36.9 C
Patiāla
Wednesday, May 22, 2024

ਰੂਹਾਂ ’ਚ ਰਮੇ ਰਿਸ਼ਤੇ

Must read


ਗੁਰਮਲਕੀਅਤ ਸਿੰਘ ਕਾਹਲੋਂ

ਉਹ ਕੁੜੀ ਵਾਰ ਵਾਰ ਮੇਰੇ ਅੱਗੇ ਆਣ ਖਲੋ ਜਾਂਦੀ। ਉਸ ਘਟਨਾ ਨੂੰ ਕਈ ਸਾਲ ਹੋ ਗਏ। ਪਤਾ ਨਹੀਂ ਕਿਉਂ ਉਹ ਦ੍ਰਿਸ਼ ਤਰੋਤਾਜ਼ਾ ਹੋ ਕੇ ਮੇਰੀਆਂ ਅੱਖਾਂ ਅੱਗੇ ਕੱਲ੍ਹ ਦੀ ਘਟਨਾ ਵਾਂਗ ਉੱਭਰਨ ਲੱਗ ਜਾਂਦਾ। ਉਸ ਗੱਲ ਤੋਂ ਬਾਅਦ ਬਹੁਤ ਕਿਤਾਬਾਂ ਪੜ੍ਹ ਲਈਆਂ। ਲੋਕਾਂ ਤੋਂ ਬਹੁਤ ਕੁਝ ਸੁਣ ਲਿਆ। ਉਸ ਤੋਂ ਵੀ ਕਿਤੇ ਵੱਧ ਅਖ਼ਬਾਰਾਂ ਵਿੱਚੋਂ ਪੜ੍ਹ ਲਿਆ, ਪਰ ਮਨ ਵਿੱਚ ਘਰ ਕਰ ਗਏ ਉਸ ਕੁੜੀ ਦੇ ਵਤੀਰੇ ਤੋਂ ਕੋਈ ਅੱਗੇ ਜਾਂਦਾ ਨਹੀਂ ਸੀ ਲੱਗਿਆ।

ਗਰਮੀਆਂ ਦੇ ਦਿਨ ਸਨ। ਮੋਗੇ ਤੋਂ ਬੱਸ ’ਤੇ ਫ਼ਰੀਦਕੋਟ ਜਾਣਾ ਸੀ। ਮੂਹਰਲੀ ਬਾਰੀ ਤੋਂ ਪਿਛਲੀਆਂ ਤਿੰਨ ਸੀਟਾਂ ਵਾਲੀ ਪੰਜਵੀਂ ਜਾਂ ਛੇਵੀਂ ਲਾਈਨ ’ਤੇ ਖਿੜਕੀ ਵਾਲੇ ਪਾਸੇ ਬੈਠਾ ਸੀ। ਗਰਮੀਆਂ ਵਿੱਚ ਸ਼ੀਸ਼ੇ ਵਿੱਚੋਂ ਆਉਂਦੀ ਹਵਾ ਲੈਣ ਦੀ ਖੁਦਗਰਜ਼ੀ ਅਸੀਂ ਸਾਰਿਆਂ ਨੇ ਪਾਲੀ ਹੁੰਦੀ ਐ। ਸਾਡੇ ਵਾਲੀ ਬੱਸ ਦੀਆਂ ਸਾਰੀਆਂ ਸੀਟਾਂ ਭਰੀਆਂ ਹੋਈਆਂ ਸਨ। ਬੱਸ ਨੇ ਸ਼ਹਿਰ ’ਚੋਂ ਬਾਹਰ ਨਿਕਲ ਕੇ ਸਪੀਡ ਫੜ ਲਈ ਸੀ। ਅਜੇ ਪਹਿਲਾ ਅੱਡਾ ਲੰਘੇ ਹੋਵਾਂਗੇ ਕਿ ਸਾਡੇ ਵਾਲੀ ਤੋਂ ਪਹਿਲਾਂ ਚਲੀ ਬੱਸ ਖ਼ਰਾਬ ਹੋਈ ਸੜਕ ਪਾਸੇ ਖੜ੍ਹੀ ਸੀ। ਬੱਸ ਦੇ ਪਿਛਲੇ ਪਾਸੇ ਉਸ ਵਿੱਚੋਂ ਉਤਰੀਆਂ ਸਵਾਰੀਆਂ ਇੱਕ ਦੂਜੇ ਤੋਂ ਕਾਹਲੀ ਵਿਖਾਉਂਦੇ ਹੋਏ ਸਾਡੇ ਵਾਲੀ ਦੇ ਮੂਹਰੇ ਹੋ ਕੇ ਹੱਥ ਦੇ ਰਹੀਆਂ ਸਨ। ਤਰਸ ਦੇ ਨਾਲ ਨਾਲ ਹੋਰ ਪੈਸੇ ਵੱਟ ਲੈਣ ਦਾ ਲਾਲਚ ਹਰ ਬੱਸ ਵਾਲੇ ਨੂੰ ਹੁੰਦਾ ਹੈ। ਸਾਡੇ ਡਰਾਈਵਰ ਨੇ ਦੂਰੋਂ ਈ ਸੱਜਾ ਪੈਰ ਰੇਸ ਵਾਲੇ ਲੀਵਰ ਤੋਂ ਚੁੱਕ ਕੇ ਉਸ ਨੂੰ ਬਰੇਕ ਪੈਡਲ ’ਤੇ ਟਿਕਾ ਕੇ ਹਲਕੀ ਹਰਕਤ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਡੀ ਬੱਸ ਖ਼ਰਾਬ ਬੱਸ ਤੋਂ ਥੋੜ੍ਹਾ ਪਿੱਛੇ ਰੁਕ ਗਈ। ਕੰਡਕਟਰ ਨੇ ਬਾਹਰ ਨਿਕਲਕੇ ਮੂਹਰਲੀ ਤੇ ਪਿਛਲੀ ਬਾਰੀ ਸਵਾਰੀਆਂ ਚੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਚੜ੍ਹਾਉਣ ਦੀ ਥਾਂ ਮੈਂ ਤੁੰਨਣੀਆਂ ਕਹਾਂ ਤਾਂ ਠੀਕ ਰਹੇਗਾ। ਉਹ ਹੱਥ ਦੇ ਇਸ਼ਾਰਿਆਂ ਦੇ ਨਾਲ ‘‘ਥੋੜ੍ਹਾ ਥੋੜ੍ਹਾ ਅੱਗੇ ਨੂੰ ਹੋ ਜੋ ਭਾਈ’’ ਦੀਆਂ ਆਵਾਜ਼ਾਂ ਦੇਈ ਜਾ ਰਿਹਾ ਸੀ।

ਕੰਡਕਟਰ ਦੇ ਯਤਨਾਂ ਨਾਲ ਖ਼ਰਾਬ ਬੱਸ ਦੀਆਂ ਜਿੰਨੀਆਂ ਕੁ ਸਵਾਰੀਆਂ ਵੜ ਸਕਦੀਆਂ ਸਨ, ਕੁਝ ਚੜ੍ਹ ਤੇ ਕੁਝ ਲਮਕ ਗਈਆਂ। ਉਸ ਨੇ ਜ਼ੋਰ ਲਗਾ ਕੇ ਮੂਹਰਲੀ ਖਿੜਕੀ ਬੰਦ ਕੀਤੀ ਤੇ ਫਿਰ ਪਿਛਲੀ ਖਿੜਕੀ ’ਤੇ ਪਹਿਲੇ ਪਾਏਦਾਨ ’ਤੇ ਪੈਰ ਰੱਖ ਕੇ ਟੁੱਟਵੀਂ ਸੀਟੀ ਮਾਰ ਕੇ ਬੱਸ ਚਲਵਾ ਲਈ। ਸਾਧਾਰਨ ਜਿਹੇ ਚਿੱਟੇ ਕੱਪੜਿਆਂ ਵਾਲੀ ਬਜ਼ੁਰਗ ਮਾਤਾ ਮੇਰੇ ਵਾਲੀ ਕਤਾਰ ਤੋਂ ਤਿੰਨ ਕੁ ਲਾਈਨਾਂ ਮੂਹਰੇ ਖੜ੍ਹੀ ਸੀ। ਇੱਕ ਹੱਥ ਵਿੱਚ ਘਸੇ ਜਿਹੇ ਕੱਪੜੇ ਦਾ ਝੋਲਾ ਸੰਭਾਲਦੇ ਹੋਏ ਦੂਜੇ ਹੱਥ ਨਾਲ ਸਿਰ ਉੱਪਰਲੀ ਪਾਈਪ ਫੜਕੇ ਉਹ ਆਪਣਾ ਭਾਰਾ ਸਰੀਰ ਡਿੱਗਣੋਂ ਸੰਭਾਲ ਰਹੀ ਸੀ। ਤੇਜ਼ ਰਫ਼ਤਾਰ ਤੇ ਟੁੱਟੀ ਸੜਕ ਦੇ ਹਿਚਕੋਲਿਆਂ ਕਾਰਨ ਮਾਤਾ ਤੋਂ ਖੜ੍ਹ ਨਹੀਂ ਸੀ ਹੋ ਰਿਹਾ। ਉਸ ਨੇ ਅੰਦਰਲੇ ਪਾਸੇ ਬੈਠੇ ਮੁੰਡੇ ਨੂੰ ਥੋੜ੍ਹੀ ਜਿਹੀ ਥਾਂ ਬਣਾਉਣ ਲਈ ਤਰਲਾ ਮਾਰਿਆ। ਮੁੰਡਾ ਥੋੜ੍ਹਾ ਅਗਾਂਹ ਨੂੰ ਹੋਣ ਲੱਗਾ, ਪਰ ਵਿਚਕਾਰ ਬੈਠੇ ਟਾਈ ਤੇ ਰੰਗਦਾਰ ਐਨਕਾਂ ਵਾਲੇ ਬਾਬੂ ਨੇ ਉਸ ਨੂੰ ਚੂੰਡੀ ਜਿਹੀ ਵੱਢ ਕੇ ਰੋਕ ਦਿੱਤਾ। ਬਾਬੂ ਨੇ ਨੱਕ ’ਤੇ ਰੁਮਾਲ ਪਹਿਲਾਂ ਈ ਰੱਖਿਆ ਹੋਇਆ ਸੀ। ਸ਼ਾਇਦ ਉਸ ਨੂੰ ਲੱਗ ਰਿਹਾ ਹੋਵੇ ਕਿ ਮਾਤਾ ਨੇੜੇ ਬੈਠ ਗਈ ਤਾਂ ਕਿਤੇ ਉਸ ਦੇ ਪਸੀਨੇ ਦੀ ਹਵਾੜ ਸਿਰ ਨਾ ਚੜ੍ਹ ਜਾਵੇ। ਇੰਨੇ ਨੂੰ ਬੱਸ ਨੇ ਮੋੜ ਜਿਹਾ ਕੱਟਿਆ ਤੇ ਮਾਤਾ ਸਮੇਤ ਕਈ ਸਵਾਰੀਆਂ ਇੱਕ ਪਾਸੇ ਨੂੰ ਕਾਫ਼ੀ ਜ਼ਿਆਦਾ ਉੱਲਰੀਆਂ। ਡਿੱਗਣ ਤੋਂ ਬਚਣ ਲਈ ਸਾਰਿਆਂ ਦੇ ਪਾਈਪ ਨੂੰ ਪਏ ਹੱਥਾਂ ਦੀ ਪਕੜ ਕੱਸੀ ਗਈ।

ਉਸ ਮਾਤਾ ਤੋਂ ਥੋੜ੍ਹਾ ਪਿੱਛੇ ਸੁਹਜ ਲਿਬਾਸ ਵਾਲੀ ਕੁੜੀ ਖੜ੍ਹੀ ਸੀ। ਮਾਤਾ ਨੂੰ ਸੀਟ ਤੋਂ ਹੋਈ ਨਾਂਹ ਉਸ ਨੇ ਨੋਟ ਕਰ ਲਈ। ਆਪਣੇ ਆਪ ਨੂੰ ਸੰਭਾਲਦੇ ਹੋਏ ਉਹ ਭੀੜ ਵਿੱਚੋਂ ਖਿਸਕਦੀ ਹੋਈ ਮਾਤਾ ਦੇ ਮੂਹਰੇ ਆਣ ਖੜੋਈ ਤੇ ਉਸੇ ਛੋਟੇ ਮੁੰਡੇ ਨੂੰ ਥੋੜ੍ਹੀ ਥਾਂ ਦੇਣ ਲਈ ਕਿਹਾ। ਇਸ ਵਾਰ ਟਾਈ ਵਾਲੇ ਬਾਬੂ ਜੀ ਮੁੰਡੇ ਤੋਂ ਪਹਿਲਾਂ ਦਿਆਲੂ ਹੋ ਗਏ। ਉਸ ਨੇ ਕੁੜੀ ਨੂੰ “ਕੋਈ ਨਾ ਜੀ ਕੋਈ ਨਾ ਬੈਠ ਜਾਓ ਤੁਸੀਂ,” ਕਹਿ ਕੇ ਮੁੰਡੇ ਨੂੰ ਇਸ਼ਾਰੇ ਨਾਲ ਖੜ੍ਹਾ ਕੇ ਆਪਣੀਆਂ ਲੱਤਾਂ ਵਿੱਚ ਲੈ ਲਿਆ। ਕੁੜੀ ਨੇ ਮਾਤਾ ਦਾ ਝੋਲਾ ਫੜਿਆ ਤੇ ਉਸ ਦਾ ਪਾਈਪ ਨੂੰ ਪਿਆ ਹੱਥ ਛੁਡਵਾਕੇ ਖਾਲੀ ਹੋਈ ਸੀਟ ’ਤੇ ਬਹਾ ਦਿੱਤਾ। ਐਨਕ ਬਾਬੂ ਦੀਆਂ ਗੁੱਸੇ ਨਾਲ ਲਾਲ ਹੋ ਕੇ ਤਣੀਆਂ ਅੱਖਾਂ ਮੇਰੇ ਸਮੇਤ ਕਈਆਂ ਨੇ ਵੇਖੀਆਂ। ਖੱਬੇ ਪਾਸੇ ਦੋ ਵਾਲੀਆਂ ਸੀਟਾਂ ਤੋਂ ਇੱਕ ਮੁੰਡਾ ਉੱਠਿਆ ਤੇ ਹੱਥ ਵਿੱਚ ਫਸਲੀ ਸਪਰੇਅ ਵਾਲਾ ਡੱਬਾ ਫੜ ਕੇ ਖੜੋਤੇ ਹੋਏ ਬਾਪੂ ਜੀ ਨੂੰ ਬਹਾ ਦਿੱਤਾ। ਮੈਂ ਤੇ ਕੁਝ ਹੋਰਾਂ ਨੇ ਸੀਟਾਂ ਛੱਡ ਕੇ ਖੜ੍ਹੇ ਬਜ਼ੁਰਗਾਂ ਨੂੰ ਬਹਾ ਦਿੱਤਾ। ਇੰਜ ਸਾਰੇ ਬਜ਼ੁਰਗ ਤੇ ਬੀਬੀਆਂ ਸੀਟਾਂ ’ਤੇ ਬੈਠੇ ਗਏ। ਬੱਸ ਜਿਵੇਂ ਜਿਵੇਂ ਪੈਂਡਾ ਮੁਕਾਉਂਦੀ ਗਈ, ਹਰ ਅੱਡੇ ’ਤੇ ਸਵਾਰੀਆਂ ਉਤਰਦੀਆਂ ਗਈਆਂ ਤੇ ਭੀੜ ਘਟਦੀ ਗਈ।

ਤਲਵੰਡੀ ਪਹੁੰਚਣ ਤੋਂ ਪਹਿਲਾਂ ਸਵਾਰੀਆਂ ਦੀ ਗਿਣਤੀ ਸੀਟਾਂ ਤੋਂ ਥੋੜ੍ਹਾ ਘੱਟ ਹੋ ਗਈ। ਐਨਕ ਬਾਬੂ ਤੋਂ ਪਿਛਲੀ ਲਾਈਨ ਤੋਂ ਤਿੰਨੇ ਸਵਾਰੀਆਂ ਇੱਕੋ ਅੱਡੇ ’ਤੇ ਉਤਰੀਆਂ। ਖੜ੍ਹਿਆਂ ਵਿੱਚ ਹੁਣ ਮੈਂ, ਉਹ ਕੁੜੀ ਤੇ ਇੱਕ ਹੋਰ ਰਹਿ ਗਏ ਸਨ। ਮੈਂ ਉਸ ਕੁੜੀ ਨੂੰ ਬੈਠਣ ਲਈ ਕਿਹਾ, ਪਰ ਉਸ ਦੇ ਸਤਿਕਾਰ ਭਰੇ ਲਹਿਜੇ ਨਾਲ “ਤੁਸੀਂ ਸ਼ੀਸ਼ੇ ਵੱਲ ਬੈਠੋ” ਕਹਿਣ ਕਰ ਕੇ ਮੈਂ ਆਖਰੀ ਸੀਟ ’ਤੇ ਬੈਠ ਗਿਆ ਤੇ ਮੂਹਰਲੀ ਸੀਟ ਤੋਂ ਐਨਕ ਬਾਬੂ ਦੇ ਖੜ੍ਹਾਏ ਹੋਏ ਮੁੰਡੇ ਨੂੰ ਸੀਟ ਦੇ ਉੱਪਰੋਂ ਦੀ ਖਿਸਕਾ ਕੇ ਆਪਣੇ ਖੱਬੇ ਪਾਸੇ ਬਹਾ ਲਿਆ। ਅੰਦਰ ਤੀਜੀ ਸੀਟ ’ਤੇ ਉਹ ਕੁੜੀ ਬੈਠ ਗਈ। ਸਵਾਰੀਆਂ ਘਟਣ ਕਾਰਨ ਸ਼ੀਸ਼ਿਆਂ ਵਿੱਚੋਂ ਹਵਾ ਆਰ ਪਾਰ ਹੋ ਕੇ ਪਸੀਨੇ ਸੁਕਾਉਣ ਲੱਗ ਪਈ। ਬੇਸ਼ੱਕ ਫ਼ਰੀਦਕੋਟ ਪਹੁੰਚਣ ਤੱਕ ਸਾਡੀ ਕੋਈ ਗੱਲਬਾਤ ਨਾ ਹੋਈ, ਪਰ ਮੇਰੇ ਮਨ ਵਿੱਚ ਉਸ ਕੁੜੀ ਪ੍ਰਤੀ ਕਾਫ਼ੀ ਸਤਿਕਾਰ ਜਾਗ ਆਇਆ। ਬੱਸ ਅੱਡੇ ਵਿੱਚ ਪਹੁੰਚ ਕੇ ਖਾਲੀ ਹੋਣ ਲੱਗੀ। ਉਹ ਕੁੜੀ ਅੰਦਰਲੇ ਪਾਸੇ ਬੈਠੀ ਹੋਣ ਕਾਰਨ ਮੇਰੇ ਤੋਂ ਪਹਿਲਾਂ ਉਤਰ ਕੇ ਆਪਣੀ ਰਾਹ ਪੈ ਗਈ। ਕੁਝ ਦਿਨਾਂ ਬਾਅਦ ਇਸ ਘਟਨਾ ਦੀ ਯਾਦ ਫਿੱਕੀ ਹੋ ਕੇ ਯਾਦਾਂ ਵਾਲੀ ਪਟਾਰੀ ਵਿੱਚ ਸਟੋਰ ਹੋ ਗਈ। ਪਰ ਵੱਖਰੀ ਤਰ੍ਹਾਂ ਦੀ ਚੰਗਿਆਈ ਤੇ ਅਪਣੱਤ ਦਾ ਪਰਛਾਵਾਂ ਮੇਰੇ ਮਨ ਵਿੱਚ ਸਮੋ ਗਿਆ।

ਦੋ ਤਿੰਨ ਸਾਲ ਲੰਘੇ ਹੋਣਗੇ ਕਿ ਮੈਨੂੰ ਕਿਸੇ ਕੰਮ ਲਈ ਮਿਉਂਸਪੈਲਿਟੀ ਦਫ਼ਤਰ ਜਾਣਾ ਪਿਆ। ਆਪਣੀ ਦਰਖਾਸਤ ਸਬੰਧਤ ਕਲਰਕ ਮੂਹਰੇ ਰੱਖੀ ਤਾਂ ਉਹ ਕਹਿੰਦਾ, “ਜੀ ਤੁਸੀਂ ਪਹਿਲਾਂ ਇਹ ਮੈਡਮ ਤੋਂ ਮਾਰਕ ਕਰਵਾ ਲਿਆਓ।’’ ਤੇ ਨਾਲ ਹੀ ਇਸ਼ਾਰੇ ਨਾਲ ਉਸ ਨੇ ਮੈਡਮ ਦੇ ਦਫ਼ਤਰ ਦਾ ਦਰਵਾਜ਼ਾ ਸਮਝਾ ਦਿੱਤਾ। ਫਾਈਲ ਮੇਰੇ ਖੱਬੇ ਹੱਥ ਵਿੱਚ ਸੀ। ਸੱਜੇ ਹੱਥ ਨਾਲ ਚਿੱਕ ਚੁੱਕ ਕੇ ਅੰਦਰ ਝਾਕਿਆ, ਮੈਡਮ ਮੂਹਰੇ ਪਈ ਫਾਈਲ ’ਤੇ ਕੁਝ ਲਿਖ ਰਹੇ ਸੀ। ਅੰਦਰ ਜਾ ਸਕਣ ਵਾਲੀ ਮੇਰੀ ਆਵਾਜ਼ ਸੁਣ ਕੇ ਜਿਵੇਂ ਹੀ ਉਨ੍ਹਾਂ ਸਿਰ ਉੱਪਰ ਚੁੱਕਿਆ, ਮੇਰੀਆਂ ਯਾਦਾਂ ਵਿੱਚ ਘੰਟੀ ਖੜਕਣ ਲੱਗੀ। ਮਨ ਬੋਲ ਰਿਹਾ ਸੀ ਕਿ ਮੈਡਮ ਨੂੰ ਕਿਤੇ ਵੇਖਿਆ ਹੋਇਐ। ਯਾਦ ਨਹੀਂ ਸੀ ਆ ਰਿਹਾ। ਕੰਮ ਦਾ ਖਿਆਲ ਭੁੱਲ ਕੇ ਆਪਣੇ ਆਪ ਯਾਦ ’ਤੇ ਜ਼ੋਰ ਪੈ ਗਿਆ। ਅਪਣੱਤ ਭਰੀ ਮੁਸਕਰਾਹਟ ਨਾਲ ਮੈਨੂੰ ਬੈਠਣ ਦਾ ਇਸ਼ਾਰਾ ਹੋਇਆ। ਸੰਵਰਕੇ ਬੈਠਾ ਵੀ ਨਹੀਂ ਸਾਂ ਕਿ ਮੈਡਮ ਨੇ ਘੰਟੀ ਵਜਾਈ, ਸੇਵਾਦਾਰ ਅੰਦਰ ਆਇਆ, ਦੋ ਪਿਆਲੇ ਚਾਹ ਤੇ ਕੁਝ ਨਾਲ ਦਾ ਆਰਡਰ ਸੁਣ ਕੇ ਮੈਂ ਆਲੇ ਦੁਆਲੇ ਵੇਖਿਆ। ਮੇਰੇ ਤੋਂ ਬਿਨਾਂ ਤਾਂ ਅੰਦਰ ਕੋਈ ਨਹੀਂ ਸੀ। ਮੈਂ ਯਾਦ ਦੇ ਘੋੜੇ ਹੋਰ ਤੇਜ਼ ਕੀਤੇ। ਮਿੰਟ ਕੁ ਲਾ ਕੇ ਮੈਡਮ ਨੇ ਹਥਲੀ ਫਾਈਲ ਦਾ ਕੰਮ ਮੁਕਾਇਆ ਤੇ ਨੋਟ ਚੇਪੀ ਲਾ ਕੇ ਪਾਸੇ ਰੱਖ ਦਿੱਤੀ। ਮੈਡਮ ਦੇ ਸਵਾਲ ਨੇ ਮੇਰੀ ਸੋਚ ਨੂੰ ਚਾਬੀ ਚਾੜ੍ਹਤੀ, “ਕਿੱਥੇ ਰਹਿੰਦੇ ਓ, ਉਸ ਤੋਂ ਬਾਅਦ ਕਦੇ ਦਰਸ਼ਨ ਨਈਂ ਹੋਏ ਤੁਹਾਡੇ ?’’ ਆਵਾਜ਼ ਮੈਨੂੰ ਜਾਣੀ ਪਛਾਣੀ ਲੱਗੀ। ਕੀ ਕਹਾਂ, ਬੜੀ ਦੁਚਿਤੀ ਜਿਹੀ ਵਿੱਚ ਪੈ ਗਿਆ, “ਪਛਣਿਆ ਨਹੀਂ ਕਹਿਣਾ ਉਸ ਨੂੰ ਬੁਰਾ ਲੱਗੇਗਾ।’’

