41.2 C
Patiāla
Friday, May 17, 2024

ਵੱਡੇ ਲੋਕ

Must read


ਗੁਰਮਲਕੀਅਤ ਸਿੰਘ ਕਾਹਲੋਂ

ਕਾਲਜ ਦੇ ਪਹਿਲੇ ਸਾਲ ਮੰਨਤ ਨੂੰ ਕਲਾਸ ਵਿੱਚ ਚੱਕਰ ਆ ਗਿਆ। ਅੱਖਾਂ ਮੂਹਰੇ ਹਨੇਰਾ ਛਾਅ ਗਿਆ। ਡੈਸਕ ਦੇ ਪਾਸੇ ਵਾਲੀ ਸੀਟ ਤੋਂ ਜ਼ਮੀਨ ’ਤੇ ਡਿੱਗਦੀ ਨੂੰ ਦੂਜੇ ਪਾਸੇ ਬੈਠੇ ਹਰਪਾਲ ਨੇ ਸੰਭਾਲ ਲਿਆ ਸੀ। ਸੱਟ ਤੋਂ ਬਚਾਉਣ ਮੌਕੇ ਹੋਈ ਜਾਣ-ਪਹਿਚਾਣ, ਬਾਅਦ ਵਿੱਚ ਸਾਂਝ ਦੀਆਂ ਗੰਢਾਂ ਨਾਲ ਪੱਕੀ ਹੋਣ ਲੱਗ ਪਈ ਤੇ ਸਾਲਾਂ ਦੇ ਗੇੜਿਆਂ ਨਾਲ ਹੋਰ ਗਾੜ੍ਹੀ ਹੁੰਦੀ ਗਈ। ਅਜੇ ਤਿੰਨ ਚਾਰ ਸਾਲ ਈ ਲੰਘੇ ਸੀ, ਜਦ ਹਰਪਾਲ ਦੇ ਮਾਮਾ ਜੀ ਦੇ ਅਕਾਲ ਚਲਾਣੇ ਮੌਕੇ ਮੰਨਤ ਦੇ ਮੌਮ-ਡੈਡ ਪਹਿਲਾਂ ਹਰਪਾਲ ਦੀ ਮੰਮੀ ਨਾਲ ਅਫ਼ਸੋਸ ਕਰਨ ਗਏ ਤੇ ਫਿਰ ਡੇਢ ਸੌ ਕਿਲੋਮੀਟਰ ਦੂਰ ਉਸ ਦੇ ਨਾਨਕੇ ਪਿੰਡ ਭੋਗ ਉਤੇ ਹਾਜ਼ਰੀ ਭਰਨ ਪਹੁੰਚੇ। ਬੇਸ਼ੱਕ ਪਹਿਲਾਂ ਮੰਨਤ ਨੇ ਮਾਪਿਆਂ ਨਾਲ ਇੰਜ ਦੀ ਕੋਈ ਗੱਲ ਨਹੀਂ ਸੀ ਕੀਤੀ, ਪਰ ਸਿਆਣੇ ਮਾਪੇ ਬੱਚਿਆਂ ਦੀ ਅੱਖ ’ਚੋਂ ਈ ਸਾਰਾ ਕੁਝ ਪੜ੍ਹ ਲੈਂਦੇ ਨੇ। ਮੰਨਤ ਦੀ ਮੰਮੀ ਨੇ ਬੇਸ਼ੱਕ ਕਦੇ ਖੁੱਲ੍ਹਕੇ ਗੱਲ ਨਹੀਂ ਸੀ ਕੀਤੀ, ਪਰ ਧੀ ਦਾ ਮਨ ਟੋਹ ਲਿਆ ਸੀ। ਮਾਪਿਆਂ ਦੀ ਸਹਿਮਤੀ ਨਾਲ ਖੁਦ ਪ੍ਰੇਮ-ਵਿਆਹ ਵਿੱਚ ਬੱਝੇ ਉਸ ਦੇ ਮਾਪੇ ਜਵਾਨੀ ਵੇਲੇ ਇੰਜ ਦੀਆਂ ਸਾਰੀਆਂ ਹਰਕਤਾਂ ਦੇ ਅਹਿਸਾਸ ਤੋਂ ਜਾਣੂੰ ਸਨ। ਆਪਸ ਵਿੱਚ ਉਹ ਕਈ ਵਾਰ ਇਸ ਬਾਰੇ ਗੱਲ ਕਰ ਚੁੱਕੇ ਸਨ ਤੇ ਸਮਝਦੇ ਵੀ ਸਨ ਕਿ ਹਰਪਾਲ ਵਰਗਾ ਵਰ ਲੱਭਣਾ ਕਿੰਨਾ ਔਖਾ ਹੈ। ਇਸੇ ਕਰਕੇ ਉਹ ਚੁੱਪ ਸਨ ਤੇ ਵਕਤ ਆਉਣ ’ਤੇ ਮੌਕਾ ਸੰਭਾਲ ਲੈਣ ਦਾ ਮਨ ਪੱਕਾ ਕਰੀਂ ਬੈਠੇ ਸਨ।

ਬੀ.ਐਡ ਦੀ ਡਿਗਰੀ ਤੋਂ ਬਾਅਦ ਹਰਪਾਲ ਦੀ ਸਰਕਾਰੀ ਸਕੂਲ ਵਿੱਚ ਨੌਕਰੀ ਲੱਗੀ ਤਾਂ ਦੋਹਾਂ ਦੇ ਮਾਪਿਆਂ ਨੇ ਬੱਚਿਆਂ ਦੀ ਮਰਜ਼ੀ ਪੁਗਾਉਣ ਵਿੱਚ ਝਿਜਕ ਮਹਿਸੂਸ ਨਾ ਕੀਤੀ। ਸਮਾਜ ਵਿੱਚ ਪ੍ਰੇਮ ਵਿਆਹਾਂ ਉੱਤੇ ਉਂਗਲਾਂ ਉਠਾਉਣ ਵਾਲੇ ਸਨਕੀ ਸੁਭਾਅ ਵਾਲੇ ਲੋਕਾਂ ਦੀਆਂ ਉਹੀ ਉਂਗਲਾਂ ਜੋੜੀਆਂ ਜੱਗ ਥੋੜ੍ਹੀਆਂ ਦੀ ਉਦਾਹਰਨ ਦੇਣ ਲੱਗ ਪਈਆਂ। ਕੋਈ ਲੋੜਵੰਦ ਕਦੇ ਉਨ੍ਹਾਂ ਦੇ ਘਰੋਂ ਨਿਰਾਸ਼ ਨਹੀਂ ਸੀ ਮੁੜਿਆ। ਤੰਗੀ ਦੇ ਦਿਨਾਂ ਵਿੱਚ ਵੀ ਦੋਵੇਂ ਆਪਣੀ ਲੋੜ ਟਾਲ ਕੇ ਲੋੜਵੰਦ ਦੀ ਬਾਂਹ ਫੜਨ ਨੂੰ ਪਹਿਲ ਦਿੰਦੇ। ਕੁਝ ਸਾਲਾਂ ਵਿੱਚ ਪਹਿਲਾਂ ਬੇਟੀ ਤੇ ਫਿਰ ਬੇਟੇ ਨੇ ਉਨ੍ਹਾਂ ਦੀਆਂ ਝੋਲੀਆਂ ਨਿੱਘੀਆਂ ਕਰ ਦਿੱਤੀਆਂ। ਕੁਦਰਤ ਨੇ ਉਨ੍ਹਾਂ ਦੀ ਖਾਹਸ਼ ਪੂਰੀ ਕਰਨ ਅਤੇ ਮਿਹਨਤ ਨੂੰ ਫ਼ਲ ਲਾਉਣ ਤੋਂ ਕਦੇ ਸੰਕੋਚ ਨਹੀਂ ਸੀ ਕੀਤਾ। ਉਨ੍ਹਾਂ ਦੇ ਸਾਲਾਂ ਦੇ ਕੈਲੰਡਰ ਦਿਨਾਂ ਵਾਂਗ ਪਰਤਦੇ ਰਹੇ। ਦੋਹਾਂ ਨੂੰ ਪਤਾ ਈ ਨਾ ਲੱਗਾ ਕਦੋਂ ਬੱਚਿਆਂ ਨੇ ਘਰ ਦੀਆਂ ਪਰਛੱਤੀਆਂ ਟਰਾਫੀਆਂ ਨਾਲ ਭਰ ਦਿੱਤੀਆਂ। ਆਪਣੀ ਪ੍ਰਤਿਭਾ ਵਿਖਾਵੇ ਦੇ ਵੱਧ ਮੌਕਿਆਂ ਦੀ ਉਮੀਦ ਨਾਲ ਉਚੇਰੀ ਪੜ੍ਹਾਈ ਕਰਨ ਅਮਰੀਕਾ ਗਏ ਬੱਚੇ ਕੁਝ ਸਾਲਾਂ ਬਾਅਦ ਉੱਥੋਂ ਦੇ ਹੀ ਹੋ ਕੇ ਰਹਿ ਗਏ। ਦੋਹਾਂ ਨੇ ਜੀਵਨ ਸਾਥੀਆਂ ਦੀ ਚੋਣ ਮਾਪਿਆਂ ਉਤੇ ਛੱਡੀ ਹੋਈ ਸੀ। ਮਾਪਿਆਂ ਨੇ ਰੀਝਾਂ ਪੁਗਾ ਕੇ ਰਿਸ਼ਤੇ ਕੀਤੇ ਤੇ ਬਾਅਦ ਵਿੱਚ ਦੋਹਾਂ ਦੇ ਵਿਆਹਾਂ ਮੌਕੇ ਚਾਵਾਂ ਵਿੱਚ ਕਸਰ ਨਾ ਰਹਿਣ ਦਿੱਤੀ। ਕਦੇ ਕਦੇ ਹਰਪਾਲ ਤੇ ਮੰਨਤ ਉਨ੍ਹਾਂ ਕੋਲ ਦੋ-ਚਾਰ ਮਹੀਨੇ ਰਹਿ ਆਉਂਦੇ। ਦੋਵੇਂ ਬੱਚੇ ਤੇ ਨੂੰਹ-ਜਵਾਈ ਰੱਜ ਕੇ ਆਗਿਆਕਾਰ ਤੇ ਫਰਜ਼ਾਂ ਪ੍ਰਤੀ ਜ਼ਿੰਮੇਵਾਰ ਸਨ। ਉਹ ਕਦੇ ਅਜਿਹੀ ਗੱਲ ਨਾ ਕਰਦੇ ਜੋ ਮਾਪਿਆਂ ਨੂੰ ਜ਼ਰਾ ਵੀ ਬੁਰੀ ਲੱਗੇ। ਪਰ ਹਰਪਾਲ ਤੇ ਮੰਨਤ ਨੂੰ ‘ਆਪਣੇ ਘਰ’ ਇੰਡੀਆ ਆ ਕੇ ਜੋ ਤਸੱਲੀ ਤੇ ਸ਼ਾਂਤੀ ਮਹਿਸੂਸ ਹੁੰਦੀ, ਉਸ ਦਾ ਅਹਿਸਾਸ ਅਮਰੀਕਾ ਤੋਂ ਚੰਗਾ ਹੁੰਦਾ। ਫਿਰ ਵੀ ਬੱਚਿਆਂ ਦੀ ਲੋੜ ਮੌਕੇ ਉਹ ਭਾਰਤ-ਅਮਰੀਕਾ ਦੇ ਅਸਮਾਨ ਵਿੱਚ ਉਡਾਰੀਆਂ ਭਰਦੇ ਰਹਿੰਦੇ।

