37.4 C
Patiāla
Wednesday, May 15, 2024

ਲਿਫਟ

Must read


ਗੁਰਮਲਕੀਅਤ ਸਿੰਘ ਕਾਹਲੋਂ

ਮੇਰੇ ਫੋਨ ’ਚ ਲਾਈਟ ਜਗੀ, ਸਕਰੀਨ ’ਤੇ ਨਜ਼ਰ ਮਾਰੀ, ਅਨਜਾਣ ਨੰਬਰ ਤੋਂ ਵਟ੍ਹਸਐਪ ਕਾਲ ਸੀ। ਮਨ ਅਜੇ ਸੁਣਨ, ਨਾ ਸੁਣਨ ਦੀ ਜੱਕੋ ਤੱਕੀ ਵਿੱਚ ਸੀ ਕਿ ਘੰਟੀ ਸ਼ਾਂਤ ਹੋ ਗਈ। ਸੋਚਿਆ ਕਿਸੇ ਤੋਂ ਨੰਬਰ ਮਿਲਾਉਂਦਿਆਂ ਗਲਤ ਨੰਬਰ ’ਤੇ ਉਂਗਲ ਵੱਜ ਗਈ ਹੋਊ। ਗੱਲ ਆਈ ਗਈ ਹੋ ਗਈ। ਅਗਲੇ ਦਿਨ ਸਵੇਰੇ ਵੇਖਿਆ, ਉਸੇ ਅਨਜਾਣ ਨੰਬਰ ਤੋਂ ਰੋਮਨ ਵਿੱਚ ਲਿਖੇ 5-6 ਮੈਸੇਜ ਆਏ ਹੋਏ ਸਨ। ਕੌਣ ਹੋ ਸਕਦਾ, ਉਤਸੁਕਤਾ ਜਾਗਣੀ ਕੁਦਰਤੀ ਸੀ। ਟੁੱਟੀ ਫੁੱਟੀ ਤੇ ਸਾਧਾਰਨ ਜਿਹੀ ਸ਼ਬਦ-ਘਾੜਤ ਤੋਂ ਇਹ ਤਾਂ ਸਮਝ ਆ ਰਿਹਾ ਸੀ ਕਿ ਲਿਖਣ ਵਾਲਾ ਮੈਸੇਜ ਲਿਖਣ ਵਿੱਚ ਮੁਹਾਰਤੀ ਨਹੀਂ। ਸ਼ਬਦ ਜੋੜ ਤੋਂ ਕਿਸੇ ਸ਼ਰਾਰਤੀ ਜਾਂ ਧੋਖੇਬਾਜ਼ ਦਾ ਸ਼ੱਕ ਖਤਮ ਹੋ ਗਿਆ। ਮੈਂ ਜੋੜ-ਤੋੜ ਕਰਕੇ ਉਸ ਦੇ ਮੈਸੇਜ ਪੜ੍ਹਨ ਤੇ ਸਮਝਣ ਲੱਗਾ। ਪਹਿਲੇ ਉੱਤੇ ਉਂਗਲ ਮਾਰੀ, ਲਿਖਿਆ ਸੀ, “ਭਾਅ ਜੀ ਸਤਿ ਸ੍ਰੀ ਅਕਾਲ। ਸ਼ੈਦ ਸਾਨੂੰ ਭੁੱਲ ਗੇ ਸੀ। ਖੁਸ਼ਖ਼ਬਰੀ ਦੇ ਰਹੀ ਆਂ।’’

‘ਰਹੀ ਆਂ’ ਤੋਂ ਮੈਂ ਸਮਝ ਗਿਆ ਕਿ ਲਿਖਣ ਵਾਲੀ ਕੋਈ ਔਰਤ ਹੈ। ਪਰ ਕੌਣ ਹੋ ਸਕਦੀ ਆ, ਇਹ ਉਤਸੁਕਤਾ ਤਿੱਖੀ ਹੋਈ, ਅਗਲਾ ਮੈਸੇਜ ਖੋਲ੍ਹਿਆ,

“ਵਧਾਈਆਂ ਹੋਣ, ਤੁਸੀਂ ਸਾਡੇ ਲਈ ਰੱਬ ਹੋ, ਅਸ਼ੀਰਵਾਦ ਸੱਚਾ ਹੋ ਗਿਆ, ਬੇਟੀ ਜੱਜ ਬਣਗੀ, ਕੱਲ੍ਹ ਮੇਲ ਆਈ ਸੀ ਨਤੀਜੇ ਦੀ।’’

ਮੈਨੂੰ ਅਗਲੇ ਮੈਸੇਜ ਪੜ੍ਹਨ ਦੀ ਕਾਹਲ ਪੈਣ ਲੱਗੀ। ਸਕਰੀਨ ’ਤੇ ਇਕੱਠੀਆਂ ਦੋ ਉਂਗਲਾਂ ਵੱਜ ਗਈਆਂ। ਡਿਲੀਟ ਫਲੈਸ਼ ਹੋਣ ਲੱਗ ਪਿਆ, ਮੈਂ ਕੈਂਸਲ ਦੱਬ ਕੇ ਬਚਾ ਲਿਆ। ਲਿਖਤ ਰੋਮਨ ਅੰਗਰੇਜ਼ੀ ’ਚ ਹੋਣ ਕਰਕੇ ਅੱਖਰ ਬਣਾਉਣ ਤੇ ਭਾਵ ਸਮਝਣ ’ਚ ਦੇਰੀ ਚੁੱਭਣ ਲੱਗ ਪਈ। ਤੀਜਾ ਮੈਸੇਜ ਸੀ,

“ਤੁਸੀਂ ਸਾਨੂੰ ਨਰਕ ’ਚੋਂ ਕਢਵਾ ਤਾ। ਵੱਡੇ ਬੱਚੇ ਵਿਆਹੇ ਗਏ ਤੇ ਸੈੱਟ ਹੋ ਗਏ ਨੇ।’’ ਉਸ ਤੋਂ ਅਗਲਾ ਮੈਸੇਜ ਸੀ,

“ਕੱਲ੍ਹ ਕਈ ਕਾਪੀਆਂ ਫਰੋਲੀਆਂ, ਤੁਹਾਡਾ ਪੁਰਾਣਾ ਨੰਬਰ ਲੱਭ ਗਿਆ, ਮੈਂ ਉਸੇ ਵੇਲੇ ਕਾਲ ਕੀਤੀ, ਪਰ ਲੱਗੀ ਨਈਂ, ਤੁਹਾਡੇ ਟੈਮ ਦਾ ਵੀ ਦਿਨ-ਰਾਤ ਦਾ ਫਰਕ ਐ ਨਾ, ਟੈਮ ਲੱਗਾ ਤਾਂ ਬੇਟੀ ਨੂੰ ਸ਼ਾਬਾਸ਼ ਦੇ ਦਿਓ, ਉਸ ਦੀ ਲਗਨ ਤੇ ਮਿਹਨਤ ਨੇ ਤਾਢੇ ਬੋਲ ਸੱਚ ਕਰਕੇ ਵਿਖਾਤੇ।’’

ਸਾਰੇ ਮੈਸੇਜ ਪੜ੍ਹ ਕੇ ਮੈਂ ਚੇਤੇ ’ਤੇ ਜ਼ੋਰ ਪਾਇਆ। ਕਾਫ਼ੀ ਦੇਰ ਬਾਅਦ ਕਈ ਸਾਲ ਪੁਰਾਣੀ ਘਟਨਾ ਦੇ ਸੀਨ ਉੱਭਰਨ ਲੱਗੇ। ਸ਼ਾਇਦ ਉਹੀ ਹੋਵੇ, ਮੈਂ ਉਸੇ ਨੰਬਰ ’ਤੇ ਫੋਨ ਲਾਇਆ, ਮੂਹਰਿਓਂ ਜਿਵੇਂ ਕੋਈ ਉਡੀਕਦਾ ਹੀ ਹੋਵੇ, ਦੂਜੀ ਰਿੰਗ ਤੋਂ ਬਾਅਦ ਹੈਲੋ ਦੀ ਆਵਾਜ਼ ਆਈ, ਹੈਲੋ ’ਚੋਂ ਨਾ ਸਾਂਭੀ ਜਾ ਰਹੀ ਖੁਸ਼ੀ ਪ੍ਰਗਟ ਹੋ ਰਹੀ ਸੀ। ਪਹਿਚਾਣ ਪੁੱਛ ਕੇ ਅਗਲੇ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਾ ਲੱਗਾ, ਵਧਾਈ ਦਿੱਤੀ ਤਾਂ ਅਗਲੀ ਗੱਲ ਨੇ ਵਿਸ਼ਵਾਸ ਕਰਵਾਤਾ ਕਿ ਉਹੀ ਬੀਬੀ ਹੈ, ਜਿਸ ਦਾ ਖਿਆਲ ਹੁਣੇ ਆਇਆ ਸੀ। ਥੋੜ੍ਹੀ ਗੱਲ ਕਰਕੇ ਮਾਂ ਨੇ ਫੋਨ ਆਪਣੀ ਧੀ ਰਿਤੂ ਨੂੰ ਫੜਾ ਦਿੱਤਾ, ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਿਵਲ ਜੱਜ ਲਈ ਚੁਣੀ ਗਈ ਸੀ। ਖੁਸ਼ੀ ਉਸ ਤੋਂ ਵੀ ਸਾਂਭੀ ਨਹੀਂ ਸੀ ਜਾ ਰਹੀ, ਪਰ ਉਹ ਮਨ ਦੇ ਭਰੋਸੇ ਨੂੰ ਵੀ ਨਾਲੋ-ਨਾਲ ਤੋਰੀ ਜਾ ਰਹੀ ਸੀ।

