31.7 C
Patiāla
Friday, May 3, 2024

ਚੀਨੀ ਵਫ਼ਦ ਨੂੰ ਮਹਾਰਾਣੀ ਦੇ ਅੰਤਿਮ ਦਰਸ਼ਨਾਂ ਤੋਂ ਰੋਕਿਆ

Must read


ਲੰਡਨ, 16 ਸਤੰਬਰ

ਯੂਕੇ ਨੇ ਚੀਨ ਸਰਕਾਰ ਦੇ ਉੱਚ ਪੱਧਰੀ ਵਫ਼ਦ ਨੂੰ ਮਹਾਰਾਣੀ ਐਲਿਜ਼ਾਬੈੱਥ ਦੇ ਅੰਤਿਮ ਦਰਸ਼ਨਾਂ ਲਈ ਵੈਸਟਮਿਨਸਟਰ ਹਾਲ ਵਿੱਚ ਚੱਲ ਰਹੀ ਰਸਮ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਹੈ। ਮਹਾਰਾਣੀ ਦੀਆਂ ਅੰਤਿਮ ਰਸਮਾਂ 19 ਸਤੰਬਰ ਨੂੰ ਵੈਸਟਮਿਨਸਟਰ ਐਬੇ ਵਿੱਚ ਹੋਣੀਆਂ ਹਨ ਤੇ ਉਨ੍ਹਾਂ ਦੀ ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਵੈਸਟਮਿਨਸਟਰ ਹਾਲ ’ਚ ਰੱਖਿਆ ਗਿਆ ਹੈ। ਉਧਰ ਪੇਈਚਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਉਨ੍ਹਾਂ ਅਮਰੀਕੀ ਨਿਊਜ਼ ਆਊਟਲੈੱਟ ‘ਪੋਲੀਟਿਕੋ’ ਦੀ ਖ਼ਬਰ ਨਹੀਂ ਵੇਖੀ, ਪਰ ਮਹਾਰਾਣੀ ਦੀਆਂ ਅੰਤਿਮ ਰਸਮਾਂ ਦਾ ਮੇਜ਼ਬਾਨ ਹੋਣ ਦੇ ਨਾਤੇ ਯੂਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ‘ਕੂਟਨੀਤਕ ਪ੍ਰੋਟੋਕਾਲਾਂ’ ਦੀ ਪਾਲਣਾ ਕਰਦੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖੇ।

ਯੂਕੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਸਰ ਲਿੰਡਸੇ ਹੋਇਲੇ ਨੇ ਚੀਨੀ ਵਫ਼ਦ ਵੱਲੋਂ ਵੈਸਟਮਿਨਸਟਰ ਹਾਲ ਤੱਕ ਰਸਾਈ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਬੀਬੀਸੀ ਦੀ ਰਿਪੋਰਟ ਮੁਤਾਬਕ ਪੇਈਚਿੰਗ ਨੇ ਸ਼ਿਨਜਿਆਂਗ ਵਿੱਚ ਉਈਗਰ ਮੁਸਲਿਮ ਘੱਟਗਿਣਤੀਆਂ ਨਾਲ ਦੁਰਵਿਹਾਰ ਕਰਨ ਦਾ ਦੋਸ਼ ਲਗਾਉਣ ਵਾਲੇ ਬਰਤਾਨਵੀ ਸੰਸਦ ਦੇ ਪੰਜ ਮੈਂਬਰਾਂ ਅਤੇ ਦੋ ਸਾਥੀਆਂ ਵਿਰੁੱਧ ਪਾਬੰਦੀਆਂ ਆਇਦ ਕੀਤੀਆਂ ਸਨ, ਜਿਸ ਦੇ ਪ੍ਰਤੀਕਰਮ ਵਿੱਚ ਚੀਨ ਸਰਕਾਰ ਦੇ ਵਫ਼ਦ ਨੂੰ ਮਹਾਰਾਣੀ ਦੇ ਅੰਤਿਮ ਦਰਸ਼ਨਾਂ ਤੋਂ ਰੋਕਿਆ ਗਿਆ ਹੈ। ਚੀਨ ਦੇ ਯੂਕੇ ਵਿਚਲੇ ਰਾਜਦੂਤ ਦੇ ਬਰਤਾਨਵੀ ਸੰਸਦ ਵਿੱਚ ਦਾਖ਼ਲੇ ’ਤੇ ਇਕ ਸਾਲ ਦੀ ਪਾਬੰਦੀ ਹੈ। ਹਾਊਸ ਆਫ਼ ਕਾਮਨਜ਼ ਨੇ ਜਿੱਥੇ ਸੁਰੱਖਿਆ ਨਾਲ ਜੁੜੇ ਮੁੱਦੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਉਥੇ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਕਿ ਚੀਨੀ ਵਫ਼ਦ ਨੂੰ ਸੰਸਦੀ ਇਮਾਰਤ ’ਚ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਸੋਮਵਾਰ ਨੂੰ ਅੰਤਿਮ ਰਸਮਾਂ ਮੌਕੇ ਚੀਨੀ ਵਫ਼ਦ ਮੌਜੂਦ ਰਹੇਗਾ। ਕਾਬਿਲੇਗੌਰ ਹੈ ਕਿ ਵੈਸਟਮਿਨਸਟਰ ਹਾਲ ਸੰਸਦੀ ਅਸਟੇਟ ਦਾ ਹਿੱਸਾ ਹੈ ਅਤੇ ਇਸ ’ਤੇ ਦੋਵਾਂ ਸਦਨਾਂ (ਕਾਮਨਜ਼ ਤੇ ਲਾਰਡਜ਼) ਦੇ ਸਪੀਕਰਾਂ ਦਾ ਕੰਟਰੋਲ ਹੈ। ਯੂਕੇ ਦੀ ਇਸ ਪੇਸ਼ਕਦਮੀ ਨਾਲ ਯੂਕੇ-ਚੀਨ ਰਿਸ਼ਤਿਆਂ, ਜੋ ਪਹਿਲਾਂ ਹੀ ਹਾਲੀਆ ਘਟਨਾਵਾਂ ਕਰਕੇ ਦਬਾਅ ’ਚ ਹਨ, ਵਿੱਚ ਕਸ਼ੀਦਗੀ ਵਧੇਗੀ। ਰਿਪੋਰਟਾਂ ਮੁਤਾਬਕ ਯੂਕੇ ਦੇ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੇਸ਼ ਦੇ ਮੁਖੀ ਵਜੋਂ ਅੰਤਿਮ ਰਸਮਾਂ ਲਈ ਸੱਦਾ ਦਿੱਤਾ ਹੈ, ਪਰ ਉਨ੍ਹਾਂ ਦੀ ਥਾਂ ਉਪ ਰਾਸ਼ਟਰਪਤੀ ਵੈਂਗ ਕਿਸ਼ਾਨ ਦੇ ਚੀਨੀ ਵਫ਼ਦ ਨਾਲ ਪੁੱਜਣ ਦੇ ਆਸਾਰ ਹਨ। -ਪੀਟੀਆਈ

ਲੋਕ ਅੰਤਿਮ ਦਰਸ਼ਨਾਂ ਲਈ 14-14 ਘੰਟੇ ਉਡੀਕ ਕਰਨ ਲਈ ਮਜਬੂਰ

ਲੰਡਨ: ਵੈਸਟਮਿਨਸਟਰ ਹਾਲ ਵਿਚ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਅੰਤਿਮ ਦਰਸ਼ਨਾਂ ਲਈ ਕਤਾਰਾਂ ਵਿੱਚ ਖੜੇ ਲੋਕਾਂ ਨੂੰ 14-14 ਘੰਟੇ ਉਡੀਕ ਕਰਨੀ ਪੈ ਰਹੀ ਹੈ। ਵੈਸਟਮਿਨਸਟਰ ਹਾਲ ਵਿੱਚ ਲੋਕਾਂ ਦੀ ਆਮਦ ਲਗਾਤਾਰ ਜਾਰੀ ਹੈ ਤੇ ਹਾਲ ਦੀ ਸਮਰੱਥਾ ਮੁਤਾਬਕ ਗਿਣਤੀ ਪੂਰੀ ਹੋਣ ’ਤੇ ਦਾਖਲੇ ਦੇ ਅਮਲ ਨੂੰ ਛੇ ਘੰਟਿਆਂ ਲਈ ਰੋਕਣਾ ਪਿਆ, ਜਿਸ ਕਰਕੇ ਬਾਹਰ ਕਤਾਰਾਂ ਵਿਚ ਖੜ੍ਹੇ ਲੋਕਾਂ ਨੂੰ 14 ਘੰਟੇ ਲਈ ਉਡੀਕ ਕਰਨੀ ਪਈ। ਬਰਤਾਨਵੀ ਸੰਸਦ ਤੋਂ ਦੱਖਣੀ ਲੰਡਨ ਦੇ ਸਾਊਥਵਾਰਕ ਪਾਰਕ ਤੱਕ 8 ਕਿਲੋਮੀਟਰ ਲੰਮੀਆਂ ਲਾਈਨਾਂ ਲੱਗੀਆਂ ਹਨ। -ਪੀਟੀਆਈ





News Source link

- Advertisement -

More articles

- Advertisement -

Latest article