ਪੰਜ ਕੁ ਸਾਲ ਪਹਿਲਾਂ ਮੰਨਤ ਦੇ ਸਦੀਵੀ ਵਿਛੋੜੇ ਨੇ ਹਰਪਾਲ ਨੂੰ ਧੁਰ-ਮਨ ਤੋਂ ਝੰਜੋੜ ਕੇ ਰੱਖ ਦਿੱਤਾ। ਉਸ ਨੂੰ ਜਾਣਨ ਵਾਲੇ ਉਹਦੀ ਹਾਲਤ ਵੇਖ ਕੇ ਭਾਵੁਕ ਹੋਣੋਂ ਨਾ ਰਹਿ ਸਕਦੇ। ਜੀਵਨ ਸਾਥਣ ਦੇ ਸਾਥ ਛੱਡ ਜਾਣ ਤੋਂ ਬਾਅਦ ਹਰਪਾਲ ਨੂੰ ‘ਆਪਣੇ ਘਰ’ ਨਾਲ ਏਨਾ ਮੋਹ ਜਾਗ ਆਇਆ ਕਿ ਉਸ ਦਾ ਇੱਕ ਦੋ ਦਿਨ ਉਸ ਘਰੋਂ ਬਾਹਰ ਰਹਿਣਾ ਔਖਾ ਹੋ ਜਾਂਦਾ। ਬੇਸ਼ੱਕ ਬੱਚੇ ਹਰ ਦੂਜੇ ਚੌਥੇ ਗੱਲ ਕਰਦੇ ਤੇ ਲੋੜਾਂ ਬਾਰੇ ਪੁੱਛਦੇ, ਪਰ ਹਰਪਾਲ ਲਈ ਤਾਂ ਆਪਣੀ ਪੈਨਸ਼ਨ ਹੀ ਖਰਚਿਆਂ ਤੋਂ ਵੱਧ ਸੀ। ਉਸ ਦੇ ਖਰਚੇ ਬੜੇ ਸੰਕੋਚਵੇਂ ਜਿਹੇ ਸਨ। ਕੋਈ ਨਸ਼ਾ ਉਸ ਦੇ ਘਰ ਦੀ ਦਹਿਲੀਜ਼ ਨਹੀਂ ਸੀ ਟੱਪਦਾ। ਸਿਹਤ ਪੱਖੋਂ ਠੀਕ ਠਾਕ ਹੋਣ ਕਰਕੇ ਦਵਾਈਆਂ ਦੇ ਬਿੱਲ ਤੋਂ ਰਾਹਤ ਸੀ। ਉਹ ਤਾਂ ਪਹਿਲਾਂ ਵੀ ਹਵਾਈ ਟਿਕਟਾਂ ਲਈ ਬੱਚਿਆਂ ਉਤੇ ਬੋਝ ਨਹੀਂ ਸੀ ਪਾਉਂਦੇ ਹੁੰਦੇ। ਮੰਨਤ ਦੇ ਜਾਣ ਬਾਅਦ ਹਰਪਾਲ ਨੂੰ ਪਹਿਲੀ ਔਖਿਆਈ ਖਾਣੇ ਦੀ ਮਹਿਸੂਸ ਹੋਈ ਸੀ, ਪਰ ਛੇਤੀ ਹੀ ਹੱਲ ਹੋ ਗਈ। ਕਿਸੇ ਦੀ ਰਸੋਈ ਸੰਭਾਲਦੀ ਮਾਲਾ ਦੀ ਦੱਸ ਪਈ ਤਾਂ ਹਰਪਾਲ ਨੇ ਕੁਝ ਦਿਨ ਸੰਭਾਲ ਲਈ ਆਈ ਹੋਈ ਆਪਣੀ ਭਾਣਜੀ ਨੂੰ ਭੇਜ ਕੇ ਉਸ ਨੂੰ ਘਰੇ ਸੱਦ ਲਿਆ। ਮਾਲਾ ਨੇ ਸਾਰੇ ਕੰਮ ਸਮਝ ਲਏ ਤੇ ਉਨ੍ਹਾਂ ਦੇ ਆਧਾਰ ’ਤੇ ਤਨਖਾਹ ਤੈਅ ਕਰਕੇ ਸਾਲ ਦੀਆਂ ਵੀਹ ਛੁੱਟੀਆਂ ਦੀ ਸ਼ਰਤ ਮੰਨਵਾ ਲਈ।

ਮਾਲਾ ਨੂੰ ਉੱਥੇ ਕੰਮ ਕਰਦਿਆਂ ਸਾਢੇ ਚਾਰ ਸਾਲ ਹੋ ਗਏ ਸੀ। ਉਹ ਸਾਲ ਵਿੱਚ ਵੀਹਾਂ ਦੀ ਥਾਂ ਮਸੀਂ ਚਾਰ ਪੰਜ ਛੁੱਟੀਆਂ ਕਰਦੀ, ਪਰ ਕਦੇ ਵੀ ਛੁੱਟੀਆਂ ਵਾਲੇ ਵਾਧੂ ਪੈਸੇ ਨਾ ਮੰਗੇ ਤੇ ਨਾ ਕਦੇ ਇਸ ਦਾ ਅਹਿਸਾਨ ਜਤਾਇਆ। ਸਵੇਰ ਦੀ ਚਾਹ ਹਰਪਾਲ ਆਪ ਬਣਾ ਲੈਂਦਾ। ਘੰਟਾ ਕੁ ਸੈਰ ਕਰਕੇ ਮੁੜਦਾ ਤਾਂ ਤਿੰਨ ਚਾਰ ਅਖ਼ਬਾਰਾਂ ਉਸ ਦੇ ਮੇਲ ਬੌਕਸ ਵਿੱਚ ਪਈਆਂ ਹੁੰਦੀਆਂ। ਹਲਕੇ ਫਲ-ਫਰੂਟ ਪਲੇਟ ਵਿੱਚ ਪਾ ਕੇ ਉਹ ਆਰਾਮ ਕੁਰਸੀ ਮੱਲਦਾ ਤੇ ਅਖ਼ਬਾਰਾਂ ਵਿੱਚ ਖੁੱਭ ਜਾਂਦਾ। ਇਸੇ ਦੌਰਾਨ ਮਾਲਾ ਆਉਂਦੀ, ਉਸ ਤੋਂ ਸਵੇਰ, ਦੁਪਹਿਰ ਤੇ ਰਾਤ ਦੇ ਖਾਣੇ ਦੀ ਪਸੰਦ ਪੁੱਛਦੀ ਤੇ ਰਸੋਈ ਵਿੱਚ ਆਪਣੇ ਕੰਮ ਲੱਗ ਜਾਂਦੀ। ਡੇਢ ਦੋ ਘੰਟਿਆਂ ਵਿੱਚ ਉਹ ਸਾਰੇ ਕੰਮ ਮੁਕਾ ਲੈਂਦੀ ਤੇ ਜਾਣ ਮੌਕੇ ਤਿਆਰ ਕੀਤੇ ਖਾਣੇ ਦੀ ਹਰ ਚੀਜ਼ ਹਰਪਾਲ ਨੂੰ ਵਿਖਾ ਅਤੇ ਸਮਝਾ ਜਾਂਦੀ। ਕਦੇ ਉਸ ਨੂੰ ਕਿਸੇ ਲੋੜ ਖਾਤਰ ਪੇਸ਼ਗੀ ਦੀ ਜ਼ਰੂਰਤ ਪੈਂਦੀ ਤਾਂ ਬਿਨਾਂ ਝਿਜਕ ਹਰਪਾਲ ਨੂੰ ਕਹਿ ਦਿੰਦੀ। ਹਰਪਾਲ ਥੋੜ੍ਹਾ ਸੋਚਦਾ ਤੇ ਮੰਗੀ ਹੋਈ ਰਕਮ ਮਾਲਾ ਦੇ ਹੱਥ ਰੱਖ ਦਿੰਦਾ। ਮਾਲਾ ਜਦੋਂ ਤੋਂ ਉਸ ਦੇ ਘਰ ਕੰਮ ’ਤੇ ਆਈ ਸੀ, ਉਸ ਨੂੰ ਅੱਪਾ ਜੀ ਕਹਿ ਕੇ ਸੰਬੋਧਨ ਕਰਦੀ ਸੀ। ਉਸ ਨੇ ਸ਼ਾਇਦ ਸ਼ਬਦ ਪਾਪਾ ਨੂੰ ਅੱਪਾ ਬਣਾ ਲਿਆ ਸੀ ਜਾਂ ਕਿਸੇ ਪ੍ਰਤੀ ਅਪਣੱਤ ਜਤਾਉਣ ਲਈ ਜੁੜ ਗਿਆ, ਇਸ ਬਾਰੇ ਹਰਪਾਲ ਨੇ ਕਦੇ ਨਹੀਂ ਸੀ ਸੋਚਿਆ। ਉਸ ਨੂੰ ਪਤਾ ਸੀ ਕਿ ਬੋਲੀ ਚਾਹੇ ਕੋਈ ਵੀ ਹੋਵੇ, ਉਸ ਦੇ ਉਚਾਰਨ ਵਿੱਚ ਹਰ 12 ਕੋਹ ਬਾਅਦ ਫਰਕ ਆ ਜਾਂਦਾ।

