37.7 C
Patiāla
Thursday, May 16, 2024

ਹਾਏ! ਵਿਚਾਰੇ ਬਾਬਾ ਜੀ

Must read


ਰਵਿੰਦਰ ਸਿੰਘ ਸੋਢੀ

ਕਈ ਦਿਨਾਂ ਤੋਂ ਬਾਬਾ ਜੀ ਚੁੱਪ ਹੀ ਰਹਿ ਰਹੇ ਸਨ। ਕਿਸੇ ਨਾਲ ਵੀ ਬਹੁਤੀ ਗੱਲਬਾਤ ਨਹੀਂ ਸੀ ਕਰਦੇ। ਮਿਲਣ ਆਏ ਸ਼ਰਧਾਲੂਆਂ ਨੂੰ ਵੀ ਘੱਟ ਹੀ ਦਰਸ਼ਨ ਦਿੰਦੇ। ਉਨ੍ਹਾਂ ਦੇ ਚੇਲੇ ਹੈਰਾਨ ਸੀ ਕਿ ਬਾਬਾ ਜੀ ਨੂੰ ਹੋ ਕੀ ਗਿਆ ਹੈ? ਉਨ੍ਹਾਂ ਦੇ ਖਾਸ ਚੇਲੇ ਨੇ ਵੀ ਦੋ-ਚਾਰ ਬਾਰ ਉਨ੍ਹਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਬਾਬਾ ਜੀ ਚੁੱਪ ਹੀ ਰਹੇ। ਡਾਕਟਰ ਵੀ ਰੋਜ਼ਾਨਾ ਆਉਂਦਾ। ਬਲੱਡ ਪ੍ਰੈੱਸ਼ਰ ਠੀਕ ਸੀ। ਹੋਰ ਕਈ ਟੈਸਟ ਵੀ ਕਰਵਾਏ। ਸਭ ਕੁਝ ਠੀਕ ਸੀ। ਡਾਕਟਰ ਵੀ ਹੈਰਾਨ ਸੀ ਕਿ ਸਰੀਰਕ ਬਿਮਾਰੀ ਤਾਂ ਕੋਈ ਲੱਗਦੀ ਨਹੀਂ। ਸਵੇਰ ਸ਼ਾਮ ਉਨ੍ਹਾਂ ਦੀ ਸੈਰ ਦਾ ਸਿਲਸਿਲਾ ਜਾਰੀ ਸੀ। ਸੈਰ ਲਈ ਉਹ ਇਕੱਲੇ ਹੀ ਜਾਂਦੇ। ਸੈਰ ਡੇਰੇ ਦੇ ਅੰਦਰ ਹੀ ਖੁੱਲ੍ਹੀ ਜਗ੍ਹਾ ’ਤੇ ਕਰਦੇ, ਪਰ ਸਰਕਾਰ ਵੱਲੋਂ ਮਿਲੇ ਚਾਰ ਬਾਡੀਗਾਰਡ ਉਨ੍ਹਾਂ ਦੇ ਨਾਲ ਹੀ ਹੁੰਦੇ, ਦੋ ਅੱਗੇ ਅਤੇ ਦੋ ਪਿੱਛੇ। ਡੇਰੇ ਵਿੱਚ ਹੀ ਬਣੇ ਗੁਰੂ ਘਰ ਵਿੱਚ ਉਹ ਦੋਵੇਂ ਸਮੇਂ ਮੱਥਾ ਟੇਕਣ ਜ਼ਰੂਰ ਜਾਂਦੇ। ਤੜਕੇ ਪੰਜ ਬਾਣੀਆਂ ਦੇ ਪਾਠ ਸਮੇਂ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਤੋਂ ਲੈ ਕੇ ਸੁੱਖ ਆਸਣ ਤੱਕ ਉਹ ਗੁਰੂ ਘਰ ਵਿੱਚ ਹੀ ਰਹਿੰਦੇ। ਉਨ੍ਹਾਂ ਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦਿੰਦੀਆਂ। ਖੁਰਾਕ ਵੀ ਕੁਝ ਘੱਟ ਹੀ ਲੈ ਰਹੇ ਸਨ। ਡਾਕਟਰ ਵੱਲੋਂ ਦੱਸੇ ਗਏ ਫ਼ਲ ਵੀ ਕਈ ਵਾਰ ਅੱਧੇ ਹੀ ਛੱਡ ਦਿੰਦੇ।

ਇੱਕ ਦਿਨ ਦੁਪਹਿਰ ਸਮੇਂ ਉਹ ਆਪਣੀ ਰਿਹਾਇਸ਼ ਦੇ ਬਰਾਂਡੇ ਵਿੱਚ ਕੁਰਸੀ ’ਤੇ ਬੈਠੇ ਅਖ਼ਬਾਰ ਪੜ੍ਹ ਰਹੇ ਸਨ। ਦੋ ਬਾਡੀਗਾਰਡ ਬਰਾਂਡੇ ਦੇ ਸਾਹਮਣੇ ਵਾਲੇ ਲਾਨ ਵਿੱਚ ਖੜ੍ਹੇ ਸਨ ਅਤੇ ਇੱਕ-ਇੱਕ ਸੱਜੇ ਅਤੇ ਖੱਬੇ ਪਾਸੇ ਦੇ ਲਾਨ ਵੱਲ।

ਕੁਝ ਦੇਰ ਬਾਅਦ ਇੱਕ ਵੱਡੀ ਗੱਡੀ ਬਾਬਾ ਜੀ ਦੀ ਰਿਹਾਇਸ਼ ਦੇ ਵੱਡੇ ਗੇਟ ਕੋਲ ਆ ਕੇ ਰੁਕੀ, ਮੂਹਰਲੇ ਲਾਨ ਵਿੱਚ ਖੜ੍ਹੇ ਦੋਵੇਂ ਬਾਡੀਗਾਰਡ ਇਕਦਮ ਵੱਡੇ ਦਰਵਾਜ਼ੇ ਵੱਲ ਦੇਖਣ ਲੱਗੇ। ਦੂਜੇ ਦੋ ਬਾਡੀਗਾਰਡ ਬਾਬਾ ਜੀ ਦੇ ਨੇੜੇ ਆ ਗਏ। ਗੱਡੀ ਵਿੱਚੋਂ ਇੱਕ ਅੱਧਖੜ ਉਮਰ ਦਾ ਆਦਮੀ ਬਾਹਰ ਆਇਆ। ਉਸ ਦੇ ਗੋਡਿਆਂ ਤੱਕ ਲੰਬਾ ਕੋਟ ਪਾਇਆ ਹੋਇਆ ਸੀ। ਉਸ ਦੇ ਪਹਿਰਾਵੇ ਤੋਂ ਲੱਗ ਰਿਹਾ ਸੀ ਕਿ ਉਹ ਕਿਸੇ ਬਾਹਰਲੇ ਮੁਲਕ ਤੋਂ ਆਇਆ ਹੈ। ਉਸ ਨੇ ਗੇਟ ’ਤੇ ਖੜ੍ਹੇ ਸੇਵਾਦਾਰ ਨੂੰ ਕੁਝ ਕਿਹਾ। ਸੇਵਾਦਾਰ ਨੇ ਗੇਟ ਵਿੱਚ ਬਣੀ ਛੋਟੀ ਜਿਹੀ ਖਿੜਕੀ ਖੋਲ੍ਹ ਕੇ ਇੱਕ ਬਾਡੀਗਾਰਡ ਨੂੰ ਆਪਣੇ ਕੋਲ ਬੁਲਾ ਕੇ ਬਾਬਾ ਜੀ ਲਈ ਸੁਨੇਹਾ ਦੇ ਦਿੱਤਾ। ਬਾਡੀਗਾਰਡ ਨੇ ਬੜੇ ਸਤਿਕਾਰ ਨਾਲ ਬਾਬਾ ਜੀ ਨੂੰ ਆਉਣ ਵਾਲੇ ਸਬੰਧੀ ਦੱਸਿਆ। ਬਾਬਾ ਜੀ ਨੇ ਇਸ਼ਾਰੇ ਨਾਲ ਹੀ ਆਉਣ ਵਾਲੇ ਨੂੰ ਅੰਦਰ ਲੈ ਕੇ ਆਉਣ ਦੀ ਆਗਿਆ ਦਿੱਤੀ। ਬਾਡੀਗਾਰਡ ਦਾ ਇਸ਼ਾਰਾ ਮਿਲਦੇ ਹੀ ਸੇਵਾਦਾਰ ਨੇ ਗੇਟ ਵਿੱਚ ਬਣਿਆ ਛੋਟਾ ਦਰਵਾਜ਼ਾ ਖੋਲ੍ਹਿਆ ਅਤੇ ਬਾਡੀਗਾਰਡ ਮਹਿਮਾਨ ਨੂੰ ਬਾਬਾ ਜੀ ਕੋਲ ਲੈ ਗਿਆ।

