45.8 C
Patiāla
Saturday, May 18, 2024

ਕਾਰਡਿਫ ਵਿੱਚ ਮਿਲਖਾ ਸਿੰਘ

Must read


ਪ੍ਰਿੰ. ਸਰਵਣ ਸਿੰਘ

ਹੁਣ ਜਦੋਂ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ ਤਾਂ ਮੈਨੂੰ ਮਿਲਖਾ ਸਿੰਘ ਮੁੜ ਯਾਦ ਆ ਗਿਆ ਹੈ। ਉਸ ਬਾਰੇ ਪਾਸ਼ ਨੇ ‘ਫਲਾਈਂਗ ਸਿੱਖ ਮਿਲਖਾ ਸਿੰਘ’ ਪੁਸਤਕ ਲਿਖੀ ਸੀ ਅਤੇ ਮੈਂ ‘ਉਡਣਾ ਸਿੱਖ ਮਿਲਖਾ ਸਿੰਘ’ ਲਿਖੀ ਹੈ। 1958 ’ਚ ਬ੍ਰਿਟਿਸ਼ ਅੰਪਾਇਰ ਤੇ ਕਾਮਵੈਲਥ ਦੇਸ਼ਾਂ ਦੀਆਂ ਖੇਡਾਂ ਕਾਰਡਿਫ, ਗ੍ਰੇਟ ਬਰਤਾਨੀਆ ਵਿਖੇ ਹੋਈਆਂ ਸਨ ਜਿਨ੍ਹਾਂ ਵਿੱਚ ਅਥਲੈਟਿਕਸ ਦਾ ਮਿਆਰ ਏਸ਼ੀਆ ਤੋਂ ਉਚੇਰਾ ਸੀ। ਉਨ੍ਹਾਂ ਖੇਡਾਂ ’ਚੋਂ ਉਦੋਂ ਤੱਕ ਕੋਈ ਭਾਰਤੀ ਅਥਲੀਟ ਮੈਡਲ ਨਹੀਂ ਸੀ ਜਿੱਤ ਸਕਿਆ। ਪਰ ਮਿਲਖਾ ਸਿੰਘ ਤੋਂ ਪੂਰੀਆਂ ਉਮੀਦਾਂ ਸਨ। ਭਾਰਤੀ ਟੀਮ ਦਿੱਲੀ ਤੋਂ ਹਵਾਈ ਜਹਾਜ਼ ਚੜ੍ਹੀ ਤੇ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਜਾ ਉਤਰੀ। ਉੱਥੋਂ ਉਹ ਰੇਲ ਗੱਡੀ ਰਾਹੀਂ ਵੇਲਜ਼ ਦੇ ਸ਼ਹਿਰ ਕਾਰਡਿਫ ਪੁੱਜੇ ਜਿੱਥੇ ਕਾਮਨਵੈਲਥ ਖੇਡਾਂ ਹੋਣੀਆਂ ਸਨ। ਉੱਥੇ ਅਮਰੀਕਨ ਪਿਛੋਕੜ ਵਾਲਾ ਡਾ. ਹਾਵਰਡ ਮਿਲਖਾ ਸਿੰਘ ਦਾ ਕੋਚ ਸੀ। ਮਿਲਖਾ ਸਿੰਘ ਦੇ ਮੁਕਾਬਲੇ ਵਿੱਚ ਵਿਸ਼ਵ ਦੇ ਮੰਨੇ ਦੰਨੇ ਦੌੜਾਕ ਸਨ। ਦੱਖਣੀ ਅਫ਼ਰੀਕਾ ਦਾ ਮੈਲਕਮ ਸਪੈਂਸ ਸੀ, ਜਮਾਇਕਾ ਦਾ ਜੌਰਜ ਕਰ, ਆਸਟਰੇਲੀਆ ਦਾ ਕੇਵਨ ਗੌਸਪਰ, ਕੈਨੇਡਾ ਦਾ ਟੈਰੀ ਟੋਬਾਕੋ ਤੇ ਇੰਗਲੈਂਡ ਦਾ ਜੌਹਨ ਸੈਲਿਸਬਰੀ।

