45.7 C
Patiāla
Saturday, May 18, 2024

ਪਰਵਾਸੀ ਮਿਨੀ ਕਹਾਣੀਆਂ

Must read


ਛੋਟੀ ਬੇਬੇ

ਹਰਪ੍ਰੀਤ ਬਰਾੜ ਸਿੱਧੂ

ਨਿੱਕੇ ਹੁੰਦੇ ਤੋਂ ਹੀ ਬੈਠਕ ਵਿੱਚ ਲੱਗੀ ਉਹ ਫੋਟੋ ਦੇਖਦੀ ਆਈ ਹਾਂ। ਸਾਂਵਲੇ ਰੰਗ ਦੀ ਉਹ ਸਾਧਾਰਨ ਜਿਹੀ ਦਿਖਣ ਵਾਲੀ ਔਰਤ ਦੀ ਫੋਟੋ ਸਾਡੇ ਘਰ ਪਤਾ ਨਹੀਂ ਕਿਉਂ ਲੱਗੀ ਹੋਈ ਸੀ। ਜਦੋਂ ਵੀ ਅਸੀਂ ਕਿਤੇ ਬਾਹਰ ਜਾਂਦੇ ਜਾਂ ਸਕੂਲ ਵਿੱਚ ਪੇਪਰ ਹੁੰਦੇ ਤਾਂ ਮਾਂ ਨੇ ਕਹਿਣਾ “ਪੁੱਤ ਆਵਦੀ ਛੋਟੀ ਬੇਬੇ ਨੂੰ ਵੀ ਮੱਥਾ ਟੇਕ ਕੇ ਜਾਇਓ।” ਸਾਡੇ ਬਾਪੂ ਤੇ ਅੰਮਾਂ (ਦਾਦੀ) ਨੂੰ ਮਾਂ ਦੀਆਂ ਇਹ ਗੱਲਾਂ ਰਤਾ ਵੀ ਪਸੰਦ ਨਾ ਆਉਂਦੀਆਂ। ਮੈਨੂੰ ਯਾਦ ਹੈ ਕਿ ਜਦੋਂ ਮੈਂ ਤੇ ਵੀਰ ਪੰਜਵੀਂ ਜਮਾਤ ਦੇ ਪੇਪਰ ਦੇ ਕੇ ਵਿਹਲੇ ਹੋਏ ਸੀ ਤਾਂ ਮਾਂ ਸਾਨੂੰ ਕਿਤੇ ਲੈ ਕੇ ਗਈ ਸੀ, ਕਹਿੰਦੀ ਸੀ ਕਿ ਇਹ ਵੀ ਤੁਹਾਡੇ ਨਾਨਕੇ ਹੀ ਹਨ। ਪਰ ਸਾਡਾ ਨਾਨਕਾ ਘਰ ਤਾਂ ਬਹੁਤ ਵੱਡਾ ਸੀ ਤੇ ਇਹ ਤਾਂ ਬਸ ਦੋ ਕੋਠਿਆਂ ਦਾ ਕੱਚਾ ਜਿਹਾ ਘਰ ਸੀ। ਪਰ ਮੈਨੂੰ ਇੰਨਾ ਯਾਦ ਹੈ ਕਿ ਉਨ੍ਹਾਂ ਨੇ ਸਾਡੇ ਆਉਣ ਦਾ ਚਾਅ ਬਹੁਤ ਕੀਤਾ ਸੀ ਬਿਲਕੁਲ ਮੇਰੇ ਨਾਨਕਿਆਂ ਵਾਂਗ ਹੀ।

