33.7 C
Patiāla
Sunday, May 19, 2024

ਆਲ੍ਹਣਾ-ਤੀਲ੍ਹਾ ਤੀਲ੍ਹਾ

Must read


ਡਾ. ਡੀ. ਪੀ. ਸਿੰਘ

‘ਆਪਸੀ ਬੇਇਤਬਾਰੀ ਨੇ ਤੁਹਾਡਾ ਰਿਸ਼ਤਾ ਇੰਨਾ ਦੁਖਦ ਬਣਾ ਦਿੱਤਾ ਹੈ ਕਿ ਇਸ ਦੇ ਬਣੇ ਰਹਿਣ ਨਾਲੋਂ ਇਸ ਨੂੰ ਤੋੜਨਾ ਹੀ ਠੀਕ ਰਹੇਗਾ।’

‘ਕਿਉਂ?’

‘ਹਰ ਦਿਨ ਸ਼ੱਕ ਭਰਿਆ ਜੀਵਨ ਜਿਉਣ ਨਾਲੋਂ ਤਾਂ ਅੱਡ ਅੱਡ ਹੋ ਜਾਣਾ ਹੀ ਠੀਕ ਹੈ। ਝੂਠ ਭਰੀ ਜ਼ਿੰਦਗੀ ਵੀ ਭਲਾ ਕੀ ਜ਼ਿੰਦਗੀ ਹੋਈ?’

‘ਤੁਸੀਂ ਇੰਜ ਕਿਵੇਂ ਕਹਿ ਸਕਦੇ ਹੋ? ਤੁਸੀਂ ਤਾਂ ਮੈਰਿਜ ਕੌਂਸਲਰ ਹੋ। ਤੁਹਾਡਾ ਕੰਮ ਤਾਂ ਮੈਰਿਜ ਬਚਾਉਣਾ ਹੈ ਨਾ ਕਿ ਤੋੜਨਾ।’

‘ਪਰ ਮੈਂ ਕੀ ਕਰ ਸਕਦਾ ਹਾਂ ਜੇ ਤੁਸੀਂ ਆਪਣਾ ਵਿਵਹਾਰ ਨਹੀਂ ਬਦਲ ਸਕਦੇ?’ ਮੈਂ ਅੱਕੇ ਹੋਏ ਭਾਵ ਨਾਲ ਕਿਹਾ।

‘ਆਪਣੇ ਪਤੀ ਉੱਤੇ ਭਰੋਸਾ ਕਰਨ ਦੀ ਆਦਤ ਬਣਾਓ। ਸ਼ੱਕ ਤੇ ਕਬਜ਼ੇ ਦੀ ਭਾਵਨਾ ਨੂੰ ਛੱਡੋ। ਆਪਸੀ ਭਰੋਸਾ ਸਫਲ ਮੈਰਿਜ ਦਾ ਆਧਾਰ ਹੁੰਦਾ ਹੈ। ਖਾਸ ਕਰ ਕੇ ਤੁਹਾਡੇ ਵਰਗੇ ਹਾਲਤਾਂ ਵਿੱਚ, ਕਿਉਂ ਜੋ ਤੁਸੀਂ ਇੱਕ ਦੂਜੇ ਤੋਂ ਕਾਫ਼ੀ ਸਮਾਂ ਦੂਰ ਰਹਿੰਦੇ ਹੋ।’

ਮੈਂ ਆਪਣੇ ਸਾਹਮਣੇ ਬੈਠੀ ਔਰਤ ਵੱਲ ਝਾਤ ਮਾਰੀ।

ਉਹ ਕਾਫ਼ੀ ਖੂਬਸੂਰਤ ਸੀ। ਉਮਰ ਪੈਂਤੀ ਕੁ ਸਾਲ, ਤਿੱਖੇ ਨੈਣ ਨਕਸ਼, ਸੁਡੋਲ ਸਰੀਰ, ਨੀਲੀਆਂ ਅੱਖਾਂ ਤੇ ਗੋਰੇ ਨਿਛੋਹ ਰੰਗ ਦੀ ਮਾਲਕ। ਉਸ ਦੀ ਪ੍ਰਭਾਵਸ਼ਾਲੀ ਦਿੱਖ ਨੂੰ ਦੇਖਦਿਆਂ ਕੋਈ ਅੰਦਾਜ਼ਾ ਵੀ ਨਹੀਂ ਸੀ ਲਗਾ ਸਕਦਾ ਕਿ ਉਸ ਦੇ ਮਨ ਵਿੱਚ ਡਾਢੀ ਉਥਲ ਪੁਥਲ ਚੱਲ ਰਹੀ ਸੀ।

