39.3 C
Patiāla
Saturday, May 11, 2024

ਪਰਵਾਸੀ ਕਾਵਿ

Must read


ਸੁਖਚੈਨ ਸਿੰਘ, ਠੱਠੀ ਭਾਈ

ਮਹਾਨ

ਹੱਸਦੇ ਰਹੀਏ ਵੱਸਦੇ ਰਹੀਏ

ਕਿਸੇ ਨੂੰ ਨਾ ਮਾੜਾ ਕਹੀਏ

ਸਾਂਝਾ ਸਭ ਦਾ ਜਹਾਨ ਹੈ

ਧਰਤੀ ਉੱਤੇ ਹਰ ਕੋਈ ਮਹਾਨ ਹੈ।

ਹਰੇ ਭਰੇ ਨੇ ਪੇੜ ਤੇ ਪੌਦੇ

ਰਿਸ਼ਤਿਆਂ ਦੇ ਨਾ ਕਰੀਏ ਸੌਦੇ

ਸਿਆਣਿਆਂ ਦੀ ਅਖਾਣ ਹੈ

ਧਰਤੀ ਉੱਤੇ ਹਰ ਕੋਈ ਮਹਾਨ ਹੈ।

ਜੀਵ ਜੰਤੂ ਕੁਦਰਤ ਨੇ ਬਣਾਏ

ਜ਼ਿੰਦਗੀ ਬਿਤਾਉਣ ਸਾਰੇ ਆਏ

ਭਾਵੇਂ ਅੱਗੇ ਕੋਈ ਚਟਾਨ ਹੈ

ਧਰਤੀ ਉੱਤੇ ਹਰ ਕੋਈ ਮਹਾਨ ਹੈ।

ਹਵਾ ਧੁੱਪ ਸੂਰਜ ਚੰਨ ਤਾਰੇ

ਚੱਲਦੇ ਨੇ ਹੁਕਮ ਵਿੱਚ ਸਾਰੇ

ਸੁਖਚੈਨ, ਅੱਗੇ ਖੜ੍ਹੀ ਮੌਤ ਰਕਾਨ ਹੈ

ਧਰਤੀ ਉੱਤੇ ਹਰ ਕੋਈ ਮਹਾਨ ਹੈ।
ਸੰਪਰਕ: 00971527632924


ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਅੱਖਰਾਂ ਦਾ ਰਸ

ਅੱਖਰਾਂ ਦੇ ਰਸ ਨਾਲ ਮੈਂ ਐਸਾ

ਧੋਵਾਂ ਮੁੱਖ ਪੰਜਾਬੀ ਦਾ।

ਹਰ ਕੋਈ ਹੀ ਰਹੇ ਮਾਣਦਾ

ਸੱਜਣੋਂ ਸੁੱਖ ਪੰਜਾਬੀ ਦਾ।

ਧੂੜ ਲੇਖਕਾਂ ਇਸ ‘ਤੇ ਪਾਈ

ਜੋ ਅੱਜ ਖਿੱਚਾ ਧੂਹੀ ਦੀ।

ਸਾਫ਼ ਓਸ ਨੂੰ ਕਰਕੇ ਕੱਟਾਂ

ਹਰੇਕ ਦੁੱਖ ਪੰਜਾਬੀ ਦਾ।

ਹੇਠਾਂ ਵੱਲੇ ਰਹੀ ਨਿੱਘਰ ਜੋ

ਅੱਜ ਹੈ ਸਾਡੇ ਕਾਰਨ ਹੀ

ਅੰਬਰਾਂ ਵੱਲ ਨੂੰ ਕਰ ਦੇਵਾਂ ਮੈਂ

ਯਾਰੋ ਰੁਖ਼ ਪੰਜਾਬੀ ਦਾ।

ਹੋਰ ਭਾਸ਼ਾਵਾਂ ਸਿੱਖਣੀਆਂ ਵੀ

ਭਾਵੇਂ ਮਾੜੀ ਗੱਲ ਨਹੀਂ

ਸ਼ਾਮ-ਸਵੇਰੇ ਲਿਆ ਕਰਾਂ ਮੈਂ

ਦੁੱਖੜਾ ਪੁੱਛ ਪੰਜਾਬੀ ਦਾ।