ਬਾਪੂ ਉਦੋਂ ਵੀ ਬੇਬੇ ਨਾਲ ਬਹੁਤ ਗੁੱਸੇ ਹੋਇਆ ਸੀ ਕਿ ਤੂੰ ਭੁੱਬਲ ਵਿੱਚ ਫੂਕਾਂ ਮਾਰਦੀ ਆਂ, ਐਵੇਂ ਮੂੰਹ ਸਿਰ ਕਾਲਾ ਕਰਵਾਵੇਂਗੀ। ਫੇਰ ਬਾਪੂ ਨੇ ਉਹ ਫੋਟੋ ਲਾਹ ਕੇ ਰੱਖ ਦਿੱਤੀ ਸੀ। ਮਾਂ ਨੇ ਦੋ ਦਿਨ ਰੋਟੀ ਨਾ ਖਾਧੀ ਤੇ ਫੇਰ ਫੋਟੋ ਉਸੇ ਕੰਧ ‘ਤੇ ਆ ਲੱਗੀ। ਉਦੋਂ ਬਹੁਤਾ ਸਮਝ ਤਾਂ ਨਾ ਆਉਂਦਾ, ਪਰ ਇੰਨਾ ਪਤਾ ਲੱਗ ਗਿਆ ਸੀ ਕਿ ਇਸ ਫੋਟੋ ਵਾਲੀ ਔਰਤ ਦਾ ਹੀ ਕੋਈ ਰੌਲਾ ਹੈ।

ਅੱਠਵੀਂ ਜਮਾਤ ਵਿੱਚ ਪੜ੍ਹਦੀ ਨੂੰ ਜਦੋਂ ਸੂਬੇਦਾਰਾਂ ਦੀ ਜੀਤਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਮਾਂ ਤੇਰੀ ਨਹੀਂ ਆ ਤਾਂ ਕਿੰਨਾ ਚਿਰ ਘਰ ਆ ਕੇ ਰੋਈ ਸੀ ਤੇ ਮਾਂ ਨੂੰ ਪੁੱਛਿਆ ਸੀ ਕਿ ਮਾਂ ਤੂੰ ਮੇਰੀ ਅਸਲੀ ਮਾਂ ਨਹੀ? ਉਸ ਨੇ ਜੱਫੀ ਪਾ ਕੇ ਮੇਰਾ ਮੂੰਹ ਚੁੰਮ ਕੇ ਕਿਹਾ, “ਕਮਲੀਏ ਮਾਵਾਂ ਵੀ ਕਿਤੇ ਨਕਲੀ ਹੁੰਦੀਆਂ।” ਤੇ ਗੱਲ ਆਈ ਗਈ ਹੋ ਗਈ। ਜਿਵੇਂ ਜਿਵੇਂ ਸਮਝਣ ਜੋਗੀ ਹੋਈ ਤਾਂ ਹੌਲੀ ਹੌਲੀ ਕੰਨਸੋਆ ਮਿਲੀਆਂ ਕਿ ਬਾਪੂ ਦੇ ਦੋ ਵਿਆਹ ਸੀ। ਸ਼ਾਇਦ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਅਸੀਂ ਸਮਝਣ ਜੋਗੇ ਹੋ ਗਏ ਹਾਂ, ਅੰਮਾਂ ਤੇ ਬਾਪੂ ਦੇ ਲੱਖ ਰੋਕਣ ‘ਤੇ ਵੀ ਇੱਕ ਦਿਨ ਮਾਂ ਨੇ ਸਾਨੂੰ ਦੋਵਾਂ ਨੂੰ ਉਸ ਫੋਟੋ ਕੋਲ ਬੁਲਾ ਕੇ ਸਭ ਕਹਾਣੀ ਦੱਸੀ।