“ਇੱਕ ਵਾਰ ਆਪਾਂ ਮੋਗਿਓਂ ਇਕੱਠੇ ਆਏ ਸੀ ਬੱਸ ਵਿੱਚ।” ਮੈਡਮ ਨੇ ਪਛਾਣ ਲਈ ਭਟਕ ਰਹੇ ਮੇਰੇ ਦਿਮਾਗ਼ ਨੂੰ ਟਿਕਾਣੇ ਲਾ ਦਿੱਤਾ। ਧੁੰਦਲਾ ਹੋਇਆ ਬੱਸ ਵਾਲਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਮੂਹਰੇ ਉੱਭਰ ਆਇਆ।

“ਸੌਰੀ ਮੈਡਮ ਵੈਰੀ ਸੌਰੀ।” ਮੈਂ ਆਪਣੀ ਫਾਈਲ ਬਾਰੇ ਈ ਸੋਚੀ ਜਾ ਰਿਹਾ ਸੀ। ਸਹਿਜ ਹੋਣ ਲਈ ਮੈਂ ਝੂਠ ਦਾ ਠੁੰਮਣਾ ਬਣਾਉਣ ਦਾ ਯਤਨ ਕੀਤਾ।

“ਸੌਰੀ ਕਾਹਦੀ, ਇੰਜ ਹੋ ਜਾਂਦਾ ਕਦੇ ਕਦਾਈਂ ਤੇ ਹੋਣਾ ਵੀ ਚਾਹੀਦਾ।’’ ਮੈਡਮ ਦੇ ਬੁੱਲ੍ਹਾਂ ’ਤੇ ਸ਼ਰਾਰਤੀ ਜਿਹੀ ਮੁਸਕਰਾਹਟ ਸੀ। ਮੈਨੂੰ ਲੱਗਿਆ ਜਿਵੇਂ ਉਸ ਨੇ ਮੇਰਾ ਕੱਚਾ ਜਿਹਾ ਝੂਠ ਫੜ ਲਿਆ ਹੋਵੇ।

ਸੇਵਾਦਾਰ ਚਾਹ ਦੇ ਕੱਪ ਅਤੇ ਦੋ ਤਿੰਨ ਤਰ੍ਹਾਂ ਦੇ ਬਿਸਕੁਟਾਂ ਵਾਲੀ ਪਲੇਟ ਮੇਜ਼ ’ਤੇ ਰੱਖ ਗਿਆ। ਲਓ ਜੀ, ਕਹਿਣ ਤੋਂ ਪਹਿਲਾਂ ਮੈਡਮ ਨੇ ਸੱਜੇ ਹੱਥ ਸਟੂਲ ’ਤੇ ਪਿਆ ਮਿਠਾਈ ਵਾਲਾ ਡੱਬਾ ਖੋਲ੍ਹ ਕੇ ਮੇਰੇ ਮੂਹਰੇ ਕੀਤਾ ਤੇ ਚਾਹ ਤੋਂ ਪਹਿਲਾਂ ਮੂੰਹ ਮਿੱਠਾ ਕਰਨ ਲਈ ਕਿਹਾ।

“ਹੁਣੇ ਕੋਈ ਦੇ ਕੇ ਗਿਆ ਸੀ। ਸ਼ਾਇਦ ਉਸ ਨੂੰ ਤੁਹਾਡੇ ਇੱਥੇ ਆਉਣ ਦੀ ਸੂਹ ਲੱਗ ਗਈ ਹੋਵੇ। ਤਾਂ ਈ ਉਹ ਖਾਸ ਤੌਰ ’ਤੇ ਦੇਸੀ ਘਿਉ ਦੇ ਬੂੰਦੀ ਵਾਲੇ ਲੱਡੂ ਦੇ ਕੇ ਗਿਆ।’’ ਮੈਨੂੰ ਲੱਗਿਆ ਜਿਵੇਂ ਮੈਡਮ ਨੂੰ ਫਿਰ ਕੋਈ ਸ਼ਰਾਰਤ ਸੁੱਝੀ ਹੋਵੇ।

ਚਾਹ ਦੀਆਂ ਚੁਸਕੀਆਂ ਭਰਦਿਆਂ ਮੈਡਮ ਨੇ ਆਪਣੇ ਬਾਰੇ ਦੱਸਣ ਤੋਂ ਪਹਿਲਾਂ ਹੁਕਮ ਚਾੜ੍ਹਿਆ ਕਿ ਉਹ ਮੇਰੇ ਤੋਂ ਛੋਟੀ ਹੈ, ਇਸ ਕਰਕੇ ਮੈਂ ਉਸ ਦਾ ਨਾਂ ਲੈ ਕੇ ਗੱਲ ਕਰਾਂ। ਸ਼ਾਇਦ ਉਸ ਨੇ ਫਾਈਲ ’ਤੇ ਲਿਖੀ ਮੇਰੀ ਜਨਮ ਤਰੀਕ ਪੜ੍ਹ ਲਈ ਸੀ। ਉਸ ਨੇ ਦੱਸਿਆ ਕਿ ਪੂਰਾ ਨਾਂ ਤਾਂ ਬਾਹਰ ਬੋਰਡ ਤੋਂ ਮੈਂ ਪੜ੍ਹ ਲਿਆ ਹੋਊ, ਪਰ ਘਰ ਵਿੱਚ ਉਸ ਨੂੰ ਸ਼ਰਨ ਕਹਿ ਕੇ ਬੁਲਾਇਆ ਜਾਂਦਾ ਹੈ। ਦੋ ਨਿੱਕੇ ਬੱਚਿਆਂ ਦੀ ਮਾਂ ਤੇ ਸਰਕਾਰੀ ਡਾਕਟਰ ਦੀ ਜੀਵਨ ਸਾਥਣ। ਫ਼ੌਜੀ ਪਿਤਾ ਅਤੇ ਅਧਿਆਪਕਾ ਮਾਂ ਦੀ ਲਾਡਲੀ ਬੇਟੀ। ਸਿਰ ’ਤੇ ਵੱਡੇ ਦੋ ਭਰਾਵਾਂ ਦੇ ਹੱਥ। ਦੋ ਮਿੰਟ ਵਿੱਚ ਸ਼ਰਨ ਨੇ ਆਪਣੀ ਪਛਾਣ ਪਟਾਰੀ ਮੇਰੇ ਕੋਲ ਖੋਲ੍ਹ ਦਿੱਤੀ। ਮੇਰੇ ਤੋਂ ਮੇਰਾ ਖੁਲਾਸਾ ਸੁਣਨ ਲਈ ਅੱਖਾਂ ਮੇਰੇ ਚਿਹਰੇ ’ਤੇ ਗੱਡ ਲਈਆਂ। ਸੰਖੇਪ ਵਿੱਚ ਮੈਂ ਆਪਣੇ ਬਾਰੇ ਦੱਸ ਦਿੱਤਾ, ਜੋ ਉਸ ਨੂੰ ਚੰਗਾ ਲੱਗਾ। ਸ਼ਰਨ ਨੇ ਦੱਸਿਆ ਕਿ ਉਹ ਚੰਗੇ ਗੁਣਾਂ ਵਾਲੇ ਇਨਸਾਨਾਂ ਨੂੰ ਆਪਣੀ ਮਾਲਾ ਦੇ ਮਣਕੇ ਸਮਝਦੀ ਹੈ ਤੇ ਉਨ੍ਹਾਂ ਦੇ ਕੀਤੇ ਚੰਗੇ ਕੰਮਾਂ ਨੂੰ ਰੋਜ਼ ਯਾਦ ਕਰਦੀ ਹੈ।

“ਭਾਜੀ! ਕੁਦਰਤ ਰਿਸ਼ਤੇ ਬਣਾ ਕੇ ਨਹੀਂ ਭੇਜਦੀ, ਉਸ ਨੇ ਤਾਂ ਸਾਡੇ ਅੰਦਰ ਇੰਜ ਦਾ ਚੁੰਬਕ ਫਿੱਟ ਕਰ ਦਿੱਤੈ, ਜੋ ਆਪਣੇ ਵਰਗਿਆਂ ਪ੍ਰਤੀ ਖਿੱਚ ਰੱਖਦੈ। ਸਾਨੂੰ ਉਹੀ ਚੰਗਾ ਲੱਗੂ, ਜੋ ਸਾਡੇ ਵਰਗਾ ਹੋਊ। ਸਾਡੇ ਮਨ ਦੀ ਖਿੱਚ ਆਪਣੇ ਵਰਗਿਆਂ ਵੱਲ ਹੋਵੇਗੀ। ਕਈ ਆਪਣੀ ਚੰਗਿਆਈ ਦੀ ਚਿਣਗ ਸਾਡੇ ਮਨਾਂ ਵਿੱਚ ਬਾਲ ਕੇ ਮੁੜ ਨਹੀਂ ਲੱਭਦੇ। ਜਿਵੇਂ ਬੱਸ ਵਾਲੀ ਗੱਲ ਤੋਂ ਬਾਅਦ ਤੁਸੀਂ ਗਵਾਚ ਗਏ ਸੀ, ਪਰ ਬਹੁਤੀ ਵਾਰ ਕੁਦਰਤ ਕੋਈ ਸਬੱਬ ਬਣਾ ਦੇਂਦੀ ਹੈ, ਜਿਵੇਂ ਤੁਹਾਨੂੰ ਐਹ ਕੰਮ ਖਿੱਚ ਲਿਆਇਆ। ਨਿਰਸੰਦੇਹ ਸਮਾਜ ਰਿਸ਼ਤਿਆਂ ਦੀਆਂ ਵਲਗਣਾਂ ਵਿੱਚ ਬੱਝਾ ਹੋਇਐ, ਪਰ ਮਨਾਂ ਵਿੱਚ ਚੰਗੇ ਲੋਕਾਂ ਦੀ ਯਾਦ ਰਿਸ਼ਤਿਆਂ ਵਾਲਾ ਨਿੱਘ ਦੇਂਦੀ ਹੈ। ਸਿੱਖਣ ਦੀ ਲੋਚਾ ਨਾਲ ਅਸੀਂ ਚੰਗਿਆਂ ਤੋਂ ਚੰਗਾ ਸਿੱਖ ਕੇ ਹੋਰ ਚੰਗੇ ਹੋਈ ਜਾਂਦੇ ਹਾਂ। ਮੇਰੇ ਇਸ ਸੀਟ ’ਤੇ ਆਉਣ ਤੋਂ ਪਹਿਲਾਂ ਕਈ ਲੋਕ ਆਪਣੇ ਕੰਮ ਲਈ ਚੱਕਰ ਮਾਰ ਮਾਰ ਜੁੱਤੀਆਂ ਘਸਾ ਲੈਂਦੇ ਸਨ, ਇੱਥੇ ਮੇਰੇ ਤੋਂ ਪਹਿਲਾਂ ਫਾਈਲਾਂ ਦੇ ਢੇਰ ਸੀ। ਹੁਣ ਵੇਖ ਲਓ, ਤੁਹਾਡੇ ਸਾਹਮਣੇ ਐ, ਜਾਇਜ਼ ਕੰਮ ਲਈ ਕਿਸੇ ਨੂੰ ਦੂਜੀ ਵਾਰ ਆਉਣ ਦੀ ਲੋੜ ਨਈ ਪੈਂਦੀ। ਇਹ ਕੁਝ ਮੈਂ ਤੁਹਾਡੇ ਵਰਗੇ ਚੰਗਿਆਂ ਤੋਂ ਹੀ ਸਿੱਖ ਕੇ ਕਰਨ ਦੇ ਸਮਰੱਥ ਹੋਈ ਆਂ। ਆਹ ਲੱਡੂ ਨਿਰੇ ਮਿੱਠੇ ਤੇ ਸਵਾਦੀ ਨਹੀਂ, ਅਸੀਸਾਂ ਨਾਲ ਵੀ ਗੜੁੱਚ ਨੇ। ਕਿਸੇ ਦੇ ਮਨ ’ਚੋਂ ਨਿਕਲੀ ਅਸੀਸ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਦੇਂਦੀ ਐ। ਸਬਰ ਸੰਤੋਖ ਨਾਲ ਮਾਲਾ ਮਾਲ ਹੋ ਜਾਈਦਾ। ਪਰ ਕਿਸੇ ਦੇ ਦੁੱਖਾਂ ਨਾਲ ਭਖਦੇ ਮਨ ’ਚੋਂ ਨਿਕਲੇ ਬਦਦੁਆ ਦੇ ਧੂੰਏਂ ਦੀ ਅੱਗ ਸੋਨੇ ਦੀ ਲੰਕਾ ਵੀ ਰਾਖ ਕਰ ਦੇਂਦੀ ਐ। ਭਾਜੀ ਅਸੀਂ ਇਹ ਸੋਚ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ ਕਿ ਸਾਡੇ ਕੀਤਿਆਂ ਕੀ ਫਰਕ ਪੈਜੂ। ਚਿੜੀ ਵੱਲੋਂ ਜੰਗਲ ਦੀ ਅੱਗ ਬੁਝਾਉਣ ਵਾਲੀ ਮਿਸਾਲ ਸਾਡੇ ਚੇਤਿਆਂ ਵਿੱਚ ਵਸੀ ਰਹਿਣੀ ਚਾਹੀਦੀ ਹੈ। ਦੂਜੇ ਨੂੰ ਬੁਰਾ ਕਹਿਣ ਦੀ ਥਾਂ ਉਸ ਤੋਂ ਦੂਰੀ ਦੀ ਥਾਂ ਉਸ ਬੁਰਾਈ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਲੋੜ ਹੁੰਦੀ ਐ।’’

