28.7 C
Patiāla
Monday, May 6, 2024

ਤਹਿਰੀਕ-ਏ-ਤਾਲਿਬਾਨ ਦੇ ਸਿਖਰਲੇ ਕਮਾਂਡਰ ਖੁਰਾਸਾਨੀ ਸਣੇ 4 ਹਲਾਕ

Must read


ਇਸਲਾਮਾਬਾਦ, 8 ਅਗਸਤ

ਪੂਰਬੀ ਅਫ਼ਗ਼ਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਭੇਤ-ਭਰੇ ਢੰਗ ਨਾਲ ਹੋਏ ਧਮਾਕੇ ਵਿੱਚ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦਾ ਸਿਖਰਲਾ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਤੇ ਤਿੰਨ ਹੋਰ ਸਿਖਰਲੇ ਦਹਿਸ਼ਤੀ ਆਗੂ ਮਾਰੇ ਗਏ ਹਨ। ਰੋਜ਼ਨਾਮਚਾ ਦਿ ਐਕਸਪ੍ਰੈੈੱਸ ਟ੍ਰਿਬਿਊਨ ਦੀ ਰਿਪੋਰਟ ਵਿੱਚ ਅਫ਼ਗ਼ਾਨ ਅਧਿਕਾਰੀਆਂ ਤੇ ਮੁਕਾਮੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਐਤਵਾਰ ਨੂੰ ਦਹਿਸ਼ਤੀ ਜਥੇਬੰਦੀ ਦੇ ਸੀਨੀਅਰ ਕਮਾਂਡਰਾਂ, ਜਿਨ੍ਹਾਂ ਵਿੱਚ ਖੁਰਾਸਾਨੀ ਵੀ ਮੌਜੂਦ ਸੀ, ਨੂੰ ਲਿਜਾ ਰਹੇ ਵਾਹਨ ਨੂੰ ਬਾਰੂਦੀ ਸੁਰੰਗ ਨਾਲ ਨਿਸ਼ਾਨਾ ਬਣਾਇਆ ਗਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਸਿਖਰਲੇ ਦਹਿਸ਼ਤਗਰਦ ਮੀਟਿੰਗ ਲਈ ਸੂਬੇ ਦੇ ਬਿਰਮਲ ਜ਼ਿਲ੍ਹੇ ਵਿੱਚ ਸਫ਼ਰ ਕਰ ਰਹੇ ਸਨ, ਜਦੋਂ ਉਨ੍ਹਾਂ ਦਾ ਵਾਹਨ ਸੜਕ ਕੰਢੇ ਵਿਛਾਈ ਬਾਰੂਦੀ ਸੁਰੰਗ ਦੀ ਜ਼ੱਦ ਵਿੱਚ ਆ ਗਿਆ। ਰਿਪੋਰਟ ਵਿੱਚ ਸੀਨੀਅਰ ਅਫ਼ਗ਼ਾਨ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਵਾਹਨ ਵਿੱਚ ਸਵਾਰ ਟੀਟੀਪੀ ਦੇ ਹੋਰ ਕਮਾਂਡਰ ਜਿਵੇਂ ਅਬਦੁਲ ਵਲੀ ਮੁਹੰਮਦ, ਮੁਫ਼ਤੀ ਹਾਸਨ ਤੇ ਹਾਫ਼ਿਜ਼ ਦੌਲਤ ਖ਼ਾਨ ਧਮਾਕੇ ਵਿੱਚ ਮਾਰੇ ਗਏ। ਮੁਕਾਮੀ ਸੂਤਰਾਂ ਮੁਤਾਬਕ ਟੀਟੀਪੀ ਆਗੂ ‘ਸਲਾਹ ਮਸ਼ਵਰੇ’ ਲਈ ਜਾ ਰਹੇ ਸਨ। ਖੁਰਾਸਾਨੀ, ਜੋ ਮੁਹਮੰਡ ਕਬਾਇਲੀ ਜ਼ਿਲ੍ਹੇ ਨਾਲ ਸਬੰਧਤ ਹੈ, ਨੂੰ ਟੀਟੀਪੀ ਦਾ ਸਿਖਰਲਾ ਮੈਂਬਰ ਮੰਨਿਆ ਜਾਂਦਾ ਹੈ। ਉਸ ਦੇ ਸਿਰ ’ਤੇ ਇਕ ਕਰੋੜ ਰੁਪਏ ਦਾ ਇਨਾਮ ਸੀ। -ਪੀਟੀਆਈ





News Source link

- Advertisement -

More articles

- Advertisement -

Latest article