ਆਉਣ ਵਾਲੇ ਨੇ ਦੂਰੋਂ ਹੀ ਬਾਬਾ ਜੀ ਨੂੰ ਹੱਥ ਜੋੜੇ ਅਤੇ ਕੋਲ ਆ ਕੇ ਬਾਬਾ ਜੀ ਦੇ ਪੈਰੀਂ ਹੱਥ ਲਾਏ। ਬਾਬਾ ਜੀ ਨੇ ਚਿਹਰੇ ’ਤੇ ਕੁਝ ਮੁਸਕਰਾਹਟ ਲਿਆਉਂਦੇ ਹੋਏ ਆਉਣ ਵਾਲੇ ਨੂੰ ਆਪਣੇ ਕੋਲ ਹੀ ਖਾਲੀ ਪਈ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ।

“ਕੀ ਗੱਲ ਬਾਬਾ ਜੀ, ਇਕੱਲੇ ਬੈਠੇ ਹੋ? ਕੁਝ ਉਦਾਸ ਜਿਹੇ ਲੱਗ ਰਹੇ ਹੋ? ਸਭ ਠੀਕ ਤਾਂ ਹੈ?” ਆਉਣ ਵਾਲੇ ਦੇ ਗੱਲ ਕਰਨ ਦੇ ਢੰਗ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਬਾਬਾ ਜੀ ਦਾ ਬਹੁਤ ਕਰੀਬੀ ਹੈ।

“ਕਦੋਂ ਆਇਆ ਕਿਰਪਾਲ ਸਿੰਹਾਂ? ਪਰਿਵਾਰ ਸਭ ਠੀਕ ਹੈ?” ਬਾਬਾ ਜੀ ਨੇ ਪੁੱਛਿਆ।

“ਤੁਹਾਡੀ ਕਿਰਪਾ ਹੈ ਮਹਾਰਾਜ। ਪਰਸੋਂ ਹੀ ਆਇਆ ਹਾਂ। ਦੋ ਦਿਨ ਤਾਂ ਦਿੱਲੀ ਹੀ ਲੱਗ ਗਏ। ਅੱਜ ਘੰਟਾ ਕੁ ਪਹਿਲਾਂ ਹੀ ਪਿੰਡ ਪਹੁੰਚਿਆ ਸੀ। ਬਸ ਤੁਹਾਡੇ ਦਰਸ਼ਨਾਂ ਲਈ ਆ ਗਿਆ।” ਕਿਰਪਾਲ ਸਿੰਘ ਨੇ ਦੋਵੇਂ ਹੱਥ ਜੋੜਦੇ ਕਿਹਾ। ਬਾਬਾ ਜੀ ਕੁਝ ਨਾ ਬੋਲੇ। ਕਿਰਪਾਲ ਸਿੰਘ ਕੁਝ ਦੇਰ ਬਾਬਾ ਜੀ ਵੱਲ ਦੇਖਦਾ ਰਿਹਾ, ਪਰ ਬਾਬਾ ਜੀ ਕਿਸੇ ਡੂੰਘੀ ਸੋਚ ਵਿੱਚ ਹੀ ਲੀਨ ਸਨ।

ਕਿਰਪਾਲ ਨੇ ਫੇਰ ਪੁੱਛਿਆ, “ਬਾਬਾ ਜੀ ! ਸਿਹਤ ਠੀਕ ਹੈ?”

“ਹਾਂ, ਠੀਕ ਹੈ।” ਬਾਬਾ ਜੀ ਨੇ ਸੰਖੇਪ ਜਿਹਾ ਉੱਤਰ ਦਿੱਤਾ।

“ਬਾਬਾ ਜੀ, ਮੈਂ ਗਲਤ ਸਮੇਂ ਤਾਂ ਨਹੀਂ ਆ ਗਿਆ? ਤੁਸੀਂ ਸ਼ਾਇਦ ਇਸ ਸਮੇਂ ਕਿਸੇ ਗਹਿਰੀ ਸੋਚ ਵਿੱਚ ਹੋ। ਹੁਕਮ ਕਰੋ ਤਾਂ ਫੇਰ ਆ ਜਾਵਾਂ?” ਕਿਰਪਾਲ ਨੇ ਕੁਰਸੀ ਤੋਂ ਉੱਠਦੇ ਕਿਹਾ।

ਬਾਬਾ ਜੀ ਨੇ ਉਸ ਦੀ ਬਾਂਹ ਫੜ ਕੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਬੋਲੇ, “ਨਹੀਂ, ਨਹੀਂ, ਬੈਠ ਜਾ। ਤੇਰੇ ਨਾਲ ਦਿਲ ਦੀਆਂ ਗੱਲਾਂ ਕਰ ਕੇ ਮਨ ਹੌਲਾ ਹੋ ਜਾਵੇਗਾ।”

ਕਿਰਪਾਲ ਕੁਰਸੀ ’ਤੇ ਬੈਠ ਗਿਆ। ਉਸ ਨੇ ਆਪਣੀ ਕੁਰਸੀ ਬਾਬਾ ਜੀ ਦੇ ਹੋਰ ਨੇੜੇ ਕਰ ਲਈ ਅਤੇ ਆਸੇ-ਪਾਸੇ ਦੇਖਦੇ ਬੋਲਿਆ, “ਸਭ ਸੁੱਖ ਤਾਂ ਹੈ?”

ਬਾਬਾ ਜੀ ਚੁੱਪ ਹੀ ਰਹੇ। ਕੁਝ ਦੇਰ ਬਾਅਦ ਕਹਿਣ ਲੱਗੇ, “ਚੱਲ ਅੰਦਰ ਚੱਲਦੇ ਹਾਂ।” ਇੰਨਾ ਕਹਿ ਕੇ ਉਹ ਕੁਰਸੀ ਤੋਂ ਖੜ੍ਹੇ ਹੋ ਗਏ ਅਤੇ ਅੰਦਰ ਜਾਣ ਲਈ ਮੁੜੇ। ਦਰਵਾਜ਼ੇ ਕੋਲ ਖੜ੍ਹਾ ਉਨ੍ਹਾਂ ਦਾ ਸੇਵਾਦਾਰ ਸ਼ਾਇਦ ਉਡੀਕ ਹੀ ਰਿਹਾ ਸੀ ਕਿ ਬਾਬਾ ਜੀ ਕਦੋਂ ਅੰਦਰ ਆਉਣ ਲਈ ਖੜ੍ਹੇ ਹੋਣ ਅਤੇ ਉਹ ਦਰਵਾਜ਼ਾ ਖੋਲ੍ਹੇ।

ਬਾਬਾ ਜੀ ਦੇ ਪਿੱਛੇ ਖੜ੍ਹਾ ਕਿਰਪਾਲ ਵੀ ਉਨ੍ਹਾਂ ਦੇ ਪਿੱਛੇ ਹੀ ਤੁਰ ਪਿਆ। ਸੇਵਾਦਾਰ ਨੇ ਉਸ ਨੂੰ ਵੀ ਹੱਥ ਜੋੜ ਕੇ ਫਤਹਿ ਬੁਲਾਈ।

“ਹੋਰ ਭਾਈ ਸਾਧੂ ਸਿੰਘ, ਚੜ੍ਹਦੀ ਕਲਾ ਹੈ?” ਕਿਰਪਾਲ ਸਿੰਘ ਨੇ ਸੇਵਾਦਾਰ ਨੂੰ ਕਿਹਾ।

ਬਾਬਾ ਜੀ ਅਤੇ ਕਿਰਪਾਲ ਦੇ ਅੰਦਰ ਜਾਣ ਬਾਅਦ ਸਾਧੂ ਨੇ ਦਰਵਾਜ਼ਾ ਬੰਦ ਕਰਦੇ ਕਿਹਾ, “ਬਾਬਾ ਜੀ ਦੀ ਮਿਹਰ ਹੈ ਜੀ।”

“ਸਾਧੂ, ਕਿਰਪਾਲ ਸਿੰਘ ਹੋਰਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਕਰੋ। ਅੰਦਰ ਕਮਰੇ ਵਿੱਚ ਹੀ ਲੈ ਆ।” ਇੰਨਾ ਕਹਿੰਦੇ ਹੋਏ ਬਾਬਾ ਜੀ ਆਪਣੇ ਖਾਸ ਮਹਿਮਾਨਾਂ ਵਾਲੇ ਕਮਰੇ ਵੱਲ ਮੁੜੇ।

ਸਾਧੂ ਨੇ ਭੱਜ ਕੇ ਦਰਵਾਜ਼ਾ ਖੋਲ੍ਹ ਦੇ ਕਿਹਾ, “ਸੱਤ ਬਚਨ ਮਹਾਰਾਜ।”

