27.8 C
Patiāla
Thursday, May 2, 2024

ਸਲਮਾਨ ਰਸ਼ਦੀ ਵੈਂਟੀਲੇਟਰ ’ਤੇ; ਜਿਗਰ ਦਾ ਨੁਕਸਾਨ

Must read


ਨਿਊਯਾਰਕ/ਤਹਿਰਾਨ, 13 ਅਗਸਤ

ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਬੀਤੇ ਦਿਨ ਇੱਕ ਸਮਾਗਮ ਦੌਰਾਨ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ’ਚ ਗੰਭੀਰ ਜ਼ਖ਼ਮੀ ਹੋਏ ਅੰਗਰੇਜ਼ੀ ਦੇ ਉੱਘੇ ਲੇਖਕ ਸਲਮਾਨ ਰਸ਼ਦੀ ਨੂੰ ਇੱਥੋਂ ਦੇ ਇਕ ਹਸਪਤਾਲ ਵਿੱਚ ਸਰਜਰੀ ਤੋਂ ਬਾਅਦ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਇੱਕ ਅੱਖ ਦੀ ਰੋਸ਼ਨੀ ਜਾਣ ਦਾ ਡਰ ਹੈ। ਢਿੱਡ ਵਿੱਚ ਚਾਕੂ ਵੱਜਣ ਕਾਰਨ ਉਨ੍ਹਾਂ ਦਾ ਜਿਗਰ ਵੀ ਨੁਕਸਾਨਿਆ ਗਿਆ ਹੈ। ਬੀਤੇ ਦਿਨ ਹੋਏ ਹਮਲੇ ਦੌਰਾਨ ਰਸ਼ਦੀ ਦੇ ਗਲੇ ਤੇ ਢਿੱਡ ਵਿੱਚ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ ਅਤੇ ਉਨ੍ਹਾਂ ਦੇ ਮੁੱਕੇ ਵੀ ਮਾਰੇ ਗਏ ਸਨ। ਰਸ਼ਦੀ ਦੇ ਏਜੰਟ ਨੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ‘ਖ਼ਬਰ ਚੰਗੀ ਨਹੀਂ ਹੈ।’ ਦੂਜੇ ਪਾਸੇ ਇਰਾਨ ਵਿੱਚ ਇਸ ਘਟਨਾ ਨੂੰ ਲੈ ਕੇ ਰਲੀ-ਮਿਲੀ ਪ੍ਰਤਿਕਿਰਿਆ ਸਾਹਮਣੇ ਆ ਰਹੀ ਹੈ।