ਉਸ ਨੇ ਮੇਰੇ ਵੱਲ ਮਨਮੋਹਕ ਅੰਦਾਜ਼ ਨਾਲ ਦੇਖਿਆ। ਅਜਿਹੀ ਪਿਆਰ ਭਰੀ ਤੱਕਣੀ ਜੋ ਕਿਸੇ ਵੀ ਮਰਦ ਨੂੰ ਹਿਲਾ ਕੇ ਰੱਖ ਦੇਵੇ।

ਮੈਂ, ਇੱਕ ਵਾਰ ਤਾਂ ਝਟਕਾ ਜਿਹਾ ਮਹਿਸੂਸ ਕੀਤਾ, ਥੋੜ੍ਹਾ ਚੰਗਾ ਵੀ ਲੱਗਿਆ, ਪਰ ਜਲਦੀ ਹੀ ਖੁਦ ਨੂੰ ਸਹਿਜ ਕਰ ਲਿਆ।

ਅਜਿਹੀ ਨਾਜ਼ੁਕ ਸਥਿਤੀ ਵਿੱਚ ਕੁਝ ਵੀ ਵਾਪਰਨ ਦੀ ਸੰਭਾਵਨਾ ਸੀ ਤੇ ਮੈਨੂੰ ਸਾਵਧਾਨ ਰਹਿਣ ਦੀ ਲੋੜ ਸੀ। ਇਸੇ ਲਈ ਮੈਂ ਰੁੱਖੇ ਜਿਹੇ ਸੁਰ ਵਿੱਚ ਕਿਹਾ, ‘ਮੇਰਾ ਖਿਆਲ ਹੈ ਕਿ ਹੁਣ ਤੁਹਾਨੂੰ ਜਾਣਾ ਚਾਹੀਦਾ ਹੈ। ਤੁਹਾਡੀ ਫਲਾਈਟ ਦਾ ਸਮਾਂ ਹੋ ਗਿਆ ਹੈ।’

‘ਨਹੀਂ! ਉਹ ਤਾਂ ਲੇਟ ਹੈ।’

‘ਤੁਹਾਨੂੰ ਪੱਕਾ ਪਤਾ ਹੈ?’

‘ਜੀ! ਬਿਲਕੁਲ। ਮੈਂ ਏਅਰ ਹੋਸਟੈੱਸ ਜੂ ਹਾਂ। ਡਿਊਟੀ ਲਈ ਮੈਂ ਦੋ ਘੰਟੇ ਬਾਅਦ ਰਿਪੋਰਟ ਕਰਨਾ ਹੈ।’

‘ਚੰਗਾ! ਮੈਂ ਚੱਲਦਾ ਹਾਂ। ਮੇਰੀ ਉਡਾਣ ਦਾ ਤਾਂ ਚੈੱਕ-ਇਨ ਟਾਈਮ ਲਗਭਗ ਹੋ ਹੀ ਗਿਆ ਹੈ।’

‘ਨਹੀਂ! ਨਹੀਂ! ਥੋੜ੍ਹੀ ਦੇਰ ਹੋਰ ਰੁਕ ਜਾਵੋ। ਤੁਹਾਡੀ ਨਿਊਯਾਰਕ ਦੀ ਫਲਾਈਟ ਵਿੱਚ ਅਜੇ ਤਿੰਨ ਘੰਟੇ ਬਾਕੀ ਹਨ। ਮੈਂ ਖੁਦ ਤੁਹਾਡਾ ਚੈੱਕ-ਇਨ ਕਰਵਾ ਦਿਆਂਗੀ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ।’ ਉਸ ਦੀ ਤਰਲੇ ਭਰੀ ਆਵਾਜ਼ ਸੀ।

