34.7 C
Patiāla
Monday, May 20, 2024

ਪਰਵਾਸੀ ਸਰਗਰਮੀਆਂ

Must read


ਗ਼ਜ਼ਲ

ਜਗਜੀਤ ਸੇਖੋਂ

ਦੇਖਿਆ ਅਜੀਬ ਦਸਤੂਰ ਤੇਰੇ ਸ਼ਹਿਰ ਦਾ

ਡਰਦਾ ਹਨੇਰਿਆਂ ਤੋਂ ਨੂਰ ਤੇਰੇ ਸ਼ਹਿਰ ਦਾ|

ਚਾਨਣ ਖਲੋਂਦਾਂ ਏਥੇ ਹੇਠ ਛਾਂ ਸੰਗੀਨਾਂ ਦੀ

ਸੱਚ ਦਾ ਦੀਵਾਨਾ ਮਜਬੂਰ ਤੇਰੇ ਸ਼ਹਿਰ ਦਾ।

ਦਿਨ ਦੀਵੇ ਹੁੰਦਾ ਏ ਕਤਲ ਏਥੇ ਗੀਤਾਂ ਦਾ

ਸਜ਼ਾ ਮਿਲੇ ਕਿਉਂ ਨਾ ਕਸੂਰ ਤੇਰੇ ਸ਼ਹਿਰ ਦਾ।

ਸੁਣਿਐ ਕੁਹਾਰ ਨੇ ਲੁਟੇਰੇ ਏਥੇ ਡੋਲੀਆਂ ਦੇ

ਨਸਾਂ ਵਿੱਚ ਭਰਿਆ ਫਤੂਰ ਤੇਰੇ ਸ਼ਹਿਰ ਦਾ।

ਸਿਰ ਫਿਰਿਆਂ ਦੀ ਭੀੜ ਹੈ ਜੁੜੀ ਹਰ ਪਾਸੇ

ਦੇਖਦਾ ਬਸ਼ਿੰਦਾ ਹਰ ਘੂਰ ਤੇਰੇ ਸ਼ਹਿਰ ਦਾ।

ਮੱਖਣ ਲਾ ਲਾ ਖਾਂਦੇ ਵੱਗ ਵੇਹਲੜਾਂ ਦੇ ਬੈਠੇ

ਮੁਥਾਜ ਦਾਣੇ ਦਾਣੇ ਨੂੰ ਮਜੂਰ ਤੇਰੇ ਸ਼ਹਿਰ ਦਾ।

ਸੁਣ ਲਏ ਦੀਵਾਨੀ ਕੋਈ ਹੂਕ ਕਿਤੇ ਵੰਝਲੀ ਦੀ

ਬਿਨ ਪੁੱਛੇ ਟੁੱਟ ਪੈਂਦਾ ਕਹਿਰ ਤੇਰੇ ਸ਼ਹਿਰ ਦਾ।

ਚਾਨਣਾ ਕੋਈ ਉੱਗ ਪਵੇ ਮੱਸਿਆ ਦੀ ਰਾਤ ਵਿੱਚ

ਨ੍ਹੇਰਿਆਂ ਦੀ ਬੋਲੀ ਹੈ ਗਰੂਰ ਤੇਰੇ ਸ਼ਹਿਰ ਦਾ।

ਝੂਠ ਨੂੰ ਤਮਗੇ ਸੱਚ ਨੂੰ ਫਾਂਸੀ ਹੁੰਦੀ ਏਥੇ ਹਰ ਰੋਜ਼