ਬਾਬਾ ਜੀ ਅਤੇ ਕਿਰਪਾਲ ਸਿੰਘ ਦੇ ਅੰਦਰ ਜਾਣ ਬਾਅਦ ਸਾਧੂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਕਿਰਪਾਲ ਸਿੰਘ ਪਹਿਲਾਂ ਵੀ ਕਈ ਵਾਰ ਇਸ ਕਮਰੇ ਵਿੱਚ ਆ ਚੁੱਕਾ ਸੀ। ਅਸਲ ਵਿੱਚ ਬਾਬਾ ਜੀ ਨੇ ਇਹ ਵਿਸ਼ੇਸ਼ ਕਮਰਾ ਆਪਣੇ ਖਾਸ ਮਹਿਮਾਨਾਂ ਲਈ ਬਣਵਾਇਆ ਸੀ। ਕਮਰੇ ਵਿੱਚ ਵਿਛੇ ਕੀਮਤੀ ਗ਼ਲੀਚੇ ’ਤੇ ਪੈਰ ਰੱਖਦੇ ਹੀ ਪੈਰ ਅੰਦਰ ਨੂੰ ਧਸਦੇ ਸੀ। ਸੋਫਾ, ਕੁਰਸੀਆਂ, ਮੇਜ਼ ਅਤੇ ਹੋਰ ਬੇਹੱਦ ਕੀਮਤੀ ਸਾਮਾਨ ਕਮਰੇ ਵਿੱਚ ਬੜੇ ਸਲੀਕੇ ਨਾਲ ਸਜਾਇਆ ਹੋਇਆ ਸੀ। ਕਮਰੇ ਦੀ ਸਜਾਵਟ ਰਾਜੇ ਮਹਾਰਾਜਿਆਂ ਦੇ ਮਹੱਲ ਤੋਂ ਘੱਟ ਨਹੀਂ ਸੀ।

ਬਾਬਾ ਜੀ ਸੋਫੇ ’ਤੇ ਬੈਠ ਗਏ ਅਤੇ ਕਿਰਪਾਲ ਨੂੰ ਵੀ ਆਪਣੇ ਕੋਲ ਹੀ ਬਿਠਾ ਲਿਆ। ਕੁਝ ਦੇਰ ਬਾਬਾ ਜੀ ਕੁਝ ਨਾ ਬੋਲੇ। ਉਨ੍ਹਾਂ ਨੇ ਦਰਵਾਜ਼ੇ ਵੱਲ ਦੇਖਿਆ। ਜਾਲੀ ਵਾਲਾ ਦਰਵਾਜ਼ਾ ਬੰਦ ਸੀ। ਬਾਬਾ ਜੀ ਦਾ ਇਸ਼ਾਰਾ ਸਮਝ ਕੇ ਕਿਰਪਾਲ ਲੱਕੜ ਵਾਲਾ ਬੂਹਾ ਵੀ ਬੰਦ ਕਰ ਆਇਆ।

“ਬਾਬਾ ਜੀ, ਕੋਈ ਖਾਸ ਹੀ ਗੱਲ ਲੱਗਦੀ ਹੈ?”

“ਹਾਂ! ਕਿਰਪਾਲ। ਕਈ ਦਿਨਾਂ ਤੋਂ ਪਰੇਸ਼ਾਨੀ ਜਿਹੀ ਹੈ।”

“ਮਹਾਰਾਜ, ਸਾਡੇ ਹੁੰਦੇ ਤੁਹਾਨੂੰ ਕਿਹੋ ਜਿਹੀ ਪਰੇਸ਼ਾਨੀ? ਮੈਨੂੰ ਫੋਨ ਕਰਦੇ, ਮੈਂ ਪਹਿਲਾਂ ਹਾਜ਼ਰ ਹੋ ਜਾਂਦਾ।”

“ਅਸਲ ਵਿੱਚ ਪਿਛਲੇ ਕਈ ਦਿਨਾਂ ਤੋਂ ਮਾੜੀਆਂ ਖ਼ਬਰਾਂ ਆ ਰਹੀਆਂ ਹਨ। ਪੁਲੀਸ ਕਈ ਮਹਾਪੁਰਸ਼ਾਂ ’ਤੇ ਝੂਠੀਆਂ ਤੋਹਮਤਾਂ ਲਾ ਕੇ ਅੰਦਰ ਕਰੀ ਜਾ ਰਹੀ ਹੈ।” ਬਾਬਾ ਜੀ ਹੌਲੀ ਜਿਹੀ ਬੋਲੇ।

“ਪਰ ਤੁਹਾਨੂੰ ਕਾਹਦੀ ਚਿੰਤਾ? ਜਿਹੜੇ ਮਾੜੇ ਕੰਮ ਕਰ ਰਹੇ ਹਨ, ਉਹ ਆਪੇ ਭੁਗਤਣਗੇ। ਤੁਸੀਂ ਤਾਂ ਲੋਕਾਂ ਨੂੰ ਰੱਬ ਨਾਲ ਜੋੜ ਰਹੇ ਹੋ।” ਕਿਰਪਾਲ ਨੇ ਕਿਹਾ।

“ਤੇਰੀ ਗੱਲ ਠੀਕ ਹੈ, ਪਰ ਸਮਾਂ ਮਾੜਾ ਚੱਲ ਰਿਹੈ। ਸਾਡੇ ਸੱਚੇ-ਸੁੱਚੇ ਕਿਰਦਾਰ ਨੂੰ ਕੁਝ ਲੋਕ ਪਸੰਦ ਨਹੀਂ ਕਰਦੇ। ਹੋਰ ਕੋਈ ਗੱਲ ਤਾਂ ਉਨ੍ਹਾਂ ਨੂੰ ਲੱਭਦੀ ਨਹੀਂ, ਇਹੋ ਗੱਲ ਉਡਾਈ ਜਾ ਰਹੇ ਨੇ ਕਿ ਅਸੀਂ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ।” ਇੰਨਾ ਕਹਿੰਦੇ ਹੋਏ ਬਾਬਾ ਜੀ ਨੇ ਕਿਰਪਾਲ ਵੱਲ ਦੇਖਿਆ ਜਿਵੇਂ ਉਸ ਤੋਂ ਹਾਂ-ਪੱਖੀ ਹੁੰਗਾਰੇ ਦੀ ਉਡੀਕ ਕਰ ਰਹੇ ਹੋਣ।

“ਇਸ ਵਿੱਚ ਕੀ ਸ਼ੱਕ ਹੈ ਮਹਾਰਾਜ। ਤੁਸੀਂ ਤਾਂ ਗਰੀਬ ਕੁੜੀਆਂ ਦੇ ਵਿਆਹੁਣ ਵਾਲਾ ਪੁੰਨ ਦਾ ਕਾਰਜ ਕਰ ਰਹੇ ਹੋ ਅਤੇ ਗਰੀਬਾਂ ਨੂੰ ਕੰਮ ਧੰਦਿਆਂ ਵਿੱਚ ਸੈੱਟ ਹੋਣ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਹੋ। ਸਾਡੇ ਵਰਗਿਆਂ ਦੇ ਫਸੇ ਕੰਮ ਵੀ ਸਰਕਾਰੇ-ਦਰਬਾਰੇ ਤੋਂ ਕਢਵਾ ਦਿੰਦੇ ਹੋ। ਤੁਹਾਡੀ ਸ਼ੋਭਾ ਤਾਂ ਇੱਧਰ ਵੀ ਹੈ ਅਤੇ ਬਾਹਰਲੇ ਮੁਲਕਾਂ ਵਿੱਚ ਵੀ।”

“ਕਿਰਪਾਲ, ਸੱਚੀ ਗੱਲ ਇਹ ਹੈ ਕਿ ਸਾਡੀ ਇਹ ਸ਼ੋਭਾ ਹੀ ਕਈਆਂ ਨੂੰ ਪਚ ਨਹੀਂ ਰਹੀ।”

“ਬਾਬਾ ਜੀ, ਮੇਰੇ ਵਰਗੇ ਦੋ-ਚਾਰ ਚੇਲਿਆਂ ’ਤੇ ਤੁਹਾਡੀ ਖਾਸ ਕਿਰਪਾ ਦ੍ਰਿਸ਼ਟੀ ਰਹਿੰਦੀ ਹੈ। ਅਸੀਂ ਤੁਹਾਡੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਜੇ ਚਾਹੋ ਤਾਂ ਕੁਝ ਸਮੇਂ ਲਈ ਮੇਰੇ ਕੋਲ ਅਮਰੀਕਾ ਆ ਜਾਓ। ਉਧਰਲੀ ਸੰਗਤ ਨੂੰ ਵੀ ਨਿਹਾਲ ਕਰੋ।” ਕਿਰਪਾਲ ਨੇ ਬਾਬਾ ਜੀ ਦੇ ਗੋਡੇ ਫੜਦਿਆਂ ਕਿਹਾ।

“ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਿਰਪਾਲ। ਇਹ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਕਿਰਦਾਰ ’ਤੇ ਕੋਈ ਉਂਗਲ ਨਹੀਂ ਉਠਾ ਸਕਦਾ। ਮੈਂ ਸ਼ੁਰੂ ਤੋਂ ਹੀ ਬੀਬੀਆਂ ਤੋਂ ਮੁੱਠੀ-ਚਾਪੀ ਕਰਵਾਉਣ ਤੋਂ ਦੂਰ ਰਿਹਾ ਹਾਂ। ਡੇਰੇ ਦੇ ਸੇਵਾਦਾਰਾਂ ਨੂੰ ਖਾਸ ਹਦਾਇਤ ਹੈ ਕਿ ਡੇਰੇ ਆਉਣ ਵਾਲੀਆਂ ਬੀਬੀਆਂ ਨਾਲ ਬਹੁਤੀ ਗੱਲਬਾਤ ਨਾ ਕੀਤੀ ਜਾਵੇ। ਮੇਰੇ ਕੋਲ ਵੀ ਬੀਬੀਆਂ ਆਪਣੇ ਪਰਿਵਾਰ ਵਾਲਿਆਂ ਨਾਲ ਹੀ ਆ ਸਕਦੀਆਂ ਹਨ। ਰਾਤ ਸਮੇਂ ਵੀ ਕਿਸੇ ਇਕੱਲੀ ਤੀਵੀਂ ਨੂੰ ਡੇਰੇ ਵਿੱਚ ਰਹਿਣ ਦੀ ਆਗਿਆ ਨਹੀਂ, ਪਰ… ਇਸ ਤੋਂ ਬਾਅਦ ਬਾਬਾ ਜੀ ਚੁੱਪ ਕਰ ਗਏ।

“ਪਰ ਕੀ ਮਹਾਰਾਜ?” ਕਿਰਪਾਲ ਨੇ ਸਵਾਲੀਆ ਨਜ਼ਰਾਂ ਨਾਲ ਬਾਬਾ ਜੀ ਵੱਲ ਦੇਖਿਆ।

“ਪਰ, ਮੈਂ ਤੁਹਾਡੇ ਵਰਗੇ ਸ਼ਰਧਾਲੂਆਂ ਦਾ ਕੀ ਕਰਾਂ, ਜੋ ਏਨੀਆਂ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਮੇਰੇ ਲਈ ਲੈ ਆਉਂਦੇ ਹੋ। (ਕਮਰੇ ਦੀਆਂ ਸਾਰੀਆਂ ਚੀਜ਼ਾਂ ਵੱਲ ਇਸ਼ਾਰਾ ਕਰਦੇ ਹੋਏ) ਇਨ੍ਹਾਂ ਵਿੱਚੋਂ ਇੱਕ ਚੀਜ਼ ਵੀ ਚੜ੍ਹਾਵੇ ਦੀ ਰਕਮ ਵਿੱਚੋਂ ਨਹੀਂ ਲਈ ਗਈ। ਜੇ ਇਹ ਚੀਜ਼ਾਂ ਤੁਹਾਡੇ ਵਰਗਿਆਂ ਤੋਂ ਪ੍ਰਵਾਨ ਨਹੀਂ ਕਰਦਾ ਤਾਂ ਤੁਸੀਂ ਨਾਰਾਜ਼ ਹੋ ਜਾਂਦੇ ਹੋ। ਇਹ ਸੋਫਾ ਅਖ਼ਰੋਟ ਦੀ ਲੱਕੜ ਦਾ ਹੈ। ਕਸ਼ਮੀਰ ਤੋਂ ਕੋਈ ਸ਼ਰਧਾਲੂ ਬਣਵਾ ਕੇ ਲਿਆਇਆ ਸੀ। ਅੰਦਰ ਤਿੰਨ ਵੱਡੇ ਟੀਵੀ ਪਏ ਹਨ। ਮੈਂ ਇਨ੍ਹਾਂ ਨੂੰ ਕੀ ਕਰਨੈ? ਹੁਣ ਏਨੀਆਂ ਮਹਿੰਗੀਆਂ ਚੀਜ਼ਾਂ ਬਾਹਰ ਵੀ ਨਹੀਂ ਸੁੱਟ ਸਕਦਾ। ਜੇ ਕੋਈ ਸਰਕਾਰੀ ਏਜੰਸੀ ਇਸ ਸਾਮਾਨ ਦੀ ਤਹਿਕੀਕਾਤ ਕਰੇ ਤਾਂ ਇਸ ਦੀ ਕੀਮਤ ਲੱਖਾਂ ਕਰੋੜਾਂ ਬਣਾ ਦੇਵੇ। ਇਲਜ਼ਾਮ ਮੇਰੇ ’ਤੇ ਆਵੇਗਾ ਕਿ ਬਾਬਾ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹੈ।”

ਇੰਨਾ ਕਹਿ ਕੇ ਬਾਬਾ ਜੀ ਚੁੱਪ ਕਰ ਗਏ। ਥੋੜ੍ਹੀ ਦੇਰ ਬਾਅਦ ਕਹਿਣ ਲੱਗੇ, “ਦੂਜੀ ਸਮੱਸਿਆ ਇਸ ਤੋਂ ਵੀ ਵੱਡੀ ਹੈ…।’’ ਬਾਬਾ ਜੀ ਨੇ ਗੱਲ ਵਿੱਚੇ ਹੀ ਛੱਡ ਦਿੱਤੀ।

“ਉਹ ਕਿਹੜੀ?” ਕਿਰਪਾਲ ਨੇ ਕੁਝ ਉਤਸੁਕਤਾ ਨਾਲ ਪੁੱਛਿਆ।

“ਜਿਹੜਾ ਪੈ…ਸਾ….ਪਿਐ…, ਉਸ ਦਾ ਕੀ ਕਰਾਂ?”

ਏਨੇ ਨੂੰ ਬਾਹਰੋਂ ਖੜਾਕ ਹੋਈ। ਬਾਬਾ ਜੀ ਚੁੱਪ ਕਰ ਗਏ। ਸਾਧੂ ਚਾਹ ਲੈ ਕੇ ਆਇਆ ਸੀ। ਉਸ ਨੇ ਸੋਫੇ ਦੇ ਅੱਗੇ ਪਏ ਮੇਜ਼ ’ਤੇ ਸਾਰਾ ਸਾਮਾਨ ਰੱਖ ਦਿੱਤਾ।

“ਤੂੰ ਜਾ।” ਬਾਬਾ ਜੀ ਨੇ ਸਾਧੂ ਨੂੰ ਕਿਹਾ।

ਸਾਧੂ ਦੇ ਜਾਣ ਤੋਂ ਬਾਅਦ ਬਾਬਾ ਜੀ ਦਾ ਇਸ਼ਾਰਾ ਮਿਲਦੇ ਹੀ ਕਿਰਪਾਲ ਲੱਕੜ ਵਾਲਾ ਦਰਵਾਜ਼ਾ ਬੰਦ ਕਰ ਆਇਆ।

“ਨਕਦੀ ਕਿੰਨੀ ਕੁ ਪਈ ਹੈ?” ਕਿਰਪਾਲ ਨੇ ਗੱਲ ਦੁਬਾਰਾ ਸ਼ੁਰੂ ਕਰਦੇ ਪੁੱਛਿਆ।

ਬਾਬਾ ਜੀ ਕੁਝ ਸੋਚਦੇ ਹੋਏ ਹੌਲੀ ਜਿਹੀ ਬੋਲੇ, 25 ਕਰੋੜ ਤਾਂ ਹੋਵੇਗੀ।

“ਇਹ ਤਾਂ ਬਹੁਤੀ ਨਹੀਂ।” ਕਿਰਪਾਲ ਨੇ ਹੱਸਦੇ ਹੋਏ ਕਿਹਾ।

“ਐੱਫ ਡੀਆਂ ਅਤੇ ਖਾਤਿਆਂ ਵਿੱਚ ਇਸ ਤੋਂ ਅਲੱਗ ਹੈ।”

“ਤੁਹਾਡੇ ਨਾਂ?” ਕਿਰਪਾਲ ਨੇ ਪ੍ਰਸ਼ਨ ਕੀਤਾ।

“ਨਾ…ਨਾ…, ਮੇਰੇ ਨਾਂ ਤਾਂ ਬੈਂਕ ਵਿੱਚ ਅਕਾਊਂਟ ਵੀ ਨਹੀਂ।”

“ਫੇਰ ਕੋਈ ਡਰ ਨਹੀਂ।” ਇਹ ਕਹਿੰਦੇ ਹੋਏ ਕਿਰਪਾਲ ਨੇ ਬਾਬਾ ਜੀ ਨੂੰ ਚਾਹ ਦਾ ਕੱਪ ਫੜਾਇਆ ਅਤੇ ਇੱਕ ਆਪ ਲੈ ਲਿਆ।

“ਨਾਲ ਕੀ ਲਵੋਗੇ?” ਦੋ ਤਿੰਨ ਪਲੇਟਾਂ ਵੱਲ ਇਸ਼ਾਰਾ ਕਰਦੇ ਕਿਰਪਾਲ ਨੇ ਪੁੱਛਿਆ।

“ਕੁਝ ਨਹੀਂ, ਤੂੰ ਲੈ।”

ਕਿਰਪਾਲ ਵੀ ਚਾਹ ਦਾ ਕੱਪ ਲੈ ਕੇ ਬਾਬਾ ਜੀ ਕੋਲ ਦੁਬਾਰਾ ਬੈਠ ਗਿਆ ਅਤੇ ਚਾਹ ਦੀ ਘੁੱਟ ਭਰਨ ਤੋਂ ਬਾਅਦ ਕਹਿਣ ਲੱਗਿਆ, “ਬਾਬਾ ਜੀ, ਇਹ ਤਾਂ ਆਪਾਂ ਕਿਤੇ ਵੀ ਇਨਵੈਸਟ ਕਰ ਸਕਦੇ ਹਾਂ।”

“ਕਿੱਥੇ?”

