39.3 C
Patiāla
Friday, May 17, 2024

ਮਹਿਲਾ ਟੀ-20 ਵਿੱਚ ਭਾਰਤ ਦੀ ਚਾਂਦੀ

Must read


ਬਰਮਿੰਘਮ, 8 ਅਗਸਤ

ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਰਾਸ਼ਟਰਮੰਡਲ ਖੇਡਾਂ ’ਚ ਪਹਿਲੀ ਵਾਰ ਹੋਏ ਟੀ-20 ਮਹਿਲਾ ਕ੍ਰਿਕਟ ਦੇ ਫਾਈਨਲ ’ਚ ਬੇਹੱਦ ਰੁਮਾਂਚਕ ਮੁਕਾਬਲੇ ’ਚ ਭਾਰਤ ਨੂੰ ਨੌਂ ਦੌੜਾਂ ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਬੈਥ ਮੂਨੀ ਦੇ ਨੀਮ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਭਾਰਤ ਦੀ ਜ਼ਬਰਦਸਤ ਫੀਲਡਿੰਗ ਦੇ ਬਾਵਜੂਦ ਅੱਠ ਵਿਕਟਾਂ ਦੇ ਨੁਕਸਾਨ ਨਾਲ 161 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ 43 ਗੇਂਦਾਂ ’ਚ 65 ਦੌੜਾਂ ਬਣਾਈਆਂ ਪਰ ਹੇਠਲੇ ਕ੍ਰਮ ਦੇ ਬੱਲੇਬਾਜ਼ ਟੀਮ ਨੂੰ ਜਿੱਤ ਤੱਕ ਨਾ ਲਿਜਾ ਸਕੇ। ਭਾਰਤੀ ਟੀਮ 19.3 ਓਵਰ ’ਚ 152 ਦੌੜਾਂ ਬਣਾ ਕੇ ਆਊਟ ਹੋ ਗਈ। ਆਸਟਰੇਲੀਆ ਨੇ ਆਖਰੀ ਪੰਜ ਵਿਕਟਾਂ 13 ਦੌੜਾਂ ਅੰਦਰ ਹੀ ਹਾਸਲ ਕਰ ਲਈਆਂ। ਸਪਿੰਨਰ ਐਸ਼ਲੇ ਗਾਰਡਨਰ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਭਾਰਤ ਲਈ ਜੈਮਿਮਾ ਰੌਡਰਿਗਜ਼ ਨੇ 33 ਗੇਂਦਾ ’ਚ 33 ਦੌੜਾਂ ਬਣਾਈਆਂ ਜਦਕਿ ਸ਼ੈਫਾਲੀ ਵਰਤਾ (11) ਤੇ ਦੀਪਤੀ ਸ਼ਰਮਾ (13) ਦੋਹਰੇ ਅੰਕੜੇ ਤੱਕ ਪਹੁੰਚਣ ਵਾਲੀਆਂ ਹੋਰ ਬੱਲੇਬਾਜ਼ ਰਹੀਆਂ।

ਇਸ ਤੋਂ ਪਹਿਲਾਂ ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸਟੇਡੀਅਮ ’ਚ ਆਸਟਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਠਾਕੁਰ ਨੇ ਐਲਿਸਾ ਹਿਲੀ ਨੂੰ ਜਲਦੀ ਹੀ ਆਊਟ ਕਰਕੇ ਟੀਮ ਨੂੰ ਪਹਿਲੀ ਕਾਮਯਾਬੀ ਦਿਵਾਈ। ਇਸ ਤੋਂ ਬਾਅਦ ਮੂਨੀ (41 ਗੇਂਦਾਂ ’ਚ 61 ਦੌੜਾਂ) ਤੇ ਕਪਤਾਨ ਮੈਗ ਲਾਨਿੰਗ (26 ਗੇਂਦਾਂ ’ਚ 36 ਦੌੜਾਂ) ਨੇ 78 ਦੌੜਾਂ ਦੀ ਭਾਈਵਾਲੀ ਕੀਤੀ। ਆਮ ਤੌਰ ’ਤੇ ਆਲੋਚਨਾ ਝੱਲਣ ਵਾਲੇ ਭਾਰਤੀ ਫੀਲਡਰਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਪਹਿਲਾਂ ਲਾਨਿੰਗ ਨੂੰ ਰਨ ਆਊਟ ਕੀਤਾ ਅਤੇ ਉਸ ਤੋਂ ਬਾਅਦ ਦੀਪਤੀ ਸ਼ਰਮਾ ਤੇ ਰਾਧਾ ਯਾਦਵ ਨੇ ਬਿਹਤਰੀਨ ਕੈਚ ਫੜੇ। ਤਾਹਲੀਆ ਮੈੱਕਗਰਾ ਕਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਮੈਚ ਖੇਡ ਰਹੀ ਸੀ। ਆਸਟਰੇਲੀਆ ਇੱਕ ਸਮੇਂ 180 ਦੌੜਾਂ ਵੱਲ ਵੱਧਦਾ ਦਿਖਾਈ ਦੇ ਰਿਹਾ ਸੀ ਪਰ ਭਾਰਤ ਨੇ ਆਖਰੀ ਪੰਜ ਓਵਰਾਂ ’ਚ 35 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕਰਦਿਆਂ ਚੰਗੀ ਵਾਪਸੀ ਕੀਤੀ। ਰੇਣੁਕਾ ਨੇ ਚਾਰ ਓਵਰਾਂ ’ਚ 25 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਸਨੇਹ ਰਾਣਾ ਨੇ ਦੋ ਵਿਕਟਾਂ ਲਈ ਪਰ ਚਾਰ ਓਵਰਾਂ ’ਚ 38 ਦੌੜਾਂ ਦਿੱਤੀਆਂ। -ਪੀਟੀਆਈ





News Source link

- Advertisement -

More articles

- Advertisement -

Latest article