ਮਾਂ ਤੇ ਬਾਪੂ ਦੇ ਵਿਆਹ ਨੂੰ ਪੰਜ ਵਰ੍ਹੇ ਹੋ ਗਏ ਸਨ, ਪਰ ਔਲਾਦ ਨਾ ਹੋਈ। ਚੰਗੀ ਜ਼ਮੀਨ ਜਾਇਦਾਦ ਹੁੰਦੇ ਹੋਏ ਵੀ ਘਰ ਦੇ ਜੀਆਂ ਵਾਂਗ, ਹਵੇਲੀ ਵੀ ਉਦਾਸੀ ਨਾਲ ਘਿਰੀ ਰਹਿੰਦੀ। ਆਖਰ ਅੰਮਾਂ ਨੇ ਮਾਂ ਨਾਲ ਸਲਾਹ ਕਰ ਕੇ ਔਲਾਦ ਦੀ ਖਾਤਰ ਬਾਪੂ ਦਾ ਦੂਜਾ ਵਿਆਹ ਕਰਨ ਦੀ ਗੱਲ ਕੀਤੀ। ਮਾਂ ਰੱਜ ਕੇ ਸੋਹਣੀ-ਸੁਨੱਖੀ ਸੀ ਤਾਂ ਉਸ ਦੇ ਵਿਚਾਰ ਮੁਤਾਬਕ ਕੁੜੀ ਕਿਸੇ ਗਰੀਬ ਘਰ ਦੀ ਅਤੇ ਸਾਧਾਰਨ ਦਿਖਣ ਵਾਲੀ ਹੋਣੀ ਚਾਹੀਦੀ ਸੀ ਕਿ ਬਾਪੂ ਦਾ ਬਹੁਤਾ ਧਿਆਨ ਉਸ ਵੱਲ ਨਾ ਜਾਵੇ। ਇੱਕ ਔਰਤ ਹੋਣ ਦੇ ਨਾਮ ‘ਤੇ ਇਹੀ ਉਸ ਨੂੰ ਠੀਕ ਜਾਪਿਆ। ਫੇਰ ਛੋਟੀ ਬੇਬੇ ਵਿਆਹ ਕੇ ਆ ਗਈ, ਰੰਗ-ਰੂਪ ਨੈਣ-ਨਕਸ਼ ਕਿਸੇ ਚੀਜ਼ ਵਿੱਚ ਮਾਂ ਦੇ ਬਰਾਬਰ ਨਹੀਂ ਸੀ। ਸਾਰੇ ਘਰ ਦਾ ਕੰਮ ਕਰਦੀ, ਪਰ ਮੱਥੇ ਵੱਟ ਨਾ ਪਾਉਂਦੀ। ਫੇਰ ਵੀ ਮਾਂ ਤੋਂ ਬਾਪੂ ਦਾ ਵੰਡਿਆ ਧਿਆਨ ਬਰਦਾਸ਼ਤ ਨਾ ਹੁੰਦਾ ਅਤੇ ਫੇਰ ਛੋਟੀ ਬੇਬੇ ਮਾਂ ਬਣਨ ਵਾਲੀ ਹੋ ਗਈ। ਉਸ ਦਾ ਸਾਂਵਲਾ ਰੰਗ ਨਿੱਖਰ ਗਿਆ ਸੀ। ਅੰਮਾਂ ਤੇ ਬਾਪੂ ਉਸ ਦਾ ਬਹੁਤ ਧਿਆਨ ਰੱਖਦੇ ਅਤੇ ਮਾਂ ਤੋਂ ਇਹ ਜਰਿਆ ਨਾ ਜਾਂਦਾ। ਉਹ ਹਰ ਸਾਹ ਨਾਲ ਇਹ ਸੁੱਖ ਮੰਗਦੀ ਕਿ ਇਹ ਔਰਤ ਉਸ ਦੀ ਜ਼ਿੰਦਗੀ ਵਿੱਚੋਂ ਨਿਕਲ ਜਾਵੇ। ਮਾਂ ਦੀਆਂ ਅਰਦਾਸਾਂ ਜਿਵੇਂ ਰੱਬ ਨੇ ਬਹੁਤ ਛੇਤੀ ਮਨਜ਼ੂਰ ਕਰ ਲਈਆਂ ਸਨ। ਬੇਬੇ ਸਾਨੂੰ ਦੋਵਾਂ ਭੈਣ-ਭਰਾਵਾਂ ਨੂੰ ਜਨਮ ਦੇ ਕੇ ਛੇ ਮਹੀਨਿਆਂ ਵਿੱਚ ਹੀ ਪੂਰੀ ਹੋ ਗਈ।