“ਕੋਈ ਅਜਿਹਾ ਪ੍ਰਾਜੈਕਟ ਸ਼ੁਰੂ ਕਰਦੇ ਹਾਂ ਜਿਸ ਨਾਲ ਫ਼ਲ ਨਾਲੇ ਫ਼ਲੀਆਂ ਵਾਲੀ ਗੱਲ ਹੋਵੇ।”

“ਮਸਲਨ!” ਬਾਬਾ ਜੀ ਨੇ ਕਿਰਪਾਲ ਵੱਲ ਉਤਸੁਕਤਾ ਨਾਲ ਦੇਖਦੇ ਪੁੱਛਿਆ।

“ਤੁਸੀਂ ਪਹਿਲਾਂ ਚਾਹ ਪਿਉ, ਠੰਢੀ ਹੋ ਰਹੀ ਹੈ।”

ਬਾਬਾ ਜੀ ਨੇ ਕਾਹਲੀ-ਕਾਹਲੀ ਚਾਹ ਦੀਆਂ ਦੋ-ਚਾਰ ਘੁੱਟਾਂ ਪੀ ਕੇ ਕੱਪ ਮੇਜ਼ ’ਤੇ ਰੱਖ ਦਿੱਤਾ। ਉਨ੍ਹਾਂ ਨੂੰ ਇਹ ਜਾਣਨ ਦੀ ਛੇਤੀ ਸੀ ਕਿ ਕਿਰਪਾਲ ਕੋਲ ਅਜਿਹੀ ਕਿਹੜੀ ਸਕੀਮ ਹੈ ਜਿਸ ਨਾਲ ਉਨ੍ਹਾਂ ਦੀ ਮੁਸ਼ਕਿਲ ਹੱਲ ਹੋ ਜਾਵੇਗੀ। ਕਿਰਪਾਲ ਨੇ ਵੀ ਚਾਹ ਖ਼ਤਮ ਕਰਕੇ ਕੱਪ ਮੇਜ਼ ’ਤੇ ਰੱਖ ਦਿੱਤਾ ਅਤੇ ਕਹਿਣ ਲੱਗਿਆ, “ਡੇਰੇ ਦੀ ਆਮਦਨ ਨਾਲ ਗਰੀਬਾਂ ਦਾ ਭਲਾ ਕਰਨ ਲਈ ਇੱਕ ਸੁਪਰ ਮਾਰਕੀਟ ਦੀ ਉਸਾਰੀ ਸ਼ੁਰੂ ਕਰਵਾ ਦਿਓ।”

“ਕਿੱਥੇ? ਡੇਰੇ ਦੇ ਕੋਲ!” ਬਾਬਾ ਜੀ ਨੇ ਹੈਰਾਨੀ ਨਾਲ ਪੁੱਛਿਆ।

“ਨਾ…ਨਾ , ਸ਼ਹਿਰ ’ਚ।”

ਬਾਬਾ ਜੀ ਕੁਝ ਨਹੀਂ ਬੋਲੇ।

ਕਿਰਪਾਲ ਨੇ ਆਪਣੀ ਗੱਲ ਜਾਰੀ ਰੱਖੀ, “ਅਸੀਂ ਕਹਾਂਗੇ ਕਿ ਸੁਪਰ ਮਾਰਕੀਟ ਦੀਆਂ ਦੁਕਾਨਾਂ ਘੱਟ ਕਿਰਾਏ ’ਤੇ ਉਨ੍ਹਾਂ ਨੂੰ ਦਿੱਤੀਆਂ ਜਾਣਗੀਆਂ ਜੋ ਕੇਵਲ ਦਸ ਫੀਸਦੀ ਮੁਨਾਫ਼ੇ ’ਤੇ ਸਾਮਾਨ ਵੇਚਣਗੇ?”

“ਪੂਰੀ ਤਫ਼ਸੀਲ ਨਾਲ ਸਮਝਾ ਕਿਰਪਾਲ ਸਿੰਹਾਂ, ਮੈਨੂੰ ਤੇਰੀ ਗੱਲ ਸਮਝ ਨਹੀਂ ਪਈ।”

“ਦੇਖੋ ਮਹਾਰਾਜ, ਸ਼ਹਿਰ ਮੇਰੀ ਕੁਝ ਜ਼ਮੀਨ ਪਈ ਹੈ, ਬੜੇ ਮੌਕੇ ’ਤੇ। ਉਸ ਦੀ ਕੀਮਤ ਇਸ ਸਮੇਂ ਪੰਜ-ਛੇ ਕਰੋੜ ਤੋਂ ਘੱਟ ਨਹੀਂ।”

“ਇਸ ਦਾ ਮਤਲਬ ਤੂੰ ਆਪਣੀ ਜ਼ਮੀਨ ਡੇਰੇ ਨੂੰ ਵੇਚਣੀ ਚਾਹੁੰਦਾ ਹੈਂ?” ਬਾਬਾ ਜੀ ਨੇ ਹੱਸ ਕੇ ਕਿਹਾ।

“ਨਹੀਂ ਬਾਬਾ ਜੀ, ਤੁਹਾਡੇ ਨਾਲ ਜਾਂ ਡੇਰੇ ਨਾਲ ਮੈਂ ਸੌਦੇਬਾਜ਼ੀ ਨਹੀਂ ਕਰ ਸਕਦਾ। ਇਹ ਤਾਂ ਤੁਹਾਡਾ ਨਕਦ ਪੈਸਾ ਕਿਸੇ ਲੇਖੇ ਲਾਉਣ ਲਈ ਹੈ। ਤੁਸੀਂ ਭਾਵੇਂ ਮੇਰੀ ਜ਼ਮੀਨ ਦਾ ਪੈਸਾ ਵੀ ਨਾ ਦਿਓ, ਪਰ ਕਾਗਜ਼ਾਂ ਵਿੱਚ ਆਪਾਂ ਇਹ ਸੱਤ-ਅੱਠ ਕਰੋੜ ਦੀ ਵੇਚਾਂਗੇ। ਬਾਕੀ ਪੈਸਾ ਮੈਂ ਡੇਰੇ ਦੇ ਨਾਂ ਅਮਰੀਕਾ ਤੋਂ ਭੇਜ ਦਿਆਂਗਾ। ਬਾਕੀ ਰਕਮ ਅਸੀਂ ਸੁਪਰ ਮਾਰਕੀਟ ਦੀ ਕੰਸਟ੍ਰਕਸ਼ਨ ਦਾ ਖਰਚਾ ਦਿਖਾ ਦੇਵਾਂਗੇ। ਜੇ ਕੁਝ ਹੋਰ ਬਚਦਾ ਹੈ ਤਾਂ ਤੁਸੀਂ ਅਗਲੇ ਮਹੀਨੇ ਜੋ 51 ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕਰ ਰਹੇ ਹੋ, ਉਨ੍ਹਾਂ ਨੂੰ ਦਸ-ਦਸ ਲੱਖ ਦਿੱਤਾ ਦਿਖਾ ਦਿਆਂਗੇ?”

“ਐਨਾ ਪੈਸਾ!” ਬਾਬਾ ਜੀ ਦੇ ਦਿਲ ਨੂੰ ਜਿਵੇਂ ਧੱਕਾ ਲੱਗਿਆ ਹੋਵੇ।

“ਮਹਾਰਾਜ, ਆਪਾਂ ਇਹ ਪੈਸਾ ਉਨ੍ਹਾਂ ਨੂੰ ਨਕਦ ਨਹੀਂ ਦੇਣਾ। ਸੁਪਰ ਮਾਰਕੀਟ ਵਿੱਚ ਇੱਕ-ਇੱਕ ਦੁਕਾਨ ਦੀ ਕੀਮਤ ਦਾ ਹਿੱਸਾ। ਸਾਮਾਨ ਅਸੀਂ ਪਾ ਕੇ ਦਿਆਂਗੇ। ਉਹ ਤਾਂ ਤਨਖਾਹ ’ਤੇ ਹੀ ਕੰਮ ਕਰਨਗੇ। ਇੱਕ ਗੱਲ ਹੋਰ, ਜਿਹੜੀ ਰਕਮ ਤੁਹਾਡੇ ਕੋਲ ਪਈ ਹੈ ਉਸ ਵਿੱਚੋਂ ਕੁਝ ਆਪਾਂ ਇਹ ਵਿਆਹ ਵਾਲੇ ਸਮਾਗਮ ਤੋਂ ਬਾਅਦ ਬੈਂਕ ਵਿੱਚ ਜਮ੍ਹਾਂ ਕਰਵਾ ਦਿਆਂਗੇ ਕਿ ਸੰਗਤਾਂ ਦਾ ਚੜ੍ਹਾਵਾ ਹੈ।” ਇਹ ਕਹਿੰਦੇ ਹੋਏ ਉਸ ਨੇ ਬਾਬਾ ਜੀ ਵੱਲ ਦੇਖਿਆ ਜਿਵੇਂ ਉਨ੍ਹਾਂ ਤੋਂ ਸ਼ਾਬਾਸ਼ ਲੈਣੀ ਚਾਹੁੰਦਾ ਹੋਵੇ।

