43.2 C
Patiāla
Thursday, May 16, 2024

ਸੋਚਣ ਲਈ ਮਜਬੂਰ ਕਰਦੀਆਂ ਦੋ ਪੁਸਤਕਾਂ

Must read


ਰਵਿੰਦਰ ਸਿੰਘ ਸੋਢੀ

ਚੰਗੀਆਂ ਪੁਸਤਕਾਂ ਮਨਪ੍ਰਚਾਵਾ ਕਰਨ ਦੇ ਨਾਲ-ਨਾਲ ਗਿਆਨ ਵਿੱਚ ਵਾਧਾ ਵੀ ਕਰਦੀਆਂ ਹਨ। ਜਿਹੜੀਆਂ ਪੁਸਤਕਾਂ ਪਾਠਕਾਂ ਨੂੰ ਕੁਝ ਸੋਚਣ ਲਈ ਮਜਬੂਰ ਵੀ ਕਰਨ ਉਹ ਵਿਲੱਖਣ ਹੁੰਦੀਆਂ ਹਨ। ਮੈਨੂੰ ਵੀ ਅਜਿਹੀਆਂ ਦੋ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ। ਪਹਿਲੀ ਪੁਸਤਕ ਹੈ ਪ੍ਰਸਿੱਧ ਵਿਗਿਆਨੀ ਅਤੇ ਪੰਜਾਬੀ ਸਾਹਿਤਕਾਰ ਡਾ. ਸੁਖਪਾਲ ਸੰਘੇੜਾ ਦੀ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ’ ਅਤੇ ਦੂਜੀ ਨਾਮਵਰ ਪੰਜਾਬੀ ਕਵੀ ਅਤੇ ਆਲੋਚਕ ਸੁਖਿੰਦਰ ਦੀ ਸੰਪਾਦਿਤ ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ: ਖੁੱਲ੍ਹੇ ਭੇਦ’। ਦੋਵੇਂ ਪੁਸਤਕਾਂ ਵਾਰਤਕ ਦੀਆਂ ਹਨ ਅਤੇ ਇਨ੍ਹਾਂ ਵਿੱਚ ਨਵੇਂ ਵਿਸ਼ੇ ਛੋਹੇ ਗਏ ਹਨ। ਗੱਲ ਨਵੇਂ ਵਿਸ਼ਿਆਂ ਦੀ ਵੀ ਨਹੀਂ, ਮੁੱਖ ਮੁੱਦਾ ਇਹ ਹੈ ਕਿ ਦੋਵੇਂ ਪੁਸਤਕਾਂ ਸਬੰਧਿਤ ਵਿਸ਼ੇ ਦੀ ਤਹਿ ਵਿੱਚ ਜਾ ਕੇ ਪਾਠਕਾਂ ਨੂੰ ਕੁਝ ਸੋਚਣ ’ਤੇ ਮਜਬੂਰ ਕਰਦੀਆਂ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪਹਿਲਾਂ ਕਿਸੇ ਲੇਖਕ ਨੇ ਅਜਿਹੇ ਵਿਸ਼ਿਆਂ ’ਤੇ ਕਲਮ ਕਿਉਂ ਨਹੀਂ ਚਲਾਈ।

