37.4 C
Patiāla
Wednesday, May 15, 2024

ਆਜ਼ਾਦ ਮੀਡੀਆ ਨੂੰ ਕੰਟਰੋਲ ਕਰਨ ਦੀ ਚਾਲ: ਕਾਂਗਰਸ

Must read


ਨਵੀਂ ਦਿੱਲੀ: ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਵੱਲੋਂ ਐੱਨਡੀਟੀਵੀ ਦੀ ਹਿੱਸੇਦਾਰੀ ਐਕੁਆਇਰ ਕਰਨ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਖਾਸ ਦੋਸਤ’ ਦੀ ਮਾਲਕੀ ਵਾਲੀ ਕੰਪਨੀ ਦੀ ਇਹ ਕੋਸ਼ਿਸ਼ ਆਜ਼ਾਦ ਮੀਡੀਆ ਨੂੰ ਕੰਟਰੋਲ ਕਰਨ ਅਤੇ ਉਸ ਨੂੰ ਦਬਾਉਣ ਲਈ ਉਠਾਇਆ ਗਿਆ ਕਦਮ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ,‘‘ਪ੍ਰਧਾਨ ਮੰਤਰੀ ਦੇ ਖਾਸ ਦੋਸਤ ਦੀ ਕਰਜ਼ੇ ’ਚ ਡੁੱਬੀ ਕੰਪਨੀ ਵੱਲੋਂ ਇਕ ਮਸ਼ਹੂਰ ਟੀਵੀ ਨਿਊਜ਼ ਨੈੱਟਵਰਕ ’ਤੇ ਕਬਜ਼ੇ ਦੀ ਖ਼ਬਰ ਆਰਥਿਕ ਅਤੇ ਸਿਆਸੀ ਤਾਕਤ ਦਾ ਕੇਂਦਰੀਕਰਨ ਹੈ। ਇਹ ਆਜ਼ਾਦ ਮੀਡੀਆ ਨੂੰ ਕੰਟਰੋਲ ਕਰਨ ਅਤੇ ਦਬਾਉਣ ਲਈ ਉਠਾਇਆ ਗਿਆ ਬੇਸ਼ਰਮੀ ਭਰਿਆ ਕਦਮ ਹੈ।’’ ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ,‘‘ਕਿੰਨੀ ਰਹੱਸਮਈ ਗੱਲ ਹੈ ਕਿ ‘ਹਮਾਰੇ ਦੋ’ ’ਚੋਂ ਇਕ ਨੇ ਕਰਜ਼ਾ ਦਿੱਤਾ ਅਤੇ ਦੂਜੇ ਨੇ ਹਥਿਆਰ ਵਜੋਂ ਇਸ ਦੀ ਵਰਤੋਂ ਕੀਤੀ ਤਾਂ ਜੋ ਟੀਵੀ ਨੈੱਟਵਰਕ ਨੂੰ ਕਬਜ਼ੇ ’ਚ ਲਿਆ ਜਾ ਸਕੇ। ਹੈਰਾਨੀ ਦੀ ਗੱਲ ਹੈ ਕਿ ਜਿਸ ਨੂੰ ‘ਵਿਸ਼ਵ ਪ੍ਰਧਾਨ’ ਆਖਿਆ ਜਾਂਦਾ ਹੈ, ਉਹ ਇਸ ’ਚ ਨੇੜਿਉਂ ਸ਼ਾਮਲ ਹੈ।’’ ਉਧਰ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਟਵਿੱਟਰ ’ਤੇ ਕਿਹਾ ਕਿ ਆਜ਼ਾਦ ਪੱਤਰਕਾਰੀ ਦੇ ਆਖਰੀ ਥੰਮ੍ਹ ’ਤੇ ਵੀ ਸਨਅਤ ਦਾ ਕਬਜ਼ਾ ਹੋਣ ਜਾ ਰਿਹਾ ਹੈ। ਸਾਨੂੰ ਚਿੰਤਾ ਕਰਨੀ ਚਾਹੀਦੀ ਹੈ।’’ ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਦੀ ਕੰਪਨੀ ਨੇ ਸਭ ਤੋਂ ਪਹਿਲਾਂ ਆਪਣੇ ਵਿਰੋਧੀ ਅਰਬਪਤੀ ਮੁਕੇਸ਼ ਅੰਬਾਨੀ ਨਾਲ ਜੁੜੀ ਕੰਪਨੀ ਐਕੁਆਇਰ ਕੀਤੀ ਸੀ। ਇਸ ਕੰਪਨੀ ਨੇ 2008-09 ’ਚ ਐੱਨਡੀਟੀਵੀ ਨੂੰ 250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ ਅਤੇ ਅਡਾਨੀ ਗਰੁੱਪ ਦੀ ਕੰਪਨੀ ਨੇ ਹੁਣ ਇਸ ਕਰਜ਼ੇ ਦੇ ਬਦਲੇ ’ਚ ਚੈਨਲ ਦੀ ਕੰਪਨੀ ’ਚ 29.18 ਫ਼ੀਸਦੀ ਹਿੱਸੇਦਾਰੀ ਲੈਣ ਦਾ ਫ਼ੈਸਲਾ ਲਿਆ ਹੈ। ਗਰੁੱਪ ਨੇ ਬਿਆਨ ’ਚ ਕਿਹਾ ਹੈ ਕਿ ਕੰਪਨੀ ਨੇ 26 ਫ਼ੀਸਦੀ ਹੋਰ ਹਿੱਸੇਦਾਰੀ ਦੀ ਖੁੱਲ੍ਹੀ ਪੇਸ਼ਕਸ਼ ਵੀ ਦਿੱਤੀ ਹੈ। -ਪੀਟੀਆਈ

