30.2 C
Patiāla
Wednesday, May 15, 2024

ਪੁਲੀਸ ਵੱਲੋਂ ਕਾਰਵਾਈ ਨਾ ਕਰਨ ’ਤੇ ਪੀੜਤ ਪਰਿਵਾਰ ਵੱਲੋਂ ਧਰਨਾ

Must read


ਸੰਜੀਵ ਬੱਬੀ

ਚਮਕੌਰ ਸਾਹਿਬ, 20 ਜੁਲਾਈ

ਇਥੇ ਪਿੰਡ ਬਾਮਾ ਕੁਲੀਆਂ ਵਿਖੇ ਨੌਜਵਾਨਾਂ ਦੀ ਹੋਈ ਆਪਸੀ ਲੜਾਈ ਵਿੱਚ ਗੰਭੀਰ ਜ਼ਖਮੀ ਹੋਏ ਇੱਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਈ ਦਿਨ ਬੀਤ ਜਾਣ ’ਤੇ ਪੁਲੀਸ ਵੱਲੋਂ ਦੂਜੀ ਧਿਰ ਵਿਰੁੱਧ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਕਸਬਾ ਬੇਲਾ ਦੇ ਬੱਸ ਸਟੈਂਡ ਨਜ਼ਦੀਕ ਪੁਲ ’ਤੇ ਉਕਤ ਜ਼ਖਮੀ ਨੌਜਵਾਨ ਨੂੰ ਪਾ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਲੜਾਈ ਵਿੱਚ ਜ਼ਖਮੀ ਹੋਏ ਨੌਜਵਾਨ ਸ਼ੁਭਮ ਦੇ ਪਿਤਾ ਮਹਿੰਦਰਪਾਲ ਅਤੇ ਮਾਤਾ ਨਿਰਮਲਾ ਦੇਵੀ ਨੇ ਦੱਸਿਆ ਕਿ ਬੀਤੀ 16 ਜੁਲਾਈ ਨੂੰ ਉਨ੍ਹਾਂ ਦੇ ਪਿੰਡ ਦੇ ਹੀ ਸੰਦੀਪ, ਬੱਲਾ ਅਤੇ ਹੋਰ 5-6 ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਪੁੱਤਰ ਸ਼ੁਭਮ ਨੂੰ ਜ਼ਖਮੀ ਕਰ ਦਿੱਤਾ ਸੀ। ਸਥਿਤੀ ਜ਼ਿਆਦਾ ਗੰਭੀਰ ਹੋਣ ਕਾਰਨ ਸਰਕਾਰੀ ਹਸਪਤਾਲ ਚਮਕੌਰ ਸਾਹਿਬ ਦੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ, ਪ੍ਰੰਤੂ ਬੇਲਾ ਪੁਲੀਸ ਨੇ ਪੰਜ ਛੇ ਦਿਨਾਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੂਜੀ ਧਿਰ ਦੇ ਨੌਜਵਾਨ ਸ਼ਰ੍ਹੇਆਮ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੂਜੀ ਧਿਰ ਦਾ ਅਸਰ-ਰਸੂਖ ਹੋਣ ਕਾਰਨ ਕੇਸ ਦਰਜ ਨਹੀਂ ਕਰ ਰਹੀ ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਇਨਸਾਫ ਲਈ ਧਰਨਾ ਲਗਾਉਣਾ ਪਿਆ।

ਧਰਨੇ ਦੌਰਾਨ ਪੁੱਜੇ ਥਾਣਾ ਮੁਖੀ ਰੁਪਿੰਦਰ ਸਿੰਘ ਵੱਲੋਂ ਜਦੋਂ ਪੀੜ੍ਹਤ ਪਰਿਵਾਰ ਨੂੰ ਧਰਨਾ ਚੁੱਕਣ ਲਈ ਮਨਾਇਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਕਤ ਸਾਰੇ ਮੁਲਜ਼ਮ ਫੜ ਕੇ ਪੁਲੀਸ ਕਾਰਵਾਈ ਨਹੀਂ ਕਰਦੀ ਤਾਂ ਉਹ ਧਰਨਾ ਨਹੀਂ ਚੁੱਕਣਗੇ। ਉਕਤ ਪਰਿਵਾਰ ਵੱਲੋਂ ਲਗਾਏ ਗਏ 6 ਘੰਟਿਆਂ ਦੇ ਧਰਨੇ ਦੌਰਾਨ ਜਿੱਥੇ ਲੋਕ ਖੱਜਲ ਖੁਆਰ ਹੋਏ, ਉੱਥੇ ਹੀ ਆਵਾਜਾਈ ਵੀ ਬਦਲਵੇਂ ਰਸਤਿਆਂ ਰਾਹੀਂ ਚਲਾਈ ਗਈ। ਇਸ ਸਬੰਧੀ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਕਾਰਵਾਈ ਤੇ ਮੁਲਜ਼ਮਾਂ ਨੂੰ ਫੜਨ ਦਾ ਭਰੋਸਾ ਮਿਲਣ ’ਤੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਨੰਬਰਦਾਰ ਅਮਰਜੀਤ ਸਿੰਘ, ਬਲਦੇਵ ਸਿੰਘ, ਜਸਵੀਰ ਸਿੰਘ, ਪੰਚ ਕੁਲਵੰਤ ਸਿੰਘ, ਠੇਕੇਦਾਰ ਇੰਦਰਜੀਤ ਸਿੰਘ, ਰਾਜੀਵ ਕੁਮਾਰ,ਪਰਮਜੀਤ ਕੌਰ, ਜੀਤ ਰਾਮ, ਰਣਜੋਤ ਸਿੰਘ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ।





News Source link

- Advertisement -

More articles

- Advertisement -

Latest article