ਸਮਾਂ ਆਪਣੀ ਚਾਲੇ ਚੱਲੀ ਜਾ ਰਿਹਾ ਸੀ। ਕਦੇ ਅਮਰੀਕਾ ਤੋਂ ਬੱਚੇ ਛੁੱਟੀਆਂ ਕੱਟਣ ਆ ਜਾਂਦੇ ਤਾਂ ਬੇਸ਼ੱਕ ਮਾਲਾ ਘਰ ਦੀ ਸਫ਼ਾਈ ਵਗੈਰਾ ਤੇ ਹੋਰ ਕੰਮ ਕਰਦੀ, ਪਰ ਰਸੋਈ ਵਿੱਚੋਂ ਉਸ ਦੀ ਛੁੱਟੀ ਹੋ ਜਾਂਦੀ। ਫਿਰ ਵੀ ਹਰਪਾਲ ਨੇ ਉਸ ਦੀ ਤਨਖਾਹ ਨੂੰ ਕੱਟ ਲਾਉਣ ਬਾਰੇ ਕਦੇ ਨਾ ਸੋਚਿਆ। ਉਂਜ ਉਨ੍ਹਾਂ ਦਿਨਾਂ ਵਿੱਚ ਮਾਲਾ ਕੰਮ ਪੱਖੋਂ ਵੀ ਕਸਰ ਨਹੀਂ ਸੀ ਰਹਿਣ ਦਿੰਦੀ। ਰਸੋਈ ਵਾਲਾ ਸਮਾਂ ਉਹ ਸਫ਼ਾਈਆਂ ਤੇ ਹੋਰ ਕੰਮਾਂ ਉਤੇ ਲਾ ਦਿੰਦੀ। ਘਰ ਨੂੰ ਚਮਕਾ ਕੇ ਰੱਖਣਾ ਆਪਣਾ ਫਰਜ਼ ਸਮਝਦੀ। ਇੰਜ ਸਾਲ ਚੜ੍ਹਦੇ ਤੇ ਲੰਘਦੇ ਰਹੇ। ਸਾਰਾ ਕੁਝ ਠੀਕ ਠਾਕ ਚੱਲਦਾ ਰਿਹਾ। ਬੱਚੇ ਆਉਂਦੇ ਤੇ ਮਹੀਨਾ ਦੋ ਮਹੀਨੇ ਰਹਿ ਕੇ ਵਾਪਸ ਅਮਰੀਕਾ ਚਲੇ ਜਾਂਦੇ। ਉਨ੍ਹਾਂ ਦੇ ਆਇਆਂ ਹਰਪਾਲ ਕਾਫ਼ੀ ਰੁੱਝਿਆ ਰਹਿੰਦਾ, ਪਰ ਉਸ ਨੂੰ ਇਸ ਰੁਝੇਵੇਂ ’ਚੋਂ ਵੱਖਰੀ ਤਰ੍ਹਾਂ ਦੀ ਤਸੱਲੀ ਮਹਿਸੂਸ ਹੁੰਦੀ। ਬੱਚਿਆਂ ਦੇ ਕੰਮ ਕਰਦਿਆਂ ਉਸ ਨੂੰ ਖੁਸ਼ੀ ਹੁੰਦੀ। ਮੰਨਤ ਦੀ ਬਰਸੀ ਆਉਂਦੀ, ਹਰਪਾਲ ਕੁਝ ਦਿਨ ਪਹਿਲਾਂ ਤੋਂ ਤਿਆਰੀਆਂ ਆਰੰਭ ਦਿੰਦਾ। ਮੰਨਤ ਦਾ ਜਨਮ ਦਿਨ ਆਉਂਦਾ ਤਾਂ ਹਰ ਵਾਰ ਉਹ ਕਾਲੋਨੀ ਵਾਲੇ ਸਕੂਲ ਜਾ ਕੇ ਬੱਚਿਆਂ ਨੂੰ ਮਿਠਾਈਆਂ ਵੰਡ ਕੇ ਆਉਂਦਾ। ਹਰ ਸਾਲ ਉਹ ਵਿਹਲੀਆਂ ਥਾਵਾਂ ਉਤੇ ਮੰਨਤ ਦੇ ਨਾਂ ਉਤੇ ਛਾਂਦਾਰ ਰੁੱਖਾਂ ਦੇ ਪੰਜ ਬੂਟੇ ਲਾਉਂਦਾ, ਉਨ੍ਹਾਂ ਦੇ ਗਿਰਦ ਜੰਗਲੇ ਲਵਾ ਦਿੰਦਾ ਤੇ ਵੱਡੇ ਹੋਣ ਤੱਕ ਪਾਣੀ ਪਵਾਉਣ ਦੇ ਪ੍ਰਬੰਧ ਕਰਵਾਉਂਦਾ। ਜੰਗਲੇ ਤੇ ਲਿਖਿਆ ‘ਮੰਨਤ’ ਸ਼ਬਦ ਰੁੱਖਾਂ ਦੀ ਸੰਭਾਲ ਦੇ ਰਾਸ ਆਉਂਦਾ। ਮੰਨਤ ਬਾਰੇ ਲੋਕਾਂ ਦੇ ਮਨਾਂ ਵਿੱਚ ਵੱਖਰੀ ਤਰ੍ਹਾਂ ਦਾ ਪ੍ਰਭਾਵ ਹੋਣ ਕਾਰਨ ਉਹ ਜੰਗਲੇ ਨੂੰ ਨਾ ਛੇੜਦੇ। ਕਈ ਤਾਂ ਉਨ੍ਹਾਂ ਰੁੱਖਾਂ ਵੱਲ ਹੱਥ ਜੋੜ ਕੇ ਲੰਘਦੇ। ਥੋੜ੍ਹੇ ਸਾਲਾਂ ਵਿੱਚ ਹੀ ਕਾਲੋਨੀ ਵਿਚਲੇ ਛਾਂਦਾਰ ਰੁੱਖਾਂ ਦੀ ਗਿਣਤੀ ਕਾਫ਼ੀ ਹੋ ਗਈ ਸੀ।

ਅਸੂਲੀ ਅਤੇ ਸੱਚਾ-ਸੁੱਚਾ ਇਨਸਾਨ ਹੋਣ ਕਰਕੇ ਬਹੁਤੇ ਲੋਕਾਂ ਨਾਲ ਹਰਪਾਲ ਸਿੰਘ ਦੀ ਦੋਸਤੀ ਲੰਮਾ ਸਮਾਂ ਨਹੀਂ ਸੀ ਨਿਭਦੀ। ਉਹ ਫਜ਼ੂਲ ਦੀਆਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ। ਉਸ ਦੀ ਦੋਸਤ ਸੂਚੀ ਵਿੱਚ ਬਹੁਤੀ ਦੇਰ ਉਹੀ ਟਿਕੇ ਰਹਿੰਦੇ, ਜੋ ਸਾਰਥਕ ਗੱਲਾਂ ਕਰਨ ਅਤੇ ਕਿਸੇ ਦੀ ਬੁਰਾਈ ਦੀ ਥਾਂ ਚੰਗਾਈ ਬਾਰੇ ਸੋਚਣ ਵਾਲੇ ਹੁੰਦੇ। ਉਸ ਦਾ ਬਹੁਤਾ ਧਿਆਨ ਨਵੀਆਂ ਤੇ ਰੌਚਿਕ ਜਾਣਕਾਰੀਆਂ ਵੱਲ ਰਹਿੰਦਾ। ਸਿਆਸਤਦਾਨਾਂ ਨੂੰ ਉਹ ਅਕਸਰ ਧੋਖੇਬਾਜ਼ ਕਹਿੰਦਾ। ਸੁਹਿਰਦ ਦੋਸਤਾਂ ਵਿੱਚੋਂ ਅਕਸਰ ਕੋਈ ਨਾ ਕੋਈ ਉਸ ਦੇ ਘਰ ਆਇਆ ਰਹਿੰਦਾ ਤੇ ਘੰਟਿਆਂ ਬੱਧੀ ਮਹਿਫਲ ਸੱਜਦੀ। ਸਾਰੇ ਦੋਸਤ ਹਰਪਾਲ ਸਿੰਘ ਦਾ ਰੱਜ ਕੇ ਸਨਮਾਨ ਕਰਦੇ। ਗੁਣਾਂ ਪੱਖੋਂ ਉਹ ਸਾਰੇ ਸਨਮਾਨਾਂ ਦਾ ਹੱਕਦਾਰ ਵੀ ਸੀ।

ਇੱਕ ਦਿਨ ਮਾਲਾ ਆਮ ਤੋਂ ਥੋੜ੍ਹੀ ਦੇਰੀ ਨਾਲ ਆਈ। ਸਾਰਾ ਕੰਮ ਉਸ ਨੇ ਤੇਜ਼ੀ ਨਾਲ ਮੁਕਾ ਲਿਆ। ਉਸ ਨੇ ਬ੍ਰੇਕਫਾਸਟ ਪਰੋਸਿਆ ਤੇ ਆਵਾਜ਼ ਲਾਈ, “ਅੱਪਾ ਜੀ ਬ੍ਰੇਕਫਾਸਟ ਲਗਾ ਦੀਆ ਹੈ, ਅਖ਼ਬਾਰ ਛੋੜੋ ਔਰ ਇਧਰ ਬੈਠ ਕਰ ਨਾਸ਼ਤਾ ਕਰ ਲੋ, ਨਹੀਂ ਤੋ ਠੰਢਾ ਹੋ ਜਾਏਗਾ।’’

