35 C
Patiāla
Thursday, May 16, 2024

ਮੂੰਗੀ ਦੀ ਸਰਕਾਰੀ ਖਰੀਦ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ

Must read


ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਗਸਤ

ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਅੱਜ ਅਚਾਨਕ ਮੂੰਗੀ ਦੀ ਸਰਕਾਰੀ ਖਰੀਦ ਬੰਦ ਕਰ ਦਿੱਤੀ ਗਈ ਹੈ। ਕਈ ਮੰਡੀਆਂ ਵਿੱਚ ਅੱਜ ਕਿਸਾਨ ਆਪਣੀ ਮੂੰਗੀ ਦੀ ਫ਼ਸਲ ਵੇਚਣ ਲਈ ਲੈ ਕੇ ਆਏ, ਪਰ ਕੋਈ ਵੀ ਸਰਕਾਰੀ ਅਧਿਕਾਰੀ ਬੋਲੀ ਲਈ ਨਹੀਂ ਆਇਆ। ਕਿਸਾਨਾਂ ਨੂੰ ਮਾਰਕਫੈੱਡ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਕੋਲੋਂ ਬੋਲੀ ਦੇ ਬੰਦ ਹੋਣ ਸਬੰਧੀ ਜਾਣਕਾਰੀ ਮਿਲੀ ਹੈ। ਸੂਬੇ ਵਿੱਚ ਮੂੰਗੀ ਹੇਠਲਾ ਸਭ ਤੋਂ ਵੱਧ ਰਕਬਾ ਮਾਨਸਾ ਜ਼ਿਲ੍ਹੇ ਵਿੱਚ ਆਉਂਦਾ ਹੈ। ਮਾਨਸਾ ਜ਼ਿਲ੍ਹੇ ਵਿੱਚ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਮਨੀਸ਼ ਕੁਮਾਰ ਗਰਗ ਨੇ ਮੂੰਗੀ ਦੀ ਸਰਕਾਰੀ ਖਰੀਦ ਬੰਦ ਹੋਣ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਕੱਲ੍ਹ ਤੱਕ 1288 ਮੀਟਰਕ ਟਨ ਮੂੰਗੀ ਦੀ ਸਰਕਾਰੀ ਖਰੀਦ ਇਸ ਜ਼ਿਲ੍ਹੇ ਵਿੱਚ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਹ ਖਰੀਦ ਪੰਜਾਬ ਸਰਕਾਰ ਵੱਲੋਂ 31 ਜੁਲਾਈ ਤੱਕ ਕਰਨ ਦੇ ਹੀ ਨਿਰਦੇਸ਼ ਮਿਲੇ ਸਨ। ਦੂਜੇ ਪਾਸੇ ਸਰਕਾਰੀ ਖਰੀਦ ਨਾ ਹੋਣ ਕਰ ਕੇ ਪ੍ਰਾਈਵੇਟ ਵਪਾਰੀ ਮੂੰਗੀ ਦੀ ਖਰੀਦ 1700 ਤੋਂ 4500 ਰੁਪਏ ਵਿੱਚ ਕਰ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਸਰਕਾਰੀ ਖ਼ਰੀਦ ਦਾ ਸਮਾਂ ਹੋਰ ਵਧਾ ਕੇ ਮੂੰਗੀ ਦੀ ਐੱਮਐੱਸਪੀ ’ਤੇ ਖਰੀਦੀ ਜਾਵੇ ਅਤੇ ਕਿਸਾਨਾਂ ਨੂੰ ਪਏ ਘਾਟੇ ਦਾ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ‘ਆਪ’ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਮੂੰਗੀ ਦੀ ਸਰਕਾਰੀ ਖਰੀਦ ਦਾ ਸਮਾਂ ਹੋਰ ਵਧਾਉਣ ਦੀ ਮੰਗ ਨੂੰ ਲੈ ਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਮੂੰਗੀ ਲਈ ਸਰਕਾਰੀ ਖਰੀਦ ਮੁੜ ਸ਼ੁਰੂ ਹੋਵੇਗੀ।





News Source link

- Advertisement -

More articles

- Advertisement -

Latest article