45.8 C
Patiāla
Saturday, May 18, 2024

ਪਾਣੀ ਦੇ ਪੁਤਲੇ

Must read


ਡਾ. ਡੀ. ਪੀ. ਸਿੰਘ

‘ਦੂਧੀਆ ਰਾਹ’ ਆਕਾਸ਼ ਗੰਗਾ ਦੀ ਇਕ ਨੁੱਕਰ ਵਿਖੇ ਮੌਜੂਦ ਸੁਨਹਿਰੀ ਤਾਰੇ ਦੇ ਗਿਰਦ ਸਦੀਆਂ ਤੋਂ ਨੀਲ ਗ੍ਰਹਿ ਚੱਕਰ ਲਗਾ ਰਿਹਾ ਹੈ। ਇੱਕ ਦਿਨ ਅਚਾਨਕ ਅਜੀਬ ਸ਼ਕਲ ਵਾਲਾ ਪੁਲਾੜੀ ਵਾਹਨ, ਇਸ ਗ੍ਰਹਿ ਦੇ ਅੰਬਰ ਵਿੱਚ ਆ ਪ੍ਰਗਟ ਹੋਇਆ। ਗ੍ਰਹਿ ਵਾਸੀਆਂ ਨੇ ਪੁਲਾੜੀ ਵਾਹਨ ਨਾਲ ਸੰਪਰਕ ਦੀਆਂ ਅਨੇਕ ਕੋਸ਼ਿਸ਼ਾਂ ਕੀਤੀਆਂ, ਪਰ ਸਫਲ ਨਾ ਹੋ ਸਕੇ। ਫਿਰ ਅਚਾਨਕ ਇਹ ਪੁਲਾੜੀ ਵਾਹਨ ਗਾਇਬ ਹੋ ਗਿਆ।

ਨੀਲ ਗ੍ਰਹਿ ਦੇ ਵਾਸੀ ਅੱਜ ਵੀ ਇਸ ਘਟਨਾ ਤੋਂ ਹੈਰਾਨ-ਪਰੇਸ਼ਾਨ ਹਨ। ਪੁਲਾੜੀ ਵਾਹਨ ਦੇ ਅਚਾਨਕ ਪ੍ਰਗਟ ਹੋਣ ਤੇ ਭੇਤਭਰੇ ਢੰਗ ਨਾਲ ਗਾਇਬ ਹੋ ਜਾਣ ਬਾਰੇ ਭਿੰਨ ਭਿੰਨ ਕਿਆਸੇ ਅੱਜ ਵੀ ਜਾਰੀ ਹਨ। ਕੋਈ ਇਸ ਨੂੰ ਕਿਸੇ ਸੁਪਰ-ਪਾਵਰ ਦਾ ਜਾਸੂਸੀ ਵਾਹਨ ਦੱਸਦਾ ਹੈ ਤੇ ਕੋਈ ਉੱਨਤ ਤਕਨਾਲੋਜੀ ਦਾ ਮੁਜੱਸਮਾ। ਕੁਝ ਇਸ ਨੂੰ ਅਣਪਛਾਤੀ ਉੱਡਣ ਵਸਤੂ ਕਹਿੰਦੇ ਹਨ, ਪਰ ਕੁਝ ਗ੍ਰਹਿ ਵਾਸੀਆਂ ਦਾ ਵਿਚਾਰ ਹੈ ਕਿ ਇਹ ਕਿਸੇ ਦੂਸਰੇ ਗ੍ਰਹਿ ਦੇ ਵਾਸੀਆਂ ਵੱਲੋਂ ਭੇਜਿਆ ਵਾਹਨ ਹੋ ਸਕਦਾ ਹੈ।

ਇਸ ਦੇ ਗਾਇਬ ਹੋ ਜਾਣ ਬਾਰੇ ਵੀ ਤਰ੍ਹਾਂ ਤਰ੍ਹਾਂ ਦੇ ਚਰਚੇ ਹਨ। ਕੁਝ ਗ੍ਰਹਿ ਵਾਸੀਆਂ ਦਾ ਖਿਆਲ ਹੈ ਕਿ ਸੁਪਰ-ਪਾਵਰ ਨੇ ਇਸ ਨੂੰ ਵਾਪਸ ਬੁਲਾ ਲਿਆ ਹੈ। ਕੁਝ ਹੋਰਾਂ ਦਾ ਖਿਆਲ ਹੈ ਕਿ ਕਿਸੇ ਹੋਰ ਗ੍ਰਹਿ ਦੇ ਵਾਸੀ, ਸਾਡੇ ਗ੍ਰਹਿ ਦੀ ਜਾਣਕਾਰੀ ਲੈ ਕੇ ਵਾਪਸ ਚਲੇ ਗਏ ਹਨ ਅਤੇ ਹੋ ਸਕਦਾ ਹੈ ਕਿ ਉਹ ਵੱਡੀ ਗਿਣਤੀ ਵਿੱਚ ਆ ਕੇ ਸਾਡੇ ਉੱਤੇ ਹਮਲਾ ਕਰ ਦੇਣ। ਇਹ ਕਿਸੇ ਸੰਭਾਵੀ ਖ਼ਤਰੇ ਦੀ ਚਿਤਾਵਨੀ ਵੀ ਹੋ ਸਕਦੀ ਹੈ। “ਨੀਲ ਗ੍ਰਹਿ ਖ਼ਤਰੇ ਦੀ ਮਾਰ ਹੇਠ ਹੈ” ਇਹ ਸੋਚ ਸਭ ਦੇ ਮਨ ਉੱਤੇ ਭਾਰੂ ਹੁੰਦੀ ਜਾ ਰਹੀ ਹੈ। ਗੱਲ ਕੀ ਜਿੰਨੇ ਮੂੰਹ ਓਨੀਆਂ ਗੱਲਾਂ। ਸੱਚ ਕੀ ਹੈ? ਸ਼ਾਇਦ ਕੋਈ ਨਹੀਂ ਸੀ ਜਾਣਦਾ।