“ਅੰਕਲ ਉੱਚੇ ਸੁਪਨੇ ਬੁਣ ਕੇ ਉਨ੍ਹਾਂ ਨੂੰ ਸੱਚ ਕਰਨ ਦੀ ਵਿਉਂਤਬੰਦੀ ਤੇ ਤਿਆਰੀ ਤਾਂ ਮੈਂ ਉਦੋਂ ਈ ਕਰਨ ਲੱਗ ਪਈ ਸੀ, ਜਦੋਂ ਤੁਸੀਂ ਕੁਝ ਸਫਲ ਵਿਅਕਤੀਆਂ ਦੀਆਂ ਉਦਾਹਰਨਾਂ ਦੇ ਕੇ ਮੈਨੂੰ ਸਮਝਾਇਆ ਸੀ ਕਿ ਅਸੰਭਵ ਦੇ ਮੂਹਰਿਓਂ ਅ ਕਿਵੇਂ ਲਾਹੀਦਾ। ਅੱਜ ਮੈਂ ਐੜੇ ਨੂੰ ਝਟਕਾ ਦੇ ਕੇ ਉਸ ਨੂੰ ਆਪਣੇ ਸੁਪਨਿਆਂ ਦੀ ਸਾਕਾਰਤਾ ਅਤੇ ਸਫਲਤਾ ਦਾ ਗਵਾਹ ਬਣਾ ਲਿਆ ਹੈ। ਪਰ ਮੈਂ ਤੇ ਮੰਮੀ ਇਹ ਕਦੇ ਨਹੀਂ ਭੁੱਲਦੇ ਕਿ ਸਾਰੇ ਕੁਝ ਦਾ ਮੁੱਢ ਉਦੋਂ ਬੱਝਾ ਸੀ ਜਦੋਂ ਤੁਸੀਂ ਮੰਮੀ ਨੂੰ ਡੈਮ ਤੋਂ ਲਿਫਟ ਦਿੱਤੀ ਸੀ। ਸਮਝ ਲਓ, ਉਸੇ ਲਿਫਟ ਨੇ ਮੈਨੂੰ ਲਿਫਟ ਦੇ ਕੇ ਐਥੋਂ ਤੱਕ ਪਹੁੰਚਾ ਦਿੱਤਾ ਕਿ ਹੱਕ ਮੰਗਦਿਆਂ ਜੁੱਤੀਆਂ ਘਸਾਉਣ ਵਾਲੀ ਔਰਤ ਦੀ ਧੀ, ਹੁਣ ਹੱਕ ਮੰਗਦੇ ਲੋਕਾਂ ਦੇ ਹੱਕਾਂ ਨਾਲ ਇਨਸਾਫ਼ ਕਰਿਆ ਕਰੂ।’’

ਕੁੜੀ ਨੂੰ ਸ਼ਾਬਾਸ਼ ਦਿੰਦਿਆਂ ਇਮਾਨਦਾਰੀ ਤੇ ਇਨਸਾਫ ਦੇ ਪੱਲੇ ਘੁੱਟ ਕੇ ਫੜੀ ਰੱਖਣ ਬਾਰੇ ਕਹਿ ਕੇ ਮੈਂ ਫੋਨ ਬੰਦ ਕੀਤਾ ਤੇ ਅੱਖਾਂ ਮੀਟਕੇ ਬੜੇ ਸਾਲ ਪੁਰਾਣੀ ਤੇ ਧੁੰਦਲੀ ਹੋ ਚੁੱਕੀ ਯਾਦ ਦੇ ਦ੍ਰਿਸ਼ਾਂ ਨੂੰ ਸਾਫ਼ ਕਰਨ ਲੱਗ ਪਿਆ। ਜਿਵੇਂ ਹੀ ਮੈਂ ਘਟਨਾ ਦੀ ਇੱਕ ਤੰਦ ਫੜਦਾ, ਉਹ ਆਪਣੇ ਆਪ ਹੀ ਅਗਲੀ ਦਾ ਸਿਰਾ ਫੜਕੇ ਨਾਲ ਜੋੜ ਲੈਂਦੀ। ਇੰਜ ਅਚੇਤ ਮਨ ਦੀ ਨੁੱਕਰੇ ਲੱਗਾ ਉਹ ਸੀਨ ਸਾਫ਼ ਹੋ ਕੇ ਮੇਰੀਆਂ ਅੱਖਾਂ ਮੂਹਰੇ ਚੱਕਰ ਕੱਢਣ ਲੱਗ ਪਿਆ।

ਅਸੀਂ ਡਲਹੌਜੀਓਂ ਵਾਪਸ ਆ ਰਹੇ ਸੀ। ਬੇਟੇ ਨੂੰ ਹਾਈਡਰੋ ਟਰਬਾਈਨਾਂ ਦੇ ਚੱਲਣ ਅਤੇ ਪਾਵਰ ਹਾਊਸ ਤੋਂ ਪੈਦਾ ਹੁੰਦੀ ਬਿਜਲੀ ਸਿਸਟਮ ਨੂੰ ਨੇੜਿਓਂ ਵਿਖਾਉਣ ਲਈ ਥੀਨ ਡੈਮ ’ਤੇ ਜਾਣਾ ਅਸੀਂ ਆਪਣੇ ਟੂਰ ਪ੍ਰੋਗਰਾਮ ਦੀ ਵਾਪਸੀ ਵਿੱਚ ਸ਼ਾਮਲ ਕੀਤਾ ਹੋਇਆ ਸੀ। ਧਾਰ ਤੋਂ ਡੈਮ ਦਾ ਰਸਤਾ ਪੁੱਛ ਕੇ ਝੀਲ ਦੇ ਖੱਬੇ ਕੰਢੇ ਜਾਂਦੀ ਸੜਕੇ ਪੈ ਕੇ ਅਸੀਂ ਮੀਲਾਂ ਲੰਮੀ ਜਲ-ਧਾਰਾ ’ਤੇ ਨਜ਼ਰ ਮਾਰਦੇ ਹੋਏ ਡੈਮ ਨੇੜੇ ਪਹੁੰਚ ਗਏ। ਪਾਵਰ ਹਾਊਸ ’ਤੇ ਲੱਗੇ ਹੋਏ ਅਫ਼ਸਰ ਦੋਸਤ ਨੂੰ ਮੈਂ ਆਪਣੇ ਪ੍ਰੋਗਰਾਮ ਬਾਰੇ ਦੱਸਿਆ ਹੋਇਆ ਸੀ। ਉਸ ਦਾ ਡਰਾਈਵਰ ਮੇਨ ਪਾਰਕਿੰਗ ਵਿੱਚ ਸਾਡੀ ਉਡੀਕ ਕਰ ਰਿਹਾ ਸੀ। ਪਾਵਰ ਹਾਊਸ ਵੱਲ ਜਾਂਦੇ ਹੋਏ ਉਹ ਸਾਨੂੰ ਕੱਚੇ ਡੈਮ ਦੀ ਡੂੰਘਾਈ ਤੇ ਉਸ ਦੇ ਹੇਠੋਂ ਪਾਣੀ ਲਿਜਾਂਦੀਆਂ ਪੱਕੀਆਂ ਸੁਰੰਗਾਂ ਬਾਰੇ ਦੱਸਦਾ ਗਿਆ। ਦੋਸਤ ਨੇ ਪਾਣੀ ਦੇ ਦਬਾਅ ਨਾਲ ਘੁੰਮਦੀਆਂ ਟਰਬਾਈਨਾਂ ਅਤੇ ਉਨ੍ਹਾਂ ਦੀਆਂ ਮੋਟੀਆਂ ਸ਼ਾਫਟਾਂ ਨਾਲ ਘੁੰਮਦੀਆਂ ਪਾਵਰ ਚੱਕੀਆਂ ਵਿਖਾਈਆਂ ਤੇ ਹੋਰ ਜਾਣਕਾਰੀ ਦਿੱਤੀ। ਅਸੀਂ ਉੱਥੇ ਬੜਾ ਕੁਝ ਨਵਾਂ ਜਾਣਿਆ ਤੇ ਬਿਜਲੀ ਬਾਰੇ ਕੁਝ ਉਹ ਸਵਾਲ ਆਪਣੇ ਆਪ ਹੱਲ ਹੋ ਗਏ ਜੋ ਅਕਸਰ ਦਿਮਾਗ਼ ਵਿੱਚ ਟਣ-ਟਣ ਕਰਦੇ ਰਹਿੰਦੇ ਸੀ। ਬਾਅਦ ਵਿੱਚ ਉਹੀ ਡਰਾਈਵਰ ਸਾਨੂੰ ਡੈਮ ਦੀ ਬਾਹਰ ਵਾਲੀ ਪਾਰਕਿੰਗ ਵਿੱਚ ਉਤਾਰ ਗਿਆ, ਜਿੱਥੇ ਸਾਡੀ ਕਾਰ ਖੜ੍ਹੀ ਸੀ।