‘ਠਹਿਰੋ! ਮੈਂ ਕੌਫ਼ੀ ਲੈ ਕੇ ਆਈ।’ ਉਸ ਨੇ ਕਿਹਾ ਤੇ ਕੌਫ਼ੀ ਹਾਊਸ ਵੱਲ ਚਲੀ ਗਈ। ਟਿੰਮ ਹੋਰਟਿਨ ਦੇ ਕਾਊਂਟਰ ਅੱਗੇ ਖਰੀਦਦਾਰਾਂ ਦੀ ਲਾਈਨ ਕਾਫ਼ੀ ਲੰਮੀ ਸੀ, ਪਰ ਚੁਸਤ ਕਰਮਚਾਰੀ, ਗਾਹਕਾਂ ਨੂੰ ਜਲਦੀ ਜਲਦੀ ਭੁਗਤਾ ਰਹੇ ਸਨ। ਏਅਰਪੋਰਟ ਦੀ ਲੌਬੀ ਵਿੱਚ ਵੀ ਖੂਬ ਗਹਿਮਾ ਗਹਿਮੀ ਸੀ। ਕਿੰਨੇ ਹੀ ਯਾਤਰੀ ਕੁਰਸੀਆਂ ਉੱਤੇ ਬੈਠੇ ਆਪੋ ਆਪਣੀ ਉਡਾਣ ਦੀ ਉਡੀਕ ਕਰ ਰਹੇ ਸਨ। ਕੋਈ ਫੋਨ ਉੱਤੇ ਗੱਲਾਂ ਵਿੱਚ ਮਸਤ ਸੀ ਤੇ ਕੋਈ ਕਿਤਾਬੀ ਦੁਨੀਆ ਵਿੱਚ। ਕਿਧਰੇ ਬੱਚਿਆਂ ਦੀਆਂ ਕਿਲਕਾਰੀਆਂ ਸਨ ਤੇ ਕਿਧਰੇ ਨੌਜੁਆਨ ਜੋੜਿਆਂ ਦੀ ਚੁਹਲਬਾਜ਼ੀ।

ਉਹ ਜਲਦੀ ਹੀ ਕੌਫ਼ੀ ਲੈ ਆਈ।

‘ਇਸ ਵਿਸ਼ੇਸ਼ ਮੀਟਿੰਗ ਲਈ ਮੈਂ ਤੁਹਾਡੀ ਧੰਨਵਾਦੀ ਹਾਂ…ਖਾਸ ਕਰ ਕੇ ਤੁਸੀਂ ਇਸ ਲਈ ਇੰਨੀ ਜਲਦੀ ਸਮਾਂ ਦੇ ਦਿੱਤਾ।’ ਉਹ ਬੋਲੀ।

‘ਠੀਕ ਹੈ। ਆਪਾਂ ਦੋਹਾਂ ਲਈ ਹੀ ਇਹ ਮੁਨਾਸਿਬ ਸੀ, ਆਪੋ ਆਪਣੀ ਫਲਾਈਟ ਫੜਨ ਤੋਂ ਠੀਕ ਪਹਿਲਾਂ ਦਾ ਸਮਾਂ। ਦੂਜਾ ਏਅਰਪੋਰਟ ਦੀ ਖੁੱਲ੍ਹੀ-ਡੁੱਲ੍ਹੀ ਲੌਬੀ ਵਿੱਚ ਕਾਫ਼ੀ ਥਾਂ ਵੀ ਹੈ, ਸ਼ਾਂਤੀ ਨਾਲ ਗੱਲਬਾਤ ਕਰਨ ਲਈ।’

ਉਹ ਥੋੜ੍ਹਾ ਠਿਠਕੀ ਤੇ ਫਿਰ ਝਿਜਕਦੇ ਝਿਜਕਦੇ ਬੋਲੀ, ‘ਮੈਂ ਬਹੁਤ ਉਲਝਣ ਵਿੱਚ ਹਾਂ।’

‘ਕੀ?’

‘ਮੈਨੂੰ ਸ਼ੱਕ ਹੈ ਕਿ ਮੇਰਾ ਪਤੀ ਬੇਵਫ਼ਾ ਹੈ।’

‘ਉਹ ਕਿਵੇਂ?’

‘ਪਿਛਲੇ ਦਿਨੀਂ ਮੈਂ ਆਪਣੇ ਘਰ ਵਿੱਚ ਹੋਮਫੋਨ ’ਤੇ ਇੰਟਰਨੈੱਟ ਲਗਵਾਉਣ ਲਈ ਅਪਲਾਈ ਕੀਤਾ ਤੇ ਕੰਪਨੀ ਨੇ ਜੋ ਇਨਵੌਇਸ ਭੇਜੀ ਉਸ ਵਿੱਚ ਉਨ੍ਹਾਂ ਮੇਰੇ ਪਤੀ ਦੇ ਸੈੱਲਫੋਨ ਦਾ ਬਿੱਲ ਵੀ ਜੋੜ ਦਿੱਤਾ। ਸ਼ਾਇਦ ਇਸ ਲਈ ਕਿ ਉਸ ਦਾ ਇਹ ਸੈੱਲਫੋਨ ਵੀ ਉਸੇ ਕੰਪਨੀ ਦਾ ਹੀ ਸੀ।’

‘ਤਾਂ ਉਲਝਣ ਕੀ ਹੈ?’

