ ਵੇਖਿਆ ਤਾਂ ਸਾਝੀ ਖੇਤੀ ਕਰਨ ਦਾ ਸੁਝਾਅ ਰੱਖਿਆ, ਪਰ ਬੈਂਸ ਨੇ ਰਿਸ਼ਤੇ ਵਿੱਚ ਕੰਮ ਕਾਰਨ ਫਿੱਕ ਪੈਣ ਤੋਂ ਬਚਾਅ ਲਈ ਸਿਆਣਪ ਵਰਤਦਿਆਂ, ਉਹੀ ਜ਼ਮੀਨ ਲੀਜ਼ ਉੱਤੇ ਲੈਣ ਨੂੰ ਪਹਿਲ ਦਿੱਤੀ।

ਬਸ! ਇਸ ਜ਼ਮੀਨ ਦਾ ਵਰਦਾਨ ਸੀ ਜਾਂ ਸਹੁਰੇ ਦਾ ਅਸ਼ੀਰਵਾਦ ਅਤੇ ਦੁਆਵਾਂ, ਦਿਨਾਂ ਵਿੱਚ ਹੀ ਦੀਦਾਰ ਸਿੰਘ ਬੈਂਸ ਦੀ ਖੇਤੀ ਚੱਲ ਪਈ। ਹੋਰ ਜ਼ਮੀਨਾਂ ਖਰੀਦਣ ਦੇ ਨਾਲ ਹੀ ਸ਼ਹਿਰੀ ਜਾਇਦਾਦ ਉੱਤੇ ਵੀ ਹੱਥ ਅਜ਼ਮਾਈ ਆਰੰਭ ਦਿੱਤੀ। ਬਾਗਾਂ ਦੇ ਖੇਤ ਵਧਣ ਲੱਗੇ, ਪਰ ਬੈਂਸ ਆਪਣੇ ਆਪ ਨੂੰ ਆਮ ਕਿਸਾਨ ਹੀ ਸਮਝਦਾ ਰਿਹਾ। ਪੰਜਾਬੀਆਂ ਦੀ ਚੋਖੀ ਵਸੋਂ ਵਾਲਾ ਯੂਬਾ ਸਿਟੀ ਬੈਂਸ ਦੀ ਦੁਨੀਆ ਸੀ। ਇੱਥੇ ਤੇ ਆਲੇ ਦੁਆਲੇ ਚੰਗਾ ਨਾਂ ਬਣਨਾ ਵੱਡੀ ਪ੍ਰਾਪਤੀ ਤੇ ਤਸੱਲੀ ਸੀ। ਸਿਰੜੀ ਤੇ ਕਮਾਊ ਕਿਸਾਨ ਆਪਣੇ ਕੰਮ ਲੱਗਿਆ ਰਿਹਾ।

ਇਹ ਤਾਂ ਇੱਕ ਦਿਨ ਇੱਕ ਗੋਰੇ ਨੇ ਆ ਕੇ ਭੇਦ ਖੋਲ੍ਹਿਆ ਕਿ ਉਹ ਦੁਨੀਆ ਭਰ ਵਿੱਚ ਆੜੂਆਂ ਦਾ ਬਾਦਸ਼ਾਹ ਹੋਣ ਦਾ ਹੱਕਦਾਰ ਹੋ ਚੁੱਕਾ ਸੀ। ਇਸੇ ਦੌਰਾਨ ਜ਼ਮੀਨਾਂ ਖਰੀਦਣ ਦਾ ਹੌਸਲਾ ਅਤੇ ਮਹਿੰਗੇ ਸਸਤੇ ਭਾਅ ਦੀ ਪਰਵਾਹ ਕੀਤੇ ਬਿਨਾਂ ਕੀਤੇ ਸੌਦੇ ਰਾਸ ਆਉਂਦੇ ਗਏ। ਇੱਧਰ ਜ਼ਮੀਨ ਖਰੀਦੀ ਅਤੇ ਉੱਧਰ ਭਾਅ ਚੜ੍ਹੇ। ਪੇਂਡੂ ਜ਼ਮੀਨਾਂ ਸ਼ਹਿਰੀ ਬਣ ਕੇ ਲੱਖਾਂ ਡਾਲਰਾਂ ਦਾ ਮੁਨਾਫ਼ਾ ਦੇਣ ਲੱਗੀਆਂ।