ਮਾਂ ਪੰਜਾਬੀ ਕਹਿੰਦੇ ਹਾਂ ਜੇ

ਬਣਨਾ ਧੀ-ਪੁੱਤ ਚਾਹੀਦਾ

ਕਿਸ ਗੱਲੋਂ ਨਿਰਾਦਰ ਕਰੀਏ

ਸੱਜਣੋਂ ਕੁੱਖ ਪੰਜਾਬੀ ਦਾ।

ਇਹੋ ਗੱਲ ਨਹੀਓਂ ਮਾਮੂਲੀ

ਅਣਖ ਜ਼ਮੀਰਾਂ ਵਾਲੇ ਲਈ

ਐਪਰ ਅਣਗੌਲਿਆ ਕਰ ਦੇਵੇ

ਸਦਾ ਕਪੁੱਤ ਪੰਜਾਬੀ ਦਾ।

ਦਿਲ ਸੋਚੇ ਅੰਗਰੇਜ਼ਾਂ ਨੂੰ ਵੀ

ਮਾਂ ਦੀ ਗੋਦ ਬਿਠਾ ਦੇਵਾਂ

ਦੇਸ਼-ਵਿਦੇਸ਼ੀਂ ਵੰਡਾਂ ਯਾਰੋ

ਭਰ-ਭਰ ਬੁੱਕ ਪੰਜਾਬੀ ਦਾ।

ਸੇਵਾ ਅਤੇ ਸੰਭਾਲ ਇਹ ਮਾਂ ਦੀ

ਕਰਦਾ ਜੱਗੋਂ ਤਰ ਜਾਵੇ

ਸਲੇਮਪੁਰੇ ਦਾ ‘ਲੱਖਾ’ ਮਿੱਤਰੋ

ਬਣ ਕੇ ਪੁੱਤ ਪੰਜਾਬੀ ਦਾ।
ਸੰਪਰਕ: +447438398345


ਤਰਲੋਚਨ ਸਿੰਘ ਦੁਪਾਲ ਪੁਰ

ਫੇਸ-ਬੁੱਕੀ ਦੋਸਤੀ

ਫੋਟੋ ਦੇਖ ‘ਪ੍ਰੋਫਾਈਲ’ ‘ਤੇ ਟੌਹਰ ਵਾਲੀ

‘ਘੈਂਟ’ ਲਿਖ ਕੇ ਜਾਣ ਬਲਿਹਾਰ ਮਿੱਤਰ।

ਠੂੰਗੇ ਮਾਰ ਕੇ ਦੋ ਕੁ ਹੀ ‘ਪੋਸਟਾਂ’ ‘ਤੇ

ਬਣਦੇ ਝੱਟ ਹੀ ਮਰਦ ਤੇ ਨਾਰ ਮਿੱਤਰ।

ਬਿਨਾਂ ਜਾਣ ਪਹਿਚਾਣ ਦੇ ਕਰਨ ਸਿਫਤਾਂ

ਪਰਖਣ ਕਿਸ ਤਰ੍ਹਾਂ ਇੱਥੇ ਕਿਰਦਾਰ ਮਿੱਤਰ।

ਇੱਥੇ ‘ਲਾਈਕ-ਕਮੈਂਟ’ ਹੀ ਗਿਣਨ ਲੋਕੀਂ

ਕਰਦੇ ਰਹਿਣ ਜੋ ਫਰਮਾਂਬਰਦਾਰ ਮਿੱਤਰ।

ਪ੍ਰੀਤ ਪਿੱਤਲ ਤੇ ਸੋਨਾ ਸੀ ਸਾਕ ਕਹਿੰਦੇ

ਬਦਲ ਗਿਆ ਪੁਰਾਣਾ ਵਿਵਹਾਰ ਮਿੱਤਰ।

ਰਿਸ਼ਤੇਦਾਰਾਂ ਦੇ ਨਾਲ ਨਹੀਂ ਬੋਲ-ਬਾਣੀ

‘ਫੇਸ-ਬੁੱਕ’ ‘ਤੇ ਪੰਜ ਹਜ਼ਾਰ ਮਿੱਤਰ!
ਸੰਪਰਕ: 001-408-915-1268



News Source link
#ਪਰਵਸ #ਕਵ

- Advertisement -

More articles

- Advertisement -

Latest article