‘ਜਦੋਂ ਮੈਂ ਬਿੱਲ ਦੇਖਿਆ ਤਾਂ ਮੈਨੂੰ ਲੱਗਿਆ ਕਿ ਕੁਝ ਗੜਬੜ ਜ਼ਰੂਰ ਹੈ।’

‘ਉਹ ਕਿਵੇਂ?’

‘ਬਿੱਲ ਵਿੱਚ ਇੱਕ ਖਾਸ ਨੰਬਰ ਉੱਤੇ ਕੀਤੀਆਂ ਗਈਆਂ ਬਹੁਤ ਸਾਰੀਆਂ ਕਾਲਾਂ ਦਾ ਵੇਰਵਾ ਸੀ।’

‘ਤਾਂ ਫਿਰ ਤੂੰ ਉਸ ਨੂੰ ਇਸ ਬਾਰੇ ਪੁੱਛਿਆ?’

‘ਨਹੀਂ। ਸੋਚਿਆ ਸ਼ਾਇਦ ਇਹ ਕਾਲਾਂ ਕਿਸੇ ਦਫ਼ਤਰੀ ਕੰਮ ਕਾਰਨ ਕੀਤੀਆਂ ਗਈਆਂ ਹੋਣ।’

‘ਤਾਂ ਫਿਰ ਉਲਝਣ ਦਾ ਕਾਰਨ?’

‘ਹਾਂ! ਅੱਜਕੱਲ੍ਹ ਉਸ ਦਾ ਵਿਵਹਾਰ ਵੀ ਕਾਫ਼ੀ ਬਦਲਿਆ ਬਦਲਿਆ ਲੱਗਦਾ ਹੈ।’

‘ਐਵੇਂ ਸ਼ੱਕ ਕਰਨਾ ਕੋਈ ਚੰਗੀ ਗੱਲ ਨਹੀਂ। ਮੇਰਾ ਖਿਆਲ ਹੈ ਕਿ ਹੁਣ ਹੋਰ ਗੱਲਬਾਤ ਦੀ ਲੋੜ ਨਹੀਂ ਹੈ। ਤੁਹਾਨੂੰ ਮਨੋਰੋਗ ਮਾਹਿਰ ਦੀ ਮਦਦ ਦੀ ਲੋੜ ਹੈ।’ ਕੌਫ਼ੀ ਨੂੰ ਫਟਾਫਟ ਖਤਮ ਕਰ, ਮੈਂ ਖੜ੍ਹੇ ਹੁੰਦਿਆਂ ਕਿਹਾ।

‘ਨਹੀਂ! ਨਹੀਂ! ਪਲੀਜ਼ ਸੁਣੋ ਤਾਂ ਸਹੀ। ਪਿਛਲੇ ਕੁਝ ਦਿਨਾਂ ਵਿੱਚ ਹਾਲਾਤ ਹੋਰ ਵੀ ਮੁਸ਼ਕਿਲ ਹੋ ਗਏ ਨੇ। ਉਸ ਨੂੰ ਵਾਰ ਵਾਰ ਆ ਰਹੇ ਐੱਸ.ਐੱਮ.ਐੱਸ. ਸੁਨੇਹਿਆਂ ਨੇ ਤਾਂ ਮੇਰਾ ਨੱਕ ਵਿੱਚ ਦਮ ਕਰ ਦਿੱਤਾ ਹੈ।’

‘ਐੱਸ.ਐੱਮ.ਐੱਸ. ਸੁਨੇਹੇ?’

‘ਹਾਂ! ਹਨੀ ਡੌਲ ਤੋਂ।’

‘ਹਨੀ ਡੌਲ?’

‘ਕੋਈ ਉਸ ਦੀ ਜਾਣਕਾਰ ਹੈ। ਉਸ ਨੇ ਮੇਰੇ ਪਤੀ ਦਾ ਨੰਬਰ ਜਾਣ ਲਿਆ ਤੇ ਹੁਣ ਉਹ, ਉਸ ਨੂੰ ਐੱਸ.ਐੱਮ.ਐੱਸ. ਭੇਜਦੀ ਹੀ ਰਹਿੰਦੀ ਹੈ, ਪਰ ਉਹ ਇਨ੍ਹਾਂ ਨੂੰ ਅਕਸਰ ਤੁਰੰਤ ਹੀ ਖਾਰਜ ਕਰ ਦਿੰਦਾ ਹੈ।’

‘ਹੂੰ!’

