33.7 C
Patiāla
Sunday, May 19, 2024

ਗੁਨਾਹ

Must read


ਸੁਰਿੰਦਰ ਗੀਤ

ਮਾਂ ਦੀ ਬਿਮਾਰੀ ਸੁਣ ਕੇ ਮੈਨੂੰ ਨਵੰਬਰ ਮਹੀਨੇ ਵਿੱਚ ਭਾਰਤ ਜਾਣਾ ਪਿਆ। ਮਾਂ ਨੂੰ ਅਸੀਂ ਬੀਬੀ ਆਖਿਆ ਕਰਦੇ ਸਾਂ।

ਦਿਨ ਢਲੇ ਜਿਹੇ ਬੀਬੀ ਦੀ ਤਬੀਅਤ ਕੁਝ ਖ਼ਰਾਬ ਹੋ ਗਈ। ਸੋਚਿਆ ਮੰਡੀ ਜਾ ਕੇ ਦਵਾਈ ਲੈ ਹੀ ਆਉਂਦੇ ਹਾਂ। ਕਾਰ ’ਤੇ ਮਸਾਂ ਪੰਦਰਾਂ ਵੀਹ ਮਿੰਟ ਲੱਗਦੇ ਨੇ। ਮੈਂ ਮੱਖਣ ਨੂੰ ਕਾਰ ਕੱਢਣ ਲਈ ਕਿਹਾ। ਮੱਖਣ ਉਨ੍ਹਾਂ ਦਿਨਾਂ ਵਿੱਚ ਸਾਡੀ ਕਾਰ ਚਲਾਇਆ ਕਰਦਾ ਸੀ। ਕਈ ਲੋਕ ਉਸ ਨੂੰ ਡਰਾਈਵਰ ਆਖਦੇ, ਪਰ ਅਸੀਂ ਕਦੇ ਉਸ ਨੂੰ ਡਰਾਈਵਰ ਨਹੀਂ ਸੀ ਸਮਝਿਆ। ਸਮਝਦੇ ਵੀ ਕਿਉਂ ? ਪਿੰਡੋਂ ਘਰਾਂ ’ਚੋਂ ਹੀ ਸੀ। ਅੱਜਕੱਲ੍ਹ ਜ਼ਿਮੀਂਦਾਰਾਂ ਦੇ ਘਰਾਂ ਵਿੱਚ ਗ਼ਰੀਬੀ ਆਈ ਹੋਈ ਹੈ। ਵਿਚਾਰਿਆਂ ਨੂੰ ਕੁਝ ਚੰਗੇ ਘਰਾਂ ਵਿੱਚ ਅਜਿਹੇ ਮਾੜੇ ਮੋਟੇ ਕੰਮ ਕਰਨੇ ਪੈਂਦੇ ਹਨ, ਜਾਂ ਕਹਿ ਲਵੋ ਜ਼ਿਮੀਂਦਾਰਾਂ ਦੇ ਘਰਾਂ ਵਿੱਚ ਹੀ ਸ਼ੀਰੀ ਰਲਣਾ ਪੈਂਦਾ ਹੈ।

“ਚੱਲ ਛੇਤੀ ਕਰ ਮੱਖਣ, ਨ੍ਹੇਰਾ ਹੋਣ ਵਾਲਾ ਹੈ। ਬੀਬੀ ਵਾਸਤੇ ਦਵਾਈ ਲਿਆਉਣੀ ਪੈਣੀ ਹੈ। ਨਹੀਂ ਤਾਂ ਬੀਬੀ ਨੇ ਸਾਰੀ ਰਾਤ ਸੌਣਾ ਨਹੀਂ।’’

ਡਾਕਟਰ ਤੋਂ ਪੁੱਛ ਲਿਆ ਸੀ। ਉਸ ਨੇ ਆਉਣ ਲਈ ਕਹਿ ਦਿੱਤਾ ਸੀ। ਮੁੱਕਦੀ ਗੱਲ ਮੈਂ ਤੇ ਮੱਖਣ ਦਿਨ ਦੇ ਛਿਪਾ ਨਾਲ ਮੰਡੀ ਜਾਣ ਲਈ ਤਿਆਰ ਹੋ ਗਏ। ਡਰ ਜਿਹਾ ਤਾਂ ਲੱਗਦਾ ਸੀ, ਪਰ ਵਿੱਚੋਂ ਹੀ ਬਾਈ ਦਰਸ਼ਨ ਬੋਲ ਪਿਆ, “ਕੋਈ ਡਰ ਨਹੀਂ ਆਪਣੇ ਪਿੰਡਾਂ ਵਿੱਚ, ਜੇ ਜਾਣਾ ਹੈ ਤਾਂ ਹੁਣੇ ਹੀ ਤੁਰ ਪਵੋ।’’

“ਚਲੋ ਮੈਂ ਵੀ ਚੱਲਦਾਂ ਤੁਹਾਡੇ ਨਾਲ, ਗਏ ਤੇ ਆਏ ਕਹਿ ਕੇ ਉਹ ਵੀ ਕਾਰ ਵਿੱਚ ਬੈਠ ਗਿਆ।’’ ਬਾਈ ਦਰਸ਼ਨ ਨਾਲ ਸਾਡੀ ਕੰਧ ਸਾਂਝੀ ਸੀ।