ਇੰਜ ਸਿਲਸਿਲਾ ਚਲਦਾ ਹਜ਼ੂਰ ਤੇਰੇ ਸ਼ਹਿਰ ਦਾ।

ਗੀਤਾ ਤੇ ਗ੍ਰੰਥ ਸੱਚ ਬਾਈਬਲ ਕੁਰਾਨ ਸਭੇ

ਬੈਠ ਗਏ ਵਿਸਾਰ ਕੋਹਿਨੂਰ ਤੇਰੇ ਸ਼ਹਿਰ ਦਾ।

ਅਕੀਦਿਆਂ ਇਬਾਦਤਾਂ ਨੂੰ ਪੈਰਾਂ ‘ਚ ਮਧੋਲ ਦਿੱਤਾ

ਫੇਰ ਵੀ ਨਾ ਮੰਨਦੇ ਕਸੂਰ ਤੇਰੇ ਸ਼ਹਿਰ ਦਾ।

ਰਾਹਗੀਰ ਲੰਘਦੇ ਨੇ ਡਰ ਡਰ ਜੂਹੋਂ ਪਾਰ

‘ਸੇਖੋਂ’ ਬਣ ਬੈਠਾ ਏ ਨਸੂਰ ਤੇਰੇ ਸ਼ਹਿਰ ਦਾ।
ਸੰਪਰਕ: +61-431157590

ਹਾਕਮਾਂ ਲਈ ਸਬਕ

ਤਰਲੋਚਨ ਸਿੰਘ ‘ਦੁਪਾਲ ਪੁਰ’

ਰਹਿਣੇ ਏਦਾਂ ਹੀ ਵੱਜਦੇ ਸਮਝ ਲੈਂਦੇ

ਸੁਣਕੇ ਖੁਸ਼ੀ ਦੇ ਵਾਜਿਆਂ-ਗਾਜਿਆਂ ਨੂੰ।

ਪੰਜ ਸਾਲ ਵੀ ‘ਉਮਰ ਦਾ ਪਟਾ’ ਲੱਗੇ

ਵੋਟਾਂ ਨਾਲ ਸਰਕਾਰਾਂ ਵਿੱਚ ਸਾਜਿਆਂ ਨੂੰ।

ਪੱਖਪਾਤੀ ‘ਬਦਨੀਤ’ ਲੈ ਡੁੱਬ ਜਾਂਦੀ

ਬਣੇ ਚਤਰ ਪਰ ਅਸਲ ‘ਚ ‘ਬਾਜਿਆਂ’ ਨੂੰ।

ਆਵੇ ਅਕਲ ਨਾ ਪੜ੍ਹਕੇ ਇਤਿਹਾਸ ਤੋਂ ਵੀ

ਹੁਕਮਰਾਨ ਪੁਰਾਣੇ ਜਾਂ ‘ਤਾਜ਼ਿਆਂ’ ਨੂੰ।

ਰੋਹ ਲੋਕਾਂ ਦਾ ਮਿੱਟੀ ‘ਚ ਰੋਲ ਦਿੰਦਾ

ਸੌੜੀ ਸਿਆਸਤ ਦੇ ਲਾਏ ‘ਅੰਦਾਜ਼ਿਆਂ’ ਨੂੰ।

ਛੱਡ ਕੇ ਲੰਕਾ ਨੂੰ ਦੌੜਿਆ ‘ਰਾਜਪਕਸ਼ੇ’

ਦੇ ਗਿਆ ਸਬਕ ਗੁਆਂਢ ਦੇ ਰਾਜਿਆਂ ਨੂੰ!

***

ਵਿਆਹ ‘ਚ ਬੀ ਦਾ ਲੇਖਾ ?