***

ਪੁਲਾੜੀ ਵਾਹਣ ਦੇ ਮੁੱਖ ਹਾਲ ਵਿੱਚ…

‘‘ਸੁਨਹਿਰੀ ਤਾਰੇ ਦੇ ਖਿੱਤੇ ਦੀ ਕੋਈ ਖ਼ਬਰ?’’

‘‘ਜੀ। ਇਸ ਖਿੱਤੇ ਦਾ ਨੀਲਾ ਗ੍ਰਹਿ ਹੀ ਵਿਸ਼ੇਸ਼ ਹੈ।’’

‘‘ਨੀਲਾ ਗ੍ਰਹਿ?’’

‘‘ਇਹ ਗ੍ਰਹਿ, ਨੀਲੇ ਪਰਦੇ ਨਾਲ ਢਕਿਆ ਹੋਇਆ ਹੈ।’’

‘‘ਨੀਲਾ ਪਰਦਾ?’’

‘‘ਜੀ, ਦਰਅਸਲ ਇਹ ਪਰਦਾ ਪਾਰਦਰਸ਼ੀ ਦ੍ਰਵ ਦਾ ਬਣਿਆ ਹੋਇਆ ਹੈ, ਪਰ ਸੁਨਿਹਰੀ ਤਾਰੇ ਦੀ ਰੌਸ਼ਨੀ ਇਸ ਗ੍ਰਹਿ ਉੱਤੇ ਅਜੀਬ ਮਾਇਆ-ਜਾਲ ਪੈਦਾ ਕਰ ਰਹੀ ਹੈ। ਜਿਸ ਕਾਰਨ ਇਹ ਦ੍ਰਵ ਨੀਲੀ ਭਾਹ ਮਾਰਦਾ ਹੈ।’’

‘‘ਇਹ ਦ੍ਰਵ ਹੈ ਕੀ?’’

‘‘ਸਥਾਨਕ ਭਾਸ਼ਾ ਵਿੱਚ ਇਸ ਦ੍ਰਵ ਦਾ ਨਾਂ ਹੈ ਪਾਣੀ।’’

‘‘ਪਰ ਇਹ ਹੈ ਕੀ?’’

‘‘ਇਹ, ਗ੍ਰਹਿ ਵਿਖੇ ਮੌਜੂਦ ਗੈਸਾਂ ਤੋਂ ਬਣਿਆ ਹੈ।’’

‘‘ਹਾਂ।’’

‘‘ਅਸਲ ਵਿੱਚ ਗ੍ਰਹਿ ਦਾ 70 ਪ੍ਰਤੀਸ਼ਤ ਭਾਗ ਨੀਲੀ ਭਾਹ ਮਾਰਦੇ ਪਾਣੀ ਨਾਲ ਢਕਿਆ ਹੋਇਆ ਹੈ। ਜਿਸ ਕਾਰਨ ਪੁਲਾੜ ਤੋਂ ਦੇਖਿਆਂ ਇਹ ਗ੍ਰਹਿ ਨੀਲਾ ਨਜ਼ਰ ਆਉਂਦਾ ਹੈ।’’

‘‘ਕੋਈ ਜੀਵਨ ਹੋਂਦ?’’

‘‘ਜੀ। ਪਾਣੀ ਵਿੱਚ ਵੀ ਹੈ ਤੇ ਉਸ ਤੋਂ ਬਾਹਰ ਵੀ।’’

‘‘ਕਿਹੋ ਜਿਹੇ ਨੇ ਉਹ?’’

‘‘ਉਹ ਸਭ ਪਾਣੀ ਦੇ ਬਣੇ ਹੋਏ ਨੇ।’’

‘‘ਪਾਣੀ?’’