ਕਾਰ ਦੀ ਝਾੜ-ਪੂੰਝ ਕਰਦਿਆਂ ਥੋੜ੍ਹੀ ਦੂਰ ਟੀ ਸਟਾਲ ’ਤੇ ਨਿਕਲਦੇ ਪਕੌੜਿਆਂ ਦੀ ਸੁਗੰਧ ਨੇ ਸਾਡੇ ਪੇਟ ਨੂੰ ਵੀ ਹੁੱਜ ਮਾਰ ਦਿੱਤੀ ਤੇ ਉਹ ਆਪਣੀ ਭੁੱਖ ਦਾ ਅਹਿਸਾਸ ਕਰਾਉਣ ਲੱਗਾ। ਉਂਜ ਵੀ ਬੇਟਾ ਪਕੌੜਿਆਂ ਦਾ ਸ਼ੌਕੀਨ ਹੈ। ਡੈਮ ਤੇ ਪਾਵਰ ਹਾਊਸ ਵੇਖਦਿਆਂ ਸਾਨੂੰ ਸਮਾਂ ਵੀ ਕਾਫ਼ੀ ਲੱਗ ਗਿਆ ਸੀ। ਸਵੇਰੇ ਡਲਹੌਜ਼ੀ ਤੋਂ ਵੀ ਹਲਕਾ ਨਾਸ਼ਤਾ ਕਰਕੇ ਚੱਲੇ ਸੀ। ਸਾਡੇ ਪੈਰ ਆਪਣੇ ਆਪ ਹੀ ਉੱਧਰ ਨੂੰ ਚੱਲ ਪਏ। ਚਾਹ ਪਕੌੜਿਆਂ ਦਾ ਆਰਡਰ ਦੇ ਕੇ ਅਸੀਂ ਦਰੱਖਤ ਦੀ ਛਾਵੇਂ ਲੱਗੀਆਂ ਕੁਰਸੀਆਂ ’ਤੇ ਬੈਠੇ ਈ ਸੀ ਕਿ 40-45 ਸਾਲਾ ਔਰਤ ਨੇ ਬੜੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਤੇ ਸਾਡੀ ਮੰਜ਼ਿਲ ਬਾਰੇ ਪੁੱਛਿਆ। ਪਤਨੀ ਦੇ ਮੂੰਹੋਂ ਜਲੰਧਰ ਸੁਣ ਕੇ ਉਸ ਦੇ ਚਿਹਰੇ ਉੱਤੇ ਆਏ ਤਸੱਲੀ ਦਾ ਪ੍ਰਭਾਵ ਆਉਂਦਾ ਅਸੀਂ ਪੜ੍ਹਿਆ। ਪਤਨੀ ਦੇ ਇਸ਼ਾਰੇ ’ਤੇ ਉਹ ਸਾਡੇ ਕੋਲ ਬੈਠ ਗਈ। ਮੈਂ ਚਾਹ ਵਾਲੇ ਨੂੰ ਇੱਕ ਕੱਪ ਹੋਰ ਬਾਰੇ ਆਵਾਜ਼ ਦਿੱਤੀ। ਔਰਤ ਦੇ ਹੱਥ ਵਿੱਚ ਫੜੀ ਹੋਈ ਫਾਈਲ ਦੀ ਬਾਹਰਲੀ ਹਾਲਤ ਤੋਂ ਲੱਗਦਾ ਸੀ ਕਿ ਉਸ ਵਿਚਲੇ ਕਾਗਜ਼ ਕਾਫ਼ੀ ਦੇਰ ਤੋਂ ਕਿਸੇ ਮਨਜ਼ੂਰੀ ਲਈ ਭਟਕ ਰਹੇ ਸਨ। ਇਸ ਤੋਂ ਪਹਿਲਾਂ ਕਿ ਫਾਈਲ ਵੇਖ ਕੇ ਮੈਂ ਉਸ ਨੂੰ ਸਵਾਲ ਕਰਦਾ, ਉਸ ਨੇ ਤਰਸ ਦੀ ਪਾਤਰ ਬਣਦਿਆਂ, ਕਾਰ ਵਿੱਚ ਪਠਾਨਕੋਟ ਤੱਕ ਲੈ ਜਾਣ ਲਈ ਕਿਹਾ। ਸਾਡੇ ਵੱਲੋਂ ਕੋਲ ਬਿਠਾਉਣ ਅਤੇ ਚਾਹ ਪਿਆਉਣ ਵਾਲੀ ਗੱਲ ਤੋਂ ਉਹ ਸਮਝ ਗਈ ਹੋਊ ਕਿ ਅਸੀਂ ਨਾਂਹ ਨਹੀਂ ਕਰਾਂਗੇ। ਪਤਨੀ ਦੀ ਹਾਂ ਦੇ ਉੱਤਰ ਵਿੱਚ ਉਸ ਨੇ ਪਹਿਲਾਂ ਸਾਡੇ ਵੱਲ ਹੱਥ ਜੋੜੇ ਤੇ ਫਿਰ ਆਕਾਸ਼ ਵੱਲ ਨੂੰ ਵੇਖਿਆ ਜਿਵੇਂ ‘ਵਾਹਿਗੁਰੂ ਤੇਰਾ ਸ਼ੁਕਰ ਹੈ’ ਕਿਹਾ ਹੋਵੇ। ਖਾਣ ਪੀਣ ਮੌਕੇ ਅਸੀਂ ਉਸ ਤੋਂ ਕੁਝ ਪੁੱਛਣਾ ਠੀਕ ਨਾ ਸਮਝਿਆ। ਖਾਣ-ਪੀਣ ਹੋਣ ਅਤੇ ਅਗਲੀ ਮੰਜ਼ਿਲ ’ਤੇ ਪਹੁੰਚਣ ਦੇ ਪ੍ਰਬੰਧ ਨੇ ਔਰਤ ਦੇ ਚਿਹਰੇ ਉੱਤੇ ਕਿਸੇ ਉਮੀਦ ਦਾ ਪ੍ਰਭਾਵ ਉਭਾਰ ਦਿੱਤਾ ਸੀ।

ਕਾਰ ਵਿੱਚ ਬੈਠਣ ਤੋਂ ਪਹਿਲਾਂ ਘੱਟੇ ਭਰੀਆਂ ਚੱਪਲਾਂ ਝਾੜਨ ਅਤੇ ਹੋਰ ਗੱਲਬਾਤ ਤੋਂ ਅਸੀਂ ਸਮਝ ਗਏ ਸੀ ਕਿ ਉਹ ਹਾਲਾਤ ਦੀ ਝੰਬੀ ਹੋਈ ਚੰਗੇ ਖਾਨਦਾਨ ਦੀ ਔਰਤ ਹੈ। ਅਜੇ ਡੇਢ ਦੋ ਕਿਲੋਮੀਟਰ ਗਏ ਹੋਵਾਂਗੇ, ਸੜਕ ’ਤੇ ਸਟਾਪ ਦਾ ਬੋਰਡ ਸੀ। ਉਤਰ ਕੇ ਵੇਖਿਆ, ਬਣ ਰਹੇ ਪੁਲ ਦੇ ਨਾਲੋਂ ਦੀ ਚੱਲਦੇ ਇਕਹਿਰੇ ਰਸਤੇ ਨੂੰ ਥੋੜ੍ਹੀ ਦੇਰ ਲਈ ਬੰਦ ਕੀਤਾ ਗਿਆ ਸੀ। ਬੇਟਾ ਕੋਲ ਜਾ ਕੇ ਪਤਾ ਕਰ ਆਇਆ ਕਿ ਰਸਤਾ ਮਿਲਣ ਨੂੰ ਅੱਧਾ ਘੰਟਾ ਲੱਗਣਾ ਸੀ। ਅਸੀਂ ਏਸੀ ਚਲਾ ਕੇ ਕਾਰ ਵਿੱਚ ਬੈਠਣ ਨਾਲੋਂ ਨੇੜਲੇ ਰੁੱਖ ਦੀ ਸੰਘਣੀ ਛਾਵੇਂ ਬੈਠਣਾ ਬਿਹਤਰ ਸਮਝਿਆ। ਕਾਰ ਦੀ ਡਿੱਕੀ ’ਚ ਦੋ ਚਟਾਈਆਂ ਪਈਆਂ ਸਨ। ਪਤਨੀ ਨੇ ਉਹ ਛਾਂ ਵਾਲੇ ਘਾਹ ਉੱਤੇ ਵਿਛਾ ਲਈਆਂ। ਇਸ ਦੌਰਾਨ ਔਰਤ ਸਾਡੇ ਨਾਲ ਘੁਲਮਿਲ ਗਈ ਸੀ। ਅਸੀਂ ਅਜੇ ਪੁੱਛਣ ਬਾਰੇ ਸੋਚ ਈ ਰਹੇ ਸੀ ਕਿ ਉਹ ਆਪ ਈ ਬੋਲ ਪਈ।

‘‘ਤੁਸੀਂ ਕਿੰਨੇ ਚੰਗੇ ਓ ਨਾ, ਹੁਣ ਤੱਕ ਇਹ ਵੀ ਨਹੀਂ ਪੁੱਛਿਆ ਕਿ ਮੈਂ ਤੁਹਾਡੇ ਤੋਂ ਲਿਫਟ ਕਿਉਂ ਮੰਗੀ।’’

ਉਸ ਦੇ ਮੂੰਹੋਂ ‘ਲਿਫਟ’ ਸੁਣ ਕੇ ਅਸੀਂ ਸਮਝ ਗਏ ਕਿ ਉਸ ਨੇ ਹਾਈ ਸਕੂਲ ਤਾਂ ਜ਼ਰੂਰ ਪਾਸ ਕੀਤਾ ਹੋਊ। ਪਤਨੀ ਵੱਲੋਂ ਉਸ ਦੇ ਸਵਾਲ ਦੇ ਜਵਾਬ ਦਾ ਇਸ਼ਾਰਾ ਵੇਖ ਕੇ ਮੈਂ ਪੁੱਛਿਆ, ਬੀਬਾ ਜੀ, ਤੁਹਾਡੀ ਬੇਵੱਸੀ ਅਸੀਂ ਚਿਹਰੇ ਤੋਂ ਪੜ੍ਹਕੇ ਈ ਕੋਲ ਬਹਾਇਆ ਸੀ, ਪਰ ਇਸ ਦਾ ਕਾਰਨ ਪੁੱਛਣ ਤੋਂ ਇਸ ਕਰਕੇ ਝਿਜਕ ਰਹੇ ਸੀ ਕਿ ਉਸ ਦੀ ਤਹਿ ਵਿੱਚ ਤੇਰੀ ਜ਼ਿੰਦਗੀ ਦਾ ਨਿੱਜ ਨਾ ਜੁੜਿਆ ਹੋਵੇ, ਜਿਸ ਬਾਰੇ ਜਾਣਨ ਦਾ ਸਾਨੂੰ ਕੋਈ ਹੱਕ ਨਹੀਂ। ਉਮਰ ਵਿੱਚ ਛੋਟੀ ਹੋਣ ਕਰਕੇ ਮੇਰੇ ਤੋਂ ਸਹਿਬਨ ਉਸ ਨੂੰ ਤੂੰ ਕਹਿ ਹੋ ਗਿਆ।

‘‘ਦੇਖੋ ਭਾਅ ਜੀ, ਛੁਪਿਆ ਤਾਂ ਹਰੇਕ ਦਾ ਬੜਾ ਕੁਝ ਹੁੰਦਾ, ਜੋ ਅਣਜਾਣਾਂ ਨਾਲ ਸਾਂਝਾ ਕਰਨਾ ਬਹੁਤੀ ਵਾਰ ਖਤਰਿਆਂ ਨੂੰ ਸੱਦਾ ਸਾਬਤ ਹੋ ਜਾਂਦਾ। ਪਿਛਲੇ ਪੰਜ ਛੇ ਸਾਲਾਂ ’ਚ ਮੈਂ ਬੜੇ ਸਬਕ ਸਿੱਖ ਲਏ ਨੇ। ਹੁਣ ਤਾਂ ਮੈਨੂੰ ਅਗਲੇ ਦੀ ਅੱਖ ’ਚੋਂ ਪਹਿਚਾਣ ਹੋਣ ਲੱਗ ਪਈ ਆ ਕਿ ਉਸ ਦੇ ਮਨ ਵਿੱਚ ਕੀ ਆ। ਤੁਹਾਨੂੰ ਡੈਮ ਵਾਲਿਆਂ ਦੀ ਗੱਡੀ ’ਚੋਂ ਉਤਰਦਿਆਂ ਵੇਖ ਕੇ ਮੈਨੂੰ ਹੌਸਲਾ ਹੋ ਗਿਆ ਸੀ ਤਾਂ ਈ ਮੈਂ ਬਿਨਾਂ ਝਿਜਕ ਕੋਲ ਬੈਠ ਗਈ ਤੇ ਲਿਫਟ ਮੰਗੀ ਸੀ। ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੀ, ਸੜਕ ਖੁੱਲ੍ਹਣ ਤੱਕ ਮੈਂ ਮੋਟੀ ਮੋਟੀ ਗੱਲ ਦੱਸਦੀ ਆਂ। ਸ਼ਾਇਦ ਤੁਸੀਂ ਮੇਰਾ ਕੰਮ ਨੇਪਰੇ ਚਾੜ੍ਹਨ ਵਿੱਚ ਕੁਝ ਮਦਦ ਕਰ ਸਕੋ। ਫਿਰ ਤਾਂ ਸੋਨੇ ’ਤੇ ਸੁਹਾਗਾ ਸਾਬਤ ਹੋ ਜੂ ਇਹ ਲਿਫਟ।’’

ਾਡੇ ਬੇਟੇ ਨੂੰ ਪੁਲ ਉਸਾਰੀ ਦਾ ਹੋ ਰਿਹਾ ਕੰਮ ਵੇਖਣ ਦੀ ਉਤਸੁਕਤਾ ਸੀ, ਉਹ ਉੱਧਰ ਚਲੇ ਗਿਆ। ਦੁਖਿਆਰੀ ਔਰਤ ਦੀ ਸਮੱਸਿਆ ਜਾਣਨ ਦੀ ਉਤਸੁਕਤਾ ਸਾਡੇ ਮਨਾਂ ਵਿੱਚ ਜਾਗ ਆਈ ਸੀ। ਪਤਨੀ ਨੇ ਉਸ ਨੂੰ ਬਿਨਾਂ ਝਿਜਕ ਦੱਸਣ ਲਈ ਕਹਿੰਦੇ ਹੋਏ ਇਹ ਭਰੋਸਾ ਦਿੱਤਾ ਕਿ ਉਸ ਦੇ ਭੇਦ ਸਾਡੇ ਤੋਂ ਅੱਗੇ ਕਿਸੇ ਕੋਲ ਨਹੀਂ ਜਾਣਗੇ। ਹਰਾ ਰੰਗ ਫਿੱਕਾ ਹੋ ਕੇ ਦੋ ਰੰਗੀ ਬਣੀ ਹੋਈ ਚੁੰਨੀ ਨੂੰ ਸਿਰ ’ਤੇ ਸੰਵਾਰਦੇ ਹੋਏ ਉਸ ਨੇ ਹੱਥ ਜੋੜੇ, ਆਕਾਸ਼ ਵੱਲ ਵੇਖਿਆ ਤੇ ਆਪਣਾ ਪਟਾਰਾ ਖੋਲ੍ਹ ਲਿਆ।

“ਖਾਂਦੇ ਪੀਂਦੇ ਘਰ ਵਿੱਚ ਪੈਦਾ ਹੋਈ ਤਿੰਨ ਭਰਾਵਾਂ ਤੋਂ ਛੋਟੀ ਹਾਂ। ਸਹੁਰੇ ਘਰ ਆਉਂਦਿਆਂ ਈ ਮੇਰੇ ਨਾਂ ਉੱਤੇ ਲੱਗੇ ਸੀਤੋ ਦੇ ਠੱਪੇ ਨੇ ਹੁਣ ਬਹੁਤਿਆਂ ਨੂੰ ਚੇਤਾ ਈ ਭੁਲਾ ਦਿੱਤਾ ਕਿ ਸਰਕਾਰੀ ਕਾਗਜ਼ਾਂ ਵਿੱਚ ਮੈਂ ਮਾਪਿਆਂ ਦੇ ਨਾਂ ਵਾਲੀ ਸੁਰਜੀਤ ਹਾਂ। ਉਸ ਹੁੰਦੜ-ਹੇਲ ਉਮਰੇ ਮੇਰੇ ਸੁਪਨੇ ਬੜੇ ਉੱਚੇ ਹੁੰਦੇ ਸੀ। ਮੈਂ ਕੁੜੀਆਂ ਦੇ ਸੈਕੰਡਰੀ ਸਕੂਲ ਦੀਆਂ ਹੁਸ਼ਿਆਰ ਜਮਾਤਣਾਂ ਵਿੱਚ ਆਉਂਦੀ ਸੀ। ਗਾਉਨ ਪਾ ਕੇ ਡਿਗਰੀ ਲੈਣ ਦੇ ਸੁਪਨੇ ਵੇਖਿਆ ਕਰਦੀ ਸੀ। ਪਰ ਡੈਡੀ ਦੀ ਲਾਇਲਾਜ ਬਿਮਾਰੀ ਨੇ ਸਭ ਕੁਝ ਪੁੱਠਾ ਕਰਤਾ। ਮਹਿੰਗੇ ਹਸਪਤਾਲਾਂ ਦੇ ਇਲਾਜ ਨਾਲ ਕੁਝ ਮਹੀਨਿਆਂ ਵਿੱਚ ਸਾਡੇ ਘਰ ਦੀ ਹਾਲਤ ਬੁਰੀ ਹੋ ਗਈ। ਅਸੀਂ ਡੈਡੀ ਦੇ ਸਾਹਾਂ ਨੂੰ ਸਾਲਾਂ ਤੱਕ ਵਧਾ ਨਾ ਸਕੇ ਤੇ ਗੁਰੂ ਦਾ ਭਾਣਾ ਮੰਨ ਕੇ ਬਹਿ ਗਏ। ਉਦੋਂ ਤੱਕ ਮੈਂ ਜਵਾਨੀ ਵਿੱਚ ਪੈਰ ਧਰ ਲਏ ਸੀ। ਡੈਡੀ ਤੋਂ ਬਾਅਦ ਕਾਲਜ ਦੇ ਸੁਪਨੇ ਤਾਂ ਮੈਂ ਆਪੇ ਈ ਮਾਰ ਲਏ ਸੀ। ਮੇਰੇ ਭਰਾ ਬੜੇ ਹੌਸਲੇ ਵਾਲੇ ਨੇ, ਉਨ੍ਹਾਂ ਦੇ ਹੱਥ ਖਾਲੀ ਹੋ ਗਏ, ਪਰ ਹੌਸਲੇ ਦਾ ਪੱਲਾ ਉਨ੍ਹਾਂ ਘੁੱਟ ਕੇ ਫੜੀ ਰੱਖਿਆ। ਫਰਸ਼ ’ਤੇ ਡਿੱਗੇ ਹੋਇਆਂ ਦੀ ਨੀਝ ਆਕਾਸ਼ ਵੱਲ ਲੱਗੀ ਰਹਿੰਦੀ। ਪਰ ਉੱਖੜੇ ਪੈਰ ਐਨੀ ਛੇਤੀ ਥੋੜ੍ਹੇ ਲੱਗ ਜਾਣੇ ਸੀ। ਲੀਹੋਂ ਲੱਥੇ ਤਾਂ ਗੱਡੀ ਦੇ ਡੱਬੇ ਚੁੱਕਣ ਨੂੰ ਵੀ ਸਮਾਂ ਲੱਗਦਾ। ਮੇਰੇ ਭਰਾਵਾਂ ਨੂੰ ਤਾਂ ਕਾਰੋਬਾਰ ਦੀ ਸਥਾਪਤੀ ਦਾ ਫਿਕਰ ਸੀ, ਪਰ ਸਾਡੀ ਮੰਮੀ ਨੂੰ ਨਾਲੋ-ਨਾਲ ਮੇਰੇ ਹੱਥ ਪੀਲੇ ਕਰਨ ਦੀ ਚਿੰਤਾ ਵੀ ਲੱਗੀ ਰਹਿੰਦੀ।