ਪੈਂਦੀ ਹੋਵੇ ‘ਗੜਗੱਜ’ ਮਨਮਰਜ਼ੀਆਂ ਦੀ

ਉਦੋਂ ਵਿਰਸੇ ਦਾ ‘ਡੌਰੂ’ ਖੜਕਾਈ ਦਾ ਨਹੀਂ।

‘ਧਨੀ ਅਕਲ’ ਦਾ ਸਾਰਾ ਜਹਾਨ ਹੋਇਆ

ਮੱਤਾਂ ਦੇਣ ਲਈ ਸਿਰ ਖਪਾਈ ਦਾ ਨਹੀਂ।

ਢਕੀ ਰਿੱਝਦੀ ਕਿਸੇ ਨੇ ਰਿੰਨ੍ਹ ਲਈ ਜੇ

‘ਤੜਕਾ’ ਹੋਰ ਫਿਰ ਓਸ ਨੂੰ ਲਾਈ ਦਾ ਨਹੀਂ।

ਖਾਊ ‘ਅੱਗ’ ਜੋ ਉਹੀ ਅੰਗਿਆਰ ਹਗੂ

ਐਵੇਂ ਆਪਣਾ ਆਪ ਸੜਾਈ ਦਾ ਨਹੀਂ।

ਵੇਲੇ ਸਿਰ ‘ਨਮਾਜ਼’ ਹੀ ਪੜ੍ਹੀ ਸੋਂਹਦੀ

ਮਗਰੋਂ ਰਾਗ ‘ਕੁਵੇਲੇ ਦਾ’ ਗਾਈ ਦਾ ਨਹੀਂ।

ਹੁੰਦੇ ਵਿਆਹ ‘ਬੀ-ਲੇਖੇ’ ਦੇ ਦੇਖ ਲਈਏ

‘ਬੀ ਦਾ ਲੇਖਾ’ ਵਿਆਹਾਂ ਵਿੱਚ ਪਾਈ ਦਾ ਨਹੀਂ !
ਸੰਪਰਕ: 001-408-915-1268

ਸਾਡੀਆਂ ਰੁੱਤਾਂ

ਸੁਰਿੰਦਰ ਗੀਤ

ਕਿੱਧਰ ਗਈਆਂ

ਉਹ ਸਾਡੀਆਂ ਰੁੱਤਾਂ

ਕੁਦਰਤ ਅੱਗੇ ਸੁੱਖਦੀਆਂ ਸਨ ਜੋ

ਸਾਡੇ ਸੁੱਖਾਂ ਦੇ ਲਈ ਸੁੱਖਾਂ

ਇੱਕ ਰੁੱਤ ਜਾਂਦੀ

ਇੱਕ ਰੁੱਤ ਆਉਂਦੀ

ਪੌਣਾਂ ਤੇ ਰੁੱਖਾਂ ਨਾਲ ਮਿਲ ਕੇ

ਹਰ ਰੁੱਤ ਮਿੱਠੇ ਨਗ਼ਮੇ ਗਾਉਂਦੀ

ਅਰਥ ਪਿਆਰਾਂ ਦੇ ਸਮਝਾਉਂਦੀ

ਕਿਰਤ ਕਰਨ ਦਾ

ਨਾਪ ਜਪਣ ਦਾ

ਵੰਡ ਛਕਣ ਦਾ ਪਾਠ ਪੜ੍ਹਾ ਕੇ

ਸਾਂਝੀਵਾਲਤਾ ਦੀ ਗਾ ਲੋਰੀ

ਹਰ ਬੰਦੇ ਦਾ

ਮਨ ਰੁਸ਼ਨਾਉਂਦੀ

ਰੁੱਤ ਅਸਾਡੀ

ਸਾਨੂੰ ਜੀਵਨ ਜਾਚ ਸਿਖਾਉਂਦੀ

ਪਰ ਹੁਣ ਐਸੀ

ਰੁੱਤ ਨਾ ਆਉਂਦੀ

ਏਥੇ ਤਾਂ ਹੁਣ ਇੱਕੋ ਰੁੱਤ ਹੈ

ਏਸ ਰੁੱਤ ਦਾ ਨਾਂ ਸਰਮਾਇਆ

ਜਗਤ ਜਲੰਦੇ ਨੂੰ ਇਸ ਰੁੱਤ ਨੇ

ਤਪਦੀ ਭੱਠੀ ਵਿੱਚ ਤਪਾਇਆ

ਇਹ ਰੁੱਤ ਕੇਵਲ ਅੱਗ ਖ਼ਰੀਦੇ

ਇਹ ਰੁੱਤ ਕੇਵਲ ਅੱਗ ਹੀ ਵੇਚੇ

ਤਾਜ ਵੀ ਸਿਰ ‘ਤੇ ਅੱਗ ਦਾ ਪਹਿਨੇ

ਇਸ ਰੁੱਤ ਦੇ

ਰਾਜੇ ਵਪਾਰੀ

ਜਿੱਥੇ ਰਾਜੇ ਹੋਣ ਵਪਾਰੀ

ਹੋਵਣ ਓਥੇ ਲੋਕ ਭਿਖਾਰੀ

ਏਸ ਰੁੱਤ ਦੀ ਅੱਜਕੱਲ੍ਹ ਚੱਲਦੀ ਹੈ

ਸਭਨਾਂ ਰੁੱਤਾਂ ‘ਤੇ ਸਰਦਾਰੀ

ਪਰ!