ਕੁਝ ਹੀ ਮਿੰਟਾਂ ਵਿੱਚ ਸਾਡੀ ਕਾਰ ਸ਼ਹਿਰ ਵਾਲੀ ਸੜਕ ’ਤੇ ਜਾ ਰਹੀ ਸੀ। ਸੂਰਜ ਤਕਰੀਬਨ ਤਕਰੀਬਨ ਛਿਪਣ ਵਾਲਾ ਸੀ। ਕੁਝ ਹੀ ਮਿੰਟਾਂ ਵਿੱਚ ਨ੍ਹੇਰਾ ਹੋ ਜਾਣਾ ਸੀ। ਝੋਨਾ ਵੱਢਿਆ ਜਾ ਚੁੱਕਾ ਸੀ। ਹੁਣ ਕਿਸਾਨ ਝੋਨੇ ਦੇ ਖਾਲੀ ਹੋਏ ਖੇਤਾਂ ਵਿੱਚ ਪਰਾਲੀ ਸਾੜ ਰਹੇ ਸਨ। ਪਿੰਡ ਦੀ ਇਸ ਲਿੰਕ ਸੜਕ ’ਤੇ ਕਾਰ ਵਿੱਚ ਬੈਠਿਆਂ ਖੇਤਾਂ ਵਿੱਚ ਕੰਮ ਕਰਦੇ ਜੱਟਾਂ ਦੇ ਲਲਕਰੇ ਸਾਫ਼ ਸੁਣਾਈ ਦਿੰਦੇ ਸਨ।

“ਭੈਣ ਆਪਣੇ ਪਿੰਡਾਂ ਵਿੱਚ ਡਰ ਤਾਂ ਕੋਈ ਨਹੀਂ, ਆਹ ਨਸ਼ੇ ਪੱਤੇ ਆਲੇ ਲੁੱਟ ਖੋਹ ਕਰਦੇ ਹਨ। ਪਰਸੋਂ ਬੱਧਨੀ ਆਲੀ ਸੜਕ ’ਤੇ ਆਪਣੇ ਪਿੰਡੋਂ ਪਾਪੜ ਵੇਚ ਕੇ ਜਾਂਦੇ ਬੰਦੇ ਤੋਂ ਪੈਸੇ ਤੇ ਮੋਬਾਈਲ ਖੋਹ ਲਿਆ।’’ ਬਾਈ ਦਰਸ਼ਨ ਨੇ ਚੁੱਪ ਤੋੜਦਿਆਂ ਕਿਹਾ।

“ਕੌਣ ਸਨ?’’ ਮੈਂ ਸਹਿਮੀ ਜਿਹੀ ਆਵਾਜ਼ ਵਿੱਚ ਪੁੱਛਿਆ।

“ਕਹਿੰਦੇ ਆ ਨਾਲ ਦੇ ਪਿੰਡੋਂ ਹੀ ਸੀ।’’ ਬਾਈ ਹਉਕਾ ਜਿਹਾ ਲੈ ਕੇ ਬੋਲਿਆ।

ਉਸ ਨੇ ਗੱਲ ਮੁਕਾਈ ਹੀ ਸੀ ਕਿ ਮੇਰੀ ਚੀਕ ਜਿਹੀ ਨਿਕਲ ਗਈ, “ਵੇ ਰੋਕੀਂ ! ਰੋਕੀਂ ! ਕੁੜੀ ਏਨੇ ਨ੍ਹੇਰੇ ਇਕੱਲੀ ਤੁਰੀ ਜਾਂਦੀ ਆ!’’

ਮੈਂ ਵੇਖ ਲਿਆ ਸੀ ਕਿ ਕੁੜੀ ਨੇ ਭਾਰਾ ਬੈਗ ਚੁੱਕਿਆ ਹੋਇਆ ਸੀ। ਇਹ ਓਹੋ ਹੀ ਕੁੜੀ ਸੀ ਜਿਸ ਨੂੰ ਮੈਂ ਦਿਨੇ ਪਿੰਡ ਵਿੱਚ ਕਿਸੇ ਕੰਪਨੀ ਦਾ ਮਾਲ ਵੇਚਦਿਆਂ ਵੇਖਿਆ ਸੀ। ਉਹ ਸਾਡੇ ਘਰ ਵੀ ਆਈ ਸੀ, ਐਲੋਵੇਰਾ ਜੂਸ ਤੇ ਹੋਰ ਨਿੱਕ ਸੁੱਕ ਵੇਚਣ ਲਈ। ਉਨੀ-ਵੀਹ ਸਾਲ ਦੀ ਸੋਹਣੀ ਸੁਨੱਖੀ ਮੁਟਿਆਰ। ਸਾਦਾ ਜਿਹਾ ਸਲਵਾਰ ਕਮੀਜ਼ ਤੇ ਪੈਰਾਂ ਵਿੱਚ ਫੀਤੀਆਂ ਵਾਲੇ ਬੂਟ। ਏਸ ਵੇਲੇ ਉਸ ਦਾ ਸੜਕ ’ਤੇ ਇਕੱਲਿਆਂ ਜਾਣਾ ਬਹੁਤ ਹੀ ਓਪਰਾ ਜਿਹਾ ਤਾਂ ਕੀ, ਖ਼ਤਰਨਾਕ ਵੀ ਲੱਗਦਾ ਸੀ।