ਅੰਮਾਂ ਤੇ ਬਾਪੂ ਤਾਂ ਉਸ ਨੂੰ ਛੇਤੀ ਹੀ ਭੁੱਲ ਗਏ, ਪਰ ਉਹ ਮਾਂ ਦੇ ਸਾਹਾਂ ਵਿੱਚ ਵੱਸ ਗਈ ਸੀ। ਮਾਂ ਨੂੰ ਹਮੇਸ਼ਾਂ ਲੱਗਦਾ ਕਿ ਉਹ ਕੋਈ ਰੱਬੀ ਰੂਹ ਸੀ ਜੋ ਬਸ ਉਸ ਦੀ ਝੋਲੀ ਭਰਨ ਆਈ ਸੀ, ਪਰ ਉਸ ਨੇ ਉਸ ਨਾਲ ਚੰਗਾ ਵਿਹਾਰ ਨਹੀਂ ਕੀਤਾ। ਸਾਰੀ ਗੱਲ ਸੁਣ ਮੇਰੇ ਅੱਖਾਂ ਵਿੱਚ ਹੰਝੂ ਤਾਂ ਆ ਗਏ, ਪਰ ਮਾਂ ‘ਤੇ ਕੋਈ ਗੁੱਸਾ ਨਹੀਂ ਆਇਆ। ਆਖਰ ਆਪਣਾ ਘਰ ਅਤੇ ਮਰਦ ਵੰਡਣਾ ਕਿਸ ਤੋਂ ਜਰਿਆ ਜਾਂਦਾ।

***

ਅੰਨ੍ਹੀਂ ਵਕਾਲਤ

ਸੁਖਦੇਵ ਸਿੰਘ ਸ਼ਾਂਤ

ਗੁਰਬਚਨ ਸਿੰਘ ਅੱਜ ਦਫ਼ਤਰੋਂ ਛੁੱਟੀ ‘ਤੇ ਸੀ। ਪੁੱਛਣ ‘ਤੇ ਪਤਾ ਲੱਗਿਆ ਕਿ ਉਸ ਦੀ ਘਰਵਾਲੀ ਹਸਪਤਾਲ ਦਾਖਲ ਹੈ। ਮੈਨੂੰ ਯਾਦ ਆਇਆ। ਉਸ ਨੇ ਮੈਨੂੰ ਦੱਸਿਆ ਸੀ, ”ਸਰ ਜੀ, ਬਾਬਾ ਜੀ ਬੜੀ ਕਰਨੀ ਵਾਲੇ ਨੇ। ਉਨ੍ਹਾਂ ਨੇ ਪੂਰੀ ਗਰੰਟੀ ਨਾਲ ਕਿਹਾ ਹੈ, ਇਸ ਵਾਰ ਸਾਡੇ ਬੇਟਾ ਈ ਹੋਵੇਗਾ। ਬਾਬਾ ਜੀ ਦਾ ਕਿਹਾ ਬਚਨ ਕਦੇ ਬਿਰਥਾ ਨਹੀਂ ਜਾਂਦਾ।”