ਰਵੀਸ਼ ਨੇ ਅਸਤੀਫ਼ੇ ਦੀਆਂ ਖ਼ਬਰਾਂ ਨਕਾਰੀਆਂ

ਚੰਡੀਗੜ੍ਹ (ਟ੍ਰਿਬਿਊਨ ਵੈੱਬ ਡੈਸਕ): ਉੱਘੇ ਐਂਕਰ ਰਵੀਸ਼ ਕੁਮਾਰ ਨੇ ਐੱਨਡੀਟੀਵੀ ਤੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਟਵੀਟ ਰਾਹੀਂ ਸਪੱਸ਼ਟੀਕਰਨ ਦਿੱਤਾ ਹੈ। ਰਵੀਸ਼ ਨੇ ਲਿਖਿਆ,‘‘ਮੇਰੇ ਅਸਤੀਫ਼ੇ ਦੀ ਗੱਲ ਸਿਰਫ਼ ਅਫ਼ਵਾਹ ਹੈ। ਇਹ ਅਫ਼ਵਾਹ ਉਸੇ ਤਰ੍ਹਾਂ ਦੀ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੈਨੂੰ ਇੰਟਰਵਿਊ ਦੇਣ ਦੀ ਸਹਿਮਤੀ ਦੇਣਾ ਅਤੇ ਅਕਸ਼ੈ ਕੁਮਾਰ ਵੱਲੋਂ ਬੰਬੇ ਦੇ ਅੰਬਾਂ ਨਾਲ ਗੇਟ ’ਤੇ ਮੇਰੀ ਉਡੀਕ ਕਰਨਾ। ਤੁਹਾਡਾ ਰਵੀਸ਼ ਕੁਮਾਰ, ਦੁਨੀਆ ਦਾ ਪਹਿਲਾ ਅਤੇ ਸਭ ਤੋਂ ਮਹਿੰਗਾ ਜ਼ੀਰੋ ਟੀਆਰਪੀ ਐਂਕਰ।’’



News Source link

- Advertisement -

More articles

- Advertisement -

Latest article