‘‘ਹਾਂ ਪਾਣੀ।’’

‘‘ਅਜੀਬ ਗੱਲ ਹੈ ਇਹ…ਕੋਈ ਪਾਣੀ ਦਾ ਬਣਿਆ ਕਿਵੇਂ ਹੋ ਸਕਦਾ ਹੈ?’’

‘‘ਇਹੋ ਹੀ ਸੱਚ ਹੈ। ਸਾਡੇ ਮਾਹਿਰਾਂ ਨੇ ਨੀਲ ਗ੍ਰਹਿ ਦੀਆਂ ਅਨੇਕ ਥਾਵਾਂ ਤੋਂ ਭਿੰਨ ਭਿੰਨ ਜੀਵਾਂ ਨੂੰ ਚੁੱਕ ਕੇ ਉਨ੍ਹਾਂ ਦੀ ਜਾਂਚ ਕੀਤੀ। ਪਾਣੀ ਅੰਦਰ ਵਸ ਰਹੇ ਜੀਵ ਤਾਂ 90 ਪ੍ਰਤੀਸ਼ਤ ਪਾਣੀ ਦੇ ਹੀ ਬਣੇ ਹੋਏ ਹਨ ਤੇ ਪਾਣੀ ਤੋਂ ਬਾਹਰ ਵਸ ਰਹੇ ਜੀਵ ਲਗਭਗ 75 ਪ੍ਰਤੀਸ਼ਤ ਪਾਣੀ ਦੇ। ਹੋਰ ਤਾਂ ਹੋਰ ਪਾਣੀ ਤੋਂ ਬਾਹਰ ਵਸ ਰਹੇ ਜੀਵਾਂ ਦਾ ਖੂਨ 90 ਪ੍ਰਤੀਸ਼ਤ ਪਾਣੀ ਹੀ ਹੈ ਤੇ ਫੇਫੜੇ 80 ਪ੍ਰਤੀਸ਼ਤ ਪਾਣੀ।’’

‘‘ਤਦ ਤਾਂ ਪਾਣੀ ਦੇ ਪੁਤਲੇ ਹੋਏ ਉਹ…ਪਰ ਗ੍ਰਹਿ ਤੋਂ ਬਿਜਲ-ਚੁੰਬਕੀ ਸਿਗਨਲ ਕੌਣ ਭੇਜ ਰਿਹਾ ਹੈ?… ਤੇ ਉਹ ਕੌਣ ਹੈ ਜੋ ਤਾਰਿਆਂ ਵੱਲ ਸੁਨੇਹੇ ਭੇਜ ਰਿਹਾ ਹੈ?’’

‘‘ਇੱਥੋਂ ਦੇ ਵਾਸੀ ਬਿਜਲ-ਚੁੰਬਕੀ ਤਰੰਗਾਂ ਦੀ ਵਰਤੋਂ ਤਾਂ ਕਰਦੇ ਹਨ, ਪਰ ਇਹ ਤਰੰਗਾਂ ਉਨ੍ਹਾਂ ਵਿੱਚੋਂ ਨਹੀਂ ਨਿਕਲਦੀਆਂ।’’

‘‘ਆਖ਼ਿਰ, ਇਨ੍ਹਾਂ ਤਰੰਗਾਂ ਦਾ ਕੋਈ ਤਾਂ ਜਨਮ-ਦਾਤਾ ਹੋਵੇਗਾ?’’

‘‘ਜੀ, ਇਹ ਤਰੰਗਾਂ ਤਾਂ ਵਿਸ਼ੇਸ਼ ਮਸ਼ੀਨਾਂ ਤੋਂ ਪੈਦਾ ਹੋ ਰਹੀਆਂ ਹਨ।’’

‘‘ਹੂੰ! ਤਾਂ ਫਿਰ ਇਹ ਦੱਸ ਕਿ ਉਹ ਮਸ਼ੀਨਾਂ ਕਿਸ ਨੇ ਬਣਾਈਆਂ? ਅਸੀਂ ਤਾਂ ਉਹ ਮਸ਼ੀਨਾਂ ਬਣਾਉਣ ਵਾਲਿਆਂ ਨੂੰ ਮਿਲਣਾ ਚਾਹੁੰਦੇ ਹਾਂ।’’

‘‘ਉਨ੍ਹਾਂ ਹੀ ਮਸ਼ੀਨਾਂ ਬਣਾਈਆਂ ਹਨ।’’

‘‘ਉਨ੍ਹਾਂ?…ਪਾਣੀ ਦੇ ਪੁਤਲਿਆਂ ਨੇ?’’