ਸਲਮਾਨ ਰਸ਼ਦੀ ਦੇ ਹਮਲਾਵਰ ਹਾਦੀ ਮਾਟਰ ਨੂੰ ਲਿਜਾਂਦੇ ਹੋਏ ਪੁਲੀਸ ਅਧਿਕਾਰੀ। -ਫੋੋਟੋ: ਏਪੀ

ਕੁਝ ਲੋਕ ਇਸ ਹਮਲੇ ਨੂੰ ਰਸ਼ਦੀ ਲਈ ਸਜ਼ਾ ਵਜੋਂ ਦੇਖ ਰਹੇ ਹਨ ਜਦਕਿ ਕੁਝ ਲੋਕ ਇਸ ਘਟਨਾ ਕਾਰਨ ਇਰਾਨ ਨੂੰ ਸਿਆਸੀ ਨੁਕਸਾਨ ਹੋਣ ਦੀ ਗੱਲ ਆਖ ਰਹੇ ਹਨ ਹਾਲਾਂਕਿ ਸਰਕਾਰ ਨੇ ਇਸ ਮੁੱਦੇ ’ਤੇ ਚੁੱਪ ਧਾਰ ਲਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਿਊਯਾਰਕ ਦੀ ਸ਼ੁਤਾਕੁਵਾ ਇੰਸਟੀਚਿਊਟ ’ਚ ਬੁੱਕਰ ਪੁਰਸਕਾਰ ਜੇਤੂ ਸਲਮਾਨ ਰਸ਼ਦੀ ’ਤੇ ਉਸ ਸਮੇਂ ਜਾਨਲੇਵਾ ਹਮਲਾ ਕੀਤਾ ਗਿਆ ਜਦੋਂ ਉੱਥੇ ਭਾਸ਼ਣ ਤੋਂ ਪਹਿਲਾਂ ਉਨ੍ਹਾਂ ਨਾਲ ਜਾਣ-ਪਛਾਣ ਕਰਵਾਈ ਜਾ ਰਹੀ ਸੀ। ਇਸ ਹਮਲੇ ’ਚ ਗੰਭੀਰ ਜ਼ਖ਼ਮੀ ਹੋਏ ਰਸ਼ਦੀ ਨੂੰ ਮੰਚ ’ਤੇ ਹੀ ਮੁੱਢਲੀ ਸਹਾਇਤਾ ਦੇਣ ਮਗਰੋਂ ਹੈਲੀਕਾਪਟਰ ਰਾਹੀਂ ਉੱਤਰ-ਪੱਛਮੀ ਪੈਨਸਿਲਵੇਨੀਆ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਨਿਊਯਾਰਕ ਟਾਈਮਜ਼ (ਐੱਨਵਾਈਟੀ) ਨੇ ਦੱਸਿਆ ਕਿ ਰਸ਼ਦੀ ਦੇ ਏਜੰਟ ਐਂਡ੍ਰਿਊ ਵਾਇਲੀ ਅਨੁਸਾਰ ਲੇਖਕ ਵੈਂਟੀਲੇਟਰ ’ਤੇ ਹਨ ਤੇ ਉਹ ਗੱਲ ਨਹੀਂ ਕਰ ਸਕਦੇ। ਵਾਇਲੀ ਨੇ ਐਨਵਾਈਟੀ ਨੂੰ ਦਿੱਤੇ ਬਿਆਨ ’ਚ ਕਿਹਾ, ‘ਖ਼ਬਰ ਚੰਗੀ ਨਹੀਂ ਹੈ। ਸਲਮਾਨ ਰਸ਼ਦੀ ਦੀ ਇੱਕ ਅੱਖ ਦੀ ਰੋਸ਼ਨੀ ਜਾਣ ਦਾ ਖਦਸ਼ਾ ਹੈ। ਉਨ੍ਹਾਂ ਦੀ ਬਾਂਹ ਦੀਆਂ ਨਸਾਂ ਫਟ ਗਈਆਂ ਹਨ ਤੇ ਉਨ੍ਹਾਂ ਦਾ ਜਿਗਰ ਵੀ ਨੁਕਸਾਨਿਆ ਗਿਆ ਹੈ।’ ਮੁੰਬਈ ’ਚ ਜਨਮੇ ਲੇਖਕ ਰਸ਼ਦੀ ਨੂੰ ‘ਦਿ ਸਟੈਨਿਕ ਵਰਸਿਜ਼’ ਲਿਖਣ ਮਗਰੋਂ ਸਾਲਾਂ ਤੱਕ ਇਸਲਾਮੀ ਕੱਟੜਪੰਥੀਆਂ ਤੋਂ ਮੌਤ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਨੂੰ ਬੀਤੇ ਦਿਨ ਪੱਛਮੀ ਨਿਊਯਾਰਕ ਰਾਜ ’ਚ ਨਿਊਜਰਸੀ ਦੇ 24 ਸਾਲਾ ਵਸਨੀਕ ਨੇ ਇੱਕ ਸਮਾਗਮ ਦੌਰਾਨ ਚਾਕੂ ਨਾਲ ਗਲੇ ਤੇ ਢਿੱਡ ਵਿੱਚ ਕਈ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਨਿਊਯਾਰਕ ਸਟੇਟ ਪੁਲੀਸ ਦੇ ਮੇਜਰ ਯੂਜੀਨ ਸਟੈਨਿਜੇਵਸਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰ ਦੀ ਪਛਾਣ ਫੇਅਰਫਿਊ, ਨਿਊਜਰਸੀ ਦੇ ਰਹਿਣ ਵਾਲੇ ਹਾਦੀ ਮਾਟਰ (24) ਵਜੋਂ ਹੋਈ ਹੈ। ਬੀਤੇ ਦਿਨ ਹਮਲੇ ’ਚ ਜ਼ਖ਼ਮੀ ਹੋਏ ਲੇਖਕ ਨੂੰ ਸਥਾਨਕ ਟਰੌਮਾ ਸੈਂਟਰ ਲਿਜਾਇਆ ਗਿਆ ਤੇ ਹਮਲੇ ਤੋਂ ਕਈ ਘੰਟੇ ਬਾਅਦ ਉਨ੍ਹਾਂ ਦੀ ਸਰਜਰੀ ਹੋਈ। ਮਾਟਰ ਦੀ ਨਾਗਰਿਕਤਾ ਬਾਰੇ ਸਟੈਨਿਜੇਵਸਕੀ ਨੇ ਕਿਹਾ ਉਨ੍ਹਾਂ ਨੂੰ ਅਜੇ ਤੱਕ ਇਸ ਦੀ ਜਾਣਕਾਰੀ ਨਹੀਂ ਹੈ। ਉਹ ਇਸ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਕੇ ਤੋਂ ਇੱਕ ਬੈਗ ਮਿਲਿਆ ਹੈ ਜਿਸ ਵਿੱਚ ਕੁਝ ਬਿਜਲੀ ਉਪਕਰਨ ਸਨ। ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਮਟਰ ਨੇ ਇਕੱਲਿਆਂ ਹੀ ਘਟਨਾ ਨੂੰ ਅੰਜਾਮ ਦਿੱਤਾ ਹੈ। ਦੂਜੇ ਪਾਸੇ ਇਰਾਨ ਦੇ ਲੋਕਾਂ ਨੇ ਸਲਮਾਨ ਰਸ਼ਦੀ ’ਤੇ ਹੋਏ ਹਮਲੇ ਨੂੰ ਲੈ ਕੇ ਰਲੀ-ਮਿਲੀ ਪ੍ਰਤੀਕਿਰਿਆ ਦਿੱਤੀ ਹੈ। ਇਰਾਨ ਦੀ ਸਰਕਾਰ ਤੇ ਉਸ ਦੀ ਸਰਕਾਰੀ ਮੀਡੀਆ ਨੇ ਇਸ ਹਮਲੇ ਦਾ ਕੋਈ ਮਕਸਦ ਨਹੀਂ ਦੱਸਿਆ ਹੈ ਪਰ ਤਹਿਰਾਨ ’ਚ ਕੁਝ ਲੋਕਾਂ ਨੇ ਲੇਖਕ ’ਤੇ ਹੋਏ ਹਮਲੇ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਸ਼ਦੀ ਨੇ 1988 ’ਚ ਛਪੀ ਆਪਣੀ ਪੁਸਤਕ ‘ਦਿ ਸਟੈਨਿਕ ਵਰਸਿਜ਼’ ਰਾਹੀਂ ਇਸਲਾਮ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਰੇਜ਼ਾ ਅਮਿਰੀ ਨਾਂ ਦੇ ਇੱਕ ਵਿਅਕਤੀ ਨੇ ਕਿਹਾ, ‘ਮੈਂ ਸਲਮਾਨ ਰਸ਼ਦੀ ਨੂੰ ਨਹੀਂ ਜਾਣਦਾ ਪਰ ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਹੈ ਕਿ ਉਸ ’ਤੇ ਹਮਲਾ ਕੀਤਾ ਗਿਆ ਕਿਉਂਕਿ ਉਸ ਨੇ ਇਸਲਾਮ ਦਾ ਅਪਮਾਨ ਕੀਤਾ।’ ਹਾਲਾਂਕਿ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੂੰ ਚਿੰਤਾ ਹੈ ਕਿ ਇਸ ਘਟਨਾ ਨਾਲ ਇਰਾਨ ਦੁਨੀਆ ਤੋਂ ਹੋਰ ਕੱਟਿਆ ਜਾਵੇਗਾ। ਵੈਸੇ ਵੀ ਇਰਾਨ ਦੇ ਪਰਮਾਣੂ ਪ੍ਰੋਗਰਾਮ ਕਾਰਨ ਤਣਾਅ ਚੱਲ ਰਿਹਾ ਹੈ। ਭੂਗੋਲ ਦੇ ਅਧਿਆਪਕ ਮਾਹਸ਼ਿਦ ਬਰਾਤੀ (39) ਨੇ ਕਿਹਾ, ‘ਮੈਂ ਮੰਨਦੀ ਹਾਂ ਕਿ ਜਿਨ੍ਹਾਂ ਅਜਿਹਾ ਕੀਤਾ ਹੈ ਉਹ ਇਰਾਨ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਲਮਾਨ ਰਸ਼ਦੀ ਦੀ ਕਿਤਾਬ ‘ਦਿ ਸਟੈਨਿਕ ਵਰਸਿਜ਼’ ’ਤੇ 1988 ਵਿੱਚ ਇਰਾਨ ’ਚ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਮੁਸਲਮਾਨਾਂ ਨੇ ਇਸ ਕਿਤਾਬ ਨੂੰ ਧਰਮ ਵਿਰੋਧੀ ਕਰਾਰ ਦਿੱਤਾ ਸੀ। ਇਸ ਤੋਂ ਇੱਕ ਸਾਲ ਬਾਅਦ ਇਰਾਨ ਦੇ ਮਰਹੂਮ ਆਗੂ ਅਯਤੁੱਲ੍ਹਾ ਰੁਹੋਲ੍ਹਾ ਖੋਮੇਨੀ ਨੇ ਰਸ਼ਦੀ ਦੀ ਮੌਤ ਲਈ ਫਤਵਾ ਜਾਰੀ ਕਰਦਿਆਂ ਲਈ ਇਸ ਲਈ 30 ਲੱਖ ਡਾਲਰ ਦਾ ਇਨਾਮ ਰੱਖਿਆ ਸੀ।  -ਪੀਟੀਆਈ