ਮੈਂ ਉਦੋਂ ਵੀਹਵੇਂ ਵਰ੍ਹੇ ’ਚ ਸਾਂ, ਚਾਚਾ ਜੀ ਨੂੰ ਕਿਤੋਂ ਦੀਪਕ ਬਾਰੇ ਦੱਸ ਪਈ। ਇਸ ਦਾ ਵੱਡਾ ਭਰਾ ਵਿਆਹਿਆ ਹੋਇਆ ਸੀ, ਇਹ ਸਿੰਚਾਈ ਵਿਭਾਗ ਵਿੱਚ ਬੇਲਦਾਰ ਸਨ। ਚਾਰ ਪੰਜ ਸਾਲਾਂ ਦੀ ਨੌਕਰੀ ਹੋ ਗਈ ਹੋਈ ਸੀ ਉਦੋਂ ਤੱਕ। ਮੰਮੀ ਤੇ ਭਰਾਵਾਂ ਨੂੰ ਰਿਸ਼ਤਾ ਚੰਗਾ ਲੱਗਾ ਤੇ ਉਨ੍ਹਾਂ ਹਾਂ ਕਰਨ ਦਾ ਵੇਲਾ ਨਾ ਖੁੰਝਾਇਆ। ਇਨ੍ਹਾਂ ਦੀ ਮੰਗ ਕੋਈ ਨਹੀਂ ਸੀ। ਇੱਕ ਤਾਂ ਐਸ ਪਾਸੇ ਲੋਕ ਰਿਸ਼ਤਾ ਕਰਨ ਲੱਗਿਆਂ ਸੌ ਵਾਰ ਸੋਚਦੇ ਨੇ। ਇਸੇ ਕਰਕੇ ਸ਼ਾਇਦ ਪਰਿਵਾਰ ਉੱਤੇ ਲੋੜਵੰਦ ਦਾ ਠੱਪਾ ਲੱਗ ਗਿਆ ਹੋਊ, ਮੈਨੂੰ ਨਹੀਂ ਪਤਾ। ਇਹ ਦੋਵੇਂ ਭਰਾ ਨਿੱਕੇ ਨਿੱਕੇ ਸੀ, ਜਦੋਂ ਪਿਓ ਮਰ ਗਿਆ ਤੇ ਮਾਂ ਨੇ ਇਨ੍ਹਾਂ ਦੀ ਪਰਵਾਹ ਕੀਤੇ ਬਗੈਰ ਕਿਸੇ ਹੋਰ ਨਾਲ ਚਾਦਰ ਪਵਾ ਲਈ ਸੀ। ਲੋਕ ਤਾਂ ਅਜੇ ਤੱਕ ਉਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਦੱਸਣ ਦਾ ਮੌਕਾ ਨਹੀਂ ਖੁੰਝਾਉਂਦੇ। ਅਖੇ ਭਾਨਾ ਰਾਮ ਦੀ ਵਹੁਟੀ ਡੈਣ ਸੀ। ਦੱਸਦੇ ਨੇ ਕਿ ਇਨ੍ਹਾਂ ਦੋਹਾਂ ਨੂੰ ਦਾਦੀ-ਦਾਦੇ ਨੇ ਪਾਲ-ਪੋਸ ਕੇ ਵੱਡੇ ਕੀਤਾ ਸੀ। ਇਸੇ ਕਰਕੇ ਪਿੰਡ ਵਾਲੇ ਜੱਗੂ ਭਲਵਾਨ ਦੀਆਂ ਹੁਣ ਤੱਕ ਸਿਫਤਾਂ ਕਰਦੇ ਨੇ। ਵਿਆਹ ਮੌਕੇ ਇਨ੍ਹਾਂ ਨਾ ਕੋਈ ਮੰਗ ਕੀਤੀ ਤੇ ਨਾ ਹੀ ਸ਼ਰਤ ਰੱਖੀ। ਇੱਕ ਵਾਰ ਤਾਂ ਮੈਨੂੰ ਮਾਪੇ ਭੁੱਲ ਗਏ ਸੀ। ਐਵੇਂ ਕਿਉਂ ਮਾੜਾ ਕਹਾਂ, ਦੀਪਕ ਮੈਨੂੰ ਰੱਜ ਕੇ ਪਿਆਰ ਕਰਦਾ ਸੀ। ਮੇਰੀ ਜੇਠਾਣੀ ਵੀ ਕਿਸੇ ਚੰਗੇ ਘਰ ਦੀ ਕੁੜੀ ਸੀ। ਉਹ ਮੇਰਾ ਬੜਾ ਸਾਥ ਦੇਂਦੀ ਰਹੀ। ਸਤਿਕਾਰ ਤਾਂ ਮੈਂ ਜੇਠ ਦਾ ਵੀ ਕਰਦੀ ਸੀ, ਪਰ ਉਹ ਪਤਾ ਨਹੀਂ ਕਿਸ ਗੱਲੋਂ ਮੇਰੇ ਨਾਲ ਈਰਖਾ ਕਰਦਾ ਸੀ। ਬੜੇ ਸ਼ੱਕੀ ਸੁਭਾਅ ਦਾ ਆ ਉਹ, ਉਦੋਂ ਤਾਂ ਬਹੁਤਾ ਹੀ ਸਨਕੀ ਜਿਹਾ ਹੁੰਦਾ ਸੀ। ਮੇਰੇ ਵੱਲ ਕੈਰੀ ਅੱਖ ਝਾਕਣ ਤੋਂ ਮੇਰੇ ਬਾਰੇ ਉਸ ਦੀ ਖੋਟੀ ਨੀਅਤ ਦੀ ਝਲਕ ਪੈਂਦੀ ਸੀ। ਆਪਣੀ ਵਹੁਟੀ ਨਾਲ ਵੀ ਉਸ ਦੀ ਬਹੁਤੀ ਨਹੀਂ ਸੀ ਬਣਦੀ ਹੁੰਦੀ। ਹਰ ਵੇਲੇ ਤਾਅਨੇ ਮਿਹਣੇ ਮਾਰਦਾ ਰਹਿੰਦਾ ਸੀ। ਖੈਰ, ਮੈਂ ਕਿਹੜੇ ਕਿੱਸੇ ਛੇੜ ਕੇ ਬਹਿਗੀ। ਦੱਸਣਾ ਤਾਂ ਆਪਣੇ ਬਾਰੇ ਸੀ। ਪਰ, ਤੁਸੀਂ ਸਿਆਣੇ ਓ ਭੈਣ ਜੀ। ਦਰਦਾਂ ਦੀ ਪੰਡ ਖੋਲ੍ਹਦਿਆਂ ਥੋੜ੍ਹਾ ਬਹੁਤ ਖਲਾਰਾ ਤਾਂ ਪੈ ਈ ਜਾਂਦਾ।

ਵਿਆਹ ਤੋਂ ਸਾਲ ਕੁ ਬਾਅਦ ਸਾਡਾ ਪਹਿਲਾ ਬੱਚਾ ਹੋਇਆ। ਬੜੇ ਚਾਅ ਕੀਤੇ ਸੀ ਅਸੀਂ ਉਸ ਦੇ ਜਨਮ ਦੇ। ਬਸ ਫਿਰ ਚੱਲ ਸੋ ਚੱਲ। ਦੋਹਾਂ ਤੋਂ ਬਾਅਦ ਮੈਂ ਹੋਰ ਤੋਂ ਤੋਬਾ ਦੇ ਬਥੇਰੇ ਯਤਨ ਕਰਦੀ ਰਹੀ, ਪਰ ਉਹ ਕਿੱਥੇ ਮੰਨਿਆ ਕਰੇ। ਦੁੱਧ ਤਾਂ ਉਸ ਨੇ ਵੀ ਉਸੇ ਮਾਂ ਦਾ ਚੁੰਘਿਆ ਹੋਇਆ ਸੀ, ਜਿਸ ਨੇ ਦੂਜੇ ਬੰਦੇ ਦੇ ਘਰ ਜਾ ਕੇ ਵੀ ਲਾਈਨ ਲਾ ਦਿੱਤੀ ਸੀ। ਮੈਂ ਬਚਦੀ ਤਾਂ ਬਥੇਰਾ ਰਹੀ, ਪਰ ਥੋੜ੍ਹੇ ਸਾਲਾਂ ਬਾਅਦ ਅੱਧੀ ਕੁ ਦਰਜਨ ਬਾਲ ਸਾਡੇ ਵਿਹੜੇ ਖੇਡਣ ਲੱਗ ਪਏ। ਤਿੰਨ ਭੈਣਾਂ ਨੂੰ ਇੱਕ-ਇੱਕ ਵੀਰ ਮਿਲਣਾ ਸਾਨੂੰ ਵੀ ਚੰਗਾ ਲੱਗਣ ਲੱਗ ਪਿਆ। ਭੈਣ ਜੀ, ਕੁਝ ਵੀ ਹੋਵੇ, ਹੁੰਦੇ ਤਾਂ ਕੁੱਖ ’ਚੋਂ ਨਿਕਲੇ ਆਪਣੇ ਜਿਗਰ ਦੇ ਟੁਕੜੇ ਈ ਨੇ। ਦੀਪਕ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਾ ਸੀ ਤੇ ਸਾਡੀ ਗ੍ਰਹਿਸਥੀ ਵਧੀਆ ਚੱਲੀ ਜਾਂਦੀ ਸੀ।