‘‘ਜੀ! ਮੈਂ ਇਹੋ ਹੀ ਤਾਂ ਕਹਿ ਰਿਹਾ ਹਾਂ।…ਪਾਣੀ ਦੇ ਪੁਤਲਿਆਂ ਨੇ ਹੀ ਮਸ਼ੀਨਾਂ ਬਣਾਈਆਂ ਹਨ।’’

‘‘ਬੜੀ ਅਜੀਬ ਗੱਲ ਹੈ। ਭਲਾਂ ਪਾਣੀ ਦਾ ਪੁਤਲਾ, ਮਸ਼ੀਨ ਕਿਵੇਂ ਬਣਾ ਸਕਦਾ ਹੈ?…ਪਾਣੀ ਦਾ ਪੁਤਲਾ ਅਤੇ ਉਹ ਵੀ ਸੂਝ-ਬੂਝ ਵਾਲਾ?…ਅਜਿਹਾ ਕਿਵੇਂ ਸੰਭਵ ਹੈ?’’

‘‘ਇਹੋ ਹੀ ਸੱਚ ਹੈ। ਸੁਨਹਿਰੀ ਤਾਰੇ ਵਾਲੇ ਖੇਤਰ ਵਿੱਚ ਇਹੋ ਹੀ ਸੂਝਵਾਨ ਜੀਵ ਹਨ ਤੇ ਉਹ ਵੀ ਲਗਭਗ ਸਾਰੇ ਦੇ ਸਾਰੇ ਹੀ ਪਾਣੀ ਦੇ ਬਣੇ ਹੋਏ।’’

‘‘ਹੋ ਸਕਦਾ ਹੈ ਉਹ ‘ਜ਼ੀਟਾ ਸਟਾਰ ਸਿਸਟਮ’ ਦੇ ਜੀਵਾਂ ਵਰਗੇ ਹੋਣ। ਜੋ ਆਕਸੀਜਨ ਭਰਪੂਰ ਵਾਤਾਵਰਨ ਵਿੱਚ ਜਿਉਂਦੇ ਨੇ, ਕਾਫ਼ੀ ਸੂਝ-ਬੂਝ ਵਾਲੇ ਵੀ ਹੁੰਦੇ ਨੇ ਅਤੇ ਆਪਣੇ ਜੀਵਨ ਦੌਰਾਨ ਪਾਣੀ ਵਾਲੀ ਹਾਲਤ ਵਿੱਚੋਂ ਗੁਜ਼ਰਦੇ ਨੇ।’’

‘‘ਨਹੀਂ! ਉਹ ਤਾਂ ਪਾਣੀ ਦੇ ਪੁਤਲੇ ਵਜੋਂ ਹੀ ਪੈਦਾ ਹੁੰਦੇ ਹਨ ਤੇ ਉਸੇ ਹੀ ਰੂਪ ਵਿੱਚ ਮਰਦੇ ਹਨ। ਮਾਹਿਰਾਂ ਨੇ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਦੀ ਜਾਂਚ ਕੀਤੀ ਹੈ।’’

‘‘ਹੂੰ!..ਸ਼ਾਇਦ ਉਹ ਇੰਨਾ ਵਧੇਰੇ ਪਾਣੀ ਦੇ ਨਾ ਹੀ ਬਣੇ ਹੋਣ।…ਹੋ ਸਕਦਾ ਹੈ ਉਹ ‘ਆਰਕਟੱਰਸ ਤਾਰਾ ਮੰਡਲ’ ਦੇ ਵਾਸੀਆਂ ਵਰਗੇ ਹੋਣ। ਸ਼ਾਇਦ ਉਨ੍ਹਾਂ ਦਾ ਦਿਮਾਗ਼ ਪਲਾਜ਼ਮਾ ਦਾ ਬਣਿਆ ਹੋਵੇ।’’

‘‘ਨਹੀਂ। ਬੇਸ਼ੱਕ ਉਨ੍ਹਾਂ ਦੇ ਦਿਮਾਗ਼ ਦੀ ਸ਼ਕਲ ਤਾਂ ਆਰਕਟੱਰਸ ਦੇ ਵਾਸੀਆਂ ਵਰਗੀ ਹੀ ਹੈ, ਪਰ ਮਾਹਿਰਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਦਿਮਾਗ਼ ਤਾਂ ਲਗਭਗ 80 ਪ੍ਰਤੀਸ਼ਤ ਪਾਣੀ ਹੀ ਹੈ।’’

‘‘ਕੀ ਕੋਈ ਦਿਮਾਗ਼ ਨਹੀਂ ਹੈ ਉਨ੍ਹਾਂ ਵਿੱਚ?’’

‘‘ਓਹ!…ਉਨ੍ਹਾਂ ਦਾ ਦਿਮਾਗ਼ ਤਾਂ ਹੈ, ਪਰ ਹੈ ਇਹ ਪਾਣੀ ਦਾ ਬਣਿਆ ਹੋਇਆ।’’

‘‘ਅੱਛਾ!…ਤਾਂ ਫਿਰ ਉਹ ਸੋਚਦੇ ਕਿਵੇਂ ਨੇ?’’