‘ਮੈਨੂੰ ਪੱਕਾ ਸ਼ੱਕ ਹੈ ਕਿ ਜਦੋਂ ਵੀ ਮੈਂ ਡਿਊਟੀ ’ਤੇ ਜਾਂਦੀ ਹਾਂ, ਉਹ ਦੋਵੇਂ ਜ਼ਰੂਰ ਮਿਲਦੇ ਨੇ। ਅੱਜ ਸਵੇਰੇ ਜਦੋਂ ਉਹ ਨਹਾ ਰਿਹਾ ਸੀ ਤੇ ਮੈਂ ਡਿਊਟੀ ’ਤੇ ਜਾਣ ਲਈ ਤਿਆਰ ਹੋ ਰਹੀ ਸਾਂ, ਤਾਂ ਉਸ ਸਮੇਂ ਉਸ ਦਾ ਮੋਬਾਈਲ ਫੋਨ ਬੈੱਡਰੂਮ ਵਿੱਚ ਪਿਆ ਸੀ। ਤਦ ਹੀ ਹਨੀ ਡੌਲ ਦੀ ਐੱਸ.ਐੱਮ.ਐੱਸ. ਆਈ। ਲਿਖਿਆ ਸੀ: ‘ਯਰਨਿੰਗ ਫਾਰ ਯੂ-ਐੱਸ. ਪੀ. ਐੱਸ. ਟੀ.।’

‘ਐੱਸ. ਪੀ. ਐੱਸ. ਟੀ.? ਕੀ ਮਤਲਬ?’ ਮੈਂ ਪੁੱਛਿਆ।

‘ਮੈਨੂੰ ਨਹੀਂ ਪਤਾ। ਮੈਂ ਉਹ ਨੰਬਰ ਡਾਇਲ ਕੀਤਾ। ਕਿਸੇ ਔਰਤ ਦੀ ਆਵਾਜ਼ ਸੀ: ‘ਹਾਏ ਜਾਨੂੰ!’ ਉਸ ਦੀ ਹਿੰਮਤ ਤਾਂ ਦੇਖੋ, ਉਹ ਉਸ ਨੂੰ ‘ਜਾਨੂੰ’ ਕਹਿੰਦੀ ਹੈ। ਮੈਂ ਤਾਂ ਗੁੱਸੇ ਵਿੱਚ ਫੋਨ ਬੰਦ ਹੀ ਕਰ ਦਿੱਤਾ। ਕੱਲ੍ਹ ਰਾਤ ਡਿਨਰ ਸਮੇਂ ਵੀ ਉਸ ਨੂੰ ਵਾਰ ਵਾਰ ਫੋਨ ਆਉਂਦੇ ਰਹੇ ਤੇ ਐੱਸ.ਐੱਮ.ਐੱਸ. ਵੀ। ਜ਼ਰੂਰ ਉਹੋ ਹੀ ਹੋਵੇਗੀ।’

‘ਤੇਰੇ ਪਤੀ ਨੇ ਉਸ ਨਾਲ ਗੱਲਬਾਤ ਕੀਤੀ?’

‘ਨਹੀਂ! ਉਸ ਨੇ ਸੈੱਲਫੋਨ ਉੱਤੇ ਝਾਤ ਮਾਰੀ ਤੇ ਕਾਲ ਕੱਟ ਦਿੱਤੀ। ਅਜਿਹਾ ਤਿੰਨ ਚਾਰ ਵਾਰ ਵਾਪਰਿਆ। ਫਿਰ ਉਸ ਨੇ ਆਪਣਾ ਸੈੱਲਫੋਨ ਬੰਦ ਕਰ ਕੇ ਨਾਈਟ ਸੂਟ ਦੀ ਜੇਬ ਵਿੱਚ ਪਾ ਲਿਆ।

‘ਤੂੰ ਪੁੱਛਿਆ ਨਹੀਂ ਕਿ ਕਿਸ ਦਾ ਫੋਨ ਸੀ?’