ਆਹ ਡੈਮ ਬਣਦਾ ਸੀ ਉਦੋਂ, ਜਦ ਵੱਡੇ ਹੜ੍ਹ ਆਏ ਸੀ। ਦੀਪਕ ਦੀ ਬਦਲੀ ਡੈਮ ਉੱਤੇ ਹੋਗੀ। ਉਹ ਮਿਹਨਤੀ ਬਹੁਤ ਸੀ। ਕੰਮਚੋਰੀ ਤਾਂ ਉਸ ਦੇ ਲਾਗਿਓਂ ਵੀ ਨਹੀਂ ਸੀ ਲੰਘੀ ਹੋਈ। ਜੋ ਡਿਊਟੀ ਲੱਗਦੀ, ਪੂਰੀ ਕਰਨ ਲਈ ਤਨ-ਮਨ ਲਾ ਦਿੰਦਾ। ਐਵੇਂ ਕਿਉਂ ਮਾੜਾ ਕਹਾਂ, ਮੇਰੀ ਜ਼ਿੰਦਗੀ ਦੇ ਉਹ ਸਾਲ ਬਹੁਤ ਚੰਗੇ ਲੰਘ ਰਹੇ ਸੀ। ਅਸੀਂ ਹੌਸਲਾ ਜਿਹਾ ਕਰਕੇ ਸ਼ਹਿਰ ਵਿੱਚ ਘਰ ਖਰੀਦ ਲਿਆ। ਕਾਲੋਨੀ ਨਵੀਂ ਨਵੀਂ ਵੱਸ ਰਹੀ ਸੀ। ਸਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲੱਗ ਗਏ। ਪੇਕਿਆਂ ਵੱਲੋਂ ਵੀ ਮੈਨੂੰ ਠੰਢੀ ਹਵਾ ਆਉਣ ਲੱਗ ਪਈ ਸੀ। ਭਰਾਵਾਂ ਨੇ ਕਾਰੋਬਾਰ ਨੂੰ ਪਹਿਲਾਂ ਤੋਂ ਵੀ ਚੰਗਾ ਚਲਾ ਲਿਆ ਸੀ।’’

ਬੋਲਦੀ ਹੋਈ ਸੀਤੋ ਥੋੜ੍ਹਾ ਰੁਕੀ। ਜਿਵੇਂ ਕਿਸੇ ਰਿਸਦੇ ਜ਼ਖ਼ਮ ਨੂੰ ਕੁਰੇਦਣ ਤੋਂ ਪਹਿਲਾਂ ਬੰਦਾ ਹੌਸਲਾ ਇਕੱਠਾ ਕਰਨ ਲੱਗ ਪੈਂਦਾ। ਉਸ ਨੇ ਲੰਮਾ ਸਾਹ ਲਿਆ, ਆਲਾ ਦੁਆਲਾ ਵੇਖ ਕੇ ਅੱਗੋਂ ਸ਼ੁਰੂ ਹੋਈ।

‘‘ਇੱਕ ਦਿਨ ਅਸੀਂ ਕਿਸੇ ਕੰਮ ਕਠੂਏ ਗਏ ਸੀ। ਨਿੱਕੀ ਬੇਟੀ ਸਾਡੇ ਨਾਲ ਸੀ। ਵਾਪਸ ਆਉਂਦਿਆਂ ਲੱਖਣਪੁਰ ਥੋੜ੍ਹੀ ਦੂਰ ਰਹਿ ਗਿਆ ਸੀ। ਟੌਲ ਨਾਕੇ ਤੋਂ ਜੀਪ ਭਜਾ ਕੇ ਜਾਂਦੇ ਬੰਦੇ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ। ਸਾਡੀ ਤਿੰਨਾਂ ਦੀ ਜਾਨ ਤਾਂ ਬਚ ਗਈ, ਪਰ ਦੀਪਕ ਦੀ ਰੀੜ੍ਹ ਦੀ ਹੱਡੀ ਹਿੱਲ ਗਈ। ਸਾਨੂੰ ਮਾਂ ਧੀ ਨੂੰ ਆਪਣੇ ਜ਼ਖ਼ਮਾਂ ਦਾ ਓਨਾ ਦਰਦ ਨਾ ਹੋਵੇ, ਜਿੰਨਾ ਅਸੀਂ ਦੀਪਕ ਵੱਲ ਵੇਖ ਕੇ ਰੋਈਏ। ਦੋ ਢਾਈ ਮਹੀਨੇ ਇਲਾਜ ਚੱਲਿਆ। ਕਈ ਵਾਰ ਠੀਕ ਹੁੰਦੇ ਹੁੰਦੇ, ਉਸ ਦੀ ਹਾਲਤ ਫਿਰ ਵਿਗੜ ਜਾਂਦੀ ਤੇ ਆਖਰ ਉਹ ਸਾਨੂੰ ਇਕੱਲਿਆਂ ਛੱਡ ਗਿਆ। ਸਾਡੇ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜ਼ਿੰਦਗੀ ਦੀ ਚੱਲਦੀ ਹੋਈ ਗੱਡੀ ਖੱਡ ਵਿੱਚ ਜਾ ਡਿੱਗੀ। ਸਾਡੇ ਵੱਡੇ ਮੁੰਡੇ ਉਦੋਂ ਕਾਲਜ ਵਿੱਚ ਸਨ ਤੇ ਸਭ ਤੋਂ ਛੋਟੀ ਧੀ ਚੌਥੀ ਵਿੱਚ। ਮਹਿਕਮੇ ਨੇ ਤਨਖਾਹ ਬੰਦ ਕਰਨੀ ਹੀ ਸੀ। ਭਰਾਵਾਂ ਉਤੇ ਕਿੰਨੀ ਕੁ ਦੇਰ ਬੋਝ ਬਣ ਸਕਦੀ ਸੀ। ਉਨ੍ਹਾਂ ਤਾਂ ਦੀਪਕ ਦੇ ਇਲਾਜ ਉਤੇ ਪੈਸਾ ਰੋੜਨ ਤੋਂ ਕੋਈ ਸਰਫਾ ਨਹੀਂ ਸੀ ਕੀਤਾ। ਸਾਲ ਕੁ ਬਾਅਦ ਦੀਪਕ ਵਾਲੀ ਪੈਨਸ਼ਨ ਤਾਂ ਲੱਗ ਗਈ, ਪਰ ਉਸ ਨਾਲ ਤਾਂ ਘਰ ਦਾ ਰਾਸ਼ਣ ਪਾਣੀ ਮਸੀਂ ਪੂਰਾ ਹੁੰਦਾ। ਛੇਆਂ ਬੱਚਿਆਂ ਦੀਆਂ ਫੀਸਾਂ ਈ ਮਾਣ ਨਈਂ ਸੀ।

ਮੈਂ ਤਰਸ ਦੇ ਆਧਾਰ ਉਤੇ ਸਰਕਾਰੀ ਨੌਕਰੀ ਵਾਲੀ ਐਹ ਫਾਈਲ ਨੂੰ ਤਿੰਨ ਸਾਲਾਂ ਤੋਂ ਚੱਕੀ ਫਿਰਦੀ ਆਂ। ਕਦੇ ਐਹ ਤੇ ਕਦੇ ਔਹ ਰਿਪੋਰਟ ਕਰਾਉਣ ਦੇ ਨੋਟ ਲੱਗੀ ਜਾ ਰਹੇ ਨੇ। ਜਿਹੜੇ ਕਲਰਕ ਜਾਂ ਅਫ਼ਸਰ ਕੋਲ ਜਾਂਦੀ ਆਂ, ਉਹ ਐਂ ਅੱਖਾਂ ਪਾੜ-ਪਾੜ ਵੇਖਦਾ, ਜਿਵੇਂ ਖਾ ਜਾਣਾ ਹੋਵੇ। ਵੇਖਦੇ ਸਾਰ ਪਹਿਲਾਂ ਤਾਂ ਮੈਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਦੇ ਨੇ ਤੇ ਫਿਰ ਕੰਮ ਪੁੱਛਦੇ ਨੇ। ਮੈਨੂੰ ਤਾਂ ਇਹ ਕੁਰਸੀਆਂ ਉਤੇ ਬੈਠੇ ਬਘਿਆੜ ਲੱਗਦੇ ਨੇ। ਕੀ ਇਨ੍ਹਾਂ ਦੇ ਆਪਣੇ ਘਰੀਂ ਧੀਆਂ ਭੈਣਾਂ ਨਹੀਂ ਹੁੰਦੀਆਂ। ਭਾਅ ਜੀ ਗੁੱਸਾ ਨਾ ਕਰਿਓ, ਮੈਂ ਸਾਰਿਆਂ ਨੂੰ ਤਾਂ ਇੱਕੋ ਰੱਸੇ ਨਹੀਂ ਵਲੇਟਦੀ, ਪਰ ਜਿਹੜੇ ਥੋੜ੍ਹੇ ਜਿਹੇ ਚੰਗੇ ਹਨ ਵੀ, ਉਨ੍ਹਾਂ ਦੀ ਇਹ ਬਘਿਆੜ ਬਹੁਤੀ ਪੇਸ਼ ਨਹੀਂ ਚੱਲਣ ਦੇਂਦੇ। ਬੜਾ ਤਜਰਬਾ ਹੋ ਗਿਆ ਮੈਨੂੰ ਦਫ਼ਤਰਾਂ ਦੇ ਗੇੜੇ ਕੱਢਦਿਆਂ। ਇਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਪੰਜ ਮਿੰਟ ਦੇ ਕੰਮ ਬਦਲੇ ਇਹ ਲੋਕ ਅਗਲੇ ਦੇ ਦੱਸ-ਦੱਸ ਗੇੜੇ ਕਢਵਾਉਂਦੇ ਨੇ। ਔਰਤਾਂ ਨੂੰ ਤਾਂ ਮਰਦਾਂ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਦੇ ਆ, ਐਹੋ ਜਿਹੇ ਪੁੱਠੇ ਸਿੱਧੇ ਸਵਾਲ ਕਰਨਗੇ ਜਿਸਦਾ ਫਾਈਲ ਨਾਲ ਦੂਰ ਦਾ ਵਾਸਤਾ ਨਹੀਂ ਹੁੰਦਾ। ਹੁਣ ਆਹ ਅੱਜ ਵਾਲਾ ਔਬਜੈਕਸ਼ਨ ਆਪੇ ਈ ਪੜ੍ਹ ਲਓ, ਸਹੀ ਸ਼ਬਦ ਤਾਂ ਲਿਖਣ ਵਾਲੇ ਕਲਰਕ ਤੋਂ ਨਹੀਂ ਲਿਖਿਆ ਗਿਆ ਤੇ ਉਸ ਦੀ ਸਜ਼ਾ ਮੈਨੂੰ ਭੁਗਤਣ ਲਈ ਕਿਹਾ ਗਿਆ। ਕੰਮ ਵੱਲ ਧਿਆਨ ਦੇਣ ਤਾਂ ਗਲਤੀਆਂ ਕਾਹਤੋਂ ਹੋਣ ?”