ਕੁਝ ਵੀ ਹੋ ਸਕਦਾ ਹੈ ਇਸ ਕੁੜੀ ਨਾਲ! ਇਹ ਸੋਚ ਕੇ ਮੈਂ ਬੇਹੋਸ਼ ਹੋਣ ਵਾਲੀ ਹੋ ਗਈ। ਦਿਨੇ ਜਦੋਂ ਉਹ ਸਾਡੇ ਘਰ ਸਾਮਾਨ ਵੇਚਣ ਆਈ ਸੀ ਤਾਂ ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਸੀ ਕਿ ਉਸ ਦਾ ਘਰ ਮੰਡੀ ਵਿੱਚ ਹੈ। ਏਨੀ ਦੂਰ ਰਾਤ ਨੂੰ ਸੁੰਨੇ ਰਾਹਾਂ ’ਤੇ ਮੁਟਿਆਰ ਕੁੜੀ ਦਾ ਜਾਣਾ ਠੀਕ ਨਹੀਂ। ਮੈਂ ਡੂੰਘੀਆਂ ਸੋਚਾਂ ਵਿੱਚ ਡੁੱਬ ਗਈ। ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੀ ਸੋਚ ਦੁਆਲੇ ਘੁੰਮ ਰਹੇ ਸਨ ਕਿ ਸਾਡੀ ਕਾਰ ਰੁਕ ਗਈ। ਕਾਰ ਸੀ ਰੁਕਦਿਆਂ ਰੁਕਦਿਆਂ ਦੋ ਕੁ ਕਿਲੇ ਅਗਾਂਹ ਲੰਘ ਗਈ।

ਮੱਖਣ ਨੇ ਬਾਰੀ ਖੋਲ੍ਹੀ ਤੇ ਬਾਹਰ ਨਿਕਲ ਕੇ ਉੱਚੀ ਆਵਾਜ਼ ਵਿੱਚ ਕਿਹਾ, “ਆ ਜਾ ਪੁੱਤ!’’

ਪਰ ਕੁੜੀ ਦੀ ਤੋਰ ਵਿੱਚ ਭੋਰਾ ਵੀ ਫ਼ਰਕ ਨਾ ਪਿਆ। ਮੈਂ ਸਮਝ ਗਈ ਕਿ ਕੁੜੀ ਡਰ ਗਈ ਹੈ, ਸੋਚ ਰਹੀ ਹੈ ਕਿ ਮੈਂ ਨਹੀਂ ਬੈਠਣਾ ਕਾਰ ਵਿੱਚ। ਪਤਾ ਨ੍ਹੀਂ ਕੌਣ ਹਨ?

ਮੈਂ ਦੂਸਰੇ ਪਾਸੇ ਦੀ ਬਾਰੀ ਖੋਲ੍ਹ ਕੇ ਬਾਹਰ ਨਿਕਲ ਕੇ ਖੜ੍ਹ ਗਈ। ਕੁੜੀ ਨੇ ਜਿਵੇਂ ਹੀ ਮੈਨੂੰ ਦੇਖਿਆ ਉਹ ਦੌੜ ਕੇ ਸਾਡੇ ਕੋਲ ਆ ਗਈ। ਮੈਨੂੰ ਦੇਖ ਕੇ ਉਸ ਨੂੰ ਯਕੀਨ ਹੋ ਗਿਆ ਸੀ ਕਿ ਇਹ ਮੇਰੀ ਮਦਦ ਕਰਨ ਲਈ ਖੜ੍ਹੇ ਨੇ। ਨਾਲੇ ਦੁਪਹਿਰ ਦੇ ਸਮੇਂ ਉਹ ਮੈਨੂੰ ਮਿਲੀ ਵੀ ਤਾਂ ਸੀ। ਕੁੜੀ ਚੁੱਪ-ਚਾਪ ਮੇਰੇ ਨਾਲ ਕਾਰ ਦੀ ਪਿਛਲੀ ਸੀਟ ’ਤੇ ਬੈਠ ਗਈ।

ਕੁਝ ਠੰਢ ਵੀ ਸੀ। ਉਸ ਨੇ ਪਿੱਠ ਉੱਪਰ ਚੁੱਕਿਆ ਬੈਗ ਉਤਾਰ ਕੇ ਕਾਰ ਦੀ ਸੀਟ ’ਤੇ ਰੱਖਿਆ, ਚੁੰਨੀ ਨਾਲ ਆਪਣਾ ਮੂੰਹ ਪੂੰਝਿਆ। ਲੰਬਾ ਸਾਰਾ ਸਾਹ ਲਿਆ। ਆਪਣੇ ਦੁਆਲੇ ਲਪੇਟਿਆ ਸੂਤੀ ਜਿਹਾ ਸ਼ਾਲ ਲਾਹ ਕੇ ਕਾਰ ਦੀ ਸੀਟ ’ਤੇ ਰੱਖ ਲਿਆ। ਹੁਣ ਉਹ ਡਰ ਤੋਂ ਰਹਿਤ ਸੀ। ਉਸ ਨੂੰ ਪਤਾ ਸੀ ਕਿ ਉਹ ਸਹੀ ਸਲਾਮਤ ਘਰ ਪੁੱਜ ਜਾਵੇਗੀ।