‘‘ਸ਼ਾਇਦ ਤੁਸੀਂ ਸਮਝੇ ਨਹੀਂ।… ਸੱਚ ਤਾਂ ਇਹ ਹੈ ਕਿ ਇਨ੍ਹਾਂ ਪਾਣੀ ਦੇ ਪੁਤਲਿਆਂ ਵਿੱਚ ਦਿਮਾਗ਼ ਹੀ ਸੋਚਣ ਦਾ ਕੰਮ ਕਰਦਾ ਹੈ।’’

‘‘ਪਾਣੀ ਦੇ ਸੂਝਵਾਨ ਪੁਤਲੇ?…ਤੂੰ ਮੈਨੂੰ ਪਾਣੀ ਦੇ ਬਣੇ ਸੂਝਵਾਨ ਪੁਤਲਿਆਂ ਦੀ ਹੋਂਦ ਦਾ ਯਕੀਨ ਦੁਆ ਰਿਹਾ ਹੈ।’’

‘‘ਹਾਂ! ਪਾਣੀ ਦੇ ਸੂਝਵਾਨ ਪੁਤਲੇ, ਮਿਹਨਤੀ, ਵਿਚਾਰਵਾਨ, ਚੇਤੰਨ, ਪਿਆਰ ਦੇ ਅਹਿਸਾਸ ਵਾਲੇ, ਸੁਪਨਸਾਜ਼, ਪੂਰੇ ਦੇ ਪੂਰੇ ਪਾਣੀ ਦੇ ਬਣੇ ਹੋਏ।’’

‘‘ਓਹ! ਲਾਰਡ! ਬਹੁਤ ਅਜੀਬ ਵਰਤਾਰਾ ਹੈ…ਪਾਣੀ ਦੇ ਪੁਤਲੇ…ਪਾਣੀ ਦੇ ਦਿਮਾਗ਼ ਵਾਲੇ…।’’

‘‘ਸ਼ੁਕਰ ਹੈ, ਤੁਸੀਂ ਮੇਰੀ ਗੱਲ ਸਮਝ ਹੀ ਗਏ।…ਹੋਰ ਤਾਂ ਹੋਰ ਪਾਣੀ ਦੇ ਇਹ ਪੁਤਲੇ ਪਿਛਲੇ ਪੰਜਾਹ ਸਾਲਾਂ ਤੋਂ ਸਾਡੇ ਨਾਲ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਨੇ।’’

‘‘ਓਹ! ਲਾਰਡ!…ਆਖਿਰ ਕੀ ਚਾਹੁੰਦੇ ਨੇ ਉਹ ਸਾਥੋਂ?’’

‘‘ਪਹਿਲਾਂ ਤਾਂ ਉਹ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਤੇ ਫਿਰ ਸ਼ਾਇਦ ਉਹ ਬ੍ਰਹਿਮੰਡ ਦਾ ਰਹੱਸ ਜਾਣਨਾ ਚਾਹੁਣ, ਹੋਰ ਬ੍ਰਹਿਮੰਡੀ ਸੱਭਿਆਤਾਵਾਂ ਨਾਲ ਸਬੰਧ ਸਥਾਪਿਤ ਕਰਨਾ ਚਾਹੁਣ, ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨਾ ਚਾਹੁਣ, ਜਿਵੇਂ ਕਿ ਆਮ ਤੌਰ ਉੱਤੇ ਵਾਪਰਦਾ ਹੀ ਹੈ।’’

‘‘ਤਾਂ ਕੀ ਸਾਨੂੰ ਹੁਣ ਪਾਣੀ ਦੇ ਇਨ੍ਹਾਂ ਪੁਤਲਿਆਂ ਨਾਲ ਗੱਲ ਕਰਨੀ ਹੋਵੇਗੀ?’’

‘‘ਹਾਂ! ਇਹੋ ਹੀ ਸੱਚ ਹੈ। ਬਿਜਲ-ਚੁੰਬਕੀ ਤਰੰਗਾਂ ਰਾਹੀਂ ਇਹੋ ਸੁਨੇਹਾ ਹੀ ਤਾਂ ਉਹ ਤਾਰਿਆਂ ਵੱਲ ਭੇਜ ਰਹੇ ਹਨ “ਹੈਲੋ! ਕਿਧਰੇ ਕੋਈ ਹੈ?…ਕਿਧਰੇ ਵੀ ਕੋਈ….? ਕੁਝ ਅਜਿਹਾ ਹੀ ਸੁਨੇਹਾ।’’

‘‘ਤਦ ਤਾਂ ਲੱਗਦਾ ਹੈ ਕਿ ਉਹ ਗੱਲ ਵੀ ਕਰ ਲੈਂਦੇ ਹੋਣਗੇ। ਪਰ ਕੀ ਉਹ ਵਿਚਾਰਾਂ ਨੂੰ ਬੋਲਾਂ ਰਾਹੀਂ ਪ੍ਰਗਟ ਕਰਨ ਦੇ ਯੋਗ ਹਨ?’’

