38 C
Patiāla
Sunday, May 5, 2024

ਪਾਕਿਸਤਾਨੀ ਟਵਿੱਟਰ ਖਾਤਿਆਂ ’ਤੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਆਖਿਆ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ/ਏਜੰਸੀਆਂ 

ਚੰਡੀਗੜ੍ਹ/ਦੁਬਈ, 5 ਸਤੰਬਰ

ਦੁਬਈ ਵਿੱਚ ਏਸ਼ੀਆ ਕੱਪ ਦੇ ਸੁਪਰ-4 ਗੇੜ ਦੌਰਾਨ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਬੱਲੇਬਾਜ਼ ਆਸਿਫ ਅਲੀ ਦਾ ਕੈਚ ਛੱਡਣ ਕਰਕੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਉਸ ਦੀ ਸਾਖ ਵਿਗਾੜੀ ਜਾ ਰਹੀ ਹੈ। ਪਾਕਿਸਤਾਨ ਤੋਂ ਟਵਿੱਟਰ ਖਾਤਿਆਂ ’ਤੇ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਿਹਾ ਗਿਆ ਅਤੇ ਕੈਚ ਛੱਡੇ ਜਾਣ ਮਗਰੋਂ ਉਸ ਦੇ ਵਿੱਕੀਪੀਡੀਆ ਪੇਜ ’ਤੇ ਖਾਲਿਸਤਾਨੀ ਲਿਖ ਦਿੱਤਾ ਗਿਆ। ਇਸ ਦੌਰਾਨ ਅਰਸ਼ਦੀਪ ਦਾ ਸਮਰਥਨ ਕਰਦਿਆਂ ਸੋਸ਼ਲ ਮੀਡੀਆ ’ਤੇ ਕੁਝ ਟਵੀਟਾਂ ਵਿੱਚ ਇਹ ਕਿਹਾ ਗਿਆ ਕਿ ਹੁਣ ਪਾਕਿਸਤਾਨ ਤੋਂ ਖਾਲਿਸਤਾਨੀ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਤੇ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ। ਦੂੁਜੇ ਪਾਸੇ ਪੰਜਾਬ ਸਰਕਾਰ ਮੁਹਾਲੀ ਵਾਸੀ ਕ੍ਰਿਕਟਰ ਅਰਸ਼ਦੀਪ ਦੇ ਹੱਕ ਵਿੱਚ ਨਿੱਤਰੀ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟਰ ਦੇ ਸਮਰਥਨ ਵਿੱਚ ਆਵਾਜ਼ ਉਠਾਈ ਹੈ। ਹੇਅਰ ਨੇ ਕਿਹਾ, ‘‘ਖੇਡ ਵਿੱਚ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਅਰਸ਼ਦੀਪ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਨਾਂ ਕਮਾਇਆ ਹੈ ਅਤੇ ਪਾਕਿਸਤਾਨ ਖ਼ਿਲਾਫ਼ ਵੀ ਵਧੀਆ ਪ੍ਰਦਰਸ਼ਨ ਕੀਤਾ। ਇੱਕ ਕੈਚ ਛੱਡਣ ਕਰਕੇ ਉਸ ਦੀ ਆਲੋਚਨਾ ਕਰਨਾ ਗਲਤ ਹੈ। ਅਰਸ਼ਦੀਪ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹੈ। ਖੇਡਾਂ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।’’ ਮੀਤ ਹੇਅਰ ਨੇ ਅਰਸ਼ਦੀਪ ਦੀ ਮਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ  ਪੰਜਾਬ ਅਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ।

ਇਸੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਅਰਸ਼ਦੀਪ ਦਾ ਸਮਰਥਨ ਕੀਤਾ ਹੈ। ਕੋਹਲੀ ਨੇ ਐਤਵਾਰ ਨੂੰ ਮੈਚ ਤੋਂ ਬਾਅਦ ਕਿਹਾ, ‘‘ਜਦੋਂ ਮੈਂ ਚੈਂਪੀਅਨਸ ਟਰਾਫੀ ਵਿੱਚ ਪਾਕਿਸਤਾਨ ਖ਼ਿਲਾਫ਼ ਪਹਿਲੀ ਵਾਰ ਖੇਡਿਆ ਤਾਂ ਖਰਾਬ ਸ਼ਾਟ ਖੇਡਣ ਕਰਕੇ ਆਊਟ ਹੋ ਗਿਆ ਸੀ। ਦਬਾਅ ਵਿੱਚ ਕੋਈ ਵੀ ਗਲਤੀ ਕਰ ਸਕਦਾ ਹੈ। ਇਹ ਬੁਰਾ ਲੱਗਣਾ ਸੁਭਾਵਿਕ ਹੈ। ਟੀਮ ਵਿੱਚ ਹੁਣ ਮਾਹੌਲ ਵਧੀਆ ਹੈ। ਇਸ ਦਾ ਸਿਹਰਾ ਪ੍ਰਬੰਧਕਾਂ ਤੇ ਕਪਤਾਨ ਸਿਰ ਬੱਝਦਾ ਹੈ। ਕਿਸੇ ਨੂੰ ਵੀ ਆਪਣੀ ਗਲਤੀ ਮੰਨਣੀ ਚਾਹੀਦੀ ਹੈ, ਇਸ ਨੂੰ ਸੁਧਾਰਨਾ ਚਾਹੀਦਾ ਹੈ ਤੇ ਅਗਾਂਹ ਵੀ ਦਬਾਅ ਵਾਲੀ ਸਥਿਤੀ ਨਾਲ ਨਜਿੱਠਣ ਲਈ ਅੱਗੇ ਵਧਣਾ ਚਾਹੀਦਾ ਹੈ।’’

