37.2 C
Patiāla
Friday, April 26, 2024

ਆਨੰਦਪੁਰ ਸਾਹਿਬ: ਮੌਜੂਦਾ ਸਰਕਾਰਾਂ ਸਿੱਖਾਂ ਕੋਲੋਂ ਗੁਰਧਾਮਾਂ ਦੀ ਸੇਵਾ-ਸੰਭਾਲ ਖੋਹ ਰਹੀਆਂ ਹਨ: ਧਾਮੀ

Must read


ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ, 9 ਸਤੰਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਨੂੰ ਮੁੱਢ-ਕਦੀਮ ਤੋਂ ਹੀ ਜਬਰ-ਜ਼ੁਲਮ ਦੇ ਵਿਰੁੱਧ ਜੂਝਣ ਦੀ ਸ਼ਕਤੀ ਪਵਿੱਤਰ ਗੁਰਧਾਮਾਂ ਤੋਂ ਮਿਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਮੰਤਵ ਨੂੰ ਵੇਖਦਿਆਂ ਅੰਗਰੇਜ਼ਾਂ ਨੇ ਆਪਣੇ ਪਿੱਠੂ ਮਹੰਤਾਂ ਨੂੰ ਗੁਰਦੁਆਰਿਆਂ ’ਤੇ ਕਾਬਜ਼ ਕਰਵਾਇਆ ਅਤੇ ਅੱਜ ਵੀ ਸਰਕਾਰਾਂ ਸਿੱਖਾਂ ਕੋਲੋਂ ਪਾਵਨ ਗੁਰਧਾਮਾਂ ਦੀ ਸੇਵਾ-ਸੰਭਾਲ ਖੋਹ ਰਹੀਆਂ ਹਨ। ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀਹਵੀਂ ਸਦੀ ਦੇ ਆਰੰਭ ’ਚ ਗੁਰਦੁਆਰਾ ਸੁਧਾਰ ਲਹਿਰ ਤੋਂ ਸੇਧ ਲੈ ਕੇ ਅਜੋਕੇ ਹਾਲਾਤਾਂ ਦਾ ਮੁਕਾਬਲਾ ਕਰਨ ਅਤੇ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਧੰਨਵਾਦੀ ਭਾਸ਼ਨ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਗੁਰੂ ਸਿਧਾਂਤਾਂ ਤੋਂ ਦੂਰ ਹੋਣਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪੰਜਾ ਸਾਹਿਬ ਸਾਕੇ ਦੌਰਾਨ ਸਿੱਖਾਂ ਵਲੋਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਪਿੱਛੇ ਸਾਰੀ ਸ਼ਕਤੀ ਗੁਰਬਾਣੀ ਦੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਆਨਰੇਰੀ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾ ਸਾਹਿਬ ਵਰਗੇ ਸਾਕਿਆਂ ਵਿਚੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਪੰਥਕ ਹਿਤਾਂ ਦੀ ਰਖਵਾਲੀ ਲਈ ਹੋਇਆ ਸੀ। ਉੱਘੇ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸ਼ਹੀਦੀ ਸਾਕਿਆਂ ਦੇ ਸੰਦਰਭ ਵਿਚ ਸਿੱਖ ਸਮਾਜ ਦੀ ਵਰਤਮਾਨ ਸਥਿਤੀ ਬਾਰੇ ਵਿਚਾਰ ਰੱਖੇ। ਇਸ ਮੌਕੇ ਡਾ. ਹਰਦੇਵ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਆਖਿਆ ਕਿ ਸਿੱਖਾਂ ਨੂੰ ਅਜੋਕੇ ਸਮੇਂ ਵਿਸ਼ਵ ਪ੍ਰਸੰਗ ਵਿਚ ਆਪਣੀ ਭੂਮਿਕਾ ਅਤੇ ਹੋਂਦ ਤੈਅ ਕਰਨ ਲਈ ਵੀਹਵੀਂ ਸਦੀ ਦੇ ਸਾਕਿਆਂ ਨੂੰ ਨਵੀਂਆਂ ਅੰਤਰ-ਦ੍ਰਿਸ਼ਟੀਆਂ ਤੋਂ ਪਰਿਭਾਸ਼ਿਤ ਕਰਨ ਦੀ ਲੋੜ ਹੈ। ਡਾ. ਪਰਮਜੀਤ ਕੌਰ ਮੁਖੀ ਧਰਮ ਅਧਿਐਨ ਵਿਭਾਗ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੇ ਕੁੰਜੀਵਤ ਭਾਸ਼ਨ ਵਿਚ ਆਖਿਆ ਕਿ ਸਿੱਖਾਂ ਨੇ ਹਮੇਸ਼ਾ ਗੁਰਬਾਣੀ ਤੋਂ ਆਤਮਿਕ ਬਲ ਹਾਸਲ ਕਰਕੇ ਹੀ ਸੰਘਰਸ਼ ਲੜੇ ਤੇ ਜਿੱਤੇ ਹਨ। ਇਸ ਸੈਮੀਨਾਰ ਦੌਰਾਨ ਮੰਚ ਸੰਚਾਲਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤਾ। ਸੈਮੀਨਾਰ ਦੀ ਸ਼ੁਰੂਆਤ ਵਿਚ ਡਾ. ਜਸਵੀਰ ਸਿੰਘ ਪ੍ਰਿੰਸੀਪਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੇ ਵਿਦਵਾਨਾਂ ਅਤੇ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸੁਖਮਿੰਦਰ ਸਿੰਘ ਸਿੱਖਿਆ ਸਕੱਤਰ, ਸਿਮਰਜੀਤ ਸਿੰਘ ਸਕੱਤਰ, ਗੁਰਦੀਪ ਸਿੰਘ ਕੰਗ ਮੈਨੇਜਰ ਤਖਤ ਕੇਸਗੜ੍ਹ ਸਾਹਿਬ, ਹਰਦੇਵ ਸਿੰਘ ਹੈਪੀ ਵਧੀਕ ਮੈਨੇਜਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਦੇ ਅਧਿਆਪਕ ਤੇ ਪ੍ਰਿੰਸੀਪਲ ਇਸ ਮੌਕੇ ਹਾਜ਼ਰ ਸਨ।





News Source link

- Advertisement -

More articles

- Advertisement -

Latest article