ਪੰਜਾਬ ਵਿੱਚ ਮੱਧਕਾਲ ਸਮੇਂ ਵਿੱਚ ਚੱਲੀ ਜਾਗ੍ਰਿਤੀ ਲਹਿਰ ਸਬੰਧੀ ਬਹੁਤ ਕੁਝ ਲਿਖਿਆ ਮਿਲਦਾ ਹੈ, ਪਰ ਡਾ. ਸੰਘੇੜਾ ਦੀ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੇ ਯੂਰਪੀਅਨ ਪੁਨਰ-ਜਾਗ੍ਰਿਤੀ ਦੇ ਪ੍ਰਸੰਗ ਵਿੱਚ ਇਸ ਲਹਿਰ ਦਾ ਅਧਿਐਨ ਕੀਤਾ ਹੈ ਅਤੇ ਇਹ ਪ੍ਰਸ਼ਨ ਉਠਾਇਆ ਹੈ ਕਿ ਯੂਰਪੀਅਨ ਪੁਨਰ-ਜਾਗ੍ਰਿਤੀ ਲਹਿਰ ਕਾਮਯਾਬ ਕਿਉਂ ਹੋਈ ਅਤੇ ਪੰਜਾਬ ਦੀ ਜਾਗ੍ਰਿਤੀ ਲਹਿਰ ਆਪਣੇ ਮੁੱਢਲੇ ਦੌਰ ਦੀਆਂ ਸਫਲਤਾਵਾਂ ਦੇ ਬਾਵਜੂਦ ਅਸਫਲ ਕਿਉਂ ਹੋਈ। ਲੇਖਕ ਨੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਪੁਨਰ-ਜਾਗ੍ਰਿਤੀ ਲਹਿਰ ਸਫਲ ਹੋਈ ਜਿਸ ਨੇ ਯੂਰਪ ਨੂੰ ਮਨੁੱਖੀ ਇਤਿਹਾਸ ਦੇ ਰਾਹ ਉੱਪਰ ਅੱਗੇ ਵਧਾਉਣ ਲਈ ਯੋਗਦਾਨ ਪਾਇਆ ਅਤੇ ਆਧੁਨਿਕਤਾ ਨਾਲ ਜੋੜਿਆ। ਪੰਜਾਬ ਦੀ ਜਾਗ੍ਰਿਤੀ ਲਹਿਰ ਦੀ ਅਸਫਲਤਾ ’ਤੇ ਚਰਚਾ ਕਰਦੇ ਹੋਏ ਲੇਖਕ ਨੇ ਪ੍ਰਾਚੀਨ ਭਾਰਤੀ ਫ਼ਲਸਫ਼ੇ ਤੇ ਕੱਟੜਵਾਦ ਨੂੰ ਦੋਸ਼ੀ ਠਹਿਰਾਇਆ ਹੈ ਜਿਸ ਵਿੱਚ ਜਿੱਤ ਲਈ ਚਲਾਕੀ ਨੂੰ ਵਰਤਣ ਦਾ ਔਗੁਣ ਸੀ। ਲੇਖਕ ਅਨੁਸਾਰ ਪੰਜਾਬ ਜਾਗ੍ਰਿਤੀ ਲਹਿਰ ਦਾ ਮੁੱਖ ਬੁਲਾਰਾ ਗੁਰੂ ਗ੍ਰੰਥ ਸਾਹਿਬ ਹੈ। ਸਾਰੀ ਪੁਸਤਕ ਵਿੱਚ ਸਬੰਧਿਤ ਵਿਚਾਰਾਂ ਦੇ ਪ੍ਰਗਟਾਅ ਲਈ ਗੁਰੂ ਗ੍ਰੰਥ ਸਹਿਬ ਵਿੱਚੋਂ ਉਦਾਹਰਨਾਂ ਹੀ ਨਹੀਂ ਦਿੱਤੀਆਂ ਬਲਕਿ ਉਨ੍ਹਾਂ ਦੀ ਵਿਆਖਿਆ ਵੀ ਬੜੀ ਸਰਲ ਭਾਸ਼ਾ ਵਿੱਚ ਕੀਤੀ ਹੈ।