ਕਿਰਪਾਲ ਦੀ ਸਾਰੀ ਗੱਲ ਸਮਝ ਕੇ ਬਾਬਾ ਜੀ ਦੇ ਚਿਹਰੇ ’ਤੇ ਰੌਣਕ ਆ ਗਈ। ਉਹ ਕਿਰਪਾਲ ਦੀ ਪਿੱਠ ’ਤੇ ਥਾਪੜਾ ਦਿੰਦੇ ਕਹਿਣ ਲੱਗੇ, “ਵਾਰੇ ਜਾਈਏ ਤੇਰੇ ਦਿਮਾਗ਼ ਦੇ। ਤਾਂ ਹੀ ਅਮਰੀਕਾ ਵਿੱਚ ਗੋਰਿਆਂ ਨੂੰ ਅੱਗੇ ਲਾ ਕੇ ਰੱਖਿਆ ਹੈ।”

ਕਿਰਪਾਲ ਨੇ ਖੁਸ਼ ਹੋ ਕੇ ਬਾਬਾ ਜੀ ਦੇ ਗੋਡੇ ਹੱਥ ਲਾਉਂਦੇ ਕਿਹਾ, “ਬਾਬਾ ਜੀ, ਤੁਹਾਡੀ ਕਿਰਪਾ ਦ੍ਰਿਸ਼ਟੀ ਚਾਹੀਦੀ ਹੈ। ਇੱਕ ਕੰਮ ਹੋਰ ਕਰਨੈ।”

ਬਾਬਾ ਜੀ ਨੇ ਕਿਰਪਾਲ ਦੇ ਚਿਹਰੇ ਵੱਲ ਦੇਖਿਆ ਹੀ, ਪਰ ਬੋਲੇ ਕੁਝ ਨਾ।

“ਜਦੋਂ ਇਹ ਵਿਆਹਾਂ ਵਾਲਾ ਕੰਮ ਹੋਇਆ ਤਾਂ ਉਸੇ ਦਿਨ ਸੁਪਰ ਮਾਰਕੀਟ ਵਾਲੀ ਸਕੀਮ ਦਾ ਐਲਾਨ ਕਰਨਾ ਹੈ। ਇਹ ਵੀ ਕਹਿ ਦੇਣਾ ਕਿ ਇਸ ਪ੍ਰਾਜੈਕਟ ਦਾ ਸਾਰਾ ਖਰਚਾ ਸੰਗਤਾਂ ਦੇ ਚੜ੍ਹਾਵੇ ਵਿੱਚੋਂ ਕੀਤਾ ਜਾ ਰਿਹਾ ਹੈ। ਸੰਗਤਾਂ ਦੀ ਇਹ ਅਮਾਨਤ ਸਾਡੇ ਕੋਲ ਸਾਂਭੀ ਪਈ ਸੀ। ਹੁਣ ਇਹ ਅਮਾਨਤ ਆਮ ਲੋਕਾਂ ਦੇ ਭਲੇ ਲਈ ਹੀ ਖਰਚੀ ਜਾ ਰਹੀ ਹੈ। ਸੁਪਰ ਮਾਰਕੀਟ ਵਿੱਚੋਂ ਸਭ ਨੂੰ ਸਸਤਾ ਅਤੇ ਸਾਫ਼ ਸੁਥਰਾ ਸਾਮਾਨ ਮਿਲੇਗਾ। ਇਸ ਕੰਮ ਲਈ ਸੰਗਤਾਂ ਨੂੰ ਹੋਰ ਚੜ੍ਹਾਵਾ ਦੇਣ ਦੀ ਜ਼ਰੂਰਤ ਨਹੀਂ।” ਕਿਰਪਾਲ ਨੇ ਇਹ ਗੱਲ ਬੜੀ ਘੋਟ ਕੇ ਕਹੀ।

“ਉਹ ਕਿਉਂ?” ਬਾਬਾ ਜੀ ਨੇ ਹੈਰਾਨ ਹੋ ਕੇ ਕਿਹਾ।

“ਬਾਬਾ ਜੀ, ਇਹ ਸੁਣ ਕੇ ਸ਼ਰਧਾਲੂ ਚੜ੍ਹਾਵਾ ਜ਼ਰੂਰ ਚੜ੍ਹਾਉਣਗੇ ਅਤੇ ਨਾਲੇ ਇਹ ਖ਼ਬਰਾਂ ਮੀਡੀਆ ਵਿੱਚ ਵੀ ਆ ਜਾਣਗੀਆਂ ਕਿ ਬਾਬਾ ਜੀ ਡੇਰੇ ਦਾ ਪੈਸਾ ਲੋਕਾਂ ਲਈ ਹੀ ਖਰਚ ਕਰ ਰਹੇ ਹਨ। ਇਸ ਤਰ੍ਹਾਂ ਕੋਈ ਸਰਕਾਰੀ ਏਜੰਸੀ ਛੇਤੀ ਕਿਤੇ ਡੇਰੇ ਵੱਲ ਮੂੰਹ ਨਹੀਂ ਕਰਨ ਲੱਗੀ। ਜਿਹੜੇ ਤੁਹਾਡੇ ਵਿਰੁੱਧ ਵੀ ਬੋਲਦੇ ਹਨ, ਉਹ ਵੀ ਚੁੱਪ ਕਰ ਜਾਣਗੇ। ਆਪਾਂ ਜਲਦੀ-ਜਲਦੀ ਜ਼ਮੀਨ ਦੀ ਰਜਿਸਟਰੀ ਦਾ ਕੰਮ ਵੀ ਕਰ ਲੈਂਦੇ ਹਾਂ। ਸੁਪਰ ਮਾਰਕੀਟ ਦਾ ਨਕਸ਼ਾ ਵੀ ਬਣਵਾ ਕੇ ਪਾਸ ਕਰਵਾ ਲੈਂਦੇ ਹਾਂ ਤਾਂ ਜੋ ਜਿੰਨੀ ਜਲਦੀ ਹੋ ਸਕੇ ਉਸਾਰੀ ਦਾ ਕੰਮ ਸ਼ੁਰੂ ਹੋ ਸਕੇ।” ਕਿਰਪਾਲ ਨੇ ਆਪਣੀ ਸਕੀਮ ਦੇ ਪੂਰੇ ਭੇਦ ਖੋਲ੍ਹਦਿਆਂ ਕਿਹਾ।

“ਤੇਰੀਆਂ ਸਾਰੀਆਂ ਗੱਲਾਂ ਮੈਨੂੰ ਜਚ ਗਈਆਂ।” ਬਾਬਾ ਜੀ ਨੇ ਪਲੇਟ ਵਿੱਚੋਂ ਕੁਝ ਬਦਾਮ ਚੁੱਕ ਕੇ ਮੂੰਹ ਵਿੱਚ ਪਾਉਂਦਿਆਂ ਕਿਹਾ। ਫੇਰ ਅਚਾਨਕ ਜਿਵੇਂ ਉਨ੍ਹਾਂ ਨੂੰ ਕੋਈ ਗੱਲ ਯਾਦ ਆ ਗਈ ਹੋਵੇ। “ਇਸ ਸਾਮਾਨ ਦਾ ਕੀ ਕਰੀਏ?”