ਹਰਪਾਲ ਨੇ ਅਖ਼ਬਾਰਾਂ ਦੀਆਂ ਤਹਿਆਂ ਲਾਈਆਂ ਤੇ ਮੇਜ਼ ਉਤੇ ਟਿਕਾ ਕੇ ਉੱਪਰ ਪੇਪਰ-ਵੇਟ ਰੱਖ ਦਿੱਤਾ। ਖਾਣੇ ਵਾਲੇ ਟੇਬਲ ’ਤੇ ਬੈਠ ਉਸ ਨੇ ਦੋ ਪਰੌਂਠੇ ਆਪਣੀ ਪਲੇਟ ਵਿੱਚ ਰੱਖ ਲਏ। ਪਰੌਂਠਿਆਂ ਨਾਲ ਖਾਸਾ ਦਹੀਂ ਛਕਣ ਵਾਲੀ ਉਸ ਦੀ ਆਦਤ ਦਾ ਮਾਲਾ ਨੂੰ ਪਤਾ ਸੀ, ਵੱਡਾ ਕੌਲਾ ਭਰਿਆ ਹੋਇਆ ਸੀ। ਕਾਲੀ ਮਿਰਚ, ਨਮਕ ਤੇ ਨਿੰਬੂ ਦਾ ਅਚਾਰ ਕੋਲ ਪਿਆ ਸੀ। ਉਸ ਨੇ ਭਾਫ਼ ਛੱਡਦੇ ਉੱਪਰਲੇ ਪਰੌਂਠੇ ਨੂੰ ਠੰਢਾ ਕਰਨ ਲਈ ਅੱਧ ਤੱਕ ਦੋਫਾੜ ਕੀਤਾ। ਵੱਖਰੀ ਤਰ੍ਹਾਂ ਦੀ ਖੁਸ਼ਬੋਅ ਨੇ ਉਸ ਨੂੰ ਨਸ਼ਿਆ ਦਿੱਤਾ। ਹਰਪਾਲ ਨੂੰ ਵੀਹ ਤੀਹ ਸਾਲ ਪਹਿਲਾਂ ਵਾਲੇ ਦਿਨ ਯਾਦ ਆਏ। ਮੰਨਤ ਦੇ ਹੱਥਾਂ ਦੇ ਬਣਾਏ ਆਲੂ-ਗੋਭੀ ਵਾਲੇ ਪਰੌਂਠਿਆਂ ਦੀ ਖੁਸ਼ਬੋਈ ਉਸ ਦੇ ਨੱਕ ਨੂੰ ਚੜ੍ਹ ਗਈ। ਅਨੰਦਿਤ ਅਵਸਥਾ ਕਾਰਨ ਉਸ ਦੀਆਂ ਅੱਖਾਂ ਬਦੋ-ਬਦੀ ਮੀਟੀਆਂ ਗਈਆਂ। ਦੁਫਾੜ ਕੀਤਾ ਪਰੌਂਠਾ ਠੰਢਾ ਹੋ ਗਿਆ ਸੀ। ਪਿਛਲੇ ਕਮਰਿਆਂ ਦੀ ਝਾੜ-ਪੂੰਝ ਕਰਕੇ ਆਈ ਮਾਲਾ ਦਾ ਧਿਆਨ ਅੱਪਾ ਜੀ ਵੱਲ ਗਿਆ ਤਾਂ ਉਹ ਹੈਰਾਨ ਹੋਈ। ਪਹਿਲਾਂ ਤਾਂ ਉਸ ਨੂੰ ਸਮਝ ਹੀ ਨਾ ਆਇਆ ਕਿ ਸਰਦਾਰ ਜੀ ਨੂੰ ਹੋ ਕੀ ਗਿਆ। ਉਸ ਨੇ ਆਵਾਜ਼ ਮਾਰਨ ਦੀ ਥਾਂ ਰਸੋਈ ਵਿੱਚੋਂ ਵੱਡਾ ਸਾਰਾ ਕੌਲਾ ਲਿਆ ਕੇ ਹੇਠਾਂ ਸੁੱਟਿਆ ਟੰਨ ਦੀ ਤਿੱਖੀ ਆਵਾਜ਼ ਨੇ ਮਾਸਟਰ ਜੀ ਨੂੰ ਅਨੰਦਿਤ ਨੀਂਦ ’ਚੋਂ ਜਗਾਇਆ। ਹੱਥ ਗਰਾਹੀਆਂ ਤੋੜਨ ਲੱਗ ਪਏ। ਦਹੀਂ ਪਹਿਲਾਂ ਤੋਂ ਵੱਧ ਸਵਾਦੀ ਲੱਗ ਰਿਹਾ ਸੀ। ਆਲੂ ਵਾਲੇ ਪਰੌਂਠਿਆਂ ਵਿੱਚੋਂ ਉਸ ਨੂੰ ਪਨੀਰ ਤੇ ਮੂਲੀਆਂ ਦਾ ਸਵਾਦ ਵੀ ਆ ਰਿਹਾ ਸੀ। ਉਹ ਹਰ ਬੁਰਕੀ ਨੂੰ ਚਿੱਥ ਚਿੱਥ ਕੇ ਖਾਣ ਲੱਗਾ ਤਾਂ ਕਿ ਉਨ੍ਹਾਂ ਵਿੱਚੋਂ ਆ ਰਹੇ ਸਵਾਦ ਨੂੰ ਦੇਰ ਤੱਕ ਮਾਣਿਆ ਜਾ ਸਕੇ। ਉਸ ਨੂੰ ਅੱਜ ਕੀਤੇ ਜਾਣ ਵਾਲੇ ਸਾਰੇ ਕੰਮ ਭੁੱਲ ਗਏ ਸਨ।

ਮਾਲਾ ਨੂੰ ਪਤਾ ਸੀ ਕਿ ਸਰਦਾਰ ਜੀ ਦਾ ਪੇਟ ਦੋ ਪਰੌਂਠਿਆਂ ਨਾਲ ਭਰ ਜਾਂਦਾ, ਪਰ ਉਹ ਹਮੇਸ਼ਾਂ ਇੱਕ ਪਰੌਂਠਾ ਜਾਂ ਫੁਲਕਾ ਵੱਧ ਬਣਾਉਂਦੀ। ਉਹ ਅਜੇ ਸੋਚ ਈ ਰਹੀ ਸੀ ਕਿ ਦੋ ਪਰੌਂਠੇ ਖਤਮ ਕਰਦਿਆਂ ਅੱਪਾ ਜੀ ਨੇ 15-20 ਮਿੰਟ ਕਿਉਂ ਲਾ ਦਿੱਤੇ। ਤਦੇ ਆਵਾਜ਼ ਆਈ, ‘‘ਮਾਲਾ ਹੋਰ ਪਰੌਂਠਾ ਹੈ ਕੋਈ?’’

“ਲੇ ਆਈ ਜੀ, ਏਕ ਔਰ ਬਨਾ ਹੂਆ ਹੈ। ਕਹਿਤੇ ਹੋ ਤੋ ਔਰ ਬਨਾ ਦੂੰ ?”

ਮਾਲਾ ਨੇ ਹੋਰ ਬਣਾਉਣ ਬਾਰੇ ਕਹਿ ਤਾਂ ਦਿੱਤਾ, ਪਰ ਬਾਅਦ ਵਿੱਚ ਸੋਚਿਆ ਕਿ ਹੋਰ ਬਣਾਉਣ ਲਈ ਤਾਂ ਆਲੂ ਫਿਰ ਤੋਂ ਉਬਾਲਣੇ ਪੈਣੇ ਸਨ।

“ਨਹੀਂ ਮਾਲਾ ਏਕ ਹੀ ਕਾਫ਼ੀ ਹੈ, ਯਹ ਭੀ ਸਵਾਦ ਕੀ ਵਜ੍ਹਾ ਸੇ ਖਾ ਰਹਾ ਹੂੰ, ਨਹੀਂ ਤੋਂ ਪੇਟ ਤੋਂ ਭਰ ਗਿਆ ਹੈ।’’

ਮਾਲਾ ਆਪਣੇ ਕੰਮ ਨਿਪਟਾ ਕੇ ਜਾਣ ਤੋਂ ਪਹਿਲਾਂ ਵਾਰ ਵਾਰ ਮਾਸਟਰ ਜੀ ਵੱਲ ਵੇਖ ਰਹੀ ਸੀ। ਲੱਗਦਾ ਸੀ ਕਿ ਉਹ ਕੁਝ ਕਹਿਣਾ ਚਾਹੁੰਦੀ ਹੋਵੇ, ਪਰ ਕਹਿਣ ਲਈ ਉਹ ਚੰਗਾ ਮੌਕਾ ਵੇਖ ਰਹੀ ਹੋਵੇ। ਮਾਸਟਰ ਜੀ ਨੇ ਵੀ ਨੋਟ ਕਰ ਲਿਆ ਕਿ ਸਾਰੇ ਕੰਮ ਤਾਂ ਮਾਲਾ ਨੇ ਨਿਪਟਾ ਲਏ ਹਨ, ਪਰ ਸ਼ਾਇਦ ਉਸ ਨੂੰ ਅੱਜ ਹੋਰ ਕਿਸੇ ਦੇ ਘਰ ਦੀ ਦੇਰੀ ਦਾ ਖਿਆਲ ਨਹੀਂ ਸਤਾ ਰਿਹਾ। ਉਸ ਨੇ ਆਪ ਹੀ ਪੁੱਛ ਲਿਆ।

“ਮਾਲਾ, ਕਿਆ ਦੁਪਹਿਰ ਕੇ ਕਾਮ ਵਾਲੋਂ ਕੇ ਘਰ ਦੇਰ ਨਹੀਂ ਹੋ ਰਹੀ। ਕਿਆ ਵਹ ਕਹੀਂ ਗਏ ਹੂਏ ਹੈਂ?”