ਸ਼ਰਨ ਦੇ ਵਿਚਾਰ ਮੇਰੇ ਮਨ ਵਿੱਚ ਧਸ ਰਹੇ ਸਨ। ਮੈਨੂੰ ਕਿਸੇ ਦੇਵੀ ਮੂਹਰੇ ਬੈਠਾ ਮਹਿਸੂਸ ਹੋਣ ਲੱਗ ਪਿਆ ਸੀ। ਕੰਮਾਂ ਵਾਲੇ ਲੋਕ ਬਾਹਰ ਉਡੀਕ ਵਿੱਚ ਸਨ। ਸ਼ਰਨ ਨੇ ਮੇਰਾ ਫੋਨ ਨੰਬਰ ਪੁੱਛ ਕੇ ਉਸ ’ਤੇ ਮਿਸ ਕਾਲ ਮਾਰ ਦਿੱਤੀ। ਉਸ ਨੇ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਰਹਿਣ ਦਾ ਵਾਅਦਾ ਮੇਰੇ ਤੋਂ ਲਿਆ ਤੇ ਕਦੇ ਪਰਿਵਾਰਾਂ ਦੇ ਮੇਲ ਮਿਲਾਪ ਦੀ ਇੱਛਾ ਪ੍ਰਗਟਾਈ। ਆਖਰ ਉਸ ਨੇ ਮੇਰੀ ਫਾਈਲ ਖੋਲ੍ਹੀ, ਘੋਖੀ ਅਤੇ ਅਪਰੂਵਡ ਵਾਲੀ ਮੋਹਰ ਲਾਈ ਤੇ ਦਸਤਖ਼ਤ ਕਰਕੇ ਮੇਰੇ ਹੱਥ ਫੜਾਈ। ਘਰ ਪਹੁੰਚ ਕੇ ਵੀ ਮੈਂ ਸੋਚੀ ਜਾ ਰਿਹਾ ਸੀ, ਇੰਜ ਦੇ ਲੋਕ ਵੀ ਹਨ ਅਜੇ ਸਰਕਾਰੀ ਦਫ਼ਤਰਾਂ ਵਿੱਚ। ਦਿਨ ਮਹੀਨੇ ਤੇ ਸਾਲ ਲੰਘਦੇ ਗਏ। ਕਿਸੇ ਦੇ ਕੰਮ ਆ ਸਕਣਾ ਔਖਾ ਲੱਗਦਾ ਤਾਂ ਸ਼ਰਨ ਦੇ ਦਫ਼ਤਰ ਵਾਲੀ ਰੀਲ੍ਹ ਮੇਰੇ ਮਨ ਵਿੱਚ ਘੁੰਮਣ ਲੱਗਦੀ। ਉੱਭਰਿਆ ਹੌਸਲਾ ਅਡੋਲ ਹੋ ਜਾਂਦਾ। ਖਾਸ ਤਿੱਥ ਤਿਉਹਾਰਾਂ ਮੌਕੇ ਅਸੀਂ ਇੱਕ ਦੂਜੇ ਨਾਲ ਸ਼ੁਭ ਕਾਮਨਾਵਾਂ ਸਾਂਝੀਆਂ ਕਰ ਲੈਂਦੇ। ਉਹ ਮੈਨੂੰ ਭਾਜੀ ਕਹਿ ਕੇ ਸੰਬੋਧਨ ਹੁੰਦੀ ਤੇ ਮੈਂ ਉਸ ਦਾ ਨਾਂ ਲਿਖਦਾ। ਮਿਲਣ ਦਾ ਸਬੱਬ ਕਦੇ ਬਣ ਨਾ ਸਕਿਆ। ਸਾਡੇ ਵੱਲੋਂ ਉਚੇਚ ਕੀਤਾ ਵੀ ਨਹੀਂ ਸੀ ਗਿਆ।

ਜਾਣ ਪਛਾਣ ਹੋਈ ਢਾਈ ਤਿੰਨ ਸਾਲ ਲੰਘੇ ਹੋਣਗੇ। ਸਾਡੇ ਗੁਆਂਢੀ ਨੂੰ ਮਿਉਂਸਪੈਲਿਟੀ ਦਫ਼ਤਰ ਵਿੱਚ ਮੇਰੇ ਵਰਗਾ ਹੀ ਕੰਮ ਸੀ, ਜਿਸ ਬਦਲੇ ਉਸ ਨੂੰ ਖੱਜਲ ਹੋਣਾ ਪੈ ਰਿਹਾ ਸੀ। ਸੁਣ ਕੇ ਮੇਰਾ ਹੈਰਾਨ ਹੋਣਾ ਕੁਦਰਤੀ ਸੀ। ਸ਼ਰਨ ਨੂੰ ਫੋਨ ਕੀਤਾ, ਪਰ ਬੰਦ ਆ ਰਿਹਾ ਸੀ। ਘਬਰਾਹਟ ਹੋਈ। ਇੰਜ ਦੇ ਮੌਕੇ ਬੁਰੇ ਖਿਆਲ ਆਮ ਗੱਲ ਹੈ। ਪਰ ਮਨ ਨੂੰ ਧਰਵਾਸ ਦੇਣ ਲਈ ਨੰਬਰ ਬਦਲ ਲਿਆ ਹੋਊ, ਕਹਿ ਲੈਂਦਾ। ਅਗਲੇ ਪਲ ਮਨ ਬੋਲ ਉੱਠਦਾ, “ਨੰਬਰ ਬਦਲਦੀ ਤਾਂ ਸ਼ਰਨ ਨੇ ਜ਼ਰੂਰ ਦੱਸਣਾ ਸੀ। ਸ਼ਾਇਦ ਭੁੱਲ ਗਈ ਹੋਊ ?” ਮਨ ਬੇਚੈਨ ਹੋਣ ਲੱਗਾ। ਦਫ਼ਤਰ ਬੰਦ ਹੋਣ ਦਾ ਸਮਾਂ ਲੰਘੇ ਨੂੰ ਘੰਟਾ ਹੋ ਗਿਆ ਸੀ। ਰਾਤ ਬੇਚੈਨੀ ਵਿੱਚ ਕੱਟੀ। ਬੁਰੇ ਖਿਆਲ ਪਿੱਛਾ ਨਹੀਂ ਸੀ ਛੱਡ ਰਹੇ। ਘੜੀ ਵੱਲ ਵੇਖਦਿਆਂ ਰਾਤ ਲੰਘਾਈ। ਮਿੰਟ ਘੰਟਿਆਂ ਵਾਂਗ ਲੱਗ ਰਹੇ ਸੀ। ਦਫ਼ਤਰ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਪਹੁੰਚ ਗਿਆ। ਹੈਰਾਨ ਹੋਏ ਸੇਵਾਦਾਰ ਨੇ ਝਾੜੂ ਪਾਸੇ ਰੱਖ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਕੰਮ ਪੁੱਛਿਆ। ਮੈਡਮ ਵਾਲੀ ਸ਼ਾਖਾ ਨਾਲ ਕੰਮ ਬਾਰੇ ਸੁਣ ਕੇ ਉਸ ਨੇ ਦੱਸਿਆ ਕਿ ਉਹ ਤਾਂ ਕਈ ਦਿਨਾਂ ਤੋਂ ਚੰਡੀਗੜ੍ਹ ਪੀਜੀਆਈ ਦਾਖਲ ਹਨ।

ਜਲਦੀ ਨਾਲ ਘਰ ਪਹੁੰਚਿਆ। ਪਤਨੀ ਅਚਾਨਕ ਚੰਡੀਗੜ੍ਹ ਦੀ ਤਿਆਰੀ ਤੋਂ ਹੈਰਾਨ ਹੋ ਗਈ। ਇੱਕ ਦੋ ਵਾਰ ਪਤਨੀ ਨਾਲ ਗੱਲ ਤਾਂ ਹੋਈ ਸੀ ਸ਼ਰਨ ਬਾਰੇ, ਪਰ ਮਨਾਂ ਵਿੱਚ ਵਿਚਾਰਕ ਨੇੜਤਾ ਦਾ ਜ਼ਿਕਰ ਨਹੀਂ ਸਾਂ ਕਰ ਸਕਿਆ। ਪਹਿਲਾਂ ਸੋਚਿਆ, ਦੱਸ ਕੇ ਜਾਵਾਂ, ਪਰ ਕਾਹਲ ਵਿੱਚ ਸੱਚ ਦੱਸਣ ਦਾ ਮੌਕਾ ਨਹੀਂ, ਸੋਚਕੇ ਟਾਲ ਦਿੱਤਾ। ਆਪਣੇ ਦਫ਼ਤਰੀ ਕੰਮ ਬਾਰੇ ਕਹਿ ਕੇ ਚੱਲ ਪਿਆ। ਤਿੰਨ ਘੰਟਿਆਂ ਦਾ ਸਫ਼ਰ ਔਖਾ ਹੋ ਗਿਆ। 80-90 ਦੀ ਰਫ਼ਤਾਰ ’ਤੇ ਚਲਾ ਰਹੇ ਬੱਸ ਡਰਾਈਵਰ ’ਤੇ ਗੁੱਸਾ ਆਈ ਜਾਵੇ। ਟੈਕਸੀ ਲੈ ਕੇ ਪੀਜੀਆਈ ਪਹੁੰਚਿਆ। ਦਾਖਲ ਮਰੀਜ਼ਾਂ ਵਾਲੀ ਸੂਚੀ ਵਿੱਚੋਂ ਸ਼ਰਨ ਤੇ ਉਸ ਦੇ ਪਤੀ ਦਾ ਨਾਂ ਪੜ੍ਹਕੇ ਲੱਤਾਂ ਕੰਬਣ ਲੱਗੀਆਂ। ਉਹ ਕਿਡਨੀ ਸ਼ਾਖਾ ਵਾਲੇ ਆਈਸੀਯੂ ਵਿੱਚ ਸੀ। ਸੂਚੀ ਵਿੱਚੋਂ ਹੀ ਉਸ ਦੇ ਪਤੀ ਦਾ ਨੰਬਰ ਨੋਟ ਕਰਕੇ ਫੋਨ ਕੀਤਾ। ਮੂਹਰਿਓਂ ਹੈਲੋ ਦੀ ਮੱਧਮ ਜਿਹੀ ਆਵਾਜ਼ ਆਈ। ਮੈਂ ਪਛਾਣ ਦੱਸੀ। ‘ਅੱਛਾ ਫ਼ਰੀਦਕੋਟ ਵਾਲੇ ਪ੍ਰੀਤਮੋਹਨ ਸਿੰਘ।’ ਇਸ ਵਾਰ ਆਵਾਜ਼ ਕੁਝ ਉੱਚੀ ਸੀ। “ਕੌਣ ਭਾਜੀ।” ਆਵਾਜ਼ ਥੋੜ੍ਹਾ ਹਟਵੀਂ ਸੀ, ਪਰ ਮੈਂ ਪਛਾਣ ਲਈ। ਸ਼ਰਨ ਸੀ। ਉਸ ਨੇ ਪਤੀ ਦੇ ਮੂੰਹੋਂ ਮੇਰਾ ਨਾਂ ਸੁਣ ਲਿਆ ਸੀ। ਰਿਸੈਪਸ਼ਨ ’ਤੇ ਆ ਰਿਹਾਂ ਕਹਿ ਕੇ ਡਾ. ਸਿੱਧੂ ਨੇ ਫੋਨ ਕੱਟ ਦਿੱਤਾ।