“ਇਸ ਦਾ ਇਲਾਜ ਵੀ ਸੋਚ ਲਿਆ।”

ਬਾਬਾ ਜੀ ਨੇ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਦੇਖਿਆ।

“ਤੁਹਾਡੀ ਰਿਹਾਇਸ਼ ਦੇ ਹੇਠਾਂ ਇੱਕ ਵੱਡੀ ਬੇਸਮੈਂਟ ਸ਼ਾਇਦ ਖਾਲੀ ਹੀ ਪਈ ਹੈ। ਕੁਝ ਸਮੇਂ ਲਈ ਸਾਰਾ ਸਾਮਾਨ ਉੱਥੇ ਰੱਖ ਦਿੰਦੇ ਹਾਂ। ਦਰਵਾਜ਼ੇ ’ਤੇ ਵੱਡਾ ਸ਼ੀਸ਼ਾ ਲਗਵਾ ਦਿੰਦੇ ਹਾਂ ਅਤੇ ਉੱਥੇ ਲਿਖਵਾ ਦਿੰਦੇ ਹਾਂ ਕਿ ਇਹ ਸਾਰਾ ਸਾਮਾਨ ਸ਼ਰਧਾਲੂਆਂ ਨੇ ਬਾਬਾ ਜੀ ਨੂੰ ਭੇਟ ਕੀਤਾ ਹੋਇਆ ਹੈ। ਬਾਬਾ ਜੀ ਨੇ ਉਨ੍ਹਾਂ ਦੇ ਪਿਆਰ ਨੂੰ ਦੇਖਦੇ ਹੋਏ ਇਹ ਸਾਰਾ ਸਾਮਾਨ ਸਾਂਭ ਕੇ ਰੱਖ ਦਿੱਤਾ ਹੈ। ਆਪਾਂ ਸਾਧਾਰਨ ਜਿਹਾ ਸਾਮਾਨ ਇੱਥੇ ਰੱਖ ਦਿੰਦੇ ਹਾਂ। ਜਦੋਂ ਰੌਲਾ-ਗੌਲਾ ਖਤਮ ਹੋ ਗਿਆ, ਫੇਰ ਉੱਪਰ ਲੈ ਆਵਾਂਗੇ।”

“ਤੇਰੀ ਇਹ ਗੱਲ ਵੀ ਜਚ ਗਈ?” ਬਾਬਾ ਜੀ ਨੇ ਕੁਝ ਹੋਰ ਬਦਾਮ ਅਤੇ ਅਖ਼ਰੋਟ ਮੂੰਹ ਵਿੱਚ ਪਾਉਂਦਿਆਂ ਕਿਹਾ। ਅਸਲ ਵਿੱਚ ਕਈ ਦਿਨਾਂ ਬਾਅਦ ਉਨ੍ਹਾਂ ਦਾ ਮਨ ਕੁਝ ਆਪ ਖਾਣ ਨੂੰ ਕੀਤਾ ਸੀ। ਕਈ ਦਿਨਾਂ ਤੋਂ ਤਾਂ ਉਹ ਖਾ ਨਹੀਂ ਸੀ ਰਹੇ, ਬਸ ਥੋੜ੍ਹਾ ਬਹੁਤ ਅੰਦਰ ਲੰਘਾ ਰਹੇ ਸਨ।

“ਬਾਬਾ ਜੀ, ਜੇ ਮੇਰੀ ਮੰਨੋ ਤਾਂ ਇੱਕ ਕੰਮ ਹੋਰ ਵੀ ਕਰੋ।”

ਬਾਬਾ ਜੀ ਨੇ ਸਵਾਲੀਆ ਨਜ਼ਰਾਂ ਨਾਲ ਕਿਰਪਾਲ ਸਿੰਘ ਵੱਲ ਦੇਖਿਆ।

“ਹੁਣ ਤਾਂ ਤੁਹਾਡੀ ਰਿਹਾਇਸ਼ ਵਿੱਚ ਕੁਝ ਗਿਣਵੇਂ-ਚੁਣਵੇਂ ਲੋਕ ਹੀ ਆ ਸਕਦੇ ਹਨ। ਜਦੋਂ ਆਪਾਂ ਇਹ ਕੀਮਤੀ ਸਾਮਾਨ ਇੱਥੋਂ ਚੁਕਵਾ ਦਿੱਤਾ ਤਾਂ ਰੋਜ਼ਾਨਾ ਜਿਹੜੇ ਸ਼ਰਧਾਲੂ ਡੇਰੇ ਵਿੱਚ ਆਪ ਜੀ ਦੇ ਦਰਸ਼ਨ ਲਈ ਆਉਂਦੇ ਹਨ, ਉਨ੍ਹਾਂ ਨੂੰ ਨਿਸ਼ਚਿਤ ਕੀਤੇ ਸਮੇਂ ਦੌਰਾਨ ਆਪ ਜੀ ਦੀ ਰਿਹਾਇਸ਼ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿਓ।”

“ਉਸ ਦਾ ਕੀ ਫਾਇਦਾ ਹੋਵੇਗਾ?” ਬਾਬਾ ਜੀ ਨੇ ਹੈਰਾਨੀ ਨਾਲ ਪੁੱਛਿਆ ਜਿਵੇਂ ਉਨ੍ਹਾਂ ਨੂੰ ਇਹ ਗੱਲ ਸਮਝ ਨਾ ਆਈ ਹੋਵੇ।

“ਮਹਾਰਾਜ, ਬੜੀ ਸਿੱਧੀ ਗੱਲ ਹੈ। ਜਦੋਂ ਸੰਗਤਾਂ ਦੇਖਣਗੀਆਂ ਕਿ ਕੀਮਤੀ ਸਾਮਾਨ ਹੇਠਾਂ ਸੰਭਾਲ ਕੇ ਰੱਖਿਆ ਪਿਆ ਹੈ ਅਤੇ ਆਪ ਤੁਸੀਂ ਮਾਮੂਲੀ ਜਿਹਾ ਸਾਮਾਨ ਹੀ ਆਪਣੀ ਵਰਤੋਂ ਲਈ ਰੱਖਿਆ ਹੋਇਆ ਹੈ ਤਾਂ ਤੁਹਾਡੀ ਸ਼ੋਭਾ ਹੋਰ ਵਧੇਗੀ। ਆਪਾਂ ਅਖ਼ਬਾਰਾਂ ਵਾਲਿਆਂ ਅਤੇ ਚੈਨਲ ਵਾਲਿਆਂ ਦਾ ਚੱਕਰ ਵੀ ਲਵਾ ਦੇਵਾਂਗੇ। ਸੁਪਰ ਮਾਰਕੀਟ ਦੀ ਸਕੀਮ ਅਤੇ ਸ਼ਰਧਾਲੂਆਂ ਦੇ ਆਪ ਜੀ ਦੀ ਰਿਹਾਇਸ਼ ਦੇ ਅੰਦਰ ਆਉਣ ਨਾਲ ਆਪ ਦੀ ਧੰਨ-ਧੰਨ ਹੋਵੇਗੀ।” ਕਿਰਪਾਲ ਸਿੰਘ ਨੇ ਸਮਝਾਉਣ ਦੇ ਲਹਿਜੇ ਵਿੱਚ ਕਿਹਾ।

“ਕਿਰਪਾਲ ਸਿੰਹਾਂ, ਤੇਰੇ ਵਰਗੇ ਸ਼ਰਧਾਲੂਆਂ ’ਤੇ ਮੈਨੂੰ ਮਾਣ ਹੈ। (ਕੁਝ ਸੋਚਦੇ ਹੋਏ) ਪਰ ਇਹ ਦੱਸ ਇਸ ਵਾਰ ਤੇਰਾ ਪ੍ਰੋਗਰਾਮ ਅਚਾਨਕ ਕਿਵੇਂ ਬਣ ਗਿਆ? ਅੱਗੇ ਤਾਂ ਹਮੇਸ਼ਾਂ ਆਉਣ ਤੋਂ ਪਹਿਲਾਂ ਫੋਨ ਕਰਦਾ ਹੁੰਦੈ?”

“ਅਸਲ ਵਿੱਚ ਬਾਬਾ ਜੀ, ਪੰਜਾਬ ਵਿੱਚ ਇੱਕ ਵੱਡਾ ਪ੍ਰਾਜੈਕਟ ਲਾਉਣ ਦਾ ਪ੍ਰੋਗਰਾਮ ਬਣ ਰਿਹੈਂ। ਉਸ ਲਈ ਕੁਝ ਅਫ਼ਸਰਾਂ ਨਾਲ ਗੱਲਬਾਤ ਕਰਨੀ ਸੀ ਅਤੇ ਤੁਹਾਡਾ ਆਸ਼ੀਰਵਾਦ ਵੀ ਲੈਣਾ ਸੀ।” ਕਿਰਪਾਲ ਨੇ ਬੜੀ ਸ਼ਰਧਾ ਨਾਲ ਬਾਬਾ ਜੀ ਦੇ ਗੋਡੇ ਫੜਦਿਆਂ ਕਿਹਾ।

“ਕਿਸੇ ਮੰਤਰੀ ਨੂੰ ਕਹਿਣਾ ਐ ਕੁਝ!” ਬਾਬਾ ਜੀ ਨੇ ਪੁੱਛਿਆ।

“ਬਾਬਾ ਜੀ, ਤੁਹਾਡੀ ਕਿਰਪਾ ਨਾਲ ਅਜੇ ਤਾਂ ਸਭ ਠੀਕ ਹੀ ਹੈ। ਆਹ ਵਿੱਤ ਮੰਤਰੀ ਕੁਝ ਅੜਚਨ ਲਾ ਰਿਹਾ ਹੈ, ਸਬਸਿਡੀ ਦੇਣ ਨੂੰ ਪੱਲਾ ਨਹੀਂ ਫੜਾ ਰਿਹਾ।” ਕਿਰਪਾਲ ਨੇ ਕੰਮ ਦੀ ਗੱਲ ਕਰਦਿਆਂ ਕਿਹਾ।

“ਉਹ ਤਾਂ ਮੇਰੇ ਕੋਲ ਪਰਸੋਂ ਨੂੰ ਆ ਰਿਹੈ। ਤੂੰ ਵੀ ਆ ਜਾਵੀਂ। ਤੇਰੇ ਸਾਹਮਣੇ ਹੀ ਕਹਿ ਦਿਆਂਗਾ।” ਬਾਬਾ ਜੀ ਨੇ ਕਿਰਪਾਲ ਨੂੰ ਹੌਸਲਾ ਦਿੰਦਿਆਂ ਕਿਹਾ।

ਕਿਰਪਾਲ ਕੁਝ ਸੋਚਦਾ ਹੋਇਆ ਕਹਿਣ ਲੱਗਿਆ, “ਅਜੇ ਤਾਂ ਤੁਸੀਂ ਹੀ ਉਸ ਦੇ ਕੰਨਾਂ ਵਿੱਚੋਂ ਕੱਢ ਦਿਓ। ਉਸ ਨੂੰ ਸਾਰਾ ਕੇਸ ਯਾਦ ਹੈ। ਬਾਅਦ ਵਿੱਚ ਮੈਂ ਉਸ ਨੂੰ ਮਿਲ ਲਵਾਂਗਾ। ਫੇਰ ਦੇਖਾਂਗੇ ਕੀ ਕਹਿੰਦਾ ਹੈ?”