“ਨਹੀ ਅੱਪਾ ਜੀ, ਬਾਹਰ ਤੋਂ ਨਹੀਂ ਗਏ ਹੂਏ, ਘਰ ਪਰ ਹੀ ਹੈਂ, ਪਰ ਮੈਂ ਆਪ ਸੇ ਏਕ ਬਾਤ ਕਰਨਾ ਚਾਹ ਰਹੀ ਥੀ, ਉਸੀ ਬਾਤ ਕੇ ਬਾਰੇ ਮੇਂ ਸੋਚ ਰਹੀ ਥੀ, ਕਰੂੰ ਯਾ ਛੋੜ ਦੂੰ।’’ ਮਾਲਾ ਦੀ ਗੱਲ ਨੇ ਮਾਸਟਰ ਜੀ ਦੇ ਮਨ ਦੀਆਂ ਤਰੰਗਾਂ ਥਿਰਕਾ ਦਿੱਤੀਆਂ। ਕਈ ਤਰ੍ਹਾਂ ਦੇ ਸਵਾਲ ਉਸ ਦੇ ਦਿਮਾਗ਼ ਵਿੱਚ ਚੱਕਰ ਕੱਟਣ ਲੱਗੇ। ਉਸ ਦੇ ਮਨ ਵਿੱਚ ਕੁਝ ਉਹ ਚਿੰਤਾਵਾਂ ਵੀ ਉੱਭਰੀਆਂ ਜੋ ਕਦੇ ਉਸ ਦੀ ਸੋਚ ਵਿੱਚ ਤਾਂ ਦੂਰ ਦੀ ਗੱਲ, ਕਦੇ ਸੁਪਨੇ ਵਿੱਚ ਵੀ ਨਹੀਂ ਸੀ ਆਈਆਂ। ਫਿਰ ਵੀ ਹੌਸਲਾ ਜਿਹਾ ਕਰਕੇ ਉਸ ਨੇ ਆਪ ਹੀ ਪੁੱਛ ਲਿਆ।

“ਹਾਂ! ਮਾਲਾ ਜਿਹੜੀ ਗੱਲ ਤੇਰੇ ਮਨ ਵਿੱਚ ਹੈ, ਉਹ ਦੱਸ ਦੇ, ਜੇਕਰ ਤੇਰੇ ਘਰ ਦੀ ਕੋਈ ਸਮੱਸਿਆ ਹੈ ਤਾਂ ਵੀ ਦੱਸ ਸਕਦੀ ਏਂ, ਮੇਰੇ ਤੋਂ ਜੋ ਹੋ ਸਕਿਆ, ਤੈਨੂੰ ਉਸ ਦੇ ਹੱਲ ਬਾਰੇ ਦੱਸ ਦਿਆਂਗਾ।’’

“ਅੱਪਾ ਜੀ ਮੈਂ ਸਮਝਤੀ ਹੂੰ, ਅਭੀ ਪਿਛਲੇ ਮਹੀਨੇ ਆਪਕੇ ਬੱਚੋਂ ਕੇ ਆਨੇ ਸੇ ਆਪਕਾ ਕਾਫ਼ੀ ਖਰਚਾ ਹੋ ਗਯਾ ਹੋਗਾ, ਪੈਸਾ ਭੀ ਪੇੜੋਂ ਕੋ ਥੋੜ੍ਹਾ ਲਗਤਾ ਹੈ, ਇਸੀ ਲੀਏ ਝਿਜਕ ਰਹੀ ਥੀ। ਪਰ ਔਰ ਕਹੂੰ ਭੀ ਤੋਂ ਕਿਸੇ ਕਹੂੰ, ਏਕ ਆਪ ਹੀ ਤੋ ਹੈਂ ਜੋ ਵਕਤ ਪੇ ਕਾਮ ਆਤੇ ਹੋ। ਮੇਰੇ ਕੋ ਬੀਸ ਹਜ਼ਾਰ ਰੁਪਏ ਕੀ ਸਖਤ ਜ਼ਰੂਰਤ ਹੈ, ਔਰ ਚਾਹੀਏ ਭੀ ਕਲ ਕੋ। ਆਪ ਵਿਆਜ ਲੇ ਲੇਨਾ, ਮੈਂ ਏਕ ਸਾਲ ਮੇਂ ਦੋ ਕਿਸ਼ਤੋਂ ਮੇਂ ਵਾਪਸ ਕਰ ਦੂੰਗੀ। ਬਹੁਤ ਸੋਚ ਸਮਝ ਕਰ ਆਪਕੋ ਗੁਹਾਰ ਲਗਾਈ ਹੈ।’’

ਮਾਲਾ ਦੇ ਸਵਾਲ ਨੇ ਮਾਸਟਰ ਜੀ ਨੂੰ ਸੋਚੀਂ ਪਾ ਦਿੱਤਾ। ਉਹ ਕਾਫ਼ੀ ਦੇਰ ਸੋਚਦਾ ਰਿਹਾ, ਵੱਡੀ ਰਕਮ ਤੇ ਉਹ ਵੀ ਘਰੇਲੂ ਕੰਮ ਵਾਲੀ ਉਸ ਔਰਤ ਨੂੰ, ਜਿਸ ਦੇ ਅੱਗੇ ਪਿੱਛੇ ਬਾਰੇ ਵੀ ਬਹੁਤਾ ਪਤਾ ਨਹੀਂ। ਉਸ ਨੇ ਕਿੰਨੇ ਸਾਰੇ ਸਵਾਲ ਆਪਣੇ ਆਪ ਨੂੰ ਕਰ ਲਏ। ਆਖਰ ਉਸ ਨੇ ਕੱਲ੍ਹ ਤੱਕ ਇੰਤਜ਼ਾਮ ਕਰਨ ਦਾ ਲਾਰਾ ਲਾ ਕੇ ਮਾਲਾ ਨੂੰ ਤੋਰ ਦਿੱਤਾ, ਪਰ ਸਵਾਲਾਂ ਦੇ ਜਵਾਬ ਬਾਰੇ ਆਪਣੇ ਮਨ ਨਾਲ ਬਹਿਸ ਕਰਨ ਲੱਗ ਪਿਆ। ਉਹ ਅਜੇ ਮਾਲਾ ਦੀ ਸਖ਼ਤ ਲੋੜ ਬਾਰੇ ਸੋਚ ਕੇ ਮਦਦ ਵਾਲਾ ਪੱਲੜਾ ਭਾਰੀ ਕਰਨ ਹੀ ਲੱਗਦਾ ਸੀ ਕਿ ਦੋ ਮਹੀਨੇ ਪਹਿਲਾਂ ਉਸ ਵੱਲੋਂ ਪਾਲਾ ਸਿੰਘ ਨੂੰ ਇਸ ਦੇ ਉਲਟ ਦਿੱਤੀ ਸਲਾਹ ਯਾਦ ਆ ਜਾਂਦੀ। ਉਹ ਮਾਲਾ ਨੂੰ ਪਿਛਲੇ ਸਾਲਾਂ ਵਿੱਚ ਦਿੱਤੀ ਮਦਦ ਬਾਰੇ ਸੋਚਦਾ। ਪਰ ਉਸ ਨੇ ਕਦੇ ਦੋ ਤਿੰਨ ਹਜ਼ਾਰ ਤੋਂ ਵੱਧ ਲਏ ਨਹੀਂ ਸੀ। ਹਰ ਵਾਰ ਉਹ ਮਿੱਥੇ ਸਮੇਂ ਰਕਮ ਮੋੜ ਦਿੰਦੀ ਰਹੀ। ਇਸ ਵਾਰ ਉਸ ਨੂੰ ਮਾਲਾ ਦੀ ਨੀਅਤ ਸੋਚਣ ਲਈ ਓਨਾ ਮਜਬੂਰ ਨਹੀਂ ਸੀ ਕਰ ਰਹੀ, ਜਿੰਨਾ ਉਹ ਵੱਡੀ ਰਕਮ ਅਤੇ ਉਹ ਵੀ ਬਿਨਾਂ ਕਾਰਨ ਦੱਸੇ ਬਾਰੇ ਸੋਚ ਰਿਹਾ ਸੀ। ਮਾਲਾ ਦੇ ਪੁੱਤ ਧੀਆਂ ਐਨੇ ਵੱਡੇ ਨਹੀਂ ਸੀ ਕਿ ਉਸ ਨੇ ਉਨ੍ਹਾਂ ਦਾ ਕੋਈ ਕਾਰਜ ਕਰਨਾ ਹੋਵੇ। ਅੱਧੀ ਰਾਤ ਤੱਕ ਮਾਸਟਰ ਜੀ ਦੇ ਦਿਮਾਗ਼ ਵਿੱਚ ਕਈ ਤਰ੍ਹਾਂ ਦੇ ਸਵਾਲਾਂ ਦੇ ਘੋੜੇ ਦੌੜਦੇ ਰਹੇ, ਪਰ ਉਹ ਕਿਸੇ ਨਤੀਜੇ ’ਤੇ ਨਹੀਂ ਸੀ ਪਹੁੰਚਿਆ ਕਿ ਨੀਂਦ ਨੇ ਆ ਕੇ ਬੁੱਕਲ ਵਿੱਚ ਲਪੇਟ ਲਿਆ।

