28.3 C
Patiāla
Friday, May 10, 2024

‘ਪੂਤਿਨ ਦੇ ਦਿਮਾਗ’ ਵਜੋਂ ਜਾਣੇ ਜਾਂਦੇ ਡੁਗਿਨ ਦੀ ਧੀ ਦੀ ਕਾਰ ਧਮਾਕੇ ’ਚ ਮੌਤ

Must read


ਮਾਸਕੋ, 21 ਅਗਸਤ

‘ਪੂਤਿਨ ਦੇ ਦਿਮਾਗ’ ਵਜੋਂ ਜਾਣੇ ਜਾਂਦੇ ਰੂਸੀ ਰਾਸ਼ਟਰਵਾਦੀ ਵਿਚਾਰਕ ਅਲੈਗਜ਼ੈਂਡਰ ਡੁਗਿਨ ਦੀ ਧੀ ਡਾਰੀਆ ਡੁਗਿਨਾ ਦੀ ਮਾਸਕੋ ਦੇ ਬਾਹਰੀ ਇਲਾਕੇ ’ਚ ਇਕ ਕਾਰ ਧਮਾਕੇ ’ਚ ਮੌਤ ਹੋ ਗਈ ਹੈ। ਮਾਸਕੋ ਖ਼ਿੱਤੇ ਦੀ ਜਾਂਚ ਕਮੇਟੀ ਦੀ ਸ਼ਾਖਾ ਮੁਤਾਬਕ ਡਾਰੀਆ ਡੁਗਿਨਾ (29) ਦੀ ਐੱਸਯੂਵੀ ’ਚ ਲਗਾਏ ਗਏ ਬੰਬ ਕਾਰਨ ਸ਼ਨਿਚਰਵਾਰ ਰਾਤ ਨੂੰ ਇਹ ਧਮਾਕਾ ਹੋਇਆ। ਡੁਗਿਨ ‘ਰੂਸੀ ਵਰਲਡ’ ਦੀ ਧਾਰਨਾ ਦੇ ਮੁੱਖ ਪੈਰੋਕਾਰ ਅਤੇ ਯੂਕਰੇਨ ’ਚ ਰੂਸੀ ਫ਼ੌਜ ਭੇਜਣ ਦੇ ਕੱਟੜ ਸਮਰਥਕ ਹਨ। ਉਂਜ ਰਾਸ਼ਟਰਪਤੀ ਪੂਤਿਨ ਨਾਲ ਡੁਗਿਨ ਦੇ ਸਬੰਧ ਸਪੱਸ਼ਟ ਨਹੀਂ ਹੋ ਸਕੇ ਹਨ ਪਰ ਰੂਸੀ ਰਾਸ਼ਟਰਪਤੀ ਦਫ਼ਤਰ ਅਕਸਰ ਉਨ੍ਹਾਂ ਦੀਆਂ ਲਿਖਤਾਂ ਅਤੇ ਰੂਸ ਦੇ ਸਰਕਾਰੀ ਟੀਵੀ ਚੈਨਲ ’ਤੇ ਦਿੱਤੇ ਗਏ ਉਨ੍ਹਾਂ ਦੇ ਬਿਆਨਾਂ ਨੂੰ ਦੁਹਰਾਉਂਦਾ ਹੈ। ਉਨ੍ਹਾਂ ਨਵੇਂ ਰੂਸ ਦੀ ਧਾਰਨਾ ਨੂੰ ਮਕਬੂਲ ਬਣਾਉਣ ’ਚ ਸਹਾਇਤਾ ਕੀਤੀ ਜਿਸ ਦੀ ਵਰਤੋਂ ਰੂਸ ਵੱਲੋਂ ਕ੍ਰੀਮੀਆ ’ਤੇ ਕਬਜ਼ੇ ਅਤੇ ਪੂਰਬੀ ਯੂਕਰੇਨ ’ਚ ਵੱਖਵਾਦੀ ਬਾਗ਼ੀਆਂ ਨੂੰ ਹਮਾਇਤ ਦੇਣ ਲਈ ਕੀਤੀ ਜਾਂਦੀ ਹੈ। ਡੁਗਿਨਾ ਵੀ ਅਜਿਹੇ ਵਿਚਾਰ ਪ੍ਰਗਟ ਕਰਦੀ ਸੀ ਅਤੇ ਉਹ ਰਾਸ਼ਟਰਵਾਦੀ ਟੀਵੀ ਚੈਨਲ ‘ਜ਼ਾਰਗਰੈਡ’ ’ਤੇ ਕੁਮੈਂਟੇਟਰ ਵਜੋਂ ਨਜ਼ਰ ਆਈ ਸੀ। ‘ਯੂਨਾਈਟਿਡ ਵਰਲਡ ਇੰਟਰਨੈਸ਼ਨਲ’ ਦੇ ਮੁੱਖ ਸੰਪਾਦਕ ਵਜੋਂ ਕੰਮ ਕਰਨ ਨੂੰ ਲੈ ਕੇ ਡੁਗਿਨਾ ’ਤੇ ਮਾਰਚ ’ਚ ਅਮਰੀਕਾ ਨੇ ਪਾਬੰਦੀ ਲਗਾ ਦਿੱਤੀ ਸੀ। ਇਸ ਵੈੱਬਸਾਈਟ ਨੂੰ ਅਮਰੀਕਾ ਨੇ ਕੂੜ ਪ੍ਰਚਾਰ ਦੀ ਸ਼੍ਰੇਣੀ ’ਚ ਰੱਖਿਆ ਹੋਇਆ ਹੈ। ਜ਼ਾਰਗਰੈਡ ਨੇ ਐਤਵਾਰ ਨੂੰ ਕਿਹਾ ਕਿ ਡੁਗਿਨਾ ਆਪਣੇ ਪਿਤਾ ਵਾਂਗ ਪੱਛਮ ਨਾਲ ਟਕਰਾਅ ’ਚ ਹਮੇਸ਼ਾ ਮੋਹਰੀ ਰਹੀ। ਧਮਾਕਾ ਉਸ ਸਮੇਂ ਹੋਇਆ ਜਦੋਂ ਡੁਗਿਨਾ ਇਕ ਸੱਭਿਆਚਾਰਕ ਪ੍ਰੋਗਰਾਮ ਮਗਰੋਂ ਘਰ ਪਰਤ ਰਹੀ ਸੀ ਜਿਸ ’ਚ ਉਹ ਪਿਤਾ ਨਾਲ ਸ਼ਾਮਲ ਹੋਈ ਸੀ। ਰੂਸੀ ਮੀਡੀਆ ਨੇ ਕੁਝ ਪ੍ਰਤੱਖਦਰਸ਼ੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਾਰ ’ਚ ਡੁਗਿਨਾ ਦੇ ਪਿਤਾ ਨੇ ਬੈਠਣਾ ਸੀ ਪਰ ਆਖਰੀ ਸਮੇਂ ’ਤੇ ਉਹ ਦੂਜੀ ਕਾਰ ’ਚ ਬੈਠ ਗਏ। ਵੱਖਵਾਦੀ ਦੋਨੇਤਸਕ ਪੀਪਲਜ਼ ਰਿਪਬਲਿਕ ਦੇ ਮੁਖੀ ਡੇਨਿਸ ਪੁਸ਼ੀਲਿਨ ਨੇ ਇਹ ਯੂਕਰੇਨੀ ਦਹਿਸ਼ਤਗਰਦਾਂ ਦੀ ਸਾਜ਼ਿਸ਼ ਕਰਾਰ ਦਿੱਤੀ ਹੈ। ਉਧਰ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਸਲਾਹਕਾਰ ਮਾਇਖਾਈਲੋ ਪੋਡੋਲਿਕ ਨੇ ਹਮਲੇ ’ਚ ਯੂਕਰੇਨ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਪੂਤਿਨ ਦੇ ਸਾਬਕਾ ਸਲਾਹਕਾਰ ਸਰਗੇਈ ਮਾਰਕੋਵ ਨੇ ਕਿਹਾ ਕਿ ਅਲੈਗਜ਼ੈਂਡਰ ਡੁਗਿਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਨ੍ਹਾਂ ਦੀ ਥਾਂ ’ਤੇ ਧੀ ਮਾਰੀ ਗਈ। -ਏਪੀ





News Source link

- Advertisement -

More articles

- Advertisement -

Latest article