ਰਿਸੈਪਸ਼ਨ ਹਾਲ ਵਿੱਚ ਵੜਦੇ ਈ ਮੇਰੀ ਤੇ ਡਾ. ਸਿੱਧੂ ਦੀ ਨਜ਼ਰ ਟਕਰਾ ਗਈ। ਦੋ ਕੁ ਸਾਲ ਪਹਿਲਾਂ ਅਖ਼ਬਾਰ ਵਿੱਚ ਕਿਸੇ ਖ਼ਬਰ ਦੇ ਨਾਲ ਛਪੀ ਉਨ੍ਹਾਂ ਦੀ ਫੋਟੋ ਮੇਰੇ ਜ਼ਿਹਨ ਵਿੱਚੋਂ ਉੱਭਰ ਆਈ ਸੀ। ਮੇਰੇ ਵੱਲੋਂ ਇਹ ਕਿੰਜ ਹੋ ਗਿਆ, ਪੁੱਛਣ ਤੋਂ ਪਹਿਲਾਂ ਈ ਡਾ. ਸਿੱਧੂ ਨੇ ਦੱਸਣਾ ਸ਼ੁਰੂ ਕਰ ਦਿੱਤਾ ਸੀ। ਸ਼ਾਇਦ ਉਨ੍ਹਾਂ ਨੂੰ ਆਪਣੀ ਭੁੱਲ ਵੀ ਯਾਦ ਆ ਗਈ ਹੋਵੇ ਕਿ ਪਰਿਵਾਰ ਤੇ ਆਈ ਕਿਸੇ ਔਖੀ ਘੜੀ ਬਾਰੇ ਦੱਸਣ ਦੀ ਪਹਿਲ ‘ਆਪਣਿਆਂ’ ਤੋਂ ਸ਼ੁਰੂ ਕਰੀਦੀ ਐ, ਤੇ ਉਹ ਇਸ ਗੱਲੋਂ ਮੈਨੂੰ ਦੱਸਣਾ ਭੁੱਲ ਕੇ ਗਲਤੀ ਕਰ ਗਏ ਸਨ।

“ਭਾਜੀ! ਦੋ ਢਾਈ ਮਹੀਨਿਆਂ ਤੋਂ ਸ਼ਰਨ ਕਮਜ਼ੋਰੀ ਮਹਿਸੂਸ ਕਰ ਰਹੀ ਸੀ, ਪਰ ਉਹ ਇਸ ਨੂੰ ਆਮ ਜਿਹੀ ਗੱਲ ਸਮਝਦੀ ਰਹੀ। 20 ਕੁ ਦਿਨ ਪਹਿਲਾਂ ਦਫ਼ਤਰੋਂ ਘਰ ਪਹੁੰਚੀ ਹੀ ਸੀ ਕਿ ਅਚਾਨਕ ਚੱਕਰ ਆਇਆ ਤੇ ਫਿਰ ਉਸ ਤੋਂ ਉੱਠ ਈ ਨਹੀਂ ਹੋਇਆ। ਮੈਂ ਹਸਪਤਾਲ ਡਿਊਟੀ ’ਤੇ ਸੀ। ਸ਼ਾਇਦ ਤੁਹਾਨੂੰ ਪਤਾ ਈ ਹੋਊ, ਮੇਰੀ ਬਦਲੀ ਬਰਨਾਲੇ ਹੋ ਗਈ ਹੋਈ ਆ। ਮੇਰੇ ਕਹਿਣ ’ਤੇ ਘਰਵਾਲੇ ਇੱਥੇ ਲੈ ਆਏ, ਟੈਸਟਾਂ ਦੀ ਰਿਪੋਰਟ ਆਈ ਤਾਂ ਸਾਡੀ ਹਾਲਤ ਅਚਾਨਕ ਡਿੱਗੇ ਬੰਬ ਵਰਗੀ ਸੀ। ਦੋਵੇਂ ਕਿਡਨੀਆਂ ਅੱਗੜ ਪਿੱਛੜ ਖਰਾਬ ਹੋ ਗਈਆਂ ਸਨ। ਡਾਇਲਸਿਸ ਦੇ ਆਸਰੇ ਕਿੰਨਾ ਕੁ ਚਿਰ ਜੀਵਿਆ ਜਾ ਸਕਦਾ। ਹੁਣ ’ਤੇ ਇਸ ਦੀ ਜਾਨ ਕਿਸੇ ਦਾਨੀ ਦੇ ਮਨ ਮਿਹਰ ’ਤੇ ਨਿਰਭਰ ਹੋ ਗਈ ਆ…।’’ ਜ਼ਿੰਦਗੀ ਦੇ ਸਵਾਲ ਤੱਕ ਪੁੱਜ ਕੇ ਉਸ ਦਾ ਗਲਾ ਜਵਾਬ ਦੇ ਗਿਆ। ਉਂਜ ਵੀ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਦੱਸ ਕੇ ਉਸ ਨੇ ਮੇਰੇ ਮੂਹਰੇ ਦਾਨੀ ਲੱਭਣ ਦਾ ਤਰਲਾ ਵੀ ਮਾਰ ਦਿੱਤਾ ਸੀ।

ਮੈਨੂੰ ਉੱਥੇ ਬੈਠਾ ਕੇ ਡਾ. ਸਿੱਧੂ ਮਰੀਜ਼ ਨਾਲ ਮੈਨੂੰ ਮਿਲਾਉਣ ਦੀ ਆਗਿਆ ਪਰਚੀ ਲੈਣ ਚਲੇ ਗਏ। ਪੰਜ ਕੁ ਮਿੰਟਾਂ ਬਾਅਦ ਉਨ੍ਹਾਂ ਦਾ ਇਸ਼ਾਰਾ ਸਮਝ ਕੇ ਮੈਂ ਪਿੱਛੇ ਪਿੱਛੇ ਚੱਲ ਪਿਆ। ਲਿਫਟ ਰਾਹੀਂ ਚੌਥੀ ਮੰਜ਼ਿਲ ’ਤੇ ਪਹੁੰਚ ਕੇ ਮੈਂ ਥੋੜ੍ਹੀ ਦੂਰ ਆਈਸੀਯੂ ਵਾਰਡ ਦਾ ਬੋਰਡ ਪੜ੍ਹਿਆ। ਉਨ੍ਹਾਂ ਦਰਵਾਜ਼ਾ ਲੰਘ ਕੇ ਨਰਸ ਨੂੰ ਆਗਿਆ ਪਰਚੀ ਵਿਖਾਈ। ਉਸ ਨੇ ਮੈਨੂੰ ਮਾਸਕ ਤੇ ਦਸਤਾਨੇ ਪੁਆਏ ਤੇ ਕੁਝ ਨਸੀਹਤਾਂ ਦਿੰਦੇ ਹੋਏ ਡਾ. ਸਿੱਧੂ ਦੇ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ। ਥੋੜ੍ਹਾ ਅੱਗੇ ਅਸੀਂ ਕੋਨੇ ਵਾਲੇ ਕਮਰੇ ਵਿੱਚ ਪਹੁੰਚ ਗਏ। ਸ਼ਰਨ ਨੂੰ ਪਛਾਣਨਾ ਔਖਾ ਹੋ ਗਿਆ ਸੀ। ਬਾਹਾਂ ਵਿੱਚ ਹੋਈ ਹਰਕਤ ਤੋਂ ਈ ਮੈਂ ਸਮਝ ਗਿਆ ਕਿ ਸ਼ਰਨ ਹੱਥ ਜੋੜਨ ਦਾ ਯਤਨ ਕਰ ਰਹੀ ਐ। ਉਸ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਆਪਣੇ ਮੱਥੇ ਨਾਲ ਲਾਏ। ਫਰਕਦੇ ਬੁੱਲ੍ਹਾਂ ਤੋਂ ਮੈਂ ਸਮਝ ਲਿਆ ਸੀ ਕਿ ਉਸ ਨੂੰ ਸ਼ਬਦ ਨਹੀਂ ਔੜ ਰਹੇ। ਭਾਵੁਕਤਾ ਸਮੇਟਣ ਦਾ ਯਤਨ ਵੀ ਕਰ ਰਹੀ ਸੀ।

“ਭਾਜੀ! ਬਹੁਤ ਚੰਗਾ ਕੀਤਾ, ਮੈਂ ਕਈ ਦਿਨਾਂ ਤੋਂ ਉਡੀਕਦੀ ਸੀ। ਜਾਂਦੀ ਵਾਰ…।’ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਉਸ ਦੀਆਂ ਅੱਖਾਂ ਵਹਿਣ ਲੱਗ ਪਈਆਂ ਤੇ ਆਵਾਜ਼ ਸਾਥ ਛੱਡ ਗਈ।

ਮੈਨੂੰ ਕਿਸੇ ਮਨੋਵਿਗਿਆਨੀ ਦਾ ਕਿਹਾ ਯਾਦ ਆਇਆ। ਇਹੋ ਜਿਹੇ ਮੌਕੇ ਮਰੀਜ਼ ਨੂੰ ਦਿੱਤਾ ਹੌਸਲਾ ਮਰੀਜ਼ ਦੇ ਸਰੀਰ ਵਿੱਚ ਬਿਮਾਰੀ ਨਾਲ ਲੜਨ ਦੀ ਸ਼ਕਤੀ ਵਧਾ ਦਿੰਦਾ। ਨਰਸ ਦੀ ਹਦਾਇਤ ਅਨੁਸਾਰ ਜਜ਼ਬਾਤਾਂ ’ਤੇ ਕਾਬੂ ਪਾ ਕੇ ਮੈਂ ਜੋ ਵੀ ਚੰਗਾ ਕਹਿ ਸਕਦਾ ਸੀ ਸ਼ਰਨ ਨੂੰ ਕਿਹਾ। ਮਰੀਜ਼ ਕੋਲ ਰਹਿ ਸਕਣ ਦੇ ਮਿੰਟ ਖ਼ਤਮ ਹੋ ਗਏ ਸਨ। ਇਸ ਤੋਂ ਪਹਿਲਾਂ ਕਿ ਨਰਸ ਆ ਕੇ ਕੁਝ ਕਹਿੰਦੀ, ਡਾ. ਸਿੱਧੂ ਨੇ ਮੈਨੂੰ ਇਸ਼ਾਰਾ ਕੀਤਾ ਤੇ ਅਸੀਂ ਬਾਹਰ ਆ ਗਏ। ਉਦੋਂ ਤੱਕ ਮੈਨੂੰ ਕਿਡਨੀ ਟਰਾਂਸਪਲਾਂਟ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਮੈਂ ਡਾ. ਸਿੱਧੂ ਨੂੰ ਦਾਨੀ ਕਿਹੋ ਜਿਹਾ ਹੋਣਾ ਚਾਹੀਦਾ, ਬਾਰੇ ਵਿਸਥਾਰ ਨਾਲ ਦੱਸਣ ਲਈ ਕਿਹਾ। ਡਾ. ਸਿੱਧੂ ਨੇ ਦੱਸਿਆ ਕਿ ਦਾਨੀ ਦੇ ਲਹੂ ਦਾ ਗਰੁੱਪ ਮਰੀਜ਼ ਨਾਲ ਮਿਲਦਾ ਹੋਣਾ ਇਸ ਦੀ ਮੁੱਢਲੀ ਲੋੜ ਹੈ। ਉਸ ਤੋਂ ਬਾਅਦ ਕੁਝ ਹੋਰ ਟੈਸਟਾਂ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ, ਜੋ ਆਮ ਕਰਕੇ ਸਾਂਝੇ ਲਹੂ ਗਰੁੱਪ ਵਾਲਿਆਂ ਵਿੱਚ ਠੀਕ ਹੋ ਹੀ ਜਾਂਦੀ ਹੈ।