ਰਾਤ ਨੂੰ ਦੇਰ ਨਾਲ ਸੌਣ ਕਾਰਨ ਮਾਸਟਰ ਜੀ ਦੀ ਜਾਗ ਥੋੜ੍ਹੀ ਦੇਰੀ ਨਾਲ ਖੁੱਲ੍ਹੀ। ਸੂਰਜ ਥੋੜ੍ਹਾ ਉੱਪਰ ਆਇਆ ਹੋਣ ਕਰਕੇ ਉਹ ਸੈਰ ਜਾਣ ਤੋਂ ਘੌਲ ਕਰ ਗਏ ਤੇ ਰਸੋਈ ਵਿੱਚ ਜਾ ਕੇ ਚਾਹ ਦਾ ਪਾਣੀ ਰੱਖ ਦਿੱਤਾ। ਮਾਲਾ ਦੇ ਕੱਲ੍ਹ ਵਾਲੇ ਸਵਾਲ ਦਾ ਭਾਰ ਮਨ ਤੋਂ ਲਾਹੁਣ ਲਈ ਮਾਸਟਰ ਜੀ ਨੇ ਰੋਜ਼ ਵਾਂਗ ਚਾਹ ਨੂੰ ਗਾੜ੍ਹੀ ਕਰਨ ਲਈ ਪੱਤੀ ਦੇ ਇੱਕ ਚਮਚੇ ਦੀ ਥਾਂ ਡੇਢ ਤੋਂ ਵੀ ਵੱਧ ਉਲੱਦ ਦਿੱਤਾ ਤੇ ਦੁੱਧ ਵੀ ਆਮ ਤੋਂ ਜ਼ਿਆਦਾ ਪਾਇਆ। ਉਸ ਨੂੰ ਯਾਦ ਆਇਆ, ਉਸ ਦੀ ਦਾਦੀ ਜੀ ਇਹੋ ਜਿਹੀ ਚਾਹ ਨੂੰ ਕਾਨੇ ਗੱਡਵੀਂ ਕਿਹਾ ਕਰਦੇ ਸੀ। ਦਾਦੀ ਨੂੰ ਯਾਦ ਕਰਕੇ ਮਾਸਟਰ ਜੀ ਨੂੰ ਕਈ ਕੁਝ ਯਾਦ ਆਉਣ ਲੱਗਾ। ਦਾਦੀ ਦੀਆਂ ਕਈ ਨਸੀਹਤਾਂ ਉਨ੍ਹਾਂ ਨੂੰ ਯਾਦ ਆਈਆਂ। ਚਾਹ ਦੀਆਂ ਚੁਸਕੀਆਂ ’ਚੋਂ ਉਨ੍ਹਾਂ ਨੂੰ ਵੱਖਰਾ ਜਿਹਾ ਆਨੰਦ ਮਹਿਸੂਸ ਹੋਣ ਲੱਗ ਪਿਆ। ਥੋੜ੍ਹੀ ਦੇਰ ਲਈ ਮਾਸਟਰ ਜੀ ਦੇ ਮਨ ’ਚੋਂ ਮਾਲਾ ਵਾਲੀ ਮੰਗ ਵਿਸਰ ਗਈ। ਚਾਹ ਪੀਂਦੇ ਹੋਏ ਉਨ੍ਹਾਂ ਖਿੜਕੀ ਦੇ ਸ਼ੀਸ਼ੇ ’ਚੋਂ ਬਾਹਰਲੇ ਗੇਟ ਦੇ ਉਪਰੋਂ ਦੀ ਅਖ਼ਬਾਰਾਂ ਦਾ ਬੰਡਲ ਡਿੱਗਦਾ ਵੇਖ ਲਿਆ। ਕੱਪ ਖਾਲੀ ਕਰਕੇ ਉਹ ਬੰਡਲ ਚੁੱਕ ਲਿਆਏ ਤੇ ਉਨ੍ਹਾਂ ਨੂੰ ਪਤਾ ਈ ਨਾ ਲੱਗਾ ਕਦੋਂ ਘੜੀ ਦੀ ਘੰਟਿਆਂ ਵਾਲੀ ਸੂਈ ਨੇ ਟਿੱਕ ਟਿੱਕ ਕਰਦਿਆਂ ਇੱਕ ਛੜੱਪਾ ਮਾਰ ਲਿਆ ਸੀ। ਤਦੇ ਗੇਟ ਵਾਲੀ ਘੰਟੀ ਨੇ ਕਿਸੇ ਦੇ ਆਉਣ ਬਾਰੇ ਸੁਚੇਤ ਕਰਦਿਆਂ ਉਸ ਦੀ ਸੁਰਤ ਭੰਗ ਕੀਤੀ।

ਦਰਵਾਜ਼ੇ ਮੂਹਰੇ ਮਾਲਾ ਖੜ੍ਹੀ ਸੀ। ਮਾਲਾ ਨੂੰ ਵੇਖ ਕੇ ਮਾਸਟਰ ਜੀ ਨੂੰ ਆਪਣੇ ਆਪ ਈ ਲੱਗਿਆ ਕਿ ਉਸ ਨੂੰ ਪਹਿਲਾਂ ਤੋਂ ਕਾਫ਼ੀ ਵੱਖਰਾ ਮਹਿਸੂਸ ਹੋ ਰਿਹਾ ਸੀ। ਫਿਰ ਵੀ ਉਹ ਮਾਲਾ ਨੂੰ ਸੁੱਖ ਸਾਂਦ ਤੇ ਬੱਚਿਆਂ ਦੇ ਹਾਲ ਚਾਲ ਬਾਰੇ ਪੁੱਛਣ ਤੋਂ ਨਾ ਉੱਕੇ। ਆਉਂਦੇ ਸਾਰ ਮਾਲਾ ਤਾਂ ਰਸੋਈ ਵਿੱਚ ਕੰਮ ਲੱਗ ਗਈ, ਪਰ ਅਖ਼ਬਾਰਾਂ ਸਾਂਭ ਕੇ ਪਾਸੇ ਰੱਖਦਿਆਂ ਮਾਸਟਰ ਜੀ ਦੇ ਚੇਤਿਆਂ ’ਚੋਂ ਉਹ ਸਾਰੇ ਲੋਕ ਵਾਰੀ ਵਾਰੀ ਆਉਣ ਲੱਗ ਪਏ, ਜਿਨ੍ਹਾਂ ਨੇ ਇਸੇ ਤਰ੍ਹਾਂ ਉਸਤੋਂ ਰਕਮਾਂ ਉਧਾਰ ਲਈਆਂ ਸੀ। ਪੈਂਦੀ ਸੱਟੇ ਚੇਤੇ ’ਚੋਂ ਉਸ ਦੇ ਮਾਮੇ ਦਾ ਪੁੱਤ ਉੱਭਰਿਆ। ਉਸ ਦੀ ਧੀ ਦੇ ਵਿਆਹ ’ਤੇ ਮੁੰਡੇ ਵਾਲਿਆਂ ਮੌਕੇ ’ਤੇ ਆ ਕੇ ਬੁਲੇਟ ਮੰਗ ਲਿਆ ਸੀ। ਉਸ ਦੀ ਲੋੜ ਸਮਝ ਕੇ ਮਾਸਟਰ ਜੀ ਨੇ ਨਾਂਹ ਬਾਰੇ ਸੋਚਿਆ ਹੀ ਨਹੀਂ ਸੀ। ਘੰਟਿਆਂ ਵਿੱਚ ਬੁਲੇਟ ਬਲਵਿੰਦਰ ਦੇ ਘਰ ਖੜ੍ਹਾ ਸੀ ਤੇ ਅਗਲੇ ਦਿਨ ਉਸ ਦੀਆਂ ਚਾਬੀਆਂ ਮਾਸਟਰ ਹੋਰਾਂ ਦੇ ਹੱਥੋਂ ਹੀ ਦਿਵਾਈਆਂ ਗਈਆਂ। ਪਰ ਅਗਲੀ ਫਸਲ ’ਤੇ ਮੋੜਨ ਦੀ ਥਾਂ ਚਾਰ ਸਾਲ ਲੰਘਾ ਕੇ ਆਖਰ ਗੱਲ ਮੁਕਾ ਦਿੱਤੀ ਕਿ ਉਹ ਤੇ ਤੁਸੀਂ ਆਪਣੀ ਮਰਜ਼ੀ ਨਾਲ ਦਿੱਤਾ ਸੀ, ਤਾਂ ਹੀ ਤੇ ਚਾਬੀ ਤੁਸੀਂ ਆਪ ਫੜਾਈ ਸੀ। ਮਾਸਟਰ ਜੀ ਨੂੰ ਓਨਾ ਪੈਸੇ ਮਰਨ ਦਾ ਦੁੱਖ ਨਹੀਂ ਸੀ ਸਤਾਉਂਦਾ, ਜਿੰਨਾ ਰਿਸ਼ਤਾ ਟੁੱਟ ਜਾਣ ਦਾ ਝੋਰਾ ਸੀ।

ਬਲਵਿੰਦਰ ਦਾ ਚਿਹਰਾ ਫਿੱਕਾ ਪੈਂਦਿਆਂ ਹੀ ਉਸ ਦੇ ਮੂਹਰੇ ਅਜੀਤ ਸਿੰਘ ਆਣ ਖਲੋਇਆ। ਬਚਪਨ ਤੋਂ ਦੋਹਾਂ ਦੀ ਸਾਂਝ ਸੀ। ਸਕੂਲ ਕਾਲਜ ਇਕੱਠਿਆਂ ਹੀ ਪਾਸ ਕੀਤੇ ਸੀ। ਮੁੰਡੇ ਨੇ ਆਈਲੈਟਸ ਤਾਂ ਪਾਸ ਕਰ ਲਈ ਸੀ, ਪਰ ਉਸ ਦੇ ਕੈਨੇਡਾ ਵੀਜ਼ੇ ਵਾਲੀ ਫਾਈਲ ਲਾਉਣ ਲਈ ਅਜੀਤ ਸਿੰਘ ਤੋਂ ਲੱਖਾਂ ਦੀ ਕਾਲਜ ਫੀਸ ਦਾ ਪ੍ਰਬੰਧ ਨਹੀਂ ਸੀ ਹੋ ਰਿਹਾ। ਅਜੀਤ ਨੂੰ ਪਤਾ ਸੀ ਕਿ ਮਾਸਟਰ ਜੀ ਕੋਲ ਏਨੀਂ ਕੁ ਗੁੰਜਾਇਸ਼ ਤਾਂ ਹੇਵੇਗੀ, ਪਰ ਉਹ ਮੰਗ ਕਰਨ ਤੋਂ ਝਿਜਕ ਜਾਂਦਾ। ਇੱਕ ਦਿਨ ਮਾਸਟਰ ਜੀ ਨੇ ਈ ਉਸ ਦਾ ਮਨ ਫਰੋਲਦਿਆਂ ਉਸ ਦੀ ਲੋੜ ਸਮਝ ਕੇ ਆਪਣੀ ਐੱਫ ਡੀ ਤੁੜਵਾ ਕੇ ਅੱਧੇ ਕੁ ਪੈਸੇ ਦੇਣ ਬਾਰੇ ਕਹਿ ਦਿੱਤਾ ਸੀ। ਉਸ ਵੇਲੇ ਤਾਂ ਅਜੀਤ ਸਿੰਘ ਨੇ ਐੱਫ ਡੀ ਵਾਲੀ ਵਿਆਜ ਦਰ ’ਤੇ ਰਕਮ ਮੋੜਨ ਦਾ ਭਰੋਸਾ ਦਿੱਤਾ ਸੀ, ਪਰ ਕੈਨੇਡਾ ਪਹੁੰਚਕੇ ਮੁੰਡੇ ਦੇ ਭੈੜੀ ਸੰਗਤ ਵਿੱਚ ਪੈਣ ਕਰਕੇ ਉਹ ਕੁਝ ਭੇਜਣ ਦੀ ਥਾਂ ਅਜੀਤ ਤੋਂ ਹੀ ਮੰਗਵਾਉਣ ਲੱਗ ਪਿਆ ਸੀ। ਫਿਰ ਅਜੀਤ ਨੇ ਮੋੜਨੇ ਕਿੱਥੋਂ ਸੀ ਤੇ ਆਖਰ ਬਲਵਿੰਦਰ ਵਾਂਗ ਹੀ ਉਹ ਵੀ ਮਾਸਟਰ ਜੀ ਨੂੰ ਵੇਖ ਕੇ ਪਾਸਾ ਵੱਟਣ ਲੱਗ ਪਿਆ ਸੀ। ਇੰਜ ਦੇ ਕਈ ਹੋਰ ਲੋਕਾਂ ਦੇ ਸੀਨ ਮਾਸਟਰ ਜੀ ਦੀਆਂ ਅੱਖਾਂ ਮੂਹਰਿਓਂ ਲੰਘ ਰਹੇ ਸਨ, ਜਿਨ੍ਹਾਂ ਦੀ ਮਦਦ ਕਰਨੀ ਉਸ ਨੂੰ ਮਹਿੰਗੀ ਪੈ ਗਈ ਸੀ। ਪੁਰਾਣੀਆਂ ਯਾਦਾਂ ਵਿੱਚ ਉਲਝੇ ਮਾਸਟਰ ਜੀ ਨੂੰ ਮਾਲਾ ਦੀ ਮੰਗ ਵੀ ਉਂਜ ਦੀ ਹੀ ਲੱਗ ਰਹੀ ਸੀ। ਪੈਸੇ ਲੈ ਕੇ ਮਾਲਾ ਕੰਮ ਛੱਡ ਗਈ ਤਾਂ ਹੋਰ ਕੰਮ ਵਾਲੀ ਕਿੱਥੋਂ ਲੱਭੂੰ, ਦੇ ਸਵਾਲ ਉਸ ਦੇ ਮਨ ਵਿੱਚ ਘੁੰਮਣ ਲੱਗ ਪਏ ਸਨ। ਕਾਫ਼ੀ ਦੇਰ ਇਸੇ ਬਾਰੇ ਸੋਚਦਿਆਂ ਉਸ ਨੇ ਨਾਂਹ ਕਰਨ ਦਾ ਫੈਸਲਾ ਤਾਂ ਕਰ ਲਿਆ, ਪਰ ਉਸ ਦੇ ਮਨ ’ਚੋਂ ਅਜੇ ਵੀ ਸਵਾਲ ਉੱਠ ਰਿਹਾ ਸੀ ਕਿ ਮਾਲਾ ਉਨ੍ਹਾਂ ਪਹਿਲਿਆਂ ਵਰਗੀ ਨਹੀਂ ਹੋ ਸਕਦੀ।