ਇਸ ਪੁਸਤਕ ਦੇ ਨੌਂ ਕਾਂਡ ਹਨ। ਹਰ ਕਾਂਡ ਦਾ ਸਿਰਲੇਖ ਢੁੱਕਵਾਂ ਹੀ ਨਹੀਂ ਸਗੋਂ ਪੜ੍ਹਨ ਵਾਲੇ ਨੂੰ ਟੁੰਬਣ ਵਾਲਾ ਵੀ ਹੈ। ਲੇਖਕ ਨੇ ਗੁਰਬਾਣੀ ਸਬੰਧੀ ਗੱਲ ਕਰਦੇ ਕਈ ਵਿਸ਼ੇਸ਼ ਟਿੱਪਣੀਆਂ ਕੀਤੀਆਂ ਹਨ: ਗੁਰਬਾਣੀ ਵਿਗਿਆਨਕ ਖਿਆਲਾਂ ਦਾ ਗੁੱਝਾ ਖਜ਼ਾਨਾ ਹੈ, ਗੁਰਬਾਣੀ ਦੇ ਵਿਗਿਆਨਕ ਕੋਡ ਲੱਭਣ ਦੀ ਗੱਲ ਕੀਤੀ ਹੈ, ਗੁਰਬਾਣੀ ਵਿੱਚ ਸਿਰਫ਼ ਵਿਗਿਆਨਕ ਤਰਕ ਉਸਾਰਨ ਵਾਲੀਆਂ ਤੁਕਾਂ ਹੀ ਨਹੀਂ ਹਨ ਬਲਕਿ ਵਿਗਿਆਨਕ ਤੱਤ ਨਾਲ ਭਰੀਆਂ ਤੁਕਾਂ ਵੀ ਹਨ ਆਦਿ। ਡਾ. ਸੰਘੇੜਾ ਨੇ ਇੱਕ ਟੇਬਲ ਵੀ ਦਰਜ ਕੀਤਾ ਹੈ ਜਿਸ ਵਿੱਚ ‘ਗੁਰਬਾਣੀ ਦੇ ਮੂਲ ਮੰਤਰ ਵਿਚਲੇ ਅਕਾਲ-ਪੁਰਖ ਅਤੇ ਮਾਦੇ ਦੀ ਅਵਿਨਾਸ਼ਤਾ ਦੇ ਸਿਧਾਂਤ ਵਿਚਲੇ ਮਾਦੇ ਦੇ ਆਹਮੋ-ਸਾਹਮਣੇ’ ਨੂੰ ਪੇਸ਼ ਕੀਤਾ ਹੈ। ਨਿਰਸੰਦੇਹ ਇਹ ਮੂਲ ਮੰਤਰ ਦਾ ਨਵਾਂ ਅਤੇ ਅਨੋਖਾ ਵਿਸ਼ਲੇਸ਼ਣ ਹੈ।

ਲੇਖਕ ਨੇ ਇੱਕ ਥਾਂ ਇੱਕ ਹੋਰ ਭਾਵਪੂਰਤ ਟਿੱਪਣੀ ਕੀਤੀ ਹੈ-ਯੂਰਪ ਦੇ ਵਾਰਿਸ ਆਧੁਨਿਕ ਯੁੱਗ ਵਿੱਚ ਜੀਅ ਰਹੇ ਹਨ, ਪਰ ਪੰਜਾਬ ਜਾਗ੍ਰਿਤੀ ਲਹਿਰ ਦਾ ਵਾਰਿਸ ਅਰਧ-ਆਧੁਨਿਕ ਯੁੱਗ ਜਾਂ ਮੱਧਕਾਲੀ ਯੁੱਗ ਵਿੱਚ ਰਹਿੰਦਾ ਹੈ। ਆਧੁਨਿਕ ਯੁੱਗ ਇਸ ਦੀ ਇੰਗਲੈਂਡ ਤੋਂ ਆਈ ਗੁਲਾਮੀ ਆਪਣੇ ਨਾਲ ਦਾਜ ਵਿੱਚ ਲਿਆਇਆ ਨਾ ਕਿ ਅਰਥਚਾਰੇ ਜਾਂ ਵਿਗਿਆਨ ਦੀ ਤਰੱਕੀ ਨਾਲ ਆਇਆ। ਸਾਰੀ ਪੁਸਤਕ ਵਿੱਚ ਲੇਖਕ ਦੇ ਅਜਿਹੇ ਵਿਚਾਰ ਪਾਠਕਾਂ ਵਿੱਚ ਨਵੀ ਚੇਤਨਤਾ ਪੈਦਾ ਕਰਦੇ ਹਨ।

