28.3 C
Patiāla
Monday, May 13, 2024

ਰਾਏਕੋਟ ਟਰੱਕ ਯੂਨੀਅਨ ਦੇ ਲੱਖਾਂ ਰੁਪਏ ਤੇਲੂ ਰਾਮ ਵੱਲ ਫਸੇ

Must read


ਸੰਤੋਖ ਗਿੱਲ
ਰਾਏਕੋਟ, 25 ਅਗਸਤ

ਅਨਾਜ ਮੰਡੀਆਂ ’ਚ ਢੋਆ-ਢੁਆਈ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਠੇਕੇਦਾਰ ਤੇਲੂ ਰਾਮ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਮਗਰੋਂ ਰਾਏਕੋਟ ਦੀ ਛੋਟੀ ਜਿਹੀ ਟਰੱਕ ਯੂਨੀਅਨ ਦਾ ਵੀ 60 ਲੱਖ ਰੁਪਏ ਤੋਂ ਵਧੇਰੇ ਦਾ ਭੁਗਤਾਨ ਫਸ ਗਿਆ ਹੈ।

ਜ਼ਿਕਰਯੋਗ ਹੈ ਕਿ ਠੇਕੇਦਾਰ ਤੇਲੂ ਰਾਮ ਕੋਲ ਰਾਏਕੋਟ ਦੀਆਂ ਅਨਾਜ ਮੰਡੀਆਂ ਸਣੇ ਕੇਂਦਰ ਅਤੇ ਸੂਬਾ ਸਰਕਾਰ ਦੇ ਮੁਫ਼ਤ ਅਨਾਜ ਦੀ ਢੋਆ-ਢੁਆਈ ਦਾ ਠੇਕਾ ਵੀ ਸੀ। ਜਾਣਕਾਰੀ ਅਨੁਸਾਰ ਮੁਫ਼ਤ ਸਰਕਾਰੀ ਅਨਾਜ ਸਕੀਮ ਦਾ ਜੂਨ 2021 ਤੱਕ ਦਾ ਭੁਗਤਾਨ ਹੋ ਚੁੱਕਾ ਹੈ, ਪਰ ਉਸ ਤੋਂ ਬਾਅਦ ਦੀ ਸਾਰੀ ਰਕਮ ਅਤੇ ਕਣਕ ਦੇ ਸੀਜ਼ਨ ਦੀ ਸਾਰੀ ਢੋਆ-ਢੁਆਈ ਦਾ ਭੁਗਤਾਨ ਹਾਲੇ ਹੋਣਾ ਬਾਕੀ ਹੈ। ਪਤਾ ਲੱਗਾ ਹੈ ਕਿ ਰਾਏਕੋਟ ਟਰੱਕ ਯੂਨੀਅਨ ਨੇ ਹੁਣ ਮੁਫ਼ਤ ਅਨਾਜ ਸਕੀਮ ਦੀ ਢੋਆ-ਢੁਆਈ ਦੇ ਹਾਲੀਆ ਬਿੱਲ ਸਿੱਧੇ ਪੰਜਾਬ ਫੂਡ ਸਪਲਾਈ ਵਿਭਾਗ ਕੋਲ ਭੇਜੇ ਹਨ। ਇਸ ਦੇ ਨਾਲ ਹੀ ਅਨਾਜ ਮੰਡੀਆਂ ਦੇ ਮਜ਼ਦੂਰਾਂ ਦੇ ਵੀ ਲੱਖਾਂ ਰੁਪਏ ਤੇਲੂ ਰਾਮ ਵੱਲ ਫਸੇ ਹੋਏ ਹਨ। ਉੱਧਰ ਰਾਏਕੋਟ ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਅਨੁਸਾਰ ਖ਼ੁਰਾਕ ਸਪਲਾਈ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਮੁਫ਼ਤ ਸਰਕਾਰੀ ਅਨਾਜ ਸਕੀਮ ਦੀ ਢੋਆ-ਢੁਆਈ ਦਾ ਭੁਗਤਾਨ ਛੇਤੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਰਕਾਰ ਜਦੋਂ ਤੱਕ ਮੁਫ਼ਤ ਅਨਾਜ ਸਕੀਮ ਦੀ ਢੋਆ-ਢੁਆਈ ਦਾ ਭੁਗਤਾਨ ਨਹੀਂ ਕਰੇਗੀ, ਉਸ ਸਮੇਂ ਤੱਕ ਵਿਭਾਗ ਨੂੰ ਕੋਈ ਟਰੱਕ ਨਹੀਂ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਟਰੱਕ ਯੂਨੀਅਨ ਰਾਏਕੋਟ ਵਿੱਚ 500 ਦੇ ਕਰੀਬ ਟਰੱਕ ਹਨ, ਜਿਸ ਵਿੱਚ ਵੱਡੀ ਗਿਣਤੀ ਟਰੱਕਾਂ ਦੇ ਮਾਲਕ ਆਰਥਿਕ ਸੰਕਟ ਦੇ ਸ਼ਿਕਾਰ ਹਨ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਸਰਕਾਰ ਵੱਲੋਂ ਦੋ ਕੁ ਹਫ਼ਤਿਆਂ ਵਿੱਚ ਭੁਗਤਾਨ ਨਾ ਕੀਤਾ ਗਿਆ ਤਾਂ ਯੂਨੀਅਨ ਆਪਣੇ ਫੰਡਾਂ ’ਚੋਂ ਟਰੱਕ ਮਾਲਕਾਂ ਦੀ ਸਹਾਇਤਾ ਕਰੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2018-19 ਤੋਂ ਅਨਾਜ ਮੰਡੀਆਂ ਦੀ ਢੋਆ-ਢੁਆਈ ਦੇ ਕੰਮ ਉੱਪਰ ਤੇਲੂ ਰਾਮ ਦੀ ਕੰਪਨੀ ਦਾ ਹੀ ਰਾਜ ਰਿਹਾ ਹੈ। ਤੇਲੂ ਰਾਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰਾ ਭੁਗਤਾਨ ਖੂਹ-ਖਾਤੇ ਪੈ ਗਿਆ ਜਾਪਦਾ ਹੈ। ਕੁਝ ਟਰੱਕ ਮਾਲਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਭੁਗਤਾਨ ਦੀ ਉਮੀਦ ਨਾਲ ਆਉਂਦੇ ਹਨ, ਪਰ ਸ਼ਾਮ ਨੂੰ ਖ਼ਾਲੀ ਹੱਥ ਵਾਪਸ ਮੁੜ ਜਾਂਦੇ ਹਨ। 





News Source link

- Advertisement -

More articles

- Advertisement -

Latest article