‘ਨਹੀਂ।’

‘ਤੈਨੂੰ ਪੁੱਛਣਾ ਚਾਹੀਦਾ ਸੀ। ਹੋ ਸਕਦਾ ਹੈ ਕਿ ਉਸ ਦੇ ਕਿਸੇ ਦੋਸਤ ਦਾ ਫੋਨ ਹੋਵੇ ਜਾਂ ਸਾਥੀ ਕਰਮਚਾਰੀ ਦਾ। ਸੱਚ ਤਾਂ ਇਹ ਹੈ ਕਿ ਤੂੰ ਆਪਣੇ ਪਤੀ ਨਾਲ ਗੱਲਬਾਤ ਕਰਨੀ ਘਟਾ ਦਿੱਤੀ ਹੈ ਤੇ ਬੇਵਜ੍ਹਾ ਸ਼ੱਕ ਕਰਨ ਦੀ ਆਦਤ ਬਣਾ ਲਈ ਹੈ। ਅਗਲੀ ਵਾਰ ਉਸ ਨੂੰ ਪੁੱਛ ਕੇ ਤਾਂ ਦੇਖ, ਮੇਰਾ ਖਿਆਲ ਹੈ ਕਿ ਸਾਰੀ ਸਮੱਸਿਆ ਖੁਦ ਹੀ ਹੱਲ ਹੋ ਜਾਵੇਗੀ।’

‘ਨਹੀਂ! ਨਹੀਂ! ਮੈਨੂੰ ਯਕੀਨ ਹੈ ਕਿ ਉਸ ਦਾ ‘ਹਨੀ ਡੌਲ’ ਨਾਲ ਕੋਈ ਅਫੇਅਰ ਹੈ। ਜੇ ਮੇਰੀ ਸ਼ਿਫਟ ਬਦਲ ਨਾ ਗਈ ਹੁੰਦੀ ਤਾਂ ਮੈਂ ਉਸ ਸਮੇਂ ਘਰ ਨਹੀਂ ਸੀ ਹੋਣਾ।’ ਉਸ ਨੇ ਕਿਹਾ ਤੇ ਅਚਾਨਕ ਹੀ ਫੁੱਟ ਫੁੱਟ ਕੇ ਰੋਣ ਲੱਗ ਪਈ।

‘ਮੈਂ ਜਦੋਂ ਵੀ ਡਿਊਟੀ ’ਤੇ ਜਾਂਦੀ ਹਾਂ, ਉਹ ਬੇਵਫ਼ਾਈ ਕਰਦਾ ਹੈ।’ ਉਸ ਨੇ ਭਰੇ ਹੋਏ ਗੱਚ ਨਾਲ ਡੁਸਕਦੇ ਹੋਏ ਕਿਹਾ।

ਬੜੀ ਅਜੀਬ ਸਥਿਤੀ ਸੀ। ਇੱਕ ਪੜ੍ਹੀ ਲਿਖੀ ਖੂਬਸੂਰਤ ਔਰਤ ਪੂਰੀ ਤਰ੍ਹਾਂ ਨਿਢਾਲ ਹੋਈ ਫੁੱਟ ਫੁੱਟ ਕੇ ਰੋ ਰਹੀ ਸੀ।

‘ਪਲੀਜ਼! ਤੁਸੀਂ ਹੌਂਸਲਾ ਰੱਖੋ।…ਅਜਿਹੀ ਹਾਲਤ ਵਿੱਚ ਤੁਹਾਡਾ ਡਿਊਟੀ ਉੱਤੇ ਜਾਣਾ ਠੀਕ ਨਹੀਂ।’ ਮੈਂ ਕਿਹਾ।

ਉਸ ਨੇ ਪਰਸ ਵਿੱਚੋਂ ਸੈੱਲਫੋਨ ਕੱਢਿਆ ਤੇ ਹੈੱਡ ਆਫਿਸ ਤਬੀਅਤ ਠੀਕ ਨਾ ਹੋਣ ਦੀ ਇਤਲਾਹ ਕਰ ਦਿੱਤੀ।

ਤਦ ਹੀ ਉਸ ਨੇ ਆਪਣਾ ਸੈੱਲਫੋਨ ਟੇਬਲ ਉੱਤੇ ਰੱਖ ਦਿੱਤਾ।

‘ਬਹੁਤ ਵਧੀਆ ਮਾਡਲ ਹੈ ਇਹ।’ ਮੈਂ ਟੇਬਲ ’ਤੇ ਪਏ ਖੂਬਸੂਰਤ ਸੈੱਲਫੋਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

‘ਹਾਂ! ਮੇਰੇ ਪਤੀ ਦਾ ਹੈ। ਐੱਸ.ਐੱਮ.ਐੱਸ. ਸੁਨੇਹਿਆ ਦਾ ਸਬੂਤ ਦਿਖਾਉਣ ਲਈ ਲਿਆਈ ਹਾਂ।’

‘ਉਹ ਇਸ ਨੂੰ ਲੱਭ ਰਿਹਾ ਹੋਵੇਗਾ?’