ਇਸ ਰੁੱਤ ਵਿੱਚ ਹਿੰਮਤ ਹੈ ਨਹੀਂ

ਸੁਣ ਸਕੇ ਇਹ

ਕੀ ਕਹਿੰਦਾ ਗੁਲਮੋਹਰ ਦਾ ਬੂਟਾ

ਨਾ ਸਮਝੇ ਪੰਛੀ ਦਾ ਨਗ਼ਮਾ

ਗਾਉਂਦਾ ਜੋ ਟਾਹਣੀ ‘ਤੇ ਬੈਠਾ

ਰੁੱਤ ਦੀ ਨੀਤੀ

ਵੋਟਾਂ ਚੋਣਾਂ ਦੀ ਬਦਨੀਤੀ

ਨਿਗਲ ਗਈ ਹੈ

ਹਰ ਕਿਰਤੀ ਕਾਮੇ ਦੀਆਂ ਖ਼ੁਸ਼ੀਆਂ

ਉਸਰ ਰਹੇ ਨੇ ਮਹਿਲ ਮੁਨਾਰੇ

ਢਾਹ ਕੇ ਮਜ਼ਦੂਰਾਂ ਦੀਆਂ ਝੁੱਗੀਆਂ

ਇਸ ਰੁੱਤ ਵਿੱਚ ਹਰ ਚੀਜ਼ ਹੈ ਮਹਿੰਗੀ

ਪਰ ਸਸਤਾ ਮਜ਼ਦੂਰ ਦਾ ਮੁੜ੍ਹਕਾ

ਸਾਡੇ ਪੌਣ ਪਾਣੀ ਤੇ

ਸਾਡੇ ਸਾਹਾਂ ਉੱਤੇ

ਰੁੱਤ ਦਾ ਕਬਜ਼ਾ

ਹੁਣ ਕੀ ਕਰੀਏ

ਕਿਸ ਬਿਧ ਹੁਣ ਇਸ ਰੁੱਤ ਤੋਂ ਬਚੀਏ

ਕਿਹੜਾ ਪੀਰ ਫ਼ਕੀਰ ਧਿਆਈਏ

ਵਾਰ ਧਰਤ ਦੇ ਸਿਰ ਤੋਂ ਮਿਰਚਾਂ

ਕਿਹੜੇ ਚੁੱਲ੍ਹੇ ਦੇ ਵਿੱਚ ਪਾਈਏ

ਛੱਡੋ ਜੀ ਸਭਨਾਂ ਗੱਲਾਂ ਨੂੰ

ਆਪਾਂ ਕੋਈ ਸ਼ਾਇਰ ਸਦਾਈਏ

ਮਨੁੱਖਤਾ ਦੇ ਦਰਦਾਂ ਨੂੰ ਜਿਹੜਾ

ਆਪਣੇ ਸੀਨੇ ਦੇ ਵਿੱਚ ਪਾਲੇ

ਦਰਦ ‘ਚ ਗੁੰਨ੍ਹੀ ਸੱਜਰੀ ਕਵਿਤਾ

ਕਿਰਤੀ ਕਾਮੇ ਨੂੰ ਸੁਣਾਵੇ

ਸੁੱਤੀ ਰੂਹ ਨੂੰ ਆਣ ਜਗਾਵੇ

ਤੇ ਜਾਗਣ ਦਾ ਜਾਗ ਲਗਾਵੇ

ਹੱਕ ਸੱਚ ਦੀ ਪਹਿਚਾਣ ਕਰਾਵੇ

ਖੇਤਾਂ ਦੇ ਵਿੱਚ ਬੀਜ ਕੇ ਕਵਿਤਾ

ਇਨਕਲਾਬ ਦੀ ਫ਼ਸਲ ਉਗਾਵੇ

ਆਪਣੀ ਰੁੱਤ

ਆਪਣੀ ਹਾੜ੍ਹੀ

ਆਪਣੀ ਸਾਉਣੀ

ਮੋੜ ਲਿਆਵੇ।