ਫਾਈਨਲ ਦੌੜ ਵਾਲੇ ਦਿਨ ਮਿਲਖਾ ਸਿੰਘ ਫ਼ਿਕਰ ਨਾਲ ਜਾਗਿਆ। ਗਰਮ ਪਾਣੀ ਵਿੱਚ ਬੈਠਾ, ਹਲਕਾ ਬਰੇਕ ਫਾਸਟ ਕੀਤਾ, ਝਪਕੀ ਲਈ ਤੇ ਤਾਜ਼ਾ ਦਮ ਹੋਇਆ। ਇੱਕ ਵਜੇ ਕੇਸ ਵਾਹੇ, ਜੂੜਾ ਕੀਤਾ ਤੇ ਜੂੜੇ ਉੱਤੇ ਰਬੜ ਦੇ ਛੱਲੇ ਚਾੜ੍ਹੇ। ਬੈਗ ਵਿੱਚ ਸਪਾਈਕਸ, ਛੋਟਾ ਤੌਲੀਆ, ਕੰਘਾ ਤੇ ਗੁਲੂਕੋਜ਼ ਦੇ ਪੈਕਟ ਪਾਏ। ਜੂਸ ਦਾ ਕੱਪ ਪੀ ਕੇ ਸਟੇਡੀਅਮ ਪੁੱਜਾ। ਵੱਖ-ਵੱਖ ਦੇਸ਼ਾਂ ਦੇ ਰੰਗ ਬਿਰੰਗੇ ਝੰਡੇ ਝੂਲ ਰਹੇ ਸਨ। 440 ਗਜ਼ ਦੌੜ ਦੀ ਪਹਿਲੀ ਕਾਲ ਹੋਈ ਤਾਂ ਦੌੜਾਕ ਸਟਾਰਟਿੰਗ ਲਾਈਨ ’ਤੇ ਪਹੁੰਚ ਗਏ। ਦੌੜ ਸ਼ੁਰੂ ਹੋਣ ਲੱਗੀ ਤਾਂ ਮਿਲਖਾ ਸਿੰਘ ਨੇ ਟਰੈਕ ਸੂਟ ਉਤਾਰਿਆ, ਤੌਲੀਏ ਨਾਲ ਮੁੜ੍ਹਕਾ ਪੂੰਝਿਆ ਤੇ ਸਟਾਰਟਿੰਗ ਬਲਾਕ ਨੂੰ ਸੈੱਟ ਕੀਤਾ। ਉਹਦੀ ਬੁਨੈਣ ਉੱਤੇ ‘ਇੰਡੀਆ’ ਦੇ ਅੱਖਰ ਜਗ ਰਹੇ ਸਨ। ਫਿਰ ਫਾਇਰ ਹੋਇਆ ਤੇ ਦੌੜ ਸ਼ੁਰੂ ਹੋਈ। 330 ਗਜ਼ ਤੱਕ ਮਿਲਖਾ ਸਿੰਘ ਸਭ ਤੋਂ ਮੂਹਰੇ ਸੀ। ਅਖ਼ੀਰਲੇ ਸੌ ਗਜ਼ਾਂ ਵਿੱਚ ਸਪੈਂਸ ਨੇ ਉਸ ਨੂੰ ਪਛਾੜਨ ਦੀ ਪੂਰੀ ਵਾਹ ਲਾਈ, ਪਰ ਮਿਲਖਾ ਸਿੰਘ ਦੀ ਛਾਤੀ ਫੀਤੇ ਨੂੰ ਪਹਿਲਾਂ ਜਾ ਛੋਹੀ। ਫੀਤਾ ਛੋਂਹਦਿਆਂ ਉਹ ਬੇਹੋਸ਼ ਹੋ ਕੇ ਡਿੱਗ ਪਿਆ।

ਸਟੇਡੀਅਮ ਹੱਲਾਸ਼ੇਰੀ ਦੀਆਂ ਗੂੰਜਦੀਆਂ ਆਵਾਜ਼ਾਂ ਪਿੱਛੋਂ ਹੈਰਾਨੀ ਵਿੱਚ ਆ ਗਿਆ। ਮਿਲਖਾ ਸਿੰਘ ਨੂੰ ਸਟ੍ਰੈਚਰ ਉੱਤੇ ਪਾ ਕੇ ਟਰੈਕ ਤੋਂ ਲਾਂਭੇ ਲਿਜਾਇਆ ਗਿਆ। ਡਾਕਟਰੀ ਸਹਾਇਤਾ ਤੇ ਆਕਸੀਜਨ ਦਿੱਤੀ ਗਈ। ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਇਹ ਜਾਣ ਕੇ ਬੇਹੱਦ ਖ਼ੁਸ਼ ਹੋਇਆ ਕਿ ਉਹ ਦੌੜ ਜਿੱਤ ਗਿਆ ਹੈ। ਇਹ ਪਹਿਲਾ ਮੌਕਾ ਸੀ ਕਿ ਕੋਈ ਭਾਰਤੀ ਅਥਲੀਟ ਕਾਮਨਵੈਲਥ ਮੁਲਕਾਂ ਦਾ ਚੈਂਪੀਅਨ ਬਣਿਆ। ਮਿਲਖਾ ਸਿੰਘ ਨੂੰ ਭਾਰਤੀ ਝੰਡਾ ਫੜਾਇਆ ਗਿਆ ਜਿਸ ਨੂੰ ਲੈ ਕੇ ਉਸ ਨੇ ਸਟੇਡੀਅਮ ਦਾ ਜੇਤੂ ਚੱਕਰ ਲਾਇਆ। ਇੱਕ ਪੱਤਰਕਾਰ ਨੇ ਪੁੱਛਿਆ, “ਆਪਣੇ ਦੇਸ਼ ਵਾਸੀਆਂ ਲਈ ਕੋਈ ਸੰਦੇਸ਼?”