ਦੂਜੀ ਪੁਸਤਕ ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ: ਖੁੱਲ੍ਹੇ ਭੇਦ’ ਵਿੱਚ ਵੱਖ-ਵੱਖ 18 ਲੇਖਕਾਂ ਦੇ ਲੇਖ ਹਨ। ਇਨ੍ਹਾਂ ਵਿੱਚੋਂ ਤਿੰਨ ਤਾਂ ਸੰਪਾਦਕ ਦੇ ਹਨ, ਛੇ ਲੇਖ ਜਸਬੀਰ ਭੁੱਲਰ ਦੇ ਚਰਚਿਤ ਨਾਵਲ ‘ਖਿੱਦੋ’ ਦੇ ਵੱਖ-ਵੱਖ ਪਹਿਲੂਆਂ ਸਬੰਧੀ ਹਨ। ਭਾਵੇਂ ਇਸ ਪੁਸਤਕ ਤੋਂ ਪਹਿਲਾਂ ਵੀ ਪੰਜਾਬੀ ਸਾਹਿਤ ਵਿੱਚ ਫੈਲੇ ਜਾਂ ਫੈਲ ਰਹੇ ਭ੍ਰਿਸ਼ਟਾਚਾਰ ਸਬੰਧੀ ਕਿਤੇ ਮੱਠੀ ਸੁਰ ਵਿੱਚ ਅਤੇ ਕਿਤੇ ਉੱਚੀ ਸੁਰ ਵਿੱਚ ਚਰਚਾ ਹੁੰਦੀ ਰਹੀ ਹੈ। ਵਿਸ਼ੇਸ਼ ਕਰਕੇ ਸਾਹਿਤ ਅਕੈਡਮੀ ਅਤੇ ਭਾਸ਼ਾ ਵਿਭਾਗ ਦੇ ਇਨਾਮਾਂ ਦੀ ਘੋਸ਼ਣਾ ਤੋਂ ਬਾਅਦ। ਪੰਜਾਬੀ ਦੇ ਇੱਕ ਹੋਰ ਚਰਚਿਤ ਲੇਖਕ ਬੁੱਧ ਸਿੰਘ ਨੀਲੋਂ ਨੇ ਆਪਣੇ ਤੌਰ ’ਤੇ ਹੀ ਪੰਜਾਬੀ ਸਾਹਿਤ ਵਿੱਚ ਪੀਐੱਚ ਡੀ ਲਈ ਹੋ ਰਹੇ ਭ੍ਰਿਸ਼ਟਾਚਾਰ ਨੂੰ ਲੀਰੋ ਲੀਰ ਕੀਤਾ ਹੈ। ਪੰਜਾਬੀ ਲੇਖਕ ਮਿੱਤਰ ਸੈਨ ਨੇ ਭਾਸ਼ਾ ਵਿਭਾਗ ਦੇ ਇਨਾਮਾਂ ਨੂੰ ਅਦਾਲਤ ਵਿੱਚ ਘੜੀਸ ਕੇ ਉਨ੍ਹਾਂ ’ਤੇ ਅਦਾਲਤੀ ਰੋਕ ਲਗਵਾ ਦਿੱਤੀ ਹੈ। ਪੁਸਤਕ ਰੂਪ ਵਿੱਚ ਇਸ ਸ਼ਰਮਨਾਕ ਵਰਤਾਰੇ ਨੂੰ ਉਜਾਗਰ ਕਰਨ ਦਾ ਉਪਰਾਲਾ ਪਹਿਲੀ ਵਾਰ ਇਸ ਪੁਸਤਕ ਦੇ ਸੰਪਾਦਕ ਸੁਖਿੰਦਰ ਨੇ ਹੀ ਕੀਤਾ ਹੈ, ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ ਅਤੇ ਸ਼ਾਬਾਸ਼ ਦਾ ਵੀ। ਇਸ ਪੁਸਤਕ ਵਿੱਚ ਸਿਰਫ਼ ਪੰਜਾਬ ਦੇ ਹੀ ਨਹੀਂ ਸਗੋਂ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਪਰਵਾਸੀ ਲੇਖਕਾਂ ਦੇ ਲੇਖ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬੀ ਸਾਹਿਤ ਨੂੰ ਨਿਘਾਰ ਵੱਲ ਲਿਜਾ ਰਹੇ ਮਹੱਤਵਪੂਰਨ ਮੁੱਦੇ ’ਤੇ ਵਿਦਵਾਨ ਅੰਦਰੋਂ ਦੁਖੀ ਵੀ ਹਨ ਅਤੇ ਫਿਕਰਮੰਦ ਵੀ। ਸਾਰਿਆਂ ਨੂੰ ਇੱਕ ਪਲੈਟਫਾਰਮ ’ਤੇ ਲਿਆ ਕੇ ਸੁਖਿੰਦਰ ਨੇ ਇਸ ਗੰਭੀਰ ਮੁੱਦੇ ਵੱਲ ਆਮ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ ਹੈ। ਡਾ. ਅਮਰਜੀਤ ਸਿੰਘ ਟਾਂਡਾ, ਨਿਰੰਜਣ ਬੋਹਾ, ਪੂਰਨ ਸਿੰਘ ਪਾਂਧੀ, ਡਾ. ਪਰਮਜੀਤ ਸਿੰਘ ਢੀਂਗਰਾ, ਗੁਰਮਿੰਦਰ ਸਿੱਧੂ, ਪਿਆਰਾ ਸਿੰਘ ਕੁੱਤੀਵਾਲ, ਕੇਹਰ ਸ਼ਰੀਫ, ਸੁਰਜੀਤ ਸਿੰਘ, ਡਾ. ਸ.ਪ.ਸਿੰਘ, ਗੁਰਬਚਨ ਸਿੰਘ ਭੁੱਲਰ, ਅਤਰਜੀਤ ਆਦਿ ਨੇ ਸਬੰਧਿਤ ਵਿਸ਼ੇ ਦੇ ਕਈ ਪੱਖਾਂ ’ਤੇ ਚਰਚਾ ਕੀਤੀ ਹੈ। ਸੁਖਿੰਦਰ ਦੀ ਸੰਪਾਦਕੀ ਵੀ ਪੜ੍ਹਨ ਅਤੇ ਵਿਚਾਰਨ ਯੋਗ ਹੈ। ਉਸ ਦਾ ਵਿਚਾਰ ਹੈ ਕਿ ਪੰਜਾਬੀ ਸਾਹਿਤ ਵਿੱਚ ਫੈਲਿਆ ਭ੍ਰਿਸ਼ਟਾਚਾਰ ‘‘ਇਸ ਦੇ ਉੱਚ ਦੁਮਾਲੜਿਆਂ ਵਾਲੇ ਸਾਹਿਤਕਾਰ ਰਾਖਿਆਂ ਵੱਲੋਂ ਹੀ ਭ੍ਰਿਸ਼ਟ ਕੀਤਾ ਜਾ ਰਿਹਾ ਹੈ।’’ ਉਸ ਦਾ ਇਹ ਵੀ ਮੰਨਣਾ ਹੈ ਕਿ ਕੁਝ ਜ਼ਿੰਮੇਵਾਰ ਵਿਅਕਤੀ ਵਿਸ਼ੇਸ਼ ਆਪਣੀਆਂ ਨਿੱਜੀ ਲਾਲਸਾਵਾਂ ਕਰਕੇ ਅਜਿਹੇ ਹਾਲਾਤ ਤੋਂ ਨਜ਼ਰਾਂ ਬਚਾ ਰਹੇ ਹਨ। ਡਾ. ਟਾਂਡਾ ਦਾ ਮੰਨਣਾ ਹੈ ਕਿ ‘‘ਰਚਨਾ ਦਾ ਨਾਂ ਲੈ ਕੇ, ਲੇਖਕ ਦਾ ਨਾਂ ਲੈ ਕੇ ਆਲੋਚਨਾ ਹੋਣੀ ਚਾਹੀਦੀ ਹੈ।’’ ਡਾ. ਸ਼ਿਆਮ ਸੁੰਦਰ ਦੀਪਤੀ ਦਾ ਕਹਿਣਾ ਹੈ ਕਿ ‘‘ਲੇਖਕ ਤਾਂ ਸਮਾਜ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਵਾਲਾ ਹੋਣਾ ਚਾਹੀਦਾ ਹੈ।’’ ਉਸ ਦਾ ਇਹ ਵੀ ਕਹਿਣਾ ਹੈ ਕਿ ਕੀ ਸਨਮਾਨਾਂ ਲਈ ਅਰਜ਼ੀਆਂ ਦੇਣੀਆਂ ਪੈਂਦੀਆਂ ਹਨ’’ ਜੋ ਕਿ ਗਲਤ ਹੈ।