ਬਾਈ ਦਰਸ਼ਨ ਤੋਂ ਰਿਹਾ ਨਾ ਗਿਆ। ਉਹ ਬੜੀ ਖਰਵੀਂ ਜਿਹੀ ਆਵਾਜ਼ ਵਿੱਚ ਕਹਿਣ ਲਗਾ, “ਭਾਈ ਆ ਕੋਈ ਵੇਲਾ ਆ ਰਾਹ ਪੈਣ ਦਾ। ਤੂੰ ਥੋੜ੍ਹਾ ਪਹਿਲਾਂ ਤੁਰ ਪੈਂਦੀ। ਮਾੜੇ ਵੇਲੇ ਆ, ਸੂਰਜ ਛਿਪੇ ਤਾਂ ਬੰਦਾ ਵੀ ਨ੍ਹੀਂ ਤੁਰਦਾ ਤੇ ਤੂੰ ਕਮਲੀਏ ਇਸ ਵੇਲੇ ਤੁਰ ਪਈ!’’

ਕੁੜੀ ਭਰੀ ਆਵਾਜ਼ ਵਿੱਚ ਬੋਲੀ, “ਅੱਜ ਮੇਰੀ ਬੱਸ ਲੰਘ ਗਈ ਸੀ, ਮੈਂ ਹੋਰ ਕੀ ਕਰਦੀ?’’

“ਅੱਛਾ। ਇਹ ਤਾਂ ਚੰਗੀ ਗੱਲ ਨਹੀਂ। ਤੇ ਹਾਂ ਹੁਣ ਤੂੰ ਪਹਿਲਾਂ ਆਪਣੇ ਦਫ਼ਤਰ ਜਾਣਾ ਹੋਣਾ ਹੈ ਦੱਸਣ ਲਈ ਕਿ ਤੂੰ ਪੁੱਜ ਗਈ ਹੈਂ।’’ ਮੈਂ ਪੁੱਛਿਆ।

ਅਸੀਂ ਮੰਡੀ ਕੋਲ ਪਹੁੰਚਣ ਹੀ ਵਾਲੇ ਸਾਂ।

ਕੁੜੀ ਆਖਣ ਲੱਗੀ, “ਏਸ ਵੇਲੇ ਤਾਂ ਓਥੇ ਕੋਈ ਵੀ ਨਹੀਂ ਹੋਣਾ। ਤੁਸੀਂ ਮੈਨੂੰ ਮੇਰੇ ਘਰ ਛੱਡ ਦੇਵੋ।’’

ਠੀਕ ਹੈ ਕਹਿ ਕੇ ਮੈਂ ਫਿਰ ਸੋਚਣ ਲੱਗ ਗਈ। ਕੀ ਹੁੰਦਾ ਕੁੜੀ ਨਾਲ, ਜੇਕਰ ਅਸੀਂ ਇਸ ਨੂੰ ਨਾ ਮਿਲਦੇ ਤਾਂ!

ਇਨ੍ਹਾਂ ਸੋਚਾਂ ਵਿਚਾਰਾਂ ਵਿੱਚ ਹੀ ਅਸੀਂ ਕੁੜੀ ਦੇ ਘਰ ਕੋਲ ਪੁੱਜ ਗਏ। ਕੁੜੀ ਨੇ ਆਪਣੇ ਘਰ ਵੱਲ ਇਸ਼ਾਰਾ ਕਰਕੇ ਕਾਰ ਰੋਕਣ ਲਈ ਕਿਹਾ। ਅਸੀਂ ਅਜੇ ਕਾਰ ਖੜ੍ਹੀ ਹੀ ਕੀਤੀ ਸੀ ਕਿ ਕੁੜੀ ਦਾ ਪਿਤਾ ਬਾਹਰ ਆ ਗਿਆ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਘਰ ਦੇ ਬਾਹਰ ਬੂਹੇ ਕੋਲ ਹੀ ਖੜ੍ਹਾ ਆਪਣੀ ਧੀ ਨੂੰ ਉਡੀਕ ਰਿਹਾ ਸੀ। ਉਹ ਸਾਡੇ ਨਾਲ ਆਪਣੀ ਧੀ ਨੂੰ ਦੇਖ ਕੇ ਖੁਸ਼ ਹੋ ਗਿਆ। ਬਾਰ ਬਾਰ ਸਾਡਾ ਧੰਨਵਾਦ ਕਰ ਰਿਹਾ ਸੀ ਅਤੇ ਅੰਦਰ ਲਿਜਾ ਕੇ ਚਾਹ ਪਾਣੀ ਦੀ ਸੇਵਾ ਕਰਨਾ ਚਾਹੁੰਦਾ ਸੀ।