ਉੱਧਰ ਮਾਲਾ ਨੇ ਕੰਮ ਮੁਕਾ ਲਿਆ ਸੀ ਤੇ ਇੱਧਰ ਮਾਸਟਰ ਜੀ ਨੇ ਨਾਂਹ ਦਾ ਬਹਾਨਾ ਸੋਚ ਲਿਆ ਸੀ।

“ਅੱਪਾ ਜੀ ਕੱਲ ਮੈਂਨੇ ਆਪਕੋ ਏਕ ਪ੍ਰੋਬਲਮ ਬਤਾਈ ਥੀ, ਬੀਸ ਹਜ਼ਾਰ ਉਧਾਰ ਕੇ ਲੀਏ ?”

“ਉਹੋ, ਮਾਲਾ ਮੈਨੇ ਆਪਕੋ ਬਤਾਇਆ ਥਾ ਕਿ ਬੈਂਕ ਜਾਕਰ ਪਤਾ ਕਰੂੰਗਾ, ਪਰ ਇਸ ਮਹੀਨੇ ਮੇਰੀ ਪੈਨਸ਼ਨ ਹੀ ਜਮਾਂ ਨਹੀਂ ਹੂਈ ਖਾਤੇ ਮੇਂ, ਯਹ ਸਰਕਾਰ ਭੀ ਨਾ ਬਸ ਐਸੇ ਹੀ ਕਾਮ ਚਲਾ ਰਹੀ ਹੈ, ਆਜ ਪਾਂਚ ਤਾਰੀਕ ਹੋ ਗਈ, ਪਤਾ ਨਹੀਂ ਕੱਬ ਜਮਾਂ ਹੋ, ਉਸ ਕੇ ਬਾਅਦ ਹੀ ਨਿਕਾਲ ਸਕਤਾ ਹੂੰ ਨਾ।’’ ਮਾਸਟਰ ਜੀ ਨੇ ਸੋਚਿਆ ਹੋਇਆ ਜਵਾਬ ਮਾਲਾ ਨੂੰ ਕਹਿ ਸੁਣਾਇਆ।

“ਅੱਛਾ ਅੱਪਾ ਜੀ ਕੋਈ ਬਾਤ ਨਹੀਂ ਮੈਂ ਕਿਸੀ ਔਰ ਜਗ੍ਹਾ ਟਰਾਈ ਕਰ ਲੂੰਗੀ, ਕਰਨਾ ਤੋ ਪੜੇਗਾ, ਜ਼ਰੂਰਤ ਹੀ ਐਸੀ ਹੈ।’’ ਤੇ ਬਿਨਾਂ ਕੋਈ ਨਿਹੋਰਾ ਜਾਂ ਨਾਂਹ ਦਾ ਉਲਾਂਭਾ ਦਿੱਤੇ ਕੱਲ੍ਹ ਨੂੰ ਥੋੜ੍ਹੀ ਦੇਰ ਨਾਲ ਆਉਣ ਬਾਰੇ ਕਹਿ ਕੇ ਮਾਲਾ ਚਲੇ ਗਈ। ਇੱਕ ਵਾਰ ਫਿਰ ਮਾਸਟਰ ਜੀ ਦਾ ਜੀਅ ਕੀਤਾ ਕਿ ਉਹ ਜ਼ਰੂਰਤ ਬਾਰੇ ਪੁੱਛੇ, ਪਰ ਤਦ ਤੱਕ ਮਾਲਾ ਦਰਵਾਜ਼ਾ ਢੋਹ ਕੇ ਰਾਹੇ ਪੈ ਚੁੱਕੀ ਸੀ।

ਅਗਲੇ ਦਿਨ ਮਾਲਾ ਡੇਢ ਕੁ ਘੰਟਾ ਦੇਰੀ ਨਾਲ ਆਈ। ਝਾੜੂ ਪੋਚਾ ਕਰਦਿਆਂ ਮਾਸਟਰ ਜੀ ਨੇ ਵੇਖਿਆ, ਮਾਲਾ ਦੇ ਕੰਨਾਂ ਦੀਆਂ ਵਾਲੀਆਂ, ਸੱਜੇ ਹੱਥ ਦੀ ਉਂਗਲੀ ਵਿਚਲੀ ਨਗ ਵਾਲੀ ਮੁੰਦਰੀ ਤੇ ਕੋਕਾ ਸਾਰੇ ਗਾਇਬ ਸਨ। ਬੈਠੇ ਬੈਠੇ ਉਸ ਨੇ ਸੋਚਿਆ ਕਿਸੇ ਨੇ ਰਾਹ ਜਾਂਦਿਆਂ ਲੁੱਟ ਤਾਂ ਨਹੀਂ ਲਏ। ਉਸ ਨੂੰ ਅਖ਼ਬਾਰ ’ਚੋਂ ਪੜ੍ਹੀਆਂ ਖ਼ਬਰਾਂ ਯਾਦ ਆਈਆਂ। ਕਿਸੇ ਨਸ਼ੇੜੀ ਵੱਲੋਂ ਆਪਣੀ ਮਾਂ ਦੇ ਕੰਨਾਂ ’ਚੋਂ ਵਾਲੀਆਂ ਖਿੱਚਣ ਦੀ ਖ਼ਬਰ ਉਸ ਨੇ ਸਵੇਰੇ ਹੀ ਪੜ੍ਹੀ ਸੀ। ਉਸ ਤੋਂ ਰਹਿ ਨਾ ਹੋਇਆ, ਆਖਰ ਉਸ ਨੇ ਪੁੱਛ ਹੀ ਲਿਆ, ‘‘ਮਾਲਾ ਮੈਂ ਦੇਖ ਰਹਾ ਹੂੰ, ਆਪਕੇ ਕਾਨ, ਨਾਕ ਔਰ ਹਾਥ ਮੇਂ ਆਜ ਕੁਝ ਭੀ ਨਹੀਂ, ਕਹਾਂ ਗਏ ਯਹ ਗਹਿਨੇ?”

“ਕਯਾ ਬਤਾਊਂ ਅੱਪਾ ਜੀ, ਆਪ ਕੀ ਪੈਨਸ਼ਨ ਨਾ ਆਨੇ ਕੇ ਕਾਰਨ ਮੁਝੇ ਸੁਨਾਰ ਕੇ ਪਾਸ ਜਾਨਾ ਪੜਾ, ਔਰ ਯਹ ਤੀਨੋਂ ਗਹਿਨੋਂ ਕੇ ਬਦਲੇ ਬੀਸ ਹਜ਼ਾਰ ਮਿਲੇ। ਗਹਿਨੇ ਤੋ ਫਿਰ ਭੀ ਬਨ ਜਾਏਂਗੇ, ਪਰ ਵੁਹ ਕਾਮ ਹੋ ਗਯਾ, ਮੇਰੇ ਮਨ ਕੋ ਸ਼ਾਂਤੀ ਮਿਲ ਗਈ।’’