ਤੇ ਉਸ ਨੇ ਹੱਥ ਵਿੱਚ ਫੜੀ ਫਾਈਲ ਖੋਲ੍ਹ ਕੇ ਉਸ ਗਲਤੀ ਵਾਲਾ ਫਾਰਮ ਮੇਰੇ ਮੂਹਰੇ ਕਰ ਦਿੱਤਾ। ਫਾਰਮ ਉਤੇ ਕਿਸੇ ਕਲਰਕ ਵੱਲੋਂ ਕੀਤੀ ਰਿਪੋਰਟ ਵਿੱਚ Regular ਦੀ ਥਾਂ Regulated ਲਿਖਿਆ ਹੋਇਆ ਸੀ। ਮੈਂ ਫਾਈਲ ਦੇ ਹੋਰ ਵਰਕੇ ਫਰੋਲ ਕੇ ਵੇਖੇ, ਵਾਕਿਆ ਕਈ ਰਿਪੋਰਟਾਂ ਅਤੇ ਸਰਟੀਫੀਕੇਟਾਂ ਉਤੇ ਢਾਈ ਤਿੰਨ ਸਾਲ ਪੁਰਾਣੀਆਂ ਤਰੀਕਾਂ ਪਈਆਂ ਹੋਈਆਂ ਸਨ। ਫਾਈਲ ਦੇ ਸਾਰੇ ਕਾਗਜ਼ ਵੇਖ ਕੇ ਮੈਂ ਸਮਝ ਲਿਆ ਕਿ ਔਰਤ ਨੇ ਕੁਰਸੀਆਂ ਵਾਲਿਆਂ ਨੂੰ ਬਘਿਆੜ ਕਹਿ ਕੇ ਸੱਚ ਹੀ ਬੋਲਿਆ ਹੈ। ਕਈ ਨਿੱਕੀਆਂ ਨਿੱਕੀਆਂ ਗਲਤੀਆਂ ਉਸ ਨੂੰ ਪਰੇਸ਼ਾਨ ਕਰਨ ਲਈ ਹੀ ਕੀਤੀਆਂ ਹੋਈਆਂ ਸਨ। ਜਿਸ ਅੱਖਰ ਦੀ ਗਲਤੀ ਠੀਕ ਕਰਵਾ ਕੇ ਲਿਆਉਣ ਲਈ ਉਸ ਨੂੰ ਕਿਹਾ ਗਿਆ ਸੀ, ਉਸ ਨੂੰ ਨਜ਼ਰਅੰਦਾਜ਼ ਕਰਨ ਨਾਲ ਕੇਸ ਉਤੇ ਜ਼ਰਾ ਵੀ ਫਰਕ ਨਹੀਂ ਸੀ ਪੈਂਦਾ। ਪਹਿਲਾਂ ਤਾਂ ਮੈਂ ਸੋਚਿਆ ਕਿ ਹੁਣੇ ਇਸ ਦੇ ਨਾਲ ਜਾ ਕੇ ਉਸ ਕਲਰਕ ਨਾਲ ਪੰਗਾ ਲੈ ਲਵਾਂ, ਜਿਸ ਨੇ ਇਹ ਇਤਰਾਜ਼ ਲਾਇਆ ਸੀ। ਅਚਾਨਕ ਮੈਨੂੰ ਯਾਦ ਆਇਆ, ਮੇਰਾ ਇੱਕ ਚੰਗਾ ਜਾਣਕਾਰ ਉਸੇ ਦਫ਼ਤਰ ਲੱਗਾ ਹੋਇਆ ਸੀ, ਜਿੱਥੋਂ ਔਰਤ ਨੇ ਉਹ ਗਲਤੀ ਠੀਕ ਕਰਵਾ ਕੇ ਲਿਆਉਣੀ ਸੀ। ਖਦਸ਼ਾ ਹੋਇਆ ਕਿ ਉਹ ਗਲਤ ਸ਼ਬਦ ਵਾਲੀ ਰਿਪੋਰਟ ਦੇ ਹੇਠਾਂ ਦਸਤਖਤ ਕਿਤੇ ਉਸੇ ਦੋਸਤ ਦੇ ਹੀ ਨਾ ਹੋਣ, ਜਿਸ ਦਾ ਸ਼ੱਕ ਮੈਨੂੰ ਦਸਤਖਤਾਂ ਦੇ ਪਹਿਲੇ ਅੱਖਰ ਡੀ ਤੋਂ ਹੋਇਆ ਸੀ।