ਅਸੀਂ ਡਾਕਟਰ ਤੋਂ ਦਵਾਈ ਫੜਨੀ ਸੀ, ਇਸ ਕਰਕੇ ਬਾਹਰ ਖੜ੍ਹ ਕੇ ਹੀ ਦੋ ਚਾਰ ਗੱਲਾਂ ਕਰ ਲਈਆਂ। ਕੁੜੀ ਦੇ ਬਾਪ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਬੜੀ ਮੁਸ਼ਕਲ ਨਾਲ ਇਸ ਨੂੰ ਬਾਰ੍ਹਾਂ ਜਮਾਤਾਂ ਕਰਵਾਈਆਂ ਹਨ। ਮਾਂ ਇਸ ਦੀ ਬਿਮਾਰ ਰਹਿੰਦੀ ਹੈ। ਕਾਲਾ ਪੀਲੀਆ ਹੋਇਆ ਹੈ। ਮੁੰਡਾ ਹੈ ਇੱਕ, ਨਾ ਹੋਇਆਂ ਵਰਗਾ। ਨਸ਼ੇ ਪੱਤੇ ਕਰਨ ਲੱਗ ਪਿਆ। ਮੈਂ ਦਿਹਾੜੀ ਕਰਦਾ ਆਂ। ਹੁਣ ਭਾਰਾ ਕੰਮ ਹੁੰਦਾ ਨ੍ਹੀਂ। ਕੀਹਦਾ ਜੀਅ ਕਰਦਾ ਜਵਾਨ ਧੀ ਨੂੰ ਬਿਗਾਨੇ ਪਿੰਡ ਦਵਾਈਆਂ ਵੇਚਣ ਲਈ ਭੇਜਣ ਵਾਸਤੇ ? ਇਹਨੂੰ ਤਿੰਨ ਹਜ਼ਾਰ ਦਿੰਦੇ ਆ ਮਹੀਨੇ ਦਾ। ਗੁਜ਼ਾਰਾ ਹੋ ਜਾਂਦਾ ਹੈ ਔਖਾ ਸੌਖਾ।’’

“ਹਾਂ ਬਾਈ ਜੀ ਇਹ ਗੱਲ ਤਾਂ ਠੀਕ ਆ, ਪਰ ਇਸ ਨੂੰ ਚਾਹੀਦਾ ਹੈ ਕਿ ਕੋਲ ਫੋਨ ਰੱਖ ਲਵੇ। ਕਿਤੇ ਲੋੜ ਪੈ ਜਾਂਦੀ ਹੈ। ਜੇਕਰ ਤੇਰੇ ਕੋਲ ਫੋਨ ਨਹੀਂ ਹੈ ਤਾਂ ਮੈਂ ਕੱਲ੍ਹ ਨੂੰ ਤੈਨੂੰ ਫੋਨ ਲੈ ਕੇ ਦੇ ਜਾਵਾਂਗੀ ਤੇ ਨਾਲੇ ਜੇਕਰ ਅਜਿਹੀ ਗੱਲਬਾਤ ਹੋ ਜਾਵੇ, ਤੇਰੀ ਬੱਸ ਲੰਘ ਜਾਵੇ ਤਾਂ ਤੂੰ ਬਿਨਾਂ ਕਿਸੇ ਡਰ ਡੁੱਕਰ ਦੇ ਸਾਡੇ ਘਰ ਚਲੀ ਜਾਇਆ ਕਰ।’’ ਮੈਂ ਕੁੜੀ ਦੇ ਚਿਹਰੇ ’ਤੇ ਅੱਖਾਂ ਟਿਕਾ ਕੇ ਕਿਹਾ।

“ਠੀਕ ਹੈ ਅੰਟੀ ਜੀ, ਪਰ ਸਾਡੀ ਮੈਡਮ ਫੋਨ ਰੱਖਣ ਨਹੀਂ ਦਿੰਦੀ। ਮੇਰੇ ਕੋਲ ਫੋਨ ਸੀ, ਉਸ ਨੇ ਫੜ ਕੇ ਆਪਣੇ ਕੋਲ ਰੱਖ ਲਿਆ ਸੀ।” ਕੁੜੀ ਨੇ ਬੇਵਸੀ ਜ਼ਾਹਿਰ ਕਰਦਿਆਂ ਕਿਹਾ।

“ਹੈਂ!’’ ਮੈਂ ਬੜੀ ਹੈਰਾਨੀ ਨਾਲ ਕਿਹਾ।

“ਤੇ ਹੁਣ ਤੇਰੀ ਮੈਡਮ ਨੂੰ ਕਿਵੇਂ ਪਤਾ ਲੱਗੇਗਾ ਕਿ ਤੂੰ ਆਪਣੇ ਘਰ ਪਹੁੰਚ ਗਈ ਏਂ ਜਾਂ ਨਹੀਂ। ਉਹ ਵੀ ਫਿਕਰ ਕਰਦੀ ਹੋਊ।’’

“ਨਹੀਂ ਅੰਟੀ ਜੀ, ਮੈਡਮ ਨੂੰ ਕਾਹਦਾ ਫਿਕਰ ਹੈ। ਅਸੀਂ ਆਪ ਹੀ ਦੂਸਰੇ ਤੀਸਰੇ ਦਿਨ ਉਸ ਕੋਲ ਜਾ ਕੇ ਮਾਲ ਲੈ ਆਉਂਦੇ ਹਾਂ। ਮਹੀਨੇ ਬਾਅਦ ਹਿਸਾਬ ਕਰਕੇ ਤਨਖਾਹ ਲੈ ਆਉਂਦੇ ਹਾਂ।’’

“ਮੈਂ ਤੇਰੀ ਮੈਡਮ ਨਾਲ ਗੱਲ ਕਰਾਂਗੀ।’’ ਮੈਂ ਕਿਹਾ।

ਮੈਂ ਕੁੜੀ ਨਾਲ ਬਹੁਤ ਗੱਲਾਂ ਕਰਨੀਆਂ ਚਾਹੁੰਦੀ ਸਾਂ, ਪਰ ਬਾਈ ਦਰਸ਼ਨ ਕਾਹਲੀ ਕਰ ਰਿਹਾ ਸੀ। ਉਸ ਦੀ ਗੱਲ ਵੀ ਠੀਕ ਸੀ ਡਾਕਟਰ ਸਾਡੀ ਉਡੀਕ ਕਰ ਰਿਹਾ ਸੀ।