‘ਦਰਅਸਲ, ਉਹ ਅੱਜ ਸਵੇਰੇ ਦਫ਼ਤਰ ਜਾਣ ਲਈ ਲੇਟ ਹੋ ਗਿਆ ਸੀ ਤੇ ਕਾਹਲੀ ਕਾਹਲੀ ਵਿੱਚ ਇਸ ਨੂੰ ਘਰੇ ਹੀ ਭੁੱਲ ਗਿਆ। ਉਸ ਦੇ ਘਰ ਪੁੱਜਣ ਤੋਂ ਪਹਿਲਾਂ ਮੈਂ ਇਸ ਨੂੰ ਉਸੇ ਥਾਂ ਉੱਤੇ ਰੱਖ ਦਿਆਂਗੀ ਜਿੱਥੋਂ ਚੁੱਕਿਆ ਸੀ।’

ਅਸੀਂ ਦੋਵੇਂ ਕੁਝ ਦੇਰ ਚੁੱਪਚਾਪ ਬੈਠੇ ਰਹੇ। ਇੰਜ ਜਾਪ ਰਿਹਾ ਸੀ ਜਿਵੇਂ ਉਹ ਕਿਸੇ ਗਹਿਰੀ ਸੋਚ ਵਿੱਚ ਹੋਵੇ। ਉਸ ਦੀਆਂ ਅੱਖਾਂ ਵਿੱਚ ਗਹਿਰਾ ਸੁੰਨਾਪਣ ਨਜ਼ਰ ਆ ਰਿਹਾ ਸੀ। ਕੌਂਸਲਿੰਗ ਸਬੰਧਿਤ ਮੇਰੇ ਕਈ ਸਾਲਾਂ ਦੇ ਤਜਰਬੇ ਅਨੁਸਾਰ ਅਜਿਹੀ ਹਾਲਤ ਵਿੱਚ ਕੁਝ ਨਾ ਕਹਿਣਾ ਹੀ ਠੀਕ ਸੀ। ਇਸੇ ਲਈ ਮੈਂ ਕੌਫ਼ੀ ਵਾਲਾ ਕੱਪ ਫੜ, ਚੁੱਪਚਾਪ, ਕੌਫ਼ੀ ਦੀਆਂ ਚੁਸਕੀਆਂ ਭਰਦਾ ਰਿਹਾ।

ਅਚਾਨਕ ਉਹ ਉੱਠ ਖੜ੍ਹੀ ਹੋਈ ਤੇ ਬੋਲੀ; ‘ਚੰਗਾ ਮੈਂ ਚੱਲਦੀ ਹਾਂ।’ ਤੇ ਜਲਦੀ ਜਲਦੀ ਬਾਹਰ ਵੱਲ ਤੁਰ ਗਈ।

ਉਸ ਦੇ ਜਾਣ ਪਿੱਛੋਂ ਜਿਵੇਂ ਹੀ ਮੈਂ ਖਾਲੀ ਕੱਪ ਮੇਜ਼ ਉੱਤੇ ਰੱਖਿਆ। ਮੇਰੀ ਨਜ਼ਰ ਮੇਜ਼ ’ਤੇ ਪਏ ਸੈੱਲਫੋਨ ਉੱਤੇ ਰੁਕ ਗਈ। ਕਾਹਲੀ ਕਾਹਲੀ ਵਿੱਚ ਉਹ ਆਪਣੇ ਪਤੀ ਦਾ ਸੈੱਲਫੋਨ ਮੇਜ਼ ਤੋਂ ਚੁੱਕਣਾ ਹੀ ਭੁੱਲ ਗਈ ਸੀ।

ਤਦ ਹੀ ਮੈਨੂੰ ਖਿਆਲ ਆਇਆ।

ਥੋੜ੍ਹੀ ਝਿਜਕ ਹੋਈ, ਪਰ ਫਿਰ ਉਤਸੁਕਤਾ ਹਾਵੀ ਹੋ ਗਈ ਤੇ ਮੈਂ ਸੈੱਲਫੋਨ ਚੁੱਕ ਲਿਆ। ਜਲਦੀ ਨਾਲ ਮੈਂ ਉਸ ਵਿਚਲੇ ਨਾਵਾਂ ਦੀ ਲਿਸਟ ਚੈੱਕ ਕੀਤੀ ਤੇ ‘ਹਨੀ ਡੌਲ’ ਦਾ ਨੰਬਰ ਲੱਭ ਕੇ ਡਾਇਲ ਕਰ ਦਿੱਤਾ।