ਮਿਲਖਾ ਸਿੰਘ ਨੇ ਕਿਹਾ, “ਮੇਰੇ ਪਿਆਰੇ ਦੇਸ਼, ਤੇਰੇ ਇੱਕ ਪੱਤਰ ਨੇ ਆਪਣੀ ਡਿਊਟੀ ਨਿਭਾ ਦਿੱਤੀ ਹੈ। ਮੈਂ ਚਾਹੁੰਨਾਂ ਹਰ ਬੰਦਾ ਆਪਣੀ ਡਿਊਟੀ ਨਿਭਾਏ।”

ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਲੱਗੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਸ੍ਰੀਮਤੀ ਵਿਜੇ ਲਕਸ਼ਮੀ ਪੰਡਿਤ ਨੇ ਮਿਲਖਾ ਸਿੰਘ ਨੂੰ ਉਚੇਚੀ ਮੁਬਾਰਕਬਾਦ ਦਿੱਤੀ। ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਜਵਾਹਰ ਲਾਲ ਜੀ ਦਾ ਸੁਨੇਹਾ ਹੈ ਕਿ ਮਿਲਖਾ ਸਿੰਘ ਨੂੰ ਪੁੱਛ ਕੇ ਦੱਸੋ ਕਿ ਉਹ ਕਿਹੋ ਜਿਹਾ ਇਨਾਮ ਚਾਹੁੰਦਾ ਹੈ? ਮਿਲਖਾ ਸਿੰਘ ਸੰਗਦਾ ਚੁੱਪ ਰਿਹਾ। ਦੁਬਾਰਾ ਪੁੱਛਣ ’ਤੇ ਉਸ ਨੇ ਕਿਹਾ, “ਜਿੱਦਣ ਅਸੀਂ ਭਾਰਤ ਪੁੱਜੀਏ, ਜੇ ਹੋ ਸਕੇ ਤਾਂ ਉਸ ਦਿਨ ਨੈਸ਼ਨਲ ਛੁੱਟੀ ਕੀਤੀ ਜਾਵੇ।”

ਰਾਤ ਨੂੰ ਮਹਾਰਾਣੀ ਐਲਿਜ਼ਾਬੈਥ ਨੇ ਸ਼ਾਹੀ ਮਹਿਲਾਂ ਵਿੱਚ ਸ਼ਾਹੀ ਭੋਜ ਦਿੱਤਾ। ਉਸ ਨੇ ਤੇ ਉਸ ਦੀ ਧੀ ਰਾਜਕੁਮਾਰੀ ਐੱਨ. ਨੇ ਵਧਾਈਆਂ ਦਿੱਤੀਆਂ। ਇਹ ਪਹਿਲਾਂ ਮੌਕਾ ਸੀ ਕਿ ਮਿਲਖਾ ਸਿੰਘ ਨੇ ਬੀਅਰ ਦਾ ਘੁੱਟ ਭਰਿਆ। ਫਿਰ ਡਾਂਸ ਸ਼ੁਰੂ ਹੋਇਆ। ਡਾਂਸ ਕਰਦਿਆਂ ਕੁਝ ਪਲ ਲਾਈਟ ਬੁਝਾਈ ਤਾਂ ਚਾਨਣ ਹੋਣ ਪਿੱਛੋਂ ਵੇਖਿਆ ਕਿ ਕਈਆਂ ਦੇ ਮੂੰਹਾਂ ਉਤੇ ਲਿਪਸਟਿਕ ਲੱਗੀ ਹੋਈ ਸੀ! ਮਿਲਖਾ ਪ੍ਰਦੁੱਮਣ ਨੂੰ ਛੇੜ ਰਿਹਾ ਸੀ ਤੇ ਪ੍ਰਦੁੱਮਣ ਮਿਲਖੇ ਨੂੰ। ਅਗਲੇ ਦਿਨ ਉਹ ਲੰਡਨ ਤੋਂ ਦਿੱਲੀ ਪੁੱਜੇ ਤਾਂ ਦੇਸ਼ ਵਿੱਚ ਸੱਚਮੁੱਚ ਛੁੱਟੀ ਸੀ। ਮਿਲਖਾ ਸਿੰਘ ਦਾ ਨਾਂ ਘਰ-ਘਰ ਪੁੱਜ ਗਿਆ ਸੀ। ਇਹ ਸੀ ਮਿਲਖਾ ਸਿੰਘ ਦੀ ਦੌੜ ਦਾ ਜਾਦੂ। ਉਸ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਾ ਪੁਰਸਕਾਰ ਦਿੱਤਾ ਅਤੇ ਅਮਰੀਕਾ ਨੇ ਹੈਲਮਜ਼ ਟਰਾਫੀ ਦਾ ਐਵਾਰਡ। ਉਸ ਦੇ ਪ੍ਰਸੰਸਕਾਂ ਨੇ ਪਿਆਰ ਨਿਸ਼ਾਨੀਆਂ ਤੇ ਤੋਹਫ਼ਿਆਂ ਦੇ ਢੇਰ ਲਾ ਦਿੱਤੇ।