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਭਜਨ ਸਿੰਘ, ਰਾਘਵ ਚੱਢਾ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੰਜਾਬ ਦੇ ਕ੍ਰਿਕਟਰ ਅਰਸ਼ਦੀਪ ਸਿੰਘ ਦਾ ਬਚਾਅ ਕੀਤਾ ਹੈ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕੀਤਾ, ‘‘ਨੌਜਵਾਨ ਅਰਸ਼ਦੀਪ ਸਿੰਘ ਦੀ ਆਲੋਚਨਾ ਬੰਦ ਕਰੋ। ਕੋਈ ਜਾਣਬੁੱਝ ਕੇ ਕੈਚ ਨਹੀਂ ਛੱਡਦਾ। ਸਾਨੂੰ ਆਪਣੀ ਟੀਮ ’ਤੇ ਮਾਣ ਹੈ। ਪਾਕਿਸਤਾਨ ਬਿਹਤਰ ਖੇਡਿਆ। ਇਸ ਪਲੈਟਫਾਰਮ ’ਤੇ ਖਿਡਾਰੀਆਂ ਬਾਰੇ ਘਟੀਆ ਗੱਲਾਂ ਕਰਨਾ ਵਾਲਿਆਂ ’ਤੇ ਸ਼ਰਮ ਆਉਂਦੀ ਹੈ। ਅਰਸ਼ਦੀਪ ਖਰਾ ਸੋਨਾ ਹੈ।’’ ਰਾਘਵ ਚੱਢਾ ਨੇ ਕਿਹਾ, ‘‘ਅਰਸ਼ਦੀਪ ਹੋਣਹਾਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਗੇਂਦਬਾਜ਼ਾਂ ਦੀ ਅਗਵਾਈ ਕਰੇਗਾ। ਨਫ਼ਰਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਖੇਡ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ। ਸਾਨੂੰ ਆਪਣੇ ਖਿਡਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਅਰਸ਼ਦੀਪ ਸਿੰਘ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ। ਉਸ ਦੇ ਸਾਹਮਣੇ ਸੁਨਹਿਰੀ ਭਵਿੱਖ ਹੈ।’’ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਅਰਸ਼ਦੀਪ ਨੂੰ ਖਾਲਿਸਤਾਨੀ ਆਖਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, ‘‘ਅਰਸ਼ਦੀਪ ਸਿੰਘ ਹੋਣਹਾਰ ਖਿਡਾਰੀ ਹੈ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੂਰਾ ਦੇਸ਼ ਉਸ ਦੇ ਨਾਲ ਹੈ। ਕ੍ਰਿਕਟ ਤੋਂ ਪਹਿਲਾਂ ਦੇਸ਼ ਹੈ ਅਤੇ ਪਾਕਿਸਤਾਨ ਦੇ ਕੂੜ ਪ੍ਰਚਾਰ ਨੂੰ ਖਾਰਜ ਕਰਕੇ ਮੈਂ ਅਰਸ਼ਦੀਪ ਸਿੰਘ ਦੇ ਨਾਲ ਹਾਂ।’’

ਅਰਸ਼ਦੀਪ ਬਾਰੇ ਗ਼ਲਤ ਜਾਣਕਾਰੀ ਪ੍ਰਕਾਸ਼ਤ ਕਰਨ ’ਤੇ ਭਾਰਤ ਵੱਲੋਂ ਵਿੱਕੀਪੀਡੀਆ ਦੀ ਆਲੋਚਨਾ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਕ੍ਰਿਕਟਰ ਅਰਸ਼ਦੀਪ ਦੇ ਪੇਜ ’ਤੇ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕਰਨ ਕਾਰਨ ਵਿੱਕੀਪੀਡੀਆ ਦੀ ਆਲੋਚਨਾ ਕੀਤੀ ਹੈ। ਵਿਕੀਪੀਡੀਆ ਦੇ ਲਿੰਕ ’ਤੇ ਅਰਸ਼ਦੀਪ ਨੂੰ ‘ਖਾਲਿਸਤਾਨੀ’ ਲਹਿਰ ਨਾਲ ਜੋੜਿਆ ਗਿਆ ਹੈ। ਭਾਰਤ ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਭੜਕਾਹਟ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਅਰਸ਼ਦੀਪ ਤੋਂ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੁੱਟ ਗਿਆ ਸੀ, ਜਿਸ ਮਗਰੋਂ ਕੁੱਝ ਲੋਕਾਂ ਵੱਲੋਂ ਉਸ ਨੂੰ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੈਚ ਛੱਡੇ ਜਾਣ ਮਗਰੋਂ ਅਰਸ਼ਦੀਪ ਦੇ ਵਿੱਕੀਪੀਡੀਆ ਪੇਜ ’ਤੇ ਤਬਦੀਲੀ ਕਰ ਕੇ ਉਸ ਨੂੰ ਵੱਖਵਾਦੀ ਖਾਲਿਸਤਾਨੀ ਲਹਿਰ ਨਾਲ ਜੋੜਿਆ ਗਿਆ।





News Source link

- Advertisement -

More articles

- Advertisement -

Latest article