ਨਿਰੰਜਨ ਬੋਹਾ ਨੇ ਬੜੀ ਦਲੇਰੀ ਨਾਲ ਲਿਖਿਆ ਹੈ ਕਿ ‘‘ਸਾਹਿਤਕ ਭ੍ਰਿਸ਼ਟਾਚਾਰ ਲਈ ਨਾਮਵਰ ਲੇਖਕਾਂ ਦੀ ਜ਼ਿੰਮੇਵਾਰੀ ਹੈ।’’ ਡਾ.ਸ.ਪ.ਸਿੰਘ ਨੇ ‘ਖਿੱਦੋ’ ਦੀ ਸ਼ੈਲੀ ’ਤੇ ਪ੍ਰਸ਼ਨ ਉਠਾਏ ਹਨ। ਉਨ੍ਹਾਂ ਅਨੁਸਾਰ ‘ਖਿੱਦੋ’ ਨਾ ਤਾਂ ਨਾਵਲ ਹੈ ਅਤੇ ਨਾ ਹੀ ਸਾਹਿਤਕ ਰਚਨਾ। ਪ੍ਰਸਿੱਧ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਨੇ ਆਪਣੇ ਲੇਖ ਵਿੱਚ ਸਾਹਿਤ ਅਕਾਦਮੀ ਦੇ ਪੁਰਸਕਾਰਾਂ ਦੇ ਪਰਦੇ ਪਿਛਲੇ ਕਈ ਕਿੱਸੇ ਫਰੋਲੇ ਹਨ ਅਤੇ ਬੜੀ ਦਲੇਰੀ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲੈ ਕੇ ਲਿਖਿਆ ਹੈ ਕਿ ਜਿੱਥੇ ਪਹਿਲਾਂ ਭ੍ਰਿਸ਼ਟਾਚਾਰ ਵਰਗੀ ਬਿਮਾਰੀ ਜ਼ੁਕਾਮ ਵਰਗੀ ਸਾਧਾਰਨ ਬਿਮਾਰੀ ਸੀ, ਹੁਣ ਕੈਂਸਰ ਬਣ ਗਈ ਹੈ। ਸੁਖਿੰਦਰ ਦਾ ਲੇਖ ‘ਟੀਟੂ ਸ਼ਟਰਾਂ ਵਾਲਾ’ ਇੱਕ ਵਧੀਆ ਵਿਅੰਗ ਹੈ। ਸਮੁੱਚੇ ਰੂਪ ਵਿੱਚ ਸੁਖਿੰਦਰ ਵੱਲੋਂ ਸੰਪਾਦਿਤ ਇਸ ਪੁਸਤਕ ਨਾਲ ਪੰਜਾਬੀ ਸਾਹਿਤ ਵਿੱਚ ਨਵਾਂ ਅਧਿਆਏ ਸ਼ੁਰੂ ਹੁੰਦਾ ਹੈ। ਉਪਰੋਕਤ ਦੋਵੇਂ ਪੁਸਤਕਾਂ ਪੰਜਾਬੀ ਸਾਹਿਤ ਨਾਲ ਮੱਸ ਰੱਖਣ ਵਾਲੇ ਹਰ ਪਾਠਕ ਨੂੰ ਪੜ੍ਹਨੀਆਂ ਚਾਹੀਦੀਆਂ ਹਨ।
ਸੰਪਰਕ: 001-604-369-2371



News Source link
#ਸਚਣ #ਲਈ #ਮਜਬਰ #ਕਰਦਆ #ਦ #ਪਸਤਕ

- Advertisement -

More articles

- Advertisement -

Latest article