ਮਾਸਟਰ ਜੀ ਨੂੰ ਉਸ ਕੰਮ ਬਾਰੇ ਪੁੱਛਣ ਦਾ ਮੌਕਾ ਮਿਲ ਗਿਆ। ਮਾਲਾ ਨੇ ਦੱਸਿਆ ਕਿ ਇੱਕ ਵਾਰ ਉਸ ਦੀ ਬੇਟੀ ਬਿਮਾਰ ਹੋਈ ਸੀ ਤਾਂ ਹਸਪਤਾਲ ’ਚੋਂ ਛੁੱਟੀ ਕਰਾਉਣ ਲਈ ਉਸ ਦੀ ਸਹੇਲੀ ਨੇ ਉਸ ਨੂੰ ਦਸ ਹਜ਼ਾਰ ਉਧਾਰੇ ਦੇ ਕੇ ਮਦਦ ਕੀਤੀ ਸੀ, ਜੋ ਉਸ ਨੇ ਛੇ ਮਹੀਨਿਆਂ ਵਿੱਚ ਵਾਪਸ ਕਰ ਦਿੱਤੇ ਸਨ। ਕੁਝ ਦਿਨ ਪਹਿਲਾਂ ਉਸੇ ਸਹੇਲੀ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਕੋਲ ਹਸਪਤਾਲ ਦੇ ਇਲਾਜ ਦਾ ਖਰਚਾ ਦੇਣ ਲਈ ਵੀਹ ਹਜ਼ਾਰ ਘਟਦੇ ਸਨ। ਉਸ ਕਰਕੇ ਮੰਗੇ ਸੀ ਤੇ ਜਦ ਕਿਤੋਂ ਉਧਾਰੇ ਨਾ ਮਿਲੇ ਤਾਂ ਗਹਿਣੇ ਵੇਚ ਦਿੱਤੇ। ਮਾਲਾ ਨੇ ਵੇਖਿਆ, ਮਾਸਟਰ ਜੀ ਨੇ ਸੱਜਾ ਹੱਥ ਕੱਸ ਕੇ ਆਪਣੇ ਮੱਥੇ ’ਤੇ ਮਾਰਿਆ। ਉਹ ਅੰਦਰ ਗਏ, ਅਲਮਾਰੀ ਖੋਲ੍ਹੀ, ਅਨੁਮਾਨ ਲਾਇਆ, ਲਾਕਰ ਵਿੱਚ ਵੀਹ ਹਜ਼ਾਰ ਤੋਂ ਥੋੜ੍ਹੇ ਵਧ ਹੀ ਪਏ ਸਨ। ਨੋਟਾਂ ਉਤੇ ਰਬੜ ਪਾ ਕੇ ਜੇਬ ਵਿੱਚ ਪਾਏ ਤੇ ਬੂਟ ਪਾਉਂਦਿਆਂ ਬੋਲੇ-

“ਮਾਲਾ ਸਾਰੇ ਕਾਮ ਛੋੜੋ, ਔਰ ਚਲੋ ਮੇਰੇ ਸਾਥ, ਅਭੀ।’’

“ਕਹਾਂ ਜਾਨਾ ਹੈ ਅੱਪਾ ਜੀ, ਕਿਆ ਹੂਆ ਆਪ ਇਤਨੇ ਘਬਰਾ ਕਿਉਂ ਗਏ ਮੇਰੀ ਬਾਤ ਸੁਨ ਕਰ?’’

“ਨਹੀਂ ਮਾਲਾ, ਰਸੋਈ ਬੰਦ ਕਰੋ, ਔਰ ਮੇਰੇ ਸਕੂਟਰ ਕੇ ਪੀਛੇ ਬੈਠੋ, ਔਰ ਉਸ ਸੁਨਾਰ ਕੀ ਦੁਕਾਨ ਬਤਾਓ ਕਹਾਂ ਹੈ।’’ ਮਾਸਟਰ ਜੀ ਨੂੰ ਭੁੱਲ ਗਿਆ ਕਿ ਕੰਮ ਵਾਲੀ ਨੂੰ ਸਕੂਟਰ ਪਿੱਛੇ ਬੈਠਿਆਂ ਵੇਖ ਕੇ ਲੋਕ ਕੀ ਸੋਚਣਗੇ।

ਜਿਊਲਰ ਸ਼ਾਪ ’ਚ ਵੜਦਿਆਂ ਈ ਮਾਸਟਰ ਜੀ ਨੇ ਮਾਲਾ ਨੂੰ ਸਿਰਹਾਣੇ ਦੀ ਢੋਅ ਲਾ ਕੇ ਬੈਠੇ ਮਾਲਕ ਦੇ ਮੂਹਰੇ ਕਰਕੇ ਪੁੱਛਿਆ ਕਿ ਉਹ ਇਸ ਨੂੰ ਪਹਿਚਾਣਦਾ ਹੈ। ਸੁਨਿਆਰਾ ਪਹਿਲਾਂ ਤਾਂ ਥੋੜ੍ਹਾ ਘਬਰਾਇਆ ਕਿ ਸ਼ਾਇਦ ਔਰਤ ਚੋਰੀ ਕੀਤੇ ਗਹਿਣੇ ਵੇਚ ਗਈ ਹੋਵੇ। ਪਰ ਮਾਸਟਰ ਜੀ ਵੱਲੋਂ ਦੱਸੀ ਸਾਰੀ ਕਹਾਣੀ ਤੋਂ ਬਾਅਦ ਉਹ ਮੰਨ ਗਿਆ ਕਿ ਉਸ ਦੇ ਗਹਿਣੇ ਉਸ ਕੋਲ ਅਜੇ ਉਵੇਂ ਹੀ ਪਏ ਹਨ ਤੇ ਉਸ ਨੂੰ ਵਾਪਸ ਕਰਨ ਵਿੱਚ ਬਹੁਤਾ ਇਤਰਾਜ਼ ਨਹੀਂ। ਮਾਸਟਰ ਜੀ ਨੇ ਸੁਨਾਰ ਦਾ ਮਨ ਟੋਹ ਕੇ ਤਿੰਨ ਹਜ਼ਾਰ ਜੋੜ ਕੇ ਤੇਈ ਹਜ਼ਾਰ ਉਸ ਦੇ ਹੱਥ ’ਤੇ ਰੱਖੇ। ਪਰ ਮਾਸਟਰ ਜੀ ਦੀਆਂ ਗੱਲਾਂ ਸੁਨਿਆਰੇ ਦੇ ਲੋਭੀ ਮਨ ਉਤੇ ਕਾਟ ਕਰ ਗਈਆਂ ਸਨ। ਉਸ ਨੇ ਵੀਹ ਹਜ਼ਾਰ ਰੱਖ ਕੇ ਬਾਕੀ ਮੋੜ ਦਿੱਤੇ ਤੇ ਲੋਹੇ ਦੀ ਆਦਮ ਕੱਦ ਮੋਟੀ ਸਾਰੀ ਤਿਜੌਰੀ ਨੂੰ ਲੰਮੀਆਂ ਲੰਮੀਆਂ ਚਾਬੀਆਂ ਨਾਲ ਖੋਲ੍ਹਕੇ, ਉਸ ਦੇ ਹੇਠੋਂ ਗਹਿਣਿਆਂ ਵਾਲੀ ਪੋਟਲੀ ਕੱਢ ਕੇ ਮਾਲਾ ਦੇ ਹੱਥ ਫੜਾਈ ਤੇ ਚੈਕ ਕਰਨ ਲਈ ਕਿਹਾ। ਮਾਲਾ ਨੇ ਸਿਰ ਹਿਲਾ ਕੇ ਸਾਰਾ ਕੁਝ ਠੀਕ ਹੋਣ ਦੀ ਹਾਮੀ ਭਰੀ। ਘਰ ਆ ਕੇ ਮਾਸਟਰ ਜੀ ਨੂੰ ਆਪਣੇ ਮਨ ਤੋਂ ਕੋਈ ਵੱਡਾ ਭਾਰ ਲਹਿ ਗਿਆ ਹੋਣ ਵਾਂਗ ਮਹਿਸੂਸ ਹੋਣ ਲੱਗਾ। ਉਸ ਨੂੰ ਯਾਦ ਆਇਆ, ਇੱਕ ਵਾਰ ਉਹ ਕਿਸੇ ਚੋਣ ਕਮੇਟੀ ਵਿੱਚ ਬੈਠਾ ਹੋਰ ਮੈਂਬਰਾਂ ਵਾਂਗ ਉਮੀਦਵਾਰਾਂ ਤੋਂ ਸਵਾਲ ਪੁੱਛ ਰਿਹਾ ਸੀ। ਇੱਕ ਮੈਂਬਰ ਨੇ ਉਮੀਦਵਾਰ ਨੂੰ ਸਵਾਲ ਕੀਤਾ ਸੀ, ਛੋਟੇ ਤੇ ਵੱਡੇ ਲੋਕਾਂ ਦੀ ਪਹਿਚਾਣ ਕਿਹੜੀ ਗੱਲ ਤੋਂ ਕੀਤੀ ਜਾਂਦੀ ਹੈ ਤਾਂ ਬਹੁਤਿਆਂ ਨੇ ਕਿਹਾ ਸੀ ਕਿ ਛੋਟੇ-ਵੱਡੇ ਲੋਕ ਪੜ੍ਹਾਈ, ਪੈਸੇ ਅਤੇ ਕੰਮਾਂ ਤੋਂ ਪਹਿਚਾਣੇ ਜਾਂਦੇ ਹਨ, ਪਰ ਅੱਜ ਉਸ ਨੂੰ ਸਮਝ ਆਇਆ ਕਿ ਉਹ ਪੈਮਾਨਾ ਤਾਂ ਮੂਲੋਂ ਹੀ ਗਲਤ ਹੈ, ਵੱਡੇ ਛੋਟੇ ਲੋਕਾਂ ਦੀ ਪਹਿਚਾਣ ਤਾਂ ਉਨ੍ਹਾਂ ਦੇ ਮਨਾਂ ਤੋਂ ਹੁੰਦੀ ਹੈ। ਉਹ ਆਪਣੇ ਆਪ ਨੂੰ ਮਾਲਾ ਦੇ ਰੂਹਾਨੀ ਕੱਦ-ਬੁੱਤ ਮੂਹਰੇ ਬੌਣਾਂ ਜਿਹਾ ਮਹਿਸੂਸ ਕਰ ਰਿਹਾ ਸੀ। ਉਹ ਮਾਲਾ, ਜਿਸ ਨੂੰ ਸਹੇਲੀ ਦੇ ਅਹਿਸਾਨ ਮੂਹਰੇ ਆਪਣੇ ਗਹਿਣਿਆਂ ਦੀ ਕੋਈ ਕੀਮਤ ਨਹੀਂ ਸੀ। ਮਾਸਟਰ ਹਰਪਾਲ ਸਿੰਘ ਨੂੰ ਅੱਜ ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ ਵਾਲੀ ਕਹਾਵਤ ਝੂਠੀ ਲੱਗ ਰਹੀ ਸੀ।

ਸੰਪਰਕ: +16044427676



News Source link
#ਵਡ #ਲਕ

- Advertisement -

More articles

- Advertisement -

Latest article