ਸਲਮਾਨ ਰਸ਼ਦੀ ’ਤੇ ਹਮਲਾ ਨਿੰਦਨਯੋਗ ਘਟਨਾ: ਸੁਲੀਵਨ

ਵਾਸ਼ਿੰਗਟਨ: ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਮਸ ਸੁਲੀਵਨ ਨੇ ਕਿਹਾ ਕਿ ਮਸ਼ਹੂਰ ਲੇਖਕ ਸਲਮਾਨ ਰਸ਼ਦੀ ’ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਭਿਆਨਕ ਤੇ ਨਿੰਦਣਯੋਗ ਘਟਨਾ ਹੈ। ਲੇਖਕ ’ਤੇ ਹਮਲੇ ਤੋਂ ਕੁਝ ਘੰਟੇ ਬਾਅਦ ਸੁਲੀਵਨ ਨੇ ਕਿਹਾ, ‘ਅੱਜ ਦੇਸ਼ ਤੇ ਦੁਨੀਆ ਦੇ ਉੱਘੇ ਲੇਖਕ ਸਲਮਾਨ ਰਸ਼ਦੀ ’ਤੇ ਭਿਆਨਕ ਹਮਲਾ ਦੇਖਿਆ। ਇਹ ਹਿੰਸਕ ਕਾਰਾ ਨਿੰਦਣਯੋਗ ਹੈ।’ ਉਨ੍ਹਾਂ ਕਿਹਾ, ‘ਬਾਇਡਨ-ਹੈਰਿਸ ਪ੍ਰਸ਼ਾਸਨ ’ਚ ਸਾਰੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।’ ਹਮਲੇ ਮਗਰੋਂ ਸ੍ਰੀ ਰਸ਼ਦੀ ਦੀ ਸਭ ਤੋਂ ਪਹਿਲਾਂ ਮਦਦ ਲਈ ਪਹੁੰਚੇ ਨਾਗਰਿਕਾਂ ਤੇ ਤੁਰੰਤ ਕਾਰਵਾਈ ਕਰਨ ਵਾਲੀਆਂ ਕਾਨੂੰਨ ਐਨਫੋਸਮੈਂਟ ਏਜੰਸੀਆਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। -ਪੀਟੀਆਈ 