“ਚੈੱਕ ਕਿੱਥੋਂ ਤੇ ਕਿਵੇਂ ਕਰਾਈਦੈ ? ਸ਼ਰਨ ਦਾ ਗਰੁੱਪ ਕਿਹੜਾ ?’’ ਬਲੱਡ ਗਰੁੱਪ ਅਤੇ ਕੁਝ ਹੋਰ ਇੱਕੋ ਤਰ੍ਹਾਂ ਦੇ ਹੋਣ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਗਿਆ। ਉਨ੍ਹਾਂ ਦੇ ਮੂੰਹੋਂ ਏ ਪਾਜ਼ੇਟਿਵ ਨਿਕਦਿਆਂ ਈ ਮੇਰੇ ਮਨ ਨੇ ਜ਼ੋਰ ਦੀ ਠੂੰਗਾ ਮਾਰਿਆ, ‘‘ਵੇਖੀਂ ਕਿਤੇ ਮੌਕਾ ਨਾ ਖੁੰਝਾ ਲਈਂ।’’ ਕਾਲਜ ਪੜ੍ਹਦਿਆਂ ਸਾਡੇ ਖੂਨ ਟੈਸਟ ਹੋਏ ਸੀ ਤੇ ਮੈਨੂੰ ਗਰੁੱਪ ਯਾਦ ਸੀ।

ਇਸ ਤੋਂ ਪਹਿਲਾਂ ਕਿ ਉਹ ਵਿਸਥਾਰ ਨੂੰ ਅਗਾਂਹ ਤੋਰਦੇ, ਮੈਂ ਆਪ ਮੁਹਾਰੇ ਉੱਠ ਖੜੋਇਆ, “ਡਾਕਟਰ ਸਾਹਿਬ ਗਰੁੱਪ ਤੇ ਮੇਰਾ ਵੀ ਇਹੋ ਈ ਆ, ਚਲੋ ਚੈੱਕ ਕਰਾਈਏ।’’ ਡਾ. ਸਿੱਧੂ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਵੇਖੀ ਜਾਣ। ਪਲ ਦੋ ਪਲ ਉਹ ਉਂਜ ਹੀ ਮੇਰੇ ਵੱਲ ਝਾਕਦੇ ਰਹੇ। ਜਿਵੇਂ ਮੇਰੇ ਬੋਲਾਂ ’ਤੇ ਯਕੀਨ ਜਿਹਾ ਨਾ ਬੱਝ ਰਿਹਾ ਹੋਵੇ। ਜਾਂ ਇਹ ਵੀ ਸੋਚਦੇ ਹੋਣਗੇ ‘‘ਕਮਲਾ ਤਾਂ ਨਹੀਂ ਹੋ ਗਿਆ ਇਹ।’’ ਦੋ ਕੁ ਮਿੰਟ ਸਾਡੇ ਦੋਹਾਂ ਕੋਲ ਕਹਿਣ ਲਈ ਕੁਝ ਨਹੀਂ ਸੀ। ਬਸ, ਉਹ ਮੇਰੇ ਵੱਲ ਵੇਖਦੇ ਰਹੇ ਤੇ ਮੈਂ ਉਨ੍ਹਾਂ ਦੇ ਚਿਹਰੇ ਦੇ ਬਦਲਦੇ ਤੇਵਰ ਤੱਕਦਾ ਰਿਹਾ। ਥੋੜ੍ਹਾ ਸੰਭਲ ਕੇ ਬੋਲੇ, ‘‘ਪ੍ਰੀਤ ਜੀ ਇਹ ਕੰਮ ਐਨਾ ਸੌਖਾ ਨਹੀਂ, ਜਿੰਨੀ ਸਹਿਜਤਾ ਨਾਲ ਤੁਸੀਂ ਕਹਿ ਗਏ ਓ। ਪਹਿਲਾਂ ਤੁਸੀਂ ਘਰ ਜਾ ਕੇ ਪਰਿਵਾਰ ਨੂੰ ਭਰੋਸੇ ਵਿੱਚ ਲੈ ਕੇ ਮਨ ਬਣਾਓ। ਜੇ ਤੁਹਾਡੀ ਪਤਨੀ, ਬੱਚੇ ਤੇ ਮਾਪੇ ਆਗਿਆ ਦੇਣ ਤਾਂ ਅਸੀਂ ਇਸ ਤੋਂ ਅਗਾਂਹ ਚੱਲਾਂਗੇ, ਪਰ ਉਸ ਵਾਸਤੇ ਕਾਫ਼ੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨੀ ਪੈਂਦੀ ਐ।’’

‘‘ਨਈਂ ਡਾਕਟਰ ਸਾਹਿਬ ਮੈਂ ਤਿਆਰ ਆਂ, ਤੁਸੀਂ ਮੇਰੇ ਟੈਸਟ ਕਰਾਓ, ਸ਼ਰਨ ਵਰਗੀਆਂ ਚੰਗੀਆਂ ਰੂਹਾਂ ਘਰ ਘਰ ਪੈਦਾ ਨਹੀਂ ਹੁੰਦੀਆਂ ਤੇ ਮੈਨੂੰ ਉਸ ਦੀ ਜਾਨ ਦੀ ਪਰਵਾਹ ਆਪਣੇ ਤੋਂ ਵੱਧ ਹੈ?” ਪਤਾ ਨਈਂ ਜਜ਼ਬਾਤੀ ਹੋ ਕੇ ਮੇਰੇ ਤੋਂ ਹੋਰ ਕੀ ਕੀ ਕਹਿ ਹੋ ਗਿਆ। ਮੈਨੂੰ ਜਜ਼ਬਾਤਾਂ ਵਿੱਚੋਂ ਉਭਾਰਨ ਲਈ ਡਾ. ਸਿੱਧੂ ਬਾਹਰ ਲੈ ਆਏ। ਥੋੜ੍ਹੀ ਦੂਰ ਸੜਕ ਦੇ ਦੂਜੇ ਪਾਸੇ ਬਣੀ ਕੰਟੀਨ ਵਿੱਚ ਜਾ ਬੈਠੇ। ਉਨ੍ਹਾਂ ਕੌਫ਼ੀ ਤੇ ਕੁਝ ਖਾਣ ਲਈ ਮੰਗਵਾਇਆ। ਮੈਂ ਸਮਝ ਰਿਹਾ ਸੀ ਕਿ ਉਹ ਮੈਨੂੰ ਸਹਿਜ ਕਰਨ ਦਾ ਯਤਨ ਕਰ ਰਹੇ ਨੇ। ਅਸੀਂ ਕੋਨੇ ਵਾਲੇ ਟੇਬਲ ’ਤੇ ਬੈਠੇ ਸੀ। ਮੈਂ ਪਤਨੀ ਨੂੰ ਫੋਨ ਲਾਇਆ। ਚੰਡੀਗੜ੍ਹ ਆਉਣ ਦੇ ਕਾਰਨ ਬਾਰੇ ਸੱਚ ਨਾ ਦੱਸਣ ਲਈ ਸੌਰੀ ਕਹਿ ਕੇ ਉਸ ਨੂੰ ਸਭ ਦਸ ਦਿੱਤਾ। ਨਾਰਾਜ਼ਗੀ ਜਿਤਾਉਣ ਦੀ ਥਾਂ ਵੀਰਪਾਲ ਨੇ ਘਰ ਦਾ ਫਿਕਰ ਛੱਡ ਕੇ ਸ਼ਰਨ ਦੀ ਦੇਖਭਾਲ ਤੇ ਚੰਡੀਗੜ੍ਹ ਰਹਿ ਕੇ ਡਾ. ਸਿੱਧੂ ਦੀ ਮਦਦ ਬਾਰੇ ਕਹਿ ਕੇ ਮੇਰਾ ਹੌਸਲਾ ਵਧਾ ਦਿੱਤਾ। ਗ਼ਲਤੀ ਨਾਲ ਫੋਨ ਸਕਰੀਨ ਦੀ ਸਪੀਕਰ ਨਿਸ਼ਾਨ ਨਾਲ ਉਂਗਲੀ ਵੱਜਣ ਕਾਰਨ ਡਾਕਟਰ ਸਿੱਧੂ ਨੇ ਸਾਡੀ ਸਾਰੀ ਗੱਲ ਸੁਣ ਲਈ ਸੀ। ਮੈਂ ਨੋਟ ਕੀਤਾ, ਉਨ੍ਹਾਂ ਦੇ ਚਿਹਰੇ ਤੋਂ ਤਸੱਲੀ ਤੇ ਉਮੀਦ ਵਾਲੀ ਰੰਗਤ ਉੱਭਰ ਆਈ ਸੀ।

ਕੌਫ਼ੀ ਦੇ ਘੁੱਟ ਭਰਦਿਆਂ ਡਾ. ਸਿੱਧੂ ਦੱਸਦੇ ਗਏ ਕਿ ਜੇ ਟੈਸਟ ਵਿੱਚ ਸਾਰਾ ਕੁਝ ਠੀਕ ਹੋਇਆ ਤਾਂ ਸਰਕਾਰ ਤੋਂ ਗੁਰਦਾ ਦਾਨੀ ਵਜੋਂ ਮਨਜ਼ੂਰੀ ਲੈਣੀ ਪੈਣੀ ਹੈ। ਉਨ੍ਹਾਂ ਟੈਸਟ ਤੋਂ ਬਾਅਦ ਘਰ ਜਾ ਕੇ ਫਿਰ ਤੋਂ ਸੋਚ ਵਿਚਾਰ ਕਰਨ ਲਈ ਕਿਹਾ। ਮੈਂ ਫਿਰ ਦੁਹਰਾਇਆ ਕਿ ਨਾ ਮੈਂ ਜ਼ਿੱਦ ਕਰ ਰਿਹਾਂ, ਨਾ ਜਜ਼ਬਾਤੀ ਹੋ ਕੇ ਕਿਹਾ ਹੈ। ਜੋ ਕੁਝ ਵੀ ਕਹਿ ਰਿਹਾ ਉਹ ਮੌਕੇ ਦੀ ਨਜ਼ਾਕਤ ਅਨੁਸਾਰ ਸੋਚ ਸਮਝ ਕੇ ਲਿਆ ਸੰਜੀਦਾ ਫੈਸਲਾ ਹੈ। ਬੇਸ਼ੱਕ ਵੀਰਪਾਲ ਨਾਲ ਗੱਲ ਹੋਣ ਤੋਂ ਬਾਅਦ ਮੈਂ ਹੋਰ ਹੌਸਲੇ ਵਿੱਚ ਆ ਗਿਆ ਸੀ, ਪਰ ਡਾ. ਸਿੱਧੂ ਦੀ ਤਸੱਲੀ ਲਈ ਮੈਂ ਦੁਬਾਰਾ ਫੋਨ ਲਾ ਲਿਆ। ਇਸ ਵਾਰ ਮੈਂ ਸਪੀਕਰ ਜਾਣਬੁੱਝ ਕੇ ਆਨ ਕਰ ਲਿਆ। ਵੀਰਪਾਲ ਨੂੰ ਦੱਸਿਆ ਕਿ ਬਲੱਡ ਗਰੁੱਪ ਇੱਕੋ ਹੋਣ ਕਾਰਨ ਮੈਂ ਗੁਰਦਾ ਦਾਨੀ ਵਾਲੇ ਨੇਕ ਕਾਰਜ ਲਈ ਹਾਂ ਕਰ ਦਿੱਤੀ ਹੈ।