ਮੈਂ ਬਾਗ਼ਾਂ ਦਾ ਰਾਜਾ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਮੈਂ ਬਾਗ਼ਾਂ ਦਾ ਰਾਜਾ ਮੋਰ ਕਹਾਉਂਦਾ ਹਾਂ

ਲੋਕੀਂ ਖੁਸ਼ੀ ਮਨਾਉਂਦੇ ਪੈਲਾਂ ਪਾਉਂਦਾ ਹਾਂ।

ਦਰਜਾ ਮੈਨੂੰ ਰਾਸ਼ਟਰ ਪੰਛੀ ਦਾ ਮਿਲਿਆ

ਜੰਗਲ-ਬੇਲੇ ਰਹਿੰਦਾ ਮੇਰਾ ਦਿਲ ਖਿਲਿਆ।

ਕਿਤਾਬਾਂ ਵਿੱਚ ਬੱਚੇ ਰੱਖਦੇ ਪੰਖ ਮੇਰੇ

ਖੁਸ਼ੀ ਹੀ ਦੇਵਾਂ ਜਿਸ ਘਰ ਪਾਵਾਂ ਮੈਂ ਫੇਰੇ।

ਜਦ ਮੈਂ ਕੂਕਾਂ ਅੰਬਰੀਂ ਚੜ੍ਹਨ ਘਟਾਵਾਂ ਜੀ

ਰੱਬ ਦੀ ਕੁਦਰਤ ਤੋਂ ਬਲਿਹਾਰੇ ਜਾਵਾਂ ਜੀ।

ਲੰਮੇ-ਲੰਮੇ ਪੰਖ ਵੀ ਬਹੁਤ ਸਜ਼ੇਂਦੇ ਬਈ

ਧਰਮ ਸਥਾਨੀਂ ਧਰਮੀ ਚੌਰ ਕਰੇਂਦੇ ਬਈ।

ਰੰਗ-ਬਿਰੰਗੇ ਖੰਭ ਹੈ ਸੱਜਣੋਂ ਸ਼ਾਨ ਮੇਰੀ

ਇਨ੍ਹਾਂ ਕਰਕੇ ਉਸਤਤਿ ਕਰੇ ਜਹਾਨ ਮੇਰੀ।

ਮੈਂ ਹਾਂ ਸਚਮੁੱਚ ਸਾਂਝਾ ਸਾਰੇ ਹੀ ਧਰਮਾਂ ਦਾ

ਭੋਗਣ ਆਇਆ ਜੱਗ ‘ਤੇ ਵੇਲਾ ਕਰਮਾਂ ਦਾ।

ਮੈਂ ਵੀ ਵੰਡਾਂ ਖੁਸ਼ੀਆਂ ਤੁਸੀਂ ਵੀ ਵੰਡਦੇ ਰਹੋ

ਖ਼ੁਦ ਨੂੰ ਰੱਬ ਦੇ ਰੰਗਾਂ ਦੇ ਵਿੱਚ ਰੰਗਦੇ ਰਹੋ।

ਰੁੱਖਾਂ ਨੂੰ ਨਾ ਵੱਢੋ ਬਾਗ਼ ਲਗਾਓ ਰਲਕੇ

ਜਾਨਾਂ ਸਾਰੇ ਪੰਛੀਆਂ ਦੀਆਂ ਬਚਾਓ ਰਲਕੇ।

ਲੱਖੇ ਵਾਂਗੂ ਪੁੰਨ ਦੇ ਕਰਮ ਕਮਾਇਓ ਜੀ

ਬਾਗ਼ ਲਗਾ ਪੰਛੀ ਤੇ ਦੇਸ਼ ਬਚਾਇਓ ਜੀ।
ਸੰਪਰਕ: +447438398345

ਕਿਰਤੀ ਕਾਮੇ ਨੂੰ

ਜਸਵੰਤ ਗਿੱਲ

ਉਠ ਓ ਕਿਰਤੀ ਕਾਮਿਆਂ!