“ਕਹਿਣਾ ਕੀ ਹੈ ਉਸ ਨੇ। ਉਸ ਦਾ ਕੰਨ ਫੜ ਕੇ ਤੇਰਾ ਕੰਮ ਕਰਵਾਵਾਂਗਾ। ਤੇਰਾ ਕੰਮ ਨਹੀਂ ਹੋਊ ਤਾਂ ਹੋਰ ਕਿਸ ਦਾ ਹੋਊ?”

ਕਿਰਪਾਲ ਨੇ ਉੱਠਦੇ ਹੋਏ ਬਾਬਾ ਜੀ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ, “ਮਹਾਰਾਜ, ਤੁਹਾਡਾ ਤਾਂ ਸਾਨੂੰ ਰੱਬ ਵਰਗਾ ਆਸਰਾ ਹੀ ਨਹੀਂ, ਤੁਸੀਂ ਤਾਂ ਸਾਡੇ ਲਈ ਰੱਬ ਹੀ ਹੋ। ਜੇ ਵਿੱਤ ਮੰਤਰੀ ਮੰਨ ਗਿਆ, ਫੇਰ ਕਿਸੇ ਨੇ ਆਪਣੇ ਕੰਮ ਵਿੱਚ ਰੋੜਾ ਨਹੀਂ ਅਟਕਾਉਣਾ।”

“ਕਿਰਪਾਲ, ਇੱਕ ਗੱਲ ਯਾਦ ਰੱਖ, ਸਾਡੇ ਬੈਠੇ ਤੁਹਾਡੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ। ਇਹ ਮੰਤਰੀ ਸੰਤਰੀ ਆਪਣੇ ਤੋਂ ਬਾਹਰ ਨਹੀਂ ਜਾ ਸਕਦੇ। ਤੂੰ ਬੇਫਿਕਰ ਹੋ ਜਾ। ਉਹ ਆਪ ਫੋਨ ਕਰਕੇ ਤੈਨੂੰ ਬੁਲਾਏਗਾ?” ਬਾਬਾ ਜੀ ਨੇ ਖੜ੍ਹੇ ਹੋ ਕੇ ਉਸ ਦੀ ਪਿੱਠ ’ਤੇ ਹੱਥ ਫੇਰਦਿਆਂ ਕਿਹਾ।

ਥੋੜ੍ਹੇ ਦਿਨਾਂ ਵਿੱਚ ਹੀ ਬਾਬਾ ਜੀ ਦੀ ਰਿਹਾਇਸ਼ ਦੀ ਸਜਾਵਟ ਜਿਹੜੀ ਪਹਿਲਾਂ ਮਹਿਲਾਂ ਵਰਗੀ ਸੀ, ਉਹ ਸਾਧਾਰਨ ਜਿਹੇ ਘਰ ਵਰਗੀ ਬਣਾ ਦਿੱਤੀ ਗਈ। ਬਾਬਾ ਜੀ ਨੇ ਇਕਵੰਜਾ ਕੁੜੀਆਂ ਦੇ ਵਿਆਹ ਮੌਕੇ ਹਰ ਵਿਆਹੇ ਜੋੜੇ ਨੂੰ ਇੱਕ-ਇੱਕ ਲੱਖ ਰੁਪਏ ਨਕਦ ਦਿੱਤੇ ਅਤੇ ਦਸ ਲੱਖ ਰੁਪਏ ਸੁਪਰ ਮਾਰਕੀਟ ਵਿੱਚ ਦੁਕਾਨ ਦੀ ਹਿੱਸੇਦਾਰੀ ਦੇ ਤੌਰ ’ਤੇ ਦੇਣ ਦਾ ਐਲਾਨ ਕੀਤਾ। ਬਾਬਾ ਜੀ ਨੇ ਇਹ ਵੀ ਦੱਸਿਆ ਕਿ ਸੁਪਰ ਮਾਰਕੀਟ ’ਤੇ ਹੋਣ ਵਾਲਾ ਖਰਚਾ ਸੰਗਤਾਂ ਵੱਲੋਂ ਭੇਟਾ ਕੀਤੇ ਜਾ ਚੁੱਕੇ ਚੜ੍ਹਾਵੇ ਵਿੱਚੋਂ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਸੰਗਤਾਂ ਹੋਰ ਚੜ੍ਹਾਵਾ ਨਾ ਚੜ੍ਹਾਉਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰੋਜ਼ਾਨਾ ਡੇਰੇ ਵਿੱਚ ਜੋ ਸੰਗਤਾਂ ਆਉਂਦੀਆਂ ਹਨ ਉਨ੍ਹਾਂ ਨੂੰ ਦਿਨ ਵਿੱਚ ਇੱਕ ਵਾਰ ਉਨ੍ਹਾਂ ਦੀ ਕੁਟੀਆ ਵਿੱਚ ਜਾਣ ਦੀ ਆਗਿਆ ਹੋਵੇਗੀ।

ਸ਼ਰਧਾਲੂ, ਬਾਬਾ ਜੀ ਦੀ ਪਵਿੱਤਰ ਕੁਟੀਆ ਦੇ ਦਰਸ਼ਨ ਕਰਕੇ ਨਿਹਾਲ ਹੋਣ ਲੱਗੇ। ਕੁਟੀਆ ਦੇ ਹੇਠਾਂ ਬਣੀ ਬੇਸਮੈਂਟ ਵਿੱਚ ਕੀਮਤੀ ਸਾਮਾਨ ਪਿਆ ਦੇਖ ਬਾਬਾ ਜੀ ਦੇ ਸ਼ਰਧਾਲੂ ਧੰਨ ਹੋ ਗਏ। ਬੋਰਡ ’ਤੇ ਇਹ ਵੀ ਲਿਖਿਆ ਹੋਇਆ ਸੀ ਕਿ ਸੰਗਤਾਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀ ਕੀਮਤੀ ਸਾਮਾਨ ਬਾਬਾ ਜੀ ਦੀ ਵਰਤੋਂ ਲਈ ਨਾ ਲਿਆਂਦਾ ਜਾਵੇ। ਸ਼ਰਧਾਲੂ ਕੀਮਤੀ ਸਾਮਾਨ ਨੂੰ ਹੀ ਮਾਇਆ ਦਾ ਮੱਥਾ ਟੇਕਣ ਲੱਗੇ।

ਕੁਟੀਆ ਤੋਂ ਬਾਹਰ ਆ ਰਹੇ ਮਰਦ ਇੱਕ ਦੂਜੇ ਨੂੰ ਕਹਿੰਦੇ, “ਭਲਾ ਬਾਬਾ ਜੀ ਤੋਂ ਵੱਡਾ ਹੋਰ ਕਿਹੜਾ ਰੱਬ ਹੋਊ?” ਬੀਬੀਆਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੁੰਦੀਆਂ ਅਤੇ ਭਰੜਾਈ ਆਵਾਜ਼ ਵਿੱਚ ਕਹਿੰਦੀਆਂ, “ਹਾਏ ਵਿਚਾਰੇ ਬਾਬਾ ਜੀ, ਸਭ ਕੁਝ ਹੁੰਦੇ ਹੋਏ ਵੀ ਕਿਵੇਂ ਆਮ ਆਦਮੀਆਂ ਵਰਗੀ ਜ਼ਿੰਦਗੀ ਜੀ ਰਹੇ ਨੇ। ਸਾਦਾ ਰਹਿਣਾ ਤਾਂ ਕੋਈ ਇਨ੍ਹਾਂ ਤੋਂ ਸਿੱਖੇ।”
ਸੰਪਰਕ: 001-604-369-2371



News Source link
#ਹਏ #ਵਚਰ #ਬਬ #ਜ

- Advertisement -

More articles

- Advertisement -

Latest article