“ਮੈਂ ਤਾਂ ਤੁਹਾਡੇ ਫੋਨ ਤੋਂ ਬਾਅਦ ਕਹਿਣ ਈ ਵਾਲੀ ਸੀ ਕਿ ਤੁਸੀਂ ਆਪਣੇ ਟੈਸਟ ਕਰਵਾ ਕੇ ਵੇਖ ਲਓ। ਭਲਾ ਇਸ ਤੋਂ ਪੁੰਨ ਵਾਲਾ ਹੋਰ ਕਿਹੜਾ ਕੰਮ ਹੋ ਸਕਦਾ।’’ ਮੈਂ ਵੇਖਿਆ ਵੀਰਪਾਲ ਦੀ ਗੱਲ ਸੁਣ ਕੇ ਡਾ. ਸਿੱਧੂ ਦੇ ਚਿਹਰੇ ’ਤੇ ਹੈਰਾਨੀ ਵਾਲੀਆਂ ਲਕੀਰਾਂ ਉੱਭਰ ਆਈਆਂ ਸਨ।

ਮੇਰੇ ਵੱਲੋਂ ਨਿਸ਼ਚਿੰਤ ਹੋਣ ਤੋਂ ਬਾਅਦ ਡਾ. ਸਿੱਧੂ ਟਰਾਂਸਪਲਾਂਟ ਡਾਕਟਰੀ ਟੀਮ ਨੂੰ ਸੂਚਿਤ ਕਰਨ ਚਲੇ ਗਏ। ਹੇਠਾਂ ਆਏ ਤਾਂ ਉਨ੍ਹਾਂ ਦੇ ਹੱਥ ਵਿੱਚ ਫਾਈਲ ਸੀ। ਇਸ਼ਾਰਾ ਕਰਕੇ ਮੈਨੂੰ ਆਈਸੀਯੂ ਵੱਲ ਲੈ ਤੁਰੇ। ਮੈਂ ਵੀ ਚਾਹੁੰਦਾ ਸੀ ਤੇ ਸਰਜਨ ਮਾਹਰਾਂ ਨੇ ਵੀ ਕਿਹਾ ਕਿ ਅਪਰੇਸ਼ਨ ਤੋਂ ਪਹਿਲਾਂ ਸਾਰੀ ਗੱਲ ਸ਼ਰਨ ਨੂੰ ਦੱਸੀ ਜਾਵੇ। ਦਾਨੀ ਦੇ ਚੱਲ ਕੇ ਆਉਣ ਅਤੇ ਸਰਜਨ ਟੀਮ ਦੀ ਹਰੀ ਝੰਡੀ ਤੋਂ ਡਾ. ਸਿੱਧੂ ਦੇ ਮਨ ਦੀਆਂ ਕਈ ਉਮੀਦਾਂ ਨੂੰ ਬੂਰ ਪੈਣ ਦੀ ਝਲਕ ਉਨ੍ਹਾਂ ਦੀ ਤੋਰ ਅਤੇ ਰਵੱਈਏ ਤੋਂ ਪੈਣ ਲੱਗ ਪਈ ਸੀ। ਸਾਨੂੰ ਫਿਰ ਤੋਂ ਆਪਣੇ ਵੱਲ ਆਉਂਦੇ ਵੇਖ ਸ਼ਰਨ ਹੈਰਾਨ ਹੋਈ। ਡਾ. ਸਿੱਧੂ ਨੇ ਬਾਹਰ ਹੋਈ ਸਾਰੀ ਗੱਲਬਾਤ ਆਪਣੀ ਜ਼ਬਾਨੀ ਸ਼ਰਨ ਨੂੰ ਦੱਸਣ ਲਈ ਕਿਹਾ ਤੇ ਆਪ ਥੋੜ੍ਹਾ ਹਟ ਕੇ ਖਲੋ ਗਏ।

“ਵੇਖ ਸ਼ਰਨ, ਕੁਝ ਰਿਸ਼ਤੇ ਕੁਦਰਤ ਸਿਰਜਦੀ ਐ ਤੇ ਕੁਝ ਮਨੁੱਖ ਦਾ ਮਨ ਜਿਸ ਨੂੰ ਅਕਸਰ ਅਸੀਂ ਰੂਹ ਕਹਿ ਲੈਂਦੇ ਆਂ, ਉਹ ਆਪ ਸਿਰਜ ਲੈਂਦਾ। ਕੁਦਰਤੀ ਰਿਸ਼ਤੇ ਨਿਭਾਉਂਦਿਆਂ ਸਾਨੂੰ ਹੱਕ ਤੇ ਫਰਜ਼ ਨਾਲੋਂ ਨਾਲ ਤੋਰਨੇ ਪੈਂਦੇ ਨੇ। ਪਰ ਮਨਾਂ ਦੀ ਇੰਜ ਵਾਲੀ ਸਿਰਜਣਾ ਵਿੱਚ ਦੂਜੇ ਪ੍ਰਤੀ ਤਿਆਗ ਹੁੰਦਾ। ਦੂਜੇ ਦੇ ਕਿਸੇ ਕੰਮ ਆ ਸਕਣ ਦੀ ਲਲਕ। ਰੂਹਾਂ ਵਿੱਚ ਰਮੇ ਇਨ੍ਹਾਂ ਰਿਸ਼ਤਿਆਂ ਵਿੱਚ ਮੇਲ ਮਿਲਾਪ ਬਹੁਤੇ ਮਾਅਨੇ ਨਹੀਂ ਰੱਖਦੇ। ਦੋਹਾਂ ਦੀਆਂ ਭਾਵਨਾਤਮਕ ਤਰੰਗਾਂ ਦਾ ਜੋੜ ਬਣਿਆ ਰਹਿੰਦਾ। ਤੈਨੂੰ ਪਤੈ, ਅਸੀਂ ਆਪਣੇ ਰਿਸ਼ਤੇ ਨੂੰ ਕੋਈ ਨਾਂ ਨਹੀਂ ਦਿੱਤਾ, ਪਰ ਮੇਰਾ ਵਿਸ਼ਵਾਸ ਹੈ ਕਿ ਇਹ ਬੇਨਾਮ ਰਿਸ਼ਤਾ ਕੁਦਰਤੀ ਰਿਸ਼ਤਿਆਂ ਤੋਂ ਪਵਿੱਤਰ, ਸੁੱਚਾ, ਬੇਦਾਗ ਤੇ ਬੇਗਰਜ਼ ਹੈ। ਕੁਦਰਤ ਨੇ ਅਜਿਹੇ ਚੌਰਾਹੇ ਲਿਆ ਖੜ੍ਹਾ ਕੀਤਾ ਜਿੱਥੇ ਕਿਸੇ ਹੋਰ ਦਾ ਗੁਰਦਾ ਹੀ ਤੇਰੀ ਜ਼ਿੰਦਗੀ ਦੀ ਚਾਲ ਬਣਾਈ ਰੱਖ ਸਕਦਾ। ਮੈਂ ਆਪਣੇ ਆਪ ਨੂੰ ਕਿੰਨਾ ਖੁਸ਼ਕਿਸਮਤ ਸਮਝਾਂਗਾ ਜੇਕਰ ਮੇਰਾ ਇੱਕ ਅੰਗ ਤੇਰੀਆਂ ਧੜਕਣਾਂ ਦਾ ਸਾਂਝੀਦਾਰ ਬਣਕੇ ਖੁਦ ਉਨ੍ਹਾਂ ਨਾਲ ਧੜਕਣ ਲੱਗ ਪਵੇ। ਮੇਰੀ ਗੱਲ ਸੁਣ ਕੇ ਤੇਰੇ ਮਨ ਵਿੱਚ ਆਇਆ ਸਵਾਲ ਮੈਂ ਪੜ੍ਹ ਲਿਆ। ਤੂੰ ਇਹੀ ਸੋਚ ਰਹੀ ਐਂ ਨਾ ਕਿ ਅਜਿਹਾ ਫੈਸਲਾ ਲੈਣ ਮੌਕੇ ਮੈਨੂੰ ਆਪਣੀ ਅਰਧਾਂਗਣੀ ਨੂੰ ਪੁੱਛਣਾ ਬਣਦਾ। ਉਸ ਨੇ ਕੀ ਕਿਹਾ, ਇਹ ਤੈਨੂੰ ਡਾਕਟਰ ਸਾਹਿਬ ਹੀ ਦੱਸਣਗੇ। ਤੇ ਮੈਂ ਆਪਣੀ ਪਤਨੀ ਨਾਲ ਹੋਈ ਗੱਲਬਾਤ ਸ਼ਰਨ ਨੂੰ ਦੱਸਣ ਲਈ ਡਾ. ਸਿੱਧੂ ਨੂੰ ਇਸ਼ਾਰਾ ਕੀਤਾ।

ਜਿਵੇਂ ਹੀ ਡਾ. ਸਿੱਧੂ ਨੇ ਵੀਰਪਾਲ ਵਾਲੀ ਗੱਲ ਦੱਸੀ ਤਾਂ ਸ਼ਰਨ ਦੇ ਦੋਵੇਂ ਹੱਥ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਗਏ। ਕਸ ਕੇ ਜੁੜੇ ਹੱਥਾਂ ਹੇਠੋਂ ਫਰਕਦੇ ਉਸ ਦੇ ਬੁੱਲ੍ਹ ਸਾਨੂੰ ਦਿਸ ਰਹੇ ਸਨ। ਉਸ ਦੇ ਮਨ ਦਾ ਵਹਿਣ ਬੰਦ ਅੱਖਾਂ ਵਿੱਚੋਂ ਵਹਿ ਰਿਹਾ ਸੀ। ਵੱਖਰੀ ਤਰ੍ਹਾਂ ਦੀ ਖਾਮੋਸ਼ੀ ਨੇ ਕਮਰੇ ਨੂੰ ਆਪਣੀ ਪਕੜ ਵਿੱਚ ਲੈ ਰੱਖਿਆ ਸੀ। ਸਾਡੇ ਤਿੰਨਾਂ ਦੀਆਂ ਜ਼ੁਬਾਨਾਂ ਬੇਹਰਕਤ ਸਨ, ਪਰ ਮਨਾਂ ਦੀਆਂ ਤਰੰਗਾਂ ਬੜਾ ਕੁਝ ਆਪਸ ਵਿੱਚ ਸਾਂਝਾ ਕਰ ਰਹੀਆਂ ਸਨ। ਅਸੀਂ ਆਪਣੇ ਆਪ ਵਿੱਚ ਉਦੋਂ ਆਏ ਜਦੋਂ ਦੋ ਨਰਸਾਂ ਨੇ ਆ ਕੇ ਸਾਨੂੰ ਬਾਹਰ ਜਾਣ ਲਈ ਕਿਹਾ। ਉਨ੍ਹਾਂ ਦੇ ਹੱਥ ਵਿਚਲੀ ਟਰੇਅ ਸ਼ਰਨ ਦੀਆਂ ਦਵਾਈਆਂ ਤੇ ਸੰਭਾਲ ਦਾ ਸੰਕੇਤ ਸੀ।

“ਪਿੰਡ ਮੰਮੀ ਪਾਪਾ ਨਾਲ ਵੀ ਮੇਰੀ ਗੱਲ ਹੋ ਗਈ ਆ ਤੇ ਅਸੀਂ ਹੁਣ ਇਸ ਬਾਰੇ ਕਾਗਜ਼ੀ ਰਸਮਾਂ ਪੂਰੀਆਂ ਕਰਦੇ ਆਂ। ਕਈ ਦਫ਼ਤਰਾਂ ਵਿੱਚ ਜਾਣਾ ਪੈਣਾ।’’ ਡਾ. ਸਿੱਧੂ ਨੇ ਨੇੜੇ ਹੋ ਕੇ ਸ਼ਰਨ ਨੂੰ ਕਿਹਾ ਤੇ ਅਸੀਂ ਹੇਠਾਂ ਆ ਗਏ। ਗੁਰਦਾਦਾਨੀ ਯਾਨੀ ਮੇਰੇ ਖੂਨ ਤੇ ਹੋਰ ਟੈਸਟਾਂ ਦੀ ਰਿਪੋਰਟ ਆ ਗਈ ਸੀ। ਸਾਰਾ ਕੁਝ ਠੀਕ ਹੋਣ ’ਤੇ ਅਸੀਂ ਤਸੱਲੀ ਮਹਿਸੂਸ ਕੀਤੀ।