ਦੂਸਰੀ ਹੀ ਰਿੰਗ ’ਤੇ ਦੂਜੇ ਪਾਸੇ ਤੋਂ ਆਵਾਜ਼ ਆਈ, ਜਿਸ ਨੂੰ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ, ਇਹ ਤਾਂ ਮੇਰੀ ਹੀ ਪਤਨੀ ਦੀ ਆਵਾਜ਼ ਸੀ; ਜੋ ਕਹਿ ਰਹੀ ਸੀ ‘ਓ ਜਾਨੂੰ! ਕਿੱਥੇ ਹੋ ਹਜ਼ੂਰ? ਚੁੱਪ ਚੁੱਪ ਕਿਉਂ ਹੋ? ਕੋਈ ਨਾਰਾਜ਼ਗੀ? ਮਿਲੋ ਤਾਂ ਸਹੀ ਸਭ ਨਾਰਾਜ਼ਗੀਆਂ ਦੂਰ ਕਰਨ ਦਾ ਨੁਸਖਾ ਹੈ ਮੇਰੇ ਕੋਲ। ਹਾਂ ਸੱਚ…ਕੀ ਮੇਰੀ ਐੱਸ.ਐੱਮ.ਐੱਸ. -‘ਐੱਸ.ਪੀ.ਐੱਸ.ਟੀ. (ਸੇਮ ਪਲੇਸ ਸੇਮ ਟਾਇਮ) ਨਹੀਂ ਮਿਲੀ? ਤੇ ਹਾਂ ਬਲੈਂਕ ਕਾਲ ਕਿਉਂ ਕਰ ਰਹੇ ਹੋ?’

ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਮੇਰੀ ਆਪਣੀ ਪਿਆਰੀ ਪਤਨੀ ਹੀ ‘ਹਨੀ ਡੌਲ’ ਹੋ ਸਕਦੀ ਹੈ। ਅਜਿਹੀ ਤਾਂ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ।

ਮੈਂ ਗਹਿਰਾ ਸਦਮਾ ਮਹਿਸੂਸ ਕੀਤਾ। ਜ਼ਿੰਦਗੀ ਤਾਸ਼ ਦੇ ਪੱਤਿਆਂ ਵਾਂਗ ਬਿਖਰਦੀ ਨਜ਼ਰ ਆਈ। ਭਾਵਨਾਵਾਂ ਦਾ ਜਵਾਰਭਾਟਾ ਮੈਨੂੰ ਢਹਿ ਢੇਰੀ ਕਰ ਗਿਆ। ਤਦ ਹੀ ਮੈਨੂੰ ਅਹਿਸਾਸ ਹੋਇਆ ਕਿ ਦੁਖ ਤੇ ਤਣਾਅ ਭਰੇ ਹਾਲਾਤ ਦੀ ਬੇਲਾਗਤਾ ਵਿੱਚ ਨਸੀਹਤ ਦੇਣਾ ਕਿਨ੍ਹਾਂ ਸੌਖਾ ਹੈ, ਪਰ ਹਾਲਾਤ ਦੇ ਸ਼ਿਕਾਰ ਲਈ ਅਜਿਹੀ ਸਥਿਤੀ ਦਾ ਟਾਕਰਾ ਕਰਨਾ ਕਿੰਨਾ ਮੁਸ਼ਕਿਲ।

ਫਿਰ ਮੈਂ ਨਿਊਯਾਰਕ ਵਿੱਚ ਹੋਣ ਜਾ ਰਹੇ ‘ਵਿਆਹ ਸਬੰਧੀ ਮਸਲਿਆਂ ਦੇ ਹੱਲ ਵਿੱਚ ਮੈਰਿਜ ਕੌਂਸਲਿੰਗ ਦੀ ਮਹੱਤਤਾ’ ਸਬੰਧੀ ਸੰਮੇਲਨ ਵਿੱਚ ਭਾਗ ਲੈਣ ਲਈ ਜਾਣ ਦੀ ਬਜਾਏ, ਭਰੇ ਮਨ ਨਾਲ ਆਪਣੇ ਉੱਜੜ ਰਹੇ ਆਲ੍ਹਣੇ ਦੇ ਤੀਲ੍ਹੇ ਇਕੱਠੇ ਕਰਨ ਤੁਰ ਪਿਆ।
ਈ-ਮੇਲ: drdpsn@gmail.com



News Source link
#ਆਲਹਣਤਲਹ #ਤਲਹ

- Advertisement -

More articles

- Advertisement -

Latest article