ਹੁਣ ਤੇ ਸ਼ੇਰਾ ਜਾਗ

ਗੂੜ੍ਹੀ ਨੀਂਦਰ ਸੁੱਤਿਆ

ਵਕਤ ਲੰਮੇਰਾ ਹੋ ਗਿਆ

ਚਾਨਣ ਤੇਰਿਆਂ ਉੱਤੇ

ਘੁੱਪ ਹਨੇਰਾ ਹੋ ਗਿਆ

ਕਿਰਤ ਤੇਰੀ ਨੂੰ ਲੁੱਟੀ ਜਾਂਦੇ

ਲੋਟੂ ਟੋਲੇ ਸਿਆਸੀ ਕਾਗ

ਉਠ ਓ ਕਿਰਤੀ ਕਾਮਿਆਂ

ਹੁਣ ਤੇ ਸ਼ੇਰਾ ਜਾਗ।

ਜਿਨ੍ਹਾਂ ਤੇਰੇ ਹੱਕ ਨੇ ਮਾਰੇ

ਖ਼ੁਆਬ ਤੇਰੇ ਸੂਲੀ ‘ਤੇ ਚਾੜ੍ਹੇ

ਆਪਣੇ ਲਾਲਚ ਦੀ ਖ਼ਾਤਰ

ਜਿਸਮ ਤੇਰੇ ਦੇ ਲੋਥੇ ਸਾੜੇ

ਉਨ੍ਹਾਂ ਦੇ ਵਿਰੋਧ ‘ਚ ਗਾਉਣਾ

ਸੰਘਰਸ਼ਾਂ ਵਾਲਾ ਰਾਗ

ਉਠ ਓ ਕਿਰਤੀ ਕਾਮਿਆਂ

ਹੁਣ ਤੇ ਸ਼ੇਰਾ ਜਾਗ।

ਤੋੜ ਜੰਜ਼ੀਰਾਂ ਨਿਜ਼ਾਮ ਦੀਆਂ

ਲੜ ਆਪਣੀ ਆਜ਼ਾਦੀ ਲਈ

ਉਹਦੇ ਗਲਮੇਂ ‘ਚ ਹੱਥ ਪਾਵੀਂ

ਜੋ ਦੋਸ਼ੀ ਤੇਰੀ ਬਰਬਾਦੀ ਲਈ

ਹੱਕਾਂ ਵਾਲੀ ਜੰਗ ਹੈ ਮੰਗਦੀ

ਸ਼ਹੀਦੀਆਂ ਵਾਲਾ ਲਾਗ

ਉਠ ਓ ਕਿਰਤੀ ਕਾਮਿਆਂ

ਹੁਣ ਤੇ ਸ਼ੇਰਾ ਜਾਗ।

ਤੂੰ ਦੇਸ਼ ਦੀ ਧੜਕਣ ਕਾਮਿਆਂ

ਫਿਰ ਵੀ ਤੇਰਾ ਨਾ ਸਨਮਾਨ

ਨਸਲਾਂ, ਜਾਤਾਂ, ਧਰਮ ‘ਚ ਵੰਡ ਕੇ

ਤੇਰਾ ਹੋਵੇ ਕਿਉਂ ਅਪਮਾਨ

ਮਹਿਲਾਂ ਦੀ ਉਚਾਈ ਤੋਂ ਡਿੱਗੇ

ਗਿਣਦਾ ਕੌਣ ਸੁਹਾਗ

ਉਠ ਓ ਕਿਰਤੀ ਕਾਮਿਆਂ

ਹੁਣ ਤੇ ਸ਼ੇਰਾ ਜਾਗ।

***

ਗ਼ਜ਼ਲ

ਸਾਰੇ ਸੁਪਨੇ ਸੱਚ ਨ੍ਹੀਂ ਹੁੰਦੇ ਕੁਝ ਤਾਂ ਰਹਿਣ ਅਧੂਰੇ।

ਯਾਦਾਂ ਦੇ ਸਿਰਨਾਵੇਂ ਸੱਜਣਾ ਆ ਖੜ੍ਹਦੇ ਨੇ ਮੂਹਰੇ।