“ਦੇ ਪੁੱਤ ਮੈਡਮ ਦਾ ਫੋਨ ਬੀਬੀ ਨੂੰ।’’ ਕੁੜੀ ਦੇ ਬਾਪ ਨੇ ਆਪਣੀ ਧੀ ਨੂੰ ਕਿਹਾ।

ਮੈਂ ਕਾਹਲੀ ਨਾਲ ਫੋਨ ਨੰਬਰ ਲਿਆ ਤੇ ਡਾਕਟਰ ਵੱਲ ਜਾਣ ਲਈ ਕਾਰ ਵਿੱਚ ਬੈਠ ਗਈ। ਦਵਾਈ ਲਈ ਅਤੇ ਵਾਪਸ ਆਪਣੇ ਪਿੰਡ ਵੱਲ ਤੁਰ ਪਏ। ਕਾਰ ਵਿੱਚ ਬੈਠਣ ਸਾਰ ਮੈਂ ਉਸ ਨੰਬਰ ’ਤੇ ਫੋਨ ਕੀਤਾ ਜੋ ਨੰਬਰ ਮੈਂ ਉਸ ਕੁੜੀ ਤੋਂ ਲਿਆ ਸੀ। ਕਈ ਵਾਰ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਸੀ ਦੇ ਰਿਹਾ। ਘਰ ਆ ਕੇ ਬੀਬੀ ਨੂੰ ਦਵਾਈ ਦਿੱਤੀ ਤੇ ਸਾਰੀ ਗੱਲਬਾਤ ਸੁਣਾਈ।

ਰਾਤ ਨੂੰ ਮੈਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ। ਸਾਰੀ ਰਾਤ ਉਹ ਕੁੜੀ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹੀ। ਹਨੇਰੀ ਸੜਕ ’ਤੇ ਤੁਰੀ ਜਾ ਰਹੀ ਸੋਹਣੀ ਮੁਟਿਆਰ ਕੁੜੀ। ਪਰਾਲੀ ਨੂੰ ਲੱਗੀ ਅੱਗ ਜਿਵੇਂ ਬਲਦੇ ਸਿਵੇ ਹੋਣ, ਕੁਝ ਵੀ ਹੋ ਸਕਦਾ ਸੀ। ਕੋਈ ਕੁੜੀ ਨੂੰ ਖਿੱਚ ਕੇ ਸੁੰਨੇ ਖੇਤ ਵਿੱਚ ਧੂਹ ਕੇ ਲੈ ਜਾ ਸਕਦਾ ਸੀ। ਕੁੜੀ ਦਾ ਮਾਲ ਤੇ ਦਿਨ ਭਰ ਕਮਾਏ ਪੈਸੇ ਖੋਹ ਕੇ ਲੈ ਜਾ ਸਕਦਾ ਸੀ। ਬਲਾਤਕਾਰ…! ਇਹ ਵੀ ਤਾਂ ਹੋ ਸਕਦਾ ਸੀ। ਉਸ ਰਾਤ ਬਲਾਤਕਾਰ ਦਾ ਸੋਚ ਕੇ ਮੈਨੂੰ ਰਾਤ ਨੂੰ ਕਈ ਵਾਰ ਪਸੀਨਾ ਆ ਗਿਆ ਸੀ। ਬਚਾਅ ਹੋ ਗਿਆ, ਸ਼ੁਕਰ ਹੈ ਰੱਬ ਦਾ!

ਅਗਲੀ ਸਵੇਰ ਉੱਠਣ ਸਾਰ ਮੈਂ ਫਿਰ ਉਸੇ ਫੋਨ ’ਤੇ ਫੋਨ ਕੀਤਾ। ਕਿਸੇ ਨੇ ਨਾ ਚੁੱਕਿਆ। ਸਾਰਾ ਦਿਨ ਕੋਸ਼ਿਸ਼ ਕਰਨ ’ਤੇ ਸ਼ਾਮ ਨੂੰ ਚਾਰ ਕੁ ਵਜੇ ਕਿਸੇ ਨੇ ਹੈਲੋ ਕਿਹਾ। ਮੈਂ ਆਪਣੇ ਬਾਰੇ ਦੱਸਿਆ ਅਤੇ ਰਾਤ ਵਾਲੀ ਸਾਰੀ ਕਹਾਣੀ ਸੁਣਾਈ। ਉਸ ਨੇ ਮੇਰੀ ਗੱਲ ਸੁਣੀ ਅਤੇ ਅਣਸੁਣੀ ਜਿਹੀ ਕਰ ਦਿੱਤੀ, ਪਰ ਮੈਂ ਕਹਿਣਾ ਜਾਰੀ ਰੱਖਿਆ ਕਿ ਅੱਜਕੱਲ੍ਹ ਸਮਾਂ ਖਰਾਬ ਹੈ। ਆਏ ਦਿਨ ਬਲਾਤਕਾਰ ਹੁੰਦੇ ਹਨ। ਬਾਹਰ ਕੰਮ ਕਰਦੀਆਂ ਕੁੜੀਆਂ ਦੀ ਸੁਰੱਖਿਆ ਦਾ ਕੁਝ ਖਿਆਲ ਰੱਖਣਾ ਚਾਹੀਦਾ ਹੈ। ਚੰਗਾ ਹੋਵੇ ਜੇ ਰਾਤ ਬਰਾਤੇ ਕੰਮ ਕਰਨ ਵਾਲਿਆਂ ਨੂੰ ਘਰ ਛੱਡਣ ਦਾ ਪ੍ਰਬੰਧ ਹੋ ਜਾਵੇ। ਖਾਸ ਕਰਕੇ ਕੁੜੀਆਂ ਨੂੰ।