‘‘ਹਾਂ! ਅਜਿਹਾ ਉਹ ਕਰਦੇ ਤਾਂ ਹਨ, ਪਰ ਪਾਣੀ ਦੀ ਵਰਤੋਂ ਨਾਲ।’’

‘‘ਮੈਨੂੰ ਤਾਂ ਲੱਗਿਆ ਸੀ ਕਿ ਤੂੰ ਕਹਿ ਰਿਹਾ ਸੀ ਕਿ ਉਹ ਬਿਜਲ-ਚੁੰਬਕੀ ਤਰੰਗਾਂ ਦੀ ਵਰਤੋਂ ਕਰਦੇ ਹਨ।’’

‘‘ਹਾਂ! ਉਹ ਬਿਜਲ-ਚੁੰਬਕੀ ਤਰੰਗਾਂ ਦੀ ਵਰਤੋਂ ਹੀ ਕਰਦੇ ਹਨ, ਪਰ ਜ਼ਰਾ ਸੋਚੋ ਇਨ੍ਹਾਂ ਤਰੰਗਾਂ ਉੱਤੇ ਕੀ ਮੌਜੂਦ ਹੈ-ਪਾਣੀ ਦੇ ਪੁਤਲਿਆਂ ਦੀਆਂ ਆਵਾਜ਼ਾਂ। ਤੁਹਾਨੂੰ ਪਤਾ ਹੀ ਹੈ ਕਿ ਪਾਣੀ ਜਦੋਂ ਛਲਕਦਾ ਹੈ ਜਾਂ ਡੁੱਲ੍ਹਦਾ ਹੈ, ਇਹ ਆਵਾਜ਼ ਪੈਦਾ ਕਰਦਾ ਹੈ। ਸੰਭਵ ਹੈ ਉਹ ਪਾਣੀ ਦੇ ਛਲਕਣ ਵਾਲੀ ਵਿਧਾ ਰਾਹੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹੋਣਗੇ। ਹੋਰ ਤਾਂ ਹੋਰ ਉਹ ਸੰਗੀਤ ਵੀ ਪੈਦਾ ਕਰ ਲੈਂਦੇ ਨੇ।’’

‘‘ਓ ਲਾਰਡ!…ਗੀਤ ਗਾਉਂਦਾ ਪਾਣੀ ਦਾ ਪੁਤਲਾ।…ਕਿੰਨੀ ਅਜੀਬ ਗੱਲ ਹੈ ਇਹ!…ਤਾਂ ਫਿਰ ਤੇਰੀ ਕੀ ਰਾਇ ਹੈ?’’

‘‘ਨਿਯਮਾਂ ਅਨੁਸਾਰ ਜਾਂ ਨਿਯਮ-ਰਹਿਤ?’’

‘‘ਦੋਵੇਂ ਹੀ।’’

‘‘ਨਿਯਮਾਂ ਅਨੁਸਾਰ ਤਾਂ ਸਾਨੂੰ ਬ੍ਰਹਿਮੰਡ ਦੇ ਇਸ ਖੇਤਰ ਵਿੱਚ ਮੌਜੂਦ ਕਿਸੇ ਵੀ ਕਿਸਮ ਦੇ ਸੂਝਵਾਨ ਜੀਵਾਂ ਦੀ ਹੋਂਦ ਦਾ ਪਤਾ ਲਗਾ ਕੇ, ਬਿਨਾਂ ਕਿਸੇ ਭਿੰਨ-ਭੇਦ, ਡਰ ਜਾਂ ਲਗਾਅ ਦੇ ਉਨ੍ਹਾਂ ਨੂੰ ਜੀ ਆਇਆ ਕਹਿੰਦੇ ਹੋਏ, ਉਨ੍ਹਾਂ ਨਾਲ ਸੰਪਰਕ ਸਥਾਪਿਤ ਕਰਨਾ ਹੈ।

ਨਿਯਮ-ਰਹਿਤ ਮੇਰੀ ਰਾਏ ਇਹ ਹੈ ਕਿ ਸਾਨੂੰ ਇਸ ਜਾਣਕਾਰੀ ਦਾ ਸਾਰਾ ਰਿਕਾਰਡ ਮਿਟਾ ਦੇਣਾ ਚਾਹੀਦਾ ਹੈ ਅਤੇ ਇਸ ਬਾਰੇ ਭੁੱਲ ਹੀ ਜਾਣਾ ਚਾਹੀਦਾ ਹੈ।’’

‘‘ਮੇਰਾ ਖਿਆਲ ਸੀ ਕਿ ਤੂੰ ਅਜਿਹੀ ਹੀ ਰਾਇ ਦੇਵੇਂਗਾ।’’