ਕਿਹੜੀ ਗੱਲੋਂ ਚੰਨ ਹੈ ਰੋਇਆ ਕੁਝ ਸਮਝ ਨਾ ਆਈ

ਤਾਰਿਆਂ ਦੀ ਜਦ ਕੀਤੀ ਗਿਣਤੀ ਉਹ ਤਾਂ ਸਭ ਸੀ ਪੂਰੇ।

ਚੋਣਾਂ ਵਾਲੇ ਵਾਅਦੇ ਜਦ ਸੀ ਲੋਕਾਂ ਯਾਦ ਕਰਾਏ।

ਖਾਲੀ ਆਖ ਖ਼ਜ਼ਾਨਾ ਨੇਤਾ ਵੱਟਣ ਲੱਗੇ ਘੂਰੇ।

ਵਿੱਚ ਮੁਸੀਬਤ ਕਦੇ ਨਾ ਉਹ ਤਕਦੀਰ ਆਪਣੀ ਨੂੰ ਰੋਵਣ

ਨਾਲ ਮੁਸੀਬਤ ਖਹਿ ਜਾਂਦੇ ਨੇ ਅਕਸਰ ਬੰਦੇ ਸੂਰੇ।

ਵੋਟਾਂ ਲੈ ਹੱਥ ਨਾ ਆਇਆ, ਵੱਡੇ ਦਾਅਵੇ ਕਰਦਾ ਸੀ

ਲੋਕੀਂ ਪਿੱਛੇ ਪਿੱਛੇ ਘੁੰਮਣ ਜਿਉਂ ਕੁੱਤੀ ਮਗਰ ਕਤੂਰੇ।

ਹੁਸਨ ਜਵਾਨੀ ਫਿੱਕੇ ਲੱਗਦੇ, ਲੱਗੇ ਜਦ ਗ਼ਮ ਦਿਲ ਨੂੰ

ਚਿਹਰੇ ਉਹ ਮੁਰਝਾਏ ਜੋ ਸਨ ਵਿੱਚ ਮੁਹੱਬਤ ਨੂਰੇ।

ਕਾਲਾ ਧਨ ਨਾ ਆਇਆ ਕਿਧਰੋਂ ਚਿੱਟਾ ਵੀ ਨਾ ਲੱਭਿਆ

ਮਾੜੀ ਕਿਸਮਤ ਕਹਿ ਆਪਣੀ ਹੁਣ ਵੋਟਰ ਬੈਠਾ ਝੂਰੇ।

ਚੋਰਾਂ ਸੰਗ ਰਲ ਗਏ ਕੁੱਤੇ ਕੌਣ ਚੋਰਾਂ ਨੂੰ ਭੌਂਕੇ

ਮਾਰ ਵਫ਼ਾਦਾਰੀ ਨੂੰ ਬੈਠੇ ਚਿੱਟੇ ਨੀਲੇ ਭੂਰੇ।

ਰੋਜ਼ ਬਹਾਨੇ ਨਾਲੋਂ ਇਕ ਗੱਲ ਕਰ ਤੇ ਪਾਸਾ ਕਰ ਲੈ

ਲੀਡਰਾਂ ਵਾਂਗਰ ਕਿਉਂ ਤੂੰ ਰੱਖੇ ਗਿੱਲ ਵੇ ਚਿਹਰੇ ਦੂਹਰੇ।
ਸੰਪਰਕ: 97804-51878



News Source link
#ਪਰਵਸ #ਸਰਗਰਮਆ

- Advertisement -

More articles

- Advertisement -

Latest article