ਹਮਲਾਵਰ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ

ਵਾਸ਼ਿੰਗਟਨ: ਸਲਮਾਨ ਰਸ਼ਦੀ ’ਤੇ ਹਮਲਾ ਕਰਨ ਵਾਲੇ ਹਾਦੀ ਮਾਟਰ ਖ਼ਿਲਾਫ਼ ਅੱਜ ਕਤਲ ਦੀ ਕੋਸ਼ਿਸ਼ ਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸਰਕਾਰੀ ਵਕੀਲ ਨੇ ਦਿੱਤੀ। ਸ਼ੁਤਾਕੁਵਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਜੈਸਨ ਸ਼ਮਿਡਟ ਨੇ ਦੱਸਿਆ, ‘ਹਾਦੀ ਮਾਟਰ ਖਿਲਾਫ਼ ਕਤਲ ਦੀ ਕੋਸ਼ਿਸ਼ ਕਰਨ (ਦੂਜੀ ਡਿਗਰੀ) ਤੇ ਕੁੁੱਟਮਾਰ (ਦੂਜੀ ਡਿਗਰੀ) ਦਾ ਕੇਸ ਦਰਜ ਕੀਤਾ ਗਿਆ ਹੈ।’ਇਸ ਤੋਂ ਪਹਿਲਾਂ ਇੱਕ ਰਿਪੋਰਟ ਿਵੱਚ ਦਾਅਵਾ ਕੀਤਾ ਗਿਆ ਸੀ ਕਿ ਹਾਦੀ ਮਾਟਰ ਦੀ ਹਮਦਰਦੀ ਸ਼ੀਆ ਕੱਟੜਪੰਥੀਆਂ ਤੇ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਉਦੇਸ਼ਾਂ ਪ੍ਰਤੀ ਸੀ। ਕਾਨੂੰਨ ਐਨਫੋਰਸਮੈਂਟ ਨਾਲ ਜੁੜੇ ਇੱਕ ਵਿਅਕਤੀ ਦੇ ਹਵਾਲੇ ਨਾਲ ਮੀਡੀਆ ’ਚ ਦੱਸਿਆ ਗਿਆ ਕਿ ਮਾਟਰ ਦੀ ਨਾਗਰਿਕਤਾ ਤੇ ਉਸ ਦੇ ਅਪਰਾਧਕ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਅਕਾਊਂਟ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਸ਼ਿਆ ਕੱਟੜਪੰਥੀ ਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਦੇ ਟੀਚਿਆਂ ਪ੍ਰਤੀ ਹਮਦਰਦੀ ਰੱਖਦਾ ਸੀ ਹਾਲਾਂਕਿ ਉਸ ਦੇ ਤੇ ਇਸਲਾਮਿਕ ਰੈਵੋਲਿਊਸ਼ਨਰੀ ਨਾਲ ਸਿੱਧੇ ਸਬੰਧਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article