ਇੱਕ ਸਮੇਂ ਯੂਬਾ ਸਿਟੀ ਦੇ ਗੋਰਿਆਂ ਦੇ ਖੇਤਾਂ ਵਿੱਚ ਰੁਜ਼ਗਾਰ ਭਾਲਦਾ ਬੈਂਸ ਖ਼ੁਦ ਗੋਰਿਆਂ ਨੂੰ ਰੁਜ਼ਗਾਰ ਦੇਣ ਵਾਲਾ ਬਣਿਆ। ਕਹਿੰਦੇ ਕਹਾਉਂਦੇ ਗੋਰੇ ਅਮੀਰ ਅਤੇ ਵਪਾਰੀ ਜਾਣਦੇ ਸਨ ਕਿ ਜਦੋਂ ਕਿਸੇ ਜ਼ਮੀਨ-ਜਾਇਦਾਦ ਦੀ ਬੋਲੀ ਦੇਣ ਲਈ ਬੈਂਸ ਪੁੱਜ ਜਾਵੇ ਤਾਂ ਫਿਰ ਸੌਦਾ ਉਸੇ ਦਾ ਹੀ ਹੋਵੇਗਾ। ਬੈਂਸ ਕੋਲ ਵਪਾਰ ਕਾਰੋਬਾਰ ਦੀ ਡੂੰਘੀ ਨੀਝ ਅਤੇ ਖਤਰੇ ਮੁੱਲ ਲੈਣ ਦਾ ਜੱਟ ਜਿਗਰਾ ਵੀ ਸੀ।

ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਯੂਬਾ ਸਿਟੀ ਵਿਖੇ 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂਘਰ ਬਣਾਉਣ ਦਾ ਫੈਸਲਾ ਹੋਇਆ। ਪਹਿਲਾਂ ਤਾਂ ਅਲੱਗ ਅਲੱਗ ਗੁਰੂ ਦੇ ਦੀਵਾਨ ਲੱਗਦੇ ਰਹੇ, ਪਰ ਫਿਰ ਪੁਰੇਵਾਲ ਪਰਿਵਾਰ ਨੇ ਟਾਇਰਾ ਬਿਊਨਾ ਰੋਡ ਉੱਤੇ ਤਿੰਨ ਏਕੜ ਜ਼ਮੀਨ ਗੁਰੂਘਰ ਲਈ ਦਿੱਤੀ ਜਿੱਥੇ ਅੱਜ ਗੁਰੂਘਰ ਹੈ। ਹੁਣ ਗੁਰੂਘਰ ਕੋਲ 27-28 ਏਕੜ ਜ਼ਮੀਨ ਹੈ। ਦੁਨੀਆ ਵਿੱਚ ਗੁਰੂ ਸਾਹਿਬ ਦੇ ਨਗਰ ਕੀਰਤਨ ਹੁੰਦੇ ਸਨ, ਪਰ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦਿਵਸ ਦਾ ਕਿਧਰੇ ਵੀ ਨਗਰ ਕੀਰਤਨ ਨਹੀਂ ਸੀ। ਦੀਦਾਰ ਸਿੰਘ ਬੈਂਸ ਨੇ ਇਹ ਵਿਚਾਰ ਲਿਆਂਦਾ ਕਿ ਗੁਰਗੱਦੀ ਦਿਵਸ ’ਤੇ ਨਗਰ ਕੀਰਤਨ ਕੀਤੇ ਜਾਣ। ਰੁੱਤ ਦੇ ਹਿਸਾਬ ਨਾਲ ਯੂਬਾ ਸਿਟੀ ਦੇ ਲੋਕਾਂ ਲਈ ਵੀ ਇਹ ਸਮਾਂ ਢੁਕਵਾਂ ਸੀ। ਪਹਿਲੀ ਵਾਰ ਨਗਰ ਕੀਰਤਨ 1980 ਵਿੱਚ ਕੀਤਾ ਗਿਆ। ਪਹਿਲੇ ਨਗਰ ਕੀਰਤਨ ’ਤੇ ਹੀ ਕੈਨੇਡਾ ਅਤੇ ਇੰਗਲੈਂਡ ਤੋਂ ਆਏ ਸਿੱਖਾਂ ਸਮੇਤ 7500 ਤੋਂ ਉੱਪਰ ਸਿੱਖ ਸੰਗਤਾਂ ਨੇ ਹਿੱਸਾ ਲਿਆ। ਕੈਨੇਡਾ ਦੀਆਂ ਸੰਗਤਾਂ ਨੇ ਪਾਲਕੀ ਸਾਹਿਬ ਦੀ ਸੇਵਾ ਕੀਤੀ। ਪਹਿਲੀ ਵਾਰੀ ਸਿਟੀ ਨੇ ਅੱਧੀ ਸੜਕ ਦੀ ਵਰਤੋਂ ਕਰਨ ਦੀ ਖੁੱਲ੍ਹ ਦਿੱਤੀ ਅਤੇ 5-5 ਦੀਆਂ ਲਾਈਨਾਂ ਵਿੱਚ ਜਾਣ ਲਈ ਕਿਹਾ। ਉਸ ਤੋਂ ਬਾਅਦ ਹਰ ਸਾਲ ਹੀ ਨਗਰ ਕੀਰਤਨ ਵਿੱਚ ਹੋਰ ਕਾਫ਼ੀ ਕੁਝ ਜਿਵੇਂ ਖੇਡਾਂ ਦੇ ਪ੍ਰੋਗਰਾਮ ਸ਼ਾਮਲ ਹੁੰਦੇ ਰਹੇ। ਅਗਲੇ ਹੀ ਸਾਲ ਖੇਡਾਂ ਵਿੱਚ ਤਕਰੀਬਨ 60 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਕਬੱਡੀ, ਫੁੱਟਬਾਲ, ਹਾਕੀ, ਵਾਲੀਬਾਲ ਅਤੇ ਬਾਸਕਟਬਾਲ ਪ੍ਰਮੁੱਖ ਸਨ।