ਏਨੇ ਨੂੰ ਰਸਤਾ ਚਾਲੂ ਹੋ ਗਿਆ ਸੀ। ਮੈਂ ਫਾਈਲ ਲਪੇਟ ਕੇ ਔਰਤ ਨੂੰ ਫੜਾਈ ਤੇ ਕਾਰ ’ਚ ਬੈਠਕੇ ਚੱਲ ਪਏ। ਸੜਕ ਦੀ ਹਾਲਤ ਖਸਤਾ ਹੋਣ ਕਰਕੇ ਸਾਨੂੰ ਪਠਾਨਕੋਟ ਸ਼ਹਿਰ ਪਹੁੰਚਦਿਆਂ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ। ਇਸ ਦੌਰਾਨ ਪਿਛਲੀ ਸੀਟ ਉਤੇ ਪਤਨੀ ਦੇ ਨਾਲ ਬੈਠੀ ਉਹ ਗੱਲਾਂ ਮਾਰਦੀ ਰਹੀ। ਮੈਂ ਔਰਤ ਨੂੰ ਅਗਲੇ ਦਿਨ ਡੈਮ ਦੇ ਪਠਾਨਕੋਟ ਵਾਲੇ ਮੁੱਖ ਦਫ਼ਤਰ ਜਾਕੇ ਐੱਸਡੀਓ ਦਲੀਪ ਚੰਦ ਨੂੰ ਮਿਲਣ ਬਾਰੇ ਕਹਿ ਕੇ ਉਸ ਨੂੰ ਉੱਥੇ ਉਤਾਰ ਦਿੱਤਾ, ਜਿੱਥੋਂ ਉਸ ਦਾ ਘਰ ਨੇੜੇ ਪੈਂਦਾ ਸੀ। ਸ਼ਾਮ ਨੂੰ ਘਰ ਪਹੁੰਚ ਕੇ ਮੈਂ ਦਲੀਪ ਚੰਦ ਦੇ ਘਰ ਫੋਨ ਕਰਕੇ ਗੱਲ ਕੀਤੀ ਤਾਂ ਮੇਰਾ ਖਦਸ਼ਾ ਸੱਚ ਸਾਬਤ ਹੋਇਆ। ਉਹ ਰਿਪੋਰਟ ਦਲੀਪ ਚੰਦ ਦੇ ਕਲਰਕ ਨੇ ਹੀ ਲਿਖੀ ਹੋਈ ਸੀ। ਗਲਤੀ ਵਾਲਾ ਸ਼ਬਦ ਮਸਲਾ ਬਣਨ ਤੋਂ ਦਲੀਪ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਉਸ ਨੇ ਅਗਲੇ ਦਿਨ ਉਸ ਔਰਤ ਦੇ ਨਾਲ ਡੈਮ ’ਤੇ ਜਾ ਕੇ ਉਸ ਦਾ ਕੰਮ ਕਰਵਾਕੇ ਆਉਣ ਦਾ ਭਰੋਸਾ ਦਿੱਤਾ। ਅਗਲੇ ਦਿਨ ਅਜੇ ਦੁਪਹਿਰ ਈ ਹੋਈ ਸੀ ਕਿ ਦਲੀਪ ਦਾ ਫੋਨ ਆ ਗਿਆ। ਉਸ ਨੇ ਸੀਤੋ ਦੇ ਸਾਰੇ ਕੰਮ ਕਰਵਾ ਕੇ ਅਗਲੇ ਮਹੀਨੇ ਤੋਂ ਡਿਊਟੀ ਜੁਆਇਨ ਕਰਨ ਦੇ ਆਰਡਰ ਕਰਵਾ ਦਿੱਤੇ ਸਨ ਤੇ ਨਾਲ ਹੀ ਇਹ ਭਰੋਸਾ ਦੇ ਦਿੱਤਾ ਕਿ ਛੇਤੀ ਹੀ ਉਹ ਉਸ ਨੂੰ ਆਪਣੇ ਪਠਾਨਕੋਟ ਵਾਲੇ ਦਫ਼ਤਰ ਵਿੱਚ ਲਗਵਾ ਲਵੇਗਾ ਤਾਂ ਕਿ ਔਰਤ ਦੀ ਆਉਣ-ਜਾਣ ਦੀ ਪਰੇਸ਼ਾਨੀ ਘਟ ਜਾਵੇ। ਸ਼ਾਮ ਨੂੰ ਸੀਤੋ ਦਾ ਫੋਨ ਆ ਗਿਆ, ਜਿਸ ਨੇ ਅਸੀਸਾਂ ਦੀ ਝੜੀ ਲਾ ਦਿੱਤੀ ਸੀ। ਕੁਝ ਦਿਨਾਂ ਬਾਅਦ ਪਹਿਲੀ ਤਨਖਾਹ ਮਿਲਣ ’ਤੇ ਉਹ ਆਪਣੀ ਛੋਟੀ ਧੀ ਨੂੰ ਲੈ ਕੇ ਸਾਡੇ ਘਰ ਆ ਪਹੁੰਚੀ। ਤਦ ਮੈਨੂੰ ਪਤਾ ਲੱਗਾ ਕਿ ਕੱਲ੍ਹ ਸਾਡੇ ਘਰ ਦਾ ਐੱਡਰੈਸ ਲਿਖਣ ਤੋਂ ਬਾਅਦ ਉਸ ਦੀ ਬੇਟੀ ਸਿਹਤ ਲਈ ਚੰਗੀ ਮਿਠਾਈ ਕਿਹੜੀ ਹੁੰਦੀ ਆ, ਬਾਰੇ ਕਿਉਂ ਪੁੱਛ ਰਹੀ ਸੀ। ਐਨੀਂ ਦੂਰੋਂ ਆਈਆਂ ਨੂੰ ਮਿਠਾਈ ਦਾ ਡੱਬਾ ਫੜਕੇ ਤੋਰ ਦੇਣਾ ਤਾਂ ਸ਼ਾਇਦ ਕਿਸੇ ਰੁੱਖੇ ਪੰਜਾਬੀ ਦੇ ਖੂਨ ਵਿੱਚ ਵੀ ਨਾ ਹੋਵੇ। ਪਤਨੀ ਨੇ ਦੋਹਾਂ ਦੇ ਆਉਣ ਦਾ ਚਾਅ ਕੀਤਾ ਤੇ ਉਨ੍ਹਾਂ ਨੂੰ ਬਾਅਦ ਦੁਪਹਿਰ ਤੱਕ ਟਿਕੇ ਰਹਿਣ ਲਈ ਕਿਹਾ, ਜੋ ਉਨ੍ਹਾਂ ਨੂੰ ਚੰਗਾ ਲੱਗਾ।

ਇਸ ਦੌਰਾਨ ਸੱਤਵੀਂ ਵਿੱਚ ਪੜ੍ਹਦੀ ਰਿਤੂ ਨੇ ਸਾਡੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਅਸੀਂ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਬੜੇ ਵਿਸਥਾਰ ਨਾਲ ਦਿੱਤੇ। ਸਵਾਲਾਂ ਵੇਲੇ ਉਸ ਦੇ ਮੱਥੇ ਉਤੇ ਉੱਭਰਦੀਆਂ ਲਕੀਰਾਂ ਦੇ ਮਿਟ ਜਾਣ ਤੋਂ ਅਸੀਂ ਸਮਝ ਲੈਂਦੇ ਸੀ ਕਿ ਗੱਲ ਕੁੜੀ ਦੇ ਖਾਨੇ ਪੈ ਗਈ ਹੈ, ਯਾਨੀ ਜਵਾਬ ਉਸ ਦੀ ਤਸੱਲੀ ਕਰਵਾ ਰਹੇ ਸੀ। ਅਪਣੱਤ ਵਿੱਚ ਭਿੱਜੀ ਸੀਤੋ ਵੀ ਪਤਨੀ ਤੋਂ ਕਈ ਗੁੰਝਲਾਂ ਦੇ ਹੱਲ ਪੁੱਛਦੀ ਰਹੀ। ਦੁਪਹਿਰੋਂ ਬਾਅਦ ਜਾਣ ਮੌਕੇ ਮਾਂ-ਧੀ ਵਾਅਦਾ ਲੈ ਕੇ ਗਈਆਂ ਕਿ ਅਸੀਂ ਉਨ੍ਹਾਂ ਦਾ ਫੋਨ ਜ਼ਰੂਰ ਸੁਣਿਆ ਕਰਾਂਗੇ।

ਇੱਕ ਦੋ ਮਹੀਨੇ ਬਾਅਦ ਸੀਤੋ ਦਾ ਫੋਨ ਆ ਜਾਂਦਾ। ਹਾਲ-ਚਾਲ ਤੋਂ ਬਾਅਦ ਉਹ ਆਪਣੇ ਬਾਰੇ ਕੁਝ ਵੀ ਦੱਸਣ ਤੋਂ ਨਾ ਝਿਜਕਦੀ ਤੇ ਵਿੱਚ-ਵਾਰ ਮੇਰੀ ਪਤਨੀ ਨਾਲ ਹਾਸਾ-ਮਜ਼ਾਕ ਵੀ ਕਰ ਲੈਂਦੀ। ਇਸੇ ਦੌਰਾਨ ਸਾਡੀ ਕੈਨੇਡਾ ਪਰਵਾਸ ਦੀ ਤਿਆਰੀ ਹੋਣ ਲੱਗ ਪਈ ਤੇ ਥੋੜ੍ਹੇ ਦਿਨਾਂ ਵਿੱਚ ਅਸੀਂ ਵਤਨੋਂ ਦੂਰ ਆਣ ਬੈਠੇ। ਜਿਵੇਂ ਕਿ ਸਾਡੇ ’ਚੋਂ ਬਹੁਤੇ ਜਾਣਦੇ ਈ ਆਂ ਕਿ ਪੁੱਟੇ ਹੋਏ ਪੈਰ ਫਿਰ ਤੋਂ ਪੱਕੇ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਦੌਰਾਨ ਉਹੀ ਧੁਨ ਸਵਾਰ ਹੋਈ ਰਹਿਣ ਕਾਰਨ ਸਾਰਾ ਕੁਝ ਭੁੱਲ ਜਾਂਦਾ ਹੈ। ਸਾਨੂੰ ਵੀ ਇਸ ਦੌਰ ’ਚੋਂ ਲੰਘਣਾ ਪਿਆ ਤੇ ਵਤਨ ਬੈਠਿਆਂ ਦੀਆਂ ਯਾਦਾਂ ਵਿਸਰੀਆਂ ਤਾਂ ਨਾ, ਪਰ ਫਿੱਕੀਆਂ ਜ਼ਰੂਰ ਪੈ ਗਈਆਂ। ਉਦੋਂ ਕਿਸੇ ਨਾ ਕਿਸੇ ਕਾਰਨ ਦੋ-ਚਾਰ ਸਾਲ ਬਾਅਦ ਫੋਨ ਨੰਬਰ ਬਦਲ ਜਾਂਦੇ ਸਨ। ਵਿਦੇਸ਼ ਆਉਣ ਕਰਕੇ ਸਾਡਾ ਉੱਥੋਂ ਵਾਲਾ ਮੋਬਾਈਲ ਨੰਬਰ ਬੰਦ ਹੋ ਕੇ ਕਿਸੇ ਹੋਰ ਦੇ ਹੱਥ ਚਲੇ ਗਿਆ ਸੀ। ਪਰ ਮੈਂ ਕੰਪਨੀ ਤੋਂ ਉਹੀ ਨੰਬਰ ਵਾਪਸ ਲੈਣ ਦੇ ਯਤਨ ਕਰਦਾ ਰਿਹਾ ਤੇ ਫਿਰ ਪਿਛਲੇ ਸਾਲ ਮੈਨੂੰ ਮਿਲ ਗਿਆ ਸੀ, ਜਿਸ ’ਤੇ ਵਿਦੇਸ਼ ਬੈਠਿਆਂ ਵਟ੍ਹਸਐਪ ਕਾਲ ਫ੍ਰੀ ਵਿੱਚ ਕੀਤੀ ਜਾਂ ਸੁਣੀ ਜਾਣ ਲੱਗ ਪਈ ਸੀ। ਇਹੀ ਭੁੱਲਿਆ ਨੰਬਰ ਸੀਤੋ ਨੇ ਕਾਪੀ ’ਚੋਂ ਲੱਭ ਕੇ ਬੇਟੀ ਦੇ ਜੱਜ ਚੁਣੇ ਜਾਣ ਦੀ ਖੁਸ਼ਖ਼ਬਰੀ ਦੇਣ ਵਿੱਚ ਦੇਰ ਨਹੀਂ ਸੀ ਕੀਤੀ।
ਸੰਪਰਕ: +16044427676  



News Source link
#ਲਫਟ

- Advertisement -

More articles

- Advertisement -

Latest article