ਉਸ ਉੱਪਰ ਮੇਰੀ ਗੱਲ ਦਾ ਕੋਈ ਅਸਰ ਹੀ ਨਹੀਂ ਸੀ ਹੋ ਰਿਹਾ। ਉਹ ਤਾਂ ਮੇਰੀ ਹਰ ਗੱਲ ਦਾ ਜਵਾਬ ਇਉਂ ਦੇ ਰਹੀ ਸੀ ਜਿਵੇਂ ਇਹ ਕੋਈ ਗੱਲ ਹੀ ਨਾ ਹੋਵੇ।

ਕਹਿਣ ਲੱਗੀ, “ਦੇਖੋ ਅਸੀਂ ਕੰਮ ਦੀ ਤਨਖਾਹ ਦਿੰਦੇ ਹਾਂ। ਅਸੀਂ ਇਨ੍ਹਾਂ ਦੇ ਮਗਰ ਮਗਰ ਤਾਂ ਨਹੀਂ ਫਿਰ ਸਕਦੇ। ਸਾਡੀ ਜ਼ਿੰਮੇਵਾਰੀ ਤਾਂ ਤਨਖਾਹ ਦੇਣੀ ਹੈ। ਜੇਕਰ ਕਿਸੇ ਨੇ ਨਹੀਂ ਕੰਮ ਕਰਨਾ ਤਾਂ ਨਾ ਕਰੇ।’’

ਮੈਨੂੰ ਕੋਈ ਗੱਲ ਨਹੀਂ ਸੀ ਸੁੱਝ ਰਹੀ। ਆਖਿਰ ਮੈਂ ਬੇਸ਼ਰਮ ਜਿਹੀ ਹੋ ਕੇ ਫੋਨ ਦੀ ਗੱਲ ਛੇੜ ਲਈ ਅਤੇ ਉਹ ਅੱਗੋਂ ਹੱਸ ਕੇ ਬੋਲੀ, “ਲਓ ਕਰ ਲਓ ਗੱਲ। ਅਸੀਂ ਫੋਨ ਇਸ ਕਰਕੇ ਨਹੀਂ ਰੱਖਣ ਦਿੰਦੇ ਬਈ ਜਵਾਨ ਮੁੰਡੇ ਕੁੜੀਆਂ ਆਪਸ ਵਿੱਚ ਹੀ ਗੱਲਾਂ ਕਰਦੇ ਰਹਿੰਦੇ ਹਨ। ਜ਼ਮਾਨਾ ਬਹੁਤ ਖ਼ਰਾਬ ਹੈ ਅੱਜਕੱਲ੍ਹ।’’

“ਉਹ ਤਾਂ ਠੀਕ ਹੈ।’’ ਮੈਂ ਕਿਹਾ।

“ਪਰ ਮੈਂ ਸੋਚਦੀ ਹਾਂ ਅੱਜ ਜੇਕਰ ਇਸ ਕੋਲ ਫੋਨ ਹੁੰਦਾ ਤਾਂ ਇਹ ਤੁਹਾਨੂੰ ਫੋਨ ਕਰਕੇ ਦੱਸ ਸਕਦੀ ਸੀ ਕਿ ਉਹ ਲੇਟ ਹੋ ਗਈ ਹੈ। ਹੁਣ ਉਸ ਕੋਲ ਘਰ ਆਉਣ ਵਾਸਤੇ ਕੋਈ ਸਾਧਨ ਨਹੀਂ ਸੀ। ਕੋਈ ਪ੍ਰਬੰਧ ਕੀਤਾ ਜਾ ਸਕਦਾ ਸੀ, ਏਥੋਂ ਦਸ ਮਿੰਟ ਦਾ ਤਾਂ ਰਸਤਾ ਹੈ ਕਾਰ ’ਤੇ। ਨਾਲੇ ਕੁੜੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।’’ ਮੈਂ ਸਲਾਹ ਦੇਣ ਦੇ ਲਹਿਜੇ ਵਿੱਚ ਕਿਹਾ।

ਗੱਲ ਸੁਣ ਕੇ ਉਸ ਦੇ ਤਾਂ ਜਿਵੇਂ ਅੱਗ ਹੀ ਲੱਗ ਗਈ। ਪੂਰੇ ਗੁੱਸੇ ਵਿੱਚ ਆ ਕੇ ਕਹਿਣ ਲੱਗੀ, “ਇਹ ਕੁੜੀ ਤੁਹਾਡੀ ਕੀ ਲੱਗਦੀ ਹੈ?’’