1970 ’ਚ ਬਰਤਾਨੀਆ ਦੇ ਸ਼ਹਿਰ ਐਡਨਬਰਗ ਵਿੱਚ ਫਿਰ ਕਾਮਨਵੈਲਥ ਖੇਡਾਂ ਹੋਈਆਂ ਤਾਂ ਮਿਲਖਾ ਸਿੰਘ ਨੂੰ ਬਤੌਰ ਵਿਸ਼ੇਸ਼ ਮਹਿਮਾਨ ਉੱਥੇ ਸੱਦਿਆ ਗਿਆ। ਉਦੋਂ ਤਰਸੇਮ ਪੁਰੇਵਾਲ ਯੂਰਪ ਦੇ ਪੰਜਾਬੀ ਮੈਗਜ਼ੀਨ ‘ਦੇਸ ਪ੍ਰਦੇਸ’ ਦਾ ਸੰਪਾਦਕ ਸੀ। ਉਸ ਨਾਲ ਪੰਜਾਬੀਆਂ ਦਾ ਪੂਰਾ ਜਥਾ ਹੀ ਮਿਲਖਾ ਸਿੰਘ ਦੇ ਚੋਲੇ ਦੀਆਂ ਤਣੀਆਂ ਫੜ ਕੇ ਸਟੇਡੀਅਮ ਅੰਦਰ ਪ੍ਰਵੇਸ਼ ਕਰ ਗਿਆ ਸੀ।

ਇਹ ਤਰਸੇਮ ਪੁਰੇਵਾਲ ਹੀ ਸੀ ਜਿਸ ਨੇ ਵਿੱਚ ਪੈ ਕੇ ਮਿਲਖਾ ਸਿੰਘ ਦੀ ‘ਸਵੈ-ਜੀਵਨੀ’ ਕਵੀ ਪਾਸ਼ ਤੋਂ ਲਿਖਵਾਈ ਸੀ। ਬੱਘੀ ਵਿੱਚ ਜਾਂਦੀ ਰਾਜਕੁਮਾਰੀ ਐੱਨ. ਨੇ ਕਿਤੇ ਮਿਲਖਾ ਸਿੰਘ ਨੂੰ ਸਿੰਘਾਂ ਨਾਲ ਤੁਰੇ ਜਾਂਦੇ ਵੇਖਿਆ ਤਾਂ ਬੱਘੀ ਰੁਕਵਾ ਕੇ ‘ਹੈਲੋ ਮਿਲਖਾ ਸਿੰਘ’ ਕਹਿ ਕੇ ਹਾਲ ਚਾਲ ਪੁੱਛਿਆ ਸੀ। ਮਹਾਰਾਣੀ ਐਲਿਜ਼ਾਬੈਥ ਦੀ ਧੀ ਖ਼ੁਦ ਘੋੜਸਵਾਰੀ ਦੀ ਓਲੰਪੀਅਨ ਸੀ ਤੇ ਮਿਲਖਾ ਸਿੰਘ ਦੀ ਪ੍ਰਸੰਸਕ ਸੀ।



News Source link
#ਕਰਡਫ #ਵਚ #ਮਲਖ #ਸਘ

- Advertisement -

More articles

- Advertisement -

Latest article