ਸਿੱਖੀ ਨਾਲ ਜੁੜੇ ਕਾਰਜਾਂ ਲਈ ਬੈਂਸ ਨੇ ਸਦਾ ਖੁੱਲ੍ਹਦਿਲੀ ਨਾਲ ਆਰਥਿਕ ਮਦਦ ਵੀ ਦਿੱਤੀ। ਖਾਲਸਾ ਹੈਰੀਟੇਜ ਆਨੰਦਪੁਰ ਸਾਹਿਬ, ਬੜ੍ਹੂ ਸਾਹਿਬ ਟਰੱਸਟ ਦੇ ਵਿਦਿਅਕ ਕਾਰਜਾਂ, ਪੰਜਾਬ ਦੇ ਆਪਣੇ ਇਲਾਕੇ ਦੀਆਂ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਲਈ ਦਾਨ ਦਿੱਤਾ। ਉੱਤਰੀ ਅਮਰੀਕਾ ਖ਼ਾਸ ਕਰ ਕੈਲੀਫੋਰਨੀਆ ਦੇ ਵੱਖ ਵੱਖ ਗੁਰੂ ਘਰਾਂ ਲਈ ਸਮੇਂ ਸਮੇਂ ਦਾਨ ਦਿੱਤਾ। ਸਿੱਖ ਕਮਿਊਨਿਟੀ ਨਾਲ ਸ. ਬੈਂਸ ਦਾ ਗੂੜ੍ਹਾ ਲਗਾਓ ਹੀ ਨਹੀਂ ਇਸ ਦੇ ਭਵਿੱਖ ਦਾ ਫਿਕਰ ਵੀ ਰਿਹਾ ਹੈ। ਉਨ੍ਹਾਂ ਦੀ ਰੀਝ ਸੀ ਕਿ ਯੂਬਾ ਸਿਟੀ ਵਿਖੇ ਮਿਆਰੀ ਸਿੱਖ ਸੰਸਥਾ ਬਣੇ ਜਿਸ ਵਾਸਤੇ ਦਾਨ ਕੀਤੀ ਜ਼ਮੀਨ ਉੱਤੇ ਨੀਂਹ ਪੱਥਰ ਵੀ ਸਮੇਂ ਸਮੇਂ ਸਿੱਖ ਧਾਰਮਿਕ ਆਗੂਆਂ ਵੱਲੋਂ ਰੱਖੇ ਗਏ, ਪਰ ਅਮਲੀ ਰੂਪ ਦੇਣ ਦਾ ਕੰਮ ਕਿਸੇ ਨਾ ਕਿਸੇ ਗੱਲੋਂ ਪੱਛੜਦਾ ਰਿਹਾ।

ਅਸਲੀਅਤ ਇਹ ਹੈ ਕਿ ਸਿੱਖੀ, ਪੰਜਾਬ ਦੇ ਨਾਲ ਨਾਲ ਯੂਬਾ ਸਿਟੀ ਅਤੇ ਸ. ਦੀਦਾਰ ਸਿੰਘ ਬੈਂਸ ਇੱਕ ਦੂਜੇ ਦੀ ਪੱਕੀ ਪਹਿਚਾਣ ਬਣੇ ਹੋਏ ਸਨ। ਉਨ੍ਹਾਂ ਦੇ ਜਿਉਂਦੇ ਜੀਅ ਇਹ ਜੋੜ ਬੜਾ ਸੋਹਣਾ ਨਿਭਿਆ।
ਸੰਪਰਕ: 95010-11953



News Source link
#ਆੜਆ #ਦ #ਰਜ #ਦਦਰ #ਸਘ #ਬਸ

- Advertisement -

More articles

- Advertisement -

Latest article