ਮੈਂ ਬੜੇ ਹੀ ਠਰੰਮੇ ਨਾਲ ਕਿਹਾ, ‘‘ਮੇਰਾ ਤਾਂ ਇਸ ਨਾਲ ਇਨਸਾਨੀਅਤ ਵਾਲਾ ਹੀ ਰਿਸ਼ਤਾ ਹੈ। ਭੈਣ ਜੀ ਮੈਂ ਤਾਂ ਤੁਹਾਡੇ ਨਾਲ ਤੁਹਾਡੇ ਨੋਟਿਸ ਵਿੱਚ ਲਿਆਉਣ ਲਈ ਗੱਲ ਕੀਤੀ ਹੈ। ਸਲਾਹ ਮਸ਼ਵਰੇ ਦੇ ਤੌਰ ’ਤੇ। ਮੈਂ ਕੋਈ ਤੁਹਾਡੇ ਜਾਂ ਤੁਹਾਡੀ ਕੰਪਨੀ ਦੇ ਕੰਮ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੀ। ਜੇ ਤੁਹਾਨੂੰ ਚੰਗਾ ਨਹੀਂ ਲੱਗਿਆ ਤਾਂ ਮੈਂ ਮੁਆਫ਼ੀ ਮੰਗਦੀ ਹਾਂ!’’ ਮੈਂ ਨਰਮੀ ਨਾਲ ਕਿਹਾ।

ਮੇਰੀ ਗੱਲ ਸੁਣ ਕੇ ਉਹ ਕੁਝ ਪਲਾਂ ਲਈ ਖਾਮੋਸ਼ ਹੋ ਗਈ। ਮੈਂ ਸੋਚਿਆ ਕਿ ਸ਼ਾਇਦ ਉਹ ਮੇਰੀ ਗੱਲ ਸਮਝ ਗਈ ਹੈ ਜਾਂ ਸਮਝਣ ਦਾ ਯਤਨ ਕਰ ਰਹੀ ਹੈ। ਬਸ ਫਿਰ ਕੀ ਸੀ। ਫੋਨ ’ਚੋਂ ਕੰਨ ਪਾੜਵੀਂ ਆਵਾਜ਼ ਨੇ ਮੇਰਾ ਦਿਲ ਵੀ ਚੀਰ ਦਿੱਤਾ।

ਉਹ ਆਖ ਰਹੀ ਸੀ, “ਜੇਕਰ ਤੁਹਾਨੂੰ ਇਸ ਕੁੜੀ ਨਾਲ ਜ਼ਿਆਦਾ ਹੀ ਹਮਦਰਦੀ ਹੈ ਤਾਂ ਆਪਣੇ ਨਾਲ ਕਿਉਂ ਨਹੀਂ ਕੈਨੇਡਾ ਲੈ ਜਾਂਦੇ, ਓਥੇ ਜਾ ਕੇ ਫੋਨ ਵੀ ਲੈ ਦਿਓ ਤੇ ਨਵੀਂ ਮਾਰਸੀਡੀ ਵੀ ਲੈ ਦਿਓ।’’ ਏਨਾ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ।

ਤੀਸਰੇ ਦਿਨ ਬਾਅਦ ਫਿਰ ਅਸੀਂ ਮੰਡੀ ਦਵਾਈ ਲੈਣ ਗਏ। ਸੋਚਿਆ ਉਸ ਕੁੜੀ ਦੀ ਕਾਰ ਵਿੱਚ ਰਹਿ ਗਈ ਸ਼ਾਲ ਉਸ ਨੂੰ ਵਾਪਸ ਦੇ ਆਵਾਂ। ਸਾਨੂੰ ਦੇਖ ਉਸ ਕੁੜੀ ਦੀਆ ਅੱਖਾਂ ਭਰ ਆਈਆਂ।

ਮੈਂ ਕਿਹਾ, “ਅੱਜ ਕੰਮ ’ਤੇ ਨਹੀਂ ਗਈ?’’

ਹੰਝੂਆਂ ਨੂੰ ਚੁੰਨੀ ਦੇ ਲੜ ਨਾਲ ਪੂੰਝਦੀ ਹੋਈ ਕਹਿਣ ਲੱਗੀ, “ਅੰਟੀ ਜੀ, ਕੱਲ੍ਹ ਮੈਨੂੰ ਨੌਕਰੀ ਤੋਂ ਜਵਾਬ ਮਿਲ ਗਿਆ। ਪਤਾ ਨ੍ਹੀਂ ਕਾਹਤੋਂ?”

ਮੇਰੇ ਪੈਰ ਮਣ ਮਣ ਭਾਰੇ ਹੋ ਗਏ। ਪਤਾ ਨ੍ਹੀਂ ਮੈਂ ਕਿਵੇਂ ਤੇ ਕਦੋਂ ਕੁੜੀ ਦੀ ਸ਼ਾਲ ਫੜਾ ਕਾਰ ਵਿੱਚ ਬੈਠ ਗਈ। ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਮੇਰੇ ਆਲੇ ਦੁਆਲੇ ਘੁੰਮਣ ਲੱਗੀਆਂ। ਕੁੜੀ ਦੀ ਨੌਕਰੀ ਚਲੀ ਗਈ। ਮੈਨੂੰ ਲੱਗਿਆ ਜਿਵੇਂ ਮੈਂ ਕੋਈ ਗੁਨਾਹ ਕਰ ਬੈਠੀ ਹੋਵਾਂ।
ਸੰਪਰਕ: 403 605 3734



News Source link
#ਗਨਹ

- Advertisement -

More articles

- Advertisement -

Latest article