ਹਰ ਚੜ੍ਹਿਆ ਦਿਨ ਸ਼ਰਨ ਦੀ ਹਾਲਤ ਪਤਲੀ ਕਰ ਰਿਹਾ ਸੀ। ਡਾਕਟਰ ਟੀਮ ਦਾ ਵੀ ਕਹਿਣਾ ਸੀ ਕਿ ਬਹੁਤੀ ਦੇਰੀ ਕਿਤੇ ਪਛਤਾਵੇ ਵਿੱਚ ਨਾ ਬਦਲ ਜਾਏ। ਆਮ ਹਾਲਤਾਂ ਵਿੱਚ ਸ਼ਨਿਚਰਵਾਰ ਤੇ ਐਤਵਾਰ ਨੂੰ ਇੰਜ ਦੇ ਅਪਰੇਸ਼ਨ ਨਹੀਂ ਸੀ ਕੀਤੇ ਜਾਂਦੇ। ਡਾ. ਟੀਮ ਦਾ ਕਹਿਣਾ ਸੀ ਕਿ ਵੀਰਵਾਰ ਸ਼ਾਮ ਤੱਕ ਫਾਈਲ ਤਿਆਰ ਹੋ ਜਾਵੇ ਤਾਂ ਵੀਕਐੰਡ ਵਾਲੀ ਦੇਰੀ ਤੋਂ ਬਚਾਅ ਹੋ ਸਕਦਾ। ਬੇਸ਼ੱਕ ਡਾ. ਸਿੱਧੂ ਦੀ ਜਾਣ ਪਛਾਣ ਕਾਫ਼ੀ ਸੀ। ਉਸ ਦੇ ਕਈ ਦੋਸਤ ਉੱਥੇ ਦਫ਼ਤਰਾਂ ਵਿੱਚ ਲੱਗੇ ਹੋਏ ਸਨ। ਫਿਰ ਵੀ ਸਾਨੂੰ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਵਿੱਚ ਦੋ ਦਿਨ ਲੱਗ ਗਏ। ਭੱਜ ਦੌੜ ਕਰਕੇ ਅਸੀਂ ਵੀਰਵਾਰ ਸ਼ਾਮ ਤੱਕ ਫਾਈਲ ਡਾਕਟਰ ਟੀਮ ਦੇ ਹੱਥ ਫੜਾ ਦਿੱਤੀ। ਅਪਰੇਸ਼ਨ ਲਈ ਸ਼ੁੱਕਰਵਾਰ ਦੁਪਹਿਰ ਦਾ ਸਮਾਂ ਤੈਅ ਹੋ ਗਿਆ। ਮੈਨੂੰ ਦਾਖਲ ਕੀਤੇ ਜਾਣ ਲਈ ਕਹਿ ਦਿੱਤਾ ਗਿਆ। ਮੈਂ ਵੀਰਪਾਲ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ। ਉਸ ਨੇ ਅਗਲੇ ਦਿਨ ਉੱਥੇ ਪਹੁੰਚਣ ਦਾ ਪ੍ਰੋਗਰਾਮ ਪਹਿਲਾਂ ਹੀ ਬਣਾ ਲਿਆ ਹੋਇਆ ਸੀ।

ਹੋਸ਼ ਕਾਇਮ ਰਹਿਣ ਤੱਕ ਮੈਂ ਵੇਖ ਰਿਹਾ ਸੀ ਕਿ ਵੱਡ ਆਕਾਰੀ ਅਪਰੇਸ਼ਨ ਥੀਏਟਰ ਵਿੱਚ ਮੇਰੇ ਵਾਲੇ ਟੇਬਲ ਤੋਂ ਪਰਲੇ ਪਾਸੇ ਇੱਕ ਹੋਰ ਟੇਬਲ ਸੀ ਜਿਸ ’ਤੇ ਸ਼ਰਨ ਨੂੰ ਲਿਟਾਇਆ ਗਿਆ ਸੀ। ਐਨੇਸਥੀਸੀਆ ਕਾਰਨ ਪਲ ਪਲ ਮੇਰੀ ਹੋਸ਼ ਗਾਇਬ ਹੁੰਦੀ ਜਾ ਰਹੀ ਸੀ। ਅੱਖਾਂ ਤਾਂ ਮੈਂ ਆਪ ਈ ਬੰਦ ਕੀਤੀਆਂ ਸੀ, ਪਰ ਕੰਨ ਕਦੋਂ ਬੰਦ ਹੋਏ ਮੈਨੂੰ ਕੁਝ ਨਹੀਂ ਪਤਾ। ਲੰਮੀ ਨੀਂਦ ਤੋਂ ਬਾਅਦ ਹੋਸ਼ ਪਰਤੀ ਤਾਂ ਐਤਵਾਰ ਚੜ੍ਹ ਚੁੱਕਾ ਸੀ। ਬੈੱਡ ਜਿਸ ’ਤੇ ਮੈਂ ਲੇਟਿਆ ਹੋਇਆ ਸੀ, ਉਤੇ ਸੱਜੇ ਪਾਸੇ ਵੱਲ ਮੁੜਿਆ ਨਹੀਂ ਸੀ ਜਾ ਸਕਦਾ। ਥੋੜ੍ਹੀ ਥੋੜ੍ਹੀ ਦਰਦ ਵੀ ਸੱਜੇ ਪਾਸੇ ਹੋ ਰਹੀ ਸੀ। ਲੰਮੀ ਸਾਰੀ ਪੱਟੀ ਕੀਤੀ ਹੋਈ ਸੀ ਉਸ ਪਾਸੇ। ਮੈਂ ਆਪਣੇ ਆਪ ਵਿੱਚ ਆਉਣ ਲੱਗ ਪਿਆ ਸੀ। ਯਾਦਾਂ ਵਾਲੀ ਪਟਾਰੀ ਖੁੱਲ੍ਹਣ ਲੱਗ ਪਈ ਸੀ। ਤਿੰਨ ਡਾਕਟਰਾਂ ਵੱਲੋਂ ਮੈਨੂੰ ਵੈਰੀ ਗੁੱਡ ਕਹਿ ਕੇ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ। ਵਿਚਵਾਰ ਨਰਸਾਂ ਵੀ ਚੰਗੀ ਗੱਲ ਕਹਿ ਜਾਂਦੀਆਂ ਸਨ। ਸ਼ਾਮ ਹੋਣ ਵਾਲੀ ਸੀ। ਮੈਂ ਵੇਖਿਆ, ਨਰਸਾਂ ਦੇ ਪਿੱਛੇ ਪਿੱਛੇ ਨੀਲੇ ਗਾਊਨ ਵਿੱਚ ਲਿਪਟਿਆ ਕੋਈ ਹੋਰ ਆ ਰਿਹਾ। ਸਿਰਫ਼ ਅੱਖਾਂ ਨੰਗੀਆਂ ਸਨ। ਕੋਲ ਆ ਕੇ ਉਸ ਨੇ ਮੇਰੇ ’ਤੇ ਝੁਕ ਕੇ ਹੱਥ ਫੜਿਆ ਤੇ ਚੁੰਮਕੇ ਆਪਣੇ ਮੱਥੇ ’ਤੇ ਲਾਇਆ। ਹੱਥਾਂ ਦੀ ਛੋਹ ਤੋਂ ਮਹਿਸੂਸ ਕੀਤਾ, ਇਹ ਤਾਂ ਕੋਈ ਆਪਣਾ ਈ ਆ, ਕੰਨਾਂ ਵਿੱਚ ਆਵਾਜ਼ ਪਈ, ਕਿਵੇਂ ਓ ਹੁਣ। ਮੈਂ ਹੈਰਾਨ, ਇਹ ਤਾਂ ਵੀਰਪਾਲ ਹੈ। ਉਸ ਦੀ ਛੋਹ ਤੋਂ ਸ਼ਾਇਦ ਮੇਰੇ ਚਿਹਰੇ ’ਤੇ ਕੋਈ ਪ੍ਰਭਾਵ ਉੱਭਰਿਆ ਹੋਏ, ਜਿਸ ਨੂੰ ਵੀਰਪਾਲ ਨੇ ਪੜ੍ਹ ਲਿਆ ਸੀ। ਇੰਜ ਕਿਉਂ ਸੋਚਦੇ ਓ, ਤੁਸੀਂ ਉਹ ਨੇਕ ਕੰਮ ਕੀਤਾ, ਜੋ ਲੱਖਾਂ ’ਚੋਂ ਕੋਈ ਇੱਕ ਕਰ ਸਕਦਾ। ਤੇ ਉਹ ਮੇਰੀਆਂ ਅੱਖਾਂ ਸਾਫ਼ ਕਰ ਰਹੀ ਸੀ।

ਕੁਝ ਦਿਨਾਂ ਬਾਅਦ ਕੁਝ ਇਹਤਿਆਤੀ ਹਦਾਇਤਾਂ ਦੇ ਕੇ ਸਾਡੀ ਦੋਹਾਂ ਦੀ ਹਸਪਤਾਲ ਤੋਂ ਛੁੱਟੀ ਹੋ ਗਈ। ਸ਼ਰਨ ਦੇ ਪਰਿਵਾਰ ਨੂੰ ਮੌਤ ਦੇ ਸ਼ਿਕੰਜੇ ਵਿੱਚੋਂ ਛੁੱਟ ਕੇ ਆਈ ਉਨ੍ਹਾਂ ਦੀ ਧੀ, ਪਤਨੀ, ਮਾਂ ਤੇ ਭੈਣ ਮਿਲ ਗਈ ਸੀ। ਤੇ ਮੇਰੇ ਪਰਿਵਾਰ ਨੂੰ ਆਪਣੇ ਉਸ ਪੁੱਤਰ, ਪਤੀ, ਪਿਤਾ ਤੇ ਭਰਾ ’ਤੇ ਫਖ਼ਰ ਹੋ ਰਿਹਾ ਸੀ ਜਿਸ ਨੇ ਆਪਣੇ ਆਪ ਨੂੰ ਤਾਕ ’ਤੇ ਲਾ ਕੇ ਕਿਸੇ ਨੂੰ ਮੌਤ ਹੱਥੋਂ ਖੋਹ ਲਿਆ ਸੀ। ਕਈ ਸਾਲ ਲੰਘ ਗਏ ਨੇ । ਸਾਡੇ ਦੋਹਾਂ ਪਰਿਵਾਰਾਂ ਦੇ ਬੱਚੇ ਵਿਆਹੇ ਗਏ ਨੇ। ਬੱਚੇ ਤਾਂ ਸਕਿਆਂ ਤੋਂ ਵਧ ਕੇ ਨੇ ਇੱਕ ਦੂਜੇ ਲਈ। ਸ਼ਰਨ ਗਜ਼ਟਿਡ ਅਫ਼ਸਰ ਬਣ ਗਈ ਹੈ। ਚੰਗੇ ਕੰਮਾਂ ਬਦਲੇ ਅਣਗਿਣਤ ਐਵਾਰਡ ਉਸ ਦੀ ਝੋਲੀ ਪਏ ਨੇ। ਪਰ ਅਸੀਂ ਅੱਜ ਵੀ ਇੱਕ ਦੂਜੇ ਲਈ ਭਾਅ ਜੀ ਤੇ ਸ਼ਰਨ ਹੀ ਆਂ। ਅਸੀਂ ਆਪਣੇ ਰਿਸ਼ਤੇ ’ਤੇ ਕੋਈ ਸਮਾਜਿਕ ਛਤਰੀ ਤਾਣਨ ਦੀ ਲੋੜ ਈ ਮਹਿਸੂਸ ਨਈਂ ਕੀਤੀ। ਲੋੜ ਮਹਿਸੂਸ ਹੋਵੇ ਵੀ ਕਿਉਂ ? ਸਾਡਾ ਰਿਸ਼ਤਾ ਤਾਂ ਸਾਡੀਆਂ ਰੂਹਾਂ ’ਚ ਰਮਿਆ ਹੋਇਐ।
ਸੰਪਰਕ:+16044427676



News Source link
#ਰਹ #ਚ #ਰਮ #ਰਸ਼ਤ

- Advertisement -

More articles

- Advertisement -

Latest article