‘‘ਬੇਸ਼ੱਕ ਇਹ ਗੈਰ-ਕਾਨੂੰਨੀ ਹੈ, ਪਰ ਹਰ ਚੀਜ਼ ਦੀ ਵੀ ਕੋਈ ਹੱਦ ਹੁੰਦੀ ਹੈ। ਇੰਨੀ ਨੀਵੀਂ ਪੱਧਰ ਦੇ ਜੀਵਾਂ ਨਾਲ ਗੱਲਬਾਤ ਕਰਨ ਦੀ ਕਲਪਨਾ ਵੀ ਮਾਨਸਿਕ ਪਰੇਸ਼ਾਨੀ ਪੈਦਾ ਕਰ ਰਹੀ ਹੈ।…ਕੀ ਸਾਨੂੰ ਪਾਣੀ ਦੇ ਪੁਤਲਿਆਂ ਨਾਲ ਗੱਲ ਕਰਨੀ ਲਾਜ਼ਮੀ ਹੈ?’’

‘‘ਭਲਾ ਅਜਿਹੇ ਜੀਵਾਂ ਨਾਲ ਗੱਲ ਕਰਨ ਲਈ ਹੈ ਵੀ ਕੀ?…ਕੀ ਅਸੀਂ ਕਹਾਂਗੇ… ‘ਹੈਲੋ ਪਾਣੀ ਦੇ ਪੁਤਲਿਓ! ਕੀ ਹਾਲ ਚਾਲ ਹੈ? ਕੀ ਪਤਾ ਅਜਿਹੀ ਗੱਲਬਾਤ ਸੰਭਵ ਵੀ ਹੈ ਜਾਂ ਨਹੀਂ?… ਹਾਂ ਸੱਚ! ਅਜਿਹੀ ਜੀਵਨ ਹੋਂਦ ਵਾਲੇ ਕਿੰਨੇ ਕੁ ਗ੍ਰਹਿ ਹਨ ਇਸ ਖਿੱਤੇ ਵਿੱਚ?’’

‘‘ਸਿਰਫ਼ ਇੱਕ…ਬੇਸ਼ੱਕ ਉਹ ਵਿਸ਼ੇਸ਼ ਸਿਲੰਡਰਾਂ ਰਾਹੀਂ ਹੋਰ ਗ੍ਰਹਿਆਂ ਤੱਕ ਪਹੁੰਚ ਤਾਂ ਸਕਦੇ ਨੇ, ਪਰ ਉੱਥੇ ਰਹਿ ਨਹੀਂ ਸਕਦੇ। ਪਾਣੀ ਦੇ ਬਣੇ ਹੋਣ ਕਾਰਨ ਉਹ ਹਮੇਸ਼ਾਂ ਰੋਸ਼ਨੀ ਦੀ ਗਤੀ ਤੋਂ ਘੱਟ ਗਤੀ ਨਾਲ ਹੀ ਸਫ਼ਰ ਕਰ ਸਕਦੇ ਹਨ ਅਤੇ ਇੰਜ ਉਨ੍ਹਾਂ ਦੀ ਸਾਡੇ ਨਾਲ ਸੰਪਰਕ ਸਥਾਪਤੀ ਦੀ ਸੰਭਾਵਨਾ ਲਗਭਗ ਜ਼ੀਰੋ ਹੀ ਹੈ। ਦਰਅਸਲ, ਅਜਿਹੀ ਸੰਭਾਵਨਾ ਹੈ ਹੀ ਨਹੀਂ।’’

‘‘ਫਿਰ ਤਾਂ ਠੀਕ ਹੈ। ਅਸੀਂ ਉਨ੍ਹਾਂ ਦੇ ਸੁਨੇਹਿਆਂ ਦਾ ਜਵਾਬ ਹੀ ਨਹੀਂ ਦਿੰਦੇ ਤੇ ਉਨ੍ਹਾਂ ਨੂੰ ਲੱਗੇਗਾ ਕਿ ਜਿਵੇਂ ਬ੍ਰਹਿਮੰਡ ਵਿੱਚ ਕੋਈ ਹੋਰ ਹੈ ਹੀ ਨਹੀਂ।’’

‘‘ਇਹੋ ਹੀ ਠੀਕ ਰਹੇਗਾ।’’

‘‘ਹੈ ਤਾਂ ਗਲਤ, ਪਰ ਤੂੰ ਆਪ ਹੀ ਤਾਂ ਕਿਹਾ ਹੈ ਕਿ ਭਲਾ ਪਾਣੀ ਦੇ ਪੁਤਲਿਆਂ ਨਾਲ ਕੌਣ ਮਿਲਣਾ ਚਾਹੇਗਾ?…ਹਾਂ ਸੱਚ ਉਹ, ਜਿਨ੍ਹਾਂ ਨੂੰ ਪੁਲਾੜੀ ਵਾਹਨ ਉੱਤੇ ਲਿਆਂਦਾ ਗਿਆ ਸੀ, ਤੇ ਜਿਨ੍ਹਾਂ ਉੱਤੇ ਖੋਜ ਕਾਰਜ ਕੀਤੇ ਗਏ ਸਨ, ਕੀ ਉਨ੍ਹਾਂ ਨੂੰ ਉਹ ਸਭ ਕੁਝ ਯਾਦ ਨਹੀਂ ਹੋਵੇਗਾ?’’