ਦਫ਼ਤਰੋਂ ਛੁੱਟੀ ਹੁੰਦਿਆਂ ਈਂ ਸੋਚਿਆ ਕਿ ਰਾਹ ਵਿੱਚ ਹਸਪਤਾਲ ਐ ਪਤਾ ਈ ਕਰ ਚੱਲਦੇ ਆਂ। ਗੁਰਬਚਨ ਸਿੰਘ ਮੈਨੂੰ ਹਸਪਤਾਲ ਦੇ ਗੇਟ ਕੋਲ ਹੀ ਮਿਲ ਗਿਆ। ਮੂੰਹ ਲਟਕਾਈ ਤੁਰਿਆ ਆ ਰਿਹਾ ਸੀ। ਬੜੇ ਉਦਾਸ ਲਹਿਜੇ ਵਿੱਚ ਬੋਲਿਆ, ”ਸਰ ਜੀ, ਬਾਬਾ ਜੀ ਦੀ ਭਵਿੱਖਬਾਣੀ ਬਿਲਕੁਲ ਸੱਚ ਨਿਕਲੀ, ਪਰ ਸਾਡੀ ਤਕਦੀਰ ਈ ਮਾੜੀ ਐ। ਐਤਕੀਂ ਜੁੜਵਾਂ ਬੱਚੇ ਹੋਏ ਨੇ ਇੱਕ ਬੇਟਾ ਤੇ ਇੱਕ ਬੇਟੀ। ਬੇਟਾ ਤਾਂ ਬਸ ਮੂੰਹ ਦਿਖਾਉਣ ਈ ਆਇਆ ਸੀ। ਦੋ ਘੰਟਿਆਂ ਬਾਅਦ ਪੂਰਾ ਹੋ ਗਿਆ। ਚਲੋ ਹੁਣ ਸਾਡੇ ਤਿੰਨ ਬੇਟੀਆਂ ਹੋ ਗਈਆਂ ਨੇ…ਇਨ੍ਹਾਂ ਦੇ ਕਰਮ ਇਨ੍ਹਾਂ ਨਾਲ।”

ਮੈਂ ਉਸ ਨਾਲ ਹਮਦਰਦੀ ਪ੍ਰਗਟਾਈ ਤੇ ਸਕੂਟਰ ਘਰ ਵੱਲ ਮੋੜ ਲਿਆ। ਰਸਤੇ ਵਿੱਚ ਗੁਰਬਚਨ ਸਿੰਘ ਦੇ ਚਾਚਾ ਜੀ ਮਿਲ ਗਏ। ਮੈਂ ਉਨ੍ਹਾਂ ਕੋਲ ਵੀ ਅਫ਼ਸੋਸ ਕਰਨ ਲਈ ਰੁਕ ਗਿਆ।

”ਅੰਕਲ ਜੀ! ਗੁਰਬਚਨ ਸਿੰਘ ਵਿਚਾਰੇ ਨਾਲ ਤਾਂ ਜੱਗੋਂ ਤੇਰ੍ਹਵੀਂ ਹੋ ਗਈ ਐ। ਜੇ ਰੱਬ ਨੇ ਜੌੜੇ ਬੱਚੇ ਦੇ ਈ ਦਿੱਤੇ ਸਨ ਤਾਂ ਬੇਟਾ ਵੀ ਜਿਊਂਦਾ ਰਹਿੰਦਾ। ਆ ਕੇ ਵੀ ਏਨਾ ਵੱਡਾ ਦੁੱਖ ਦੇ ਕੇ ਚਲਾ ਗਿਆ।”

ਮੇਰੀ ਗੱਲ ਨੂੰ ਟੋਕਦਿਆਂ ਉਸ ਦੇ ਚਾਚਾ ਜੀ ਬੋਲੇ, ”ਕਮਲਾ ਹੈ ਮੇਰਾ ਭਤੀਜਾ। ਮੈਨੂੰ ਵੀ ਕਹਿੰਦਾ ਸੀ, ਸਾਰਿਆਂ ਨੂੰ ਇਹੀ ਦੱਸਣੈ। ਕਹਿੰਦਾ ਆਪਾਂ ਬਾਬਾ ਜੀ ਨੂੰ ਝੂਠੇ ਨਹੀਂ ਪੈਣ ਦੇਣਾ। ਜਣੇਪੇ ਵੇਲੇ ਉਹਦੀ ਚਾਚੀ ਆਪਣੀ ਨੂੰਹ ਦੇ ਕੋਲ ਈ ਸੀ। ਇਕੱਲੀ ਬੇਟੀ ਪੈਦਾ ਹੋਈ ਐ। ਜੌੜੇ ਬੱਚੇ ਤਾਂ ਹੋਏ ਈ ਨਹੀਂ।”
ਸੰਪਰਕ: 001-317-406-0002



News Source link
#ਪਰਵਸ #ਮਨ #ਕਹਣਆ

- Advertisement -

More articles

- Advertisement -

Latest article