‘‘ਅਸੀਂ ਉਨ੍ਹਾਂ ਦੇ ਦਿਮਾਗ਼ ਵਿੱਚੋਂ ਇਸ ਸੰਪਰਕ ਦੀ ਹਰ ਯਾਦ ਹੀ ਮਿਟਾ ਦਿੱਤੀ ਹੈ। ਇੰਜ ਅਸੀਂ ਉਨ੍ਹਾਂ ਲਈ ਮਹਿਜ਼ ਸੁਪਨਾ ਹੀ ਬਣ ਚੁੱਕੇ ਹਾਂ।’’

‘‘ਪਾਣੀ ਦੇ ਪੁਤਲੇ ਦਾ ਸੁਪਨਾ…ਕਿੰਨੀ ਅਜੀਬ ਗੱਲ ਹੈ ਕਿ ਅਸੀਂ ਪਾਣੀ ਦੇ ਪੁਤਲੇ ਦਾ ਸੁਪਨਾ ਹੋਵਾਂਗੇ।’’

‘‘ਤੇ ਅਸੀਂ, ਬ੍ਰਹਿਮੰਡੀ ਨਕਸ਼ੇ ਉੱਤੇ, ਸੁਨਹਿਰੀ ਤਾਰੇ ਵਾਲੇ ਸਾਰੇ ਖੇਤਰ ਨੂੰ ਜੀਵਨ ਹੋਂਦ ਤੋਂ ਸੱਖਣਾ ਲਿਖ ਦਿੱਤਾ ਹੈ।’’

‘‘ਬਿਲਕੁਲ ਠੀਕ। ਨਿਯਮਾਂ ਅਨੁਸਾਰ ਵੀ ਅਤੇ ਨਿਯਮ-ਰਹਿਤ ਵੀ, ਦੋਵੇਂ ਤਰ੍ਹਾਂ ਹੀ, ਰਿਪੋਰਟ ਸਹੀ ਹੈ…ਕੋਈ ਹੋਰ ਖ਼ਬਰ? ਮਿਲਕੀ-ਵੇ ਦੇ ਖੇਤਰ ਵਿੱਚ ਕੋਈ ਹੋਰ ਦਿਲਚਸਪ ਜੀਵਨ ਹੋਂਦ?’’

‘‘ਜੀ ਹਾਂ! ਰੀਗਲ ਤਾਰਾ ਮੰਡਲ ਵਿਖੇ ਮੌਜੂਦ ਹੈ ਹਿਲੀਅਮ ਆਧਾਰਿਤ ਸੋਹਣੀ ਤੇ ਸ਼ਰਮਾਕਲ ਸੁਭਾਅ ਵਾਲੀ ਜੀਵਨ ਹੋਂਦ। ਹਜ਼ਾਰ ਕੁ ਸਾਲ ਪਹਿਲਾਂ ਇਹ ਜੀਵ ਸਾਡੇ ਨਾਲ ਸੰਪਰਕ ਵਿੱਚ ਸਨ ਅਤੇ ਹੁਣ ਫਿਰ ਸੰਪਰਕ ਕਰਨਾ ਚਾਹੁੰਦੇ ਹਨ।’’

‘‘ਹਮੇਸ਼ਾਂ ਕੁਝ ਨਾ ਕੁਝ ਨਵਾਂ ਵਾਪਰਦਾ ਹੀ ਰਹਿੰਦਾ ਹੈ।’’

‘‘ਤੇ ਵਾਪਰੇ ਵੀ ਕਿਉਂ ਨਾ? ਜ਼ਰਾ ਸੋਚੋ ਕਿ ਜੇ ਵਿਸ਼ਾਲ ਬ੍ਰਹਿਮੰਡ ਵਿੱਚ ਅਸੀਂ ਇਕੱਲੇ ਹੀ ਸੂਝਵਾਨ ਜੀਵ ਹੋਈਏ ਤਾਂ ਇਹ ਕਿੰਨਾ ਨੀਰਸ ਤੇ ਸੁੰਨਾ-ਸੁੰਨਾ ਲੱਗੇਗਾ।’’
ਈ-ਮੇਲ: drdpsn@gmail.com



News Source link
#ਪਣ #ਦ #ਪਤਲ

- Advertisement -

More articles

- Advertisement -

Latest article